sangrami lehar

ਕਿਸਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਵੱਲੋਂ ਧਰਨੇ

  • 08/02/2018
  • 10:48 PM

ਜਲੰਧਰ - ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪੰਜਾਬ ਭਰ ਵਿੱਚ ਲਾਏ ਜਾ ਰਹੇ ਤਹਿਸੀਲ ਕੇਂਦਰਾਂ ਉੱਪਰ ਧਰਨਿਆਂ ਦੀ ਕੜੀ ਵਜੋਂ ਖਡੂਰ ਸਾਹਿਬ (ਤਰਨ ਤਾਰਨ), ਅਜਨਾਲਾ, ਅੰਮ੍ਰਿਤਸਰ, ਫਿਲੌਰ, ਨਕੋਦਰ, ਜਲੰਧਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਆਦਿ ਥਾਵਾਂ 'ਤੇ ਵਿਸ਼ਾਲ ਧਰਨੇ ਦੇ ਕੇ ਐੱਸ ਡੀ ਐੱਮ ਰਾਹੀਂ  ਮੰਗ ਪੱਤਰ ਦਿੱਤੇ ਗਏ। ਮੰਗ ਪੱਤਰਾਂ ਰਾਹੀਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਬੰਬੀਆਂ 'ਤੇ ਮੀਟਰ ਲਾ ਕੇ ਬਿੱਲ ਉਗਰਾਹੁਣ ਦੀ ਤਜਵੀਜ਼ ਰੱਦ ਕੀਤੀ ਜਾਵੇ, 10 ਏਕੜ ਤੱਕ ਦੇ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ, ਦੁੱਧ ਅਤੇ ਆਲੂ ਦੀਆਂ ਡਿੱਗ ਰਹੀਆਂ ਕੀਮਤਾਂ ਦੇ ਮੱਦੇਨਜ਼ਰ  ਉਤਪਾਦਕਾਂ ਨੂੰ ਪੈ ਰਹੇ ਘਾਟੇ ਦੀ ਭਰਪਾਈ ਸਰਕਾਰ ਕਰੇ ਅਤੇ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ, ਅਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ। ਇਹ ਜਾਣਕਾਰੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਮੀਤ ਪ੍ਰਧਾਨ ਮਾ. ਰਘਬੀਰ ਸਿੰਘ ਪਕੀਵਾ, ਰਤਨ ਸਿੰਘ ਰੰਧਾਵਾ, ਭੀਮ ਸਿੰਘ ਆਲਮਪੁਰ, ਮੁਖਤਾਰ ਸਿੰਘ ਮੱਲਾ, ਸੰਤੋਖ ਸਿੰਘ ਬਿਲਗਾ, ਮਨੋਹਰ ਸਿੰਘ ਗਿੱਲ  ਨੇ ਕਿਹਾ ਕਿ ਕੈਪਟਨ ਸਰਕਾਰ ਚੋਣ ਵਾਅਦਿਆਂ ਤੋਂ ਭੱਜ ਕੇ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਦੀ ਥਾਂ ਕਰਜ਼ੇ ਮਾਰੇ ਲੋਕਾਂ ਉੱਪਰ ਬਿਜਲੀ ਬਿੱਲ ਠੋਸ ਰਹੀ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਚੋਣਾਂ ਵਿੱਚ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਫਸਲਾਂ ਦੇ ਵਾਅਦੇ ਤੋਂ ਮੁੱਕਰ ਕੇ ਬਜਟ ਵਿੱਚ ਫੰਡ ਨਾ ਰੱਖ ਕੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਡਿਉਢੇ ਕਰਨ ਦੇ ਐਲਾਨ ਕਰਕੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਦੁੱਧ, ਆਲੂ ਦੀਆਂ ਕੀਮਤਾਂ ਕਿਸਾਨਾਂ  ਨੂੰ ਸਮਝਣ ਲਈ ਕਾਫੀ ਹਨ ।ਉਹਨਾ ਸਰਕਾਰਾਂ ਦੇ ਫਰੇਬੀ ਕਿਰਦਾਰ ਨੂੰ ਨੰਗਿਆਂ ਕਰਨ ਲਈ ਸੰਘਰਸ਼ ਦੇ ਮੈਦਾਨ  ਵਿੱਚ ਆਉਣ ਦਾ ਸੱਦਾ ਦਿਤਾ ਅਤੇ 17 ਫਰਵਰੀ ਨੂੰ ਕਾਲੇ ਕਨੂੰਨਾਂ ਖਿਲਾਫ ਹੋ ਰਹੀ ਮਹਾਂ ਰੈਲੀ ਵਿੱਚ ਪੁੱਜਣ ਦਾ ਸੱਦਾ ਦਿਤਾ।