sangrami lehar

ਜਮਹੂਰੀ ਕਿਸਾਨ ਸਭਾ ਵੱਲੋਂ ਰੋਸ ਰੈਲੀ

  • 09/02/2018
  • 04:43 PM

ਹੁਸ਼ਿਆਰਪੁਰ - ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਕਿਸਾਨਾਂ ਅਤੇ ਕਿਰਸਾਨੀ ਨਾਲ ਸੰਬੰਧਤ ਮੰਗਾਂ ਨੂੰ ਲੈ ਕੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਮਹੂਰੀ ਕਿਸਾਨ ਸਭਾ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ਅੱਗੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਣ ਲਈ ਤਹਿਸੀਲਦਾਰ ਵੱਲੋਂ ਧਰਨੇ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਗਿਆ। ਧਰਨੇ ਦੀ ਕਾਰਵਾਈ ਚਲਾਉਂਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਖੇਤੀ ਦੀਆਂ ਲਾਗਤਾਂ ਵੱਧਣ ਅਤੇ ਜਿਣਸਾਂ ਦਾ ਘੱਟ ਮੁੱਲ ਹੋਣ ਕਾਰਣ ਕਿਸਾਨੀ ਲਗਾਤਾਰ ਘਾਟੇ ਵਿੱਚ ਜਾ ਰਹੀ ਹੈ ਅਤੇ ਕਰਜੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬੱਜਟ ਵਿੱਚ ਵੀ ਦੇਸ਼ ਦੇ ਕਿਸਾਨਾਂ ਦੇ ਜੀਵਨ ਨੂੰ ਖੁਸ਼ਹਾਲ ਕਰਨ ਅਤੇ ਕਿਸਾਨੀ ਨੂੰ ਲਾਭਦਾਇਕ ਧੰਦਾ ਬਣਾਉਣ ਲਈ ਕੋਈ ਵੀ ਤਜ਼ਵੀਜ਼ ਨਹੀ ਰੱਖੀ ਗਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੇਵਲ ਜੁਮਲੇਬਾਜੀ ਨਾਲ ਹੀ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਸਾਬਿਤ ਕੀਤਾ ਜਾ ਰਿਹਾ ਹੈ। ਰੈਲੀ ਵਿੱਚ ਐਲਾਨ ਕੀਤਾ ਗਿਆ ਕਿ ਕਾਲੇ ਕਾਨੂੰਨ ਪਾਕੋਕਾ ਵਿਰੁੱਧ ਮਿਤੀ 17 ਫਰਵਰੀ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਵੀ ਜ਼ਿਲ੍ਹੇ ਭਰ ਵਿੱਚੋਂ ਕਿਸਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਰੈਲੀ ਨੂੰ ਆਰ.ਐਮ.ਪੀ.ਆਈ. ਦੇ ਸੂਬਾ ਜਨਰਲ ਸਕੱਤਰ ਕਰਕੰਵਲ ਸਿੰਘ ਤੋਂ ਇਲਾਵਾ ਅਮਰਜੀਤ ਸਿੰਘ ਕਾਨੂੰਗੋ, ਮਲਕੀਤ ਸਿੰਘ ਸਲੇਮਪੁਰ, ਡਾ. ਤਰਲੋਚਨ ਸਿੰਘ, ਸੱਤਪਾਲ ਲੱਠ, ਹਰਜਾਪ ਸਿੰਘ, ਰਣਧੀਰ ਸਿੰਘ ਅਸਲਪੁਰ, ਇੰਦਰ ਸਿੰਘ ਕੈਂਪ, ਹਰਪ੍ਰੀਤ ਸਿੰਘ ਲਾਲੀ, ਜਗਤਾਰ ਸਿੰਘ ਭੁੰਗਰਨੀ, ਬਲਵੀਰ ਸਿੰਘ ਫੁਗਲਾਣਾ, ਤੀਰਥ ਸਿੰਘ ਸਤੌਰ, ਪਰਮਿੰਦਰ ਸਿੰਘ ਸਤੌਰ, ਸੱਤਪਾਲ ਸਿੰਘ ਚੱਬੇਵਾਲ, ਤਰਸੇਮ ਲਾਲ ਹਰਿਆਣਾ, ਗੁਰਦੇਵ ਦੱਤ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਸਰਬਜੀਤ ਸਿੰਘ ਕੋਕੋਂ ਵੱਲੋਂ ਇਨਕਲਾਬੀ ਕਵਿਤਾ ਨਾਲ ਧਰਨਾਕਾਰੀਆਂ ਵਿੱਚ ਜੋਸ਼ ਭਰਿਆ ਗਿਆ।