sangrami lehar

ਲੋਕ ਮਸਲੇ : ਅਵਾਰਾ ਗਉੂਆਂ ਦੀ ਸਮੱਸਿਆ ਅਤੇ ਕਿਸਾਨ

  • 07/04/2018
  • 08:35 PM

ਇੱਕ ਸਮਾਂ ਸੀ ਜਦੋਂ ਇਹ ਮੰਨਿਆਂ ਜਾਂਦਾ ਸੀ ਕਿ 'ਧਰਤੀ ਧੌਲੇ ਬਲਦ ਦੇ ਸਿੰਙਾਂ 'ਤੇ ਖਲੋਤੀ ਹੈ। ਅਤੇ, ਇਹ ਗੱਲ ਸੀ ਵੀ ਸੱਚੀ ਕਿਉਂਕਿ ਭਾਰਤ ਵਿੱਚ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ (ਅੱਜ ਵੀ ਦੇਸ਼ ਦੀ ਅਬਾਦੀ ਦਾ 52 % ਹਿੱਸਾ ਸਿੱਧੇ ਤੌਰ 'ਤੇ ਖੇਤੀਬਾੜੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ ਅਤੇ 10-15% ਅਬਾਦੀ ਅਸਿੱਧੇ ਰੂਪ ਵਿੱਚ ਖੇਤੀਬਾੜੀ 'ਤੇ ਹੀ ਨਿਰਭਰ ਹੈ। ਉਸ ਸਮੇਂ ਬਲਦ ਹੀ ਸੀ, ਜਿਹੜਾ ਖੇਤੀਬਾੜੀ ਨਾਲ ਸਬੰਧਤ ਹਰ ਕੰਮ, ਜਿਵੇਂ ਜਮੀਨ ਵਾਹੁਣਾ, ਬੀਜਣਾ, ਢੋਣਾ ਤੇ ਗਾਹੁਣਾ ਆਦਿ ਲਈ ਵਰਤਿਆ ਜਾਂਦਾ ਸੀ (ਭਾਵੇਂ ਕਿਤੇ ਕਿਤੇ ਉੂਠ ਅਤੇ ਸੰਢਾ ਝੋਟਾ ਵੀ ਕੰਮ ਆਉਂਦਾ ਸੀ ਪਰ ਮੁੱਖ ਤੌਰ 'ਤੇ ਖੇਤੀ ਬਲਦਾਂ ਨਾਲ ਹੀ ਕੀਤੀ ਜਾਂਦੀ ਸੀ। ਗਊ ਦਾ ਵੱਛਾ ਹੀ ਵੱਡਾ ਹੋ ਕੇ ਬੈਲ ਬਣਦਾ ਸੀ। ਇਸ ਦੇ ਨਾਲ ਨਾਲ ਦੁਧਾਰੂ ਪਸ਼ੂ ਵੀ ਗਊ ਹੀ ਸੀ। ਗਊਆਂ ਤੋਂ ਅੰਮ੍ਰਿਤ ਵਰਗਾ ਦੁੱਧ ਮਿਲਦਾ ਸੀ ਇਸ ਤੋਂ ਦਹੀਂ, ਮੱਖਣ, ਘਿਓ ਬਣਦਾ ਸੀ ਜਿਸ ਤੋਂ ਅੱਗੇ ਅਨੇਕਾਂ ਪਦਾਰਥ ਬਣਦੇ ਸਨ/ਹਨ। ਗਊ ਦਾ ਗੋਬਰ ਫਸਲਾਂ ਵਿੱਚ ਖਾਦ ਵਜੋਂ ਅਤੇ ਬਾਲਣ ਵਾਸਤੇ ਵਰਤਿਆ ਜਾਂਦਾ ਸੀ। ਕਲੀ-ਪੋਚਾ ਕਰਨ ਲਈ ਵਰਤਿਆ ਜਾਂਦਾ ਸੀ। ਗਊ-ਮੂਤਰ ਚੰਗਾ ਕੀਟ ਨਾਸ਼ਕ ਹੋਣ ਕਰਕੇ, ਨਹਾਉਣ ਤੱਕ ਲਈ ਵਰਤਿਆ ਜਾਂਦਾ ਸੀ। (ਹੁਣ ਤਾਂ ਬਹੁਤੇ ਲੋਕ ਕਈ ਬਿਮਾਰੀਆਂ ਤੋਂ ਬਚਣ ਲਈ ਗਊ ਪਿਸ਼ਾਬ ਪੀਂਦੇ ਹਨ ਅਤੇ ਕਈ ਸੰਤ ਬਾਬੇ ਪਿਸ਼ਾਬ ਵੇਚਕੇ ਚੰਗੇ ਹੱਥ ਰੰਗ ਰਹੇ ਹਨ) ਗਊ ਦੇ ਚਮੜੇ ਦੀਆਂ ਜੁੱਤੀਆਂ ਬਣਦੀਆਂ ਹਨ ਅਤੇ ਇਥੋਂ ਤੱਕ ਕਿ ਇਸਦੀਆਂ ਹੱਡੀਆਂ ਤੱਕ ਮਨੁੱਖ-ਮਾਤਰ ਦੇ ਕੰਮ ਆਉਂਦੀਆਂ ਹਨ। ਗਊਆਂ, ਵੱਛੇ-ਵੱਛੀਆਂ ਨੂੰ ਵੇਚਕੇ, ਕਿਸਾਨ ਘਰ ਦੀਆਂ ਹੋਰ ਗਰਜਾਂ ਪੂਰੀਆਂ ਕਰ ਲੈਂਦੇ ਸਨ। ਇਸੇ ਲਈ ਕਿਹਾ ਜਾਂਦਾ ਸੀ ਕਿ ਗਊਆਂ ਦੀ ਸੇਵਾ ਕਰਨ ਵਾਲਾ ਇਨਸਾਨ, ਗਊ ਦੀ ਪੂਛ ਫੜ ਕੇ, ਕਬੀਲਦਾਰੀ ਰੂਪੀ ਵੈਤਰਨੀ ਨਦੀ ਪਾਰ ਕਰ ਜਾਂਦਾ ਹੈ। ਇਸੇ ਕਾਰਨ, ਜਨਮਦਾਤੀ-ਮਾਤਾ ਅਤੇ ਪਾਲਣਹਾਰੀ ਧਰਤੀ-ਮਾਤਾ ਦੇ ਨਾਲ ਨਾਲ ਗਊ ਨੂੰ ਵੀ ਗਊ-ਮਾਤਾ ਕਹਿਕੇ ਪੁਕਾਰਿਆ/ਸਤਿਕਾਰਿਆ ਜਾਂਦਾ ਸੀ ਅਤੇ ਇਸਦੀ ਪੂਜਾ ਕੀਤੀ ਜਾਂਦੀ ਸੀ।
ਪ੍ਰੰਤੂ ਹੁਣ ਜਦੋਂ ਸਮਾਜ ਵਿਕਾਸ ਕਰਕੇ ਪੂੰਜੀਵਾਦੀ ਯੁੱਗ ਵਿੱਚ ਪਹੁੰਚ ਗਿਆ ਹੈ ਅਤੇ ਖੇਤੀਬਾੜੀ ਦਾ ਤੇਜ਼ੀ ਨਾਲ ਸਰਮਾਏਦਾਰੀ ਕਰਨ ਹੋ ਰਿਹਾ ਹੈ ਤਾਂ ਖੇਤੀਬਾੜੀ ਦੇ ਖੇਤਰ ਵਿੱਚ ਵੱਡੇ ਪੈਮਾਨੇ 'ਤੇ ਮਸ਼ੀਨਰੀ ਆ ਜਾਣ ਕਾਰਨ, ਪੁਰਾਣੇ ਸੰਦਾਂ (ਹਲ, ਗੱਡੇ ਆਦਿ) ਦੇ ਨਾਲ ਹੀ ਖੇਤੀ ਸੈਕਟਰ 'ਚ ਗਾਂ ਦੀ ਉਪਯੋਗਤਾ ਘਟ ਗਈ ਹੈ। ਅਤੇ ਦੂਸਰੇ ਪਸ਼ੂਆਂ ਵਾਂਗ ਹੀ ਅਵਾਰਾ-ਡੰਗਰ ਬਣ ਗਿਆ ਹੈ। (ਸਰਮਾਏਦਾਰੀ ਯੁੱਗ ਵਿੱਚ ਹਰ ਬੰਦਾ, ਹਰ ਕੰਮ ਧੰਦੇ ਨੂੰ ਸਿਰਫ ਮੁਨਾਫੇ ਦੀ ਨਜ਼ਰ ਤੋਂ ਦੇਖਦਾ ਹੈ। ਹੁਣ ਗਉੂ (ਵਿਸ਼ੇਸ ਕਰਕੇ ਦੇਸੀ) ਦੁੱਧ ਥੋੜਾ ਦਿੰਦੀ ਹੈ ਅਤੇ ਖੁਰਾਕ ਜਿਆਦਾ ਖਾਂਦੀ ਹੈ। ਅਤੇ ਜਦੋਂ ਦੁੱਧ ਦੇਣੋਂ ਹਟ ਜਾਂਦੀ ਹੈ ਤਾਂ ਵੀ ਬਹੁਤੇ ਲੋਕ ਇਸ ਨੂੰ ਗਲੀਆਂ ਸੜਕਾਂ ਉਪਰ ਰੁਲਣ ਲਈ ਛੱਡ ਦਿੰਦੇ ਹਨ। ਇਸ ਕਰਕੇ ਅੱਜ ਇਹ ਪਵਿੱਤਰ ਅਤੇ ਪੂਜਣਯੋਗ ਪਸ਼ੂ ਲੋਕਾਂ, ਖਾਸਕਰ ਕਿਸਾਨੀ ਲਈ ਸਮੱਸਿਆਵਾਂ ਦਾ ਸਬੱਬ ਬਣ ਗਿਆ ਹੈ। ਅੱਜ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਸੱਥਾਂ, ਗਲੀਆਂ, ਸੜਕਾਂ ਅਤੇ ਖੇਤਾਂ ਵਿਚ ਅਵਾਰਾਂ ਗਊਆਂ ਅਤੇ ਅਮਰੀਕਣ ਢੱਠਿਆਂ ਦੇ ਝੁੰਡ ਫਿਰਦੇ ਦੇਖੇ ਜਾ ਸਕਦੇ ਹਨ। ਜਿਥੇ ਖਾਲੀ ਥਾਂ ਦਿਸੇ ਉਥੇ ਹੀ ਬੈਠ ਜਾਂਦੇ  ਹਨ। ਸੜਕਾਂ, ਰਸਤਿਆਂ ਵਿੱਚ ਵੀ। ਉਥੇ ਹੀ ਮਲ-ਮੂਤਰ ਕਰਦੇ ਹਨ। ਸੜਕਾਂ ਉਪਰ ਹੀ ਆਪਸ ਵਿੱਚ ਭਿੜ ਪੈਂਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ, ਜਿਨ੍ਹਾਂ ਕਾਰਨ ਕਈ ਵਾਰ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਬਹੁਤ ਸਾਰੇ ਥਾਵਾਂ ਤੋਂ ਮਾਰ-ਖੋਰੇ ਭੂਤਰੇ ਢੱਠਿਆਂ ਵੱਲੋਂ ਮਨੁੱਖਾਂ ਨੂੰ ਮਾਰਨ ਦੀਆਂ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ।
ਪਰੰਤੂ ਇਨ੍ਹਾਂ ਸਮੱਸਿਆਵਾਂ ਦੀ ਸਭ ਤੋਂ ਵੱਧ ਮਾਰ ਕਿਸਾਨੀ ਨੂੰ ਪੈ ਰਹੀ ਹੈ ਕਿਉਂਕਿ ਅਵਾਰਾ ਫਿਰਦੇ ਪਸ਼ੂ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਚਟਮ ਕਰ ਜਾਂਦੇ ਹਨ। ਬਾਕੀ ਦੀ ਫਸਲ ਲਿਤਾੜਕੇ, ਉਜਾੜ ਦਿੰਦੇ ਹਨ ਅਤੇ ਕਿਸਾਨ ਵਿਚਾਰਾ ਹੱਥ ਮਲਦਾ ਰਹਿ ਜਾਂਦਾ ਹੈ। ਫਸਲਾਂ ਦੀ ਰਾਖੀ ਲਈ, ਹਾੜ੍ਹੀ ਸਮੇਂ, ਕੜਾਕੇ ਦੀ ਸਰਦੀ ਵਿੱਚ ਕਿਸਾਨਾਂ ਨੂੰ ਰਾਤ-ਰਾਤ ਭਰ ਜਾਗਦੇ ਰਹਿਕੇ ਪਹਿਰਾ ਦੇਣਾ ਪੈਂਦਾ ਹੈ। ਪਸ਼ੂਆਂ ਨੂੰ ਫਸਲਾਂ ਵਿਚੋਂ ਕੱਢਕੇ ਦੂਸਰੇ ਪਾਸੇ ਟਾਲਣ ਸਮੇਂ ਆਪਸ ਵਿਚ ਝਗੜੇ ਹੋ ਜਾਂਦੇ ਹਨ। ਇਸ ਗੱਲ ਤੋਂ ਬਚਣ ਲਈ ਇੱਕ ਪਿੰਡ ਦੇ ਲੋਕ, ਪਸ਼ੂ ਇੱਕਠੇ ਕਰਕੇ ਦੂਸਰੇ ਪਿੰਡਾਂ ਵਿੱਚ ਛੱਡਣ ਦੀ ਕੋਸ਼ਿਸ਼ ਕਰਦੇ ਹਨ। ਅੱਗੋਂ ਦੂਸਰੇ ਪਿੰਡ ਨਾਲ ਝਗੜਾ ਹੋ ਜਾਂਦਾ ਹੈ। ਇਸ ਤਰ੍ਹਾਂ, ਇਕ ਤਰ੍ਹਾਂ ਦੀ ਭਰਾ ਮਾਰ ਜੰਗ ਛਿੜੀ ਰਹਿੰਦੀ ਹੈ। ਉਪਰੋਂ ਸਰਕਾਰਾਂ ਨੇ ਇਸ ਸਮੱਸਿਆ ਦਾ ਕੋਈ ਢੁੱਕਵਾਂ ਅਤੇ ਸਥਾਈ ਹੱਲ ਲੱਭਣ ਦੀ ਥਾਂ ਸਗੋਂ 'ਅਖੌਤੀ' ਗਊ-ਰੱਖਿਅਕਾਂ ਦੇ ਦਬਾਅ ਹੇਠ (ਇਕ ਧਰਮ ਵਿਸ਼ੇਸ਼ ਦੇ ਲੋਕਾਂ ਦੀਆਂ ਵੋਟਾਂ ਵਟੋਰਨ ਦੇ ਮਨਸ਼ੇ ਨਾਲ) ਪਸ਼ੂਆਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਲੈ ਕੇ ਜਾਣ/ਵੇਚਣ ਅਤੇ ਦੂਸਰੇ ਸੂਬਿਆਂ ਵਿੱਚ ਭੇਜਣ ਤੇ ਬੇਲੋੜੀਆਂ ਰੋਕਾਂ ਲਾ ਕੇ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।
(ਓ) ਕਿਸਾਨਾਂ ਉਪਰ ਇਨ੍ਹਾਂ ਫੈਸਲਿਆਂ ਦਾ ਮਾਰੂ ਅਸਰ ਪੈ ਰਿਹਾ ਹੈ ਕਿਉਂਕਿ ਕਿਸਾਨ ਗਊਆਂ ਨੂੰ ਸਹਾਇਕ ਧੰਦੇ ਦੇ ਤੌਰ ਤੇ ਵੀ ਪਾਲਦਾ ਸੀ ਅਤੇ ਵਾਧੂ ਦੁਧਾਰੂ ਗਊ ਵੱਛਾ-ਵੱਛੀ ਨੂੰ ਮੰਡੀ ਵਿੱਚ ਵੇਚਕੇ ਆਪਣੀਆਂ ਆਰਥਿਕ ਲੋੜਾਂ ਪੁੂਰੀਆਂ ਕਰ ਲੈਂਦਾ ਸੀ। ਹੁਣ ਇਹ ਕੰਮ ਲਗਭਗ ਠੱਪ ਹੀ ਹੋ ਗਿਆ ਹੈ ਅਤੇ ਲੋਕ ਪਸ਼ੂ ਪਾਲਣ ਤੋਂ ਹੀ ਕਿਨਾਰਾ ਕਰਨ ਲੱਗ ਪਏ ਹਨ।
(ਅ) ਸਰਕਾਰ ਵੱਲੋਂ ਲਗਭਗ ਹਰ ਚੀਜ ਉਪਰ ਗਊਆਂ ਦੀ ਸੰਭਾਲ ਲਈ ਗਊ ਸੈਸ ਲਾਇਆ ਹੋਇਆ ਹੈ। ਜਿਸਦਾ ਵੱਡਾ ਹਿੱਸਾ ਕਿਸਾਨੀ ਨੂੰ ਹੀ ਅਦਾ ਕਰਨਾ ਪੈਂਦਾ ਹੈ। ਸਰਕਾਰਾਂ ਵੱਲੋਂ ਕਰੋੋੜਾਂ ਰੁਪਏ ਉਗਰਾਹੁਣ ਦੇ ਬਾਅਦ ਵੀ ਸਮੱਸਿਆਂ ਨੂੰ ਹੱਲ  ਕਰਨ ਲਈ ਕਾਣੀ ਕੌਡੀ ਵੀ ਨਹੀਂ ਖਰਚੀ ਗਈ। ਅਤੇ ਸਮੱਸਿਆ ਉਵੇਂ ਦੀ ਉਵੇਂ ਖੜੀ ਹੈ।
(ੲ) ਬਹੁਤ ਸਾਰੇ ਪਿੰਡਾਂ ਵਿੱਚ ਗਊਸ਼ਾਲਾਵਾਂ ਬਣੀਆਂ ਵੀ ਹਨ। ਸੁਣਿਐ ਕਿ ਸਰਕਾਰਾਂ ਉਨ੍ਹਾਂ ਨੂੰ ਨਿਗੂਣੀ ਜਿਹੀ ਗਰਾਂਟ ਵੀ ਦਿੰਦੀਆਂ ਹਨ। ਪ੍ਰੰਤੂ ਉਨ੍ਹਾਂ ਲਈ ਵੀ ਜਿਆਦਾਤਰ ਫੰਡ/ਦਾਨ, ਤੂੜੀ, ਦਾਣੇ ਅਤੇ ਹਰੇ ਚਾਰੇ ਦੀ ਸ਼ਕਲ ਵਿੱਚ ਕਿਸਾਨਾਂ ਤੋਂ ਹੀ ਉਗਰਾਹਿਆ ਜਾਂਦਾ ਹੈ। ਫਸਲ ਵੇਚਣ ਸਮੇਂ ਆੜ੍ਹਤੀਏ             ਵੀ ਕੁਝ ਕਾਟ ਕੱਟ ਲੈਂਦੇ ਹਨ, ਪ੍ਰੰਤੂ ਜਦੋਂ ਕੋਈ ਕਿਸਾਨ ਉਨ੍ਹਾਂ ਕੋਲ ਕੋਈ ਪਸ਼ੂ ਛੱਡਣ ਜਾਂਦਾ ਹੈ ਤਾਂ ਉਹ ਉਸਦਾ ਸਾਰਾ ਖਰਚਾ ਮੰਗ ਲੈਂਦੇ ਹਨ ਜਾਂ ਅਕਸਰ ਟਕੇ ਵਰਗਾ ਜਵਾਬ ਦੇ ਦਿੰਦੇ ਹਨ ਕਿ ਸਾਡੇ ਕੋਲ ਤਾਂ ਪਸ਼ੂ ਪਹਿਲਾਂ ਹੀ ਜ਼ਿਆਦਾ ਹਨ। ਚੰਗੇ ਦੁਧਾਰੂ ਪਸ਼ੂ ਰੱਖਦੇ ਹਨ ਜਿਨ੍ਹਾਂ ਦਾ ਫਾਇਦਾ ਪ੍ਰਬੰਧਕਾਂ ਜਾਂ ਅਸਰ ਰਸੂਖ ਵਾਲੇ ਲੋਕ ਉਠਾ ਰਹੇ ਹਨ। ਅਵਾਰਾ ਪਸ਼ੂ ਉਸੇ ਤਰ੍ਹਾਂ ਗਲੀਆਂ ਵਿਚ ਘੁੰਮਦੇ ਫਿਰਦੇ ਹਨ। ਸਮੱਸਿਆ ਥਾਂ ਦੀ ਥਾਂ।
(ਸ) ਇਸ ਭਿਆਨਕ ਸਮੱਸਿਆ ਨੇ ਇਕ ਹੋਰ ਵਰਤਾਰੇ ਨੂੰ ਜਨਮ ਦਿੱਤਾ ਹੈ। ਪਿੰਡਾਂ ਦੇ ਲੋਕਾਂ ਨੇ ਮਜ਼ਬੂਰੀਵਸ ਛੇ ਛੇ ਮਹੀਨੇ ਜਾਂ ਸਾਲ ਸਾਲ ਲਈ, ਘੋੜਿਆਂ ਵਾਲੇ ਪ੍ਰਵਾਸੀ ਰਾਖੇ ਰੱਖਣੇ ਸ਼ੁਰੂ ਕਰ ਦਿੱਤੇ ਹਨ। ਸਾਡੇ ਇਲਾਕੇ ਵਿਚ ਭੀਖੀ, ਫਫੜੇ ਭਾਈਕੇ, ਸਮਾਓ, ਦੋਵੇਂ ਖੀਵੇ, ਦੋਵੇਂ ਅਤਲੇ ਦੋਵੇਂ ਅਲੀਸ਼ੇਰ, ਗੁਰਨੇ, ਕੁਲੈਹਰੀ ਆਦਿਕ ਸਮੇਤ ਲਗਭਗ ਹਰ ਪਿੰਡ ਰਾਖੇ ਰੱਖੇ ਹੋਏ ਹਨ, ਜਿਨ੍ਹਾਂ ਨੂੰ ਕਿ 100 ਰੁਪਏ ਪ੍ਰਤੀ ਏਕੜ ਤੋਂ ਲੈ ਕੇ 400 ਰੁਪਏ ਤੱਕ ਮਿਹਨਤਾਨਾ ਦਿੱਤਾ ਜਾਂਦਾ ਹੈ। ਭਾਵ ਹਰ ਪਿੰਡ ਨੂੰ 2 ਤੋਂ 4-5 ਲੱਖ ਰੁਪਏ ਗਊ ਰਾਖੀ ਟੈਕਸ ਦੇਣਾ ਪੈਂਦਾ ਹੈ।
(ਹ) ਕਈ ਵਾਰ ਬਾਹਰੋਂ ਆਏ ਲੋਕ ਜਾਂ ਦੂਸਰੇ ਪਿੰਡ ਦੇ ਲੋਕ ਇਨ੍ਹਾਂ ਨਾਲ ਵੀ ਝਗੜਾ ਕਰ ਲੈਂਦੇ ਹਨ।
ਇਸ ਤਰ੍ਹਾਂ ਪਹਿਲਾਂ ਹੀ ਸਰਕਾਰ ਦੀਆਂ ਨੀਤੀਆਂ, ਮਹਿੰਗਾਈ, ਕਰਜ਼ ਅਤੇ ਖਰਚਿਆਂ ਦੇ ਭੰਨੇ ਕਿਸਾਨ ਆਤਮ ਹੱਤਿਆਵਾਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਪਰੋਂ ਇਹ ਸਮੱਸਿਆ ਕਿਸਾਨਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ, ਫੌਰਨ ਕੋਈ ਢੁਕਵਾਂ ਅਤੇ ਸਥਾਈ ਹੱਲ ਕਰਨਾ ਚਾਹੀਦਾ ਹੈ। ਅਤੇ ਕਿਸਾਨ ਭਰਾਵਾਂ ਨੂੰ ਵੀ ਆਪਸ ਵਿਚ ਝਗੜਨ ਦੀ ਥਾਂ ਇਕੱਠੇ ਹੋ ਕੇ ਸਰਕਾਰ ਉਪਰ ਦਬਾਅ ਪਾਉਣਾ ਚਾਹੀਦਾ ਹੈ ਤਾਂ ਕਿ ਅਵਾਰਾ ਪਸ਼ੂਆਂ ਦੀ ਇਸ ਚਿੰਤਾਜਨਕ ਸਮੱਸਿਆ ਦਾ ਸਾਰਥਕ ਹੱਲ ਨਿਕਲ ਸਕੇ।
- ਛੱਜੂ ਰਾਮ ਰਿਸ਼ੀ

- Posted by Admin