sangrami lehar

ਭਾਈ ਲਾਲੋਆਂ ਦਾ ਰਾਜ ਸਥਾਪਤ ਕਰਨ ਲਈ ਦੁਸ਼ਮਣਾਂ ਤੇ ਦੋਸਤਾਂ ਦੀ ਪਛਾਣ ਜ਼ਰੂਰੀ : ਪਾਸਲਾ

  • 11/02/2018
  • 09:19 PM

ਰਾਏਕੋਟ -ਉੱਘੇ ਦੇਸ਼ ਭਗਤ ਬਾਬਾ ਹਰਨਾਮ ਸਿੰਘ ਚਮਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੰਮਾ ਸਮਾਂ ਅੰਗਰੇਜ਼ ਸਾਮਰਾਜ ਦੀਆਂ ਕਾਲ ਕੋਠੜੀਆਂ ਵਿਚ ਬਿਤਾਇਆ, ਇਸ ਮਹਾਨ ਆਜ਼ਾਦੀ ਸੰਗਰਾਮੀਏ, ਖੱਬੇ ਪੱਖੀ ਸੋਚ ਦੇ ਧਾਰਨੀ, ਸਿਰੜੀ ਕਮਿਊਨਿਸਟ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਲੋਹਟਬੱਧੀ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐੱਮ.ਪੀ.ਆਈ. ਵੱਲੋਂ ਇਨਕਲਾਬੀ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਆਰ.ਐੱਮ.ਪੀ.ਆਈ. ਦੇ ਕੌਮੀ ਜ. ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹ ਕਿ ਆਜ਼ਾਦੀ ਤੋਂ 70 ਸਾਲ ਬੀਤ ਜਾਣ 'ਤੇ ਵੀ ਬਾਬਾ ਚਮਕ ਦੀ ਸੋਚ ਵਾਲੇ ਦੇਸ਼ ਦੀ ਉਸਾਰੀ ਨਹੀਂ ਹੋ ਸਕੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਰਾਜ ਸਤ੍ਹਾ 'ਤੇ ਕਾਬਜ ਪੂੰਜੀਵਾਦੀ ਲੁਟੇਰੀਆਂ ਜਮਾਤਾਂ ਦੀ ਪ੍ਰਤੀਨਿਧਤਾ ਕਰਦੀਆਂ ਵੱਖ ਵੱਖ ਰੰਗਾਂ ਦੀਆਂ ਪਾਰਟੀਆਂ ਨੇ ਦੇਸ਼ ਦੇ ਲੋਕਾਂ ਨੂੰ ਵੱਖ ਵੱਖ ਨਾਅਰਿਆਂ ਨਾਲ ਗੁੰਮਰਾਹ ਕਰਕੇ ਰਾਜ ਸਤ੍ਹਾ ਲਈ ਆਪਣੀ ਉਮਰ ਲੰਮੀ ਕੀਤੀ ਤੇ ਸਾਮਰਾਜੀ ਦੇਸ਼ਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਿਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਭੁੱਖਮਰੀ, ਗਰੀਬੀ, ਕੰਗਾਲੀ, ਬੇਰੁਜ਼ਗਾਰੀ, ਮਹਿੰਗਾਈ ਵਰਗੀਆਂ ਜਿੱਥੇ ਬੀਮਾਰੀਆਂ ਪੈਦਾ ਕੀਤੀਆਂ, ਉੱਥੇ ਲੋਕਾਂ ਦੀ ਏਕਤਾ ਤੋੜਨ ਲਈ ਫਿਰਕਾਪ੍ਰਸਤੀ ਪੈਦਾ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਚੜ੍ਹੇ ਕਰਜ਼ਿਆਂ ਦੀ ਮੁਆਫੀ ਲਈ, ਰੁਜ਼ਗਾਰ ਸਿਹਤ ਤੇ ਸਿੱਖਿਆ ਦੀ ਪ੍ਰਾਪਤੀ ਲਈ ਜਿੱਥੇ ਵਿਸ਼ਾਲ Âੈਕਤਾ ਦੇ ਤਿੱਖੇ ਘੋਲਾਂ ਦੀ ਲੋੜ ਹੈ, ਉੱਥੇ ਭਾਈ ਲਾਲੋਆਂ ਦਾ ਰਾਜ ਸਥਾਪਤ ਕਰਨ ਲਈ ਮਲਕ ਭਾਗੋਆਂ ਵਰਗੇ ਦੁਸ਼ਮਣਾਂ ਦੀ ਵੀ ਪਛਾਣ ਕਰਨੀ ਪਵੇਗੀ। ਇਸ ਮੌਕੇ ਆਰ.ਐੱਮ.ਪੀ.ਆਈ. ਜ਼ਿਲਾ ਲੁਧਿਆਣਾ ਦੇ ਸਕੱਤਰ ਜਗਤਾਰ ਚਕੋਹੀ, ਪ੍ਰਧਾਨ ਰਘਬੀਰ ਬੈਨੀਪਾਲ, ਦਿਹਾਤੀ ਮਜ਼ਦੂਰ ਸਪਾ ਦੇ ਪੰਜਾਬ ਦੇ ਆਗੂ ਹਰਬੰਸ ਸਿੰਘ ਲੋਹਟਬੱਧੀ, ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂ ਚਰਨਜੀਤ ਹਿਮਾਂਯੂੰਪੁਰਾ ਨੇ ਵੀ ਸੰਬੋਧਨ ਕੀਤਾ। ਜਮਹੂਰੀ ਕਿਸਾਨ ਸਭਾ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਮਹਿੰਦਰ ਸਿੰਘ ਅੱਚਰਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲਾ ਪ੍ਰਧਾਨ ਡਾ. ਜਸਵਿੰਦਰ ਕਾਲਖ, ਮਨਰੇਗਾ ਵਰਕਰ ਯੂਨੀਅਨ ਦੇ ਆਗੂ ਅਮਰਜੀਤ ਹਿਮਾਂਯੂੰਪੁਰਾ, ਜਮਹੂਰੀ ਕਿਸਾਨ ਸਭਾ ਲੁਧਿਆਣਾ ਦੇ ਸਕੱਤਰ ਅਮਰਜੀਤ ਸਹਿਜਾਦ, ਰਾਣਾ ਲਤਾਲਾ, ਮਨਜੀਤ ਸਮਰਾਲਾ, ਚਰਨਜੀਤ ਲਤਾਲਾ, ਕੇਵਲ ਸਿੰਘ, ਬੂਟਾ ਸਿੰਘ, ਹਰਪ੍ਰੀਤ ਹੈਪੀ (ਸਾਰੇ ਮਨਸੂਰਾਂ ਆਗੂ), ਗੋਵਰਧਨ ਜੋਧਾਂ, ਰਾਜੂ ਜੋਧਾਂ, ਇਕਬਾਲ ਸਿੰਘ, ਜਰਨੈਲ ਸਿੰਘ ਹੈਪੀ, ਬਲਵੰਤ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ, ਜਗਰਾਓਂ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਉੱਘੇ ਇਨਕਲਾਬੀ ਕਵੀ ਜਗਸੀਰ ਜੀਦਾ ਤੇ ਸਾਥੀਆਂ ਵੱਲੋਂ ਇਨਕਲਾਬੀ ਬੋਲੀਆਂ, ਟੱਪੇ ਤੇ ਗੀਤਾਂ ਨਾਲ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ। ਇਕੱਠੇ ਹੋਏ ਲੋਕਾਂ ਵੱਲੋਂ ਸਾਥੀ ਪਾਸਲਾ ਦੀ ਅਗਵਾਈ ਵਿਚ ਲੋਹਟਬੱਧੀ ਵਿਚ ਪੈਦਲ ਮਾਰਚ ਕੀਤਾ ਗਿਆ।