sangrami lehar

ਨੋਟਬੰਦੀ ਤੇ ਜੀ ਐੱਸ ਟੀ ਨੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ : ਪਾਸਲਾ

  • 08/02/2018
  • 10:39 PM

ਰਈਆ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ.ਐਮ.ਪੀ.ਆਈ) ਜਿਥੇ ਸਾਮਰਾਜੀ ਹਿੱਤ ਪਾਲਣ ਵਾਲੀਆਂ ਨਵਉਦਾਰਵਾਦੀ ਨੀਤੀਆਂ ਦੀ ਵਿਰੋਧੀ ਹੈ। ਉੱਥੇ ਫਿਰਕੂ-ਫਾਸ਼ੀਵਾਦੀ ਨੀਤੀਆਂ ਖਿਲਾਫ ਵੀ ਸੰਘਰਸ਼ ਦੇ ਮੈਦਾਨ ਵਿੱਚ ਹੈ। ਇਹ ਸ਼ਬਦ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਾਰਟੀ ਵਰਕਰਾਂ ਦੀ ਭਰਵੀਂ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ। ਮੀਟਿੰਗ ਦੀ ਪ੍ਰਧਾਨਗੀ ਸਾਥੀ ਗੁਰਨਾਮ ਸਿੰਘ ਦਾਊਦ ਨੇ ਕੀਤੀ। ਸਾਥੀ ਪਾਸਲਾ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜਾਰੀ ਹੀ ਨਹੀਂ ਰੱਖਿਆ ਸਗੋਂ ਹੋਰ ਤਿੱਖੇ ਰੂਪ ਵਿੱਚ ਲਾਗੂ ਕੀਤਾ ਹੈ ਅਤੇ ਪਹਿਲਾਂ ਨੋਟਬੰਦੀ ਅਤੇ ਬਾਅਦ ਵਿੱਚ ਜੀ.ਐਸ.ਟੀ. ਲਾਗੂ ਕਰਕੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਉਹਨਾਂ ਕਿਹਾ ਕਿ ਆਰ.ਐੱਸ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੇਂਦਰ ਸਰਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਨਾਂ ਤੇ ਘੱਟ ਗਿਣਤੀ ਲੋਕਾਂ ਅਤੇ ਦਲਿਤਾਂ ਉੱਪਰ ਹਮਲੇ ਕਰਨ ਵਾਲੇ ਅਪਰਾਧੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਦੀ ਨਵੰਬਰ ਵਿੱਚ ਹੋਈ ਕੁੱਲ ਹਿੰਦ ਕਾਨਫਰੰਸ ਵਿੱਚ ਪਾਸ ਕੀਤੇ ਪ੍ਰੋਗਰਾਮ ਅਤੇ ਵਿਧਾਨ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਕਿਰਤੀ ਜਮਾਤ ਦੀ ਬੰਦਖਲਾਸੀ ਅਤੇ ਜਮਾਤ ਰਹਿਤ ਜਾਤ ਰਹਿਤ ਸਮਾਜ ਅਤੇ ਔਰਤਾਂ ਉੱਪਰ ਹੋ ਰਹੇ ਅੱਤਿਆਚਾਰ ਵਿਰੁੱਧ ਸੰਘਰਸ਼ ਕਰਨ ਲਈ ਲਾਮਬੰਦੀ ਕੀਤੀ ਜਾਵੇਗੀ।ਇਸ ਮੌਕੇ ਸਰਵਸਾਥੀ ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਬੁਟਾਰੀ, ਨਰਿੰਦਰ ਸਿੰਘ ਵਡਾਲਾ ਕਲਾਂ, ਰਸ਼ਪਾਲ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ, ਮਲਕੀਤ ਸਿੰਘ ਜੱਬੋਵਾਲ, ਗੁਰਨਾਮ ਸਿੰਘ ਭਿੰਡਰ, ਕਮਲ ਸ਼ਰਮਾਂ ਮੱਦ ਆਦਿ ਤਹਿਸੀਲ ਕਮੇਟੀ ਮੈਬਰਾਂ ਤੋਂ ਇਲਾਵਾ ਸੈਕੜੇਂ ਪਾਰਟੀ ਮੈਂਬਰ ਹਾਜ਼ਰ ਸਨ।