sangrami lehar

ਮਾਰਕਸਵਾਦ ਦੇ ਤਿੰਨ ਸੋਮੇ ਅਤੇ ਤਿੰਨ ਜੁੜਵੇਂ ਅੰਗ

  • 08/04/2018
  • 07:47 PM

ਵੀ.ਆਈ.ਲੈਨਿਨ

ਸਮੁੱਚੇ ਸਭਿਆ ਸੰਸਾਰ ਵਿਚ ਮਾਰਕਸ ਦੀਆਂ ਸਿੱਖਿਆਵਾਂ ਨੇ ਸਾਰੇ ਬੁਰਜ਼ੁਆ ਵਿਗਿਆਨ (ਸਰਕਾਰੀ ਅਤੇ ਉਦਾਰਵਾਦੀ ਦੋਵਾਂ) ਵਲੋਂ ਅਤਿ ਦੀ ਦੁਸ਼ਮਣੀ ਅਤੇ ਘਿਰਨਾ ਸਹੇੜੀ ਹੈ। ਉਹ ਇਸ ਨੂੰ ਇਕ ਤਰ੍ਹਾਂ ਦਾ ''ਘਾਤਕ ਮੱਤ'' ਸਮਝਦੇ ਹਨ। ਅਤੇ, ਉਨ੍ਹਾਂ ਤੋਂ ਹੋਰ ਕਿਸੇ ਕਿਸਮ ਦੇ ਵਤੀਰੇ ਦੀ ਆਸ ਵੀ ਨਹੀਂ ਕੀਤੀ ਜਾਂਦੀ, ਕਿਉਂਕਿ ਜਮਾਤੀ ਘੋਲ 'ਤੇ ਆਧਾਰਤ ਸਮਾਜ ਵਿਚ ਕੋਈ ''ਨਿਰਪੱਖ'' ਸਮਾਜ-ਵਿਗਿਆਨ ਹੋ ਹੀ ਨਹੀਂ ਸਕਦਾ। ਇਕ ਜਾਂ ਦੂਜੇ ਢੰਗ ਨਾਲ ਸਾਰੇ ਹੀ ਸਰਕਾਰੀ ਅਤੇ ਉਦਾਰਵਾਦੀ ਵਿਗਿਆਨ ਉਜਰਤੀ-ਗੁਲਾਮੀ ਦੀ ਹਮਾਇਤ ਕਰਦੇ ਹਨ, ਜਦੋਂ ਕਿ ਮਾਰਕਸਵਾਦ ਨੇ ਇਸ ਗੁਲਾਮੀ ਵਿਰੁੱਧ ਬੇਕਿਰਕ ਯੁੱਧ ਦਾ ਐਲਾਨ ਕਰ ਦਿੱਤਾ ਹੈ। ਉਜਰਤੀ-ਗੁਲਾਮ ਸਮਾਜ ਵਿਚ ਵਿਗਿਆਨ ਤੋਂ ਨਿਰਪੱਖ ਹੋਣ ਦੀ ਆਸ ਕਰਨਾ ਉਸੇ ਤਰ੍ਹਾਂ ਮੂਰਖਾਂ ਵਾਲਾ ਸਿਧੜਪੁਣਾ ਹੈ, ਜਿਵੇਂ ਕਾਰਖਾਨੇਦਾਰਾਂ ਤੋਂ ਇਸ ਪ੍ਰਸ਼ਨ ਸੰਬੰਧੀ ਨਿਰਪੱਖਤਾ ਦੀ ਆਸ ਕਰਨਾ ਕਿ ਕੀ ਸਰਮਾਏ ਦੇ ਮੁਨਾਫ਼ੇ ਘਟਾ ਕੇ ਕਿਰਤੀਆਂ ਦੀਆਂ ਉਜਰਤਾਂ ਵਿਚ ਵਾਧਾ ਨਹੀਂ ਕੀਤਾ ਜਾਣਾ ਚਾਹੀਦਾ। ਪਰ ਏਥੇ ਕੇਵਲ ਇੰਨੀ ਹੀ ਗੱਲ ਨਹੀਂ। ਦਰਸ਼ਨ (ਫਲਸਫ਼ੇ) ਦਾ ਇਤਿਹਾਸ ਅਤੇ ਸਮਾਜ ਵਿਗਿਆਨ ਦਾ ਇਤਿਹਾਸ ਪੂਰਨ ਸਪੱਸ਼ਟਤਾ ਨਾਲ ਦਰਸਾਉਂਦਾ ਹੈ ਕਿ ਮਾਰਕਸਵਾਦ ਵਿਚ ''ਸੰਕੀਰਨਤਾਵਾਦ'' ਨਾਲ ਮਿਲਦਾ-ਜੁਲਦਾ ਵੀ ਕੁੱਝ ਨਹੀਂ, ਇਸ ਅਰਥ ਵਿਚ ਕਿ ਇਹ ਕੋਈ ਕੱਟੜ, ਸਿੱਲ-ਪੱਥਰ ਸਿਧਾਂਤ ਨਹੀਂ ਹੈ, ਜਿਹੜਾ ਸੰਸਾਰ ਸਭਿਆਚਾਰ ਦੇ ਵਿਕਾਸ ਦੇ ਗਾਡੀ ਰਾਹ ਤੋਂ ਦੂਰ ਰਹਿਕੇ ਉਭਰਿਆ ਹੋਵੇ। ਇਸਦੇ ਉਲਟ ਮਾਰਕਸ ਦੀ ਪ੍ਰਤਿਭਾ ਐਨ ਇਸ ਵਿਚ ਹੈ ਕਿ ਉਹਨੇ ਉਹਨਾਂ ਪ੍ਰਸ਼ਨਾਂ ਦੇ ਉਤਰ ਦਿੱਤੇ ਜਿਹੜੇ ਮਨੁੱਖਤਾ ਦੇ ਸਰਵਉਚਤਮ ਦਿਮਾਗਾਂ ਨੇ ਪਹਿਲਾਂ ਹੀ ਪੇਸ਼ ਕੀਤੇ ਹੋਏ ਸਨ। ਉਹਦਾ ਸਿਧਾਂਤ, ਦਰਸ਼ਨ, ਰਾਜਨੀਤਕ ਆਰਥਕਤਾ ਅਤੇ ਸਮਾਜਵਾਦ ਦੇ ਮਹਾਨਤਮ ਪ੍ਰਤਿਨਿਧਾਂ ਦੀਆਂ ਸਿੱਖਿਆਵਾਂ ਦੇ ਸਿੱਧੇ ਅਤੇ ਫੌਰੀ ਤੌਰ 'ਤੇ ਲੋੜੀਂਦੇ ਕਾਰਜਾਂ ਨੂੰ ਜਾਰੀ ਰੱਖਣ ਵਜੋਂ ਉਭਰਿਆ। ਮਾਰਕਸਵਾਦੀ ਸਿਧਾਂਤ ਸਰਬ-ਸ਼ਕਤੀਮਾਨ ਹੈ ਕਿਉਂਕਿ ਇਹ ਸੱਚਾ ਹੈ। ਇਹ ਸਰਬੰਗੀ ਅਤੇ ਇਕਸੁਰ ਹੈ, ਅਤੇ ਮਨੁੱਖਾਂ ਨੂੰ ਇਕ ਬੱਝਵਾਂ ਸੰਸਾਰ-ਦ੍ਰਿਸ਼ਟੀਕੋਣ ਉਪਲੱਬਧ ਬਣਾਉਂਦਾ ਹੈ, ਜਿਹੜਾ ਕਿਸੇ ਤਰ੍ਹਾਂ ਦੇ ਵਹਿਮ-ਭਰਮ, ਪਿਛਾਖੜ ਜਾਂ ਬੁਰਜ਼ੂਆ ਜਬਰ ਦੀ ਹਮਾਇਤ ਦਾ ਕੱਟੜ ਵੈਰੀ ਹੈ। ਇਹ ਉਨ੍ਹੀਵੀਂ ਸਦੀ ਵਿਚ ਮਨੁੱਖ ਜਾਤੀ ਵਲੋਂ ਸਿਰਜੇ ਗਏ ਸਰਵਉਤਮ ਗਿਆਨ, ਜੋਕਿ ਜਰਮਨ ਦਰਸ਼ਨ ਸਾਸ਼ਤਰ, ਬਰਤਾਨਵੀ ਰਾਜਨੀਤਕ ਆਰਥਕਤਾ ਅਤੇ ਫ਼ਰਾਂਸੀਸੀ ਸਮਾਜਵਾਦ ਦੇ ਰੂਪ ਵਿਚ ਪ੍ਰਗਟ ਹੋਇਆ, ਦਾ ਜਾਇਜ ਵਾਰਸ ਹੈ। ਮਾਰਕਸਵਾਦ ਦੇ ਇਹ ਤਿੰਨ ਸੋਮੇ ਹੀ ਹਨ ਜਿਹੜੇ ਇਹਦੇ ਜੁੜਵੇਂ-ਅੰਗ ਵੀ ਹਨ, ਜਿਨ੍ਹਾਂ ਨੂੰ ਅਸੀਂ ਇੱਥੇ ਸੰਖੇਪ ਰੂਪ ਵਿਚ ਪੇਸ਼ ਕਰਾਂਗੇ। 1. ਮਾਰਕਸਵਾਦ ਦਾ ਦਾਰਸ਼ਨਿਕ ਆਧਾਰ ਪਦਾਰਥਵਾਦ ਹੈ। ਯੂਰਪ ਦੇ ਸਾਰੇ ਆਧੁਨਿਕ ਇਤਿਹਾਸ ਵਿਚ, ਅਤੇ ਵਿਸ਼ੇਸ਼ ਤੌਰ 'ਤੇ ਅਠਾਰ੍ਹਵੀਂ ਸਦੀ ਦੇ ਅੰਤ ਉਤੇ ਫਰਾਂਸ ਵਿਚ, ਜਿੱਥੇ ਹਰ ਤਰ੍ਹਾਂ ਦੇ ਮਧ ਕਾਲੀਨ ਗੰਦ ਮੰਦ ਵਿਰੁੱਧ, ਸੰਸਥਾਵਾਂ ਅਤੇ ਵਿਚਾਰਾਂ ਦੇ ਪੱਖ ਤੋਂ ਦਾਸਪ੍ਰਥਾ ਵਿਰੁੱਧ ਇਕ ਦ੍ਰਿੜ੍ਹ ਘੋਲ ਲੜਿਆ ਗਿਆ, ਪਦਾਰਥਵਾਦ ਨੇ ਆਪਣੇ ਆਪ ਨੂੰ ਇਕ ਅਜਿਹਾ ਦਰਸ਼ਨ ਸਾਬਤ ਕੀਤਾ ਜਿਹੜਾ ਇਕਸਾਰ, ਪ੍ਰਕਿਰਤਕ ਵਿਗਿਆਨਾਂ ਦੀਆਂ ਕੁਲ ਸਿੱਖਿਆਵਾਂ ਅਨੁਸਾਰ ਸਹੀ ਅਤੇ ਵਹਿਮਾਂ-ਭਰਮਾਂ ਆਦਿ ਦਾ ਵਿਰੋਧੀ ਹੈ। ਇਸ ਲਈ ਜਮਹੂਰੀਅਤ ਦੇ ਵੈਰੀਆਂ ਨੇ ਸਦਾ ਹੀ ਪਦਾਰਥਵਾਦ ਦਾ ''ਖੰਡਣ ਕਰਨ'' ਦਾ, ਇਹਦੇ ਜੜ੍ਹੀਂ ਤੇਲ ਦੇਣ ਅਤੇ ਇਹਨੂੰ ਬੱਦੂ ਕਰਨ ਦਾ ਯਤਨ ਕੀਤਾ ਹੈ, ਅਤੇ ਵੱਖ ਵੱਖ ਤਰ੍ਹਾਂ ਦੇ ਦਾਰਸ਼ਨਿਕ ਵਿਚਾਰਵਾਦ ਦੀ ਹਮਾਇਤ ਕੀਤੀ, ਜਿਹੜੀ ਗੱਲ ਸਦਾ ਹੀ, ਇਕ ਜਾਂ ਦੂਜੇ ਢੰਗ ਨਾਲ, ਧਰਮ ਦੀ ਰੱਖਿਅਕ ਜਾਂ ਹਮਾਇਤੀ ਬਣ ਜਾਂਦੀ ਹੈ। ਮਾਰਕਸ ਅਤੇ ਏਂਗਲਜ਼ ਨੇ ਦਾਰਸ਼ਨਿਕ ਪਦਾਰਥਵਾਦ ਦੀ ਦਰਿੜਤਾਪੂਬਰਕ ਹਮਾਇਤ ਕੀਤੀ ਅਤੇ ਇਹ ਗੱਲ ਵਾਰ ਵਾਰ ਦੁਹਰਾਈ ਕਿ ਇਸ ਆਧਾਰ 'ਤੇ ਕੋਈ ਵੀ ਕੁਰਾਹਾ ਕਿੰਨੀ ਡੂੰਘੀ ਤਰ੍ਹਾਂ ਗਲ਼ਤ ਹੈ। ਇਹ ਵਿਚਾਰ ਏਂਗਲਜ਼ ਦੀਆਂ ਕਿਰਤਾਂ ''ਲੁਡਵਿਗ ਫਿਉਰਬਾਖ਼'' ਅਤੇ ''ਐਂਟੀਡੂਹਰਿੰਗ'' ਵਿਚ ਬਹੁਤ ਹੀ ਸਪੱਸ਼ਟ ਅਤੇ ਵਿਸਥਾਰ-ਪੂਰਵਕ ਢੰਗ ਨਾਲ ਪੇਸ਼ ਕੀਤੇ ਗਏ ਹਨ, ਜਿਹੜੀਆਂ ਕਿ ''ਕਮਿਊਨਿਸਟ ਮੈਨੀਫ਼ੈਸਟੋ'' ਵਾਂਗ ਜਮਾਤੀ ਤੌਰ 'ਤੇ ਚੇਤੰਨ ਹਰ ਕਿਰਤੀ ਲਈ ਹੈਂਡਬੁਕਸ (ਰੋਜ਼ਾਨਾ ਅਧਿਐਨ ਮੰਗਦੀਆਂ ਪੁਸਤਕਾਂ) ਸਮਝੀਆਂ ਜਾਣੀਆਂ ਚਾਹੀਦੀਆਂ ਹਨ। êਰ ਮਾਰਕਸ ਨੇ ਅਠਾਰ੍ਹਵੀਂ ਸਦੀ ਦੇ ਪਦਾਰਥਵਾਦ ਤੱਕ ਹੀ ਬਸ ਨਹੀਂ ਕੀਤੀ : ਉਸਨੇ ਦਰਸ਼ਨ ਨੂੰ ਉਚੇਰੀ ਪੱਧਰ ਤੱਕ ਵਿਕਸਤ ਕੀਤਾ। ਉਹਨੇ ਇਹਨੂੰ ਜਰਮਨ ਕਲਾਸਿਕਲ ਦਰਸ਼ਨ ਦੀਆਂ ਪ੍ਰਾਪਤੀਆਂ, ਵਿਸ਼ੇਸ਼ ਤੌਰ ਉਤੇ ਹੀਗਲ ਦੀ ਪ੍ਰਣਾਲੀ, ਜਿਸਦਾ ਸਮਕਾਲੀ ਸਿੱਟਾ ਫਿਉਰਬਾਖ਼ ਦਾ ਪਦਾਰਥਵਾਦ ਸੀ, ਨਾਲ ਹੋਰ ਭਰਪੂਰ ਕੀਤਾ। ਉਸਦੀ ਮੁੱਖ ਪ੍ਰਾਪਤੀ ਦਵੰਦਵਾਦ (Dialecties) ਸੀ, ਅਰਥਾਤ, ਆਪਣੇ ਹਰ ਪੱਖੋਂ ਪੂਰਨ, ਅਤਿਅੰਤ ਡੂੰਘੇ, ਅਤੇ ਅਤਿਅੰਤ ਵਿਆਪਕ ਰੂਪ ਵਿਚ ਵਿਕਾਸ ਦਾ ਸਿਧਾਂਤ, ਮਨੁੱਖੀ ਗਿਆਨ ਦੀ ਸਾਪੇਖਤਾ ਦਾ ਸਿਧਾਂਤ, ਜਿਹੜਾ ਸਾਨੂੰ ਸਦਾ ਵਿਕਸਤ ਹੋ ਰਹੇ ਪਦਾਰਥ ਦੇ ਪ੍ਰਤੀਬਿੰਬ ਉਪਲੱਭਦ ਬਣਾਉਂਦਾ ਹੈ। ਪ੍ਰਕਿਰਤਿਕ ਵਿਗਿਆਨ ਦੀਆਂ ਸਾਰੀਆਂ ਨਵੀਨਤਮ ਪ੍ਰਾਪਤੀਆਂ-ਰੇਡੀਅਮ, ਬਿਜਲਾਣੂੰ, ਤਤਾਂ ਦਾ ਰੂਪਾਂਤਰਣ-ਪੂੰਜੀਵਾਦੀ ਫਿਲਾਸਫ਼ਰਾਂ ਦੀਆਂ ਪੁਰਾਣੀਆਂ ਤੇ ਸੜਾਂਦ ਮਾਰਦੀਆਂ ਸਿੱਖਿਆਵਾਂ, ਸਮੇਤ ਉਹਨਾਂ ਦੇ ਨਵੇਂ ਵਿਚਾਰਵਾਦੀ ਰੂਪਾਂਤਰਾਂ, ਦੇ ਉਲਟ ਮਾਰਕਸ ਦੇ ਦਵੰਦਵਾਦੀ ਪਦਾਰਥਵਾਦ ਦੀ ਸ਼ਾਨਦਾਰ ਪ੍ਰੋੜ੍ਹਤਾ ਕਰ ਰਹੇ ਹਨ। ਮਾਰਕਸ ਨੇ ਦਾਰਸ਼ਨਕ ਪਦਾਰਥਵਾਦ ਨੂੰ ਪੂਰਨ ਹੱਦ ਤੱਕ ਡੁੰਘਾ ਅਤੇ ਵਿਕਸਤ ਕੀਤਾ ਅਤੇ ਕੁਦਰਤ ਦੇ ਬੋਧ ਵਿਚ ਮਨੁੱਖੀ ਸਮਾਜ ਦੇ ਬੋਧ ਨੂੰ ਸ਼ਾਮਲ ਕਰਨ ਤੱਕ ਵਧਾਇਆ। ਉਹਦਾ ਇਤਿਹਾਸਕ ਪਦਾਰਥਵਾਦ ਵਿਗਿਅਨਕ ਚਿੰਤਨ ਵਿਚ ਇਕ ਮਹਾਨ ਪ੍ਰਾਪਤੀ ਸੀ। ਇਤਿਹਾਸ ਅਤੇ ਰਾਜਨੀਤੀ ਸੰਬੰਧੀ ਵਿਚਾਰਾਂ ਵਿਚ ਪਹਿਲਾਂ ਜਿਹੜੀ ਗੜਬੜ ਅਤੇ ਆਪਹੁਦਰਾਸ਼ਾਹੀ ਪ੍ਰਚਲਤ ਸੀ, ਉਸਦੀ ਥਾਂ ਉਘੜਵੇਂ ਰੂਪ ਵਿਚ ਇਕ ਅਖੰਡ ਅਤੇ ਇਕਸੁਰ ਵਿਗਿਆਨਕ ਸਿਧਾਂਤ ਨੇ ਲੈ ਲਈ, ਜਿਹੜਾ ਦਰਸਾਉਂਦਾ ਹੈ ਕਿ ਕਿਵੇਂ, ਉਤਪਾਦਕ ਸ਼ਕਤੀਆਂ ਦੇ ਵਿਕਾਸ ਦੇ ਸਿੱਟੇ ਵਜੋਂ, ਸਮਾਜੀ ਜੀਵਨ ਦੀ ਇਕ ਪ੍ਰਣਾਲੀ ਵਿਚੋਂ ਇਕ ਹੋਰ ਅਤੇ ਉਚੇਚੀ ਪ੍ਰਣਾਲੀ ਵਿਕਸਤ ਹੁੰਦੀ ਹੈ-ਉਦਾਹਰਣ ਵਜੋਂ, ਸਾਮੰਤਵਾਦ ਵਿਚੋਂ ਸਰਮਾਏਦਾਰੀ ਕਿਵੇਂ ਵਿਕਸਤ ਹੁੰਦੀ ਹੈ। ਜਿਵੇਂ ਮਨੁੱਖ ਦਾ ਗਿਆਨ ਕੁਦਰਤ (ਅਰਥਾਤ, ਵਿਕਾਸ ਕਰ ਰਹੇ ਪਦਾਰਥ) ਜਿਸਦੀ ਕਿ ਇਸਤੋਂ ਸੁਤੰਤਰ ਹੋਂਦ ਹੈ, ਨੂੰ ਪ੍ਰਤਿਬਿੰਬਤ ਕਰਦਾ ਹੈ, ਉਸੇ ਤਰ੍ਹਾਂ ਮਨੁੱਖ ਦਾ ਸਮਾਜੀ ਗਿਆਨ (ਅਰਥਾਤ, ਉਹਦੇ ਵੱਖ ਵੱਖ ਵਿਚਾਰ ਅਤੇ ਸਿਧਾਂਤ-ਦਾਰਸ਼ਨਕ, ਧਾਰਮਕ, ਰਾਜਸੀ, ਇਤਿਆਦਿ) ਸਮਾਜ ਦੀ ਆਰਥਕ ਪ੍ਰਣਾਲੀ ਨੂੰੂ ਪ੍ਰਤਿਬਿੰਬਤ ਕਰਦਾ ਹੈ। ਰਾਜਸੀ ਸੰਸਥਾਵਾਂ ਆਰਥਕ ਆਧਾਰ ਉਤੇ ਉਸਰਦੀਆਂ ਹਨ। ਉਦਾਹਰਣ ਵਜੋਂ, ਅਸੀਂ ਵੇਖਦੇ ਹਾਂ ਕਿ ਅਜੋਕੇ ਯੂਰਪੀ ਰਾਜਾਂ ਦੇ ਵੱਖ ਵੱਖ ਰਾਜਸੀ ਰੂਪ ਪ੍ਰੋਲਤਾਰੀ ਉਤੇ ਬੁਰਜ਼ੂਆਜ਼ੀ ਦੇ ਦਾਬੇ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਮਾਰਕਸ ਦਾ ਦਰਸ਼ਨ ਇਕ ਨਿਪੁੰਨ ਦਾਰਸ਼ਨਕ ਪਦਾਰਥਵਾਦ ਹੈ, ਜਿਸਨੇ ਮਨੁੱਖ ਜਾਤੀ ਨੂੰ ਅਤੇ ਵਿਸ਼ੇਸ਼ ਤੌਰ 'ਤੇ ਕਿਰਤੀ ਜਮਾਤ ਨੂੰ ਗਿਆਨ ਦੇ ਸ਼ਕਤੀਸ਼ਾਲੀ ਹਥਿਆਰ ਦਿੱਤੇ ਹਨ। 2. ਇਹ ਗੱਲ ਜਾਣ ਲੈਣ ਪਿਛੋਂ ਕਿ ਆਰਥਕ ਪ੍ਰਣਾਲੀ ਉਹ ਆਧਾਰ ਹੈ, ਜਿਸ ਉਤੇ ਰਾਜਸੀ ਉਸਾਰ ਬਣਾਇਆ ਜਾਂਦਾ ਹੈ, ਮਾਰਕਸ ਨੇ ਆਪਣਾ ਸਭ ਤੋਂ ਵੱਧ ਧਿਆਨ ਇਸ ਆਰਥਕ ਪ੍ਰਣਾਲੀ ਦੇ ਅਧਿਐਨ ਵੱਲ ਦਿੱਤਾ। ਮਾਰਕਸ ਦੀ ਮੁੱਖ ਕਿਰਤ, ''ਸਰਮਾਇਆ'', ਨਵੀਨ ਅਰਥਾਤ, ਸਰਮਾਏਦਾਰ ਸਮਾਜ ਦੀ ਆਰਥਕ ਪ੍ਰਣਾਲੀ ਦੇ ਅਧਿਐਨ ਨੂੰ ਸਮਰਪਤ ਹੈ। îਾਰਕਸ ਤੋਂ ਪਹਿਲਾਂ ਕਲਾਸੀਕਲ ਰਾਜਨੀਤਕ ਆਰਥਕਤਾ, ਸਰਮਾਏਦਾਰ ਦੇਸ਼ਾਂ ਵਿਚੋਂ ਸਭ ਤੋਂ ਵੱਧ ਵਿਕਸਤ ਦੇਸ਼, ਇੰਗਲੈਂਡ ਵਿਚ ਵਿਕਸਤ ਹੋਈ। ਆਦਮ ਸਮਿਥ ਅਤੇ ਡੇਵਿਡ ਰਿਕਾਰਡੋ ਨੇ, ਆਪਣੀ ਆਰਥਕ ਪ੍ਰਣਾਲੀ ਦੀ ਖੋਜ ਰਾਹੀਂ, ਮੁੱਲ (Value) ਦੇ ਕਿਰਤ ਸਿਧਾਂਤ ਦਾ ਆਧਾਰ ਘੜਿਆ। ਮਾਰਕਸ ਨੇ ਉਹਨਾਂ ਦਾ ਕੰਮ ਜਾਰੀ ਰੱਖਿਆ : ਉਸ ਸਿਧਾਂਤ ਦਾ ਸਬੂਤ ਪੇਸ਼ ਕੀਤਾ ਅਤੇ ਉਸਨੂੰ ਬੱਝਵੇਂ ਰੂਪ ਵਿਚ ਵਿਕਸਤ ਕੀਤਾ। ਉਸਨੇ ਦਰਸਾਇਆ ਕਿ ਹਰ ਜਿਨਸ ਦਾ ਮੁੱਲ ਉਹਦੇ ਉਤਪਾਦਨ ਲਈ ਖਰਚੀ ਗਈ ਸਮਾਜੀ ਤੌਰ 'ਤੇ ਲੋੜੀਂਦੇ ਕਿਰਤ-ਸਮੇਂ ਦੀ ਮਾਤਰਾ ਰਾਹੀਂ ਮਿੱਥਿਆ ਜਾਂਦਾ ਹੈ। ਜਿੱਥੇ ਬੁਰਜ਼ੁਆ ਅਰਥ ਵਿਗਿਆਨੀ ਵਸਤਾਂ ਵਿਚਕਾਰ ਸਬੰਧਾਂ ਨੂੰ ਵੇਖਦੇ ਸਨ (ਇਕ ਜਿਨਸ ਦਾ ਦੂਜੀ ਨਾਲ ਤਬਾਦਲਾ), ਮਾਰਕਸ ਨੇ ਲੋਕਾਂ ਵਿਚਕਾਰ ਸਬੰਧਾਂ ਨੂੰ ਦਰਸਾਇਆ। ਜਿਨਸਾਂ ਦਾ ਤਬਾਦਲਾ ਮੰਡੀ ਰਾਹੀਂ ਵਿਅਕਤੀਗਤ ਉਤਪਾਦਕਾਂ ਵਿਚਕਾਰ ਸੰਬੰਧਾਂ ਨੂੰ ਪ੍ਰਗਟ ਕਰਦਾ ਹੈ। ਮੁਦਰਾ ਇਸ ਗੱਲ ਦੀ ਲਖਾਇਕ ਹੈ ਕਿ ਸੰਬੰਧ ਸਦਾ ਨੇੜਵਾਂ ਅਤੇ ਹੋਰ ਵਧੇਰੇ ਨੇੜਵਾਂ ਹੁੰਦਾ ਜਾ ਰਿਹਾ ਹੈ, ਵਿਅਕਤੀਗਤ ਉਤਪਾਦਕਾਂ ਦੇ ਸਮੁੱਚੇ ਆਰਥਕ ਜੀਵਨ ਨੂੰ ਅਵੰਡ ਤੌਰ ਉਤੇ ਇਕ ਸਮੂਹ ਵਿਚ ਇਕਮੁਠ ਕਰ ਰਿਹਾ ਹੈ। ਸਰਮਾਇਆ ਇਸ ਸੰਬੰਧ ਦੇ ਹੋਰ ਵਧੇਰੇ ਵਿਕਾਸ ਦਾ ਲਖਾਇਕ ਹੈ : ਮਨੁੱਖ ਦੀ ਕਿਰਤ ਸ਼ਕਤੀ ਇਕ ਜਿਨਸ ਬਣ ਜਾਂਦੀ ਹੈ। ਉਜਰਤੀ ਕਿਰਤੀ ਆਪਣੀ ਕਿਰਤ ਸ਼ਕਤੀ ਨੂੰ ਭੂਮੀ, ਕਾਰਖਾਨਿਆਂ ਅਤੇ ਕਿਰਤ ਦੇ ਸੰਦਾਂ ਦੇ ਮਾਲਕਾਂ ਅੱਗੇ ਵੇਚਦਾ ਹੈ। ਕਿਰਤੀ ਦਿਨ ਦਾ ਇਕ ਹਿੱਸਾ ਆਪਣੇ ਅਤੇ ਆਪਣੇ ਟੱਬਰ ਦੇ ਨਿਰਬਾਹ ਦਾ ਖਰਚਾ ਪੂਰਾ ਕਰਨ ਲਈ ਬਿਤਾਉਂਦਾ ਹੈ (ਉਜਰਤ), ਜਿੱਥੇ ਕਿ ਦਿਨ ਦੇ ਬਾਕੀ ਹਿੱਸੇ ਵਿਚ ਉਹ ਮੁਆਵਜ਼ੇ ਤੋਂ ਬਿਨਾਂ ਕੰਮ ਕਰਦਾ ਹੈ, ਆਪਣੇ ਮਾਲਕ ਲਈ ਵਾਧੂ ਮੁੱਲ, ਨਫ਼ੇ ਦਾ ਸੋਮਾ, ਸਰਮਾਏਦਾਰ ਜਮਾਤ ਲਈ ਦੌਲਤ ਦਾ ਸੋਮਾ, ਸਿਰਜਦਾ ਹੈ। ਵਾਧੂ ਮੁੱਲ ਦਾ ਇਹ ਸਿਧਾਂਤ ਮਾਰਕਸ ਦੇ ਆਰਥਕ ਸਿਧਾਂਤ ਦਾ ਮੁੱਖ ਆਧਾਰ ਹੈ। ਕਿਰਤੀ ਦੀ ਕਿਰਤ ਰਾਹੀਂ ਸਿਰਜਿਆ ਸਰਮਾਇਆ ਛੋਟੇ ਮਾਲਕਾਂ ਨੂੰ ਤਬਾਹ ਕਰਕੇ ਅਤੇ ਬੇਕਾਰਾਂ ਦੀ ਇਕ ਫ਼ੌਜ ਪੈਦਾ ਕਰਕੇ ਕਿਰਤੀਆਂ ਦਾ ਹੋਰ ਵਧੇਰੇ ਨਪੀੜਨ ਕਰਦਾ ਹੈ। ਸਨਅਤ ਵਿਚ, ਵਡ-ਪੱਧਰੀ ਉਤਪਾਦਨ ਦੀ ਉਤਮਤਾ ਇਕ ਦਮ ਸਪੱਸ਼ਟ ਹੋ ਜਾਂਦੀ ਹੈ, ਪਰ ਖੇਤੀ ਵਿਚ ਵੀ ਇਹੋ ਵਰਤਾਰਾ ਵੇਖਿਆ ਜਾਂਦਾ ਹੈ, ਜਿਥੇ ਵਡ-ਪੱਧਰੀ ਪੂੰਜੀਵਾਦੀ ਖੇਤੀ ਦੀ ਉਤਮਤਾ ਵੱਧ ਜਾਂਦੀ ਹੈ, ਮਸ਼ੀਨਾਂ ਦੀ ਵਰਤੋਂ ਵੱਧ ਜਾਂਦੀ ਹੈ ਅਤੇ ਕਿਸਾਨ ਦੀ ਆਰਥਕਤਾ, ਮੁਦਰਾ-ਪੂੰਜੀ ਦੇ ਜਾਲ ਵਿਚ ਫ਼ਸ ਜਾਂਦੀ ਹੈ, ਨਿੱਘਰਦੀ ਹੈ ਅਤੇ ਪਛੜੀ ਤਕਨੀਕ ਦੇ ਭਾਰ ਹੇਠ ਤਬਾਹੀ ਦਾ ਸ਼ਿਕਾਰ ਹੋ ਜਾਂਦੀ ਹੈ। ਖੇਤੀ ਵਿਚ ਨਿੱਕ-ਪੱਧਰੀ ਉਤਪਾਦਨ ਦਾ ਨਿਘਾਰ ਵੱਖੋ ਵੱਖਰੇ ਰੂਪ ਧਾਰਦਾ ਹੈ, ਪਰ ਆਪਣੇ ਆਪ ਵਿਚ ਇਹ ਨਿਘਾਰ ਕਦਾਚਿਤ ਨਕਾਰਿਆ ਨਾ ਜਾ ਸਕਣ ਵਾਲਾ ਤੱਥ ਹੈ। ਨਿੱਕ ਪੱਧਰੀ ਉਤਪਾਦਨ ਨੂੰ ਤਬਾਹ ਕਰਕੇ ਸਰਮਾਇਆ ਕਿਰਤ ਦੀ ਉਤਪਾਦਕਤਾ ਵਿਚ ਵਾਧਾ ਅਤੇ ਵੱਡੇ ਸਰਮਾਏਦਾਰਾਂ ਦੀਆਂ ਸਭਾਵਾਂ ਲਈ ਅਜਾਰੇਦਾਰ ਪ੍ਰਸਥਿਤੀ ਲਿਆਉਂਦਾ ਹੈ। ਉਤਪਾਦਨ ਆਪਣੇ ਆਪ ਵਿਚ ਸਦਾ ਵਧੇਰੇ ਸਮਾਜੀ ਬਣਦਾ ਜਾਂਦਾ ਹੈ। -ਲੱਖਾਂ ਅਤੇ ਕਰੋੜਾਂ ਕਿਰਤੀ ਨੇਮਬੱਧ ਆਰਥਕ ਬਣਤਰ ਵਿਚ ਇਕੱਠੇ ਹੁੰਦੇ ਤੇ ਜੁੜਦੇ ਜਾਂਦੇ ਹਨ-ਪਰ ਇਸ ਸਮੂਹਕ ਕਿਰਤ ਦੀ ਉਪਜ ਨੂੰ ਮੁੱਠੀ ਭਰ ਸਰਮਾਏਦਾਰ ਹੜਪ ਕਰ ਲੈਂਦੇ ਹਨ। ਉਤਪਾਦਨ ਵਿਚ ਅਰਾਜਕਤਾ, ਸੰਕਟ, ਮੰਡੀਆਂ ਲਈ ਹਲਕਾਈ ਹੋਈ ਦੌੜ ਅਤੇ ਵਸੋਂ ਦੀ ਬਹੁਗਿਣਤੀ ਲਈ ਜੀਵਨ ਦੀ ਅਸੁਰੱਖਿਆ ਪ੍ਰਤੀ ਖ਼ਤਰੇ ਵਧਦੇ ਜਾਂਦੇ ਹਨ। ਸਰਮਾਏ ਉਤੇ ਕਿਰਤੀਆਂ ਦੀ ਨਿਰਭਰਤਾ ਨੂੰ ਵਧਾਕੇ ਪੂੰਜੀਵਾਦੀ ਪ੍ਰਣਾਲੀ ਇਕਮੁੱਠ ਕਿਰਤ ਦੀ ਮਹਾਨ ਸ਼ਕਤੀ ਸਿਰਜਦੀ ਹੈ। ਮਾਰਕਸ ਨੇ ਸਰਮਾਏਦਾਰੀ ਦੇ ਵਿਕਾਸ ਦੇ ਭਰੂਣ-ਜਿਨਸ ਆਰਥਕਤਾ, ਸਾਦੇ ਤਬਾਦਲੇ ਤੋਂ, ਇਹਦੇ ਸਰਵਉਚ ਰੂਪ, ਵੱਡਪੱਧਰੀ ਉਤਪਾਦਨ ਤੱਕ ਉਲੀਕਿਆ। ਅਤੇ, ਸਾਰੇ ਸਰਮਾਏਦਾਰ ਦੇਸ਼ਾਂ, ਪੁਰਾਣੇ ਅਤੇ ਨਵੇਂ, ਦਾ ਅਨੁਭਵ ਵਰ੍ਹੇ ਦੇ ਵਰ੍ਹੇ ਕਿਰਤੀਆਂ ਦੀ ਸਦਾ ਵੱਧ ਰਹੀ ਗਿਣਤੀ ਰਾਹੀਂ ਇਸ ਮਾਰਕਸੀ ਸਿਧਾਂਤ ਦਾ ਸੱਚ ਸਪੱਸ਼ਟਤਾ ਨਾਲ ਉਜਾਗਰ ਕਰ ਰਿਹਾ ਹੈ। ਪੂੰਜੀਵਾਦ ਨੇ ਸਾਰੇ ਸੰਸਾਰ ਉਪਰ ਜਿੱਤ ਹਾਸਲ ਕਰ ਲਈ, ਪਰ ਇਹ ਜਿੱਤ ਪੂੰਜੀ ਉਪਰ ਕਿਰਤ ਦੀ ਜਿੱਤ ਦੀ ਸ਼ੁਰੂਆਤ ਹੈ। 3. ਜਦੋਂ ਸਾਮੰਤਵਾਦ ਦਾ ਤਖ਼ਤਾ ਉਲਟਾਇਆ ਗਿਆ, ਅਤੇ ''ਆਜ਼ਾਦ'' ਸਰਮਾਏਦਾਰ ਸਮਾਜ ਸੰਸਾਰ ਵਿਚ ਪ੍ਰਗਟ ਹੋਇਆ, ਇਹ ਗੱਲ ਇਕ ਦਮ ਸਪੱਸ਼ਟ ਹੋ ਗਈ ਸੀ ਕਿ ਇਸ ਆਜ਼ਾਦੀ ਦੇ ਅਰਥ ਹਨ ਕਿਰਤੀ ਲੋਕਾਂ ਉਤੇ ਜ਼ਬਰ ਅਤੇ ਉਹਨਾਂ ਦੀ ਲੁੱਟ ਚੋਂਘ ਦੀ ਇਕ ਨਵੀਂ ਪ੍ਰਣਾਲੀ। ਇਸ ਜਬਰ ਦੇ ਪਰਤੋ ਅਤੇ ਇਹਦੇ ਵਿਰੁੱਧ ਰੋਸ ਵਜੋਂ ਵੱਖ ਵੱਖ ਸੋਸ਼ਲਿਸਟ ਸਿਧਾਂਤ ਇਕਦਮ ਪ੍ਰਗਟ ਹੋ ਗਏ ਸਨ। ਪਰ ਇਹ ਮੁੱਢਲਾ ਸ਼ੋਸ਼ਲਿਜ਼ਮ ਯੂਟੋਪਿਆਈ (ਖਿਆਲੀ) ਸ਼ੋਸ਼ਲਿਜ਼ਮ ਸੀ। ਇਹ ਸਰਮਾਏਦਾਰ ਸਮਾਜ ਦੀ ਨੁਕਤਾਚੀਨੀ ਕਰਦਾ, ਇਹ ਉਹਨੂੰ ਨਿੰਦਦਾ ਅਤੇ ਫਿਟਕਾਰਾਂ ਪਾਉਂਦਾ, ਇਹ ਉਹਦੀ ਤਬਾਹੀ ਦੇ ਸੁਪਨੇ ਲੈਂਦਾ, ਇਹ ਚੰਗੇਰੇ ਪ੍ਰਬੰਧ ਦੇ ਸੁਪਨੇ ਲੈਂਦਾ ਅਤੇ ਅਮੀਰਾਂ ਨੂੰ ਲੁੱਟ-ਚੋਂਘ ਨਾ ਕਰਨ ਅਤੇ ਭ੍ਰਿਸ਼ਟਾਚਾਰੀ ਨਾ ਹੋਣ ਦੀਆਂ ਨਸੀਹਤਾਂ ਦਿੰਦਾ। ਪਰ ਯੂਟੋਪੀਆਈ ਸੋਸ਼ਲਿਜ਼ਮ ਅਸਲੀ ਹਲ ਨਹੀਂ ਸੀ ਦਰਸਾ ਸਕਦਾ। ਇਹ ਸਰਮਾਏਦਾਰੀ ਅਧੀਨ ਉਜਰਤੀ ਗੁਲਾਮੀ ਦੇ ਅਸਲ ਖ਼ਾਸੇ ਦੀ ਵਿਆਖਿਆ ਨਹੀਂ ਸੀ ਕਰ ਸਕਦਾ, ਇਹ ਸਰਮਾਏਦਾਰੀ ਵਿਕਾਸ ਦੇ ਨਿਯਮ ਨਹੀਂ ਸੀ ਸਪੱਸ਼ਟ ਕਰ ਸਕਦਾ, ਜਾਂ ਇਹ ਨਹੀਂ ਸੀ ਵਿਖਾ ਸਕਦਾ ਕਿ ਕਿਹੜੀ ਸਮਾਜੀ ਸ਼ਕਤੀ ਇਕ ਨਵੇਂ ਸਮਾਜ ਦੀ ਰਚਣਹਾਰ ਬਣਨਯੋਗ ਹੈ। Âੇਨੇ ਨੂੰ, ਸਾਮੰਤਸ਼ਾਹੀ ਦੇ ਨਾਲ ਹੀ ਦਾਸ-ਪ੍ਰਥਾ (Serfdom) ਦੇ ਨਿਘਾਰ ਪਿਛੋਂ ਯੂਰਪ ਵਿਚ ਹਰ ਥਾਂ, ਅਤੇ ਵਿਸ਼ੇਸ਼ ਤੌਰ ਉਤੇ ਫਰਾਂਸ ਵਿਚ ਜਿਹੜੇ ਤੂਫ਼ਾਨੀ ਇਨਕਲਾਬ ਆਏ, ਉਹਨਾਂ ਸਦਾ ਵਧੇਰੇ ਸਪੱਸ਼ਟਤਾ ਨਾਲ ਸਿੱਧ ਕੀਤਾ ਕਿ ਜਮਾਤਾਂ ਵਿਚਕਾਰ ਸੰਘਰਸ਼ ਹੀ ਸਮਾਜਿਕ ਵਿਕਾਸ ਦਾ ਆਧਾਰ ਅਤੇ ਚਾਲਕ ਸ਼ਕਤੀ ਹੈ। ਸਾਮੰਤੀ ਜਮਾਤ ਉਤੇ ਰਾਜਸੀ ਆਜ਼ਾਦੀ ਦੀ ਇਕ ਵੀ ਜਿੱਤ ਸਿਰਲੱਥ ਵਿਰੋਧ ਤੋਂ ਬਿਨਾਂ ਪ੍ਰਾਪਤ ਨਾ ਕੀਤੀ ਗਈ। ਸਰਮਾਏਦਾਰ ਸਮਾਜ ਦੀਆਂ ਵੱਖ ਵੱਖ ਜਮਾਤਾਂ ਵਿਚਕਾਰ ਜ਼ਿੰਦਗੀ ਅਤੇ ਮੌਤ ਦੇ ਘੋਲ ਤੋਂ ਬਿਨਾਂ ਇਕ ਵੀ ਸਰਮਾਏਦਾਰ ਦੇਸ਼ ਘੱਟ ਜਾਂ ਵੱਧ ਆਜ਼ਾਦ ਅਤੇ ਜਮਹੂਰੀ ਆਧਾਰ ਉਤੇ ਵਿਕਸਤ ਨਾ ਹੋਇਆ। ਮਾਰਕਸ ਦੀ ਪ੍ਰਤਿਭਾ ਇਸ ਗੱਲ ਵਿਚ ਹੈ ਕਿ ਉਹਨੇ ਸਭ ਤੋਂ ਪਹਿਲਾਂ ਇਸ ਤੋਂ ਉਹ ਸਬਕ ਸਥਾਪਤ ਕੀਤਾ ਜਿਹੜਾ ਸੰਸਾਰ ਦਾ ਕੁਲ ਇਤਿਹਾਸ ਸਿਖਾਉਂਦਾ ਹੈ ਅਤੇ ਉਸ ਸਬਕ ਨੂੰ ਸਿਧਾਂਤਕ ਰੂਪ ਵਿਚ ਇਕਸਾਰਤਾ ਨਾਲ ਲਾਗੂ ਕੀਤਾ। ਉਹਨੇ ਜਿਹੜਾ ਸਿਧਾਂਤ ਸਥਾਪਤ ਕੀਤਾ ਉਹ ਹੈ ਜਮਾਤੀ ਘੋਲ ਦਾ ਸਿਧਾਂਤ। ਲੋਕ ਰਾਜਨੀਤੀ ਵਿਚ ਸਦਾ ਹੀ ਧੋਖੇ ਛਲ ਅਤੇ ਸਵੈਧੋਖੇ ਭਰੀ ਮੂਰਖਤਾ ਦਾ ਸ਼ਿਕਾਰ ਰਹੇ ਹਨ, ਅਤੇ ਉਦੋਂ ਤੱਕ ਸਦਾ ਹੀ ਰਹਿਣਗੇ, ਜਿੰਨਾ ਚਿਰ ਉਹ ਇਹ ਪਛਾਣ ਕਰਨੀ ਨਹੀਂ ਸਿਖ ਲੈਂਦੇ ਕਿ ਕੁਲ ਸਦਾਚਾਰਕ, ਧਾਰਮਕ ਅਤੇ ਸਮਾਜੀ ਟੋਟਕਿਆਂ, ਐਲਾਨਾਂ ਅਤੇ ਇਕਰਾਰਾਂ ਦੇ ਪਿੱਛੇ ਕਿਸੇ ਇਕ ਜਾਂ ਦੂਜੀ ਜਮਾਤ ਦੇ ਹਿੱਤ ਛੁਪੇ ਹੋਏ ਹੁੰਦੇ ਹਨ, ਜਿੰਨਾ ਚਿਰ ਉਹ ਇਹ ਨਹੀਂ ਸਮਝ ਲੈਂਦੇ ਕਿ ਹਰ ਪੁਰਾਣੀ ਸੰਸਥਾ, ਭਾਵੇਂ ਉਹ ਕਿੰਨੀ ਵਹਿਸ਼ੀ ਅਤੇ ਗਲੀ ਸੜੀ ਵੀ ਕਿਉਂ ਨਾ ਹੋਵੇ, ਨਿਸ਼ਚਿਤ ਹਾਕਮ ਜਮਾਤਾਂ ਵਲੋਂ ਕਾਇਮ ਰੱਖੀ ਜਾਂਦੀ ਹੈ; ਸੁਧਾਰਾਂ ਅਤੇ ਹਾਕਮਾਂ ਤੋਂ ਚੰਗਿਆਈਆਂ ਦੀ ਆਸ ਰੱਖਣ ਵਾਲੇ ਪੁਰਾਣੀ ਪ੍ਰਣਾਲੀ ਦੇ ਹਾਮੀਆਂ ਹਥੋਂ ਹਮੇਸ਼ਾ ਬੁੱਧੂ ਬਣਾਏ ਜਾਂਦੇ ਰਹਿਣਗੇ। ਅਤੇ ਉਹਨਾਂ ਹਾਕਮ ਜਮਾਤਾਂ ਦੇ ਪ੍ਰਤੀਰੋਧ ਨੂੰ ਤਬਾਹ ਕਰਨ ਦਾ ਇਕੋ ਇਕ ਢੰਗ ਹੈ ਅਤੇ, ਉਹ ਹੈ, ਆਪਣੇ ਆਲੇ ਦੁਆਲੇ ਦੇ ਹੀ ਸਮਾਜ ਵਿਚ ਉਹਨਾਂ ਸ਼ਕਤੀਆਂ ਨੂੰ ਲੱਭਣਾ, ਜਿਹੜੀਆਂ ਆਪਣੀ ਸਮਾਜੀ ਪ੍ਰਸਥਿਤੀ ਕਾਰਨ ਲਾਜ਼ਮੀ ਤੌਰ ਉਤੇ ਹੁੰਦੀਆਂ ਵੀ ਹਨ। ਪੁਰਾਣੇ ਦਾ ਹੁੂੰਝਾ ਫੇਰਨ ਅਤੇ ਨਵਾਂ ਸਿਰਜਣ ਦੇ ਯੋਗ ਹੁੰਦੀਆਂ ਹਨ ਅਤੇ ਉਹਨਾਂ ਸ਼ਕਤੀਆਂ ਨੂੰ ਘੋਲ ਲਈ ਪ੍ਰਬੁੱਧ ਅਤੇ ਜਥੇਬੰਦ ਕਰਨਾ ਹੁੰਦਾ ਹੈ। ਇਕੱਲੇ ਮਾਰਕਸ ਦੇ ਦਾਰਸ਼ਨਿਕ ਪਦਾਰਥਵਾਦ ਨੇ ਹੀ ਮਜ਼ਦੂਰ ਜਮਾਤ ਨੂੰ ਉਸ ਆਤਮਕ ਗੁਲਾਮੀ ਵਿਚੋਂ ਨਿਕਲਣ ਦਾ ਰਾਹ ਵਿਖਾਇਆ ਹੈ, ਜਿਸ ਵਿਚ ਸਮੁੱਚੀਆਂ ਦੱਬੀਆਂ-ਕੁੱਚਲੀਆਂ ਜਮਾਤਾਂ ਹੁਣ ਤੱਕ ਗ੍ਰਸੀਆਂ ਰਹੀਆਂ ਹਨ। ਕੇਵਲ ਮਾਰਕਸ ਦੇ ਆਰਥਕ ਸਿਧਾਂਤ ਨੇ ਪੂੰਜੀਵਾਦੀ ਪ੍ਰਣਾਲੀ ਵਿਚ ਮਜ਼ਦੂਰ ਜਮਾਤ ਦੀ ਸਹੀ ਤੇ ਸੱਚੀ ਪ੍ਰਸਥਿਤੀ ਦੀ ਵਿਆਖਿਆ ਕੀਤੀ ਹੈ। ਮਜ਼ਦੂਰ ਜਮਾਤ ਦੀਆਂ ਸੁਤੰਤਰ ਜਥੇਬੰਦੀਆਂ ਸਾਰੇ ਸੰਸਾਰ ਵਿਚ ਵੱਧ ਰਹੀਆਂ ਹਨ, ਅਮਰੀਕਾ ਤੋਂ ਜਾਪਾਨ ਤੱਕ ਅਤੇ ਸਵੀਡਨ ਤੋਂ ਦੱਖਣੀ ਅਫਰੀਕਾ ਤੱਕ। ਆਪਣੇ ਜਮਾਤੀ ਘੋਲ ਲੜਕੇ ਮਜ਼ਦੂਰ ਵਰਗ ਪ੍ਰਬੁਧ ਅਤੇ ਸਿੱਖਿਅਤ ਹੋ ਰਿਹਾ ਹੈ; ਉਹ ਬੁਰਜ਼ੂਆ ਸਮਾਜ ਦੇ ਤਅਸਬਾਂ ਤੋਂ ਛੁਟਕਾਰਾ ਪਾ ਰਿਹਾ ਹੈ; ਉਹ ਆਪਣੀਆਂ ਸਫ਼ਾਂ ਵਧੇਰੇ ਪੀਡੀਆਂ ਕਰ ਰਿਹਾ ਹੈ ਅਤੇ ਆਪਣੀਆਂ ਸਫਲਤਾਵਾਂ ਦੀ ਥਾਹ ਪਾਉਣੀ ਸਿੱਖ ਰਿਹਾ ਹੈ; ਇਸ ਨਾਲ ਉਸਦੀਆਂ ਸ਼ਕਤੀਆਂ ਨੂੰ ਪਾਣ ਚੜ੍ਹ ਰਹੀ ਹੈ ਅਤੇ ਉਹ ਨਿਰੰਤਰ ਅਗਾਂਹ ਵੱਧ ਰਿਹਾ ਹੈ।

- ਮਾਰਚ 1913 ਵਿਚ ਛਪੀ ਲਿਖਤ ਦਾ ਅਨੁਵਾਦ

- Posted by Admin