sangrami lehar

ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਮੀਟਿੰਗ ਹੋਈ

  • 19/02/2018
  • 04:42 PM

ਜਲੰਧਰ - ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਇੱਕ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜੱਥੇਬੰਦੀ ਦੀ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜੱਥੇਬੰਦੀ ਦੀ ਚੇਅਰਪਰਸਨ ਨੀਨਾ ਜੌਨ ਨੇ ਦੱਸਿਆ ਕਿ ਮੀਟਿੰਗ ਵਿੱਚ ਪਿਛਲੇ ਕੀਤੇ ਕੰਮਾਂ ਦਾ ਰਿਵਿਊ ਕੀਤਾ ਗਿਆ ਜਿਸ ਵਿੱਚ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਕੀਤੀਆਂ ਗਈਆਂ ਜ਼ਿਲਾ ਪੱਧਰੀ ਕਨਵੈਂਨਸ਼ਨਾਂ ਸਬੰਧੀ ਜ਼ਿਲਾਵਾਰ ਰਿਪੋਰਟ ਪੇਸ਼ ਕੀਤੀ ਗਈ ਜਿਸ ਅਨੁਸਾਰ ਹੁਸ਼ਿਆਰਪੁਰ, ਜਲੰਧਰ, ਤਰਨਤਾਰਨ, ਅ੍ਰਿੰਤਸਰ ਅਤੇ ਫਰੀਦਕੋਟ ਵਲੋਂ ਜ਼ਿਲਾ ਪੱਧਰੀ ਸਫਲ ਕਨਵੈਂਨਸ਼ਨਾਂ ਕਰਕੇ ਜਿਲਾ ਪੱਧਰੀ ਕਮੇਟੀਆਂ ਦੀ ਚੋਣ ਕੀਤੀ ਜਾ ਚੁੱਕੀ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬਾਕੀ ਰਹਿੰਦੇ ਜ਼ਿਲਿਆਂ ਦੀਆਂ ਕਨਵੈਂਨਸ਼ਨਾਂ ਵੀ ਜਲਦ ਹੀ ਕਰਵਾਈਆ ਜਾਣ ਅਤੇ ਜ਼ਿਲਾ ਕਮੇਟੀਆਂ ਦੀ ਚੋਣ ਕੀਤੀ ਜਾਵੇ।ਮੀਟਿੰਗ ਵਿੱਚ ਜ਼ਿਲਿਆਂ ਨੂੰ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀਆਂ ਮੈਂਬਰਸ਼ਿੱਪ ਦੀਆਂ ਕਾਪੀਆਂ ਵੀ ਵੰਡੀਆਂ ਗਈਆਂ ਅਤੇ ਫੈਸਲਾ ਕੀਤਾ ਗਿਆ ਕਿ ਹਰ ਮੈਂਬਰ ਕੋਲੋਂ 20 ਰੁਪਏ ਮੈਂਬਰਸ਼ਿੱਪ ਲਈ ਜਾਵੇ ਅਤੇ ਜ਼ਿਲੇ ਅੰਦਰ ਕਿਸੇ ਵੀ ਵਿਭਾਗ ਦੀ ਕੋਈ ਵੀ ਮਹਿਲਾ ਕਰਮਚਾਰੀ ਮੈਂਬਰਸ਼ਿੱਪ ਤੋਂ ਨਾ ਰਹਿ ਜਾਵੇ। ਮੀਟਿੰਗ ਵਿੱਚ ਕਾਲੇ ਕਾਨੂੰਨਾਂ ਵਿਰੁੱਧ ਜੱਥੇਬੰਦੀਆਂ ਦੇ ਮੰਚ ਵਲੋਂ 16 ਫਰਵਰੀ ਨੂੰ ਬਰਨਾਲੇ ਅਤੇ 17 ਫਰਵਰੀ ਨੂੰ ਜਲੰਧਰ ਵਿਖੇ ਕੀਤੀਆਂ ਸੂਬਾਈ ਰੈਲੀਆਂ ਵਿੱਚ ਮਹਿਲਾ ਮੁਲਾਜ਼ਮਾਂ ਵਲੋਂ ਵੱਡੀ ਗਿਣਤੀ ਵਿੱਚ ਕੀਤੀ ਸ਼ਮੂਲੀਅਤ ਸਬੰਧੀ ਧੰਨਵਾਦ ਕੀਤਾ ਗਿਆ। ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਫੈਸਲਾ ਕੀਤਾ ਗਿਆ ਕਿ ਜਨਵਾਦੀ ਇਸਤਰੀ ਸਭਾ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਂਨਸ਼ਨ ਵਿੱਚ ਜਲੰਧਰ ਦੇ ਲਾਗਲੇ ਜ਼ਿਲੇ ਸ਼ਮੂਲੀਅਤ ਕਰਨਗੇ ਅਤੇ ਬਾਕੀ ਲੋਕਲ ਪੱਧਰ ਤੇ ਮਹਿਲਾ ਦਿਵਸ ਮਨਾਇਆ ਜਾਵੇਗਾ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਬੱਜਟ ਸੈਸ਼ਨ ਦੇ ਦੂਜੇ ਦਿਨ ਪ.ਸ.ਸ.ਫ. ਵਲੋਂ ਕੀਤੇ ਜਾ ਰਹੇ ਵਿਧਾਨ ਸਭਾ ਵੱਲ ਮਾਰਚ ਵਿੱਚ ਵੀ ਮਹਿਲਾ ਮੁਲਾਜ਼ਮਾਂ ਵੱਖਰੇ ਤੌਰ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ ਜਿਸ ਸਬੰਧੀ ਜ਼ਿਲਿਆਂ ਨੂੰ ਕੋਟਾ ਲਗਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਰਣਜੀਤ ਕੌਰ, ਜਸਵਿੰਦਰ ਕੌਰ ਟਾਹਲੀ, ਬਲਜੀਤ ਕੌਰ, ਦਲਵੀਰ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ, ਸੁਨੀਤਾ ਆਦਿ ਆਗੂ ਵੀ ਹਾਜਰ ਸਨ।