sangrami lehar

ਮੋਟਰਾਂ ਉਤੇ ਮੀਟਰਾਂ ਵਿਰੁੱਧ ਕਿਸਾਨ ਧਰਨੇ ਲਗਾਤਾਰ ਜਾਰੀ

  • 09/02/2018
  • 04:34 PM

ਜਲੰਧਰ - ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਮੋਟਰਾਂ 'ਤੇ ਮੀਟਰ ਲਾਉਣ ਵਿਰੁੱਧ ਤੇ ਆਪਣੀਆਂ ਹੋਰ ਮੋਗਾਂ ਨੂੰ ਲੈ ਕੇ ਚੌਥੇ ਦਿਨ ਤਹਿਸੀਲ ਕੇਂਦਰਾਂ 'ਤੇ ਧਰਨੇ ਜਾਰੀ ਰੱਖਦਿਆਂ ਪੱਟੀ, ਤਰਨ ਤਾਰਨ,  ਬਾਬਾ ਬਕਾਲਾ, ਅੰਮ੍ਰਿਤਸਰ, ਧੂਰੀ, ਸੰਗਰੂਰ, ਬਰਨਾਲਾ, ਅਬੋਹਰ, ਹੁਸ਼ਿਆਰਪੁਰ ਆਦਿ ਥਾਵਾਂ ਉੱਪਰ ਧਰਨੇ ਲਾਏ ਗਏ।ਇਹ ਜਾਣਕਾਰੀ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਸੂਬਾ ਦਫਤਰ ਤੋਂ ਜਾਰੀ ਪ੍ਰੈੱਸ ਨੋਟ ਰਾਹੀਂ ਦਿੱਤੀ।
ਵੱਖ-ਵੱਖ ਥਾਵਾਂ ਉੱਪਰ ਲਾਏ ਧਰਨਿਆਂ ਮੌਕੇ ਜੁੜੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਸੂਬਾਈ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਮੀਤ ਪ੍ਰਧਾਨ ਰਘਬੀਰ ਸਿੰਘ ਪਕੀਵਾ, ਰਤਨ ਸਿੰਘ ਰੰਧਾਵਾ, ਭੀਮ ਸਿੰਘ ਆਲਮਪੁਰ, ਮੋਹਣ ਸਿੰਘ ਧਮਾਣਾ, ਛੱਜੂ ਰਾਮ ਰਿਸ਼ੀ ਨੇ ਕਿਹਾ ਕਿ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਕਿਸਾਨਾਂ-ਮਜ਼ਦੂਰਾਂ ਨੂੰ ਕਰਜ਼ਾ-ਮੁਕਤ ਕਰਨ ਅਤੇ ਬਿਜਲੀ ਦੇ ਬਿੱਲ ਮੁਆਫ ਰੱਖਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਕਾਂਗਰਸ ਦੀ ਕੈਪਟਨ ਸਰਕਾਰ ਵਾਅਦੇ ਪੂਰੇ ਕਰਨ ਦੀ ਥਾਂ ਸੰਘਰਸ਼ ਕਰਦੇ ਕਿਸਾਨਾਂ ਉਪਰ ਪਰਚੇ ਦਰਜ ਕਰਕੇ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ।
ਕਿਸਾਨ ਆਗੂਆਂ ਨੇ ਸਰਕਾਰੀ ਨਿਰਦੇਸ਼ਾਂ 'ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਉੱਪਰ ਪਰਚੇ ਦਰਜ ਕਰਨ ਦੀ ਨਿੰਦਾ ਕਰਦਿਆਂ ਸਰਕਾਰ ਕਿਸਾਨਾਂ ਨੂੰ ਕਰਜ਼ਾ-ਮੁਕਤ ਕਰਨ ਅਤੇ ਬੰਬੀਆਂ ਉਪਰ ਮੀਟਰ ਲਾਉਣ ਅਤੇ ਬਿੱਲ ਉਗਰਾਹੁਣ ਦੇ ਫੈਸਲੇ ਨੂੰ ਵਾਪਸ ਲੈਣ ਲਈ ਕਿਹਾ।ਉਨ੍ਹਾਂ ਜਮਹੂਰੀਅਤ ਪਸੰਦ ਲੋਕਾਂ ਨੂੰ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ 16 ਫਰਵਰੀ ਨੂੰ ਬਰਨਾਲਾ ਅਤੇ 17 ਫਰਵਰੀ ਨੂੰ ਜਲੰਧਰ ਵਿਖੇ ਕੀਤੀਆਂ ਜਾ ਰਹੀਆਂ ਮਹਾਂ ਰੈਲੀਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਕਿਸਾਨ ਆਗੂਆਂ ਨੇ ਦੁੱਧ ਅਤੇ ਆਲੂਆਂ ਦੀ ਹੋ ਰਹੀ ਬੇਕਦਰੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੀ ਖੁੱਲ੍ਹੀ ਮੰਡੀ ਦੀ ਨੀਤੀ ਨੂੰ ਜ਼ਿੰਮੇਵਾਰ ਦਸਦਿਆਂ ਕਿਸਾਨਾਂ ਨੂੰ ਪੈ ਰਹੇ ਘਾਟੇ ਦੀ ਤੁਰੰਤ ਭਰਪਾਈ ਕਰਨ ਦੀ ਮੰਗ ਕੀਤੀ।ਅੱਗੇ ਤੋਂ ਸਰਕਾਰੀ ਭਾਅ  ਤਹਿ ਕਰਨ ਅਤੇ ਸਰਕਾਰੀ ਖਰੀਦ ਦੀ ਗਾਰੰਟੀ ਕਰਨ ਦੀ ਮੰਗ ਕੀਤੀ।