sangrami lehar

ਸਾਥੀ ਹਰਭਜਨ ਦਰਦੀ ਤੇ ਕਰਮ ਸਿੰਘ ਕਿਰਤੀ ਨੂੰ ਇਨਕਲਾਬੀ ਸ਼ਰਧਾਂਜਲੀਆਂ

  • 12/02/2018
  • 01:12 PM

ਜਲੰਧਰ - ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਸਾਥੀ ਹਰਭਜਨ ਸਿੰਘ ਦਰਦੀ ਅਤੇ ਇੰਗਲੈਂਡ ਵਿੱਚ ਹੀ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਕਾਮਰੇਡ ਕਰਮ ਸਿੰਘ ਕਿਰਤੀ ਨੂੰ ਅੱਜ ਇੱਥੇ ਹੋਏ ਇੱਕ ਸਮਾਰੋਹ ਦੌਰਾਨ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਦੇਸ਼ ਭਗਤ ਯਾਦਗਾਰ ਹਾਲ 'ਚ ਕਰਵਾਏ ਗਏ ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਥੀ ਹਰਭਜਨ ਸਿੰਘ ਦਰਦੀ ਦਾ ਜੀਵਨ ਇਸ ਦੀ ਇੱਕ ਮਿਸਾਲ ਹੈ ਕਿ ਕਿਸ ਤਰ੍ਹਾਂ ਇੱਕ ਕਮਿਊਨਿਸਟ ਲੋਕ ਹਿੱਤਾਂ ਨੂੰ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਰੱਖਦਾ ਹੈ। ਉਨ੍ਹਾ ਕਿਹਾ ਕਿ ਸਾਥੀ ਦਰਦੀ ਨੇ ਇੰਗਲੈਂਡ ਵਿੱਚ ਰਹਿੰਦਿਆਂ ਕੇਵਲ ਭਾਰਤੀ ਪ੍ਰਵਾਸੀਆਂ ਦੇ ਹਿੱਤਾਂ ਲਈ ਹੀ ਨਹੀਂ, ਸਗੋਂ ਦੂਸਰੇ ਦੇਸ਼ਾਂ ਦੇ ਪ੍ਰਵਾਸੀਆਂ ਦੇ ਹਿੱਤਾਂ ਲਈ ਵੀ ਨਿਸ਼ਕਾਮ ਸੇਵਾ-ਭਾਵਨਾ ਨਾਲ ਕੰਮ ਕੀਤਾ ਅਤੇ ਪ੍ਰਵਾਸੀਆਂ ਦੇ ਹਿੱਤਾਂ ਦੇ ਨਾਲ-ਨਾਲ ਸਾਮਰਾਜ ਵਿਰੁੱਧ ਵਿੱਢੇ ਗਏ ਹਰ ਅੰਦੋਲਨ 'ਚ ਆਗੂ ਰੋਲ ਨਿਭਾਇਆ। ਉਨ੍ਹਾ ਕਿਹਾ ਕਿ ਇਸੇ ਤਰ੍ਹਾਂ ਸਾਥੀ ਕਰਮ ਸਿੰਘ ਕਿਰਤੀ ਵੀ ਇੰਗਲੈਂਡ ਵਿੱਚ ਰਹਿੰਦਿਆਂ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਸੁਹਿਰਦ ਕਮਿਊਨਿਸਟਾਂ ਵਿੱਚੋਂ ਇੱਕ ਸਨ। ਉਨ੍ਹਾ ਦੱਸਿਆ ਕਿ ਸੀ ਪੀ ਐੱਮ ਪੰਜਾਬ ਬਣਨ ਤੋਂ ਲੈ ਕੇ ਆਰ ਐੱਮ ਪੀ ਆਈ ਦੇ ਗਠਨ ਤੱਕ ਕੋਈ ਵੀ ਅਜਿਹਾ ਸਾਲ ਨਹੀਂ ਲੰਘਿਆ, ਜਿਸ ਵਿੱਚ ਸਾਥੀ ਦਰਦੀ ਨੇ ਪਾਰਟੀ ਦੀ ਮਾਲੀ ਮਦਦ ਨਾ ਕੀਤੀ ਹੋਵੇ। ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਹਾਂ ਕਮਿਊਨਿਸਟ ਆਗੂਆਂ ਦਾ ਵਿਛੋੜਾ ਸਮੁੱਚੀ ਕਮਿਊਨਿਸਟ ਲਹਿਰ ਲਈ ਇੱਕ ਵੱਡਾ ਘਾਟਾ ਹੈ। ਸਾਥੀ ਹਰਭਜਨ ਸਿੰਘ ਦਰਦੀ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਸਾਥੀ ਦਰਦੀ ਇੰਗਲੈਂਡ ਵਿੱਚ ਰਹਿ ਕੇ ਵੀ ਆਰ ਐੱਮ ਪੀ ਆਈ ਦੇ ਕੁੱਲਵਕਤੀ ਵਜੋਂ ਕੰਮ ਕਰਦੇ ਸਨ। ਉਹ ਕੇਵਲ ਇੱਕ ਕਮਿਊਨਿਸਟ ਆਗੂ ਤੇ ਕਾਰਕੁਨ ਹੀ ਨਹੀਂ ਸਨ, ਉਹ ਇੱਕ ਮਾਹਰ ਕਾਲਮ-ਨਵੀਸ ਵੀ ਸਨ। ਉਹ ਲਗਾਤਾਰ ਪਾਰਟੀ ਦੇ ਪਰਚੇ 'ਸੰਗਰਾਮੀ ਲਹਿਰ' ਲਈ ਲਿਖਦੇ ਰਹੇ ਤੇ ਉਨ੍ਹਾ ਦੇ ਲੇਖ ਚਰਚਾ ਦਾ ਵਿਸ਼ਾ ਵੀ ਬਣਦੇ ਰਹੇ। ਦੋਹਾਂ ਆਗੂਆਂ ਨੇ ਕਿਹਾ ਕਿ ਅੱਜ ਜਿਸ ਸਮੇਂ ਸਾਮਰਾਜੀ ਤਾਕਤਾਂ ਦੇ ਇਸ਼ਾਰੇ 'ਤੇ ਲਾਗੂ ਕੀਤੀਆਂ ਜਾ ਰਹੀਆਂ ਨਵ-ਉਦਾਰਵਾਦੀ ਨੀਤੀਆਂ ਦੇ ਨਾਲ-ਨਾਲ ਫਿਰਕੂ ਤੇ ਫਾਸ਼ੀਵਾਦੀ ਤਾਕਤਾਂ ਨੇ ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਲਈ ਇੱਕ ਖਤਰਾ ਪੈਦਾ ਕੀਤਾ ਹੋਇਆ ਹੈ, ਉਸ ਸਮੇਂ ਅਜਿਹੇ ਸਾਥੀਆਂ ਦਾ ਸਦੀਵੀ ਵਿਛੋੜਾ ਹੋਰ ਵੀ ਦੁਖਦਾਈ ਹੋ ਜਾਂਦਾ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਸਾਥੀਆਂ ਨੂੰ ਸਹੀ ਅਰਥਾਂ ਵਿੱਚ ਇਨਕਲਾਬੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਇਸ ਹਮਲੇ ਵਿਰੁੱਧ ਪੂਰੀ ਦ੍ਰਿੜ੍ਹਤਾ ਨਾਲ ਮੈਦਾਨ ਮੱਲਿਆ ਜਾਵੇ। ਦੇਸ਼ ਦੇ ਹਾਲਾਤ ਵੀ ਇਹੋ ਹੀ ਮੰਗ ਕਰਦੇ ਹਨ।

ਇਸ ਸਮਾਗਮ ਦੌਰਾਨ ਇਕ ਮਤਾ ਪਾਸ ਕਰਕੇ ਕੇਰਲ ਵਿਚ ਆਰ.ਐਮ.ਪੀ.ਆਈ. ਦੇ ਦਫਤਰ 'ਤੇ ਵਿਸਫੋਟਕਾਂ ਨਾਲ ਕੀਤੇ ਗਏ ਹਮਲੇ ਅਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਕੇ.ਵੇਨੂੰ ਤੇ ਹੋਰਨਾਂ ਸਾਥੀਆਂ ਨੂੰ ਪੁਲਸ ਹਿਰਾਸਤ ਵਿਚ ਲੈ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਇਸ ਹਮਲੇ ਵਿਚ ਕੁਝ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ ਅਤੇ ਦਫਤਰ ਤੇ ਆਸਪਾਸ ਦੇ ਘਰਾਂ ਦਾ ਕਾਫੀ ਨੁਕਸਾਨ ਕੀਤਾ ਗਿਆ ਹੈ।

ਇਸ ਸਮਾਗਮ ਨੂੰ ਆਈਡਬਲਯੂਏ, ਗਰੇਟ ਬ੍ਰਿਟੇਨ ਦੇ ਉਪ ਪ੍ਰਧਾਨ ਸਾਥੀ ਬਲਬੀਰ ਜੋਹਲ, ਆਰ ਐੱਮ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਉਘੇ ਵਿਦਵਾਨ ਡਾ. ਕਰਮਜੀਤ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਡਾ. ਰਘਬੀਰ ਕੌਰ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ