sangrami lehar

ਸੀ.ਪੀ.ਆਈ.(ਐਮ) ਦੀ ਸ਼ਹਿ ਪ੍ਰਾਪਤ ਗੁੰਡਿਆਂ ਵੱਲੋਂ ਕੀਤੇ ਗਏ ਹਮਲੇ ਦੀ ਨਿਖ਼ੇਧੀ

  • 13/02/2018
  • 12:04 PM

ਜਲੰਧਰ - ''ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਉਚੀਅਮ (ਜ਼ਿਲ੍ਹਾ ਕੋਜ਼ੀਕੋਡ, ਕੇਰਲਾ) ਦਫ਼ਤਰ ਅਤੇ ਆਲੇ ਦੁਆਲੇ ਦੇ ਘਰਾਂ ਉਪਰ ਸੀ.ਪੀ.ਆਈ.(ਐਮ) ਦੀ ਸ਼ਹਿ ਪ੍ਰਾਪਤ ਗੁੰਡਿਆਂ ਵਲੋਂ 11 ਫਰਵਰੀ ਨੂੰ ਕੀਤਾ ਗਿਆ ਹਮਲਾ ਸੂਬੇ ਵਿਚ ਸਭ ਤੋਂ ਭੱਦੀ ਕਿਸਮ ਦੀ ਅਰਾਜਕਤਾ ਫੈਲਣ ਦਾ ਸੰਕੇਤ ਦਰਸਾਉਂਦਾ ਹੈ।'' ਇਹ ਸ਼ਬਦ ਸਾਥੀ ਮੰਗਤ ਰਾਮ ਪਾਸਲਾ, ਜਨਰਲ ਸਕੱਤਰ ਆਰ.ਐਮ.ਪੀ.ਆਈ. ਨੇ ਇਕ ਪ੍ਰੈਸ ਬਿਆਨ ਵਿਚ ਕਹੇ ਹਨ। ਸਾਥੀ ਪਾਸਲਾ ਨੇ ਇਸ ਗੁੰਡਾ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਅੱਗੇ ਕਿਹਾ ਹੈ ਕਿ ਇਹ ਪ੍ਰਸ਼ਾਸਕੀ ਬੇਇਨਸਾਫੀ ਦਾ ਸਿਖਰ ਹੈ ਕਿ ਇਸ ਘਿਨਾਉਣੇ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਪੁਲਸ ਨੇ ਉਲਟਾ ਪਾਰਟੀ ਦੇ ਸੂਬਾ ਸਕੱਤਰ ਸਾਥੀ ਐਨ.ਵੈਨੂੰ ਸਮੇਤ ਦਰਜਨ ਦੇ ਕਰੀਬ ਦੂਸਰੇ ਬੇਗੁਨਾਹ ਲੋਕਾਂ ਨੂੰ ਆਰਮਜ਼ ਐਕਟ ਦੇ ਮਨਘੜਤ ਝੂਠੇ ਕੇਸ ਵਿਚ ਗ੍ਰਿਫਤਾਰ ਕਰ ਲਿਆ ਹੈ। ਕਾਮਰੇਡ ਪਾਸਲਾ ਨੇ ਬਿਆਨ ਵਿਚ ਦੱਸਿਆ ਹੈ ਕਿ ਜਦੋਂ ਆਰ.ਐਮ.ਪੀ.ਆਈ. ਦੇ ਆਗੂ ਪਾਰਟੀ ਦਫਤਰ ਅੰਦਰ ਅਮਨ ਪੂਰਬਕ ਮੀਟਿੰਗ ਕਰ ਰਹੇ ਸਨ, ਤਦ ਬਿਨਾਂ ਕਿਸੇ ਭੜਕਾਹਟ ਦੇ ਸੀ.ਪੀ.ਆਈ.(ਐਮ) ਦੇ ਨਾਮ ਨਿਹਾਦ ਕਾਡਰ ਨੇ ਦਫਤਰ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਉਹੀ ਅਨਸਰ ਹੈ, ਜਿਨ੍ਹਾਂ ਨੇ ਸਾਡਾ ਪਿਆਰਾ ਸਾਥੀ ਟੀ.ਪੀ. ਚੰਦਰਸ਼ੇਖਰਨ ਨੂੰ ਸ਼ਹੀਦ ਕੀਤਾ ਸੀ। ਕਾਮਰੇਡ ਪਾਸਲਾ ਨੇ ਬਿਆਨ ਵਿਚ ਅੱਗੇ ਕਿਹਾ ਹੈ ਕਿ ਆਰ.ਐਮ.ਪੀ.ਆਈ. ਕੇਰਲਾ ਸਮੇਤ ਸਾਰੇ ਪ੍ਰਾਂਤਾਂ ਵਿਚ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਭਾਰੀ ਮੁਸ਼ਕਿਲਾਂ ਦੇ ਹੱਲ ਕਰਾਉਣ ਵਾਸਤੇ ਸੰਘਰਸ਼ ਲਾਮਬੰਦ ਕਰ ਰਹੀ ਹੈ। ਇਸ ਕਾਰਨ ਪਾਰਟੀ ਵਾਸਤੇ ਆਮ ਲੋਕਾਂ ਵਲੋਂ ਭਾਰੀ ਹਮਦਰਦੀ ਦਿਖਾਈ ਜਾ ਰਹੀ ਹੈ, ਜੋ ਕਿ ਕੇਰਲਾ ਦੀ ਹਾਕਮ ਸੀ.ਪੀ.ਆਈ.(ਐਮ) ਨੂੰ ਬਹੁਤ ਚੁਭਦੀ ਹੈ। ਇਹੀ ਕਾਰਨ ਹੈ ਕਿ ਸੀ.ਪੀ.ਆਈ.(ਐਮ) ਵਲੋਂ ਸਾਡੇ ਵਰਕਰਾਂ ਤੇ ਲੀਡਰਾਂ ਦੀ ਜ਼ੁਬਾਨਬੰਦੀ ਕਰਨ ਅਤੇ ਉਨ੍ਹਾਂ ਦੇ ਮਨਾਂ ਅੰਦਰ ਡਰ ਪੈਦਾ ਕਰਨ ਲਈ ਇਸ ਤਰ੍ਹਾਂ ਦੇ ਹਮਲੇ ਕੀਤੇ ਜਾ ਰਹੇ ਹਨ। ਇਸ ਵਿਚ ਹਾਕਮ ਧਿਰ ਕਦੀ ਸਫਲ ਨਹੀਂ ਹੋ ਸਕੇਗੀ। ਕਾਮਰੇਡ ਪਾਸਲਾ ਨੇ ਕੇਰਲਾ ਦੇ ਗਵਰਨਰ ਤੇ ਮੁੱਖ ਮੰਤਰੀ ਨੂੰ ਕਾਮਰੇਡ ਐਨ. ਵੀਨੂੰ ਸਮੇਤ ਸਾਰੇ ਗ੍ਰਿਫਤਾਰ ਪਾਰਟੀ ਆਗੂਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕਰਨ ਦੀ ਅਪੀਲ ਕੀਤੀ ਹੈ ਅਤੇ ਪਾਰਟੀ ਦਫਤਰ ਤੇ ਇਸਦੇ ਨਾਲ ਜੁੜਵੇਂ ਘਰਾਂ ਉਪਰ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

(ਮੰਗਤ ਰਾਮ ਪਾਸਲਾ)