sangrami lehar

ਸਵੈਮਾਨ ਦਾ ਘਾਤ

  • 01/06/2018
  • 03:58 PM

ਪੂੰਜੀਵਾਦੀ ਪ੍ਰਬੰਧ ਸਿਰਫ਼ ਗਰੀਬੀ ਤੇ ਅਮੀਰੀ ਦਾ ਪਾੜਾ ਹੀ ਨਹੀਂ ਵਧਾਉਂਦਾ, ਲੋਕਾਂ ਨੂੰ ਭੁੱਖਮਰੀ, ਬੇਕਾਰੀ, ਕੁਪੋਸ਼ਨ ਤੇ ਬਿਮਾਰੀਆਂ ਹੀ ਨਹੀਂ ਵੰਡਦਾ ਬਲਕਿ ਮਨੁੱਖ ਦੇ ਅੰਦਰਲੇ ਸਵੈਮਾਨ ਨੂੰ ਵੀ ਮਸਲ ਦਿੰਦਾ ਹੈ। ਸਾਰੇ ਸਮਾਜਿਕ ਰਿਸ਼ਤੇ, ਭਰਾ-ਭੈਣ ਦਾ, ਮਾਂ-ਪੁੱਤਰ ਦਾ, ਭਰਾਵਾਂ ਭਰਾਵਾਂ ਦਾ, ਬਿਲਕੁਲ ਤਕਨੀਕੀ ਕਿਸਮ ਦੇ ਵਿਉਪਾਰੀ ਰਿਸ਼ਤਿਆਂ ਵਿਚ ਬਦਲ ਜਾਂਦੇ ਹਨ। ਗੁਰਬਤ ਦੇ ਸਤਾਏ ਲੋਕ ਕਿਸੇ ਧਨਵਾਨ ਦਾ ਦਾਨ ਕਬੂਲਣ, ਠੱਗੀਆਂ ਚੋਰੀਆਂ ਨਾਲ ਅਤੇ ਅਮੀਰ ਪੈਰੋਕਾਰਾਂ ਦੇ ਚੜ੍ਹਾਵੇ ਨਾਲ ਮਾਲਾ-ਮਾਲ ਹੋਏ ਕਥਿਤ ਸੰਤਾਂ ਵਲੋਂ ਗਰੀਬ ਤੇ ਬੇਆਸਰੇ ਕੁੜੀਆਂ-ਮੁੰੰਡਿਆਂ ਦੇ ਵਿਆਹ ਰਚਾਉਣ ਵਰਗੇ ਨਾਟਕਾਂ ਨੂੰ ਦੇਖਣ ਦੇ ਆਦਿ ਬਣ ਜਾਂਦੇ ਹਨ। ਜਿਨ੍ਹਾਂ ਧੀਆਂ ਦੀਆਂ ਇੱਜ਼ਤਾਂ ਦੀ ਰਾਖੀ ਕਰਨਾ ਮਾਪਿਆਂ ਤੇ ਸਮੁੱਚੇ ਸਮਾਜ ਦਾ ਫਰਜ਼ ਹੁੰਦਾ ਹੈ, ਕਈ ਵਾਰ ਉਹੀ ਮਾਪੇ, ਪੇਟ ਦੀ ਅੱਗ ਬੁਝਾਉਣ ਖਾਤਰ ਧੀਆਂ ਦੇ ਸੌਦੇ ਕਰ ਲੈਂਦੇ ਹਨ ਤੇ ਉਨ੍ਹਾਂ ਨੂੰ ਨਸ਼ੇ ਵਿਚ ਨੱਚ ਰਹੇ ਲੋਕਾਂ ਸਾਹਮਣੇ ਅੱਧ ਨੰਗੇ ਸਰੀਰਾਂ ਨਾਲ ਨਾਚ ਕਰਨ ਲਈ ਤੋਰ ਦਿੰਦੇ ਹਨ। ਕੁਝ ਤਾਂ ਦੇਹ ਵਿਉਪਾਰ ਦੇ ਧੰਦੇ ਵੀ ਮਾਪਿਆਂ ਦੀ ਸਲਾਹ ਤੇ ਮਨਜ਼ੂਰੀ ਨਾਲ ਹੀ ਚਲਦੇ ਹਨ। ਤੇਜ਼ ਤਰਾਰ ਤਰੱਕੀ ਦੀ ਰਫਤਾਰ ਨਾਲ ਇਹ ਸਭ ਤੋਂ ਘਾਟੇ ਦਾ ਸੌਦਾ ਸਿੱਧ ਹੋ ਰਿਹਾ ਅਮੀਰਾਂ ਦਾ ਰਾਜ, ਪੂੰਜੀਵਾਦ।
ਨਾਬਾਲਗ ਬੱਚੀਆਂ ਨਾਲ ਜਬਰਦਸਤੀ ਕਰਨ ਦੇ ਦੋਸ਼ਾਂ ਅਧੀਨ ਬਾਪੂ ਆਸਾ ਰਾਮ ਅਤੇ ਡੇਰੇ ਸੱਚੇ ਸੌਦੇ ਵਾਲਾ ਮਸੰਦ ਜੇਲ੍ਹਾਂ ਦੀਆਂ ਸਜ਼ਾਵਾਂ ਕੱਟ ਰਹੇ ਹਨ। ਪ੍ਰੰਤੂ ਇਨ੍ਹਾਂ ਨੂੰ ਹਥਕੜੀਆਂ ਲਾ ਕੇ ਜੇਲ੍ਹ ਜਾਣ ਸਮੇਂ ਸਭ ਤੋਂ ਜ਼ਿਆਦਾ ਵਿਆਕੁਲ ਔਰਤਾਂ ਤੇ ਨੌਜਵਾਨ ਬੱਚੀਆਂ ਹੀ ਹੋਈਆਂ ਹਨ। ਇਹ ਸਭ ਪੂੰਜੀਵਾਦੀ ਵਰਤਾਰੇ ਅੰਦਰ ਸਿਰਜੀ ਹੋਈ ਬਿਮਾਰ ਮਨੁੱਖੀ ਮਾਨਸਿਕਤਾ ਦੇ ਸੰਕੇਤ ਹਨ।
ਇਕ ਵੱਡੇ ਤਰਕਸ਼ੀਲ ਆਗੂ ਦੁਬੋਲਕਰ ਦੇ ਵਹਿਸ਼ੀਆਨਾ ਕਤਲ ਤੋਂ ਬਾਅਦ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕ ਸ਼ੋਕ ਸਮਾਗਮ ਦਾ ਆਯੋਜਨ ਕੀਤਾ ਗਿਆ। ਹਾਲ ਵਿਚ ਬੈਠੇ ਗਮਗੀਨ ਲੋਕਾਂ ਵਿਚੋਂ ਇਕ ਮੈਂ ਵੀ ਸਾਂ। ਤਰਕਸ਼ੀਲ ਵਿਅਕਤੀ ਦਾ ਤਰਕ ਵਿਹੂਣੇ ਨਫਰਤ 'ਚ ਗੁਲਤਾਨ ਤੱਤਾਂ ਵਲੋਂ ਕਤਲ ਹੋਣਾ ਡਾਢਾ ਅਫਸੋਸਨਾਕ ਹੈ।
ਸ਼ਰਧਾਂਜਲੀ ਭੇਟ ਕਰਨ ਵਾਲਿਆਂ ਦੀ ਸੂਚੀ ਵਿਚੋਂ ਇਕ ਤਰਕਸ਼ੀਲ ਭਾਸ਼ਣ ਕਰਤਾ ਨੇ ਆਪ ਬੀਤੀ ਸੁਣਾਉਂਦਿਆਂ ਦੱਸਿਆ ਕਿ ਦਿਮਾਗੀ ਦੌਰੇ ਪੈਣ ਵਾਲੀ ਲੜਕੀ ਦਾ ਇਕ ਬਾਪ ਉਸ ਕੋਲ ਬੱਚੀ ਦੇ ਇਲਾਜ ਵਾਸਤੇ  ਆਇਆ, ਜਿਵੇਂ ਹੋਰ ਬਹੁਤ ਸਾਰੇ ਲੋਕ ਆਉਂਦੇ ਸਨ।
ਉਸਦੇ ਪੁੱਛਣ 'ਤੇ ਕਿ ਨਿੱਕੀ ਬੱਚੀ ਕਿਸੇ ਧਾਰਮਿਕ ਡੇਰੇ ਜਾਂ ਸੰਤ ਦੀ ਚੌਕੀ ਭਰਦੀ ਹੈ, ਤਾਂ ਡੁਸਕਣੀਆਂ ਲੈਂਦੇ ਦੁਖੀ ਬਾਪ ਨੇ 'ਹਾਂ' ਵਿਚ ਸਿਰ ਹਿਲਾਉਂਦਿਆ ਸਾਧ ਦਾ ਪੂਰਾ ਨਾਮ ਤੇ ਪਤਾ ਫਰਮਾ ਦਿੱਤਾ? ਉਹ ਬੱਚੀ ਉਸ ਸਾਧ ਕੋਲ ਜਾਂਦੀ ਸੀ, ਜੋ ਬਾਲੜੀਆਂ ਦੇ ਸਰੀਰਾਂ ਨਾਲ ਖੇਡਣ ਦਾ ਸ਼ੋਕੀਨ ਸੀ! ਉਸ ਵਕਤਾ ਨੇ ਬੱਚੀ ਦੇ ਪਿਤਾ ਨੂੰ ਜਦੋਂ ਉਸ 'ਬਲਾਤਕਾਰੀ ਸਾਧ' ਦਾ ਕਿਰਦਾਰ ਦੱਸਦਿਆਂ ਅੱਗੋਂ ਸਵਾਲ ਕੀਤਾ ਕਿ ਕਿਧਰੇ ਉਸ ਬਾਬੇ ਤੇ ਇਸ ਲੜਕੀ ਦੇ ਆਪਸੀ ਸਰੀਰਕ ਸੰਬੰਧ ਤਾਂ ਨਹੀਂ ਬਣ ਗਏ, ਤਾਂ ਅੱਖਾਂ ਬੰਦ ਕਰਕੇ (ਸ਼ਾਇਦ ਆਸਥਾ ਦੇ ਵੇਗ ਵਿਚ ਵਹਿਕੇ) ਬਾਪ ਨੇ ਹੌਕਾ ਲੈ ਕੇ ਕਿਹਾ, ''ਸਾਡੀ ਐਸੀ ਕਿਸਮਤ ਕਿਥੋਂ ਆ ਬਾਈ, ਕਿ ਬਾਬਾ ਜੀ ਮੇਰੀ ਧੀ ਨਾਲ ............. ਕਰ ਲੈਂਦੇ।''
ਚੁੱਪ ਪਸਰ ਗਈ ਹਾਲ ਦੇ ਚੌਹਾਂ ਕੰਨੀਆਂ ਅੰਦਰ। ਅੱਖਾਂ ਅੱਡੀਆਂ ਰਹਿ ਗਈਆਂ ਸਾਰਿਆਂ ਦੀਆਂ। ਮੈਂ ਨੀਵੀਂ ਪਾਈ ਹਾਲ ਦੀਆਂ ਪੌੜੀਆਂ ਦੀ ਕੰਧ ਨੂੰ ਫੜਦਾ ਹੋਇਆ ਹੇਠਾਂ ਉਤਰ ਰਿਹਾ ਸਾਂ।
ਕੁਝ ਦੇਰ ਬਾਅਦ ਸਮਾਗਮ ਸਮਾਪਤ ਹੋ ਗਿਆ ਸੀ, ਸਭ ਘਰਾਂ ਨੂੰ ਵਾਪਸ ਜਾ ਰਹੇ ਸਨ।
ਮੈਂ ਹਾਲ ਦੀਆਂ ਪੌੜੀਆਂ 'ਤੇ ਬੈਠਾ ਸਰੋਤਿਆਂ ਦੇ ਮੂੰਹ ਦੇ ਹਾਵ-ਭਾਵ ਨੂੰ ਆਪਣੇ ਅੰਦਰਲੇ ਕੈਨਵੇਸ ਤੇ ਚਿੱਤਰ ਰਿਹਾ ਸਾਂ। ਸਾਰਿਆਂ ਦੇ ਚਿਹਰਿਆਂ 'ਤੇ ਮਨੁੱਖ ਅੰਦਰਲੇ ਸਵੈਮਾਨ ਦੇ ਘਾਤ ਹੋਣ ਦਾ ਪ੍ਰਭਾਵ ਸਪੱਸ਼ਟ ਦਿਸ ਰਿਹਾ ਸੀ। ਕਈਆਂ ਦੇ ਚਿਹਰੇ ਇਸ ਬਿਰਤਾਂਤ ਤੋਂ ਗੁੱਸੇ ਵਿਚ ਸਨ। ਕੁੱਝ ਗਮਗੀਨ ਸਨ।
ਇਸ ਮਨੁੱਖੀ ਸਵੈਮਾਨ ਨੂੰ ਮੁੜ ਸੁਰਜੀਤ ਕਰਨ ਵਾਲੇ ਥੋੜੇ ਜਾਪਦੇ ਸਨ। ਕੋਈ ਗੱਲ ਨਹੀਂ, ਹੌਲੀ-ਹੌਲੀ ਵੱਧ ਜਾਣਗੇ।
ਪਤਾ ਨਹੀਂ ਕਦੋਂ ਆਪਣੇ ਖਿਆਲਾਂ ਵਿਚ ਗੁਆਚਾ ਘਰ ਪੁੱਜ ਗਿਆ ਸਾਂ ਮੈਂ।                                            

- ਰਾਹਗੀਰ

- Posted by Admin