sangrami lehar

ਲੂੰ ਕੰਡੇ ਖੜ੍ਹੇ ਕਰਨ ਵਾਲੇ ਦੋ ਬਲਾਤਕਾਰ ਕਾਂਡ ਅਤੇ ਭਾਜਪਾ ਦੀ ਘਿਨਾਉਣੀ ਭੂਮਿਕਾ

  • 07/05/2018
  • 08:40 PM

ਮਹੀਪਾਲ
ਜੰਮੂ-ਕਸ਼ਮੀਰ ਸੂਬੇ ਦੇ ਜੰਮੂ ਖਿੱਤੇ ਦੇ ਕਠੂਆ ਜ਼ਿਲ੍ਹੇ ਦੇ ਪਿੰਡ ਰਸਾਨਾ ਵਿਖੇ ਬਕਰਵਾਲ (ਗੁੱਜਰ) ਭਾਈਚਾਰੇ ਦੀ 8 ਸਾਲਾ ਮਾਸੂਮ ਬੇਟੀ ਆਸਿਫ਼ਾ ਬਾਨੋ ਨਾਲ ਇਨਸਾਨੀ ਜਾਮੇ 'ਚ ਲੁੱਕੇ ਦਰਿੰਦਿਆਂ ਵਲੋਂ ਕੀਤੇ ਗਏ ਘ੍ਰਿਣਤ ਬਲਾਤਕਾਰ ਅਤੇ ਪਿਛੋਂ ਉਸਦੇ ਵਹਿਸ਼ੀਆਨਾ ਕਤਲ ਨੇ ਦੇਸ਼ ਵਾਸੀਆਂ ਦੀ ਜ਼ਮੀਰ ਨੂੰੂ ਇਕ ਵਾਰ ਫਿਰ ਝਿੰਜੋੜ ਸਿੱਟਿਆ ਹੈ। ਹਰ ਸੰਵੇਦਨਸ਼ੀਲ ਮਨੁੱਖ ਅਤੇ ਮਾਨਵਵਾਦੀ ਸੰਸਥਾਵਾਂ ਇਸ ਅਤਿ ਨਿੰਦਣਯੋਗ ਕਰਤੂਤ ਦਾ ਨਿਵੇਕਲੇ ਢੰਗਾਂ ਨਾਲ ਵਿਰੋਧ ਕਰ ਰਹੇ ਹਨ। ਇਹ ਵਿਰੋਧ ਦਿਨੋ ਦਿਨ ਵਿਆਪਕ ਅਤੇ ਤਿੱਖਾ ਹੁੰਦਾ ਜਾ ਰਿਹਾ ਹੈ। ਲੋਕਾਂ ਦੇ ਮਨਾਂ 'ਚ ਜਿੰਨੀ ਘ੍ਰਿਣਾ ਉਕਤ ਕਾਰੇ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖਿਲਾਫ਼ ਹੈ ਉਸੇ ਮਾਤਰਾ 'ਚ ਲੋਕ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਰਾਜਸੀ ਆਗੂਆਂ, ਫਿਰਕੂ ਸੰਗਠਨਾਂ ਅਤੇ ਆਪਣੇ ਆਪ ਨੂੰ ਕਾਨੂੰਨ ਦਾ ਰਾਖਾ ਦੱਸਣ ਵਾਲੇ ਵਕੀਲਾਂ ਆਦਿ ਨੂੰ ਫਿਟਕਾਰਾਂ ਪਾ ਰਹੇ ਹਨ। ਦੇਸ਼ ਦੇ ਕੋਨੇ ਕੋਨੇ 'ਚ ਹਰ ਧਰਮ, ਖਿੱਤੇ, ਜਾਤੀ ਨਾਲ ਸਬੰਧਤ ਲੋਕਾਂ ਵਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਨੇ, ਦੇਸ਼ ਅਤੇ ਲੋਕਾਈ ਦਾ ਭਲਾ ਚਾਹੁੰਣ ਵਾਲੇ ਸਭਨਾਂ ਦੇ ਚੇਤਿਆਂ ਵਿਚ ਦਿੱਲੀ ਵਿਚਲੇ 'ਨਿਰਭੈਅ' ਜਾਂ 'ਦਾਮਿਨੀ' ਸਮੂਹਿਕ ਬਲਾਤਕਾਰ ਅਤੇ ਕਤਲ ਕਾਂਡ ਵਿਰੁੱਧ ਹੋਏ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਦੀਆਂ ਜੁਝਾਰੂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਉਦੋਂ ਦੇ ਅਤੇ ਅੱਜ ਦੇ ਰੋਸ ਵਿਖਾਵਿਆਂ 'ਚ ਸਮਾਨਤਾ ਦੇ ਨਾਲ ਨਾਲ ਇਕ ਮਹੱਤਵਪੂਰਨ ਬੁਨਿਆਦੀ ਅੰਤਰ ਵੀ ਸਾਫ ਦੇਖਿਆ ਜਾ ਸਕਦਾ ਹੈ। ਉਸ ਵੇਲੇ ਲੋਕਾਂ ਦੇ ਮਨਾਂ 'ਚ ਦੋਸ਼ੀਆਂ ਦੇ ਖਿਲਾਫ਼ ਅੰਤਾਂ ਦੀ ਨਫਰਤ ਦੇ ਨਾਲ ਨਾਲ ਵੇਲੇ ਦੀ ਕੇਂਦਰੀ ਸਰਕਾਰ ਵਿਰੁੱਧ ਵੀ ਭਾਰੀ ਰੋਸ ਸੀ। ਇਸ ਰੋਸ ਦਾ ਕਾਰਨ ਇਹ ਸੀ ਕਿ ਲੋਕ ਸਮੇਂ ਦੀ ਸਰਕਾਰ ਨੂੰ ਅਪਰਾਧ ਰੋਕਣ ਪੱਖੋਂ ਸਿਰੇ ਦੀ ਅਯੋਗ ਅਤੇ ਕਾਰਵਾਈ ਪੱਖੋਂ ਨਿਕੰਮੀ ਸਮਝਦੇ ਸਨ। ਅਸੀਂ ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਵੇਲੇ ਦੀ ਉਸ ਸਰਕਾਰ ਖਿਲਾਫ ਲੋਕ ਮਨਾਂ 'ਚ ਪਸਰੀ ਬੇਚੈਨੀ ਦਾ ਲਾਹਾ ਲੈਣ ਵਿਚ ਅਜੋਕੀ ਸਰਕਾਰ ਦੇ ਕਰਤਿਆਂ-ਧਰਤਿਆਂ ਨੇ ਵੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਅਜੋਕੇ ਵਿਖਾਵੇ ਵੀ ਬੇਸ਼ੱਕ ਹੈਨ ਤਾਂ ਬਲਾਤਕਾਰ ਤੇ ਕਤਲ ਕਾਂਡ ਦੇ ਦੋਸ਼ੀਆਂ ਖਿਲਾਫ ਪਰ ਸਰਕਾਰ ਖਿਲਾਫ਼ ਲੋਕ ਘ੍ਰਿਣਾ ਦਾ ਕਾਰਨ ਹੋਰ ਹੈ। ਕੇਂਦਰੀ ਸਰਕਾਰ, ਉਸ ਦੇ ਕਥਿਤ 'ਮਾਰਗ ਦਰਸ਼ਕ' ਆਰ.ਐਸ.ਐਸ. ਅਤੇ ਉਸ ਦੇ ਸਹਿਯੋਗੀ ਸੰਗਠਨਾਂ ਵਲੋਂ ਕਠੂਆ ਰੇਪ ਤੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਕੋਝੀਆਂ ਸਾਜਿਸ਼ਾਂ ਅਤੇ ਫਿਰਕੂ ਕਤਾਰਬੰਦੀ ਵਿਰੁੱਧ ਵੀ ਲੋਕ ਰੋਹ ਦਾ ਵਿਆਪਕ ਪ੍ਰਦਰਸ਼ਨ ਹੋ ਰਿਹਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਸ ਮੁੱਦੇ 'ਤੇ ਕੇਂਦਰੀ ਸਰਕਾਰ ਚਲਾ ਰਹੀ ਪਾਰਟੀ ਭਾਜਪਾ ਤੇ ਉਸਦਾ ਪਿੱਤਰੀ ਸੰਗਠਨ ਆਰ.ਐਸ.ਐਸ. ਪੂਰੀ ਤਰ੍ਹਾਂ ਲੋਕਾਂ ਸਾਹਮਣੇ ਛਿੱਥੇ ਪੈ ਚੁੱਕੇ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਨੇ ਅਜੇ ਵੀ ਆਪਣੀਆਂ ਸਾਜਿਸ਼ਾਂ ਬਦਸਤੂਰ ਜਾਰੀ ਰੱਖੀਆਂ ਹੋਈਆਂ ਹਨ।
ਉਕਤ ਵਰਤਾਰੇ ਖਿਲਾਫ਼ ਹੋ ਰਹੇ ਰੋਸ ਪ੍ਰਗਟਾਵਿਆਂ ਦੀ ਤੀਬਰਤਾ ਅਤੇ ਭਾਗ ਲੈਣ ਵਾਲਿਆਂ ਦੀਆਂ ਸੰਵੇਦਨਾਵਾਂ ਦੀਆਂ ਦਿਲ ਟੁੰਬਵੀਆਂ ਮਿਸਾਲਾਂ ਸਾਹਮਣੇ ਆਈਆਂ ਹਨ। ਮਿਸਾਲ ਵਜੋਂ ਇਕ ਰੋਸ ਪ੍ਰਦਰਸ਼ਨ 'ਚ ਸ਼ਾਮਲ ਇਕ ਮਾਸੂਮ ਬੱਚੀ ਆਪਣੇ ਹੱਥੀ ਫੜੀ ਤਖ਼ਤੀ 'ਤੇ ਲਿਖੇ ਸੁਆਲਨੁਮਾ ਨਾਅਰੇ ਰਾਹੀਂ ਸਾਨੂੰ ਸਭਨਾ ਨੂੰ ਪੁੱਛ ਰਹੀ ਹੈ, ''ਕੀ ਅਗਲੀ ਵਾਰੀ ਮੇਰਾ ਹਸ਼ਰ ਵੀ ਇਹੋ ਹੋਵੇਗਾ (1m 9 ©ext?)''
ਅੱਜ ਇਹ ਸਵਾਲ ਹਰ ਧੀ ਅਤੇ ਧੀਆਂ ਦੇ ਮਾਪਿਆਂ ਦਾ ਵੱਡਾ ਸੁਆਲ ਬਣ ਚੁੱਕਾ ਹੈ। ਆਮ ਤੌਰ 'ਤੇ ਸਮਾਜਕ ਸਰੋਕਾਰਾਂ ਬਾਰੇ ਚੁੱਪੀ ਧਾਰ ਲੈਣ ਵਾਲੇ 'ਬਾਲੀਵੁੱਡ' (ਮੁੰਬਈ ਫਿਲਮ ਨਿਰਮਾਣ) ਭਾਈਚਾਰੇ ਨੇ ਇਸ ਸ਼ਰਮਨਾਕ ਕਾਰੇ ਅਤੇ ਸਰਕਾਰ ਦੇ ਪੱਖ ਦੀ ਨਖਿੱਧ ਭੂਮਿਕਾ ਬਾਰੇ ਚੰਗਾ ਮੂੰਹ ਖੋਲ੍ਹਿਆ ਹੈ ਅਤੇ ਅਖੌਤੀ ਰਾਸ਼ਟਰਵਾਦੀਆਂ ਤੇ ਹਿੰਦੂ ਧਰਮ ਦੇ ਆਪੂੰ ਸਜੇ ਠੇਕੇਦਾਰਾਂ ਦੇ ਪਰਖੱਚੇ ਉਡਾ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਸਰਕਾਰ ਦੇ ਦੰਭੀ ਨਾਅਰਿਆਂ ਦੀਆਂ ਖੂਬ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦੇਸ਼ ਦੇ ਵੱਡੇ ਅਖਬਾਰਾਂ, ਮਾਨਵੀ ਸਰੋਕਾਰਾਂ ਪ੍ਰਤੀ ਹਾਂ-ਪੱਖੀ ਨਜ਼ਰੀਆ ਰੱਖਣ ਵਾਲੇ ਟੀ.ਵੀ. ਚੈਨਲਾਂ ਨੇ ਤਾਂ ਆਪਣੀ ਬਣਦੀ ਭੂਮਿਕਾ ਬਾਖੂਬੀ ਨਿਭਾਈ ਹੈ, ਸਰਕਾਰ ਦੇ ਹਰ ਕਦਮ ਦਾ ਅੱਖਾਂ ਮੀਚ ਕੇ ਅੰਨ੍ਹਾਂ ਸਮਰਥਨ ਕਰਨ ਵਾਲੇ 'ਚਾਪਲੂਸੀ ਦੇ ਮਾਹਰ ਚੈਨਲਾਂ' ਨੂੰ ਵੀ ਲੋਕਾਂ ਦੀ ਨਬਜ਼ ਅਨੁਸਾਰ ਬੋਲੀ ਬਦਲਣ ਦਾ ਕੌੜਾ ਘੁੱਟ ਭਰਨਾ ਪਿਆ ਹੈ।
ਇਨ੍ਹਾਂ ਦੇਸ਼ ਵਿਆਪੀ ਤੇ ਵਿਸ਼ਾਲ ਪ੍ਰਭਾਵੀ ਰੋਸ ਪ੍ਰਦਰਸ਼ਨਾਂ ਦਾ ਹੀ ਅਸਰ ਹੈ ਕਿ ਇਸ ਘਿਨੌਣੇ ਕਾਂਡ ਖਿਲਾਫ਼ ਕੌਮਾਂਤਰੀ ਪੱਧਰ 'ਤੇ ਵੀ ਲੋੜੀਂਦਾ ਪ੍ਰਤੀਕਾਰ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਸੰਘ ("©®) ਮੁਖੀ ਨੇ ਇਸ ਵਾਰਦਾਤ ਦਾ ਸਖਤ ਨੋਟਿਸ ਲੈਂਦਿਆਂ ਸਮੁੱਚੇ ਸਰਕਾਰੀ ਤੰਤਰ ਨੂੰ ਕਟਹਿਰੇ 'ਚ ਹੀ ਖੜ੍ਹਾ ਨਹੀਂ ਕੀਤਾ ਬਲਕਿ ਇਹ ਵੀ ਕਿਹਾ ਕਿ ਇਸ ਘਟਨਾਕ੍ਰਮ ਨਾਲ ਭਾਰਤ ਦੀ ਦਿੱਖ ਸੰਸਾਰ ਭਰ 'ਚ ਧੁੰਦਲੀ ਹੋਈ ਹੈ। ਭਾਰਤ ਦੇ ਅਨੇਕਾਂ ਸਾਬਕਾ ਨੌਕਰਸ਼ਾਹਾਂ ਨੇ ਇਕ ਸਾਂਝੇ ਪੱਤਰ ਰਾਹੀਂ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਸਰਕਾਰਾਂ ਦੀ ਭੂਮਿਕਾ 'ਤੇ ਅਫਸੋਸ ਜਾਹਿਰ ਕੀਤਾ ਹੈ। ਅੱਗੇ ਵੱਧਣ ਤੋਂ ਪਹਿਲਾਂ ਇਸ ਘਟਨਾ ਦੇ ਸਮੁੱਚੇ ਵੇਰਵੇ ਸਾਂਝੇ ਕਰ ਲਏ ਜਾਣ ਤਾਂ ਸਹੀ ਨਿਰਣੇ 'ਤੇ ਪਹੁੰਚਣ 'ਚ ਸੌਖ ਰਹੇਗੀ।
ਜੰਮੂ ਕਸ਼ਮੀਰ ਦੇ ਬਕਰਵਾਲ ਜਾਂ ਗੁੱਜਰ ਕਬੀਲੇ ਹਰ ਸਾਲ ਸਰਦੀ ਵਿਚ ਉਚੀਆਂ ਬਰਫ਼ੀਲੀਆਂ ਪਹਾੜੀਆਂ ਤੋਂ ਮਾਲ ਡੰਗਰ ਸਮੇਤ ਮੈਦਾਨੀ ਜਾਂ ਅਰਧ ਪਹਾੜੀ ਖੇਤਰਾਂ ਵੱਲ ਨੂੰ ਪ੍ਰਵਾਸ ਕਰ ਜਾਂਦੇ ਹਨ। ਗਰਮੀਆਂ 'ਚ ਫਿਰ ਉਚੇ ਪਹਾੜੀ ਖੇਤਰਾਂ ਵੱਲ ਨੂੰ ਮੁੜ ਜਾਂਦੇ ਹਨ। ਇਹ ਸਫਰ ਸਦੀਆਂ ਤੋਂ ਜਾਰੀ ਹੈ। ਪਰ ਭਾਰਤ ਨੂੰ ਸਦਾ ਲਈ ਹਨੇਰੇ ਵੱਲ ਧੱਕਣ ਲਈ ਯਤਨਸ਼ੀਲ ਕਈ ਅਖੌਤੀ ''ਹਿੰਦ ਹਿਤ ਰਕਸ਼ਕ'' ਸੰਗਠਨ ਇਨ੍ਹਾਂ ਘੁਮੰਤੂ ਪਸ਼ੂਪਾਲਕਾਂ ਵਿਰੁੱਧ ਇਹ ਕਹਿ ਕੇ ਨਫ਼ਰਤ ਫ਼ੈਲਾ ਰਹੇ ਹਨ ਕਿ ਇਨ੍ਹਾਂ ਦੇ ਮੈਦਾਨੀ ਇਲਾਕਿਆਂ 'ਚ ਆਉਣ ਨਾਲ ਅਬਾਦੀ ਦਾ ਸੰਤੁਲਨ ਵਿਗੜ ਜਾਵੇਗਾ ਅਤੇ ਹਿੰਦੂ ਬਹੁਗਿਣਤੀ ਵਾਲੇ ਮੈਦਾਨੀ ਇਲਾਕਿਆਂ 'ਚ ਮੁਸਲਮਾਨਾਂ ਦੀ ਅਬਾਦੀ ਵੱਧਣ ਨਾਲ ਹਿੰਦੂ ਭਾਈਚਾਰਾ ਘੱਟ ਗਿਣਤੀ 'ਚ ਰਹਿ ਜਾਵੇਗਾ। ਗਰੀਬੀ ਦੇ ਮਾਰੇ ਅਤੇ ਰਾਜਪ੍ਰਬੰਧ ਦੇ ਜਮਾਤੀ ਚਰਿੱਤਰ ਬਾਰੇ ਸਮਝ ਤੋਂ ਕੋਰੇ ਹਿੰਦੂ ਭੈਣ-ਭਰਾ ਕਈ ਵਾਰ ਇਸ ਪ੍ਰਚਾਰ ਦਾ ਸ਼ਿਕਾਰ ਵੀ ਬਣ ਜਾਂਦੇ ਹਨ।
ਕਠੂਆ ਜ਼ਿਲ੍ਹੇ ਦੇ ਰਸਾਨਾ ਪਿੰਡ 'ਚ ਜਬਰ ਜ਼ਿਨਾਹ ਪਿਛੋਂ ਕਤਲ ਕਰ ਦਿੱਤੀ ਗਈ 8 ਸਾਲਾਂ ਦੀ ਮਾਸੂਮ ਬਾਲੜੀ ਆਸਿਫ਼ਾ ਇਸੇ ਜ਼ਹਿਰੀਲੀ ਸੋਚ ਦਾ ਹੀ ਸ਼ਿਕਾਰ ਬਣੀ ਹੈ।
ਉਸ ਦੇ ਮਾਂ-ਬਾਪ, ਮੁਹੰਮਦ ਯੂਸਫ ਪੁੱਜਵਾਲ ਤੇ ਨਸੀਮ ਬਾਨੋ ਅਤੇ ਕਬੀਲਾ ਪ੍ਰਵਾਸ ਕਰਕੇ ਰਸਾਨਾ ਪਿੰਡ ਕੋਲ ਠਹਿਰਿਆ ਸੀ। ਆਬਾਦੀ ਦਾ ਤਵਾਜ਼ਨ ਵਿਗਾੜਨ ਦੀ ਮਨਸ਼ਾਂ ਨਾਲ ਨਹੀਂ ਬਲਕਿ ਪਹਾੜੀ ਮੂਲ ਸਥਾਨਾਂ ਤੋਂ ਦੂਰ ਮਰ ਜਾਣ ਵਾਲੇ ਅਭਾਗਿਆਂ ਨੂੰ ਦਫ਼ਨਾਉਣ ਲਈ ਇਸ ਕਬੀਲੇ ਨੇ ਕਬਰਿਸਤਾਨ ਬਨਾਉਣ ਲਈ ਕੁੱਝ ਜਗ੍ਹਾ ਖਰੀਦ ਲਈ। ਬਸ ਇਥੋਂ ਹੀ ਫਿਰਕੂ ਸੋਚ ਨਾਲ ਡੰਗੇ ਆਰ.ਐਸ.ਐਸ., ਭਾਜਪਾ ਅਤੇ ਹੋਰ ਸਹਿਯੋਗੀ ਸੰਗਠਨਾਂ ਦਾ ਇਨ੍ਹਾਂ ਖਿਲਾਫ਼ ਸਾਜਿਸ਼ੀ ਪ੍ਰਚਾਰ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਦੁਨਿਆਵੀ ਸਰੋਕਾਰਾਂ ਤੋਂ ਅਸਲੋਂ ਅਣਜਾਨ ਬਾਲੜੀ ਦੇ ਕਤਲ ਅਤੇ ਬਲਾਤਕਾਰ ਦਾ ਕਾਰਨ ਬਣਿਆ।
ਇਸ ਘਿਨਾਉਣੇ ਬਲਾਤਕਾਰ ਅਤੇ ਕਾਲਜੇ 'ਚ ਰੁੱਗ ਭਰਨ ਵਾਲੀ ਕਤਲ ਦੀ ਸਮੁੱਚੀ ਸਾਜਿਸ਼ ਰਚੀ ਫਿਰਕੂ ਸੋਚ 'ਚ ਅੰਨ੍ਹੇ ਹੋਏ ਸੇਵਾ ਮੁਕਤ ਮਾਲ ਅਧਿਕਾਰੀ ਸਾਂਝੀ ਰਾਮ ਜੰਜੋਤਰਾ ਨੇ, ਜਿਸ ਨੂੰ ਪਿੰਡ ਵਾਸੀਆਂ ਨੇ ਮੰਦਰ (ਸਥਾਨਕ ਭਾਸ਼ਾ ਵਿਚ ਦੇਵ ਸਥਾਨ) ਦਾ ਮੁੱਖ ਸੇਵਾਦਾਰ (ਪੁਜਾਰੀ) ਥਾਪਿਆ ਹੋਇਆ ਹੈ। ਮਾਨਵੀ ਸੰਵੇਦਨਾਵਾਂ ਅਤੇ ਮਰਿਆਦਾਵਾਂ ਤੋਂ ਕੋਰੇ ਇਸ ਸਾਂਝੀ ਰਾਮ ਨੇ ਆਪਣੇ ਨਾਲ ਪਹਿਲਾਂ ਪਰਵੇਸ਼ ਉਰਫ ਮੰਨੂੰ ਨੂੰ ਰਲਾਇਆ। ਫਿਰ ਆਪਣੇ ਹੀ ਸਕੇ ਭਤੀਜੇ, ਜਿਸ ਨੂੰ ਪਹਿਲਾਂ ਨਾਬਾਲਿਗ ਕਿਹਾ ਗਿਆ ਪਰ ਹੁਣ ਡਾਕਟਰੀ ਮਾਹਰਾਂ ਨੇ ਜਾਂਚ ਪਿਛੋਂ ਉਸਦੀ ਉਮਰ 19 ਸਾਲ (ਘੱਟੋ-ਘੱਟ) ਦੱਸੀ ਹੈ, ਨੂੰ ਵੀ ਇਸ ਘਿਨੌਣੀ ਸਾਜਿਸ਼ 'ਚ ਸ਼ਾਮਲ ਕਰ ਲਿਆ। ਇਸ 'ਸਲੱਗ' ਭਤੀਜੇ ਨੇ ਅੱਗੋਂ ਸਾਂਝੀ ਰਾਮ ਦੇ ਹੀ 'ਹੋਣਹਾਰ' ਪੁੱਤ ਵਿਸ਼ਾਲ ਜੰਜੋਤਰਾ ਨੂੰ ਮੇਰਠ ਤੋਂ ਸੱਦਿਆ। ਪਹਿਲਾਂ ਇਸ ਬਾਰੇ ਇਹ ਪ੍ਰਚਾਰ ਕੀਤਾ ਗਿਆ ਕਿ ਇਹ ਵਾਰਦਾਤ ਦੇ ਸਮੇਂ ਉਹ ਯੂ.ਪੀ. 'ਚ ਕਿਧਰੇ ਇਮਤਿਹਾਨ ਦੇ ਰਿਹਾ ਸੀ ਪਰ ਪੜਤਾਲ ਤੋਂ ਬਾਅਦ ਇਹ ਝੂਠ ਪੂਰੀ ਤਰ੍ਹਾਂ ਬੇਪਰਦ ਹੋ ਗਿਆ।
ਇਹ ਹੱਸਦੀ ਖੇਡਦੀ ਖੁਸ਼ੀਆਂ ਵੰਡਦੀ ਧੀ ਰੋਜ਼ ਵਾਂਗ 10 ਜਨਵਰੀ ਦੀ ਸ਼ਾਮ ਆਪਣੇ ਘੋੜੇ ਮੋੜਨ ਲਈ ਗਈ, ਮੁੜ ਕੇ ਜਿੰੰਦਾ ਨਹੀਂ ਪਰਤੀ ਬਲਕਿ 17 ਜਨਵਰੀ ਨੂੰ ਇਸ ਦੀ ਬੁਰੀ ਤਰ੍ਹਾਂ ਮਧੋਲੀ ਲਾਸ਼ ਮਿਲੀ।
ਸਿਰੇ ਦੇ ਸ਼ਾਤਿਰ ਸਾਂਝੀ ਰਾਮ ਨੇ ਕਾਨੂੰਨੀ ਪਚੜਿਆਂ ਤੋਂ ਬਚਣ ਲਈ ਦੋ ਐਸ.ਪੀ.ਉਜ ਦੀਪਕ ਖਜੂਰੀਆ ਅਤੇ ਸੁਰਿੰਦਰ ਵਰਮਾ ਨੂੰ ਵੀ ਪੈਸੇ ਦੇ ਲਾਲਚ ਦੇ ਕੇ ਗੰਢ ਲਿਆ। 10 ਜਨਵਰੀ ਨੂੰ ਉਕਤ ਘ੍ਰਿਣਤ ਯੋਜਨਾਬੰਦੀ 'ਤੇ ਅਮਲ ਕਰਦਿਆਂ ਪਹਿਲਾਂ ਆਸਿਫ਼ਾ ਨੂੰ ਅਗਵਾ ਕੀਤਾ ਗਿਆ, ਫਿਰ ਨੇੜਲੇ ਕਸਬੇ ਤੋਂ ਖਰੀਦੀਆਂ ਨਸ਼ੀਲੀਆਂ ਦਵਾਈਆਂ ਭੋਲੀ ਬੱਚੀ ਨੂੰ ਜਬਰੀ ਖਵਾਈਆਂ ਗਈਆਂ ਅਤੇ ਫਿਰ ਬਾਲੜੀ ਨਾਲ ਜਬਰ ਜਿਨਾਹ ਵਰਗੀ ਦਰਿੰਦਗੀ ਕੀਤੀ ਗਈ। ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਇਕ ਪੁਜਾਰੀ ਵਜੋਂ ਸੇਵਾਵਾਂ ਦੇ ਰਿਹਾ, ਸੇਵਾ ਮੁਕਤ ਪੜ੍ਹਿਆ-ਲਿਖਿਆ ਸਖ਼ਸ਼ ਆਪਣੇ ਹੀ ਪੁੱਤ ਅਤੇ ਪੁੱਤਾਂ ਜਿਹੇ ਭਤੀਜੇ ਨੂੰ ਕਿਸੇ ਬਾਲੜੀ ਨਾਲ ਜਬਰ ਜਿਨਾਹ ਲਈ ਉਕਸਾ ਸਕਦਾ ਹੈ ਤੇ ਉਹ ਵੀ ਬਹੁਗਿਣਤੀ ਵਸੋਂ ਦੇ ਆਸਥਾ ਦੇ ਸਥਾਨ ਮੰਦਰ ਵਿਚ ਜਿੱਥੇ ਆਥਣ-ਉਗਣ ਮਰਿਆਦਾ ਦਾ ਪਾਠ ਪੜ੍ਹਾਇਆ ਜਾਂਦਾ ਹੈ। ਪਰ ਫਿਰਕੂ ਨਫ਼ਰਤ ਮਨੁੱਖ ਨੂੰੂ ਮਨੁੱਖ ਰਹਿਣ ਹੀ ਕਿੱਥੇ ਦਿੰਦੀ ਹੈ? ਇਸ ਵਾਰਦਾਤ ਨੇ ਇਕ ਹੋਰ ਤੱਥ ਫਿਰ ਸਦੀਵੀਂ ਸੱਚ ਵਜੋਂ ਉਭਾਰ ਦਿੱਤਾ ਹੈ। ਫਿਰਕੂ ਸੰਗਠਨਾਂ ਅਤੇ ਵਿਅਕਤੀਆਂ ਲਈ ਮੰਦਰ ਅਤੇ ਧਾਰਮਕ ਥਾਵਾਂ ਫਿਰਕੂ ਕਤਾਰਬੰਦੀ, ਦੰਗਿਆਂ ਦੀ ਯੋਜਨਾਬੰਦੀ ਭਾਈਚਾਰਕ ਸਾਂਝ ਦੀ ਤਬਾਹੀ ਦੇ ਕਾਰਗਰ ਸੰਦ ਹਨ, ਆਮ ਹਿੰਦੂ ਭਾਈਚਾਰੇ ਵਾਂਗੂੰ ਆਸਥਾ ਅਤੇ ਸ਼ਾਂਤੀ ਦੇ ਕੇਂਦਰ ਨਹੀਂ। ਫਿਰਕੂ ਸੋਚ ਦੀ ਇਕ ਹੋਰ ਅਮਾਨਵੀ ਵੰਨਗੀ ਵੀ ਵਿਚਾਰਣਯੋਗ ਹੈ। ਘਿਨੌਣੇ ਬਲਾਤਕਾਰ ਪਿਛੋਂ ਭਿਆਨਕ ਢੰਗ ਕਤਲ ਕਰ ਦਿੱਤੀ ਗਈ ਮਾਸੂਮ ਆਸਿਫ਼ਾ ਨੂੰ ਮਰਹੂਮ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਵਾਂਗੂੰ ਆਪਣੇ ਹੀ ਕਬੀਲੇ ਵਲੋਂ ਖਰੀਦੀ ਜਗ੍ਹਾ 'ਚ ਬਣੇ ਕਬਰਸਤਾਨ 'ਚ ਦਫ਼ਨ ਕਰਨ ਤੋਂ ਰੋਕ ਦਿੱਤਾ ਗਿਆ ਅਤੇ ਉਸ ਨੂੰ 8 ਮੀਲ ਦੂਰ ਕਿਤੇ ਹੋਰ ਦਫ਼ਨਾਉਣਾ ਗਿਆ। ਕੀ ਇਸੇ ਨੂੰ ਧਰਮ ਕਹਿੰਦੇ ਹਨ?
ਇੱਥੇ ਹੀ ਬਸ ਨਹੀਂ। ਜਦੋਂ ਬਲਾਤਕਾਰੀਆਂ ਅਤੇ ਉਨ੍ਹਾਂ ਦੇ ਆਕਾ ਸਾਂਝੀ ਰਾਮ ਨੇ ਮਾਸੂਮ ਬਾਲੜੀ ਦੀ ਅਲਖ ਮੁਕਾਉਣ ਦਾ ਫੈਸਲਾ ਕਰ ਲਿਆ ਤਾਂ ਰਿਸ਼ਵਤ ਦੇ ਕੇ ਨਾਲ ਰਲਾਏ ਪੁਲਸ ਕਰਮਚਾਰੀਆਂ ਨੂੰ ਵੀ ਸੱਦ ਲਿਆ। ਇਕ ਪੁਲਸੀਆ 'ਦੀਪਕ' ਖਜੂਰੀਆ ਕਹਿੰਦਾ ਕਿ ਮਾਰਨ ਤੋਂ ਪਹਿਲਾਂ ਮੈਂ ਇਸ (ਲਾਸ਼ ਸਮਾਨ ਬੱਚੀ) ਨਾਲ ਬਲਾਤਕਾਰ ਕਰਨਾ ਹੈ ਅਤੇ ਉਸ 'ਕਾਨੂੰਨ ਦੇ ਰਾਖੇ' ਨੇ ਦੇਵੀ ਦੇਵਤਿਆਂ ਦੇ ਸਾਹਮਣੇ ਇਹ ਕਰਤੂਤ ਕੀਤੀ ਵੀ। ਇੰਝ ਜ਼ਾਲਿਮਾਂ ਨੇ ਇਸ ਹਿਰਦੇ ਵਲੂੰਧਰਨ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ।
ਸਬੰਧਤ ਥਾਣੇ ਦੇ ਹੋਰ ਕਰਮਚਾਰੀਆਂ, ਸਬ ਇੰਸਪੈਕਟਰ ਆਨੰਦ ਕੁਮਾਰ ਦੱਤਾ ਅਤੇ ਹੈਡ ਕਾਂਸਟੇਬਲ ਤਿਲਕ ਰਾਜ ਨੇ ਵੀ ਇਸ ਪਿਛੋਂ ਆਪਣੀ ''ਕਾਬਲੀਅਤ'' ਦਾ ਪੂਰਾ ਪੂਰਾ ਸਬੂਤ ਦਿੱਤਾ। ਇਨ੍ਹਾਂ ''ਸਮਰਥਾਵਾਨਾਂ'' ਨੇ ਬਲਾਤਕਾਰ ਅਤੇ ਕਤਲ ਨਾਲ ਸਬੰਧਤ ਸਾਰੇ ਸਬੂਤ ਮਿਟਾਉਣ ਲਈ ਪੂਰਾ 'ਟਿੱਲ' ਲਾਇਆ। ਇੱਥੋਂ ਤੱਕ ਕਿ ਬਦਕਿਸਮਤ ਧੀ ਆਸਿਫਾ ਦੀ ਬੈਂਗਣੀ ਰੰਗ ਦੀ ਫਰਾਕ ਤੋਂ ਹੈਵਾਨੀਅਤ ਦੇ ਦਾਗ਼ ਮਿਟਾਉਣ ਲਈ ਇਹ ਫਰਾਕ ਡਰਾਈਕਲੀਨ ਵੀ ਕਰਵਾਈ। ਇਹ ਸਾਰਾ ਕੁੱਝ ਕਰਨ ਲਈ ਸਥਾਨਕ ਪੁਲਸ ਕਰਮੀਆਂ ਨਾਲ ਸਾਂਝੀ ਰਾਮ ਵਲੋਂ 15 ਲੱਖ ਰੁਪਏ ਦੀ ਡੀਲ (ਸੌਦਾ) ਕਰਨ ਦਾ ਵੀ ਪਰਦਾਫਾਸ਼ ਹੋ ਚੁੱਕਾ ਹੈ।
ਉਕਤ ਸਾਰੇ ਖੁਲਾਸੇ ਵਿਸ਼ੇਸ਼ ਜਾਂਚ ਦਲ (S9") ਵਲੋਂ ਪੇਸ਼ ਕੀਤੇ ਚਾਲਾਨ (ਦੋਸ਼ ਪੱਤਰ) ਵਿਚ ਦਰਜ ਹਨ। ਇਹ ਖੁਲਾਸੇ ਟੀਮ ਦੀ ਅਣਥੱਕ ਮਿਹਨਤ ਨਾਲ ਇਕੱਤਰ ਕੀਤੇ ਵੇਰਵਿਆਂ ਅਤੇ ਮੁਜ਼ਰਮਾਂ ਵਲੋਂ ਆਪਣੇ ਗੁਨਾਹਾਂ ਦੇ ਆਪ ਕੀਤੇ ਕਬੂਲਨਾਮੇ 'ਤੇ ਅਧਾਰਤ ਹਨ।
ਜ਼ਾਹਿਰ ਹੈ ਇਸ ਘਿਨੌਣੇ ਕਾਂਡ ਦੇ ਚਰਚੇ ਦੂਰ ਦੂਰ ਤੱਕ ਫੈਲ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਜ ਦੀ ਮੁੱਖ ਮੰਤਰੀ ਮੋਹਤਰਮਾ ਮਹਿਬੂਬਾ ਮੁਫ਼ਤੀ ਨੇ ਰਾਜ ਦੇ ਡੀ.ਜੀ.ਪੀ. ਨੂੰ ਇਕ ਵਿਸ਼ੇਸ਼ ਜਾਂਚ ਦਲ (S.9.".) ਦਾ ਗਠਨ ਕਰਕੇ ਸਾਰਾ ਮਾਮਲਾ ਉਜਾਗਰ ਕਰਨ ਅਤੇ ਦੋਸ਼ੀਆਂ ਨੂੰ ਉਨ੍ਹਾਂ ਦੀ ਹੋਣੀ ਤੱਕ ਪੁਚਾਉਣ ਦੇ ਹੁਕਮ ਦਿੱਤੇ।
1994 ਬੈਚ ਦੇ ਆਈ.ਪੀ.ਐਸ. ਅਧਿਕਾਰੀ, ਕਰਾਈਮ ਬ੍ਰਾਂਚ ਦੇ ਐਸ.ਐਸ.ਪੀ. ਆਰ.ਕੇ. ਜੱਲਾ ਦੀ ਅਗਵਾਈ ਵਿਚ ਟੀਮ ਗਠਿਤ ਕੀਤੀ ਗਈ। ਇਸ ਟੀਮ 'ਚ ਡੀ.ਐਸ.ਪੀ. ਮੈਡਮ ਸ਼ਵੇਤਾਂਬਰੀ ਸ਼ਰਮਾ ਅਤੇ ਜ਼ਹੀਨ ਅਧਿਕਾਰੀ ਵਜੋਂ ਜਾਣੇ ਜਾਂਦੇ ਨਵੀਦ ਪੀਰਜ਼ਾਦਾ ਨੂੰ ਵੀ ਸ਼ਾਮਲ ਕੀਤਾ ਗਿਆ।
ਵਿਸ਼ੇਸ਼ ਜਾਂਚ ਟੀਮ ਨੇ ਪੂਰੀ ਇਮਾਨਦਾਰੀ ਅਤੇ ਸਿੱਦਕਦਿਲੀ ਨਾਲ ਮਾਸੂਮ ਦੇ ਕਾਤਲਾਂ ਖਿਲਾਫ਼ ਸਬੂਤ ਇਕੱਠੇ ਕੀਤੇ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਅਤੇ ਬਣਦੀਆਂ ਧਾਰਾਵਾਂ ਅਧੀਨ ਮੁਕੱਦਮਾ ਵੀ ਦਰਜ ਕੀਤਾ। ਪਰ ਇੱਥੋਂ ਹੀ ਇਸ ਨਫਰਤੀ ਕਾਰੇ ਦੀ ਅਗਲੀ ਕੜੀ ਸ਼ੁਰੂ ਹੋ ਗਈ। ਫਿਰਕੂ ਸੰਗਠਨਾਂ ਅਤੇ ਇਨ੍ਹਾਂ ਦੀ ਕ੍ਰਿਪਾ ਸਦਕਾ ਚੁਣੇ ਹੋਏ ਅਦਾਰਿਆਂ 'ਚ ਅਹੁਦਿਆਂ ਦਾ ਆਨੰਦ ਮਾਣ ਰਹੇ ਲੋਕਾਂ ਨੇ ਜਾਂਚ ਟੀਮ ਨੂੰ ਰਾਜਸੀ ਧੌਂਸ ਨਾਲ ਦਬਾਉਣ ਦਾ ਹਰ ਸੰਭਵ ਯਤਨ ਕੀਤਾ। ਖਰੀਦਣ ਦੇ ਹਰ ਸੰਭਵ ਯਤਨ ਕੀਤੇ ਗਏ। ਮਨੁੱਖਤਾ ਤੋਂ ਨਿਘਰੀਆਂ ਹੋਈਆਂ ਅਜਿਹੀਆਂ ਕਾਰਵਾਈਆਂ ਦੀ ਹੱਦ ਤਾਂ ਉਦੋਂ ਹੋਈ ਜਦੋਂ ਮਿਸਟਰ ਜੱਲ੍ਹਾ ਅਤੇ ਮੈਡਮ ਸ਼ਵੇਤਾਂਬਰਾ ਸ਼ਰਮਾ ਨੂੰ ਉਨ੍ਹਾਂ ਦੇ ਧਰਮ ਦਾ ਵਾਸਤਾ ਦਿੰਦਿਆਂ ਇੱਥੋਂ ਤੱਕ ਕਿਹਾ ਗਿਆ ਕਿ ਮਰਨ ਵਾਲੀ ਲੜਕੀ ਤਾਂ ਮੁਸਲਮਾਨ ਸੀ, ਪਰ ਤੁਸੀਂ ਆਪਣੇ ਧਰਮ ਨਾਲ ਸਬੰਧਤ ਬਲਾਤਕਾਰੀਆਂ, ਕਾਤਲਾਂ ਤੇ ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ਼ ਨਰਮੀ ਦਿਖਾ ਕੇ ਖ਼ੁਦ ਦੇ ''ਪੱਕੇ ਹਿੰਦੂ'' ਹੋਣ ਦਾ ਸਬਤੂ ਦਿਉ। ਉਨ੍ਹਾਂ ਨੂੰ ਕਸ਼ਮੀਰੀ ਪੰਡਤਾਂ ਨਾਲ ਹੋਏ ਜ਼ੁਲਮਾਂ ਦਾ ਵਾਸਤਾ ਦੇ ਕੇ ਵੀ ਫਰਜ਼ ਤੋਂ ਭਟਕਾਉਣ ਦੇ ਯਤਨ ਕੀਤੇ ਗਏ। ਪਰ ਜਾਂਚ ਟੀਮ ਦੇ ਅਧਿਕਾਰੀਆਂ ਨੇ ਇਸ ਵਿਧੀ ਨਾਲ ਧਰਮ ਦੀਆਂ ਅਜਿਹੀਆਂ ਰਹੁ-ਰੀਤਾਂ 'ਤੇ ਚੱਲਣ ਤੋਂ ਸਾਫ਼ ਜਵਾਬ ਦੇ ਦਿੱਤਾ। ਇੱਥੋਂ ਇਕ ਹੋਰ ਗੰਦੀ ਰਾਜਨੀਤੀ ਦੀ ਖੇਡ ਸ਼ੁਰੂ ਹੋਈ। ਪਰਦੇ ਪਿੱਛੇ ਰਹਿ ਕੇ ਕਠਪੁਤਲੀ ਨਾਚ ਨਚਾਉਣ ਦੇ ਮਾਹਿਰ ਆਰ.ਐਸ.ਐਸ. ਦੇ ਇਸ਼ਾਰੇ 'ਤੇ ''ਹਿੰਦੂ ਏਕਤਾ ਮੰਚ'' ਦਾ ਨਿਰਮਾਣ ਕੀਤਾ ਗਿਆ। ਖਰੂਦੀ ਭੀੜਾਂ ਇਕੱਠੀਆਂ ਕੀਤੀਆਂ ਗਈਆਂ। ਹਿਸਟਰੀ ਸ਼ੀਟਰਾਂ ਅਤੇ ਦੰਗਾਈਆਂ ਦੇ ਹੱਥਾਂ 'ਚ ਤਿਰੰਗੇ ਫੜਾ ਦਿੱਤੇ ਗਏ। ਮੰਗ ਕੀਤੀ ਗਈ ਕਿ ਆਸਿਫ਼ਾ ਬਲਾਤਕਾਰ ਅਤੇ ਕਤਲ ਕਾਂਡ ਦੀ ਸੀ.ਬੀ.ਆਈ. ਤੋਂ ਜਾਂਚ ਕਰਾਈ ਜਾਵੇ। ਦੋਸ਼ੀਆਂ ਨੂੰ ਸ਼ਰੇਆਮ ਬੇਕਸੂਰ ਹੀ ਨਹੀਂ ਕਿਹਾ ਗਿਆ ਬਲਕਿ ਉਨ੍ਹਾਂ ਦਾ ਰੱਜ ਕੇ ਮਹਿਮਾ ਮੰਡਨ ਵੀ ਕੀਤਾ ਗਿਆ। ਜਾਂਚ ਟੀਮ ਦੇ ਅਧਿਕਾਰੀਆਂ ਖਿਲਾਫ਼  ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ। ਪਰ ਇਸ ਅਖੌਤੀ ਮੰਚ ਦੀ ਸਿਆਸੀ ਨਿਰਪੇਖਤਾ ਦਾ ਭਾਂਡਾ ਉਦੋਂ ਚੌਰਾਹੇ ਭੱਜ ਗਿਆ ਜਦੋਂ ਸੂਬੇ ਦੀ ਪੀ.ਡੀ.ਪੀ.-ਭਾਜਪਾ ਸਰਕਾਰ ਦੇ ਭਾਜਪਾ ਕੋਟੇ ਦੇ ਵਿਧਾਇਕ ਅਤੇ ਮੰਤਰੀ ਚੌਧਰੀ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ ਨੇ ਖਰੂਦੀ ਪ੍ਰਦਰਸ਼ਨਾਂ 'ਚ ਸ਼ਾਮਲ ਹੋ ਕੇ ਸ਼ਰੇਆਮ ਦੋਸ਼ੀਆਂ ਦੇ ਪੱਖ ਵਿਚ ਬੋਲਣ ਦਾ 'ਮਾਅਰਕਾ' ਮਾਰਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਖਰੂਦੀ ਭੀੜ ਨੂੰ ਜੰਮੂ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬੀ.ਐਸ. ਸਲਾਥੀਆ ਦੀ ''ਸੁਯੋਗ'' ਅਗਵਾਈ ਹਾਸਲ ਹੋਈ। ਇਸ ਵਕੀਲ-ਖਰੂਦੀ ਗਠਜੋੜ ਨੇ ਵਿਸ਼ੇਸ਼ ਜਾਂਚ ਦਲ ਨੂੰ ਦੋਸ਼ੀਆਂ ਖਿਲਾਫ ਦੋਸ਼ ਪੱਤਰ ਅਦਾਲਤ ਵਿਚ ਪੇਸ਼ ਕਰਨ ਤੋਂ ਰੋਕਣ ਲਈ ਪੂਰੀ ਵਾਹ ਲਾਈ। ਬੇਵਕੂਫ਼ਾਨਾ ਟਿੱਪਣੀਆਂ ਕਰਕੇ ''ਨਾਮਣਾ'' ਖੱਟਣ ਵਾਲੇ ਭਾਜਪਾ ਦੇ ਉੱਜਡ ਪਾਰਲੀਮੈਂਟ ਮੈਂਬਰਾਂ 'ਚੋਂ ਇਕ ਨੇ ਤਾਂ ਕਠੂਆ ਕਾਂਡ ਪਿੱਛੇ ਪਾਕਿਸਤਾਨ ਦੀ ਸਾਜਿਸ਼ ਹੋਣ ਦਾ ਬਿਆਨ ਹੀ ਕੱਢ ਮਾਰਿਆ।
ਇਨ੍ਹਾਂ ਖਰੂਦੀ ਫਿਰਕੂਆਂ ਅਤੇ ਉਨ੍ਹਾਂ ਦੇ ਸਾਜਿਸ਼ੀ ਭਾਈਵਾਲ ਵਕੀਲਾਂ ਖਾਸ ਕਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਸਿਫ਼ਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਯਤਨ ਕਰ ਰਹੀ ਵਕੀਲ ਦੀਪਿਕਾ ਰਾਜ਼ਾਵਤ ਵਿਰੁੱਧ ਵੀ ਭੱਦੀ ਸ਼ਬਦਾਵਲੀ ਵਰਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਅਜੇਹੇ ਸਾਰੇ ਵਕੀਲ ਕਾਨੂੰਨ ਦੀ ਪੜ੍ਹਾਈ ਤੋਂ ਇਲਾਵਾ ਵਿਨਾਸ਼ਕਾਰੀ ਨਾਗਪੁਰੀ 'ਮਹਾਂਵਿਦਿਆਲੇ' ਤੋਂ ਵੀ 'ਦੀਕਸ਼ਾ' ਲੈਂਦੇ ਰਹੇ ਜਾਪਦੇ ਹਨ।
ਪਰ ਸਾਰੇ ਘਟਣਾਕ੍ਰਮ ਦਾ ਹਾਂ-ਪੱਖੀ ਪਹਿਲੂ ਇਹ ਹੈ ਕਿ ਲੋਕ ਮਨਾਂ 'ਚ ਦੋਸ਼ੀਆਂ ਖਿਲਾਫ਼ ਘ੍ਰਿਣਾ ਅਤੇ ਪੁਸ਼ਤ ਪਨਾਹੀ ਕਰਨ ਵਾਲਿਆਂ ਖਿਲਾਫ਼ ਗੁੱਸਾ ਲਗਾਤਾਰ ਵੱਧਦਾ ਹੀ ਗਿਆ। ਇਹ ਲੋਕ ਭਾਵਨਾਵਾਂ ਦੇ ਉਬਾਲ ਦਾ ਹੀ ਸਿੱਟਾ ਹੈ ਕਿ ਭਾਜਪਾ ਨੂੰ ਆਪਣੇ ਦੋਵੇਂ ਮੰਤਰੀ ਬਰਖਾਸਤ ਕਰਨੇ ਪਏ। ਇਨ੍ਹਾਂ ਦੋਹਾਂ ਨੇ ਹੁਣ ਸ਼ਰੇਆਮ ਇਹ ਸੱਚ ਕਬੂਲਿਆ ਹੈ ਕਿ ਉਹ ਕਾਤਲਾਂ-ਬਲਾਤਕਾਰੀਆਂ ਨੂੰ ਬਚਾਉਣ ਲਈ ਕੀਤੇ ਗਏ ਰੋਸ ਪ੍ਰਦਰਸ਼ਨਾਂ 'ਚ ਭਾਜਪਾ ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੀ ਸ਼ਾਮਲ ਹੋਏ ਸਨ। ਇਸ ਗੱਲ ਵਿਚ ਹੁਣ ਕੋਈ ਸ਼ੱਕ ਨਹੀਂ ਕਿ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਕੇਂਦਰੀ ਹਾਈ ਕਮਾਂਡ ਤੋਂ ਅਤੇ ਕੇਂਦਰੀ ਹਾਈ ਕਮਾਂਡ ਨੂੰ 'ਨਾਗਪੁਰ' ਤੋਂ ਉਕਤ ਦਿਸ਼ਾ ਨਿਰਦੇਸ਼ ਮਿਲੇ ਸਨ। ਕਿਉਂਕਿ ਹਰ ਮੋਰਚੇ 'ਤੇ ਮੁਕੰਮਲ ਅਸਫਲ ਹੋ ਚੁੱਕੀ ਹਰ ਕੌਲ-ਕਰਾਰ ਤੋਂ ਝੂਠੀ ਪੈ ਚੁੱਕੀ ਭਾਜਪਾ ਕੋਲ 2019 ਦੀਆਂ ਚੋਣਾਂ ਜਿੱਤਣ ਲਈ ਫਿਰਕੂ ਧਰੁਵੀਕਰਨ ਅਤੇ ਦੰਗਿਆਂ ਤੋਂ ਬਿਨਾਂ ਹੋਰ ਕੋਈ ਹਥਿਆਰ ਬਚਿਆ ਹੀ ਨਹੀਂ।
ਬਹਰਹਾਲ ਸਾਰੀ ਕੌਮ ਦੀ ਧੀ ਦਾ ਰੁਤਬਾ ਹਾਸਲ ਕਰ ਚੁੱਕੀ ਆਸਿਫ਼ਾ ਦੇ ਬਲਿਦਾਨ ਤੋਂ ਭਾਰਤੀ ਲੋਕਾਂ ਨੂੰ ਹਾਸਿਲ ਹੋਈ ਇਹ ਚੇਤਨਾ ਦੀ ਲੌਅ ਹੋਰ ਤੇਜ਼ ਕੀਤੀ ਜਾਣੀ ਚਾਹੀਦੀ ਹੈ।
ਦੂਜੀ ਘਟਨਾ
ਇਸ ਦੌਰਾਨ ਇਕ ਹੋਰ ਹੌਲਨਾਕ ਘਟਨਾ ਨੇ ਵੀ ਸਾਰੇ ਦੇਸ਼ ਦਾ ਧਿਆਨ ਖਿੱਚਿਆ ਹੈ। ਹਿੰਦੂ ਧਰਮ ਅਧਾਰਤ ਰਾਜ ਪ੍ਰਬੰਧ ਦੇ ਨਵੇਂ ਮਾਡਲ ਯੂ.ਪੀ. ਦੇ ਉਨਾਵ 'ਚ ਵਾਪਰੀ ਇਸ ਬਲਾਤਕਾਰ ਦੀ ਵਾਰਦਾਤ ਦਾ ਮੁੱਖ ਖਲਨਾਇਕ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਹੈ। ਇਸ ਮਹਾਂਪੁਰਸ਼ ਦੀ ਮੂਲ ਪਛਾਣ ਇਕ ਬਾਹੂਬਲੀ ਵਜੋਂ ਹੈ। ਉਸ ਦੀ ਇਸ 'ਯੋਗਤਾ' ਨੂੰ ਮੁੱਖ ਰੱਖਦਿਆਂ ਹੀ ਭਾਜਪਾ ਵਲੋਂ ਉਸ ਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਸੀ। ਹੈਰਾਨੀ ਦੀ ਲੋੜ ਨਹੀਂ। ਅਜੋਕੀ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਅਪਰਾਧਿਕ ਪਿਛੋਕੜ ਵਾਲੇ ਮੈਂਬਰਾਂ ਦੀ ਗਿਣਤੀ 'ਚ ਭਾਜਪਾ ਨੰਬਰ ਇਕ ਪੁਜੀਸ਼ਨ 'ਤੇ ''ਸ਼ਾਨ ਨਾਲ ਬਿਰਾਜਮਾਨ'' ਹੈ। ਔਰਤਾਂ ਖਿਲਾਫ ਗੰਭੀਰ ਅਪਰਾਧਾਂ 'ਚ ਨਾਮਜ਼ਦ, ਚੁਣੇ ਹੋਏ ਨੁਮਾਇੰਦਿਆਂ ਦੀ ਗਿਣਤੀ ਪੱਖੋਂ ਵੀ ਭਾਜਪਾ ਨੂੰ 'ਸਰਵਉਚ' ਸਥਾਨ ਹਾਸਿਲ ਹੈ।
ਉਨਾਵ ਦਾ ਇਹ ਵਿਧਾਇਕ ਇਕ ਦਲਿਤ ਅਤੇ ਨਾਬਾਲਗ ਬੇਟੀ ਨਾਲ ਬਲਾਤਕਾਰ ਕਰਦਾ ਰਿਹਾ। ਜਦੋਂ ਇਹ ਹੌਲਨਾਕ ਵਰਤਾਰਾ ਸਾਰੀਆਂ ਹੱਦਾਂ ਪਾਰ ਕਰ ਗਿਆ ਤਾਂ ਲੜਕੀ ਨੇ ਆਪਣਾ ਮੂੰਹ ਖੋਲ੍ਹਿਆ। ਜਦੋਂ ਉਸ ਦੁਖਿਆਰੀ ਦੀ ਆਵਾਜ਼ ਕਿਸੇ ਨੇ ਨਾ ਸੁਣੀ ਤਾਂ ਉਸਨੇ ਯੂ.ਪੀ. ਦੇ ਚੰਦਨ ਤਿਲਕਧਾਰੀ ਮੁੱਖ ਮੰਤਰੀ ਦੀ ਰਿਹਾਇਸ਼ਗਾਹ 'ਤੇ ਆਤਮਦਾਹ ਦੀ ਅਸਫ਼ਲ ਕੋਸ਼ਿਸ਼ ਕੀਤੀ। ਇੱਥੇ ਜਿਵੇਂ ਪੁਲਸ ਨੇ ਉਸ ਪੀੜਤਾ ਦੀ ਖਿੱਚਧੂਹ ਕੀਤੀ ਇਹ ਸਭ ਕੁੱਝ ਟੀ.ਵੀ.ਚੈਨਲਾਂ, ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਸਾਰਾ ਦੇਸ਼ ਦੇਖ ਚੁੱਕਾ ਹੈ। ਇਸ ਮਾਮਲੇ ਨੇ ਵੀ ਬੜੀਆਂ ਨਿਖੇਧੀਜਨਕ ਮਿਸਾਲਾਂ ਉਭਾਰੀਆਂ ਹਨ।
ਉਤਰ ਪ੍ਰਦੇਸ਼ ਦੀ ਭਗਵਾ ਸਰਕਾਰ ਅਤੇ ਉਥੋਂ ਦਾ ਭਾਜਪਾ ਸੰਗਠਨ ਪੀੜਤਾਂ ਦੀਆਂ ਸੰਵੇਦਨਾਵਾਂ ਨੂੰ ਸੁਣਨ ਸਮਝਣ ਦੀ ਬਜਾਇ ਡਟ ਕੇ ਸ਼ੋਸ਼ਣ ਕਰਤਾ ਵਿਧਾਇਕ ਦੇ ਹੱਕ 'ਚ ਭੁਗਤ ਗਏ। ਇਨ੍ਹਾਂ ''ਧਰਮ ਰੱਖਿਅਕਾਂ'' ਨੇ ਪੀੜਤ ਕੁੜੀ ਅਤੇ ਉਸ ਦੇ ਪਰਵਾਰ ਨੂੰ ਝੂਠੇ, ਪੈਸੇ ਦੇ ਲਾਲਚੀ, ਬਲੈਕਮੇਲਰ, ਚਰਿੱਤਰਹੀਨ ਆਦਿ ਹਰ ਕਿਸਮ ਦੇ ਨਾਂਹਪੱਖੀ ਵਿਸ਼ੇਸ਼ਣਾਂ ਨਾਲ ਨਿਵਾਜ਼ਿਆ।
ਸਥਿਤੀ ਦੀ ਭਿਆਨਕਤਾ ਉਦੋਂ ਸਭ ਹੱਦਾਂ ਬੰਨ੍ਹੇ ਟੱਪ ਗਈ ਜਦੋਂ ਪੀੜਤ ਲੜਕੀ ਦੇ ਬਾਪ ਨੂੰ ਪੁਲਸ ਨੇ ਨਾਜ਼ਾਇਜ਼ ਹਥਿਆਰ ਰੱਖਣ ਦੇ ਦੋਸ਼ ਵਿਚ ਪਹਿਲਾਂ ਥਾਣੇ ਡੱਕ ਦਿੱਤਾ ਅਤੇ ਪਿਛੋਂ ਬੇਤਹਾਸ਼ਾ ਤਸ਼ੱਦਦ ਕਰਕੇ ਉਸਨੂੰ ਮਾਰ ਮੁਕਾਇਆ। ਇਸ ਸਰਕਾਰੀ ਕਤਲ ਦਾ ਸਭ ਤੋਂ ਸ਼ਰਮਨਾਕ ਤੇ ਭਿਆਨਕ ਪੱਖ ਇਹ ਹੈ ਕਿ ਪੀੜਤ ਲੜਕੀ ਦੇ ਪਿਤਾ ਤੇ ਤਸ਼ੱਦਦ ਬਲਾਤਕਾਰੀ ਵਿਧਾਇਕ ਦੇ ਭਰਾ ਵਲੋਂ ਥਾਣੇ 'ਚ ਤਾਇਨਾਤ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੱਡੀ ਪੱਧਰ 'ਤੇ ਦਿਖਾਏ ਜਾਣ ਪਿਛੋਂ ਘਰ-ਘਰ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਐਨਾ ਹੀ ਨਹੀਂ ਜਦੋਂ ਇਹ ਪਿਤਾ (ਮਾਰੇ ਜਾਣ ਤੋਂ ਪਹਿਲਾਂ) ਆਪਣੀ ਲੜਕੀ ਨਾਲ ਹੋਏ ਜ਼ਬਰ ਜਿਨਾਹ ਬਾਰੇ ਦੱਸ ਰਿਹਾ ਸੀ ਤਾਂ ਥਾਣੇ ਦੇ ਪੁਲਸ ਮੁਲਾਜ਼ਮਾਂ ਅਤੇ ਬਲਾਤਕਾਰੀ ਵਿਧਾਇਕ ਦੇ ਰਿਸ਼ਤੇਦਾਰਾਂ ਵਲੋਂ ਉਸ ਨੂੰ ਭੱਦੇ ਮਖੌਲ ਕੀਤੇ ਜਾਣ ਤੇ ਖਿੱਲੀ ਉਡਾਉਣ ਦੀਆਂ ਵੀਡੀਓਜ਼ ਵੀ ਖੂਬ ਚਰਚਾ ਦਾ ਕੇਂਦਰ ਬਣੀਆਂ ਹਨ। ਇਕ ਟੀ.ਵੀ. ਚੈਨਲ 'ਤੇ ਚੱਲ ਰਹੀ ਬਹਿਸ 'ਚ ਯੂ.ਪੀ. ਦਾ ਇਕ ਉਚ ਪੁਲਸ ਅਧਿਕਾਰੀ ਦੋਸ਼ੀ ਵਿਧਾਇਕ ਨੂੰ ਵਾਰ ਵਾਰ ਮਾਨਨੀਯ (ਆਦਰਯੋਗ) ਵਿਧਾਇਕ ਜੀ ਕਹਿ ਕੇ ਸੰਬੋਧਨ ਕਰ ਰਿਹਾ ਸੀ ਤਾਂ ਟੀ.ਵੀ. ਐਂਕਰ (ਵਿਚਾਰ ਚਰਚਾ ਦੇ ਸੂਤਰਧਾਰ) ਵਲੋਂ ਉਸਨੂੰ ਸ਼ਰੇਆਮ ਟੋਕਿਆ ਗਿਆ। ਬਹਿਸ 'ਚ ਹਿੱਸਾ ਲੈ ਰਹੇ ਭਾਜਪਾ ਆਗੂ ਵੀ ਬਲਾਤਕਾਰੀ ਬਾਹੂਬਲੀ ਵਿਧਾਇਕ ਬਾਰੇ ਐਨੇ ਹੀ ਸਤਿਕਾਰ ਨਾਲ ਬੋਲਦਿਆਂ ਵਿਧਾਇਕ ਨੂੰ ਦੁੱਧ ਧੋਤਾ ਅਤੇ ਪੀੜਤਾ ਨੂੰ ਝੂਠੀ ਸਾਬਤ ਕਰਨ ਲਈ ਪੱਬਾਂ ਭਾਰ ਹੋਏ ਪਏ ਸਨ।
ਅਜਿਹੀ ਹੀ ਇਕ ਬਹਿਸ ਦਰਮਿਆਨ ਬਲਾਤਕਾਰੀ ਵਿਧਾਇਕ ਦੇ ਭਾਣਜੇ ਨੂੰ 'ਆਜ ਤੱਕ' ਟੀ.ਵੀ. ਦੀ ਐਂਕਰ ਨੇ ਪੀੜਤ ਲੜਕੀ ਨੂੰ ਚਰਿੱਤਰਹੀਨ ਕਹਿਣ 'ਤੇ ਸ਼ਰ੍ਹੇਆਮ ਲਤਾੜਿਆ ਵੀ।
ਸਾਰੇ ਦੇਸ਼ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਪੀੜਤ ਲੜਕੀ ਦਾ ਵਿਧਾਇਕ ਕੁਲਦੀਪ ਸੈਂਗਰ ਨੇ ਯੋਨ ਸ਼ੋਸ਼ਣ ਵੀ ਕੀਤਾ ਹੈ ਅਤੇ ਉਸ ਦੇ ਬਾਪ ਦੇ ਪੁਲਸ ਹਿਰਾਸਤ 'ਚ ਕਤਲ ਲਈ ਵੀ ਵਿਧਾਇਕ ਹੀ ਸਿੱਧਾ ਦੋਸ਼ੀ ਬਣਦਾ ਹੈ। ਪਰ ਜੇ ਕੋਈ ਨਹੀਂ ਮੰਨਿਆ ਤਾਂ ਉਹ ਹੈ ਸਮੁੱਚਾ ਭਾਜਪਾ ਤੇ ਆਰ.ਐਸ.ਐਸ. ਦਾ ਸੰਗਠਨਾਤਮਕ ਢਾਂਚਾ। ਉਨ੍ਹਾਂ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਹੈ ਕਿ ਵਿਧਾਇਕ ਕੁਲਦੀਪ ਸੈਂਗਰ ਨਾ ਤਾਂ ਬਾਹੂਬਲੀ ਹੈ, ਨਾ ਬਲਾਤਕਾਰ ਦਾ ਦੋਸ਼ੀ, ਨਾ ਦਲਿਤ ਉਤਪੀੜਕ ਅਤੇ ਨਾ ਹੀ ਕਾਤਲ। ਦੋਸ਼ੀ ਵਿਧਾਇਕ ਤਾਂ ਇਸ ਕਦਰ ਭੂਤਰਿਆ ਹੋਇਆ ਸੀ ਕਿ ਪੁਲਸ ਹੈਡਕੁਆਰਟਰ ਦੇ ਮੂਹਰੇ ਖੜ੍ਹ ਕੇ ਮਾਡਲਾਂ ਵਾਂਗ ਪੋਜ਼ ਦਿੰਦਾ ਹੋਇਆ ਕਹਿ ਰਿਹਾ ਸੀ ਕਿ ਮੈਂ ਉਨ੍ਹਾਂ ਨੂੰ ਜੁਆਬ ਦੇਣ ਲਈ ਇੱਥੇ ਪੁੱਜਿਆ ਹਾਂ ਜੋ ਕਹਿੰਦੇ ਹਨ ਕਿ ਮੈਂ ਡਰਦਾ ਭੱਜ ਗਿਆ ਹਾਂ। ਸੱਚ ਹੈ! ਜਿਸ ਦੇ ਨਾਲ ਯੋਗੀ, ਮੋਦੀ, ਸ਼ਾਹ, ਭਾਗਵਤ ਦੀ ਚੰਡਾਲ ਚੌਕੜੀ ਹੋਵੇ ਉਹ 'ਅੱਜ ਦੀ ਤਰੀਖ' 'ਚ ਡਰੇ ਵੀ ਕਿਉਂ? ਪਰ ਸੈਂਗਰ ਲੋਕਾਈ ਦੀ ਤਾਕਤ ਨੂੰ ਅੱਖੋਂ ਪਰੋਖੇ ਕਰਨ ਦੀ ਬੱਜਰ ਗਲਤੀ ਕਰ ਗਿਆ।
ਦੇਸ਼ ਦੇ ਲੋਕਾਂ ਨੇ ਭਾਜਪਾ ਦੀ ਰਾਇ ਨਾਲੋਂ ਵੱਖਰਾ ਮਤ ਰੱਖਦਿਆਂ ਇਸ ਦਲਿਤ ਬੇਟੀ ਦੇ ਯੋਨ ਸ਼ੋਸ਼ਨ ਅਤੇ ਉਸ ਦੇ ਬੇਗੁਨਾਹ ਪਿਤਾ ਦੇ ਪੁਲਸ ਹਿਰਾਸਤ 'ਚ ਕਤਲ ਲਈ ਜ਼ਿੰਮੇਵਾਰਾਂ ਨੂੰ ਲੋਕ ਕਚਿਹਿਰੀ ਦੇ ਕਟਘਰੇ 'ਚ ਮੁਜ਼ਰਮਾਂ ਦੀ ਥਾਂ ਰੱਖਿਆ। ਹਰ ਖੇਤਰ ਦੇ ਲੋਕਾਂ ਨੇ ਭਾਜਪਾ ਦੇ ਢੌਂਗ ਦਾ ਪਰਦਾ ਚਾਕ ਕੀਤਾ। ਦੋਹੇਂ ਘਟਨਾਵਾਂ (ਕਠੂਆ ਅਤੇ ਉਨਾਉ) ਬਾਰੇ ਅਭਿਨੇਤਰੀ ਰਿਚਾ ਚੱਢਾ ਵਲੋਂ ਆਪਣੇ ਟਵਿੱਟਰ ਅਕਾਊਂਟ 'ਤੇ ਕੀਤੇ ਤਨਜ਼ ਤੋਂ ਲੋਕ ਭਾਵਨਾਵਾਂ ਦੀ ਤਰਜਮਾਨੀ ਹੁੰਦੀ ਹੈ। ਇਸ ਦਬੰਗ ਅਭਿਨੇਤਰੀ ਨੇ ਲਿਖਿਆ, ''ਬੇਟੀ ਬਚਾਓ ਪਰ ਬਚਾਓ ਹਮ (ਭਾਜਪਾ ਵਾਲਿਆਂ) ਸੇ''। ਇਸ ਦਾ ਬੜਾ ਵਾਜਬ ਕਾਰਨ ਹੈ। ਪਿਛਲੀਆਂ ਸਰਕਾਰਾਂ ਸਮੇਂ ਵੀ ਸੰਗੀਨ ਤੋਂ ਸੰਗੀਨ ਅਪਰਾਧਾਂ 'ਚ ਸ਼ਾਮਲ ਬਾਰਸੂਖ ਵਿਅਕਤੀਆਂ ਨੂੰ ਬਚਾਉਣ ਦੇ ਯਤਨ ਹੁੰਦੇ ਰਹੇ ਹਨ। ਪਰ ਭਾਜਪਾ ਨੇ ਇਸ ਪੱਖੋਂ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਸੰਘ ਪਰਿਵਾਰ ਅਜਿਹੇ ਦੋਸ਼ੀਆਂ ਦੇ ਬਚਾਅ ਲਈ ਸਾਰੇ ਯਤਨ ਫਿਰਕੂ ਧਰੁਵੀਕਰਣ ਨੂੰ ਤੇਜ਼ ਕਰਨ ਲਈ ਕਰ ਰਿਹਾ ਹੈ। ਇਸ ਖਤਰਨਾਕ ਸਾਜਿਸ਼ ਤੋਂ ਲੋਕ ਵੱਡੀ ਹੱਦ ਤੱਕ ਸੁਚੇਤ ਹੋਏ ਹਨ।
ਇਹ ਲੋਕਾਂ ਦੀ ਚੇਤਨਤਾ ਅਤੇ ਲੋਕ ਰੋਹ ਦੀ ਤੀਬਰਤਾ ਦਾ ਹੀ ਪ੍ਰਭਾਵ ਹੈ ਕਿ ਸਾਰਾ ਮਾਮਲਾ ਹੁਣ ਸੀ.ਬੀ.ਆਈ. ਦੇ ਹਵਾਲੇ ਹੈ ਅਤੇ ਵਿਧਾਇਕ ਵੀ ਸੀ.ਬੀ.ਆਈ. ਦੀ ਹਿਰਾਸਤ 'ਚ ਹੈ। ਕੁੱਝ ਖੇਤਰਾਂ 'ਚੋਂ ਸੀ.ਬੀ.ਆਈ. ਦੀ ਨਿਰਪੱਖਤਾ ਸਬੰਧੀ ਵੀ ਸੁਆਲ ਉਠ ਰਹੇ ਹਨ ਜੋ ਵਾਜ਼ਬ ਵੀ ਹਨ। ਪਰ ਅੰਤਮ ਗੱਲ ਲੋਕ ਚੇਤਨਾ ਅਤੇ ਲਾਮਬੰਦੀ 'ਤੇ ਹੀ ਆ ਕੇ ਖੜ੍ਹਦੀ ਹੈ।
ਐਪਰ ਲੋਕਾਂ ਲਈ ਚਿੰਤਾ ਦਾ ਵਿਸ਼ਾ ਬੜਾ ਗੰਭੀਰ ਅਤੇ ਵਿਆਪਕ ਹੈ। ਦੇਸ਼ ਦੇ ਹਰ ਹਿੱਸੇ ਵਿਚ ਔਰਤਾਂ ਵਿਸ਼ੇਸ਼ ਕਰ ਬਾਲੜੀਆਂ ਖਿਲਾਫ਼ ਬਲਾਤਕਾਰ, ਯੋਨ ਸ਼ੋਸ਼ਣ ਅਤੇ ਛੇੜਛਾੜ ਤੋਂ ਇਲਾਵਾ ਜਿਸਮਾਨੀ ਅੱਤਿਆਚਾਰ 'ਤੇ ਮਾਨਸਿਕ ਉਤਪੀੜਨ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ। ਇਸ ਦਾ ਇਕਲੌਤਾ ਕਾਰਨ ਜੇ ਕੋਈ ਹੈ ਤਾਂ ਉਹ ਹੈ ''ਨਿਘਾਰਗ੍ਰਸਤ ਪੂੰਜੀਵਾਦੀ ਸਭਿਆਚਾਰ ਨੂੰ ਵੇਲਾ ਵਿਹਾ ਚੁੱਕੀ ਮੰਨੂੰਵਾਦੀ ਵਿਚਾਰਧਾਰਾ ਦੀ ਪੁੱਠ ਚੜ੍ਹਣੀ।'' ਦੇਸ਼ ਦੀਆਂ ਧੀਆਂ ਨੂੰ ਇਹ ''ਬਖਸ਼ਿਸ਼'' ਉਂਝ ਤਾਂ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਦੀ ਦੇਣ ਹੈ, ਪਰ ਇਸ ਪੱਖੋਂ ਸਭ ਤੋਂ ਜ਼ਿਆਦਾ ਮੱਲਾਂ ਸੰਘ ਦੀ ਨਾਗਪੁਰੀ ਟਕਸਾਲ 'ਚੋਂ ਜਨਮੀ ਭਾਜਪਾ ਦੀ ਮੋਦੀ ਸਰਕਾਰ ਨੇ ਮਾਰੀਆਂ ਹਨ। ਦੇਸ਼ਵਾਸੀਆਂ ਕੋਲ ਇਸ ਮਨੂੰੂਵਾਦੀ ਪੁੱਠ ਚੜ੍ਹੇ ਨਿਘਾਰਗ੍ਰਸਤ ਪੂੰਜੀਵਾਦੀ ਸਭਿਆਚਾਰ ਖਿਲਾਫ ਫੈਸਲਾਕੁੰਨ ਸੰਗਰਾਮ ਲੜਕੇ ਬੇਟੀਆਂ ਦੀ ਰਾਖੀ ਤੋਂ ਵੱਖਰਾ ਕੋਈ ਰਾਹ ਨਹੀਂ ਹੋ ਸਕਦਾ।

- Posted by Admin