sangrami lehar

ਖੱਬੇ ਪੱਖੀਆਂ ਨੂੰ ਕਾਂਗਰਸ ਦੀ ਕੋਈ ਲੋੜ ਨਹੀਂ!

  • 07/04/2018
  • 08:43 PM

ਜੀ. ਸੰਪਤ

(ਇਕ ਸਿਆਣਪ-ਭਰਪੂਰ (ਭਾਵੇਂ ਸਹਿਜ-ਗਿਆਨ ਦੇ ਉਲਟ ਹੀ ਹੋਵੇ) ਯੁੱਧਨੀਤੀ ਬੀਜੇਪੀ ਨੂੰ ਦੋ ਵੱਖੋ ਵੱਖਰੇ ਫਰੰਟਾਂ ਦੇ ਤੌਰ 'ਤੇ ਘੇਰਣ ਦੀ ਹੋਣੀ ਚਾਹੀਦੀ ਹੈ।)

ਭਾਰਤ 'ਚ ਖੱਬੇ ਪੱਖੀਆਂ ਦੀਆਂ ਅੰਤਮ ਰਸਮਾਂ ਅਦਾ ਕਰਨ ਲਈ ਕਾਹਲੇ ਆਪੇ ਐਲਾਨੇ ਉਦਾਰਵਾਦੀਆਂ ਵਲੋਂ 'ਅਨੰਦ ਪੂਰਨ' ਸ਼ਰਧਾਂਜਲੀਆਂ ਦੀ ਹਲਚਲ ਨਾਲ ਦੇਸ਼ ਨੂੰ ਹਿਲਾਉਣ ਤੋਂ ਅਜੇ ਮਸਾਂ ਇਕ ਹਫ਼ਤਾ ਹੀ ਹੋਇਆ ਹੈ, 'ਡੁੱਬਦਾ ਸੂਰਜ ਲਾਲ ਤੇ ਚੜ੍ਹਦਾ ਸੂਰਜ ਕੇਸਰੀ' ਵਰਗਾ ਅਲੰਕਾਰ ਦੁਬਾਰਾ ਹੋਰ ਵਰਤਿਆ ਗਿਆ।
ਹਾਂ, ਅਜੇ ਪਿਛਲੇ ਹਫਤੇ ਹੀ ਮਹਾਰਾਸ਼ਟਰਾ ਦੇ ਹਜ਼ਾਰਾਂ ਕਿਸਾਨਾਂ ਨੇ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਕਈ ਦਿਨ ਮਾਰਚ ਕੀਤਾ, ਜਿਸਦਾ ਇਕੋ ਇਕ ਨਿਸ਼ਾਨਾ ਭਾਰਤ ਦੀ ਵਪਾਰਕ ਰਾਜਧਾਨੀ 'ਚ ਲਾਲ ਝੰਡੇ ਲਹਿਰਾਉਣਾ ਸੀ ਤੇ ਆਪਣੇ ਹੱਕ ਉਸ ਰਾਜ ਕਰਦੀ ਕੁਲੀਨ ਜਮਾਤ ਤੋਂ ਮੰਗਣੇ ਸਨ, ਜਿਨ੍ਹਾਂ ਨੇ ਆਪਣੀਆਂ ਫਰਿੱਜਾਂ 'ਚ ਭਰੇ ਸਾਮਾਨ ਪੈਦਾ ਕਰਨ ਵਾਲਿਆਂ ਦੀ ਕਦੇ ਰੱਤੀ ਭਰ ਵੀ ਪਰਵਾਹ ਨਹੀਂ ਕੀਤੀ। ਇਸ ਲਈ ਕੀ ਖੱਬੇ ਪੱਖੀ ਮਰਨ ਕਿਨਾਰੇ ਨਹੀਂ? ਕੀ ਸੀ.ਪੀ.ਐਮ. ਦੀ ਹੁਣੇ ਹੋਈਆਂ ਤ੍ਰਿਪੁਰਾ ਚੋਣਾਂ 'ਚ ਹੋਈ ਹਾਰ ਨੇ ਖੱਬਿਆਂ ਨੂੰ ਮਾਰੂ ਸੱਟ ਨਹੀਂ ਮਾਰੀ? ਜੇਕਰ ਅਗਲੀਆਂ ਅਸੰਬਲੀ ਚੋਣਾਂ 'ਚ ਇਹ ਕੇਰਲਾ 'ਚ ਵੀ ਹਾਰ ਗਏ ਤਾਂ ਫਿਰ ਕੀ ਹੋਵੇਗਾ? ਅਜੋਕੀ ਪ੍ਰਚੱਲਤ ਰਾਜਨੀਤਕ 'ਸਿਆਣਪ' ਅਨੁਸਾਰ ਖੱਬਾ ਪੱਖ ਮਰਨ ਕਿਨਾਰੇ ਹੈ ਤੇ ਇਸਦੀ ਹੋਂਦ ਇਸ ਗੱਲ 'ਤੇ ਨਿਰਭਰ ਹੈ ਕਿ ਇਹ ਪੁਰਾਣੀ ਦੁਵਿਧਾ ਦਾ ਜਵਾਬ ਲੱਭੇ ਕਿ ਕੀ ਇਸ ਨੂੰ ਕਾਂਗਰਸ ਨਾਲ ਮਿਲਕੇ ਚੱਲਣਾ ਚਾਹੀਦਾ ਹੈ ਜਾਂ ਨਹੀਂ?
ਬਿਨਾਂ ਸ਼ੱਕ ਸੀ.ਪੀ.ਐਮ. ਦਾ ਤ੍ਰਿਪੁਰਾ 'ਚ ਹਾਰਨਾ ਇਕ ਵੱਡੀ ਸੱਟ ਹੈ। ਇਸ ਤੋਂ ਉਲਟ ਸੋਚਣਾ ਖ਼ੁਦ ਨੂੰ ਧੋਖਾ ਦੇਣ ਬਰਾਬਰ ਹੋਵੇਗਾ। ਪ੍ਰੰਤੂ ਇਸ ਸੱਟ ਦੇ ਬਹਾਨੇ ਕਾਂਗਰਸ ਨਾਲ ਸਾਂਝ ਪਾਉਣੀ ਅਤਿ ਭਿਅੰਕਰ (ਮਹਾਗਲਤੀ) ਹੋਵੇਗੀ।
ਅਜਿਹੇ ਗਠਜੋੜ ਦੇ ਹੱਕ 'ਚ ਦੋ ਦਲੀਲਾਂ ਦਿੱਤੀਆਂ ਜਾਂਦੀਆਂ ਹਨ; ਖੱਬੇ ਪੱਖੀਆਂ ਦਾ ਲਗਾਤਾਰ ਗੁੱਠੇ ਲੱਗਣਾ, ਜਿਸ ਨਾਲ ਉਹ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਹ ਆਪਣੇ ਤੌਰ 'ਤੇ ਕੋਈ ਅਸਰਦਾਰ ਚੋਣ ਮੁਹਿੰਮ ਨਹੀਂ ਚਲਾ ਸਕਦੇ ਅਤੇ ਦੂਜੀ ਸੰਨ 2019 ਦੀਆਂ ਚੋਣਾਂ 'ਚ ਸਮਾਜ ਨੂੰ ਲੀਰੋ-ਲੀਰ ਕਰਨ ਵਾਲੀਆਂ ਹਿੰਦੂਤਵੀ ਤਾਕਤਾਂ ਦੇ ਮੁੜ ਸੱਤਾ 'ਤੇ ਕਾਬਜ ਹੋਣ ਨੂੰ ਰੋਕਣ ਲਈ ਸਾਰੀਆਂ ਧਰਮ ਨਿਰਪੱਖ ਪਾਰਟੀਆਂ ਨੂੰ ਇਕਮੁੱਠ ਹੋ ਜਾਣਾ ਚਾਹੀਦਾ ਹੈ।
ਇਹ ਦੋਵੇਂ ਦਲੀਲਾਂ ਥੋੜ੍ਹਚਿਰੇ ਚੁਣਾਵੀ ਮਕਸਦ ਲਈ ਤਾਂ ਕੋਈ ਮਹੱਤਵ ਰੱਖ ਸਕਦੀਆਂ ਹਨ। ਪ੍ਰੰਤੂ ਲੰਮੇ ਸਮੇਂ ਲਈ ਕਾਂਗਰਸ ਨਾਲ ਕੀਤਾ ਗਠਬੰਧਨ ਇਕ ਹੋਰ ਯੁਧਨੀਤਕ ਮਹਾਂ ਗਲਤੀ (ਵੱਡੀ ਭੁੱਲ) ਹੋ ਸਕਦੀ ਹੈ ਜਿਸ ਨਾਲ ਨਾ ਸਿਰਫ ਅਗਾਂਹਵਧੂ ਰਾਜਨੀਤੀ ਦੀ ਪਹਿਲਾਂ ਹੀ ਸੁੰਗੜ ਰਹੀ ਭੂਮਿਕਾ ਹੋਰ ਵੀ ਵਧੇਰੇ ਸਿਮਟ ਜਾਵੇਗੀ ਸਗੋਂ ਇਹ ਅੱਤ ਦਰਜੇ ਦੀ ਕਮਜੋਰ ਹੁੰਦੀ ਹੋਈ ਅਖੌਤੀ ਸ਼ਾਵਨਵਾਦੀ ਕੌਮਪ੍ਰਸਤੀ ਦੀ ਘ੍ਰਿਣਤ ਰਾਜਨੀਤੀ ਦੇ ਪੈਰੋਕਾਰਾਂ ਨੂੰ ਹੋਰ ਵੀ ਤਕੜਾ ਕਰੇਗੀ।
ਅਤੀਤ ਤੋਂ ਸਿੱਖਿਆ
ਸੀ.ਪੀ.ਐਮ. ਨੂੰ ਇਹ ਦੇਖਣ ਲਈ ਕੋਈ ਬਹੁਤ ਵੱਡੇ ਧਰਤ ਨੂੰ ਉਲਟਾਉਣ ਵਾਲੇ ਸਿਧਾਂਤਾਂ ਦੀ ਲੋੜ ਨਹੀਂ ਕਿ ਅੱਗੋਂ ਕੀ ਹੋਣ ਵਾਲਾ ਹੈ। ਇਸਨੇ ਸਿਰਫ ਬਾਕੀ ਥਾਵਾਂ 'ਤੇ ਹਮਖ਼ਿਆਲ ਸਾਥੀਆਂ ਦੇ ਇਤਿਹਾਸ ਨੂੰ ਹੀ ਵਿਚਾਰਨਾ ਹੈ।  ਪੱਛਮੀ ਯੂਰਪ ਦੀ ਯੁੱਧ ਤੋਂ ਬਾਅਦ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ 'ਇਟਲੀ ਦੀ ਕਮਿਊਨਿਸਟ ਪਾਰਟੀ' (ਪੀ.ਸੀ.ਆਈ.) ਨੇ 1976 ਦੀਆਂ ਕੌਮੀ ਚੋਣਾਂ 'ਚ 34.4% ਵੋਟਾਂ ਹਾਸਲ ਕੀਤੀਆਂ। ਫਿਰ ਇਸਨੇ ਭਾਰਤ ਦੀ ਕਾਂਗਰਸ ਪਾਰਟੀ ਵਰਗੀ ਇਟਲੀ ਦੀ ਸੈਂਟਰਿਸਟ ਕਰਿਸ਼ਚੀਅਨ ਡੈਮੋਕਰੇਸੀ ਪਾਰਟੀ ਨਾਲ ਸਮਝੌਤਾ ਕਰ ਲਿਆ, ਤਾਂ ਕਿ ਖੱਬੇ ਪੱਖੀ ਏਜੰਡੇ ਦੇ ਜਨ ਆਦੇਸ਼ ਨੂੰ ਅੱਗੇ ਲਿਜਾਇਆ ਜਾ ਸਕੇ। ਪ੍ਰੰਤੂ ਗਠਜੋੜ ਦੌਰਾਨ ਉਹ ਕਮਿਊਨਿਸਟ ਸਨ, ਜਿਨ੍ਹਾਂ ਨੂੰ ਆਪਣੇ ਲੋਕ ਪੱਖੀ ਅਜੰਡੇ ਨੂੰ ਛੱਡਣਾ ਪਿਆ। ਇਸ ਗੱਲ ਦੇ ਡਰੋਂ ਕਿ ਭਾਈਵਾਲ ਪਾਰਟੀ ਡੀਸੀ ਦਾ ਕੈਥੋਲਿਕ ਚਰਚ ਨੂੰ ਮੰਨਣ ਵਾਲਾ ਮੱਧ ਵਰਗੀ ਵੋਟਰ ਕਿਤੇ ਨਾਰਾਜ਼ ਨਾ ਹੋ ਜਾਵੇ, ਇਟਲੀ ਦੀ ਪਾਰਟੀ ਤਲਾਕ ਤੇ ਗਰਭਪਾਤ ਵਰਗੇਂ ਮੁੱਦਿਆਂ 'ਤੇ ਪਿਛਾਂਹ ਖਿੱਚੂ ਪਹੁੰਚ ਲੈਂਦੀ ਰਹੀ। ਇਟਲੀ ਦੇ ਪਾਰਲੀਮਾਨੀ ਖੱਬੇ ਪੱਖੀ ਇਸ ਗੱਠਜੋੜ ਦੇ ਨਾਂਹਪੱਖੀ ਸਿੱਟਿਆਂ ਤੋਂ ਭੰਨੇ ਮੁੜ ਕਦੇ ਵੀ ਰਾਸ ਨਹੀਂ ਆਏ।
ਦੂਜਾ ਜਿੰਨੀ ਖੱਬੇ ਪੱਖੀਆਂ ਨੂੰ ਕਾਂਗਰਸ ਦੀ ਲੋੜ ਹੈ, ਉਸ ਤੋਂ ਜ਼ਿਆਦਾ ਕਾਂਗਰਸ ਨੂੰ ਖੱਬੇ ਪੱਖੀਆਂ ਦੀ ਲੋੜ ਹੈ। ਕਾਂਗਰਸ ਨੇ ਹਮੇਸ਼ਾ ਭਾਰਤੀ ਰਾਜਨੀਤੀ ਦੇ ਹੀ ਖੱਬੇ ਪੱਖੀ ਤੇ ਸੱਜੇ ਪੱਖੀ ਧੜਿਆਂ ਨਾਲ 'ਸੰਤੁਲਨ' ਬਣਾ ਕੇ ਚੱਲਣ ਦੀ ਨੀਤੀ 'ਤੇ ਅਮਲ ਕੀਤਾ ਹੈ।  ਇਸਦਾ ਰਾਜਨੀਤਕ ਪੈਂਤੜਾ ਹਮੇਸ਼ਾ ਸਮੇਂ ਸਮੇਂ ਤੇ ਭਾਰੂ ਰਹੇ ਧੜੇ ਨੂੰ ਪਤਿਆਉਣ ਦਾ ਰਿਹਾ ਹੈ। ਇਹ ਬੇਸ਼ੱਕ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਮਾਂ ਹੋਵੇ ਤੇ ਭਾਵੇਂ ਸਾਂਝੇ ਪ੍ਰਗਤੀਸ਼ੀਲ ਮੋਰਚੇ (ਯੂ.ਪੀ.ਏ.) ਦੇ ਪਹਿਲੇ ਅੱਠ ਸਾਲਾਂ ਦੇ ਰਾਜ ਅਧੀਨ ਖਾਸ ਤੌਰ 'ਤੇ, ਜਦੋਂ ਇਸਨੇ ਕਈ ਲੋਕ ਪੱਖੀ ਕਾਨੂੰਨ ਪਾਸ ਕੀਤੇ, ਸੰਭਵ ਨਾ ਹੁੰਦੇ ਜੇਕਰ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਵਿਚਾਰਧਾਰਕ ਤੌਰ 'ਤੇ ਪ੍ਰਤੀਬੱਧ ਖੱਬੇ ਪੱਖੀ ਨਾ ਹੁੰਦੇ। ਦਬਾਅ ਬਣਾਈ ਰੱਖਣ ਵਾਲੇ ਪ੍ਰਭਾਵਸ਼ਾਲੀ ਖੱਬੇ ਪੱਖੀਆਂ ਤੋਂ ਬਿਨਾਂ ਕਾਂਗਰਸ ਸੌਖਿਆਂ ਹੀ ਸੱਜੇ ਪਾਸੇ ਦਾ ਮੌੜਾ ਕੱਟ ਦੇਵੇਗੀ, ਨਾ ਸਿਰਫ ਆਰਥਿਕ ਤੌਰ 'ਤੇ, ਬਲਕਿ ਸਮਾਜਿਕ ਤੌਰ 'ਤੇ ਵੀ। ਅੱਜ ਜੋ ਵੀ ਇਸਦੀ ਅਗਾਂਹਵਧੂ ਸਮਰਥਾ ਹੈ, ਸਭ ਗੁਆ ਦੇਵੇਗੀ, ਅਤੇ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਵਜੋਂ ਦੇਸ਼ ਵਿਚ ਕਮਜ਼ੋਰ ਨਮੂਨੇ ਵਜੋਂ ਢਹਿ ਢੇਰੀ ਹੋ ਜਾਵੇਗੀ। ਇਹੀ ਕੁੱਝ ਕਾਂਗਰਸ ਨਾਲ ਗੁਜਰਾਤ ਵਿਚ ਉਦੋਂ ਤੱਕ ਵਾਪਰਿਆ ਜਦੋਂ ਤੱਕ ਪਿਛਲੇ ਸਾਲ ਇਸ ਦੀਆਂ ਅਗਾਂਹਵਧੂ ਰੁਚੀਆਂ ਮੁੜ ਸੁਰਜੀਤ ਨਹੀਂ ਹੋਈਆਂ, ਜਦੋਂ ਇਸਦੀ ਜਿਗਨੇਸ਼ ਮੇਵਾਨੀ, ਹਾਰਦਿਕ ਪਟੇਲ ਅਤੇ ਅਲਪੇਸ਼ ਠਾਕੁਰ ਵਰਗੇ ਲੋਕਾਂ/ਧੜਿਆਂ ਨਾਲ ਸਮਝਦਾਰੀ ਬਣੀ।
ਇਹ ਬੰਦੇ, ਮੁੱਖ ਤੌਰ 'ਤੇ ਖੱਬੇ ਪੱਖੀਆਂ ਦੇ ਕੇਂਦਰੀ ਸਮਾਜਿਕ ਆਧਾਰ ਜਿਵੇਂ ਬੇਜ਼ਮੀਨੇ, ਦਲਿਤ, ਬੇਰੁਜ਼ਗਾਰ, ਮਜ਼ਦੂਰ ਜਮਾਤ ਸੀਮਾਂਤ ਕਿਸਾਨੀ ਵਗੈਰਾ ਦੇ ਹਿੱਤਾਂ ਦੀ ਤਰਜ਼ਮਾਨੀ ਕਰਦੇ ਸਨ। ਜਿਹੜੀਆਂ ਜਿਹੜੀਆਂ ਲਹਿਰਾਂ ਦੀ ਇਹ ਅਗਵਾਈ ਕਰਦੇ ਸਨ ਉਨ੍ਹਾਂ ਦੀ ਰਾਜਨੀਤਕ ਮੁੜ ਵੰਡ ਖੱਬੇ ਪੱਖੀਆਂ ਨਾਲ ਜ਼ਿਆਦਾ ਕੁਦਰਤੀ ਨੇੜ ਰੱਖਦੀ ਹੈ। ਪ੍ਰੰਤੂ ਕਿਉਂਕਿ ਖੱਬੇ ਪੱਖੀ ਗੁਜਰਾਤ 'ਚੋਂ ਲਗਭਗ ਗੈਰ ਹਾਜ਼ਰ ਹੀ ਹਨ, ਇਸ ਲਈ ਇਹ ਨੇਤਾ ਕਾਂਗਰਸ ਨਾਲ ਰਲ ਗਏ, ਬਾਵਜੂਦ ਇਸਦੇ ਕਿ ਇਨ੍ਹਾਂ ਗਰੁੱਪਾਂ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਕਾਂਗਰਸ ਦਾ ਪੁਰਾਣਾ ਰਿਕਾਰਡ ਬੜਾ ਹੀ ਮਾੜਾ ਹੈ। ਅਜਿਹਾ ਰਾਜਨੀਤਕ ਲਚਕੀਲਾਪਨ ਨਾ ਸਿਰਫ ਕਾਂਗਰਸ ਦੀ ਸਗੋਂ ਖ਼ੁਦ ਉਦਾਰਵਾਦ ਦੀ ਵੀ ਵਿਸ਼ੇਸ਼ਤਾ ਹੈ, ਜਿਸਦੀ ਕਿ ਕਾਂਗਰਸ ਅਲੰਬਰਦਾਰ ਬਣਦੀ ਹੈ।
ਸਾਰੇ ਸੰਸਾਰ ਦੀਆਂ ਜਮਹੂਰੀਅਤਾਂ 'ਚ, ਉਦਾਰਵਾਦੀ ਰਾਜਨੀਤੀ ਉਨ੍ਹਾਂ ਚਿਰ ਹੀ ਪ੍ਰਫੁੱਲਤ ਹੋ ਸਕੀ ਹੈ, ਜਿਨ੍ਹਾਂ ਚਿਰ ਸਮਾਜਿਕ ਦਾਇਰੇ 'ਚ ਖੱਬੇ ਪੱਖ ਦਾ ਦਬਦਬਾ ਰਿਹਾ ਹੈ ਅਤੇ ਇਹ ਦਬਦਬਾ 20ਵੀਂ ਸਦੀ ਦੇ ਮੁਢਲੇ ਦੌਰ 'ਚ ਪੂੰਜੀ ਉਤੇ ਅੰਦੋਲਨਾਂ ਦੀਆਂ ਜਿੱਤਾਂ ਦੇ ਪਿਛੋਕੜ 'ਚ ਕਾਇਮ ਹੋਇਆ। ਪੱਛਮ ਦੀਆਂ ਵਿਕਸਤ ਪੂੰਜੀਵਾਦੀ ਅਰਥ ਵਿਵਸਥਾਵਾਂ ਦੇ ਅਖੌਤੀ ਖੁੱਲਦਿਲੇ ਲੋਕ ਹਿਤੈਸ਼ੀ ਰਾਜ ਪ੍ਰਬੰਧ ਕੋਈ ਉਦਾਰਵਾਦ ਦੇ ਇਨਾਮ ਵਜੋਂ ਨਹੀਂ ਬਲਕਿ ਖੱਬੇ ਪੱਖੀਆਂ ਕਰਕੇ ਕਾੲਮ ਹੋਏ 'ਤੇ ਰਹੇ। ਇਹ ਲੋਕ ਭਲਾਈਵਾਦ, ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਹੀ ਰਫੂ ਚੱਕਰ ਹੋ ਗਈ ਅਤੇ ਖੱਬੇ ਪੱਖੀ ਸੰਸਾਰ ਪੱਧਰ 'ਤੇ ਇਕ ਖੋਲ 'ਚ ਬੰਦ ਹੋ ਗਏ ਤੇ ਉਦਾਰਵਾਦੀਆਂ ਨੂੰ ਵਿਕਾਸ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦੇ ਰਾਮਬਾਣ ਹੱਲ ਵਜੋਂ ਨਵਉਦਾਰਵਾਦੀ 'ਸੰਜਮ' ਨੂੰ ਪ੍ਰਚਾਰਨ ਦਾ ਮੌਕਾ ਮਿਲ ਗਿਆ।
ਸਹੀ ਖੱਬੇ ਪੱਖ ਦੀ ਲੋੜ
ਖੱਖੇ ਪੱਖੀਆਂ ਦੇ ਪਤਨ ਅਤੇ ਸੱਜੇ ਪੱਖੀ ਘ੍ਰਿਣਤ ਰਾਜਨੀਤੀ ਦੇ ਉਭਾਰ 'ਚ ਬਿਲਕੁਲ ਸਿੱਧਾ ਅੰਤਰ ਸਬੰਧ ਹੈ। ਨਾਜ਼ੀ ਯੂਰਪ ਤੋਂ ਲੈ ਕੇ ਮੌਜੂਦਾ ਗਰੀਸ ਤੇ ਜਰਮਨੀ ਤੱਕ, ਇਤਿਹਾਸ ਨੇ ਮੁੜ ਮੁੜ ਕੇ ਸਿੱਧ ਕੀਤਾ ਹੈ ਕਿ ਉਹ ਲੜਾਕੂ ਵਸੋਂ ਭਾਗ ਜੋ ਜਮਹੂਰੀ ਕਦਰਾਂ-ਕੀਮਤਾਂ ਦੇ ਸਭ ਤੋਂ ਵੱਡੇ ਰੱਖਿਅਕ ਹਨ ਤੇ ਜਿਹੜੇ ਨਵੇਂ ਫਾਸ਼ੀਵਾਦੀ ਤੱਤਾਂ ਨੂੰ ਗਲੀਆਂ 'ਚ ਕਰਾਰੇ ਹੱਥੀਂ ਲੈਂਦੇ ਹਨ, ਉਦਾਰਵਾਦੀ ਨਹੀਂ, ਸਗੋਂ ਖੱਬੇ ਪੱਖੀਆਂ ਨਾਲ ਜੁੜੇ ਗਰੁੱਪ ਹਨ। ਅਸੀਂ ਭਾਰਤ 'ਚ ਵੀ ਇਸ ਨੂੰ ਜਵਾਹਰ ਲਾਲ ਨਹਿਰੂ ਯੂਨਿਵਰਸਿਟੀ (ਜੇ.ਐਨ.ਯੂ.) ਤੇ ਕੇਰਲਾ 'ਚ ਦੇਖਿਆ ਹੈ।
ਇਸਦਾ ਕਾਰਨ ਸਧਾਰਨ ਹੈ। ਉਦਾਰਵਾਦ ਕੋਲ ਉਹ ਸਿਧਾਂਤਕ ਅੱਗ ਨਹੀਂ ਜੋ ਵੱਡੀ ਪੂੰਜੀ ਅਤੇ ਸੱਜੇ ਪੱਖੀ ਕੌਮੀ ਸ਼ਾਵਨਵਾਦ ਨੂੰ ਸਮਝ ਸਕੇ, ਉਸਨੂੰ ਦੋਸ਼ੀ ਠਹਿਰਾਉਣ ਅਤੇ ਵਿਰੋਧ ਕਰਨ ਦੀ ਤਾਂ ਗੱਲ ਹੀ ਛੱਡੋ। ਉਹ ਮਜ਼ਦੂਰ ਜਮਾਤ ਦੀਆਂ ਤੰਗੀਆਂ ਤੁਰਸ਼ੀਆਂ ਤੇ ਤਾਨਾਸ਼ਾਹੀ ਲੋਕ ਲੁਭਾਉ ਨਾਅਰਿਆਂ 'ਚ ਫ਼ਰਕ ਵੀ ਨਹੀਂ ਦੱਸ ਸਕਦੇ। ਇਸਦੇ ਉਲਟ ਉਦਾਰਵਾਦ ਦਾ ਯਕੀਨ ਹੈ ਕਿ ਜਾਤਪਾਤ ਆਧਾਰਤ ਉਤਪੀੜਨ ਦੇ ਤੰਗ ਨਜ਼ਰੀਆਵਾਦ ਨੂੰ ਮੰਡੀ ਦੀਆਂ ਤਾਕਤਾਂ ਦੇ ਸਹਿਲਾਉਣ ਅਤੇ ਹੋਮਿਊਪੈਥਿਕ ਖਪਤਵਾਦ ਨਾਲ ਸੁਲਝਾਇਆ ਜਾ ਸਕਦਾ ਹੈ।
ਇਹੀ ਕਾਰਨ ਹੈ ਕਿ ਹਿੰਦੂਤਵੀ ਬ੍ਰਿਗੇਡ ਨੇ ਖੱਬੇ ਪੱਖੀਆਂ ਵਿਰੁੱਧ ਆਪਣੀ ਸਭ ਤੋਂ ਭੈੜੀ ਵਿਰੋਧ ਭਾਵਨਾ ਰਾਖਵੀਂ ਰੱਖੀ ਹੋਈ ਹੈ ਨਾ ਕਿ ਉਦਾਰਵਾਦੀਆਂ ਖਿਲਾਫ। ਜਿੱਥੋਂ ਤੱਕ ਭਾਰਤੀ ਖੱਬੇ ਪੱਖੀ ਪਾਰਟੀਆਂ ਦਾ ਸੰਬੰਧ ਹੈ, ਕਾਫੀ ਸਮੇਂ ਤੋਂ ਇਹ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸੜਕਾਂ 'ਤੇ ਉਤਰਨਾ ਚਾਹੀਦਾ ਹੈ ਅਤੇ ਆਪਣੇ ਸਾਰੇ ਸਾਧਨ ਤੇ ਜਥੇਬੰਦਕ ਮੁਹਾਰਤ ਨੂੰ ਦੇਸ਼ ਭਰ 'ਚ ਫੁੱਟ ਰਹੀਆਂ ਵੱਖ ਵੱਖ ਲਹਿਰਾਂ 'ਚ ਝੋਕ ਦੇਣਾ ਚਾਹੀਦਾ ਹੈ। ਕਿਸਾਨਾਂ ਦੀ ਲਾਮਬੰਦੀ ਤੋਂ ਲੈ ਕੇ ਅਧਿਆਪਕਾਂ ਦੇ ਅੰਦੋਲਨਾਂ, ਵਿਦਿਆਰਥੀਆਂ ਦੀ ਬੇਚੈਨੀ, ਦਲਿਤਾਂ ਦੀਆਂ ਲਹਿਰਾਂ ਅਤੇ ਆਦਿਵਾਸੀਆਂ ਦੇ ਭੂਮੀ (ਜ਼ਮੀਨੀ) ਹੱਕਾਂ ਵਗੈਰਾ ਲਈ ਅੱਗੇ ਆਉਣਾ ਚਾਹੀਦਾ ਹੈ। ਸੀ.ਪੀ.ਆਈ.(ਐਮ) ਨਾਲ ਸੰਬੰਧਤ ਆਲ ਇੰਡੀਆ ਕਿਸਾਨ ਸਭਾ ਵਲੋਂ ਮਹਾਰਾਸ਼ਟਰਾ 'ਚ ਆਯੋਜਿਤ (ਲਾਮਬੰਦ) ਸਫਲ ਕਿਸਾਨ ਮਾਰਚ ਨੇ ਦਰਸਾ ਦਿੱਤਾ ਹੈ ਕਿ ਖੱਬੇ ਪੱਖੀ ਜੇਕਰ ਆਪਣੀਆਂ ਚੁਣਾਵੀ ਚਿੰਤਾਵਾਂ ਨੂੰ ਲਾਂਭੇ ਰੱਖਕੇ ਅਤੇ ਰਾਜਨੀਤਕ ਲਾਮਬੰਦੀ ਲਈ ਟਿਕ ਕੇ ਕੰਮ ਕਰਨ, ਤਾਂ ਉਹ ਪ੍ਰਾਪਤੀਆਂ ਕਰ ਸਕਦੇ ਹਨ। ਜਿਓਂ ਹੀ ਇਹ ਕਿਸਾਨ ਰੈਲੀ ਪਿਛਲੇ ਐਤਵਾਰ ਨੂੰ ਭਾਰਤ ਦੀ ਵਿੱਤੀ (ਆਰਥਿਕ) ਰਾਜਧਾਨੀ, ਬੰਬਈ/ਮੁੰਬਈ 'ਚ ਦਾਖਲ ਹੋਈ ਤਾਂ ਗੈਰ ਖੱਬੇ ਪੱਖੀ ਤੇ ਖੱਬੇ ਪੱਖੀ ਪਾਰਟੀਆਂ ਨੇ ਤੁਰੰਤ ਇਸ ਲਾਲ ਸਮੁੰਦਰ 'ਚ ਛਲਾਂਗਾਂ ਲਾ ਦਿੱਤੀਆਂ। ਕਾਂਗਰਸ, ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ, ਇਥੋਂ ਤੱਕ ਕਿ ਸ਼ਿਵ ਸੈਨਾ ਨੇ ਵੀ ਉਨ੍ਹਾਂ ਦੀ ਹਮਾਇਤ ਕੀਤੀ।
ਅੰਤਮ ਵਿਸ਼ਲੇਸ਼ਣ ਵਜੋਂ ਇਸ ਦੀ ਬਜਾਏ ਕਿ ਕਾਂਗਰਸ ਤੇ ਖੱਬੇ ਪੱਖੀ ਇਕੋ ਇਕ ਚੁਣਾਵੀ ਬਲਾਕ ਬਣਾਉਣ, ਜਿਸ ਨਾਲ ਵੋਟਰਾਂ ਨੂੰ ਦੋ ਬਦਲਾਂ 'ਚੋਂ ਇਕ ਦੀ ਚੋਣ ਕਰਨ ਦੀ ਕਤਾਰਬੰਦੀ ਸੌਖੀ ਹੋਵੇਗੀ, ਸਹਿਜ-ਗਿਆਨ ਦੇ ਉਲਟ ਹੀ ਸਹੀ, ਇਕ ਸਿਆਣਪ ਭਰਪੂਰ ਯੁਧਨੀਤੀ ਵਜੋਂ ਬੀਜੇਪੀ ਵਿਰੁੱਧ ਦੋ ਫਰੰਟ ਪੇਸ਼ ਕੀਤੇ ਜਾਣ। ਇਕ ਖੱਬੇ ਪੱਖੀ ਤੇ ਦੂਜਾ ਖੱਬੇ ਸੱਜੇ ਦੇ ਵਿਚਕਾਰਲਾ। ਇਸਦਾ ਇਕ ਵੱਡਾ ਫਾਇਦਾ ਇਹ ਹੋਵੇਗਾ ਕਿ ਰਾਜਨੀਤਕ ਰਸਤੇ ਦੇ ਅੱਤ ਦਰਜ਼ੇ ਦੇ ਸੱਜੇ ਪਾਸੇ ਖਿੱਚੀ ਬੀਜੇਪੀ ਨੂੰ ਉਸਦੇ ਸਮਾਜਿਕ ਸੱਭਿਆਚਾਰਕ ਢਾਂਚੇ ਦੇ ਅਸਲੀ ਰਸਤੇ ਤੇ ਨੱਪਿਆ ਜਾ ਸਕਦਾ ਹੈ। ਇਸ ਨਾਲ ਹਿੰਦੂਤਵੀ ਪਾਰਟੀ ਚਾਹੇ ਉਹ ਕਿੰਨੀ ਵੀ ਚੁਣਾਵੀ ਤੌਰ 'ਤੇ ਹਾਵੀ ਹੋਵੇ, ਨੂੰ ਕੇਂਦਰੀ ਜਗ੍ਹਾ ਖੋਹਣ ਤੋਂ ਰੋਕਿਆ ਜਾ ਸਕਦਾ ਹੈ, ਜਿਥੋਂ ਕਿ ਇਹ ਅੰਤਮ ਤੌਰ 'ਤੇ ਖੱਬੇ ਪੱਖੀਆਂ ਨੂੰ ਮੁਕੰਮਲ ਤੌਰ 'ਤੇ ਧੱਕ ਸਕਦੀ ਹੈ। ਯੂ.ਪੀ. ਤੇ ਬਿਹਾਰ ਦੀਆਂ ਉਨ੍ਹਾਂ ਚੋਣਾਂ ਦੇ ਨਤੀਜੇ ਬਿਲਕੁਲ ਸਮੇਂ ਤੋਂ ਦਿੱਤੇ ਗਏ ਪੱਤਰ ਵਾਂਗ ਹਨ ਤੇ ਇਹ ਦੱਸਦਾ ਹੈ ਕਿ ਬਹੁਲਤਾਵਾਦ ਦੀ ਰਾਜਨੀਤੀ 'ਤੇ ਵੀ ਘਟਦੇ ਲਾਭਾਂ ਦਾ ਨਿਯਮ ਲਾਗੂ ਹੁੰਦਾ ਹੈ।
ਜਿੱਥੋਂ ਤੱਕ ਕਿ ਕਾਂਗਰਸ ਦਾ ਸਬੰਧ ਹੈ, ਇਹ ਇਕ ਅਜਿਹਾ ਹੱਥ ਹੈ ਜੋ ਕਿ ਕਿਸੇ ਵੀ ਰੰਗ ਦਾ ਪੇਂਟ ਕਰ ਸਕਦਾ ਹੈ। ਪ੍ਰੰਤੂ ਇਕ ਆਜ਼ਾਦ ਖੱਬੇ ਪੱਖ, ਜੋ ਕਿ ਲਾਲ ਰੰਗ ਨੂੰ ਉਭਾਰ ਸਕਦਾ ਹੈ ਜਿਵੇਂ ਕਿ ਬਹਾਦਰ (ਲੜਾਕੇ) ਕਿਸਾਨਾਂ ਨੇ ਮੁੰਬਈ 'ਚ ਕਰ ਦਿਖਾਇਆ, ਤੋਂ ਬਿਨਾਂ ਇਹ ਸੰਭਵ ਨਹੀਂ। ਇਹ ਸਿਰਫ ਕੁੱਝ ਸਮੇਂ ਦੀ ਗੱਲ ਹੈ, ਇਸ ਤੋਂ ਪਹਿਲਾਂ ਕਿ ਸਾਰੀ ਦੀ ਸਾਰੀ ਪੱਟੀ ਕੇਸਰੀ ਰੰਗ ਨਾਲ ਰੰਗੀ ਜਾਵੇ। ਆਓ ਸਮਾਅਨੁਕੂਲ ਨਿਰਣਾ ਕਰੀਏ।
ਅਨੁਵਾਦ : ਪ੍ਰੋ. ਜੈਪਾਲ ਸਿੰਘ
('ਦਿ ਹਿੰਦੂ' ਤੋਂ ਧੰਨਵਾਦ ਸਹਿਤ)

- Posted by Admin