sangrami lehar

ਲੈਨਿਨ ਜ਼ਿੰਦਾ ਹੈ....

  • 08/04/2018
  • 07:38 PM

ਇੰਦਰਜੀਤ ਚੁਗਾਵਾਂ

ਕੁੱਝ ਘਟਨਾਵਾਂ ਹੁੰਦੀਆਂ ਹਨ ਜੋ ਆਪ ਮੁਹਾਰੇ ਵਾਪਰ ਜਾਂਦੀਆਂ ਹਨ, ਕੁੱਝ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਪਿੱਛੇ ਸਪੱਸ਼ਟ ਉਚੇਚ ਹੁੰਦੀ ਹੈ ਤੇ ਕੁੱਝ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ 'ਤੇ ਆਪ ਮੁਹਾਰੇ ਦੀ ਮੋਹਰ ਲਗਾ ਕੇ ਉਨ੍ਹਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੀਸਰੀ ਕਿਸਮ ਦੀਆਂ ਘਟਨਾਵਾਂ ਦਾ ਅੱਜ ਕੱਲ੍ਹ ਪੂਰਾ ਬੋਲਬਾਲਾ ਹੈ ਤੇ ਇਹ ਰਸਾਤਲ ਦਾ ਸਿਖਰ ਹੀ ਹੈ ਕਿ ਇਨ੍ਹਾਂ ਘਟਨਾਵਾਂ 'ਤੇ 'ਤਿੰਨ ਸ਼ੇਰਾਂ' ਵਾਲੀ ਮੋਹਰ ਵੀ ਲੱਗਣ ਲੱਗੀ ਹੈ। ਤ੍ਰਿਪੁਰਾ ਅਸੰਬਲੀ ਚੋਣਾਂ 'ਚ ਮਾਣਿਕ ਸਰਕਾਰ ਦੀ ਅਗਵਾਈ ਵਾਲੀ ਸੀ.ਪੀ.ਆਈ.(ਐਮ) ਸਰਕਾਰ ਨੂੰ ਡੇਗਣ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ, ਭਾਵੇਂ ਅਣਕਿਆਸੀਆਂ ਤਾਂ ਨਹੀਂ ਪਰ ਉਨ੍ਹਾਂ ਨੇ ਆਉਣ ਵਾਲੇ ਦਿਨਾਂ ਦੀ ਤਸਵੀਰ ਸਪੱਸ਼ਟ ਰੂਪ 'ਚ ਉਕੇਰ ਦਿੱਤੀ ਹੈ। 5 ਮਾਰਚ ਨੂੰ ਦੱਖਣੀ ਤ੍ਰਿਪੁਰਾ ਦੇ ਬੇਲੋਨੀਆ ਸ਼ਹਿਰ ਦੇ ਕਾਲਜ ਸਕਵੇਅਰ 'ਚ ਬੁਲਡੋਜ਼ਰ ਦੀ ਮਦਦ ਨਾਲ ਮਹਾਨ ਕ੍ਰਾਂਤੀਕਾਰੀ ਲੈਨਿਨ ਦੇ ਬੁੱਤ ਨੂੰ ਤੋੜ ਦਿੱਤਾ ਗਿਆ। ਬੁੱਤ ਤੋੜਨ ਵਾਲਿਆਂ ਕੋਲ ਭਾਜਪਾ ਦੇ ਝੰਡੇ ਸਨ ਤੇ ਉਹ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾ ਰਹੇ ਸਨ। ਲੈਨਿਨ ਦਾ ਬੁੁੱਤ ਤੋੜਿਆ ਹੀ ਨਹੀਂ ਗਿਆ, ਬੁੱਤ ਦਾ ਸਿਰ ਵੱਖ ਕਰਕੇ ਉਸ ਨਾਲ ਫੁੱਟਬਾਲ ਵੀ ਖੇਡਿਆ ਗਿਆ। ਲੈਨਿਨ ਦਾ ਬੁੁੱਤ ਢਾਹੇ ਜਾਣ ਦੀ ਖ਼ਬਰ ਦੇ ਨਾਲ ਹੀ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਦਾ ਟਵੀਟ ਵੀ ਸਾਹਮਣੇ ਆਇਆ ਜਿਸ ਵਿਚ ਉਸਨੇ ਇਸ ਤੋੜ-ਫੋੜ ਨੂੰ ਹਵਾ ਦਿੰਦੇ ਹੋਏ ਲਿਖਿਆ, ''ਲੋਕ ਲੈਨਿਨ ਦਾ ਬੁੱਤ ਢਾਹ ਰਹੇ ਹਨ... ਰੂਸ ਵਿਚ ਨਹੀਂ; ਇਹ ਤ੍ਰਿਪੁਰਾ 'ਚ ਹੋ ਰਿਹਾ ਹੈ। ਚਲੋ ਪਲਟਈ।'' 'ਚਲੋ ਪਲਟਈ' ਬੰਗਲਾ ਭਾਸ਼ਾ ਦਾ ਲਫ਼ਜ਼ ਹੈ ਜਿਸਦਾ ਅਰਥ ਹੈ 'ਆਓ ਬਦਲੀਏ'। ਤ੍ਰਿਪੁਰਾ ਦੀ ਚੋਣ ਮੁਹਿੰਮ ਦੌਰਾਨ ਭਾਜਪਾ ਦਾ ਇਹੋ ਨਾਅਰਾ ਸੀ 'ਚਲੋ ਪਲਟਈ।' ਜਦੋਂ ਰਾਮ ਮਾਧਵ ਦਾ ਇਹ ਟਵੀਟ ਮੀਡੀਆ 'ਚ ਚਰਚਾ ਦਾ ਵਿਸ਼ਾ ਬਣ ਗਿਆ ਤਾਂ ਉਸਨੇ ਇਸ ਨੂੰ ਹਟਾ ਵੀ ਦਿੱਤਾ। ਰਾਮ ਮਾਧਵ ਭਾਜਪਾ ਦੇ ਉਤਰੀ ਪੂਰਬੀ ਰਾਜਾਂ ਦੇ ਇੰਚਾਰਜ ਹਨ। ਟਵੀਟ ਭਾਵੇਂ ਉਨ੍ਹਾਂ ਹਟਾ ਦਿੱਤਾ ਪਰ ਉਨ੍ਹਾਂ ਦਾ ਸੁਨੇਹਾ ਪਾਰਟੀ ਕਾਡਰ ਨੇ ਚੁੱਕ ਲਿਆ ਸੀ ਜਿਨ੍ਹਾਂ ਅਗਲੇ ਦਿਨ ਦੱਖਣੀ ਤ੍ਰਿਪੁਰਾ ਦੇ ਹੀ ਇਕ ਹੋਰ ਸ਼ਹਿਰ ਸਬਰੂਮ 'ਚ ਵੀ ਲੈਨਿਨ ਦਾ ਬੁੱਤ ਤੋੜ ਦਿੱਤਾ। ਬੁੱਤ ਤੋੜਨ ਦੇ ਇਸ ਅਤਿ ਘਟੀਆ ਕੁਕਰਮ 'ਤੇ ਪ੍ਰਤੀਕਿਰਿਆ ਵਜੋਂ ਖੱਬੇ ਪੱਖੀ ਧਿਰ ਨੇ ਤਾਂ ਨਿਖੇਧੀ ਕਰਨੀ ਹੀ ਸੀ, ਹੋਰਨਾਂ ਧਿਰਾਂ ਨੇ ਵੀ ਜਦ ਇਸ ਘਟਨਾ ਨੂੰ ਨਿੰਦਿਆ ਤਾਂ ਭਾਜਪਾ ਲੀਡਰਸ਼ਿਪ ਨੇ ਇਸ ਨੂੰ ਲੋਕਾਂ ਦੇ ਗੁੱਸੇ ਦਾ 'ਆਪ ਮੁਹਾਰਾ' ਪ੍ਰਗਟਾਵਾ ਕਹਿਣਾ ਸ਼ੁਰੂ ਕਰ ਦਿੱਤਾ। ਸਿਆਸੀ ਲੀਡਰਸ਼ਿਪ ਦੀ ਅਜਿਹੀ ਪੋਚਾਪਾਚੀ ਨੂੰ ਕਿਸੇ ਹੱਦ ਤੱਕ ਸਮਝਿਆ ਜਾ ਸਕਦਾ ਹੈ, ਪਰ ਹੱਦ ਤਾਂ ਉਸ ਸਮੇਂ ਹੋਈ ਜਦ ਤ੍ਰਿਪੁਰਾ ਦੇ ਨਾਗਪੁਰ ਦੀਆਂ ਹਿਦਾਇਤਾਂ ਅਧੀਨ ਥਾਪੇ ਗਏ ਗਵਰਨਰ ਤਥਾਗਤ ਰਾਏ ਨੇ ਵੀ ਘਟਨਾ ਨੂੰ ਜਾਇਜ਼ ਠਹਿਰਾ ਦਿੱਤਾ। ਲੈਨਿਨ ਦਾ ਬੁੱਤ ਤੋੜੇ ਜਾਣ ਬਾਰੇ ਟਿੱਪਣੀ ਕਰਨ ਲਈ ਕਹੇ ਜਾਣ 'ਤੇ 'ਨਾਗਪੁਰੀ' ਗਵਰਨਰ ਸਾਹਿਬ ਦਾ ਕਹਿਣਾ ਸੀ, ''ਜਮਹੂਰੀ ਢੰਗ ਨਾਲ ਚੁਣੀ ਇਕ ਸਰਕਾਰ ਜੋ ਕਰ ਸਕਦੀ ਹੈ, ਜਮਹੂਰੀ ਢੰਗ ਨਾਲ ਚੁਣੀ ਦੂਸਰੀ ਸਰਕਾਰ ਉਸ ਨੂੰ ਨਕਾਰ ਸਕਦੀ ਹੈ।'' ਇਕ ਸੰਵਿਧਾਨਕ ਅਹੁਦੇ 'ਤੇ ਬੈਠੇ ਕਿਸੇ ਜ਼ਿੰਮੇਵਾਰ ਦਾ ਅਜਿਹਾ ਗੈਰ-ਜ਼ੁੰਮੇਵਾਰਾਨਾ ਬਿਆਨ ਹੈਰਾਨ ਕਰਨ ਵਾਲਾ ਸੀ। ਤਥਾਗਤ ਰਾਏ ਇਹ ਬਿਆਨ ਦੇਣ ਲੱਗਿਆਂ ਇਹ ਵੀ ਭੁੱਲ ਗਏ ਕਿ ਸਰਕਾਰ ਦਾ ਗਠਨ ਤਾਂ ਅਜੇ ਹੋਣਾ ਹੈ। ਉਹ ਬੁਰਛਾਗਰਦਾਂ ਦੇ ਗਿਰੋਹਾਂ ਨੂੰ ਹੀ ਸਰਕਾਰ ਦੱਸ ਰਹੇ ਹਨ। ਭਾਜਪਾ ਲੀਡਰਸ਼ਿਪ ਵਲੋਂ ਇਨ੍ਹਾਂ ਘਟਨਾਵਾਂ ਨੂੰ ਭਾਵੇਂ ਲੋਕਾਂ ਦੇ ਗੁੱਸੇ ਦਾ ਆਪ ਮੁਹਾਰਾ ਪ੍ਰਗਟਾਵਾ ਕਹਿ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹੁਣ ਤਾਂ ਇਹ ਪ੍ਰਤੱਖ ਦਿਖਾਈ ਦੇ ਰਿਹਾ ਹੈ ਕਿ ਇਸ ਵਾਸਤੇ ਇਕ ਯੋਜਨਾਬੱਧ ਢੰਗ ਨਾਲ ਜਮੀਨ ਤਿਆਰ ਕੀਤੀ ਗਈ ਸੀ। ਦੇਸ਼ ਦੇ ਪ੍ਰਧਾਨ ਮੰਤਰੀ, ਸੱਤਾਧਾਰੀ ਪਾਰਟੀ ਦੇ ਮੁਖੀ ਵਲੋਂ ਚੋਣ ਮੁਹਿੰਮ ਦੌਰਾਨ ਮਾਣਿਕ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਨੂੰ ''ਉਖਾੜ ਕੇ ਖਾੜੀ 'ਚ ਸੁੱਟ ਦੇਣ'', ਪਾਰਟੀ ਦੇ ਤ੍ਰਿਪੁਰਾ ਦੇ ਇੰਚਾਰਜ ਸੁਨੀਲ ਦਿਓਧਰ ਵਲੋਂ ''ਮਾਣਕ ਸਰਕਾਰ ਨੂੰ ਕੇਰਲ, ਪੱਛਮੀ ਬੰਗਾਲ ਜਾਂ ਬੰਗਲਾਦੇਸ਼ 'ਚ ਜਾ ਕੇ ਪਨਾਹ ਲੈਣ ਲਈ ਮਜ਼ਬੂਰ ਕਰਨ'' ਵਰਗੀ ਵਰਤੀ ਗਈ ਭਾਸ਼ਾ 'ਚੋਂ ਹਿੰਸਾ ਹੀ ਝਲਕਦੀ ਹੈ। ਅਜਿਹਾ ਨਹੀਂ ਹੈ ਕਿ ਇਹ ਭਾਸ਼ਾ ਕੇਵਲ ਤ੍ਰਿਪੁਰਾ ਦੇ ਸੰਦਰਭ 'ਚ ਹੀ ਵਰਤੀ ਗਈ ਹੋਵੇ, ਇਸ ਤੋਂ ਪਹਿਲਾਂ ਵਰ੍ਹਿਆਂ ਤੋਂ ਇਸ ਨਫਰਤੀ ਭਾਸ਼ਾ ਦੀ ਵਰਤੋਂ ਹੁੰਦੀ ਆ ਰਹੀ ਹੈ। ਸੰਘ ਪਰਵਾਰ ਦੀ ਇਹ ਰਣਨੀਤੀ ਹੈ ਕਿ ਵਿਰੋਧ ਦੀ ਆਵਾਜ਼ ਨੂੰ ਅਸਲੋਂ ਬਰਦਾਸ਼ਤ ਨਾ ਕਰੋ ਅਤੇ ਹਿੰਦੂ ਧਰਮ ਤੋਂ ਬਿਨਾਂ ਹੋਰ ਕਿਸੇ ਧਰਮ ਦੀ ਸਿਫਤ ਸਲਾਹ ਨਾ ਹੋਣ ਦਿਓ। ਜਦ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦਾ ਪਾਰਟੀ ਪ੍ਰਧਾਨ ਅਮਿਤ ਸ਼ਾਹ 'ਕਾਂਗਰਸ ਮੁਕਤ ਭਾਰਤ' ਦੀ ਗੱਲ ਕਰਦੇ ਹਨ ਤਾਂ ਉਸਦਾ ਮਤਲਬ ਇਹ ਨਹੀਂ ਹੁੰਦਾ ਕਿ ਕਾਂਗਰਸ ਪਾਰਟੀ ਤੋਂ ਬਿਨਾਂ ਭਾਰਤ ਚਾਹੀਦਾ ਹੈ। ਉਸਦਾ ਮਤਲਬ ਹੁੰਦਾ ਹੈ ਕਿ ਸਿਰਫ ਤੇ ਸਿਰਫ ਭਾਜਪਾ, ਭਾਜਪਾ ਤੋਂ ਬਿਨਾਂ ਕੁੱਝ ਨਹੀਂ। ਤ੍ਰਿਪੁਰਾ ਦੀਆਂ ਅਸੰਬਲੀ ਚੋਣਾਂ ਤੋਂ ਬਾਅਦ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਦਾ ਬਿਆਨ ਨੋਟ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਕਾਂਗਰਸ ਮੁਕਤ ਭਾਰਤ ਦੀ ਗੱਲ ਕਹਿੰਦੇ ਆਏ ਹਾਂ, ਹੁਣ 'ਵਾਮਪੰਥ ਮੁਕਤ ਭਾਰਤ' ਕਹਿ ਸਕਦੇ ਹਾਂ। ਮਤਲਬ ਸਾਫ਼ ਹੈ ਕਿ ਇਕੋ ਇਕ ਪਾਰਟੀ ਭਾਰਤੀ ਜਨਤੀ ਪਾਰਟੀ ਵਾਲਾ, ਇਕੋ ਇਕ ਧਰਮ ਹਿੰਦੂ ਧਰਮ ਵਾਲਾ ਭਾਰਤ ਚਾਹੀਦਾ ਹੈ। ਇਸ ਪਰਵਿਰਤੀ ਨੂੰ ਹੀ ਫਾਸ਼ੀਵਾਦ ਕਿਹਾ ਜਾਂਦਾ ਹੈ ਜਿਸ ਵਿਚ ਹਿੰਦੂ ਧਰਮ ਹੀ ਸਰਵਉਚ ਹੈ। ਬਾਕੀ ਸਭ ਧਰਮਾਂ, ਦਲਿਤਾਂ, ਕਬਾਇਲੀਆਂ ਨੂੰ ਤਾਂ ਉਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਲੈਨਿਨ ਦਾ ਬੁੱਤ ਤੋੜਨ 'ਤੇ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਦੀ ਇਸ ਟਿੱਪਣੀ ਨੇ ਇਹਨਾਂ ਫਿਰਕਾਪ੍ਰਸਤਾਂ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਨੰਗਿਆਂ ਕਰ ਦਿੱਤਾ ਹੈ। ਉਸਦਾ ਕਹਿਣਾ ਹੈ : ''ਲੈਨਿਨ ਤਾਂ ਬਦੇਸ਼ੀ ਹੈ, ਇਕ ਤਰ੍ਹਾਂ ਦਾ ਅੱਤਵਾਦੀ, ਅਜਿਹੇ ਵਿਅਕਤੀ ਦਾ ਸਾਡੇ ਦੇਸ਼ ਵਿਚ ਬੁੱਤ ਕਿਉਂ? ਇਹ ਬੁੱਤ ਉਹ ਆਪਣੀ ਕਮਿਊਨਿਸਟ ਪਾਰਟੀ ਦੇ ਦਫਤਰ ਦੇ ਅੰਦਰ ਰੱਖ ਸਕਦੇ ਹਨ ਤੇ ਪੂਜਾ ਕਰ ਸਕਦੇ ਹਨ।'' ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਦਾ ਬਿਆਨ ਵੀ ਇਹੋ ਕੁੱਝ ਜਾਹਰ ਕਰਦਾ ਹੈ। ਉਹ ਆਖਦੇ ਹਨ, ''ਸਰਕਾਰ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦੀ। ਰਾਜ ਸਰਕਾਰ ਇਸ ਅਮਲ ਨੂੰ ਦੇਖ ਰਹੀ ਹੈ, ਪਰ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਰਤ 'ਚ ਬਦੇਸ਼ੀ ਆਗੂਆਂ ਦੇ ਬੁੱਤਾਂ ਦੀ ਜ਼ਰੂਰਤ ਨਹੀਂ ਹੈ।'' ਅਜਿਹੇ ਬਿਆਨ ਦੇ ਕੇ ਸੰਘੀ ਬ੍ਰਿਗੇਡ ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਸਾਮਰਾਜਵਾਦੀ ਵਿਰੋਧੀ ਵਿਰਾਸਤ ਨੂੰ ਕਲੰਕਿਤ ਕਰ ਰਹੇ ਹਨ ਅਤੇ ਉਸ ਵਿਚ ਲੈਨਿਨ ਦੇ ਹਾਂ ਪੱਖੀ ਯੋਗਦਾਨ 'ਤੇ ਪਰਦਾ ਪਾਉਣ ਦੀ ਕੋਸ਼ਿਸ ਕਰ ਰਹੇ ਹਨ। ਉਹ ਲੋਕ ਮਨਾਂ 'ਚੋਂ ਇਹ ਤੱਥ ਖਾਰਜ ਕਰਨਾ ਚਾਹੁੰਦੇ ਹਨ ਕਿ ਲੈਨਿਨ, ਜੋ ਕਿਰਤੀ ਜਮਾਤ ਦੀ ਸਦੀਵੀਂ ਬੰਦ-ਖਲਾਸੀ ਦਾ ਰਾਹ ਦਰਸਾਉਣ ਵਾਲੇ ਮਹਾਨਾਇਕ ਹਨ, ਭਾਰਤ ਦੇ ਕਈ ਆਜ਼ਾਦੀ ਸੰਗਰਾਮੀਆਂ ਦੇ ਪ੍ਰੇਰਨਾ ਸਰੋਤ ਸਨ ਜਿਨ੍ਹਾਂ 'ਚੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਵੀ ਇਕ ਸਨ ਜੋ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ 'ਚ ਵੀ ਲੈਨਿਨ ਬਾਰੇ ਕਿਤਾਬ ਪੜ੍ਹ ਰਹੇ ਸਨ। ਇਹ ਲੈਨਿਨ ਤੇ ਮਾਰਕਸ ਹੀ ਸਨ ਜਿਨ੍ਹਾਂ ਦੀ ਵਿਚਾਰਧਾਰਾ ਤੋਂ ਅਗਵਾਈ ਲੈਂਦਿਆਂ ਸ਼ਹੀਦ ਭਗਤ ਸਿੰਘ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਤੋਂ ਰਹਿਤ, ਬਰਾਬਰੀ 'ਤੇ ਅਧਾਰਤ ਇਕ ਆਜ਼ਾਦ ਭਾਰਤ ਦਾ ਸੁਪਨਾ ਲਿਆ ਸੀ। ਇਹੀ ਕਾਰਨ ਹੈ ਕਿ ਸੰਘ ਪਰਵਾਰ ਅਜਿਹੀ ਵਿਚਾਰਧਾਰਾ ਦੇ ਸਰੋਤ ਲੈਨਿਨ ਦੇ ਬੁੱਤ ਤੋਂ ਵੀ ਡਰਦਾ ਹੈ ਤੇ ਬੁੱਤ ਨੂੰ ਤੋੜਕੇ ਚਿੰਤਾ ਮੁਕਤੀ ਦੇ ਭਰਮ 'ਚ ਰਹਿਣਾ ਚਾਹੁੰਦਾ ਹੈ। ਇਕੱਲਾ ਲੈਨਿਨ ਹੀ ਨਹੀਂ, ਉਹ ਅਜਿਹੇ ਹਰ ਆਦਰਸ਼ ਵਿਅਕਤੀ ਨਾਲ ਸੰਬੰਧਤ ਪ੍ਰਤੀਕਾਂ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਜਿਨ੍ਹਾਂ ਨੇ ਮਨੂੰਵਾਦ, ਬ੍ਰਾਹਮਣਵਾਦ ਵਿਰੁੱਧ ਆਵਾਜ਼ ਉਠਾਈ ਹੋਵੇ। ਇਹੀ ਕਾਰਨ ਹੈ ਕਿ ਭਾਜਪਾ ਆਗੂ ਐਚ.ਰਾਜਾ ਨੇ ਤਾਮਿਲ 'ਚ ਕੀਤੀ ਗਈ ਫੇਸਬੁੱਕ ਪੋਸਟ 'ਚ ਕਿਹਾ ਸੀ, ''ਲੈਨਿਨ ਕੌਣ ਹੈ ਤੇ ਲੈਨਿਨ ਤੇ ਭਾਰਤ ਵਿਚਾਲੇ ਕੀ ਸੰਬੰਧ ਹਨ? ਭਾਰਤ ਤੇ ਕਮਿਊਨਿਸਟਾਂ 'ਚ ਕੀ ਸੰਬੰਧ ਹਨ? ਅੱਜ ਤ੍ਰਿਪੁਰਾ 'ਚ ਲੈਨਿਨ ਦਾ ਬੁੱਤ ਹਟਾਇਆ ਗਿਆ ਹੈ ਤੇ ਭਲਕੇ ਤਾਮਿਲਨਾਡੂ 'ਚ ਈ.ਵੀ. ਰਾਮਾਸਾਮੀ ਪੇਰਿਅਰ ਦਾ ਬੁੱਤ ਡੇਗਿਆ ਜਾਵੇਗਾ।'' ਐਚ ਰਾਜਾ ਦੀ ਇਸ ਟਿਪਣੀ ਤੋਂ 24 ਘੰਟੇ ਦੇ ਅੰਦਰ-ਅੰਦਰ ਤਾਮਿਲਨਾਡੂ ਦੇ ਵੇਲੋਰ ਜ਼ਿਲ੍ਹੇ ਦੇ ਤਿਰੁੱਪਤੁਰ ਕਾਰਪੋਰੇਟ ਦਫਤਰ 'ਚ ਲੱਗੇ ਪੇਰਿਅਰ ਦੇ ਬੁੱਤ ਨੂੰ ਨੁਕਸਾਨ ਪਹੁੰਚਾ ਦਿੱਤਾ ਗਿਆ। ਬਾਅਦ 'ਚ ਐਚ.ਰਾਜਾ ਨੇ ਵੀ ਰਾਮ ਮਾਧਵ ਵਾਂਗ ਇਹ ਪੋਸਟ ਹਟਾ ਲਈ ਤੇ ਇਸ ਹਰਕਤ ਲਈ ਭਾਂਡਾ ਆਪਣੇ ਪੇਜ ਐਡਮਿਨ ਸਿਰ ਭੰਨ ਦਿੱਤਾ। ਭਾਜਪਾ ਨੇ ਰਾਜਾ ਦੇ ਬਿਆਨ ਤੋਂ ਕਿਨਾਰਾ ਤਾਂ ਕੀਤਾ ਪਰ ਉਸ ਵਿਰੁੱਧ ਕੋਈ ਕਾਰਵਾਈ ਕਰਨਾ ਮੁਨਾਸਿਬ ਨਹੀਂ ਸਮਝਿਆ। ਇਹ ਸਿਲਸਿਲਾ ਰੁਕਿਆ ਨਹੀਂ। ਉਤਰ ਪ੍ਰਦੇਸ਼ 'ਚ ਡਾ. ਬੀ.ਆਰ. ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਆਜ਼ਮਗੜ੍ਹ 'ਚ ਅੰਬੇਡਕਰ ਦੇ ਬੁੱਤ ਦੀ ਗਰਦਨ ਤੋੜ ਦਿੱਤੀ ਗਈ। ਸਵਾਨਾ 'ਚ ਵੀ ਉਨ੍ਹਾਂ ਦੇ ਬੁੱਤ ਨੂੰ ਤੋੜਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹ ਘਟਨਾਵਾਂ ਵਾਪਰਨ ਉਪਰੰਤ ਇਨ੍ਹਾਂ ਦੀ ਨਿਖੇਧੀ ਕੀਤੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਭਨਾ ਰਾਜਾਂ ਨੂੰ ਇਕ ਸਲਾਹ ਭੇਜ ਕੇ ਕਿਹਾ ਕਿ ਦੇਸ਼ ਦੇ ਕੁੱਝ ਹਿੱਸਿਆਂ 'ਚੋਂ ਬੁੱਤ ਡੇਗਣ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਵਿਚ ਸਭਨਾਂ ਰਾਜਾਂ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਸਭ ਜ਼ਰੂਰੀ ਕਦਮ ਉਠਾਉਣ ਲਈ ਕਿਹਾ ਗਿਆ ਪਰ ਇਸ ਵਿਚ ਤ੍ਰਿਪੁਰਾ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਲੈਨਿਨ ਦੇ ਬੁੱਤਾਂ ਨੂੰ ਹੀ ਨੁਕਸਾਨ ਨਹੀਂ ਪਹੁੰਚਾਇਆ ਗਿਆ, ਸੀ.ਪੀ.ਆਈ.(ਐਮ) ਦੇ 600 ਤੋਂ ਵੱਧ ਕਾਰਕੁੰਨ ਭਾਜਪਾ ਦੇ ਬੁਰਛਾਗਰਦਾਂ ਨੇ ਜਖ਼ਮੀ ਕਰ ਦਿੱਤੇ, 400 ਦੇ ਕਰੀਬ ਪਾਰਟੀ ਦਫਤਰਾਂ ਦੀ ਭੰਨਤੋੜ ਕੀਤੀ ਗਈ ਤੇ ਪਾਰਟੀ ਵਰਕਰਾਂ ਦੇ ਦੋ ਹਜ਼ਾਰ ਦੇ ਕਰੀਬ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸੂਬੇ ਵਿਚ ਹੋਈ ਚੋਣਾਵੀ ਜਿੱਤ ਨੂੰ ਪ੍ਰਧਾਨ ਮੰਤਰੀ ਮੋਦੀ ਆਪਣੀ ਵਿਚਾਰਧਾਰਾ ਦੀ ਜਿੱਤ ਦੱਸਦੇ ਹਨ, ਜਿਸ ਬਾਰੇ ਉਹ ਆਖਦੇ ਹਨ ਕਿ 'ਪੂਰਬ 'ਚੋਂ ਜਦ ਸੂਰਜ ਚੜ੍ਹਦਾ ਹੈ ਤਾਂ ਉਸਦਾ ਰੰਗ ਭਗਵਾਂ ਹੁੰਦਾ ਹੈ ਤੇ ਜਦ ਛਿਪਦਾ ਹੈ ਤਾਂ ਉਸ ਦਾ ਰੰਗ ਲਾਲ ਹੁੰਦਾ ਹੈ।' ਉਨ੍ਹਾਂ ਦੇ ਇਨ੍ਹਾਂ ਬਿਆਨਾਂ 'ਚੋਂ ਕਮਿਊਨਿਸਟਾਂ ਪ੍ਰਤੀ ਨਫਰਤ ਸਾਫ ਝਲਕਦੀ ਹੈ ਤੇ ਆਰ.ਐਸ.ਐਸ. ਦੇ ਮਹਾਰਥੀਆਂ ਤੱਕ ਨੇ ਕਮਿਊਨਿਸਟਾਂ ਤੋਂ ਇਲਾਵਾ ਦਲਿਤਾਂ, ਘੱਟ ਗਿਣਤੀ ਮੁਸਲਮਾਨਾਂ ਤੇ ਕਬਾਇਲੀਆਂ ਪ੍ਰਤੀ ਆਪਣੀ ਨਫ਼ਰਤ ਨੂੰ ਕਦੇ ਛੁਪਾ ਕੇ ਨਹੀਂ ਰੱਖਿਆ। ਬੁੱਤ ਸ਼ਿਕਨੀ ਦੀਆਂ ਘਟਨਾਵਾਂ ਇਸੇ ਨਫਰਤ ਦੀ ਹੀ ਉਪਜ ਹਨ। ਇਸ ਨਫ਼ਰਤ ਨੂੰ ਹਵਾ ਦੇਣ ਵੇਲੇ ਸੰਘ ਪਰਿਵਾਰ ਇਹ ਭੁੱਲ ਜਾਂਦਾ ਹੈ ਕਿ ਬੁੁੱਤ ਤਾਂ ਉਸ ਵਲੋਂ ਵੀ ਖੜੇ ਕੀਤੇ ਜਾ ਰਹੇ ਹਨ। ਗੁਜਰਾਤ 'ਚ ਸਰਦਾਰ ਸਰੋਵਰ ਡੈਮ ਦੇ ਨੇੜੇ 4 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਸਰਦਾਰ ਪਟੇਲ ਦਾ ਦਿਓ ਕੱਦ ਬੁੱਤ, ਮੁੰਬਈ ਦੇ ਤੱਟ 'ਤੇ 3600 ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਸ਼ਿਵਜੀ ਦਾ ਬੁੁੱਤ ਇਸ ਦੀਆਂ ਮਿਸਾਲਾਂ ਹਨ। ਜਨਸੰਘ ਦੇ ਨੇਤਾ ਦੀਨ ਦਿਆਲ ਉਪਾਧਿਆਏ ਦੇ ਬੁੁੱਤ ਦੇਸ਼ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਲਾਉਣਾ ਭਾਜਪਾ ਦਾ ਹੀ ਪ੍ਰਾਜੈਕਟ ਹੈ। ਜੇ ਅੱਜ ਇਸ ਪਰਵਾਰ ਦੇ ਅਹਿਲਕਾਰ ਆਪਣੇ ਵਿਰੋਧੀਆਂ ਦੇ ਆਦਰਸ਼ਾਂ ਦੇ ਬੁੱਤ ਤੋੜ ਰਹੇ ਹਨ ਤਾਂ ਉਹ ਆਪਣੇ ਵਲੋਂ ਲਾਏ ਜਾ ਰਹੇ ਬੁੱਤਾਂ ਦੀ ਸਲਾਮਤੀ ਦੀ ਆਸ ਕਿਵੇਂ ਰੱਖ ਸਕਦੇ ਹਨ? ਕੀ ਅਜਿਹੀ ਭੰਨਤੋੜ ਨਾਲ ਦੇਸ਼ ਵਿਚ ਅਰਾਜਕਤਾ ਨਹੀਂ ਫੈਲੇਗੀ? ਇਸ ਸਵਾਲ 'ਤੇ ਗੰਭੀਰਤਾ ਨਾਲ ਵਿਚਾਰ ਕੀਤੇ ਜਾਣ ਦੀ ਲੋੜ ਹੈ। ਇਹ ਵੀ ਇਕ ਮੌਕਾ ਮੇਲ ਹੀ ਹੈ ਕਿ ਅਫਗਾਨਿਸਤਾਨ ਦੇ ਬਾਮਿਆਨ 'ਚ ਮਹਾਤਮਾ ਬੁੱਧ ਦੀਆਂ ਇਤਿਹਾਸਕ ਦਿਓ ਕੱਦ ਮੂਰਤੀਆਂ ਵੀ ਸਨ 2001 ਦੇ ਮਾਰਚ ਮਹੀਨੇ 'ਚ ਹੀ ਤਾਲਿਬਾਨ ਨੇ ਤੋੜੀਆਂ ਸੰਨ। ਤਾਲਿਬਾਨ ਦੀ ਵਿਚਾਰਧਾਰਾ ਇਹੋ ਕਹਿੰਦੀ ਹੈ ਕਿ ਕੱਟੜਪੰਥੀ ਮੁਸਲਿਮ ਧਰਮ ਤੋਂ ਬਿਨਾਂ ਹੋਰ ਕਿਸੇ ਵੀ ਧਰਮ ਦਾ ਵਜੂਦ ਨਹੀਂ ਰਹਿਣ ਦਿੱਤਾ ਜਾਵੇਗਾ। ਇਹ ਸੌੜੀ, ਨਫਰਤੀ ਜ਼ਹਿਰ ਹੀ ਹੈ ਕਿ ਅਫਗਾਨਿਸਤਾਨ ਤੋਂ ਅਜੇ ਤੱਕ ਅਮਨ ਚੈਨ ਕੋਹਾਂ ਦੂਰ ਹੈ। ਸਦੀਆਂ ਪੁਰਾਣੀ ਵਿਰਾਸਤ ਨੂੰ ਤਬਾਹ ਕਰਕੇ ਤਾਲਿਬਾਨ ਨਾ ਆਪਣਾ ਭਲਾ ਕਰ ਸਕਿਆ ਹੈ ਤੇ ਨਾ ਹੀ ਅਫਗਾਨਿਤਸਾਨ ਦੇ ਲੋਕਾਂ ਦਾ। ਇਹੋ ਹਾਲ ਇਰਾਕ ਦਾ ਹੈ ਜਿੱਥੇ ਅਮਰੀਕਾ ਦੀ ਅਗਵਾਈ ਹੇਠ ਧਾੜਵੀ ਸਾਮਰਾਜੀ ਫੌਜਾਂ ਨੇ ਸੰਨ 2003 'ਚ ਸੱਦਾਮ ਹੁਸੈਨ ਦਾ ਤਖਤਾ ਪਲਟਣ ਲਈ ਉਨ੍ਹਾਂ 'ਤੇ ਸਮੂਹਕ ਤਬਾਹੀ ਵਾਲੇ ਹਥਿਆਰ ਰੱਖਣ ਦੇ ਝੂਠੇ ਇਲਜ਼ਾਮ ਲਾ ਕੇ ਹਮਲਾ ਬੋਲਿਆ ਸੀ ਤੇ ਬਾਅਦ 'ਚ ਸੱਦਾਮ ਹੁਸੈਨ ਦੇ ਬੁੱਤ ਤੋੜੇ ਗਏ ਸਨ। ਉਹ ਇਰਾਕ ਅਜੇ ਤੱਕ ਅਮਨ ਨੂੰ ਤਰਸ ਰਿਹਾ ਹੈ। ਇਸ ਤਰ੍ਹਾਂ ਹੋਰ ਵੀ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਸਬਕ ਇਹੀ ਨਿਕਲਦਾ ਹੈ ਕਿ ਤੁਸੀਂ ਬੀਤੇ ਨੂੰ ਤਬਾਹ ਕਰਕੇ ਭਵਿੱਖ ਨਹੀਂ ਉਸਾਰ ਸਕਦੇ। ਬੀਤਿਆ ਜੇ ਚੰਗਾ ਹੈ ਤਾਂ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ। ਜੇ ਬੀਤਿਆ ਮਾੜਾ ਹੈ ਤਾਂ ਉਸ ਦੀ ਸੰਭਾਲ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਤਾਂ ਕਿ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸ ਬੀਤੇ ਤੋਂ ਸਬਕ ਲੈਣ ਦਾ ਪਾਠ ਪੜ੍ਹਾਅ ਸਕੋ। ਇਕ ਸਭਿਅਕ ਸਮਾਜ ਵਿਚ ਅਸਹਿਮਤੀ ਲਈ ਜਗ੍ਹਾ ਜ਼ਰੂਰ ਹੁੰਦੀ ਹੈ। ਹਰ ਇਕ ਨੂੰ ਆਪਣੀ ਰਾਇ ਰੱਖਣ, ਆਪਣੀ ਗੱਲ ਕਹਿਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਪਰ ਭਗਵੀਂ ਬ੍ਰਿਗੇਡ ਅਜਿਹੀਆਂ ਖੁੱਲ੍ਹਾਂ ਬਰਦਾਸ਼ਤ ਨਹੀਂ ਕਰ ਸਕਦੀ। ਉਸ ਦਾ ਇਕੋ ਇਕ ਨਿਸ਼ਾਨਾ, ਇਕ ਧਰਮ ਇਕ ਪਾਰਟੀ ਦੀ ਸਰਦਾਰੀ ਹੈ। ਇਸੇ ਨੀਤੀ ਅਧੀਨ ਹੀ ਆਰ.ਐਸ.ਐਸ. ਹਿੰਸਾ, ਭੰਨਤੋੜ ਤੇ ਸਾੜ ਫੂਕ ਨੂੰ ਹਵਾ ਦਿੰਦਾ ਹੈ। ਇਸ ਦੇ ਆਗੂਆਂ ਦੀਆਂ ਤਕਰੀਰਾਂ ਤੋਂ ਆਮ ਲੋਕ ਭਾਵੇਂ ਭਟਕ ਜਾਣ, ਉਸ ਦਾ ਕਾਡਰ ਉਸ ਪਿੱਛੇ ਲੁਕਿਆ ਸੁਨੇਹਾ ਹੀ ਚੁੱਕਦਾ ਹੈ ਤੇ ਆਪਣੇ ਨਿਸ਼ਾਨੇ ਤੋਂ ਕਦੇ ਨਹੀਂ ਭਟਕਦਾ। ਇਹ ਉਸ ਦੇ ਕਾਡਰ ਦੀ ਸਿਫਤ ਵੀ ਹੈ ਤੇ ਦੇਸ਼ ਦੀ ਧਰਮ ਨਿਰਪੱਖ ਤੇ ਜਮਹੂਰੀ ਤਾਣੀ ਲਈ ਖਤਰੇ ਦੀ ਘੰਟੀ ਵੀ। ਤ੍ਰਿਪੁਰਾ ਦੀਆਂ ਘਟਨਾਵਾਂ ਖੱਬੀ ਧਿਰ, ਖਾਸਕਰ ਸੀ.ਪੀ.ਆਈ.(ਐਮ) ਲਈ ਵੀ ਦੋ ਵੱਡੇ ਸਬਕ ਲੈ ਕੇ ਆਈਆਂ ਹਨ : ਇਕ ਇਹ ਕਿ ਬਦਲਾਖੋਰੀ ਦੀ ਹਿੰਸਕ ਰਾਜਨੀਤੀ ਤੋਂ ਕਿਨਾਰਾ ਕੀਤਾ ਜਾਣਾ ਚਾਹੀਦਾ ਹੈ। ਤ੍ਰਿਪੁਰਾ, ਪੱਛਮੀ ਬੰਗਾਲ ਤੇ ਕੇਰਲਾ 'ਚ ਇਸ ਪਾਰਟੀ ਵਲੋਂ ਆਪਣੇ ਵਿਰੋਧੀਆਂ 'ਤੇ ਹਿੰਸਕ ਹਮਲੇ ਮੀਡੀਆ ਦੀਆਂ ਸੁਰਖੀਆਂ ਬਣਦੇ ਰਹੇ ਹਨ। ਪਿਛਲੇ ਮਹੀਨੇ ਹੀ ਓਚੀਅਮ (ਕੇਰਲ) 'ਚ ਆਰ.ਐਮ.ਪੀ.ਆਈ. ਦਫਤਰ ਤੇ ਕਾਡਰਾਂ 'ਤੇ ਹਮਲਾ ਇਸ ਦੀ ਮਿਸਾਲ ਹਨ। ਦੂਸਰਾ ਸਬਕ ਇਹ ਕਿ ਵਿਗਿਆਨਕ ਵਿਚਾਰਧਾਰਾ 'ਚ ਬੁੱਤਪ੍ਰਸਤੀ ਲਈ ਕੋਈ ਜਗ੍ਹਾ ਨਹੀਂ ਹੁੰਦੀ, ਇਸ ਨੂੰ ਜਾਇਜ਼ ਠਹਿਰਾਉਣਾ ਤਾਂ ਦੂਰ ਦੀ ਗੱਲ ਹੈ। ਲੈਨਿਨ-ਮਾਰਕਸ ਦੀ ਵਿਚਾਰਧਾਰਾ ਤਾਂ ਮੁਰਦਿਆਂ 'ਚ ਜਾਨ ਪਾਉਣ ਦਾ ਮਾਦਾ ਰੱਖਦੀ ਹੈ, ਉਸ ਦੇ ਆਦਰਸ਼ਾਂ ਨੂੰ ਬੁੱਤਾਂ ਵਿਚ ਕੈਦ ਕਿਉਂ ਕੀਤਾ ਜਾਵੇ? ਪਹਿਲਾਂ ਉਹ ਸਮਾਜ ਤਾਂ ਸਿਰਜ ਲਓ, ਜਿਹੜਾ ਆਪਣੇ ਆਦਰਸ਼ਾਂ ਦੇ ਪ੍ਰਤੀਕਾਂ ਦੀ ਜੀ-ਜਾਨ ਨਾਲ ਰਾਖੀ ਕਰ ਸਕੇ, ਫਿਰ ਬੁੱਤ ਵੀ ਖੜੇ ਕੀਤੇ ਜਾ ਸਕਣਗੇ। ਇਸ ਸਮੇਂ ਤਾਂ ਸਭ ਤੋਂ ਵੱਡਾ ਖਤਰਾ ਫਿਰਕੂ ਫਾਸ਼ੀਵਾਦ ਹੀ ਹੈ। ਸਵਾਲ ਇਸ ਦੇ ਟਾਕਰੇ ਦਾ ਹੈ। ਕੋਈ ਵੀ ਅਗਾਂਹਵਧੂ ਧਿਰ ਆਪਣੇ ਦਮ 'ਤੇ ਇਸ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ। ਇਸ ਦੇ ਟਾਕਰੇ ਲਈ ਤਾਂ ਸਮੂਹ ਖੱਬੀਆਂ ਤੇ ਜਮਹੂਰੀਅਤ ਪਸੰਦ ਧਿਰਾਂ ਨੂੰ ਇਕ ਮੋਰਚੇ 'ਤੇ ਇਕੱਠੇ ਹੋਣਾ ਪਵੇਗਾ। ਇਹ ਮੋਰਚਾ ਵੀ ਦਲਿਤਾਂ, ਘੱਟ ਗਿਣਤੀਆਂ ਤੇ ਕਬਾਇਲੀ ਲੋਕਾਂ ਦੀ ਲਾਮਬੰਦੀ ਬਿਨਾ ਉਸਾਰਿਆ ਨਹੀਂ ਜਾ ਸਕਦਾ। ਸਮੇਂ ਦੀ ਲੋੜ ਹੈ ਕਿ ਆਪਣੀਆਂ ਸੌੜੀਆਂ ਵਲਗਣਾਂ ਤੋਂ ਉਪਰ ਉਠ ਕੇ ਫਿਰਕੂ-ਫਾਸ਼ੀਵਾਦ ਦੀ ਚੁਣੌਤੀ ਦਾ ਟਾਕਰਾ ਕਰਨ ਲਈ ਹੱਥਾਂ 'ਚ ਹੱਥ ਫੜੀ ਮੈਦਾਨ 'ਚ ਨਿਤਰਿਆ ਜਾਵੇ।

- Posted by Admin