sangrami lehar

ਜਮਹੂਰੀ ਕਿਸਾਨ ਸਭਾ ਤਰਨ ਤਾਰਨ ਨੇ ਧਰਨਾ ਦਿੱਤਾ

  • 09/02/2018
  • 0412 PM

ਤਰਨ ਤਾਰਨ- ਜਮਹੂਰੀ ਕਿਸਾਨ ਸਭਾ ਨੇ ਦੁੱਧ ਅਤੇ ਆਲੂਆਂ ਦੀਆਂ ਘਟਦੀਆਂ ਕੀਮਤਾਂ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਸਬੰਧੀ ਅੱਜ ਇਥੇ ਐਸਡੀਐਮ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਅਤੇ ਮੰਗਾਂ ਸਬੰਧੀ ਪੱਤਰ ਅਧਿਕਾਰੀਆਂ ਨੂੰ ਦਿੱਤਾ| ਧਰਨਾਕਾਰੀਆਂ ਦੀ ਅਗਵਾਈ ਜਥੇਬੰਦੀ ਦੇ ਆਗੂ ਚਰਨਜੀਤ ਸਿੰਘ ਬਾਠ, ਜਸਬੀਰ ਸਿੰਘ ਗੰਡੀਵਿੰਡ, ਹਰਦੀਪ ਸਿੰਘ ਰਸੂਲਪੁਰ ਅਤੇ ਲੱਖਾ ਸਿੰਘ ਮੰਨਣ ਨੇ ਕੀਤੀ| ਧਰਨਾਕਾਰੀਆਂ ਨੂੰ ਜਥੇਬੰਦੀ ਦੇ ਸੂਬਾਈ ਆਗੂ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕਰਦੇ ਹੋਏ ਸੂਬਾ ਸਰਕਾਰ ਦੀਆਂ ਕਥਿਤ ਕਿਸਾਨ ਵਿਰੋਧੀ ਦੀ ਨੀਤੀਆਂ ਦੀ ਨਿਖੇਧੀ ਕਰਦੇ ਹੋਏ ਆਖਿਆ ਕਿ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਪਤਲੀ ਹੋ ਗਈ ਹੈ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਆਰਥਿਕ ਲੁੱਟ ਕੀਤੀ ਰਹੀ ਹੈ| ਉਨ੍ਹਾਂ ਆਖਿਆ ਕਿ ਸਸਤੇ ਆਲੂਆਂ ਕਾਰਨ ਕਿਸਾਨ ਆਲੂਆਂ ਨੂੰ ਖੁੱਲ੍ਹੇ ਵਿੱਚ ਸੁੱਟਣ ਲਈ ਤਿਆਰ ਹਨ| ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਵਿਸਾਰ ਬੈਠੀ ਹੈ| ਇਸ ਮੌਕੇ ਜੋਗਿੰਦਰ ਸਿੰਘ ਮਾਨੋਚਾਹਲ, ਹੀਰਾ ਸਿੰਘ ਨੌਸ਼ਹਿਰਾ ਪੰਨੂਆਂ, ਸੁਰਿੰਦਰ ਸਿੰਘ ਖੱਬੇ, ਹਰਦੀਪ ਸਿੰਘ, ਗੁਰਵਿੰਦਰ ਸਿੰਘ ਭੋਲਾ ਨੇ ਵੀ ਸੰਬੋਧਨ ਕੀਤਾ ਅਤੇ ਜਿਣਸਾਂ ਦੇ ਲਾਹੇਵੰਦ ਭਾਅ ਦੇਣ ਸਮੇਤ ਹੋਰ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ| ਜਥੇਬੰਦੀ ਨੇ ਮੰਗਾਂ ਸਬੰਧੀ ਪੱਤਰ ਐਸਡੀਐਮ ਦੀ ਗੈਰਹਾਜ਼ਰੀ ਵਿੱਚ ਨਾਇਬ ਤਹਿਸੀਲਦਾਰ ਨੂੰ ਦਿੱਤਾ| ਜਥੇਬੰਦੀ ਦੇ ਵਰਕਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।