sangrami lehar

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਮਈ 2018)

  • 07/05/2018
  • 08:02 PM

2 ਅਪ੍ਰੈਲ 2018 ਦਾ ਇਤਿਹਾਸਕ ਭਾਰਤ ਬੰਦ

ਦੇਸ਼ ਦੀ ਸਰਵ ਉਚ ਅਦਾਲਤ ਦੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ 'ਤੇ ਅੱਤਿਆਚਾਰ ਰੋਕੂ ਕਾਨੂੰਨ 1989 ਵਿਚ ਸੋਧ ਕਰਕੇ, ਇਸ ਕਾਨੂੰਨ ਨੂੰ ਇਕ ਢੰਗ ਨਾਲ ਮੁੱਢੋਂ ਹੀ ਬੇਅਸਰ ਕਰ ਦੇਣ ਦੇ ਫੈਸਲੇ ਖਿਲਾਫ 2 ਅਪ੍ਰੈਲ 2018 ਨੂੰ ਲਾਮਿਸਾਲ ਸਫ਼ਲ ਭਾਰਤ ਬੰਦ ਕੀਤਾ ਗਿਆ। ਇਸ ਬੰਦ ਦਾ ਸੱਦਾ ਉਕਤ ਫੈਸਲੇ ਦਾ ਵਿਰੋਧ ਕਰ ਰਹੀਆਂ ਸਾਰੀਆਂ ਜਥੇਬੰਦੀਆਂ 'ਤੇ ਅਧਾਰਤ ਤਾਲਮੇਲ ਕਮੇਟੀ ਵਲੋਂ ਦਿੱਤਾ ਗਿਆ ਸੀ। ਸਰਵ ਉਚ ਅਦਾਲਤ ਵਲੋਂ ਕੀਤੀਆਂ ਸੋਧਾਂ ਅਤੇ ਇਨ੍ਹਾਂ ਸੋਧਾਂ ਦੇ ਦੁਰਪ੍ਰਭਾਵਾਂ ਦਾ ਵੇਰਵਾ ਇਸੇ ਅੰਕ ਵਿਚ ਛਪੇ ਸਾਥੀ ਮੰਗਤ ਰਾਮ ਪਾਸਲਾ ਦੇ ਇਕ ਲੇਖ ਵਿਚ ਦਿੱਤਾ ਗਿਆ ਹੈ। ਜੱਜਾਂ ਵਲੋਂ ਇਸ ਕਾਨੂੰਨ ਨੂੰ ਬੇਰੂਹ ਕਰਨ ਵਾਲੀਆਂ ਸੋਧਾਂ ਬਾਬਤ ਫੈਸਲਾ ਦੇਣ ਸਮੇਂ ਇਸ ਕਾਨੂੰਨ ਦੀ ਦੁਰਵਰਤੋਂ ਹੋਣ ਦੀ ਅਧਾਰਹੀਣ ਤੇ ਸੱਚ ਤੋਂ ਕੋਰੀ ਦਲੀਲ ਦਿੱਤੀ ਗਈ ਸੀ। ਇਸ ਦੁਰਵਰਤੋਂ ਦੇ ਝੂਠ ਦਾ ਪਰਦਾਫਾਸ਼ ਕਰਦਾ ਸਾਥੀ ਇੰਦਰਜੀਤ ਚੋਗਾਵਾਂ ਦਾ ਇਕ ਹੋਰ ਲੇਖ ਇਸੇ ਅੰਕ ਵਿਚ ਛਪਿਆ ਹੈ। ਇਸ ਬੰਦ ਨੂੰ ਦੇਸ਼ ਦੀਆਂ ਖੱਬੀਆਂ ਅਤੇ ਹੋਰਨਾਂ ਵਿਰੋਧੀ ਰਾਜਸੀ ਪਾਰਟੀਆਂ ਵਲੋਂ ਵੀ ਪੂਰਨ ਸਮਰਥਨ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅਗਾਂਹਵਧੂ, ਸੰਗਰਾਮੀ, ਬੌਧਿਕ ਸੰਗਠਨਾਂ 'ਤੇ ਸ਼ਖਸ਼ੀਅਤਾਂ ਵਲੋਂ ਵੀ ਇਸ ਬੰਦ ਦੀ ਸਫਲਤਾ ਲਈ ਭਰਪੂਰ ਯੋਗਦਾਨ ਪਾਇਆ ਗਿਆ। ਬਿਨਾਂ ਕਿਸੇ ਲਗ ਲਗਾਅ ਦੇ ਕਿਹਾ ਜਾ ਸਕਦਾ ਹੈ ਕਿ ਇਹ ਬੰਦ ਹਰ ਪੱਖੋਂ ਮੁਕੰਮਲ ਸਫਲ ਰਿਹਾ। ਭਾਰਤ ਦੀਆਂ ਭਾਵੀ ਪੀੜ੍ਹੀਆਂ ਦੇ ਸੁਨਹਿਰੀ ਭਵਿੱਖ ਲਈ 2 ਅਪ੍ਰੈਲ 2018 ਦਾ ਉਪਰੋਕਤ ਸ਼ਾਨਾਮੱਤਾ ਬੰਦ ਦੋ ਪੱਖਾਂ ਤੋਂ ਬੜੇ ਮਹੱਤਵਪੂਰਨ ਮੀਲ ਪੱਥਰ ਗੱਡ ਗਿਆ ਹੈ। ਹਜ਼ਾਰਾਂ ਸਾਲਾਂ ਤੋਂ ਅਖੌਤੀ ਉਚ ਜਾਤੀ ਹੰਕਾਰ ਦੀ ਦੁਰਭਾਵਨਾ 'ਚੋਂ ਨਿਕਲਦੇ ਆਏ ਜਾਤੀਪਾਤੀ ਅੱਤਿਆਚਾਰਾਂ ਖਿਲਾਫ਼ ਦਲਿਤ ਭਾਈਚਾਰੇ, ਖਾਸਕਰ ਨੌਜਵਾਨਾਂ 'ਚ ਪੈਦਾ ਹੋਈ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਅਤੇ ਸਮਾਜਿਕ ਅਸਮਾਨਤਾ ਤੇ ਜ਼ੁਲਮਾਂ ਦੇ ਖਾਤਮੇਂ ਦੀ ਭਾਵਨਾ ਦਾ ਵੱਡੇ ਪੱਧਰ 'ਤੇ ਉਜਾਗਰ ਹੋਣਾ ਇਸ ਬੰਦ 'ਚੋਂ ਨਿਕਲਣ ਵਾਲੇ ਮਹੱਤਵਪੂਰਨ ਹਾਂ ਪੱਖੀ ਲੱਛਣਾ 'ਚੋਂ ਸਿਰਮੌਰ ਹੈ। ਮਨੂੰਵਾਦੀ ਵਰਣ ਵਿਵਸਥਾ ਦੀ ਸੁਰਜੀਤੀ ਲਈ ਯਤਨਸ਼ੀਲ ਪਿਛਾਂਹਖਿੱਚੂ ਤਾਕਤਾਂ, ਜਿੰਨ੍ਹਾਂ ਦੇ ਅਗਵਾਈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਹੱਥ ਹੈ, ਹੁਣ ਇਸ ਚੇਤਨਾ ਨੂੰ ਖੁੰਢਾ ਕਰਨ 'ਚ ਕਾਮਯਾਬ ਨਹੀਂ ਹੋ ਸਕਣਗੀਆਂ। ਬੰਦ 'ਚ ਸ਼ਾਮਲ ਦਲਿਤ ਭੈਣਾਂ-ਭਰਾਵਾਂ ਅਤੇ ਨੌਜਵਾਨਾਂ ਦੇ ਤੇਵਰਾਂ ਅਤੇ ਹਾਵ-ਭਾਵ ਨੇ ਇਹ ਯਕੀਨੀ ਕਰ ਦਿੱਤਾ ਹੈ। ਹਾਂ ਨਰੋਈਆਂ ਸ਼ਕਤੀਆਂ, ਖਾਸ ਕਰ ਖੱਬੀਆਂ ਧਿਰਾਂ ਦਾ ਇਸ ਚੇਤਨਾ ਸਬੰਧੀ ਪੈਂਤੜਾ ਭਵਿੱਖ 'ਚ ਕੀ ਹੋਵੇਗਾ, ਇਸ 'ਤੇ ਬਹੁਤ ਕੁੱਝ ਨਿਰਭਰ ਕਰਦਾ ਹੈ। ਇਸ ਬੰਦ ਦੀ ਦੂਜੀ ਵੱਡੀ ਪ੍ਰਾਪਤੀ ਹੈ ਭਾਰੀ ਬਹੁਗਿਣਤੀ ਖੱਬੀਆਂ ਰਾਜਸੀ ਅਤੇ ਜਨਤਕ ਧਿਰਾਂ ਵਲੋਂ ਇਸ ਬੰਦ ਨੂੰ ਸਮਰਥਨ ਦੇਣਾ ਅਤੇ ਇਸ ਬੰਦ ਦੀ ਸਫਲਤਾ ਲਈ ਹਰ ਪੱਖੋਂ ਸੁਹਿਰਦ ਯਤਨ ਕਰਨੇ। ਖੱਬੀਆਂ ਧਿਰਾਂ ਵਲੋਂ ਬੀਤੇ 'ਚ ਇਸ ਲੋੜ ਨੂੰ ਨਜ਼ਰ ਅੰਦਾਜ਼ ਕਰਨ ਕਰਕੇ ਅਤੇ ਦੁਸ਼ਮਣ ਜਮਾਤਾਂ ਵਲੋਂ ਆਪਣੇ ਹੱਥਠੋਕਿਆਂ ਰਾਹੀਂ, ਕਮਿਊਨਿਸਟਾਂ ਤੋਂ ਮਜ਼ਦੂਰ ਜਮਾਤ ਦੇ ਇਸ ਵੱਡੇ ਅਤੇ ਮਹੱਤਵਪੂਰਨ ਵਸੋਂ ਭਾਗ ਨੂੰ ਨਿਖੇੜਣ ਦੀਆਂ ਸਾਜਿਸ਼ਾਂ ਕਰਕੇ ਇਸ ਕਮੀ ਨੇ ਭਾਰਤ ਦੀ ਸਮਾਜਿਕ ਪਰਿਵਰਤਨ ਦੀ ਲਹਿਰ ਦਾ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ। ਊਨਾ ਵਿਖੇ ਮਰੇ ਪਸ਼ੂਆਂ ਦਾ ਚੰਮ ਲਾਹੁਣ ਵਾਲੇ ਗਰੀਬਾਂ 'ਤੇ ਜਬਰ ਦੀ ਘਟਨਾ ਵਿਰੁੱਧ ਖੱਬੇ ਪੱਖੀਆਂ ਅਤੇ ਦਲਿਤ ਸੰਗਠਨਾਂ ਦੀ ਬਣੀ ਸਾਂਝ, ਭੀਮਾ ਕੋਰੇਗਾਉਂ ਰਾਹੀਂ ਤੁਰਦਿਆਂ 2 ਅਪ੍ਰੈਲ 2018 ਦੇ ਬੰਦ 'ਚ ਸ਼ਮੂਲੀਅਤ ਤੱਕ ਬਹੁਤ ਸਫਰ ਤੈਅ ਕੀਤਾ ਹੈ। ਲੋੜ ਹੈ ਇਸ ਸਾਥ ਦੇ ਤੋੜ ਨਿਭਾਏ ਜਾਣ ਦੇ ਯਤਨਾਂ ਨੂੰ ਨਿਰੰਤਰ ਜਾਰੀ ਰੱਖੇ ਜਾਣ ਦੀ। ਸਮੇਂ ਦੀ ਇਸ ਸਭ ਤੋਂ ਵੱਡੀ ਲੋੜ ਨੂੰ ਮਹਿਸੂਸਦਿਆਂ ਆਰ.ਐਮ.ਪੀ.ਆਈ. ਨੇ ਇਸ ਬੰਦ ਨੂੰ ਪੂਰਨ ਹਿਮਾਇਤ ਦੇਣ ਦਾ ਨਿਰਣਾ ਲਿਆ ਸੀ ਅਤੇ ਪਾਰਟੀ ਸਫ਼ਾਂ ਨੇ ਵੀ ਇਸ ਨਿਰਣੇ 'ਤੇ ਸਾਬਤ ਕਦਮੀ ਨਾਲ ਫੁੱਲ ਚੜ੍ਹਾਏ :

ਸੰਖੇਪ ਰਿਪੋਰਟਾਂ : 17 ਐਸ ਸੀ/ਐਸ ਸੀ ਐਕਟ ਨੂੰ ਕਮਜ਼ੋਰ ਕਰਨ ਦੇ ਆਏ ਫ਼ੈਸਲੇ ਵਿਰੁੱਧ ਰੋਸ ਦਾ ਪ੍ਰਗਾਟਾਵਾ ਕਰਨ ਲਈ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੇ ਸੱਦੇ 'ਤੇ ਫਿਲੌਰ ਮੁਕੰਮਲ ਬੰਦ ਰਿਹਾ। ਬਹੁਜਨ ਸਮਾਜ ਪਾਰਟੀ, ਆਰਐਮਪੀਆਈ, ਵਾਲਮੀਕਿ ਸਭਾਵਾਂ, ਗੁਰੂ ਰਵਿਦਾਸ ਅਤੇ ਡਾ. ਅੰਬੇਡਕਰ ਨਾਮਲੇਵਾ ਜਥੇਬੰਦੀਆਂ ਦੇ ਆਗੂਆਂ ਨੇ ਸਥਾਨਕ ਕਚਿਹਰੀਆਂ 'ਚ ਕੀਤੀ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾ ਇਥੋਂ ਦੇ ਨੂਰਮਹਿਲ ਰੋਡ ਤੋਂ ਇੱਕ ਕਾਫਲਾ ਆਰੰਭ ਹੋਇਆ। ਇਸ ਕਾਫਲੇ ਨੇ ਡਾ. ਅੰਬਡੇਕਰ ਚੌਂਕ 'ਚ ਸ਼ਰਧਾ ਦੇ ਫੁੱਲ ਫੇਂਟ ਕਰਨ ਉਪਰੰਤ ਸ਼ਹਿਰ 'ਚ ਹੋਰ ਭਰਪੂਰ ਮਾਰਚ ਕੀਤਾ। ਮਗਰੋਂ ਇਹ ਮਾਰਚ ਰੈਲੀ ਦੇ ਰੂਪ 'ਚ ਤਬਦੀਲ ਹੋਇਆ। ਇਸ ਕਾਫ਼ਲੇ ਦੀ ਅਗਵਾਈ ਕਮੇਟੀ ਦੇ ਪੰਜ ਮੈਂਬਰ ਬਸਪਾ ਦੇ ਸੂਬਾ ਖ਼ਜ਼ਾਨਚੀ ਬਾਬੂ ਸੁੰਦਰ ਪਾਲ, ਆਰਐਮਪੀਆਈ ਆਗੂ ਜਰਨੈਲ ਫਿਲੌਰ, ਮੁਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਣ, ਭਵਾਧਸ ਦੇ ਆਗੂ ਸੁਰਿੰਦਰ ਡਾਵਰ ਅਤੇ ਵਕੀਲ ਸੰਜੀਵ ਭੌਰਾ ਨੇ ਕੀਤੀ। ਇਸ 'ਚ ਬਹੁਜਨ ਸਮਾਜ ਪਾਰਟੀ ਪੰਜਾਬ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਭਾਵਾਧਸ ਤਹਿਸੀਲ ਫਿਲੌਰ, ਧੰਮਾਂ ਫੈਡਰੇਸ਼ਨ ਆਫ ਇੰਡੀਆ, ਦਿਹਾਤੀ ਮਜਦੂਰ ਸਭਾ, ਗ੍ਰਾਂਮ ਪੰਚਾਇਤ ਮੁਠੱਡਾ ਕਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਪੀਐਸਐਫ, ਅੰਬੇਡਕਰ ਸੈਨਾ ਪੰਜਾਬ ਆਦਿ ਸਮੇਤ ਹੋਰ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਸਡੀਐਮ ਫਿਲੌਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।

ਮਹਿਲ ਕਲਾਂ : ਪਿੰਡ ਦੀਵਾਨਾ ਵਿਖੇ ਕੇਂਦਰ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਦੇ ਵਿਰੁੱਧ ਮਜ਼ਦੂਰਾਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਅਤੇ ਨਿਰਮਾਣ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਇਕਾਈ ਪ੍ਰਧਾਨ ਨਛੱਤਰ ਸਿੰਘ ਦੀਵਾਨਾ ਅਤੇ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਬੂਟਾ ਸਿੰਘ ਦੀਵਾਨਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਰਚੇਤਾ ਡਾ: ਭੀਮ ਰਾਓ ਅੰਬੇਡਕਰ ਵੱਲੋਂ ਭਾਰਤੀ ਸੰਵਿਧਾਨ ਵਿੱਚ ਦਲਿਤਾਂ ਨੂੰ ਦਿੱਤੇ ਅਧਿਕਾਰਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਖ਼ਤਮ ਕਰਨ 'ਤੇ ਲੱਗੀਆਂ ਹੋਈਆਂ ਹਨ। ਸਰਕਾਰਾਂ ਦੀਆਂ ਇਨ੍ਹਾਂ ਦਲਿਤ ਵਿਰੋਧੀ ਨੀਤੀਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਧੱਕੇਸ਼ਾਹੀਆਂ ਦਾ ਮੂੰਹ ਤੋੜਵਾਂ ਜੁਆਬ ਦੇਣ ਲਈ ਸਮੁੱਚੇ ਦਲਿਤ ਭਾਈਚਾਰੇ ਨੂੰ ਇਕ ਮੰਚ 'ਤੇ ਇਕੱਠਾ ਹੋ ਕੇ ਆਵਾਜ਼ ਬੁਲੰਦ ਕਰਨੀ ਹੋਵੇਗੀ ਤਾਂ ਹੀ ਦਲਿਤਾਂ ਉੱਤੇ ਦਿਨ-ਬ-ਦਿਨ ਵਧਦੇ ਜਾ ਰਹੇ ਅੱਤਿਆਚਾਰਾਂ ਨੂੰ ਠੱਲ੍ਹ ਪਾਈ ਜਾ ਸਕੇਗੀ। ਆਗੂਆਂ ਨੇ ਸੱਤਾ 'ਤੇ ਕਾਬਜ਼ ਫਿਰਕੂ ਤਾਕਤਾਂ ਨੂੰ ਚੱਲਦਾ ਕਰਕੇ ਦਲਿਤ ਪੱਖੀ ਸਰਕਾਰਾਂ ਕਾਇਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਪਰਮਜੀਤ ਸਿੰਘ ਛੀਨੀਵਾਲ, ਰੌਣਕ ਸਿੰਘ ਦੀਵਾਨਾ, ਸੁਖਦੇਵ ਸਿੰਘ, ਜਸਵੰਤ ਸਿੰਘ, ਲਛਮਣ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ, ਬਲਵਿੰਦਰ ਸਿੰਘ, ਬਲਜੀਤ ਕੌਰ, ਰਾਜ ਕੌਰ, ਬਚਨ ਕੌਰ, ਤੇਜਾ ਸਿੰਘ, ਤੁਲਸੀ ਸਿੰਘ, ਦਲੀਪ ਕੌਰ ਆਦਿ ਹਾਜ਼ਰ ਸਨ।

ਗੁਰਨਾਨਕ ਦੇਵ ਯੂਨੀਵਰਸਿਟੀ ਵਲੋਂ ਫੀਸ/ਫੰਡ ਵਾਧੇ ਵਿਰੁੱਧ ਸੰਗਰਾਮ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਅਥਾਹ ਵਾਧਾ ਕਰਨ, ਫੀਸਾਂ ਨਾ ਭਰਨ 'ਤੇ ਜੁਰਮਾਨੇ ਪਾਉਣ ਅਤੇ ਹੋਸਟਲਾਂ ਦੇ ਖਰਚਿਆਂ ਵਿੱਚ ਸੰਭਾਵੀ ਵਾਧੇ ਕਰਨ ਵਿਰੁੱਧ ਯੂਨੀਵਰਸਿਟੀ ਦੇ ਬਾਹਰ ਧਰਨਾ/ਪ੍ਰਦਰਸ਼ਨ ਕੀਤਾ। ਧਰਨੇ ਦੀ ਅਗਵਾਈ ਪ੍ਰਗਟ ਸਿੰਘ ਜਾਮਾਰਾਏ, ਡਾ. ਗੁਰਮੇਜ ਸਿੰਘ ਤਿੰਮੋਵਾਲ, ਸ਼ਹੀਦ ਭਗਤ ਸੰਿਘ ਨੌਜਵਾਨ ਸਭਾ ਦੇ ਸੂਬਾਈ ਜਨਰਲ ਸਕਤੱਰ ਸ਼ਮਸ਼ੇਰ ਸਿੰਘ ਨਵਾਂ ਪਿੰਡ, ਵਿਦਿਆਰਥੀ ਆਗੂਆਂ ਅਜੈ ਫਿਲੌਰ, ਮਨਜਿੰਦਰ ਢੇਸੀ ਅਤੇ ਸ਼ੀਤਲ ਸਿੰਘ ਤਲਵੰਡੀ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਆਰਐਮਪੀਆਈ ਦੇ ਸੂਬਾਈ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਹੋਸਟਲ ਖਰਚਿਆਂ ਰਾਹੀਂ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵੀਸੀ ਦੇ ਬਿਆਨਾਂ ਅਨੁਸਾਰ ਸੰਭਾਵਨਾ ਹੈ ਕਿ ਅਗਲੇ ਅਕਾਦਮਿਕ ਸੈਸ਼ਨ ਤੋਂ ਫੀਸਾਂ ਵਿੱਚ ਅਥਾਹ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੀਸਾਂ ਦੇ ਵਾਧੇ ਕਾਰਨ ਸਿੱਖਿਆ ਗਰੀਬ ਬੱਚਿਆਂ ਤੋਂ ਦੂਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਫੀਸ ਨਾ ਜਮਾਂ ਕਰਾਉਣ ਕਰਕੇ 25 ਹਜ਼ਾਰ ਜੁਰਮਾਨਾ ਵਸੂਲਣਾ, ਗੋਲਡਨ ਚਾਂਸ ਦੀ ਫੀਸ 25 ਹਜ਼ਾਰ ਰੁਪਏ ਲੈਣੀ ਆਦਿ ਫ਼ੈਸਲੇ ਵਿਦਿਆਰਥੀਆਂ ਨਾਲ ਸਰਾਸਰ ਬੇਇਨਸਾਫੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਯੂਨੀਵਰਸਿਟੀ ਵਧੇਰੇ ਫੀਸਾਂ ਤੇ ਜੁਰਮਾਨੇ ਵਸੂਲਣ ਦੀ ਥਾਂ ਸਰਕਾਰ ਅਤੇ ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਵਧੇਰੇ ਗਰਾਂਟਾਂ ਲੈਣ ਲਈ ਉਪਰਾਲੇ ਕਰੇ। ਇਸ ਮੌਕੇ ਉਨ੍ਹਾਂ ਆਤਮ ਹੱਤਿਆ ਕਰ ਚੁੱਕੇ ਮਜ਼ਦੂਰਾਂ ਤੇ ਕਿਸਾਨਾਂ ਦੇ ਬੱਚਿਆਂ ਨੂੰ ਮੁਫਤ ਵਿਦਿਆ ਤੇ ਪੱਕੀ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਦਾਊਦ ਅਤੇ ਸੂਬਾਈ ਸਕਤਰੇਤ ਦੇ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਨੇ ਪੰਜਾਬ ਸਰਕਾਰ ਤੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਫੀਸਾਂ ਅਤੇ ਹੋਸਟਲਾਂ ਦੇ ਖਰਚਿਆਂ 'ਚ ਵਾਧਾ ਕੀਤਾ ਗਿਆ ਤਾਂ ਆਰਐਮਪੀਆਈ ਹੋਰ ਸਿਆਸੀ ਸੰਸਥਾਵਾਂ ਤੇ ਜਥੇਬੰਦੀਆਂ ਨਾਲ ਵੱਡਾ ਮੰਚ ਬਣਾ ਕੇ ਸੰਘਰਸ਼ ਵਿੱਢੇਗੀ। ਪਾਰਟੀ ਆਗੂਆਂ ਨੇ ਯੂਨੀਵਰਸਿਟੀ ਦੀ ਮਹਿਲਾ ਪ੍ਰੋਫੈਸਰ ਵੱਲੋਂ ਵੀਸੀ 'ਤੇ ਜਿਨਸੀ ਸ਼ੋਸ਼ਣ ਦੇ ਲਾਏ ਗਏ ਦੋਸ਼ਾਂ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਮੰਗ ਵੀ ਕੀਤੀ। ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਆਗੂ ਅਤੇ ਜਨਵਾਦੀ ਇਸਤਰੀ ਸਭਾ ਦੀ ਸਕੱਤਰ ਕੰਵਲਜੀਤ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਲੜਕੀਆਂ ਲਈ ਪਹਿਲੀ ਤੋਂ ਐਮਏ ਤਕ ਮੁਫਤ ਵਿਦਿਆ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰੇ।

ਕੇਂਦਰੀ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਕੇਂਦਰਾਂ 'ਤੇ ਹੋਏ ਪਾਰਟੀ ਮੁਜ਼ਾਹਰੇ ਤੇ ਹੋਰ ਐਕਸ਼ਨ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਵਲੋਂ 23 ਤੋਂ 31 ਮਾਰਚ ਤੱਕ, ਜ਼ਿਲ੍ਹਾ ਕੇਂਦਰਾਂ 'ਤੇ ਲੋਕ ਮੰਗਾਂ ਦੀ ਪ੍ਰਾਪਤੀ ਅਤੇ ਲੋਕ ਪੱਖੀ ਨੀਤੀਆਂ 'ਤੇ ਆਧਾਰਤ ਹਕੀਕੀ ਬਦਲਵਾਂ ਰਾਜ ਪ੍ਰਬੰਧ ਉਸਾਰਨ ਦੀ ਜੰਗ ਨੂੰ ਸ਼ਕਤੀ ਪ੍ਰਦਾਨ ਕਰਨ ਲਈ, ਲੋਕ ਮਾਰਚ ਜਥੇਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਤਹਿਤ ਪਾਰਟੀ ਦੀ ਪੰਜਾਬ ਰਾਜ ਕਮੇਟੀ ਵਲੋਂ ਕੀਤੇ ਗਏ ਨਿਰਣੇ ਅਧੀਨ ਸੂਬੇ ਦੇ 16 ਜ਼ਿਲ੍ਹਾ ਕੇਂਦਰਾਂ 'ਤੇ ਪ੍ਰਭਾਵਸ਼ਾਲੀ ਲੋਕ ਮਾਰਚ ਕਰਕੇ ਕੇਂਦਰ ਤੇ ਸੂਬਾਈ ਸਰਕਾਰ ਨੂੰੂ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਮੰਗ ਪੱਤਰ ਭੇਜੇ ਗਏ। ਉਕਤ ਮੁਹਿੰਮ ਦੀ ਸ਼ੁਰੂਆਤ ਪਾਰਟੀ ਵਲੋਂ ਖਟਕੜ ਕਲਾਂ ਵਿਖੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ, 23 ਮਾਰਚ ਨੂੰ ਇਕ ਵਿਸ਼ਾਲ ਸ਼ਹੀਦੀ ਕਾਨਫਰੰਸ ਕਰਕੇ ਕੀਤੀ ਗਈ। ਬਾਕੀ ਦੇ ਜ਼ਿਲ੍ਹਿਆਂ ਵਿਚ ਵੱਡਅਕਾਰੀ ਵਫ਼ਦਾਂ ਰਾਹੀਂ ਮੰਗ ਪੱਤਰ ਭੇਜੇ ਗਏ। ਮੁਜ਼ਾਹਰਿਆਂ ਮੌਕੇ ਹੋਈਆਂ ਇਕੱਤਰਤਾਵਾਂ ਨੂੰ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ, ਸੂਬਾਈ ਖਜ਼ਾਨਚੀ ਸਾਥੀ ਲਾਲ ਚੰਦ ਕਟਾਰੂਚੱਕ, ਰਘੁਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਭੀਮ ਸਿੰਘ ਆਲਮਪੁਰ , ਸਤਨਾਮ ਅਜਨਾਲਾ, ਪਰਗਟ ਸਿੰਘ ਜਾਮਾਰਾਏ, ਇੰਦਰਜੀਤ ਗਰੇਵਾਲ, ਸੱਜਣ ਸਿੰਘ, ਵੇਦ ਪ੍ਰਕਾਸ਼ ਅਤੇ ਹੋਰਨਾਂ ਸੂਬਾਈ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ।

ਸੰਖੇਪ ਰਿਪੋਰਟਾਂ :

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੀ ਸੂਬਾ ਕਮੇਟੀ ਵੱਲੋਂ 23 ਤੋਂ 31 ਮਾਰਚ ਤੱਕ ਜ਼ਿਲ੍ਹਾ ਕੇਂਦਰਾਂ 'ਤੇ ਰੈਲੀਆਂ ਅਤੇ ਲੋਕ ਮਾਰਚ ਕੀਤੇ ਜਾਣ ਦੇ ਸੱਦੇ 'ਤੇ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿੱਚ ਇੱਕ ਪ੍ਰਭਾਵਸ਼ਾਲੀ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਦੀ ਵਾਗਡੋਰ ਸੰਘ ਪਰਵਾਰ ਦੇ ਹੱਥਾਂ ਵਿੱਚ ਆਉਣ ਨਾਲ ਦੇਸ਼ ਦੀ ਧਰਮ-ਨਿਰਪੱਖਤਾ ਨੂੰ ਇੱਕ ਗੰਭੀਰ ਖਤਰਾ ਬਣਿਆ ਹੋਇਆ ਹੈ ਅਤੇ ਇਸ ਫਿਰਕੂ ਫਾਸ਼ੀਵਾਦੀ ਖਤਰੇ ਦੇ ਟਾਕਰੇ ਲਈ ਖੱਬੀਆਂ ਪਾਰਟੀਆਂ ਨੂੰ ਇੱਕ ਮੰਚ 'ਤੇ ਆਉਣਾ ਹੋਵੇਗਾ, ਕਿਉਂਕਿ ਖੱਬੀਆਂ ਪਾਰਟੀਆਂ ਹੀ ਹਨ, ਜੋ ਦੇਸ਼ 'ਚ ਫਿਰਕੂ ਵੰਡ ਨੂੰ ਰੋਕਦਿਆਂ ਮਜ਼ਦੂਰਾਂ-ਕਿਸਾਨਾਂ ਦੇ ਮਸਲੇ ਹੱਲ ਕਰਨ ਵਾਲੀਆਂ ਨੀਤੀਆਂ ਲਾਗੂ ਕਰਵਾ ਸਕਦੀਆਂ ਹਨ। ਤ੍ਰਿਪੁਰਾ 'ਚ ਅਸੰਬਲੀ ਚੋਣਾਂ 'ਚ ਜਿੱਤ ਹਾਸਿਲ ਕਰਨ ਦੇ ਨਸ਼ੇ ਵਿੱਚ ਲੈਨਿਨ ਦੇ ਬੁੱਤਾਂ ਦੀ ਤੋੜਭੰਨ ਅਤੇ ਕਮਿਊਨਿਸਟ ਵਰਕਰਾਂ 'ਤੇ ਹਮਲੇ ਇਸ ਗੱਲ ਦਾ ਸੰਕੇਤ ਹਨ ਕਿ ਸੰਘ ਪਰਵਾਰ ਕਿਸੇ ਵੀ ਹੋਰ ਵਿਚਾਰਧਾਰਾ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਇਸ ਰੈਲੀ ਦੀ ਪ੍ਰਧਾਨਗੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਸੰਤੋਖ ਸਿੰਘ ਬਿਲਗਾ, ਨਿਰਮਲ ਆਧੀ, ਰਾਮ ਕਿਸ਼ਨ ਅਤੇ ਨਿਰਮਲ ਮਲਸੀਆਂ ਨੇ ਕੀਤੀ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਕਾਮਰੇਡ ਮਨੋਹਰ ਸਿੰਘ ਗਿੱਲ, ਪਰਮਜੀਤ ਰੰਧਾਵਾ, ਰਾਮ ਸਿੰਘ ਕੈਮਵਾਲਾ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਬਾਅਦ 'ਚ ਦੇਸ਼ ਭਗਤ ਯਾਦਗਾਰ ਕੰਪਲੈਕਸ ਤੋਂ ਨਹਿਰੂ ਗਾਰਡਨ ਤੱਕ ਮਾਰਚ ਵੀ ਕੀਤਾ ਗਿਆ ਅਤੇ ਮੰਗ ਕੀਤੀ ਕਿ ਐੱਸ ਸੀ ਐੱਸ ਟੀ ਕਾਨੂੰਨ ਨਾਲ ਛੇੜਛਾੜ ਬੰਦ ਕੀਤੀ ਜਾਵੇ ਅਤੇ ਸੁਪਰੀਮ ਕੋਰਟ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ। ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਨੇ ਰੈਲੀ ਵਾਲੀ ਥਾਂ ਆ ਕੇ ਮੰਗ ਪੱਤਰ ਹਾਸਿਲ ਕੀਤਾ।

ਅੰਮ੍ਰਿਤਸਰ : ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਫਿਰਕੂ ਧਰੁਵੀਕਰਨ ਵੱਲ ਸੇਧਤ ਖਤਰਨਾਕ ਕਦਮਾਂ ਵਿਰੁੱਧ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ 24 ਮਾਰਚ ਤੋਂ 31 ਮਾਰਚ 2018 ਤੱਕ ਜ਼ਿਲ੍ਹਾ ਹੈੱਡਕਵਾਟਰ 'ਤੇ ਧਰਨੇ ਦੇਣ, ਮੁਜ਼ਾਹਰੇ ਕਰਨ ਦੇ ਪਾਰਟੀ ਵੱਲੋਂ ਜ਼ਿਲ੍ਹਾ ਕਮੇਟੀਆਂ ਨੂੰ ਦਿੱਤੇ ਗਏ ਸੱਦੇ ਅਨੁਸਾਰ ਡੀ.ਸੀ ਦਫਤਰ ਅੰਮ੍ਰਿਤਸਰ ਵਿਖੇ ਇਕ ਵਿਸ਼ਾਲ ਧਰਨਾ ਸਾਥੀ ਗੁਰਮੇਜ ਸਿੰਘ ਤਿੰਮੋਵਾਲ, ਜਗਤਾਰ ਸਿੰਘ ਕਰਮਪੁਰਾ, ਬਾਬਾ ਅਰਜਨ ਸਿੰਘ, ਗੁਰਨਾਮ ਸਿੰਘ ਉਮਰਪੁਰਾ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ। ਹੱਥਾਂ ਵਿੱਚ ਲਾਲ ਝੰਡੇ, ਮਜ਼ਦੂਰਾਂ, ਕਿਸਾਨਾਂ, ਔਰਤਾਂ, ਨੌਜਵਾਨਾਂ ਤੇ ਦਲਿਤਾਂ ਦੀਆਂ ਮੰਗਾਂ ਸੰਬੰਧੀ ਤਖ਼ਤੀਆਂ ਤੇ ਮਹਾਨ ਅਕਤੂਬਰ ਇਨਕਲਾਬ ਦੇ ਮੋਢੀ ਕਾਮਰੇਡ ਲੈਨਿਨ ਦੀਆਂ ਫੋਟੋ ਫੜ ਕੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਤ੍ਰਿਪੁਰਾ ਵਿੱਚ ਆਰ.ਐੱਸ.ਐੱਸ ਦੀ ਸ਼ਹਿ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਯੋਜਨਾਬੱਧ ਢੰਗ ਨਾਲ ਕਾਮਰੇਡ ਲੈਨਿਨ ਦੇ ਬੁੱਤ ਤੋੜੇ ਗਏ, ਕਮਿਊਨਿਸਟਾਂ 'ਤੇ ਹਮਲੇ ਕਰਕੇ ਕੀਤੀ ਗਈ ਭੰਨਤੋੜ, ਮਾਰਕੁੱਟ ਤੇ ਸਾੜ-ਫੂਕ ਨੇ ਬੀ.ਜੇ.ਪੀ ਦਾ ਕਮਿਊਨਿਸਟ ਵਿਰੋਧੀ ਤੇ ਦਲਿਤ ਵਿਰੋਧੀ ਏਜੰਡਾ ਨੰਗਾ ਹੋ ਗਿਆ ਹੈ।

ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਅਤੇ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ 'ਚ ਕੀਤੇ ਵਾਅਦੇ ਲਾਗੂ ਕਰਾਉਣ ਦੀ ਮੰਗ ਨੂੰ ਲੈ ਕੇ ਅੱਜ ਹਜ਼ਾਰਾਂ ਲੋਕਾਂ ਵੱਲੋਂ ਹੱਥਾਂ ਵਿੱਚ ਲਾਲ ਝੰਡੇ, ਤਖਤੀਆਂ ਫੜ ਕੇ ਲਾ-ਮਿਸਾਲ ਮੁਜ਼ਾਹਰਾ ਕੀਤਾ ਗਿਆ, ਜਿਸ ਦੀ ਅਗਵਾਈ ਪਾਰਟੀ ਦੇ ਆਗੂ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਕਾਮਰੇਡ ਬਲਬੀਰ ਸੂਦ, ਦਲਜੀਤ ਸਿੰਘ ਦਿਆਲਪੁਰਾ, ਅਰਸਾਲ ਸਿੰਘ ਸੰਧੂ, ਜਸਪਾਲ ਸਿੰਘ ਝਬਾਲ ਆਦਿ ਨੇ ਕੀਤੀ।

ਮਹਿਲ ਕਲਾਂ : ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਭਾਰਤ ਦੇ ਸੱਦੇ ਉਪਰ ਕਿਸਾਨਾਂ, ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਨੂੰ ਲੈ ਕੇ ਪਾਰਟੀ ਵੱਲੋਂ ਦਾਣਾ ਮੰਡੀ ਮਹਿਲ ਕਲਾਂ ਵਿਖੇ ਇਕੱਤਰ ਹੋ ਕੇ ਮੁੱਖ ਬਜ਼ਾਰ ਵਿਚ ਰੋਸ ਮਾਰਚ ਕੀਤਾ ਗਿਆ। ਇਸ ਤੋਂ ਬਾਅਦ ਵਰਕਰਾਂ ਵਲੋਂ ਬੀ ਡੀ ਪੀ ਓ ਦਫਤਰ ਮਹਿਲ ਕਲਾਂ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਸੰਬੋਧਨ ਕੀਤਾ। ਸੂਬਾਈ ਆਗੂ ਮਹੀਂਪਾਲ ਬਠਿੰਡਾ, ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਵਜੀਦਕੇ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲਮਾਜਰਾ, ਮਾ: ਯਸ਼ਪਾਲ ਸਿੰਘ ਮਹਿਲ ਕਲਾਂ, ਡਾ: ਅਮਰਜੀਤ ਸਿੰਘ ਕੁੱਕੂ, ਭਾਨ ਸਿੰਘ ਸੰਘੇੜਾ, ਗੁਰਦੇਵ ਸਿੰਘ ਮਹਿਲ ਖੁਰਦ, ਹਰਬੰਸ ਸਿੰਘ ਮਹਿਲ ਕਲਾਂ, ਆਤਮਾ ਸਿੰਘ ਕ੍ਰਿਪਾਲ ਸਿੰਘ ਵਾਲਾ, ਗੁਰਦੀਪ ਸਿੰਘ ਹਰਦਾਸਪੁਰਾ, ਚਰਨ ਸਿੰਘ ਵਜੀਦਕੇ ਛਿੰਦਾ ਸਿੰਘ ਬਾਹਮਣੀਆਂ, ਪ੍ਰੀਤਮ ਸਿੰਘ ਵਜੀਦਕੇ, ਬਲਵੰਤ ਸਿੰਘ ਕਿਰਤੀ, ਚਰਨਜੀਤ ਕੌਰ ਛੀਨੀਵਾਲ, ਸੁਰਜੀਤ ਕੌਰ, ਮਲਕੀਤ ਕੌਰ, ਪਰਮਜੀਤ ਸਿੰਘ ਛੀਨੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ।

ਹੁਸ਼ਿਆਰਪੁਰ : ਸਰਵਸ੍ਰੀ ਸਵਰਨ ਸਿੰਘ ਮੁਕੇਰੀਆਂ, ਸ਼ਿਵ ਕੁਮਾਰ ਸ਼ਰਮਾ ਤਲਵਾੜਾ, ਕਾ: ਗੰਗਾ ਪ੍ਰਸ਼ਾਦਿ 'ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਆਰ.ਐੱਮ.ਪੀ.ਆਈ. ਦੀ ਪੰਜਾਬ ਰਾਜ ਕਮੇਟੀ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ 30 ਮਾਰਚ ਨੂੰ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਵਰਕਰਾਂ ਨੇ ਇਕੱਠੇ ਹੋ ਕੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਧੋਖਾਧੜੀਆਂ ਵਿਰੁੱਧ ਜ਼ਬਰਦਸਤ ਮੁਜ਼ਾਹਰਾ ਕੀਤਾ ਅਤੇ ਸ਼ਹਿਰ ਵਿੱਚ ਮਾਰਚ ਕੀਤਾ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਰ.ਐੱਮ.ਪੀ.ਆਈ. ਦੇ ਸੂਬਾ ਸਕੱਤਰ ਕਾ: ਹਰਕੰਵਲ ਸਿੰਘ ਨੇ ਕਿਹਾ ਕਿ ਅਸੀਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਵਸ ਮਨਾਇਆ ਹੈ। ਉਸ ਦਿਨ ਖਟਕੜ ਕਲਾਂ ਵਿਖੇ ਪੰਜਾਬ ਦੇ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੋਵੇਗੀ। ਉਨ੍ਹਾ ਕਿਹਾ ਕਿ ਇਹ ਕੈਸੀ ਵਿਡੰਬਨਾ ਹੈ ਕਿ ਸ਼ਰਧਾਂਜਲੀਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿੱਤੀਆਂ ਜਾ ਰਹੀਆਂ ਹਨ, ਪਰ ਨੀਤੀਆਂ ਸਾਮਰਾਜੀ ਨਿਰਦੇਸ਼ਾਂ ਅਨੁਸਾਰ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਫਲਸਰੂਪ ਗਰੀਬ ਮਜ਼ਦੂਰ ਅਤੇ ਕਿਸਾਨ ਨਿਰਾਸ਼ਾਂ ਦੇ ਆਲਮ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ। ਬੇਰੁਜ਼ਗਾਰੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਦੇ ਚੱਲਦਿਆਂ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਗ੍ਰਸਤ ਹੋ ਚੁੱਕੀ ਹੈ। ਸਚਾਈ ਤਾਂ ਇਹ ਹੈ ਕਿ ਪੰਜਾਬ ਦੀ ਜੁਆਨੀ ਦਾ ਪੰਜਾਬ ਦੇ ਪ੍ਰਬੰਧਨ ਤੋਂ ਮੋਹ ਭੰਗ ਹੋ ਚੁੱਕਾ ਹੈ, ਜਿਸ ਕਰਕੇ ਪੰਜਾਬ ਦਾ ਹਰ ਨੌਜਵਾਨ ਹਰ ਹੀਲੇ ਵਿਦੇਸ਼ ਜਾਣ ਦਾ ਮਨ ਬਣਾਈ ਬੈਠਾ ਹੈ। ਕਿੳਂੁਕਿ ਨੌਜਵਾਨਾਂ ਨੂੰ ਜ਼ਿੰਦਗੀ ਦਾ ਨਿਰਬਾਹ ਕਰਨ ਲਈ ਰੁਜ਼ਗਾਰ ਦੇ ਮੌਕੇ ਕਿਧਰੇ ਵੀ ਨਜ਼ਰ ਨਹੀਂ ਆ ਰਹੇ। ਇਸ ਮੌਕੇ ਮੁਜ਼ਾਹਰੇ ਨੂੰ ਐਡਵੋਕੇਟ ਰਣਜੀਤ ਕੁਮਾਰ, ਡਾ. ਤਰਲੋਚਨ ਸਿੰਘ, ਸੱਤਪਾਲ ਲੱਠ, ਸਵਰਨ ਸਿੰਘ ਮੁਕੇਰੀਆਂ, ਅਮਰਜੀਤ ਸਿੰਘ ਕਾਨੂੰਗੋ, ਸ਼ਿਵ ਕੁਮਾਰ ਸ਼ਰਮਾ ਤਲਵਾੜਾ, ਗੰਗਾ ਪ੍ਰਸ਼ਾਦ, ਪਿਆਰਾ ਸਿੰਘ ਪਰਖ, ਹਰਜਾਪ ਸਿੰਘ, ਸੱਤਪਾਲ ਸਿੰਘ ਚੱਬੇਵਾਲ, ਸਰਬਜੀਤ ਸਿੰਘ ਕੱਕੋਂ, ਜਗਤਾਰ ਸਿੰਘ ਭੂੰਗਰਨੀ, ਤਰਸੇਮ ਲਾਲ ਹਰਿਆਣਾ, ਗੁਰਦੇਵ ਦੱਤ ਅਤੇ ਜਨਵਾਦੀ ਇਸਤਰੀ ਸਭਾ ਵੱਲੋਂ ਭੈਣ ਬਿਮਲਾ ਦੇਵੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦਵਿੰਦਰ ਸਿੰਘ ਕੱਕੋਂ ਜ਼ਿਲ੍ਹਾ ਸਕੱਤਰ ਨੇ ਬਾਖੂਬੀ ਨਿਭਾਈ।

ਮਾਨਸਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਦੀ ਸੂੁਬਾ ਕਮੇਟੀ ਵੱਲੋਂ 23 ਤੋਂ 31 ਮਾਰਚ ਤੱਕ ਜ਼ਿਲ੍ਹਾ ਕੇਂਦਰ 'ਤੇ ਰੈਲੀਆਂ ਅਤੇ ਲੋਕ ਮਾਰਚ ਕੀਤੇ ਜਾਣ ਦੇ ਸੱਦੇ ਨੂੰ ਲਾਗੂ ਕਰਦਿਆਂ ਅੱਜ ਪਾਰਟੀ ਵੱਲੋਂ ਸਥਾਨਕ ਮਾਲ ਗੋਦਾਮ ਵਿਖੇ ਭਰਵੀਂ ਰੈਲੀ ਕਰਕੇ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਮਾਰਚ ਕੀਤਾ ਗਿਆ। ਉਕਤ ਲੋਕ ਮਾਰਚ ਪ੍ਰਜਾ ਮੰਡਲ ਦੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਕੋਲ ਜਾ ਕੇ ਸੰਪੰਨ ਹੋਇਆ। ਵਰਨਣਯੋਗ ਹੈ ਕਿ ਪਾਰਟੀ ਵੱਲੋਂ ਉਕਤ ਮੁਹਿੰਮ ਦੀ ਸ਼ੁਰੂਆਤ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਤੋਂ ਸ਼ਹੀਦੀ ਕਾਨਫਰੰਸ ਕਰਕੇ ਕੀਤੀ ਗਈ ਸੀ। ਸਥਾਨਕ ਰੇਲਵੇ ਸਟੇਸ਼ਨ ਵਿੱਚ ਹੋਈ ਇਕੱਤਰਤਾ ਨੁੂੰ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਸੂਬਾ ਕਮੇਟੀ ਮੈਂਬਰ ਛੱਜੂ ਰਾਮ ਰਿਸ਼ੀ, ਜ਼ਿਲ੍ਹਾ ਸਕੱਤਰ ਲਾਲ ਚੰਦ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਅਤਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਮੱਖਣ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਬੰਸੀ ਲਾਲ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਗਗਨਦੀਪ ਸ਼ਰਮਾ, ਡਾ. ਗੁਰਤੇਜ ਖੀਵਾ, ਗੁਰਦੇਵ ਸਿੰਘ ਲੋਹਗੜ੍ਹ ਅਤੇ ਮੰਗਤ ਰਾਮ ਕਰੰਡੀ ਨੇ ਸੰਬੋਧਨ ਕਰਦਿਆਂ ਲੋਕ ਮਾਰਚ ਦਾ ਉਦੇਸ਼ ਸਾਂਝਾ ਕੀਤਾ। ਸਟੇਜ ਦੀ ਕਾਰਵਾਈ ਸਾਥੀ ਮਨਦੀਪ ਸਿੰਘ ਸਰਦੂਲਗੜ੍ਹ ਵੱਲੋਂ ਚਲਾਈ ਗਈ। ਪ੍ਰਿੰਸੀਪਲ (ਰਿਟਾਇਰਡ) ਹਰਚਰਨ ਸਿੰਘ ਮੌੜ ਨੇ ਸਭਨਾਂ ਦਾ ਧੰਨਵਾਦ ਕੀਤਾ। ਰੈਲੀ ਨੂੰ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਮਹੀਪਾਲ ਨੇ ਸੰਬੋਧਨ ਕੀਤਾ। ਬਾਅਦ ਵਿਚ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਮੰਗ ਪੱਤਰ ਵੀ ਭੇਜਿਆ ਗਿਆ।

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਜਲੰਧਰ ਤਹਿਸੀਲ ਕਮੇਟੀ ਦੇ ਸੱਦੇ 'ਤੇ ਪੁੱਜੇ ਭਾਰੀ ਗਿਣਤੀ ਕਾਰਕੁਨਾਂ ਨੇ ਅੱਜ ਸਥਾਨਕ ਬੇਅੰਤ ਪਾਰਕ ਵਿਖੇ ਰੋਹ ਭਰਪੂਰ ਰੈਲੀ ਅਤੇ ਮੁਜ਼ਹਰਾ ਕੀਤਾ। 'ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ, ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!' ਦੇ ਸੱਦੇ ਤਹਿਤ ਕੀਤੀ ਗਈ ਰੈਲੀ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਫਿਰਕੂ ਵੰਡ ਦੇ ਸਾਜ਼ਿਸ਼ੀ ਨਿਸ਼ਾਨੇ ਤਹਿਤ ਆਰਐਸਐਸ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਵੱਲੋਂ ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਦੇ ਕੀਤੇ ਜਾ ਰਹੇ ਕਤਲੇਆਮ ਵਿਰੁੱਧ ਵਿਸ਼ਾਲ ਲੋਕ ਲਹਿਰ ਦੀ ਉਸਾਰੀ ਲਈ ਜੁੱਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਪਾਰਟੀ ਦੇ ਤਹਿਸੀਲ ਸਕੱਤਰ ਸਾਥੀ ਰਾਮ ਕਿਸ਼ਨ ਨੇ ਦੱਸਿਆ ਕਿ ਇਸ ਵਾਰ ਦਾ ਕੌਮਾਂਤਰੀ ਮਜ਼ਦੂਰ ਦਿਵਸ ਪਹਿਲੀ ਮਈ ਨੂੰ 'ਪੂੰਜੀਵਾਦੀ ਲੁੱਟ ਅਤੇ ਮਨੂੰਵਾਦੀ ਗ਼ੁਲਾਮੀ ਵਿਰੁੱਧ ਦਿਵਸ' ਵਜੋਂ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਵੇਗਾ। ਉਨ੍ਹਾਂ ਹਾਜ਼ਰ ਕਾਰਕੁਨਾਂ ਨੂੰ ਸੱਦਾ ਦਿੱਤਾ ਕਿ 25-26 ਅਪ੍ਰੈਲ ਨੂੰ ਹਰ ਮੁਹੱਲੇ ਵਿੱਚ, ਘਰ-ਘਰ ਜਾਕੇ ਕਠੂਆ ਬਲਾਤਕਾਰ ਤੇ ਕਤਲ ਵਿਰੁੱਧ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਕੁੱਦਣ ਦਾ ਸੁਨੇਹਾ ਦਿੱਤਾ ਜਾਵੇ। ਇਸ ਮੌਕ ਸਰਬ ਸਾਥੀ ਹਰੀਮੁਨੀ ਸਿੰਘ, ਬੀਬੀ ਕੰਚਨ, ਬੀਬੀ ਪਾਰਵਤੀ ਅਤੇ ਹੋਰਨਾਂ ਵੱਲੋਂ ਵੀ ਰੈਲੀ ਨੂੰ ਸੰਬੋਧਨ ਕੀਤਾ ਗਿਆ।

ਅਜਨਾਲਾ : ਸਥਾਨਕ ਸ਼ਹਿਰ 'ਚ ਆਰ.ਐੱਮ.ਪੀ.ਆਈ. ਦੇ ਕਾਰਕੁੰਨਾਂ ਨੇ ਪੰਜਾਬ ਬਜਟ ਵਿਰੁੱਧ ਰੋਸ ਮੁਜ਼ਾਹਰਾ ਕਰਕੇ ਕੈਪਟਨ ਸਰਕਾਰ ਤੇ ਪੰਜਾਬ ਬਜਟ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਰੋਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ ਨੇ ਸੰਬੋਧਨ ਕੀਤਾ।

ਚੋਹਲਾ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਸੱਤਾਧਾਰੀ ਧਿਰ ਦੀ ਸ਼ਹਿ 'ਤੇ ਲੋਕਾਂ 'ਤੇ ਦਰਜ ਕੀਤੇ ਜਾ ਰਹੇ ਝੂਠੇ ਪਰਚੇ ਅਤੇ ਕਈ-ਕਈ ਚਿਰ ਤੋਂ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾ ਦਾ ਹੱਲ ਨਾ ਕਰਨ ਵਿਰੁੱਧ ਥਾਣਾ ਚੋਹਲਾ ਸਾਹਿਬ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਪਾਰਟੀ ਦੇ ਆਗੂ ਦਾਰਾ ਸਿੰਘ ਮੁੰਡਾਪਿੰਡ, ਕਰਮ ਸਿੰਘ ਫਤਿਆਬਾਦ, ਬਲਵਿੰਦਰ ਸਿੰਘ ਫੈਲੋਕੇ ਤੇ ਰੇਸ਼ਮ ਸਿੰਘ ਫੈਲੋਕੇ ਕੇ ਕੀਤੀ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਬਲਦੇਵ ਸਿੰਘ ਪੰਡੋਰੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ ਨੇ ਸੰਬੋਧਨ ਕੀਤਾ। ਉਕਤ ਆਗੂਆਂ ਨੇ ਦੋਸ਼ ਲਾਇਆ ਕਿ ਇਸ ਥਾਣੇ ਅੰਦਰ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਤੇ ਕਿਸੇ ਦਾ ਵੀ ਕੰਮ ਪੈਸੇ ਤੋਂ ਬਗ਼ੈਰ ਨਹੀਂ ਹੁੰਦਾ।

ਜਮਾਤੀ ਲੁੱਟ ਅਤੇ ਜਾਤੀ ਵਿਤਕਰੇ ਵਿਰੁੱਧ ਮਨਾਈ ਡਾ. ਅੰਬੇਡਕਰ ਜਯੰਤੀ

ਡਾਕਟਰ ਬੀ.ਆਰ. ਅੰਬੇਡਕਰ ਦਾ ਜਨਮ ਦਿਵਸ ਜਮਾਤੀ ਲੁੱਟ ਅਤੇ ਜਾਤੀ ਅਧਾਰਤ ਵਿਤਕਰੇ ਦੇ ਖਾਤਮੇ ਲਈ ਚੇਤਨਾ ਦਿਵਸ ਵਜੋਂ ਮਨਾਇਆ ਗਿਆ। ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਡਾ. ਭੀਮ ਰਾਓ ਅੰਬੇਡਕਰ, ਜਿਨ੍ਹਾਂ ਨੂੰ ਆਮ ਕਰਕੇ ਸਨਮਾਨ ਵਜੋਂ ਬਾਬਾ ਸਾਹਿਬ ਵੀ ਕਿਹਾ ਜਾਂਦਾ ਹੈ, ਦਾ 127ਵਾਂ ਜਨਮ ਦਿਵਸ (ਜਨਮ ਮਿਤੀ 14.4.1891) 12 ਅਤੇ 13 ਅਪ੍ਰੈਲ ਨੂੰ ਸੂਬੇ ਭਰ ਵਿਚ ਸੈਮੀਨਾਰ, ਰੈਲੀਆਂ, ਮੀਟਿੰਗਾਂ ਕਰਕੇ ਮਨਾਇਆ ਗਿਆ। ਰਈਆ (ਅੰਮ੍ਰਿਤਸਰ), ਮਾਹੂੰਵਾਲ (ਜਲੰਧਰ) ਅਤੇ ਪਠਾਨਕੋਟ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਸੈਮੀਨਾਰ ਕੀਤੇ ਗਏ ਜਿਨ੍ਹਾਂ ਵਿਚ ਜਮਹੂਰੀ ਲਹਿਰ ਦੇ ਉਘੇ ਆਗੂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੁਰੂਕੁਸ਼ੇਤਰਾ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੈਫੈਸਰ ਕਰਮਜੀਤ ਸਿੰਘ ਨੇ ਮੁੱਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਰੱਖੇ। ਬਾਕੀ ਥਾਂਈਂ ਸਭਾ ਵਲੋਂ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀਆਂ ਫੌਰੀ ਅਤੇ ਬੁਨਿਆਦੀ ਮੰਗਾਂ ਦੀ ਪ੍ਰਾਪਤੀ ਲਈ ਫੈਸਲਾਕੁੰਨ ਸੰਗਰਾਮਾਂ ਦੀ ਉਸਾਰੀ ਦਾ ਸੱਦਾ ਦਿੱਤਾ ਗਿਆ।

ਸੰਖੇਪ ਰਿਪੋਰਟਾਂ :

ਪਠਾਨਕੋਟ : ਸੰਘ ਪਰਿਵਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਜ਼ਹਿਰੀਲੇ ਫਿਰਕੂ ਪ੍ਰਚਾਰ ਤੇ ਚੇਤਨ ਰੂਪ ਵਿੱਚ ਕੀਤੇ ਗਏ ਜਥੇਬੰਦਕ ਕਾਤਲਾਨਾ ਹਮਲਿਆਂ ਕਾਰਨ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀਆਂ ਉਪਰ ਅਣਮਨੁੱਖੀ ਤੇ ਘਿਨਾਉਣੇ ਜੁਰਮ ਹੋ ਰਹੇ ਹਨ। ਇਹ ਪ੍ਰਗਟਾਵਾ ਆਰਐਮਪੀਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਪਿੰਡ ਸੁੰਦਰ ਚੱਕ 'ਚ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਦੇ ਜਨਮ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਵੱਲੋਂ ਦਲਿਤਾਂ, ਦੱਬੇ ਕੁਚਲੇ ਲੋਕਾਂ ਅਤੇ ਔਰਤਾਂ ਦੀ ਬੰਦਖਲਾਸੀ ਲਈ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਨਰਿੰਦਰ ਮੋਦੀ ਦੇ ਰਾਜ ਵਿੱਚ ਦਲਿਤਾਂ 'ਤੇ, ਪੱਛੜੇ ਵਰਗ 'ਤੇ ਗੰਭੀਰ ਹਮਲੇ ਹੋ ਰਹੇ ਹਨ ਅਤੇ ਆਰਐੱਸਐੱਸ ਇਕ ਵਾਰ ਫਿਰ ਦੇਸ਼ ਵਿੱਚ ਮਨੂੰਵਾਦੀ ਵਿਚਾਰਧਾਰਾ ਵਾਲਾ ਦੌਰ ਲਿਆਉਣਾ ਚਾਹੁੰਦੀ ਹੈ, ਜਿਸ ਵਿੱਚ ਦਲਿਤ ਸਮਾਜ ਨੂੰ ਮਨੁੱਖੀ ਅਧਿਕਾਰ ਪ੍ਰਾਪਤ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਡੇ-ਵੱਡੇ ਪੂੰਜੀਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਨੂੰ ਵਧਾਉਣ ਵਾਲੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਕਾਮਰੇਡ ਪਾਸਲਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਤਰ੍ਹਾਂ ਹੀ ਕੰਮ ਕਰ ਰਹੀ ਹੈ ਤੇ ਚੋਣ ਵਾਅਦਿਆਂ ਨੂੰ ਵਿਸਾਰ ਕੇ ਬੈਠ ਗਈ ਹੈ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਕਿਰਤੀ ਲੋਕਾਂ ਅਤੇ ਖਾਸਕਰ ਪੇਡੂ ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਵੰਡ ਲਈ ਲਾਮਬੰਦੀ ਕਰਨੀ ਪਵੇਗੀ ਤਾਂ ਕਿ ਪੇਂਂਡੂ ਧਨਾਢਾਂ ਤੇ ਜਗੀਰਦਾਰਾਂ ਵੱਲੋਂ ਵਾਧੂ ਦੱਬ ਕੇ ਰੱਖੀ ਹੋਈ ਜ਼ਮੀਨ ਲੋਕਾਂ ਵਿੱਚ ਵੰਡੀ ਜਾ ਸਕੇ। ਇਸ ਮੌਕੇ ਹਜਾਰੀ ਲਾਲ, ਜਨਕ ਕੁਮਾਰ, ਸ਼ਿਵ ਕੁਮਾਰ, ਰਵੀ, ਸੁਰਿੰਦਰ ਸ਼ਾਹ, ਦੇਵ ਰਾਜ, ਬਲਦੇਵ, ਆਸ਼ਾ ਕੁਮਾਰੀ, ਤ੍ਰਿਪਤਾ ਦੇਵੀ, ਵੀਨਾ ਕੁਮਾਰੀ, ਰੇਖਾ ਰਾਣੀ, ਅਨੀਤਾ ਮੌਜੂਦ ਸਨ।

ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਮਾਹੂਵਾਲ ਤਹਿਸੀਲ ਨਕੋਦਰ 'ਚ ਕਰਵਾਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆ ਖੱਬੀ ਲਹਿਰ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਰਤ 'ਚੋਂ ਕਿਰਤੀ ਵਰਗ ਦੀ ਬੇਕਿਰਕ ਆਰਥਿਕ ਲੁੱਟ, ਦਲਿੱਤਾਂ 'ਤੇ ਹੁੰਦੇ ਅਣਮਨੁੱਖੀ ਜਾਤੀ ਪਾਤੀ ਅਤਿਆਚਾਰਾਂ, ਔਰਤਾਂ ਖ਼ਿਲਾਫ਼ ਹੋ ਰਹੇ ਜਿਣਸੀ ਅਪਰਾਧਾਂ ਤੇ ਹਰ ਕਿਸਮ ਦੀ ਨਾਬਰਾਬਰੀ ਦਾ ਖਾਤਮਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਅਤੇ ਕਾਰਲ ਮਾਰਕਸ ਦੇ ਵਿਚਾਰਾਂ ਦੇ ਸੁਮੇਲ ਦੇ ਨਾਲ ਨਾਲ ਬੇਕਿਰਕ ਜਮਾਤੀ ਘੋਲ ਰਾਹੀ ਹੀ ਕੀਤਾ ਜਾ ਸਕਦਾ ਹੈ।।ਸਾਥੀ ਪਾਸਲਾ ਨੇ ਕਿਹਾ ਕਿ ਦਲਿਤਾਂ ਲਈ ਸੰਵਿਧਾਨ 'ਚ ਮਿਲੀਆਂ ਮਾਮੂਲੀ ਰਾਆਇਤਾਂ ਨੂੰ ਖਤਮ ਕਰਕੇ ਮਨੂੰਸਿਮਰਤੀ ਨੂੰ ਹੀ ਸੰਵਿਧਾਨ ਬਣਾਉਣ ਦੀਆਂ ਵਿਊਂਤਾ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮੂਰਤੀ ਸਾਹਮਣੇ ਰੱਖ ਕੇ ਪੂਜਾ ਕਰਨਾ ਵੀ ਨਵੀਂ ਕਿਸਮ ਦਾ ਹੀ ਬਰ੍ਹਾਮਣਵਾਦ ਹੈ। ਪਾਸਲਾ ਨੇ ਕਿਹਾ ਕਿ ਬਾਬਾ ਸਾਹਿਬ ਦੀ ਪ੍ਰੇਰਨਾਮਈ ਯਾਦ ਨੂੰ ਸਮਰਪਿਤ ਸਮਾਗਮ ਤੜਕ ਭੜਕ ਦੇ ਪ੍ਰਗਟਾਵੇ ਦੀ ਬਜਾਏ ਇਸ ਢੰਗ ਨਾਲ ਮਨਾਏ ਜਾਣੇ ਚਾਹੀਦੇ ਹਨ ਕਿ ਉਨ੍ਹਾਂ ਦੇ ਵਿਚਾਰ ਵੱਧ ਤੋਂ ਵੱਧ ਲੋਕਾਂ ਖ਼ਾਸ ਕਰਕੇ ਦੱਬੇ ਕੁਚਲੇ ਕਿਰਤੀਆਂ ਦੀ ਚੇਤਨਾ ਦਾ ਹਿੱਸਾ ਬਨਣ ਅਤੇ ਅੱਗੋ ਇਹ ਚੇਤਨਾ ਦੀ ਰੋਸ਼ਨੀ ਹਰ ਕਿਸਮ ਦੇ ਅਨਿਆਂ ਅਤੇ ਲੁੱਟ ਤੋਂ ਸੱਖਣੇ ਬਾਬਾ ਸਾਹਿਬ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੇ ਸੰਗਰਾਮਾਂ ਦੀ ਉਸਾਰੀ ਲਈ ਸਹਾਈ ਹੋਵੇ। ਕਾਮਰੇਡ ਪਾਸਲਾ ਨੇ ਕਿਹਾ ਕਿ ਭਾਰਤ ਨੂੰ ਜਮਾਤ ਰਹਿਤ, ਜਾਤ ਰਹਿਤ, ਨਾਰੀ ਮੁਕਤੀ ਵੱਲ ਸੇਧਕ ਸੈਕੂਲਰ ਸਮਾਜ ਸਿਰਜਣ ਦਾ ਜਮਹੂਰੀ ਸੰਗਰਾਮ ਹੀ ਬਾਬਾ ਸਾਹਿਬ ਦੇ ਸੁਪਨਿਆਂ ਦੀ ਪੂਰਤੀ ਦਾ ਸਬੱਬ ਬਣ ਸਕਦਾ ਹੈ।। ਉਨ੍ਹਾਂ ਸੱਦਾ ਦਿਤਾ ਕਿ ਉਕਤ ਸੰਗਰਾਮ ਦੀ ਮੂਲ ਭਾਵਨਾ, ਪੂੰਜੀਵਾਦੀ ਲੁੱਟ ਅਤੇ ਮਨੂਵਾਦੀ ਗੁਲਾਮੀ ਦੇ ਖਾਤਮੇ ਦੀ ਚੇਤਨਾ ਹੋਣੀ ਚਾਹੀਦੀ ਹੈ। ਇਸ ਮੌਕੇ ਉਘੇ ਵਿਦਵਾਨ ਅਤੇ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁੱਖੀ ਡਾ. ਕਰਮਜੀਤ ਸਿੰਘ ਨੇ ਆਪਣੇ ਭਾਸ਼ਣ 'ਚ ਡਾ. ਬੀ.ਆਰ. ਅੰਬੇਡਕਰ ਦੇ ਸੰਘਰਸ਼ੀਲ ਰਾਹ ਵਿਖਾਊਂ ਜੀਵਨ ਘਾਲਨਾਵਾਂ, ਪ੍ਰਾਪਤੀਆਂ ਅਤੇ ਆਦੇਸ਼ ਬਾਰੇ ਬਹੁਤ ਹੀ ਭਾਵ ਪੂਰਤ ਅਤੇ ਖੋਜ ਭਰਪੂਰ ਚਾਨਣਾ ਪਾਇਆ। ਸੈਮੀਨਾਰ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਬਠਿੰਡਾ ਨੇ ਵੀ ਆਪਣੇ ਵਿਚਾਰ ਰੱਖੇ, ਸਟੇਜ ਸਕੱਤਰ ਦੀ ਭੂਮਿਕਾ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਵੱਲੋਂ ਨਿਭਾਈ ਗਈ। ਸੈਮੀਨਾਰ ਦੀ ਪ੍ਰਧਾਨਗੀ ਸਰਬ ਸਾਥੀ ਰਾਮ ਸਿੰਘ ਕੈਮਵਾਲਾ, ਦਲਵਿੰਦਰ ਸਿੰਘ ਕੁਲਾਰ, ਨਿਰਮਲ ਸਿੰਘ ਆਧੀ ਦੇ ਅਧਾਰਤ ਪ੍ਰਧਾਨਗੀ ਮੰਡਲ ਵੱਲੋ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਘਵੀਰ ਕੌਰ ਪੀ.ਐਚ.ਡੀ, ਸਵਰਨ ਰੱਤੂ, ਮੇਜਰ ਸਿੰਘ ਰੱਤੂ, ਮੱਖਣ ਸਿੰਘ ਨੂਰਪੁਰੀ, ਬਖਸ਼ੀ ਪੰਡੋਰੀ, ਬਲਵੰਤ ਸਿੰਘ ਕਾਇਮਵਾਲਾ, ਜਰਨੈਲ ਸਿੰਘ ਸਹੋਤਾ, ਮੋਹਣ ਲਾਲ ਤੇਜ਼ੀ, ਮੰਗਤ ਰਾਮ ਸਹੋਤਾ, ਮੱਖਣ ਮਾਹੀ ਆਦਿ ਨੇ ਸ਼ਿਰਕਤ ਕੀਤੀ।

ਰਈਆ : ਦਿਹਾਤੀ ਮਜ਼ਦੂਰ ਸਭਾ ਵੱਲੋਂ ਸਾਥੀ ਪਲਵਿੰਦਰ ਸਿੰਘ ਮਹਿਸਮਪੁਰ ਦੀ ਪ੍ਰਧਾਨਗੀ ਹੇਠ ਦਾਣਾ-ਮੰਡੀ ਰਈਆ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਜਨਮਦਿਨ ਮਨਾਇਆ ਗਿਆ। ਇਸ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਇਹ ਮਹਿਜ਼ ਡਾ: ਸਾਹਿਬ ਦੀ ਪ੍ਰਤਿਮਾ 'ਤੇ ਫੁੱਲ ਚੜ੍ਹਾਉੇਣ ਦੀ ਰਸਮ ਨਹੀਂ ਸੀ, ਸਗੋਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਕਿਰਤੀ ਵਰਗ ਦੇ ਹਰ ਗਲੀ-ਮੁੱਹਲੇ ਵਿੱਚ ਪਹੁੰਚਾਉਣ ਦਾ ਅਹਿਦ ਸੀ। ਇਸ ਮੌਕੇ ਪ੍ਰੋ. ਕਰਮਜੀਤ ਸਿੰਘ ਜੋ ਕੁਰੂਕਸ਼ੇਤਰ ਯੁਨੀਵਰਸਿਟੀ ਤੋਂ ਪੰਜਾਬੀ ਵਿਭਾਗ ਦੇ ਮੁਖੀ ਰਿਟਾਇਰ ਹੋਏ ਹਨ, ਨੇ ਦੱਸਿਆ ਕਿ ਭੀਮ ਰਾਓ ਜੀ ਨੂੰ ਬਚਪਨ ਤੋਂ ਪੜ੍ਹਨ ਵੇਲੇ ਤੋਂ ਹੀ ਕੱਟੜਵਾਦੀਆਂ ਵੱਲੋਂ ਜਾਤੀ-ਪਾਤੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ, ਇੱਥੋਂ ਤੱਕ ਕਿ ਸਕੂਲ ਵਿੱਚ ਉਹਨਾ ਨੂੰ ਘੜੇ ਵਿੱਚੋਂ ਪਾਣੀ ਪੀਣ ਦੀ ਇਜਾਜ਼ਤ ਵੀ ਨਹੀਂ ਸੀ। ਨਾਈ ਨੇ ਉਹਨਾਂ ਦੀ ਸ਼ੇਵ ਕਰਨੋਂ ਅਤੇ ਵਾਲ ਕੱਟਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੀਆਂ ਪ੍ਰਸਥਿਤੀਆਂ ਵਿੱਚ ਵੀ ਡਾ. ਅੰਬੇਡਕਰ ਨੇ ਹੌਸਲਾ ਨਾ ਹਾਰਿਆ। ਹਾਲਾਤ ਨਾਲ ਲਗਾਤਾਰ ਸੰਘਰਸ਼ ਕਰਦੇ ਰਹੇ, ਉਹ ਪੜ੍ਹਨ ਵਿੱਚ ਬੇਹੱਦ ਬੁੱਧੀਮਾਨ ਤੇ ਉੱਚਕੋਟੀ ਦੇ ਰਾਜਨੀਤੀਵਾਨ ਸਨ, ਜਿਨ੍ਹਾਂ ਕਾਨੂੰਨ ਮੰਤਰੀ ਅਤੇ ਉੱਚ ਅਹੁਦਿਆਂ 'ਤੇ ਹੁੰਦੇ ਹੋਏ ਐਸ਼ੋਆਰਾਮ ਦੀ ਜ਼ਿੰਦਗੀ ਨਹੀਂ ਜੀਵੀ, ਸਗੋਂ ਆਪਣੀ ਸਾਰੀ ਜ਼ਿੰਦਗੀ ਕਿਰਤੀ ਜਮਾਤ ਅਤੇ ਦਲਿਤਾਂ ਦੀ ਸਮਾਜਿਕ ਅਤੇ ਆਰਥਿਕ ਬਰਾਬਰੀ ਲਈ ਕੁਰਬਾਨ ਕੀਤੀ। ਦਿਹਾਤੀ ਮਜ਼ਦੂਰ ਸਭਾ ਦੇ ਸੁਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੇ ਸੁਬਾਈ ਮੀਤ ਪ੍ਰਧਾਨ ਸਾਥੀ ਅਮਰੀਕ ਸਿੰਘ ਦਾਊਦ ਨੇ ਮਜ਼ਦੂਰ, ਦਲਿਤਾਂ, ਕਿਰਤੀਆਂ ਨੂੰ ਵੰਗਾਰ ਦਿੱਤੀ, ਫਿਰਕਾਪ੍ਰਸਤੀ, ਮੰਨੂਵਾਦੀ ਵਿਚਾਰਧਾਰਾ ਵਾਲਾ ਕੇਂਦਰ ਰਾਜ ਪ੍ਰਬੰਧ ਨੂੰ ਤਬਾਹ ਕਰਨ ਲਈ ਡਾ: ਸਾਹਿਬ ਦਾ ਸੁਨੇਹਾ 'ਪੜ੍ਹੋ ਇਕੱਠੇ ਹੋਵੋ ਅਤੇ ਸੰਘਰਸ਼ ਕਰੋ' ਦਾ ਵਿਚਾਰ ਘਰ ਘਰ ਪਹੁੰਚਾਉਣ ਲਈ ਕਿਹਾ। ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਵੀ ਪਹੁੰਚੇ ਸਨ, ਨੇ ਕਿਹਾ ਕਿ ਭਾਰਤ ਵਿੱਚੋਂ ਜਬਰ ਅਤੇ ਅਨਿਆਂ ਵਾਲੇ ਰਾਜ ਦੀਆਂ ਜੜ੍ਹਾਂ ਪੁੱਟਣ ਲਈ ਦਲਿਤਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸਾਂਝੇ ਸੰਘਰਸ਼ ਲੜਨੇ ਸਮੇਂ ਦੀ ਪ੍ਰਮੁੱਖ ਲੋੜ ਹੈ। ਇਸ ਮੌਕੇ ਨਿਰਮਲ ਸਿੰਘ ਛੱਜਲਵੱਡੀ, ਨਰਿੰਦਰ ਸਿੰਘ ਵਡਾਲਾ, ਕਮਲ ਸ਼ਰਮਾ ਮੱਦ, ਗੁਰਨਾਮ ਸਿੰਘ ਭਿੰਡਰ ਨੇ ਵੀ ਸੰਬੋਧਨ ਕੀਤਾ।

ਹੌਲਨਾਕ ਬਲਾਤਕਾਰ ਅਤੇ ਕਤਲ ਕਾਂਡਾਂ ਵਿਰੁੱਧ ਰੋਸ ਪ੍ਰਦਰਸ਼ਨ

ਰਸਾਨਾ (ਕਠੂਆ) ਜੰਮੂ ਕਸ਼ਮੀਰ ਵਿਖੇ, ਬੱਕਰਵਾਲ ਗੁੱਜਰ ਕਬੀਲੇ ਦੀ 8 ਸਾਲਾ ਬਾਲੜੀ ਆਸਿਫ਼ਾ ਨਾਲ, ਫਿਰਕੂ ਨਫਰਤ ਨਾਲ ਜ਼ਿਹਨੀ ਅੰਨ੍ਹੇ ਹੋਏ ਵਿਅਕਤੀਆਂ ਵਲੋਂ ਇਕ ਧਾਰਮਿਕ ਸਥਾਨ ਵਿਚ, ਜਬਰੀ ਨਸ਼ੀਲੀਆਂ ਦਵਾਈਆਂ ਖੁਆ ਕੇ ਕੀਤੇ ਗਏ ਹੌਲਨਾਕ ਜਬਰ ਜਿਨਾਹ ਅਤੇ ਪਿਛੋਂ ਉਸ ਬੱਚੀ ਦਾ ਵਹਿਸ਼ੀਆਨਾ ਕਤਲ ਕੀਤੇ ਜਾਣ ਵਿਰੁੱਧ, ਉਨਾਵ (ਉਤਰ ਪ੍ਰਦੇਸ਼) ਦੇ ਇਕ ਅਪਰਾਧੀ ਪਿਛੋਕੜ ਵਾਲੇ ਭਾਜਪਾ ਵਿਧਾਇਕ ਵਲੋਂ ਇਕ ਨਾਬਾਲਿਗ ਦਲਿਤ ਲੜਕੀ ਨਾਲ ਬਲਾਤਕਾਰ ਅਤੇ ਪੁਲਸ ਹਿਰਾਸਤ 'ਚ ਉਸ ਲੜਕੀ ਦੇ ਬੇਗੁਨਾਹ ਬਾਪ ਦਾ ਪੁਲਸ ਕਰਮੀਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਹੱਥੋਂ ਕਤਲ ਕਰਵਾਏ ਜਾਣ ਵਿਰੁੱਧ ਅਤੇ ਦੇਸ਼ ਭਰ 'ਚ ਥਾਂ-ਥਾਂ ਹੋ ਰਹੇ ਅਜਿਹੇ ਹੀ ਘ੍ਰਿਣਤ ਅਪਰਾਧਾਂ ਖਿਲਾਫ਼ ਦੇਸ਼ਵਾਸੀਆਂ ਨੇ ਬੜੇ ਰੋਹ ਭਰਪੂਰ, ਸੰਵੇਦੀ ਪ੍ਰਦਰਸ਼ਨ ਕੀਤੇ ਹਨ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਜਨਤਕ ਜਥੇਬੰਦੀਆਂ ਵਲੋਂ ਇਨ੍ਹਾਂ ਪ੍ਰਦਰਸ਼ਨਾਂ ਵਿਚ ਵੀ ਸ਼ਮੂਲੀਅਤ ਕੀਤੀ ਗਈ ਅਤੇ ਆਜ਼ਾਦਾਨਾ ਰੋਸ ਐਕਸ਼ਨ ਵੀ ਕੀਤੇ ਗਏ।

ਰਿਪੋਰਟਾਂ :

ਪਠਾਨਕੋਟ : ਜੰਮੂ-ਕਸ਼ਮੀਰ ਵਿੱਚ ਅੱਠ ਸਾਲ ਦੀ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਉਸ ਨੂੰ ਕਤਲ ਦਿੱਤਾ ਗਿਆ। ਚੱਕ ਕਰਮਾ ਵਿਖੇ ਜਨਵਾਦੀ ਇਸਤਰੀ ਸਭਾ ਚੱਕ ਕਰਮਾ ਦੀ ਪ੍ਰਧਾਨ ਨੀਲਮ ਰਾਣੀ ਤੇ ਸਕੱਤਰ ਪੂਜਾ ਦੇਵੀ ਦੀ ਅਗਵਾਈ ਵਿੱਚ ਅਤੇ ਜੰਮੂ ਕਸ਼ਮੀਰ ਵਿਚ ਹੋਏ ਇਸ ਘਿਨਾਉਣੇ ਕਤਲ ਕਾਂਡ ਅਤੇ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੇ ਵਿਧਾਇਕ ਵੱਲੋਂ ਗੈਂਗ ਰੇਪ ਤੇ ਪੀੜਤਾ ਦੇ ਪਿਤਾ ਨੂੰ ਆਪਣੇ ਰਸੂਖ ਨਾਲ ਜੇਲ੍ਹ ਵਿੱਚ ਬੰਦ ਕਰਵਾ ਕੇ ਕਤਲ ਕਰਵਾ ਦੇਣ ਵਾਲੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਕੈਂਡਲ ਮਾਰਚ ਕੀਤਾ ਗਿਆ।

ਕਾਹਨੂੰਵਾਨ : ਹਿੰਦੁਸਤਾਨ ਵਿੱਚ ਔਰਤਾਂ ਨਾਲ ਬਲਾਤਕਾਰ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਅਤੇ ਭਾਜਪਾ ਅਤੇ ਉਸ ਨਾਲ ਜੁੜੇ ਫਿਰਕੂ ਸੰਗਠਨਾਂ ਵੱਲੋਂ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਦੀ ਤਰਫਦਾਰੀ ਕਰਨ ਖਿਲਾਫ ਰੋਸ ਪ੍ਰਗਟ ਕਰਨ ਅਤੇ ਬਾਲੜੀ ਆਸਿਫਾ ਅਤੇ ਉਨਾਵ ਬਲਾਤਕਾਰ ਦੀ ਪੀੜਤਾ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਕਸਬਾ ਭੈਣੀ ਮੀਆਂ ਖਾਂ ਦੇ ਮੇਨ ਬਜ਼ਾਰ ਵਿੱਚ ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਰੋਸ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਬੀਬੀ ਰੋਜੀ ਅਤੇ ਨੀਲਮ ਭੈਣੀ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਨੀਲਮ ਘੁਮਾਣ ਨੇ ਕਿਹਾ ਕਿ ਕਠੂਆ ਵਿਖੇ ਇੱਕ ਅੱਠ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਗੁਨਾਹ ਵਿੱਚ ਚਾਰ ਪੁਲਸ ਮੁਲਾਜ਼ਮ ਵੀ ਸ਼ਾਮਲ ਸਨ। ਭਾਜਪਾ ਵੱਲੋਂ ਹਿੰਦੂ ਸੰਗਠਨ ਬਦਾ ਕੇ ਇਸ ਘਟਨਾ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ ਤੇ ਇਸ ਸਾਜਿਸ਼ ਵਿੱਚ ਕਾਨੂੰਨ ਦੀ ਵਕਾਲਤ ਕਰਨ ਵਾਲੇ ਵਕੀਲ ਵੀ ਸ਼ਾਮਲ ਹਨ। ਯੂ ਪੀ ਦੇ ਉਨਾਵ ਵਿੱਚ ਭਾਜਪਾ ਦੇ ਐੱਮ ਐੱਲ ਏ ਵੱਲੋਂ ਇਕ ਦਲਿਤ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਵਿਰੋਧ ਕਰਨ 'ਤੇ ਪੀੜਤਾ ਦੇ ਬਾਪ ਨੂੰ ਝੂਠੇ ਕੇਸ ਵਿੱਚ ਜੇਲ੍ਹ ਭਿਜਵਾ ਕੇ ਮਰਵਾ ਦਿੱਤਾ ਜਾਂਦਾ ਹੈ, ਜੋ ਬਹੁਤ ਸ਼ਰਮਨਾਕ ਘਟਨਾ ਹੈ।

ਸੁਜਾਨਪੁਰ : ਕਠੂਆ ਬਲਾਤਕਾਰ ਕਾਂਡ ਦੀ ਪੀੜਤ 8 ਸਾਲਾ ਮਾਸੂਮ ਬੱਚੀ ਆਸਿਫਾ ਦੇ ਕਾਤਲਾਂ ਨੂੰ ਫਾਹੇ ਲਵਾਉਣ ਅਤੇ ਪੀੜਤ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਵਾਸਤੇ ਸੁਜਾਨਪੁਰ ਵਿਖੇ ਵੱਡੀ ਗਿਣਤੀ ਵਿੱਚ ਔਰਤਾਂ/ਮਰਦਾਂ ਨੇ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ, ਜਿਸ ਦੀ ਅਗਵਾਈ ਆਸ਼ਾ ਰਾਣੀ ਭਰਿਆਲ ਲਾੜੀ, ਤਿਲਕ ਰਾਜ ਜੈਵੀ, ਅਜੀਤ ਰਾਮ ਗੰਧਲਾ ਲਾੜੀ ਤੇ ਮੁਹੰਮਦ ਸਦੀਕ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਨ ਆਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਕੇਂਦਰੀ ਕਮੇਟੀ ਮੈਂਬਰ ਮਾਸਟਰ ਰਘਬੀਰ ਸਿੰਘ, ਸੂਬਾ ਸਕੱਤਰੇਤ ਮੈਂਬਰ ਲਾਲ ਚੰਦ ਕਟਾਰੂ ਚੱਕ, ਨੀਲਮ ਘੁਮਾਣ, ਸ਼ਿਵ ਕੁਮਾਰ ਤੇ ਮਾਸਟਰ ਸੁਭਾਸ਼ ਸ਼ਰਮਾ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰਦਰਸ਼ਨ ਕਰਨ ਤੋਂ ਬਾਅਦ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ।

ਤਰਨ ਤਾਰਨ : ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਕਠੂਆ ਦੀ 8 ਸਾਲਾ ਮਾਸੂਮ ਬੱਚੀ ਆਸਿਫਾ, ਗੁਜਰਾਤ ਦੇ ਸੂਰਤ ਦੀ 10 ਸਾਲਾ ਬੇਟੀ ਅਤੇ ਯੂ ਪੀ ਦੇ ਉਨਾਵ ਦੇ ਨਾਬਾਲਿਗ, ਦਲਿਤ ਲੜਕੀ ਨਾਲ ਜਬਰ ਜਨਾਹ ਅਤੇ ਉਸ ਦੇ ਬਾਪ ਦੇ ਕਤਲ ਦੇ ਦੋਸ਼ੀ ਭਾਜਪਾ ਵਿਧਾਇਕ ਖਿਲਾਫ ਤਰਨ ਤਾਰਨ ਦੇ ਬਾਜ਼ਾਰਾਂ ਵਿੱਚ ਕੈਂਡਲ ਮਾਰਚ ਕਰਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ ਐੱਸ ਅੱੈਸ ਦੇ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਐਕਸ਼ਨ ਦੀ ਅਗਵਾਈ ਰਾਜ ਕੌਰ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ ਤੇ ਮਨਜੀਤ ਕੌਰ ਸਰਪੰਚ ਤੁੜ ਨੇ ਕੀਤੀ। ਇਸ ਮੌਕੇ ਇਕੱਠ ਨੂੰ ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਜਸਬੀਰ ਕੌਰ ਤਰਨ ਤਾਰਨ ਨੇ ਸੰਬੋਧਨ ਕੀਤਾ। ਉਨ੍ਹਾਂ ਯੂ ਪੀ ਸਰਕਾਰ ਸਰੇਆਮ ਦੋਸ਼ੀ ਐੱਮ ਐੱਲ ਏ ਦੀ ਮਦਦ ਕਰ ਰਹੀ ਹੈ। ਇਸ ਤਰ੍ਹਾਂ ਗੁਜਰਾਤ ਦੇ ਸੂਰਤ ਅੰਦਰ 10 ਸਾਲਾ ਬਾਲੜੀ ਨੂੰ ਨੋਚ ਕੇ ਕਤਲ ਕਰ ਦਿੱਤਾ ਗਿਆ। ਇਨ੍ਹਾਂ ਘਿਨਾਣੀਆਂ ਘਟਨਾਵਾਂ ਵਿਰੁੱਧ ਔਰਤਾਂ ਅਤੇ ਇਨਸਾਫਪਸੰਦ ਲੋਕਾਂ ਅਤੇ ਜਥੇਬੰਦੀਆਂ ਨੂੰ ਮੈਦਾਨ ਵਿੱਚ ਕੁੱਦਣ ਦਾ ਸੱਦਾ ਦਿੱਤਾ ਗਿਆ।

ਜਲੰਧਰ : ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਇਥੇ ਇੱਕ ਪ੍ਰਭਾਵਸ਼ਾਲੀ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਮੁਜ਼ਾਹਰਾ ਸਥਾਨਕ ਫਗਵਾੜੀ ਮੁਹੱਲੇ ਤੋਂ ਸ਼ੁਰੂ ਹੋ ਕੇ 'ਪਿਮਸ' ਕੋਲੋਂ ਹੁੰਦਾ ਹੋਇਆ ਵਾਪਸ ਦਯਾਨੰਦ ਚੌਂਕ ਪੁੱਜ ਕੇ ਸੰਪਨ ਹੋਇਆ। ਇਹ ਮੁਜ਼ਾਹਰਾ ਕਠੂਆਂ ਬਾਲੜੀ ਬਲਾਤਕਾਰ ਅਤੇ ਕਤਲ ਕਾਂਡ, ਉਨਾਵ ਬਲਾਤਕਾਰ ਤੇ ਦੇਸ਼ ਭਰ 'ਚ ਦਿਨੋਂ ਦਿਨ ਵੱਧ ਰਹੀਆਂ ਅਜਿਹੀਆਂ ਵਾਰਦਾਤਾਂ ਅਤੇ ਇਨ੍ਹਾਂ ਕੁਕਰਮਾਂ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਵਿਰੁੱਧ ਕੀਤਾ ਗਿਆ। ਮੁਜ਼ਾਹਰਾਕਾਰੀ ਬੀਬੀਆਂ ਬਲਾਤਕਾਰੀਆਂ ਨੂੰ ਫ਼ਾਹੇ ਲਾਉਣ, ਔਰਤਾਂ ਲਈ ਬਰਾਬਰ ਅਧਿਕਾਰਾਂ ਦੀ ਗਾਰੰਟੀ ਕਰਨ, ਜਸਟਿਸ ਵਰਮਾ ਕਮਿਸ਼ਨ ਦੀਆਂ ਸਿਫਾਰਸ਼ਾਂ ਇੰਨ-ਬਿੰਨ ਲਾਗੂ ਕਰਨ, ਸਰਕਾਰਾਂ ਅਤੇ ਫ਼ਿਰਕੂ ਸੰਗਠਨਾਂ ਵੱਲੋਂ ਬਾਲਤਕਾਰੀਆਂ/ਕਾਤਲਾਂ ਦੀ ਇਮਦਾਦ ਬੰਦ ਕਰਨ ਆਦਿ ਮੰਗਾਂ ਜ਼ੋਰਦਾਰ ਆਵਾਜ਼ 'ਚ ਬੁਲੰਦ ਕਰ ਰਹੀਆਂ ਸਨ। ਇਸ ਸਮੇਂ ਇੱਕਤਰ ਬੀਬੀਆਂ ਨੂੰ ਸੰਬੋਧਨ ਕਰਦਿਆਂ ਡਾਕਟਰ ਰਘਬੀਰ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਬੀਬੀ ਬਿਮਲਾ, ਊਸ਼ਾ ਰਾਣੀ, ਪਾਰਵਤੀ ਅਮਨ, ਸੀਮਾ, ਸੋਮਾ ਰਾਣੀ, ਨਿਰਮਲਾ ਆਦਿ ਭੈਣਾਂ ਨੇ ਰੋਸ ਐਕਸ਼ਨ ਦੀ ਅਗਵਾਈ ਕੀਤੀ।

ਫਿਲੌਰ : ਦੇਸ਼ 'ਚ ਵੱਖ ਵੱਖ ਥਾਵਾਂ 'ਤੇ ਬੱਚੀਆਂ ਨਾਲ ਵਾਪਰ ਰਹੀਆਂ ਘਟਨਾਵਾਂ ਦੇ ਖ਼ਿਲਾਫ਼ ਇਥੇ ਮੋਮਬੱਤੀ ਮਾਰਚ ਕੀਤਾ ਗਿਆ। ਜਿਸ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੀਐਸਐਫ ਨੇ ਹਿੱਸਾ ਲਿਆ। ਇਸ ਮਾਰਚ 'ਚ ਸਿੱਖ ਭਾਈਚਾਰੇ ਵੱਲੋਂ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਨੇ ਵੀ ਸ਼ਮੂਲੀਅਤ ਕੀਤੀ। ਪਿੰਡ ਬੇਗਮਪੁਰ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਗੁਰਦੀਪ ਬੇਗਮਪੁਰ ਨੇ ਕੀਤੀ। ਇਸ ਮੌਕੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। ਇਸ ਮੌਕੇ ਵਿੱਕੀ ਬਿਰਦੀ, ਉਂਕਾਰ ਬਿਰਦੀ, ਰਸ਼ਪਾਲ, ਗੁਰਜੀਤ ਬਿਰਦੀ, ਅਜੈ, ਕਰਮਵੀਰ, ਪੁਨੀਤ ਆਦਿ ਵੀ ਹਾਜ਼ਰ ਸਨ।

ਅਜਨਾਲਾ : ਜਨਵਾਦੀ ਇਸਤਰੀ ਸਭਾ ਪੰਜਾਬ ਦੀ ਤਹਿਸੀਲ ਇਕਾਈ ਅਜਨਾਲਾ ਵੱਲੋਂ ਇੱਕ ਮਾਰਚ ਕੱਢਿਆਂ ਗਿਆ, ਜਿਸ 'ਚ ਆਸਿਫਾ ਦੇ ਕਾਤਲਾਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ। ਆਗੂਆਂ ਨੇ ਦੇਸ਼ ਭਰ 'ਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਲਈ ਹਾਕਮ ਧਿਰ ਨੂੰ ਦੋਸ਼ੀ ਠਹਿਰਾਉਂਦਿਆ ਮੰਗ ਕੀਤੀ ਕਿ ਕਾਤਲਾਂ ਨੂੰ ਸਖਤ ਸਜਾ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਆਉਣ ਉਪਰੰਤ ਦਲਿਤਾਂ ਅਤੇ ਔਰਤਾਂ 'ਤੇ ਅਤਿਆਚਾਰ ਵਧੇ ਹਨ।

ਫਿਲੌਰ : ਫਿਲੌਰ ਵਿਖੇ ਦਿਹਾਤੀ ਮਜਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਜਨਵਾਦੀ ਇਸਤਰੀ ਸਭਾ ਵੱਲੋਂ ਸਾਂਝੇ ਤੌਰ 'ਤੇ ਸ਼ਹਿਰ 'ਚ ਮਸ਼ਾਲ ਮਾਰਚ ਕੀਤਾ ਗਿਆ ਅਤੇ ਇਸ ਨੂੰ ਭਾਰਤੀ ਸੰਵਿਧਾਨ ਬਚਾਓ ਸੰਕਲਪ ਦਿਵਸ ਅਤੇ ਫਿਰਕਾਪ੍ਰਸਤੀ ਵਿਰੋਧੀ ਦਿਵਸ ਦੇ ਤੌਰ 'ਤੇ ਮਨਇਆ ਗਿਆ। ਮਸ਼ਾਲ ਮਾਰਚ ਦੀ ਅਗਵਾਈ ਜਰਨੈਲ ਫਿਲੌਰ, ਮੱਖਣ ਸੰਗਰਾਂਮੀ ਅਤੇ ਕਮਲਜੀਤ ਕੌਰ ਬੰਗੜ ਨੇ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਪ੍ਰਧਾਨ ਜਸਵਿੰਦਰ ਢੇਸੀ, ਜਨਵਾਦੀ ਇਸਤਰੀ ਸਭਾ ਦੇ ਆਗੂ ਅਤੇ ਕੌਂਸਲਰ ਸੁਨੀਤਾ ਫਿਲੌਰ, ਪੀਐਸਐਫ ਦੇ ਅਜੈ ਫਿਲੌਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਕਰਨੈਲ ਫਿਲੌਰ ਨੇ ਸੰਬੋਧਨ ਕੀਤਾ।

ਅੰਮ੍ਰਿਤਸਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਜਨਵਾਦੀ ਇਸਤਰੀ ਇਸਤਰੀ ਸਭਾ ਵੱਲੋਂ ਸ਼ਹਿਰ 'ਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਪਾਰਟੀ ਕਾਰਕੁਨ ਅਤੇ ਔਰਤਾਂ ਹਾਜ਼ਰ ਸਨ। ਇਸ ਮੌਕੇ ਇਕੱਤਰ ਆਗੂਆਂ ਨੇ ਆਸਿਫਾ ਦੇ ਕਾਤਲਾਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਵੀ ਕੀਤੀ।

ਰੋਪੜ : ਜਨਵਾਦੀ ਇਸਤਰੀ ਇਸਤਰੀ ਸਭਾ ਵੱਲੋਂ ਪਿੰਡ ਚੱਕ ਕਰਮਾ ਵਿਖੇ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਆਸਿਫਾ ਨੂੰ ਸ਼ਰਧਾਜ਼ਲੀ ਦੇਣ ਲਈ ਕੀਤਾ ਗਿਆ। ਇਸ ਮੌਕੇ ਇਕੱਤਰ ਔਰਤਾਂ ਨੇ ਫਾਤਿਮਾਂ ਦੇ ਕਾਤਲਾਂ ਨੂੰ ਸਖਤ ਸਜਾ ਦੇਣ ਦੀ ਮੰਗ ਵੀ ਕੀਤੀ।

 

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਪਾਰਟੀ ਵਲੋਂ ਕਾਨਫਰੰਸ
ਨਕੋਦਰ : ਇੱਥੋਂ ਥੋੜ੍ਹੀ ਦੂਰ ਪਿੰਡ ਹੁਸੈਨਾਬਾਦ ਨੇੜੇ ਸਰੀਂਹ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਐੱਸ ਬੀ ਵਾਈ ਐੱਫ) ਵੱਲੋਂ ਸਾਂਝੇ ਤੌਰ 'ਤੇ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸ਼ਹੀਦ ਸਾਥੀਆਂ ਨੂੰ ਸਮਰਪਿਤ ਸ਼ਹੀਦੀ ਸਮਾਗਮ 'ਚ ਬੋਲਦਿਆਂ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ  ਨੇ ਕਿਹਾ ਕਿ ਅੱਜ ਦੇਸ਼ ਅੰਦਰ ਆਰ ਐੱਸ ਐੱਸ ਅਤੇ ਇਸ ਦੇ ਸਹਿਯੋਗੀਆਂ ਵੱਲੋਂ ਫਿਰਕੂ ਜ਼ਹਿਰ ਉਗਲਿਆ ਜਾ ਰਿਹਾ ਹੈ ਅੇਤ ਦੇਸ਼ ਦੀਆਂ ਘੱਟ ਗਿਣਤੀਆਂ 'ਤੇ ਜਾਨਲੇਵਾ ਹਮਲੇ ਕਰਕੇ ਉਹਨਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਲਾਲ ਝੰਡੇ ਵਾਲੇ ਲੋਕਾਂ 'ਤੇ ਵੀ ਫਾਸ਼ੀਵਾਦੀ ਟੋਲਿਆਂ ਵੱਲੋਂ ਆਏ ਦਿਨ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਤ੍ਰਿਪੁਰਾ 'ਚ ਚੋਣਾਂ ਤੋਂ ਬਾਅਦ ਭਾਜਪਾ ਦੀ ਸ਼ਹਿ 'ਤੇ ਖੱਬੇ ਪੱਖੀਆਂ ਉੱਪਰ ਜਾਨਲੇਵਾ ਹਮਲੇ ਕੀਤੇ ਗਏ ਹਨ। ਫਿਰਕੂ ਗੁੰਡਿਆਂ ਵੱਲੋਂ ਮਹਾਨ ਲੈਨਿਨ ਦੇ ਬੁੱਤਾਂ ਨੂੰ ਢਹਿ-ਢੇਰੀ ਕੀਤਾ ਗਿਆ। ਸਾਥੀ ਪਾਸਲਾ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਇਨਸਾਫ-ਪਸੰਦ ਲੋਕ ਅਤੇ ਖੱਬੀਆਂ ਪਾਰਟੀਆਂ ਲਾਜ਼ਮੀ ਤੌਰ 'ਤੇ ਫਿਰਕੂ ਫਾਸ਼ੀਵਾਦ ਦਾ ਟਾਕਰਾ ਕਰਨ ਲਈ ਇੱਕਮੁੱਠ ਹੋ ਕੇ ਮੈਦਾਨ 'ਚ ਨਿਤਰਣ।
ਇਸ ਮੌਕੇ ਬੋਲਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਕਾਰਨ ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਅੰਦਰ ਛੱਤੀ ਹਜ਼ਾਰ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ, ਪਰ ਖੁਦਕੁਸ਼ੀਆਂ ਕਿਸਾਨਾਂ ਨੇ ਇਸ ਤੋਂ ਕਿਤੇ ਹੀ ਜ਼ਿਆਦੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਸਰਕਾਰ ਦਸ ਏਕੜ ਵਾਲੇ ਕਿਸਾਨਾਂ ਦੇ ਮੁਕੰਮਲ ਕਰਜ਼ੇ ਮੁਆਫ ਕਰੇ ਅਤੇ ਕਿਸਾਨੀ ਜਿਣਸਾਂ 'ਤੇ ਆਉਂਦੇ ਖਰਚ ਘਟਾ ਕੇ ਕਿਸਾਨ ਦੇ ਖਰਚੇ ਤੋਂ ਉਸ ਦੀ ਫਸਲ ਦਾ ਡਿਉਡਾ ਭਾਅ ਦਿੱਤਾ ਜਾਵੇ।
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਅਤੇ ਆਰ ਐੱਮ ਪੀ ਆੀ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕਿਹਾ ਕਿ ਕੈਪਟਨ ਸਰਕਾਰ ਚੋਣਾਂ 'ਚ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ, ਬੇਘਰੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਦੇ ਕੇ ਉਥੇ ਮਕਾਨ ਬਣਾਉਣ ਲਈ ਘੱਟੋ-ਘੱਟ ਪੰਜ ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ, ਆਟਾ, ਦਾਲ ਸਕੀਮ ਅਧੀਨ ਬਣੇ ਗਰੀਬ ਲੋਕਾਂ ਦੇ ਕੱਟੇ ਹੋਏ ਨੀਲੇ ਕਾਰਡ ਤੁਰੰਤ ਬਹਾਲ ਕੀਤੇ ਜਾਣ। ਸਾਥੀ ਨਾਹਰ ਨੇ ਕਿਹਾ ਕਿ ਦਲਿਤਾਂ 'ਤੇ ਹੁੰਦਾ ਹਰ ਤਰ੍ਹਾਂ ਦਾ ਜਬਰ ਬੰਦ ਕੀਤਾ ਜਾਵੇ ਅਤੇ ਐੱਸ ਸੀ/ਐੱਸ ਟੀ ਐਕਟ ਨਾਲ ਛੇੜਛਾੜ ਨਾ ਕੀਤੀ ਜਾਵੇ।
ਹੋਰਨਾਂ ਤੋਂ ਇਲਾਵਾ ਸਰਵ ਸਾਥੀ ਮਨੋਹਰ ਸਿੰਘ ਗਿੱਲ, ਜਸਵਿੰਦਰ ਢੇਸੀ, ਨਿਰਮਲ ਆਧੀ, ਦਲਵਿੰਦਰ ਸਿੰਘ ਕੁਲਾਰ, ਸੁਖਦੇਵ ਦੱਤ ਬਾਂਕਾ, ਸਤਨਾਮ ਸਿੰਘ, ਅਵਤਾਰ ਸਿੰਘ ਤਾਰ ਆਦਿ ਆਗੂਆਂ ਨੇ ਵੀ ਵਿਚਾਰ ਸਾਂਝੇ ਕੀਤੇ। ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਲੋਕ-ਪੱਖੀ ਨਾਟਕ ਵੀ ਪੇਸ਼ ਕੀਤੇ ਗਏ।

- Posted by Admin