sangrami lehar

ਸਾਹਿਤ ਤੇ ਸਭਿਆਚਾਰ (ਸੰਗਰਾਮੀ ਲਹਿਰ-ਜੂਨ 2018)

  • 02/06/2018
  • 12:55 PM

ਕਵਿਤਾ
ਲਾਗਤ-ਮੁਨਾਫ਼ਾ
- ਸ਼ਿਵਨਾਥ

ਉਨ੍ਹਾਂ ਖ਼ਾਤਰ ਬੜਾ ਕੁਝ ਹੈ
ਮੇਰੇ ਹਿੰਦੋਸਤਾਨ ਅੰਦਰ
ਜੋ ਹਨ ਸਮਰੱਥ-ਖਰੀਦਨ ਵਾਸਤੇ
ਹਰ ਇਕ ਨਿਆਮਤ ਨੂੰ।

ਉਹ ਕੀ ਲੱਭਣਗੇ ਇਸ ਵਿਚੋਂ
ਜਿਨ੍ਹਾਂ ਦੀ ਪਹੁੰਚ ਆਪਣੇ ਪਿੰਡ ਤੋਂ
ਬਾਹਰ ਨਹੀਂ ਜਾਂਦੀ।

ਉਹ ਪੈਦਾ ਤਾਂ ਕਰੀ ਜਾਂਦੇ ਨੇ
ਆਪਣੇ ਖੇਤ 'ਚੋਂ ਸੋਨਾ
ਮਗਰ ਵੇਚਣ ਸਮੇਂ ਉਹਨਾਂ ਦੇ
ਪੱਲੇ ਕੁੱਝ ਨਹੀਂ ਪੈਂਦਾ।

ਨਾ ਰੱਖ ਸਕਦੇ ਨੇ ਉਹ ਆਪਣੇ
ਘਰਾਂ ਵਿਚ ਸਾਂਭ ਕੇ ਉਸਨੂੰ
ਤੇ ਨਾ ਉਹ ਘੱਲ ਸਕਦੇ ਨੇ ਦੁਰਾਡੇ
ਮੰਡੀਆਂ ਤੀਕਰ।

ਇਹ ਸ਼ਾਹੂਕਾਰ ਹੀ ਨੇ ਜੋ ਪਹੁੰਚਾ
ਸਕਦੇ ਨੇ ਬਾਹਰ ਨੂੰ
ਜਾਂ ਰੱਖ ਸਕਦੇ ਨੇ ਉਨਾ ਚਿਰ ਸਟੋਰਾਂ ਵਿਚ
ਜਦੋਂ ਉਹ ਤੋਲ਼ਿਆਂ ਦੇ ਭਾਅ ਖਰੀਦਨ
ਲੱਗ ਪਏ ਗਾਹਕ।

ਵਿਓਪਾਰੀ ਜਗਤ ਲਾਗਤ-ਮੁਨਾਫ਼ੇ
ਦੇ ਸਿਰੋਂ ਹੀ ਪਹੁੰਚ ਜਾਂਦਾ ਹੈ ਬੜਾ ਉਤੇ,
ਜਿਦ੍ਹੇ ਤੋਂ ਡਰਦਿਆਂ
ਸਰਕਾਰ ਵੀ ਕੁਝ ਨਹੀਂ ਕਰਦੀ।

ਗ਼ਜ਼ਲ

- ਅੰਮ੍ਰਿਤਪਾਲ 'ਅਮ੍ਰਿਤ'
ਕਲੀਆਂ ਨੋਚਦੇ ਰਹਿੰਦੇ, ਤੇ ਗਮਲੇ ਰੰਗ ਕਰਦੇ ਨੇ,
ਮੇਰੇ ਇਸ ਮੁਲਕ ਦੇ ਮਾਲੀ, ਏਵੇਂ ਪਾਖੰਡ ਕਰਦੇ ਨੇ।
ਦਾਣੇ ਆਪ ਰੱਖ ਲੈਂਦੇ, ਤੇ ਦਿੰਦੇ ਥੋਥ ਚਿੜੀਆਂ ਨੂੰ
ਐਸਾ ਵਰਤਦਾ ਭਾਣਾ, ਜਦੋਂ ਕਾਂ-ਵੰਡ ਕਰਦੇ ਨੇ।
ਇਹਨਾਂ ਦਾ ਸਬਰ ਨਾ ਪਰਖੋ, ਇਹ ਜਲ ਥਲ ਇਕ ਕਰ ਸਕਦੇ,
ਜੋ ਬੱਦਲ਼ ਖ਼ੁਸ਼ਕ ਬੁੱਲ੍ਹਾਂ ਲਈ, ਦੋ ਘੁੱਟਾਂ ਮੰਗ ਕਰਦੇ ਨੇ।
ਕੋਹਾਂ ਦੂਰ ਹੈ ਚਾਨਣ, ਅਜੇ ਸੰਘਣਾ ਹਨੇਰਾ ਵੀ,
ਕਾਲ਼ੀ ਰਾਤ ਦੀ ਹਊਮੈ, ਤਾਂ ਜੁਗਨੂੰ ਭੰਗ ਕਰਦੇ ਨੇ।
ਡਰਨ ਜਦ ਮੌਤ ਤੋਂ ਨਾ ਦੌਲਤਾਂ ਸੰਗ ਪਰਚਦੇ ਲੋਕੀਂ
ਤਾਂ ਜਾਬਰ ਸੂਲੀਆਂ ਤੇ ਜ਼ਹਿਰ ਦਾ ਪ੍ਰਬੰਧ ਕਰਦੇ ਨੇ।

ਗ਼ਜ਼ਲ
- ਮੱਖਣ ਕੁਹਾੜ
ਦੂਰ ਸੁਣੀ ਦੀਆਂ ਬੱਦ ਬਲਾਵਾਂ,
ਕਿਸ ਰਾਹੋਂ ਭਟਕਾਈਆਂ ਨੇ।
ਅਮਨ ਅਮਾਨੀ ਰਾਹਾਂ ਦੇ ਵਿਚ
ਤਲਖ਼ ਘਟਾਵਾਂ ਛਾਈਆਂ ਨੇ।
ਇਹ ਗੱਲ ਜਾਣਦੇ ਹੋਏ ਵੀ ਕਿ
ਇਹਨਾਂ ਦੇ ਵਿਚ ਛੇਕ ਬੜੇ ਹਨ,
ਹਰ ਪੱਤਣ 'ਤੇ ਐਸੀਆਂ ਕਿਸ਼ਤੀਆਂ,
ਕਿਸ ਕਰਕੇ ਲਗਵਾਈਆਂ ਨੇ।
ਮਾਨਵਤਾ ਜੋ ਰਾਹੀਂ-ਚੌਂਕੀਂ
ਪੈਰਾਂ ਹੇਠ ਲਿਤੜਦੀ ਹੈ,
ਅੱਜ ਦੇ ਦੌਰ ਦੀਆਂ ਇਹ ਸੱਭੇ
ਪੂਰਨ ਹਿਟਲਰ ਸ਼ਾਹੀਆਂ ਨੇ।
ਚਾਨਣ ਜਦ ਵੀ ਮੱਧਮ ਹੁੰਦੈ,
'ਨੇਰ੍ਹਾ ਕਰਦਾ ਹੈ ਖਰਮਸਤੀ,
ਸੁੱਤੇ ਰਹਿਣ ਜੇ ਪਹਿਰੇਦਾਰ ਤਾਂ,
ਚੋਰਾਂ ਸੰਨ੍ਹਾਂ ਲਾਈਆਂ ਨੇ।
ਸੁੱਤਾ ਹੋਇਐ, ਬਾਗ ਦਾ ਰਾਖਾ,
ਤਾਣ ਕੇ ਲੰਮੀਆਂ, ਵਟਕੇ ਘੇਸ,
ਚਮਗਿਦੜਾਂ ਦੀਆਂ ਡਾਰਾਂ ਤਾਂ ਹੀ,
ਬਾਗ਼ 'ਚ ਉੱਤਰ ਆਈਆਂ ਨੇ।
ਵੱਡੇ-ਵੱਡੇ ਸੁਪਨੇ ਵਿਕਦੇ,
ਵੋਟੋਂ ਸਾਵੀਂ, ਮੁਫ਼ਤ ਬਰੋਬਰ,
ਸੁਪਨ ਲਿਫ਼ਾਫਿਆਂ ਵਾਲੇ ਹੱਸਣ,
ਖਾਲੀ ਪੁੜੀਆਂ ਪਾਈਆਂ ਨੇ।
ਵਹਿੰਦੇ ਨੇ ਬਰਸਾਤੀ ਪਾਣੀ,
ਸੁੱਕੇ ਨਾਲਿਆਂ ਵਿਚ ਜਦ ਹੜ੍ਹ ਬਣ,
ਨਾਲੇ ਖ਼ੁਦ ਨੂੰ ਨਦੀਆਂ ਸਮਝਣ,
ਜਿਓਂ ਪਰਬਤ ਦੀਆਂ ਜਾਈਆਂ ਨੇ।
ਕਿੰਨਾ ਝੱਖੜ ਝੁੱਲੇ ਫਿਰ ਵੀ,
ਐਸੇ ਦੀਪ ਨਾ ਬੁੱਝਣ 'ਕੁਹਾੜ'
ਜਿਨ੍ਹਾਂ ਮਿੱਥਕੇ ਨਾਲ ਹਨੇਰਿਆਂ,
ਦੁਸ਼ਮਣੀਆਂ ਖ਼ੁਦ ਪਾਈਆਂ ਨੇ।


ਧੀਅ ਆਸਿਫਾ ਦੇ ਨਾਂਅ
- ਪਿਆਰਾ ਸਿੰਘ ਪਰਖ
ਵੈਸ਼ਨੋ ਮਾਂ! ਬਰਫਾਨੀ ਬਾਬਾ!
ਜ਼ੁਲਮ ਹੋਇਆ ਇਹ ਬੇਹਿਸਾਬਾ।
ਬੱਕਰੀਆਂ ਭੇਡਾਂ ਦੇ ਲੇਲੇ।
ਆਸਿਫਾ ਧੀ ਜਿਨ੍ਹਾਂ ਸੰਗ ਖੇਲੇ।
ਉਹ ਵੀ ਭੁਬੀਂ-ਭੁਬੀਂ ਰੋਏ।
ਚਿੱਤ ਉਦਾਸ ਗਮਾਂ ਵਿਚ ਖੋਏ।
ਧੀ ਆਸਿਫਾ ਕੋਹ-ਕੋਹ ਮਾਰੀ।
ਫੜੇ ਗਏ ਨੇ ਅਤਿਆਚਾਰੀ।
ਮੈਂ ਅਭਾਗਾ, ਮੇਰੀ ਧੀ ਅਭਾਗੀ।
ਕਿਉਂ ਨਾ ਮਮਤਾ ਧੀ ਲਈ ਜਾਗੀ?
ਲੋਕ ਕਹਿਣ ਮਾਂ ਜੱਗ ਦੀ ਵਾਲੀ।
ਤੇਰੀ ਰੂਹ ਕਿਉਂ ਦਰਦੋਂ ਖਾਲੀ।
ਨੈਤਿਕਤਾ ਦੀ ਦੇਣ ਦੁਹਾਈ।
ਸ਼ਰਮ ਹਯਾ ਦੀ ਲੋਈ ਲਾਹੀ।
ਕਿਉਂ ਨਾ ਪਾਪੀ ਸੂਲੀ ਟੰਗੇ।
ਹੱਥ ਜਿਨ੍ਹਾਂ ਦੇ ਖੂਨੀ ਰੰਗੇ।
ਨਿੱਤ ਵਰਤਾਉਂਦੇ ਕਾਲੇ ਕਾਰੇ।
ਜ਼ੁਲਮ ਜਬਰ ਨੇ ਪੈਰ ਪਸਾਰੇ।
ਉਨਾਵ, ਕਠੂਆ ਭਾਵੇਂ ਦਿੱਲੀ।
ਸਦਾਚਾਰ ਦੀ ਉੱਡੀ ਖਿੱਲੀ।
ਗਰਕ ਗਿਆ ਪ੍ਰਬੰਧ ਇਹ ਸਾਰਾ।
ਸੁਰੱਖਿਅਤ ਕੋਈ ਨਹੀਂ ਕੁੱਲੀ ਢਾਰਾ।
ਹਾਕਮ ਹੋ ਗਏ ਅੰਨ੍ਹੇ ਕਾਣੇ।
ਦਰਦ ਧੀਆਂ ਦੇ ਕੌਣ ਪਛਾਣੇ?
ਬੱਕਰੇ ਬਣੇ ਬੋਹਲ ਦੇ ਰਾਖੇ।
ਕਹਿੰਦੇ ਇਹ ਨੇ ਛੁਟਪੁਟ ਸਾਕੇ।
ਬਾਲੜੀਓ ਮੁਟਿਆਰੋ ਧੀਓ!
ਅਣਖੀ ਜੀਉਣ ਸਦਾ ਹੀ ਜੀਓ।
ਮੁੱਕੇ ਵੱਟ ਸੰਗਰਾਮੀ ਧਾਓ!
ਜਬਰ ਦਾ ਖੁਰਾ ਤੇ ਖੋਜ ਮਿਟਾਓ।
ਬਾਹਰੋਂ ਭਗਵੇਂ ਅੰਦਰੋਂ ਕਾਲੇੇ
ਪੁੱਠੇ ਕਰਮ ਤੇ ਪੁੱਠੇ ਚਾਲੇ।
ਭੰਨ ਦਿਓ ਪਾਪਾਂ ਦਾ ਭਾਂਡਾ
ਸਾਮਰਾਜ ਦਾ ਗਾਂਢਾ ਸਾਂਢਾ।

- Posted by Admin