sangrami lehar

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਪ੍ਰੈਲ 2018)

  • 07/04/2018
  • 08:21 PM

ਕਹਾਣੀ

ਸਮਾਨਤਾ ਦਿਵਸ

- ਜਤਿੰਦਰ ਸਿੰਘ ਹਾਂਸ

ਇਹ ਜਿੰਦੂ ਦਾ ਕੀ ਕੀਤਾ ਜਾਵੇ, ਮੈਂ ਦੋ ਚਿੱਤੀ 'ਚ ਸਾਂ। ਮੈਡਮ ਮੋਨਿਕਾ ਨੇ ਸਾਫ਼ ਮਨ੍ਹਾਂ ਕਰ ਦਿੱਤਾ ਸੀ। ਕਹਿੰਦੀ, ''ਸਰ ਇਹਨੂੰ ਸ਼ੈਤਾਨ ਦੀ ਟੂਟੀ ਨੂੰ ਨਹੀਂ ਲੈ ਕੇ ਜਾਣਾ ਸਮਾਨਤਾ ਦਿਵਸ 'ਤੇ। ਇਹਦੇ ਸਿਰ 'ਤੇ ਛਿੱਤਰ ਤਾਣੀ ਰੱਖੋ, ਤਾਂ ਇਹਦਾ ਸਰਦਾ... ਕੱਲ੍ਹ ਦੀ ਗੱਲ ਸੁਣਲੋ, ਕਲਾਸ 'ਚ ਸਭ ਤੋਂ ਪਿੱਛੇ ਬੈਠਾ, ਆਪਣੀ ਚਪਲੀ ਖੋਹਲ ਕੇ ਧਰਤੀ 'ਤੇ ਮਾਰ ਰਿਹਾ ਸੀ। ਮੈਨੂੰ ਕੁਰਸੀ 'ਤੇ ਬੈਠੀ ਨੂੰ ਲੱਗਿਆ, ਇਹ ਕੀੜੀਆਂ ਮਾਰ ਰਿਹਾ। ਮੈਂ ਘੂਰ ਕੇ ਕਿਹਾ, 'ਜਿੰਦੂ ਬੇਟਾ ਕੀੜੀਆਂ ਨੀ ਮਾਰੀਦੀਆਂ.. ਪਾਪ ਲੱਗਦਾ'। ਆਪਣੀ ਆਈ 'ਤੇ ਆਇਆ ਇਹ ਕਦ ਹਟਦਾ। ਆਪਣੇ ਹੱਥ 'ਚ ਫੜੀ ਚੱਪਲ ਜ਼ੋਰ ਨਾਲ ਧਰਤੀ 'ਤੇ ਮਾਰਦਾ ਹੋਇਆ ਕਹਿੰਦਾ, 'ਮੈਡਮ ਜੀ, ਇਹ ਤਾਂ ਕੀੜਾ ਤੀ...।' ਇਹਨੂੰ ਪਬਲਿਕ ਸਕੂਲ 'ਚ ਨਾਲ ਨਾ ਲੈ ਕੇ ਜਾਇਓ, ਐਵੇਂ ਸਕੂਲ ਦਾ ਨਾਂ ਬੱਦੂ ਕਰੂ।'' ਮੈਂ ਮੈਡਮ ਨੂੰ ਦੱਸਣਾ ਚਾਹੁੰਦਾ ਸੀ, ''ਕੱਲ੍ਹ ਆਪਾਂ ਬੱਚਿਆਂ ਨੂੰ ਨਹਾ ਕੇ, ਸੁਹਣੇ ਸਾਫ਼ ਕੱਪੜੇ ਪਾ ਕੇ ਆਉਣ ਲਈ ਕਿਹਾ ਸੀ। ਇਸ ਲਈ ਬੱਚੇ ਘੱਟੇ ਆਏ ਨੇ। ਉਥੇ ਬੱਚਿਆਂ ਦੀ ਹਾਜ਼ਰੀ ਵੀ ਦੇਖਣੀ ਹੈ।'' ਪਰ ਮੈਡਮ ਨੂੰ ਕੁੱਝ ਕਹਿਣਾ 'ਜਾਂਦੀਏ ਬਲਾਏ ਦੁਪਿਹਰਾ ਕੱਟਜਾ' ਕਹਿਣ ਵਾਲੀ ਗੱਲ ਹੈ। ਉਹ ਬੋਲਣ ਲੱਗੀ ਅੱਗਾ-ਪਿੱਛਾ ਨਹੀਂ ਦੇਖਦੀ। ਉਹਨੂੰ ਹਮੇਸ਼ਾ ਲੱਗਦਾ, ਜੋ ਉਹਨੇ ਕਹਿ ਦਿੱਤਾ ਉਹੀ ਇਲਾਹੀ ਹੁਕਮ ਹੈ। ਉਂਝ ਮੈਡਮ ਵੀ ਸੱਚੀ ਸੀ। ਜਿੰਦੂ ਸ਼ਰਾਰਤ ਵੀ ਨਾਭੇ ਦੇ ਗੱਭੇ ਦੀ ਕਰਦਾ ਹੈ। ਗੁਰੂ ਨਾਨਕ ਪਬਲਿਕ ਸਕੂਲ ਵਿਚ 'ਵੱਡਿਆਂ ਘਰਾਂ' ਦੇ ਬੱਚੇ ਪੜ੍ਹਦੇ ਨੇ। ਉਥੇ ਅਸੀਂ ਬੱਚੇ ਲੈ ਕੇ ਜਾਣਾ ਹੈ। ਉਥੇ ਸਾਡੇ ਪੂਰੇ ਸੈਂਟਰ, ਜਾਣੀ ਦਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਅਤੇ ਬੱਚੇ ਹੋਣਗੇ। ਜੇ ਜਿੰਦੂ ਨੇ ਕੋਈ 'ਜਾਹ-ਜਾਂਦੀ' ਕਰ ਦਿੱਤੀ, ਸਾਰਾ ਭਾਂਡਾ ਮੇਰੇ ਸਿਰ ਫੁੱਟਣਾ। ਹੁਣ ਤਾਂ 'ਸੋਸ਼ਲ ਮੀਡੀਆ' ਰਾਹੀਂ ਖ਼ਬਰ ਪਲਾਂ ਵਿਚ ਸਾਰੀ ਦੁਨੀਆਂ ਵਿਚ ਖਿੱਲਰ ਜਾਂਦੀ ਹੈ। ਸਾਰੇ ਅਧਿਆਪਕ ਮੈਨੂੰ ਟਿੱਚਰਾਂ ਕਰਨਗੇ, ''ਵਾਹ ਜਸਵੀਰ ਸਿੰਘ! ਬੱਚਿਆਂ ਨੂੰ 'ਆਹ' ਕੁਝ ਸਿਖਾਉਂਦੇ...?'' ਜਦੋਂ ਸਕੂਲ ਅਊਂਗਾ ਤਾਂ ਮੈਡਮ ਨੇ ਤਾਅਨੇ-ਮਿਹਨੇ ਮਾਰ-ਮਾਰ ਕੇ ਮੈਨੂੰ ਮਰਨ ਜੋਗਾ ਕਰ ਦੇਣਾ। ਮੈਂ ਅਤੇ ਮੈਡਮ ਨੇ ਪੜ੍ਹਾ-ਪੜ੍ਹਾ ਕੇ ਜ਼ੋਰ ਲਾ ਲਿਆ। ਚਾਰ ਸਾਲਾਂ ਵਿਚ ਜਿੰਦੂ ਦੇ ਦਿਮਾਗ ਵਿਚ ਪੜ੍ਹਾਈ ਨਹੀਂ ਬੜੀ। ਸ਼ਰਾਰਤਾਂ ਸਾਰੇ ਜਹਾਨ ਦੀਆਂ ਆ ਬੜੀਆਂ। ਮੈਡਮ ਕਹੂਗੀ, ''ਸਰ ਜਿੰਨਾ ਮਰਜ਼ੀ ਜ਼ੋਰ ਲਗਾ ਲੋ 'ਙ' ਖਾਲੀ ਹੁੰਦਾ।'' ਸਰਕਾਰ ਦੀ ਬੱਚਿਆਂ ਨੂੰ ਫੇਲ੍ਹ ਨਾ ਕਰਨ ਦੀ ਸਕੀਮ ਨੇ ਸਾਨੂੰ ਫੇਲ੍ਹ ਕਰਕੇ ਰੱਖ ਦਿੱਤਾ। ਜਿੰਦੂ ਜਮਾਤਾਂ ਟੱਪਦਾ ਚੌਥੀ ਜਮਾਤ ਵਿਚ ਆ ਬੜਿਆ। ਮੈਂ ਜਿੰਦੂ ਨੂੰ 'ਇੱਲਤੀ' ਕਹਿੰਦਾ ਹਾਂ। ਮੋਨਿਕਾ ਮੈਡਮ 'ਸਿਆਸਤੀ' ਕਹਿੰਦੇ ਨੇ। ਉਹ ਕਹਿੰਦੇ ਹੁੰਦੇ ਨੇ, ਇਹੋ ਜਿਹ ਨਿਕੰਮੇ-ਸ਼ਰਾਰਤੀ ਬੱਚੇ ਵੱਡੇ ਹੋ ਕੇ ਲੀਡਰ ਬਣਦੇ ਨੇ। ਦੇਸ਼ 'ਤੇ ਰਾਜ ਕਰਦੇ ਨੇ। ਜਿੰਦੂ ਦੀ ਮਾਂ ਹਰ ਮਾਂ ਵਾਂਗ ਆਪਣੇ ਬੱਚੇ ਦੀ ਵਕਾਲਤ ਕਰਦੀ ਆ, ਕਹਿੰਦੀ ਹੁੰਦੀ ਆ, ''ਇਹ ਬੜਾ ਭੋਲਾ।'' ਪਰ ਜਦੋਂ ਦੁਖੀ ਹੁੰਦੀ ਆ ਬਥੇਰਾ ਤੜਫਦੀ ਆ। ਮੈਲੀ ਜਿਹੀ ਟੋਕਾਂ ਲੱਗੀ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੀ ਕਹੂਗੀ, ''ਪੜ੍ਹਾਈ ਦੇ ਨਾਂਅ ਨੂੰ ਇਹਨੂੰ ਮੌਤ ਪੈਂਦੀ ਆ।... ਮੈਂ ਤਾਂ ਨਰਕ ਭੋਗਦੀ ਏ ਆਂ... ਤੂੰ ਪੜ੍ਹ ਕੇ ਦੁਨੀਆਂ ਦੇਖਣ ਜੋਗਾ ਹੋ ਜਾ।'' ਜਿੰਦੂ ਨੂੰ ਕੁੱਟ ਕੇ ਸਕੂਲ ਛੱਡ ਜਾਂਦੀ। ਕਦੇ ਕਦੇ ਮੈਨੂੰੂ ਵੀ ਕਹਿੰਦੀ, ''ਮਾਸਟਰ ਜੀ ਇਹਦੇ ਕੰਨ ਖਿੱਚਿਆ ਕਰੋ।'' ਜਦੋਂ ਇਹ ਪਹਿਲੀ ਜਮਾਤ ਵਿਚ ਆਇਆ, ਉਦੋਂ ਪਹਿਲੀ ਮੇਰੇ ਕੋਲ ਸੀ। ਇਕ ਦਿਨ ਮੈਂ ਬੱਚਿਆਂ ਨੂੰ 'ਘਰ ਦਾ ਕੰਮ' ਦੇ ਰਿਹਾ ਸੀ। ਬੱਚੇ ਲਾਇਨ ਵਿਚ ਆਪੋ ਆਪਣੀਆਂ ਕਾਪੀਆਂ ਲਈ ਖੜ੍ਹੇ ਸਨ। ਮੈਂ ਬੱਚਿਆਂ ਦੀਆਂ ਕਾਪੀਆਂ 'ਤੇ ਓ-ਅ ਤੇ 1-2 ਪੂਰਨੇ ਪਾ ਰਿਹਾ ਸੀ। ਜਿਸ ਬੱਚੇ ਦੀ ਕਾਪੀ 'ਤੇ ਘਰ ਦਾ ਕੰਮ ਲਿਖ ਰਿਹਾ ਸੀ, ਜਿੰਦੂ ਉਸ ਤੋਂ ਪਿੱਛੇ ਖੜ੍ਹਾ ਇਕ ਹੱਥ ਨਾਲ ਸਿਰ ਵਿਚ ਖਾਜ ਕਰ ਰਿਹਾ ਸੀ। ਦੂਜੇ ਹੱਥ 'ਚ ਫੜੀ ਹੋਈ ਕਾਪੀ ਮੇਰੇ ਅੱਗੇ ਕਰਦਾ ਬੋਲੀ ਜਾ ਰਿਹਾ ਸੀ, ''ਆਹ ਫੜੀਂ.. ਆਹ ਫੜੀਂ ਛੇਤੀ...।'' ਮੈਂ ਉਹਦੀ ਕਾਪੀ ਫੜ ਲਈ। ਉਹ ਦੋਵਾਂ ਹੱਥਾਂ ਨਾਲ ਸਿਰ 'ਚ ਖਾਜ ਕਰਨ ਲੱਗਿਆ। ਇਹ ਗੱਲ ਯਾਦ ਆਉਣ 'ਤੇ ਮੇਰਾ ਅਜੇ ਵੀ ਹਾਸਾ ਨਿਕਲ ਜਾਂਦਾ। ਏਨਾ ਭੋਲਾ-ਭਾਲਾ ਸੀ। ਮੈਂ ਇਹਨੂੰ ਪੁੱਛਣਾਂ, ''ਵੱਡਾ ਹੋ ਕੇ ਕੀ ਬਣੇਗਾ?'' ''ਜਹਾਜ।'' ਇਹਨੇ ਦੋਵੇਂ ਬਾਹਾਂ ਆਲੇ ਦੁਆਲੇ ਨੂੰ ਖਿਲਾਰ ਕੇ ਕਹਿਣਾ। ਅੱਜ ਸਵੇਰ ਦਾ ਹੀ ਜਿੰਦੂ ਆਪਣੀ ਧੁਨ ਵਿਚ ਮਸਤ ਹੈ। ਇਹਦੀ 'ਮਸਤੀ' ਦਾ ਕਾਰਨ ਹੈ ਇਹਨੂੰ ਮਿਲਿਆ ਬੈਗ। ਮੈਡਮ ਮੋਨਿਕਾ ਨੇ ਆਪਣੇ ਪਬਲਿਕ ਸਕੂਲ ਵਿਚ ਪੜ੍ਹਦੇ ਬੇਟੇ ਲਵਪ੍ਰੀਤ ਦਾ ਪੁਰਾਣਾ ਬੈਗ ਇਹਨੂੰ ਲਿਆ ਦਿੱਤਾ। ਉਹਦੀ ਜਿੱਪ ਖਰਾਬ ਸੀ, ਉਹ ਜਿੱਪ ਠੀਕ ਕਰਵਾ ਲਿਆਈ। ਕਿਉਂਕਿ ਜਿੰਦੂ ਦੇ ਝੋਲੇ ਦੀ ਹਾਲਤ ਬਹੁਤ ਖਸਤਾ ਸੀ। ਫਿਰ ਕੱਲ੍ਹ ਸਾਰਾ ਦਿਨ ਮੈਡਮ ਗੱਲਾਂ-ਗੱਲਾਂ ਵਿਚ ਮੈਨੂੰ ਦੱਸਦੀ ਰਹੀ, 'ਦਾਨ-ਪੁੰਨ ਮਹਾਨ ਹੁੰਦਾ ਹੈ। ਲਵਪ੍ਰੀਤ ਕਿਵੇਂ ਚੀਜ਼ਾਂ ਨੂੰ ਸੰਭਾਲ ਕੇ ਰੱਖਦਾ ਹੈ।' ਜਿੰਦੂ ਨੂੰ ਬੈਗ ਕਾਹਦਾ ਮਿਲਿਆ, ਖੇਡ ਹੀ ਮਿਲ ਗਈ। ਕਦੀ ਉਹਦੀ ਜਿੱਪ ਬੰਦ ਕਰ ਦਿੰਦਾ, ਕਦੀ ਖੋਲ੍ਹ ਲੈਂਦਾ। ਜਿੱਪ ਖਰਾਬ ਕਰਕੇ ਹੀ ਸਾਹ ਲਿਆ। ਅਜੇ ਮੈਡਮ ਨੂੰ ਪਤਾ ਨਹੀਂ ਲੱਗਿਆ। ਉਹਦਾ ਪਾਰਾ ਵੱਧ ਜਾਣਾ ਸੀ। ਅਜੇ ਤਾਂ ਉਹਦੇ ਕੀਤੇ 'ਪੁੰਨ' ਦਾ ਚਾਅ ਵੀ ਨਹੀਂ ਲਿਹਾ। ਉਹਨੇ ਡੰਡਾ ਚੱਕ ਲੈਣਾ ਸੀ, ''... ਬਾਂਦਰ ਕੀ ਜਾਣੇ ਅਦਰਕ ਦਾ ਸੁਆਦ...'' ਵਰਗੀਆਂ ਅਖੌਤਾਂ ਉਚਾਰਨੀਆਂ ਸਨ। ਜਿੰਦੂ ਨੇ ਅੱਜ ਜਿੱਪ ਬੰਦ ਕਰਨ ਦੀ ਸੌਂਹ ਖਾਧੀ ਹੋਈ ਹੈ। ਜਿੱਪ ਅੱਗਿਓਂ ਲੱਗ ਜਾਂਦੀ ਹੈ, ਪਿੱਛਿਓਂ ਖੁੱਲ੍ਹ ਜਾਂਦੀ ਹੈ। ਪਿੱਛਿਓਂ ਲੱਗ ਜਾਂਦੀ ਹੈ ਤਾਂ ਅੱਗਿਓਂ ਖੁੁੱਲ੍ਹ ਜਾਂਦੀ ਹੈ। ਜਿੱਪ ਲੱਗਦੀ ਨਹੀਂ, ਇਹ ਲਾਉਣੋਂ ਨਹੀਂ ਹਟਦਾ। ਜਿੰਦੂ ਕੰਮ ਕਰਨ ਲਈ ਸਭ ਬੱਚਿਆਂ ਤੋਂ ਤੇਜ਼ ਹੈ। ਕੋਈ ਚੀਜ਼ ਮੰਗਵਾ ਲਵੋ-ਕੁਰਸੀ, ਚਾਕ, ਪਾਣੀ ਦਾ ਗਿਲਾਸ, ਦਫਤਰ 'ਚੋਂ ਰਜਿਸਟਰ, ਗੱਲ ਅਜੇ ਮੂੰਹ ਵਿਚ ਹੀ ਹੁੰਦੀ ਹੈ, ਇਹ ਸਭ ਤੋਂ ਪਹਿਲਾਂ ਉਠ ਕੇ ਕਲਾਸ 'ਚੋਂ ਭੱਜ ਜਾਂਦਾ ਹੈ। ਕਈ ਵਾਰ ਤਾਂ ਮੰਗਵਾਈਦਾ ਕੁਝ ਹੋਰ ਆ, ਲੈ ਕੁੱਝ ਹੋਰ ਆਉਂਦਾ। ਬਥੇਰਾ ਕਹੀਦਾ, ਪੂਰੀ ਗੱਲ ਸੁਣ ਕੇ ਜਾਇਆ ਕਰ। ਕਈ ਵਾਰ ਮੈਂ ਉਂਝ ਹੀ ਕਲਾਸ ਤੋਂ ਪਰ੍ਹਾਂ ਜਾ ਖੜ੍ਹਾਂ, ਉਥੇ ਹੀ ਕੁਰਸੀ ਚੁੱਕੀ ਭੱਜਿਆ ਆਵੇਗਾ, ਕਿਤੇ ਸਾਡੇ 'ਸਰ' ਖੜ੍ਹੇ ਥੱਕ ਨਾ ਜਾਣ। ਬੱਚੇ ਸ਼ਿਕਾਇਤਾਂ ਲਾਉਂਦੇ ਥੱਕ ਜਾਂਦੇ ਨੇ, ਅਸੀਂ ਇਹਨੂੰ ਸਜ਼ਾ ਦਿੰਦੇ ਅੱਕ ਜਾਂਦੇ ਆਂ, ਪਰ ਇਹ ਇੱਲਤਾਂ ਕਰਨੋਂ ਨੀ ਹਟਦਾ। ਕਈ ਵਾਰ ਦਰਵਾਜ਼ੇ ਉਹਲੇ ਖੜ੍ਹ ਜਾਵੇਗਾ, ਜਦੋਂ ਕੋਈ ਬੱਚਾ ਬਾਹਰੋਂ ਆਵੇਗਾ ਤਾਂ, 'ਠਾਹ' ਕਹਿ ਕੇ ਉਹਦੀ ਤ੍ਰਾਹ ਕੱਢ ਦੇਵੇਗਾ। ਕੋਈ ਬੱਚਾ ਕਹੇਗਾ, ''ਸਰ ਜੀ, ਜਿੰਦੂ ਸਾਡੇ ਪੁੱਠੇ ਨਾਉਂ ਲੈਂਦਾ।'' ਬੱਚਿਆਂ ਨੂੰ ਖਿਝਾਉਣ ਲਈ ਉਹਨਾਂ ਦੇ ਬਾਪ ਦਾ ਨਾਮ ਲੈ ਕੇ ਛੇੜਨ ਲੱਗਦਾ। ਸਾਨੂੰੂ ਬੱਚਿਆਂ ਦੇ ਮਾਂ-ਬਾਪ ਦਾ ਨਾਮ ਲਿਖਣ ਲਈ ਰਜਿਸਟਰ ਚੁੱਕਣਾ ਪੈਂਦਾ। ਇਹਦੇ ਸਾਰੇ ਬੱਚਿਆਂ ਦੇ ਪਿਉਆਂ ਦੇ ਛੋਟੇ-ਪੁੱਠੇ ਨਾਂ ਮੂੰਹ ਜ਼ੁਬਾਨੀ ਯਾਦ ਨੇ। ਪੁੱਠੇ ਨਾਂ ਰੱਖਣ ਵਿਚ ਜਿੰਦੂ ਨੂੰ ਮੁਹਾਰਤ ਹਾਸਲ ਹੈ। ਸੱਚਮੁੱਚ ਏਨਾ ਢੁਕਵਾਂ ਨਾਂ ਰੱਖਦਾ ਹੈ, ਕਈ ਵਾਰ ਮੈਂ ਇਹਦੀ ਅਕਲ 'ਤੇ ਹੈਰਾਨ ਰਹਿ ਜਾਂਦਾ ਹਾਂ। ਮੇਰਾ ਨਾਂ ਪਤਾ ਨਹੀਂ ਕੀ ਰੱਖਿਆ ਹੋਵੇਗਾ। ਮੋਨਿਕਾ ਮੈਡਮ ਦਾ ਨਾਂ 'ਬੱਤਖ' ਰੱਖ ਦਿੱਤਾ। ਇਕ ਦਿਨ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ। ਮੈਡਮ ਹਰ ਰੋਜ ਸਮੇਂ ਸਿਰ ਸਕੂਲ ਆਉਂਦੀ। ਉਹ ਚੈਕਿੰਗ ਤੋਂ ਬਹੁਤ ਡਰਦੀ ਹੈ। ਉਸ ਦਿਨ ਮੀਂਹ ਪੈਣ ਕਰਕੇ ਪੰਜ-ਸੱਤ ਮਿੰਟ ਲੇਟ ਹੋ ਗਈ। ਉਹਨੇ ਸਕੂਲ ਆ ਕੇ ਆਪਣੀ ਐਕਟਿਵਾ ਵਰਾਂਡੇ 'ਚ ਖੜ੍ਹਾਈ। ਉਹਨੇ ਰੇਨ ਕੋਟ ਪਾਇਆ ਹੋਇਆ ਸੀ। ਮੈਡਮ ਦਾ ਨੱਕ ਸੱਚਮੁੱਚ ਬੱਤਖ ਦੀ ਚੁੰਝ ਵਾਂਗ ਤਿੱਖਾ ਹੈ। ਪਿੱਠ ਭਾਰੀ ਹੈ। ਐਕਟਿਵਾ ਖੜ੍ਹਾ ਕੇ ਕਾਹਲੀ-ਕਾਹਲੀ ਦਫਤਰ ਵੱਲ ਹਾਜ਼ਰੀ ਲਾਉਣ ਤੁਰੀ ਜਾਂਦੀ ਐਂ ਲੱਗੇ ਜਿਵੇਂ ਸੱਚਮੁੱਚ ਬੱਤਖ ਕੁੱਤਿਆਂ ਤੋਂ ਡਰਦੀ ਤੇਜ਼-ਤੇਜ਼ ਟੋਭੇ ਵੱਲ ਭੱਜੀ ਜਾ ਰਹੀ ਹੁੰਦੀ ਹੈ। ਮੈਂ ਮਸੀਂ ਹਾਸਾ ਰੋਕਿਆ। 'ਸਮਾਨਤਾ ਦਿਵਸ' ਐਸ.ਡੀ.ਐਮ. ਅਹਿਮਦ ਪਰੇ ਦੇ ਦਿਮਾਗ਼ ਦੀ ਕਾਢ ਹੈ। ਜਦੋਂ ਦਾ ਉਹ ਤਹਿਸੀਲ ਵਿਚ ਆਇਆ, ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਬਹੁਤ ਕੁੱਝ ਕਰ ਰਿਹਾ। ਇਹ 'ਸਮਾਨਤਾ-ਦਿਵਸ' ਉਸ ਬਹੁਤ ਕੁੱਝ ਦਾ ਹਿੱਸਾ ਹੈ। ਉਹ ਮੁਸਲਮਾਨ ਹੈ। ਜ਼ਰੂਰ ਉਹਨੇ ਜਾਤ-ਪਾਤ, ਧਰਮ-ਨਸਲ, ਅਮੀਰ-ਗਰੀਬ ਦੇ ਪਾੜੇ ਨੂੰ ਹੱਡੀਂ ਹੰਢਾਇਆ ਹੋਵੇਗਾ। ਕਿ ਕਿਵੇਂ ਇਸ ਦੇਸ਼ ਵਿਚ ਇਹਨਾਂ ਦੇ ਅਧਾਰ 'ਤੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ। ਸ਼ਾਇਦ ਇਸੇ ਲਈ ਇਹਨਾਂ ਮਾਸੂਮ ਬੱਚਿਆਂ ਦੇ ਮਨਾਂ ਵਿਚ ਸਮਾਨਤਾ ਦਾ ਬੀਜ ਬੀਜਣ ਲਈ ਉਹਨੇ ਤਹਿਸੀਲ ਦੇ ਸਾਰੇ ਐਲੀਮੈਂਟਰੀ ਸਕੂਲਾਂ ਨੂੰ ਸਮਾਨਤਾ ਦਿਵਸ ਮਨਾਉਣ ਦਾ ਹੁਕਮ ਲਾਇਆ ਹੈ। ਉਹਨੇ ਤਹਿਸੀਲ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਸਾਂਝੀ ਮੀਟਿੰਗ ਬੁਲਾਈ। ਮੀਟਿੰਗ ਵਿਚ ਡਿਪਟੀ ਡੀ.ਈ.ਓ. ਮਦਾਨ ਵੀ ਬੁਲਾਈ ਸੀ। ਐਸ.ਡੀ.ਐਮ. ਨੇ ਆਪਣੇ ਮਨ ਦੀ ਭਾਵਨਾ ਸਾਂਝੀ ਕੀਤੀ ਕਿ, ''ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵਿਚ ਪਾੜਾ ਬਹੁਤ ਵੱਧ ਰਿਹਾ, ਜਿਹੜਾ ਖਤਰਨਾਕ ਰੁਝਾਨ ਹੈ। ਇਹ ਪਾੜਾ ਘੱਟ ਕਰਨ ਲਈ 23 ਮਈ ਨੂੰ ਸਮਾਨਤਾ ਦਿਵਸ ਦੇ ਤੌਰ 'ਤੇ ਮਨਾਇਆ ਜਾਵੇਗਾ।'' ਸਮਾਨਤਾ ਦਿਵਸ ਵਿਚ ਕੀ ਕੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਇਹ ਵੀ ਦੱਸ ਦਿੱਤਾ। ਮੈਡਮ ਮੋਨਿਕਾ ਨੇ 'ਮਿੱਡ-ਡੇ-ਮੀਲ' ਬਨਾਉਣ ਵਾਲੀਆਂ ਸਵੇਰੇ-ਸਾਝਰੇ ਹੀ ਬੁਲਾ ਲਈਆਂ। ਕਿਉਂਕਿ ਬੱਚਿਆਂ ਨੇ 'ਟਿਫਨ' ਲੈ ਕੇ ਜਾਣੇ ਸਨ। ਅਸੀਂ ਕੱਲ੍ਹ ਹੀ ਸਕੂਲੋਂ ਬੱਚਿਆਂ ਨੂੰ ਸਮਝਾ ਕੇ ਭੇਜਿਆ ਸੀ ਕਿ ਕੱਲ੍ਹ ਨਹਾ ਕੇ, ਨਹੁੰ ਕੱਟਕੇ, ਵਰਦੀ ਧੋਤੀ ਹੋਈ ਪਾ ਕੇ, ਪੈਰਾਂ ਵਿਚ ਸੋਹਣੇ ਬੂਟ ਪਾ ਕੇ ਜ਼ਰੂਰ ਆਉਣਾ ਹੈ। ਕਿਉਂਕਿ 'ਪਬਲਿਕ ਸਕੂਲ' ਜਾ ਰਹੇ ਹਾਂ। ਇਸੇ ਲਈ ਅੱਜ ਸਾਰੇ ਬੱਚੇ 'ਤਿਆਰ' ਹੋ ਕੇ ਆਏ। ਜਿੰਦੂ ਪੈਰ ਲਕੋ ਰਿਹਾ ਸੀ। ਕਿਉਂਕਿ ਉਹ ਪੈਰਾਂ ਵਿਚ ਵੱਧਰੀ ਟੁੱਟੀ ਵਾਲੀਆਂ ਚੱਪਲਾਂ ਪਾਈ ਫਿਰਦਾ ਸੀ। ਉਹ ਨਹੀਂ ਜਾਣਦਾ ਮੈਡਮ ਨੇ ਕਹਿ ਦਿੱਤਾ ਹੈ ਕਿ ਜਿੰਦੂ ਨਹੀਂ ਜਾਵੇਗਾ। ਹੁਣ ਅਸੀਂ ਇਸ ਸਕੂਲ ਵਿਚ ਦੋ ਅਧਿਆਪਕ ਹਾਂ। ਕੁਝ ਸਮਾਂ ਪਹਿਲਾਂ ਤਿੰਨ ਹੁੰਦੇ ਸਾਂ। ਰਜਤ ਸ਼ਰਮਾ ਏਥੋਂ ਪੂਛ ਤੁੜਾ ਕੇ ਭੱਜ ਗਿਆ। ਜਦੋਂ ਮੈਂ ਨਵਾਂ-ਨਵਾਂ ਆਇਆ ਸਾਂ, ਉਹ ਮੇਰੇ ਕੋਲ ਮੈਡਮ ਦੀ ਜਨਮ ਪੱਤਰੀ ਖੋਲ੍ਹੀ ਰੱਖਦਾ। ਕਹਿੰਦਾ, ''... ਫੇਰ ਕਹਿੰਦੇ ਨੇ ਸਰਕਾਰੀ ਮਹਿਕਮੇ ਫੇਲ੍ਹ ਨੇ, ਆਹ ਮੈਡਮ ਹੀ ਦੇਖ ਲੋ, ਇਹਦਾ ਦਾਦਾ ਪਟਵਾਰੀ ਸੀ। ਉਹਨੇ ਜੱਟਾਂ ਦੀ ਧੌੜੀ ਲਾਹੀ-ਲੁੱਟੇ। ਇਹਦਾ ਬਾਪ ਐਫ.ਸੀ.ਆਈ. ਵਿਚ ਇੰਸਪੈਕਟਰ ਸੀ। ਉਹ ਫਸਲ ਦੀ ਖਰੀਦ ਸਮੇਂ ਜੱਟਾਂ ਦੀ ਚੰਗੀ ਭਲੀ ਫਸਲ ਛੱਡ ਜਾਂਦਾ, ਅਖੇ 'ਇਹ ਜਾਤ ਸਾਡੇ ਵਡੇਰਿਆਂ ਦਾ ਖੂਨ ਪੀਂਦੀ ਰਹੀ ਹੈ। ਫਿਰ ਆੜ੍ਹਤੀਆਂ ਨਾਲ ਰਲ ਕੇ ਮੋਟੀ ਰਕਮ ਛਕਦਾ। ਜ਼ਮੀਨ, ਕਾਰਾਂ, ਕੋਠੀਆਂ, ਬਥੇਰੀ ਬੇ-ਨਾਮੀ ਜਾਇਦਾਦ ਐ ਉਹਦੇ ਕੋਲ। ਫਿਰ ਮੈਡਮ ਦੇ ਸਹੁਰਿਆਂ ਵੱਲ ਦੇਖ ਲੋ। ਸਹੁਰਾ ਐਮ.ਐਲ.ਏ. ਆ। ਕਰੋੜਾਂ ਦੇ ਘਪਲੇ ਕੀਤੇ ਨੇ ਉਹਨੇ। ਘਰ ਵਾਲਾ ਸਰਕਾਰੀ ਡਾਕਟਰ ਆ। ਇਹ ਅਜੇ ਵੀ ਦਲਿਤ ਨੇ। ਮੈਂ ਤਾਂ ਸਰਕਾਰੀ ਹਸਪਤਾਲ 'ਚ ਦਵਾਈ ਲੈਣ ਨੀ ਜਾਂਦਾ। ਉਹ 'ਕੋਟੇ ਆਲਾ' ਕਿਵੇਂ 66 ਪ੍ਰਤੀਸ਼ਤ ਨੰਬਰਾਂ ਦੀ ਘਾਟ ਪੂਰੀ ਕਰਦਾ ਹੋਣਾ, ਜਿਹੜਾ ਰੰਗ ਇਹ ਮੈਡਮ ਸਕੂਲ ਲਾਉਂਦੀ ਆ, ਉਹੀ ਉਹ ਹਸਪਤਾਲ ਲਾਉਂਦਾ ਹੋਣਾ। ਸਾਡੀ ਇਕੋ ਦਿਨ ਦੀ ਭਰਤੀ ਆ। ਇਹਨੂੰ ਪ੍ਰਮੋਸ਼ਨ ਮਿਲ ਗਈ, ਅਖੇ ਇਹ ਵਿਚਾਰੀ ਐਸ.ਸੀ.ਆ। ਮੈਂ 92% ਨਾਲ ਪਾਸ ਹੋਇਆਂ, ਇਹ 40% ਨਾਲ ਮੇਰੇ ਸਿਰ 'ਤੇ ਆ ਬੈਠੀ। ਫਿਰ ਕਹਿੰਦੇ ਨੇ ਸਰਕਰੀ ਮਹਿਕਮੇ ਫੇਲ੍ਹ ਨੇ।'' ਸ਼ਰਮਾ ਇਕੱਲੇ ਮੇਰੇ ਕੋਲ ਹੀ ਨਹੀਂ, ਹੋਰ ਸਕੂਲਾਂ ਦੇ ਮਾਸਟਰਾਂ ਕੋਲ ਵੀ ਮੈਡਮ ਦੀ ਜਨਮ ਪੱਤਰੀ ਖੋਲ੍ਹੀ ਰੱਖਦਾ ਸੀ। ਲੋਕਾਂ ਕੋਲੋਂ ਗੱਲਾਂ ਮੈਡਮ ਕੋਲ ਪਹੁੰਚ ਗਈਆਂ। ਬਣਦੀ ਤਾਂ ਇਹਨਾਂ ਦੀ ਪਹਿਲਾਂ ਵੀ ਨਹੀਂ ਸੀ, ਫਿਰ ਤਾਂ ਦੋਵਾਂ ਦੇ ਸੱਪ ਤੇ ਨਿਓਲੇ ਵਰਗਾ ਰਿਸ਼ਤਾ ਹੋ ਗਿਆ। ਨਿੱਤ ਸਕੂਲੇ ਕਲੇਸ਼ ਰਹਿੰਦਾ। ਮੈਂ ਵਿਚਾਲੇ ਪਿਸਦਾ। ਸ਼ਰਮਾ ਮੈਨੂੰ ਮੈਡਮ ਦਾ ਬੰਦ ਸਮਝਦਾ। ਮੈਡਮ ਮੈਨੂੰ ਸ਼ਰਮੇ ਦਾ ਬੰਦਾ ਸਮਝਦੀ। ਮੈਡਮ ਸ਼ਰਮੇ ਦੀ ਬੜੀ ਲਾਹ-ਪਾਹ ਕਰਦੀ। ਜੇ ਉਹ ਸਕੂਲ ਦੇ ਗੇਟ 'ਤੇ ਵੀ ਹੁੰਦਾ ਤਾਂ ਉਹਦੀ ਛੁੱਟੀ ਭਰ ਦਿੰਦੀ। ਉਹ ਮੈਡਮ ਅੱਗੇ ਕੁਸਕਦਾ ਵੀ ਨਾ। ਪਿੱਠ ਪਿੱਛੇ ਉਹਦੀਆਂ ਜੜ੍ਹਾਂ ਵੱਢਦਾ। ਮੈਡਮ ਚਾਹੁੰਦੀ ਸੀ ਉਹ ਉਹਦੇ ਨਾਲ ਲੜੇ। ਉਹ ਉਹਨੂੰ ਕੇਸ 'ਚ ਉਲਝਾਵੇ। ਉਂਝ ਸਾਰੇ ਮੈਡਮ ਨੂੰ ਜਾਨਣ ਵਾਲੇ ਉਹਨੂੰ ਚੰਗੀ ਅਧਿਆਪਕ ਕਹਿੰਦੇ ਨੇ। ਇਹ ਦੋ ਕੰਮਾਂ ਵਿਚ ਮਾਹਿਰ ਹੈ, ਪੜ੍ਹਾਉਣਾ ਤੇ 'ਡਾਕ' ਬਣਾਉਣਾ। ਬੱਚੇ ਇਹਤੋਂ ਪਾਣੀ ਵਾਂਗ ਚੱਲਦੇ ਨੇ। ਕਿਉਂਕਿ ਇਹ ਕੰਨ ਤੱਤੇ ਕਰਨ ਲੱਗੀ ਘੌਲ ਨਹੀਂ ਕਰਦੀ। 'ਡਾਕ' ਤਿਆਰ ਕਰਦੀ ਮੈਡਮ ਦੇਖਣ ਵਾਲੀ ਹੁੰਦੀ ਹੈ। ਕਿਤੇ ਰੱਬ ਨੇ ਇਹਨੂੰ ਬਣਾਇਆ ਹੀ ਡਾਕ ਤਿਆਰ ਕਰਨ ਲਈ ਹੈ। ਪੁਰਾਣੀਆਂ ਬੁੜ੍ਹੀਆਂ ਜਿਵੇਂ ਨੂੰਹਾਂ 'ਤੇ ਰੋਹਬ ਰੱਖਣ ਲਈ ਸੰਦੂਖ ਜਾਂ ਪੇਟੀ ਖੋਹਲ ਕੇ ਉਹਨਾਂ ਵਿਚ ਮੂੰਹ ਜਿਹਾ ਪਾ ਕੇ ਪਤਾ ਨਹੀਂ ਕੀ ਲੱਭੀ ਜਾਂਦੀਆਂ। ਫਿਰ ਜਿੰਦਾ ਮਾਰਕੇ ਚਾਬੀ ਆਪਣੇ ਨਾਲੇ ਨਾਲ ਬੰਨ੍ਹ ਲੈਂਦੀਆਂ ਸਨ। ਓਵੇਂ ਹੀ ਡਾਕ ਤਿਆਰ ਕਰਦਿਆਂ ਮੈਡਮ ਬਿੰਦੇ-ਝੱਟੇ ਰਜਿਸਟਰਾਂ ਵਾਲੀ ਅਲਮਾਰੀ ਦਾ ਜਿੰਦਾ ਖੋਹਲ ਕੇ ਵਿਚ ਮੂੰਹ ਜਿਹਾ ਪਾ ਕੇ ਪਤਾ ਨਹੀਂ ਕੀ ਲੱਭਣ ਲੱਗਦੀ ਹੈ। ਉਹਦੇ ਵਿਚ ਪਤਾ ਨਹੀਂ ਕੀ ਚੁੱਕਦੀ-ਰੱਖਦੀ ਹੈ। ਫਿਰ ਜਿੰਦਾ ਮਾਰ ਕੇ ਚਾਬੀ ਪਰਸ ਵਿਚ ਪਾ ਲਵੇਗੀ। ਜਿਵੇਂ ਵਿਚ ਹੀਰੇ-ਜਵਾਹਰ ਰੱਖੇ ਹੋਣ। ਸਕੂਲ ਦੀ ਮੋਹਰ ਹਰ ਵੇਲੇ ਆਪਣੇ ਪਰਸ ਵਿਚ ਰੱਖਦੀ ਹੈ। ਮੇਰੇ ਉਤੇ ਭੋਰਾ ਭਰੋਸਾ ਨਹੀਂ ਕਰਦੀ। ਜਿਵੇਂ ਮੈਂ ਮੋਹਰ ਲਾ ਕੇ ਸਕੂਲ ਆਪਣੇ ਨਾਂ ਕਰਵਾ ਲਵਾਂਗਾ। ਮੈਂ ਬੱਚਿਆਂ ਦੇ 'ਟਿਫਨ' 'ਮਿਡ-ਡੇ-ਮੀਲ' ਵਾਲੀਆਂ ਨਾਲ ਤਿਆਰ ਕਰਵਾ ਰਿਹਾ ਸਾਂ। ਟਿਫਨ ਕਾਹਦੇ ਨੇ, ਵਿਚਾਰਿਆਂ ਦੇ ਅਖ਼ਬਾਰ 'ਚ ਲੂਣ ਵਾਲੇ ਚੌਲ, ਜੋ ਵਧੀਆ ਮਟਰ ਤੇ ਹੋਰ ਚੀਜ਼ਾਂ ਪਾ ਕੇ ਬਣਾਏ ਹਨ। ਮੋਮਜਾਮੇ ਦੇ ਲਿਫਾਫਿਆਂ ਵਿਚ ਪੈਕ ਕਰ ਰਹੀਆਂ ਮਿੱਡ ਡੇ ਮੀਲ ਵਾਲੀਆਂ ਕੋਲ ਖੜ੍ਹਾ ਹਾਂ। ਇਹ ਮੇਰੀ ਡਿਊਟੀ ਮੈਡਮ ਨੇ ਲਾਈ ਹੈ। ਮਿੱਡ ਡੇ ਮੀਲ ਬਣਾਉਣ ਵਾਲੀਆਂ ਸੜੀਆਂ-ਬੁੁਝੀਆਂ ਪਈਆਂ ਨੇ ਕਿ ਉਹਨਾਂ ਨੂੰ ਸਾਝਰੇ ਬੁਲਾ ਲਿਆ ਹੈ। ਪਰ ਮੈਡਮ ਅੱਗੇ ਨੀਂ ਕੁਸਕਦੀਆਂ। ਉਹਤੋਂ ਪਾਣੀ ਵਾਂਗ ਚਲਦੀਆਂ ਨੇ। ਮੈਡਮ ਮੋਨਿਕਾ ਨਹੀਂ ਚਾਹੁੰਦੀ ਸੀ ਕਿ ਬੱਚੇ ਘਰੋਂ ਖਾਣਾ ਲੈ ਕੇ ਆਉਣ, ਕਿਉਂਕਿ ਭਰਾਤਰੀ ਭਾਵ ਵਧਾਉਣ ਲਈ ਖਾਣਾ ਪਬਲਿਕ ਸਕੂਲ ਦੇ ਬੱਚਿਆਂ ਨਾਲ ਸਾਂਝਾ ਕਰਨਾ ਸੀ। ਉਸ ਪਬਲਿਕ ਸਕੂਲ ਵਿਚ ਮੈਡਮ ਦਾ ਬੇਟਾ ਪੜ੍ਹਦਾ ਸੀ। ਜਿਸ ਦੇ ਖਾਣੇ ਦਾ ਮੈਡਮ ਬਹੁਤ ਖਿਆਲ ਰੱਖਦੀ ਸੀ। ਗੁਰੂ ਨਾਨਕ ਪਬਲਿਕ ਸਕੂਲ ਦੀਆਂ ਵੈਨਾਂ ਬੱਚਿਆਂ ਨੂੰ ਲੈਣ ਆਉਣ ਵਾਲੀਆਂ ਸਨ। ਪ੍ਰਾਈਵੇਟ ਸਕੂਲਾਂ ਵਾਲੇ ਅਜਿਹੀ ਖੇਚਲ ਕਿੱਥੇ ਕਰਦੇ ਹਨ? ਉਹ ਤਾਂ ਆਪਣੇ ਆਪ ਨੂੰ ਉਚੀ ਕੁੱਲ ਦੇ ਬ੍ਰਾਹਮਣ ਸਮਝਦੇ ਤੇ ਸਰਕਾਰੀ ਸਕੂਲਾਂ ਵਾਲਿਆਂ ਨੂੰ ਲਾਗੀ-ਤੱਥੀ। ਉਹਨਾਂ ਤਾਂ ਅਮੀਰ-ਮਾਪਿਆਂ ਨੂੰ ਸੁਪਨੇ ਦਿਖਾ ਕੇ ਉਹਨਾਂ ਦੀ ਛਿੱਲ ਲਾਹੁਣੀ ਹੁੰਦੀ ਹੈ। ਬਸ ਮਲਾਈ-ਮਲਾਈ ਖਾਣੀ ਹੁੰਦੀ ਹੈ। ਇਹਨਾਂ-ਗਰੀਬ ਬੱਚਿਆਂ ਤੋਂ ਉਹਨਾਂ ਨੇ ਕੀ ਲੈਣਾ। ਪਰ ਡੰਡੇ ਅੱਗੇ ਬਾਂਦਰੀ ਨੱਚਦੀ ਹੈ। ਐਸ.ਡੀ.ਐਮ. ਅਹਿਮਦ ਪਰੇ ਨੇ ਕਿਹਾ ਸੀ, ''ਤੁਸੀਂ ਵੈਨਾਂ ਭੇਜ ਕੇ ਬੱਚੇ ਲੈ ਆਉਣੇ ਹਨ।'' ਇਸਦਾ ਮਤਲਬ ਹੈ ਵੈਨਾਂ ਆਉਣਗੀਆਂ। ਬੱਚਾ ਭੇਜ ਕੇ ਮੋਨਿਕਾ ਮੈਡਮ ਨੇ ਮੈਨੂੰ ਦਫਤਰ ਬੁਲਾ ਲਿਆ ਹੈ। ਜਦੋਂ ਮੈਂ ਗਿਆ, ਮੈਨੂੰ ਕੁਰਸੀ 'ਤੇ ਬੈਠਣ ਦਾ ਇਸ਼ਾਰਾ ਕੀਤਾ, ਮੁਸਕਰਾਈ, ਮੂੰਹ ਦੇ ਮੋਸ਼ਨ ਜਿਹੇ ਕੀਤੇ। ਜਦੋਂ ਇਸ ਤਰ੍ਹਾਂ ਮੁਸਕਰਾਉਂਦੀ ਅਤੇ ਮੋਸ਼ਨ ਜਿਹੇ ਕਰਦੀ ਹੈ, ਮੇਰੇ ਹੌਲ ਪੈ ਜਾਂਦਾ। ਹੁਣ ਕੋਈ ਕੰਮ ਦੱਸੂਗੀ ਜਾਂ ਆਪਣੇ ਪੁੱਤਰ ਲਵਪ੍ਰੀਤ ਦੀਆਂ ਤਾਰੀਫ਼ਾਂ ਕਰਕੇ ਬੋਰ ਕਰੂਗੀ। ਗੱਲ ਕੋਈ ਵੀ ਨਹੀਂ ਹੁੰਦੀ, ਇਹਨੂੰ ਲਵਪ੍ਰੀਤ ਦੀ ਹਰ ਗੱਲ ਅਲੋਕਾਰੀ ਲੱਗਦੀ ਹੈ। ''... ਸਰ ਅੱਜ ਲਵਪ੍ਰੀਤ ਨੇ ਮੱਖਣ ਨਾਲ ਦੋ ਪਰੌਂਠੀਆਂ ਖਾ ਕੇ ਦੁੱਧ ਪੀ ਲਿਆ। ਜਦੋਂ ਬੱਚਾ ਘਰੋਂ ਖਾਣਾ ਖਾ ਕੇ ਜਾਂਦਾ ਤਾਂ ਮਾਂ ਦੇ ਕਾਲਜੇ 'ਚ ਠੰਢ ਪੈ ਜਾਂਦੀ ਆ।... ਸਰ ਲਵਪ੍ਰੀਤ ਇੰਗਲਿਸ਼ ਦੀਆਂ ਪੋਇਮਜ਼ ਬਹੁਤ ਪਿਆਰੀਆਂ ਬੋਲਦਾ। ਐਕਸ਼ਨ ਨਾਲ। ਸੱਚੀਂ ਉਦੋਂ ਬਹੁਤ ਪਿਆਰ ਆਉਂਦਾ ਹੁੰਦਾ।'' ਹੋਰ ਪਤਾ ਨਹੀਂ ਕੀ ਕੀ ਗੁਣ ਗਾਈ ਜਾਵੇਗੀ। ਏਨੇ ਚਾਅ ਨਾਲ ਦੱਸੇਗੀ ਜਿਵੇਂ ਪਰੌਂਠੀਆਂ ਨਾ ਖਾਧੀਆ ਹੋਣ, ਲਾਲ ਕਿਲੇ 'ਤੇ ਝੰਡਾ ਗੱਡ ਦਿੱਤਾ ਹੋਵੇ। ਮੇਰਾ ਦਿਲ ਕਰਦਾ ਹੁੰਦਾ, ਕਹਾਂ, ''ਮੈਡਮ ਜੀ! ਇਹਨਾਂ ਸਕੂਲ ਦੇ ਬੱਚਿਆਂ ਬਾਰੇ ਵੀ ਏਨੇ ਹੀ ਚਾਅ ਕਰਿਆ ਕਰੋ। ਇਹਨਾਂ ਨੂੰ ਵੀ ਸਿਖਾਵੋ। ਸਮਾਜ ਤਾਂ ਇਹਨਾਂ ਬੱਚਿਆਂ ਤੇ ਉਹਨਾਂ ਬੱਚਿਆਂ ਦਾ ਰਲ ਕੇ ਬਣਨੈ।'' ਪਰ ਚੁੱਪ ਹੀ ਭਲੀ ਹੁੰਦੀ ਹੈ। ਨਹੀਂ ਤਾਂ ਰਜਤ ਸ਼ਰਮਾ ਵਾਂਗ ਪੂਛ ਤੁੜਾ ਕੇ ਭੱਜਣਾ ਪੈਣਾ। ਮੈਡਮ ਨੇ ਐਨਕਾਂ ਲਾਹ ਮੇਜ਼ 'ਤੇ ਰੱਖ ਦਿੱਤੀਆਂ। ਕਹਿਣ ਲੱਗੀ, ''ਸਰ ਇਹ ਸਮਾਨਤਾ-ਦਿਵਸ ਦੇ ਢੌਂਗ ਨੂੰ ਤੁਸੀਂ ਕਿਵੇਂ ਲੈਂਦੇ ਓ?'' ਉਹਨੇ ਅਚਾਨਕ ਜਿਵੇਂ ਗੋਲਾ ਦਾਗ ਦਿੱਤਾ ਹੋਵੇ। ਮੈਨੂੰ ਉਹਤੋਂ ਏਨੇ ਗੰਭੀਰ ਸੁਆਲ ਦੀ ਆਸ ਨਹੀਂ ਸੀ। ਮੈਂ ਤਾਂ ਸੋਚਦਾ ਸੀ ਲਵਪ੍ਰੀਤ ਦੀ ਕੋਈ ਗੱਲ ਕਰੇਗੀ। ਮੈਂ ਸੁਆਲ ਸੁਣ ਕੇ ਸੋਚਣ ਲੱਗਾ, ਕੀ ਕਹਾਂ ਜਿਹੜਾ ਇਹਨੂੰੂ ਚੰਗਾ ਲੱਗੇ। ਮਨ 'ਚ ਕਿਹਾ, ''ਤੁਸੀਂ ਪੱਕੇ ਅਧਿਆਪਕ ਓ, ਅਸੀਂ ਠੇਕੇ 'ਤੇ ਰੱਖੇ ਹੋਏ। ਤੁਸੀਂ ਸਾਨੂੰ ਕੀੜੇ ਮਕੌੜੇ ਸਮਝਣੋ ਹਟਜੋ, ਸਮਾਨਤਾ ਆਪੇ ਆ ਜੂ...।'' ''ਹਾਂ ਜੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲ ਘੁਲ ਮਿਲ ਕੇ ਆਪਣੇ ਸਕੂਲਾਂ ਦੇ ਬੱਚਿਆਂ 'ਚ ਪੋਜਟਿਵ ਫੀਲਿੰਗਜ਼ ਆਉਣਗੀਆਂ...'', ਮੈਂ ਕਿਹਾ, ''ਪਰ ਮੈਡਮ ਜੀ ਅਸਲੀ ਸਮਾਨਤਾ ਤਾਂ ਉਦੋਂ ਆਉਣੀ ਆ ਜਦੋਂ ਆਰਥਿਕ ਤੌਰ 'ਤੇ ਸਾਰੇ ਸਮਾਨ ਹੋ ਜਾਣਗੇ। 65 ਤੋਂ 70 ਘਰਾਣੇ ਨੇ ਜਿਹੜੇ ਦੁਨੀਆਂ ਦੀ ਅੱਧੀ ਦੌਲਤ ਹੜੱਪੀ ਬੈਠੇ ਨੇ।'' ''ਸਰ ਜੇ ਸਭ ਕੋਲ ਪੈਸਾ ਆ ਗਿਆ, ਫਿਰ ਸਰਕਰੀ ਸਕੂਲਾਂ 'ਚ ਕੌਣ ਪੜੂ...।'' ਉਹ ਮੋਸ਼ਨ ਕਰਦੀ ਕਹਿੰਦੀ ਹੈ। ''ਇਹ ਸਮਾਨਤਾ ਦਿਵਸ ਬਾਰੇ ਮੈਨੂੰ ਹੋਰ ਡਰ ਆ। ... ਤੁਸੀਂ ਉਹ ਗੱਲ ਸੁਣੀ ਆ... ਕਿਸੇ ਤੁਹਾਡੇ ਵਰਗੇ ਬੰਦੇ ਨੇ ਸੁਣ ਲਿਆ ਪੈਸਾ-ਪੈਸੇ ਨੂੰ ਖਿੱਚਦਾ...।'' ਜਦੋਂ ਮੈਡਮ ਨੇ 'ਤੁਹਾਡੇ ਵਰਗਾ ਬੰਦਾ' ਕਿਹਾ, ਮੈਂ ਝੱਟ ਸਮਝ ਗਿਆ ਹੁਣ ਉਸ ਬੰਦੇ ਨੂੰ ਨੀਵਾਂ ਦਿਖਾਊ। ਜੇ ਕਿਸੇ ਦੀ ਸਿਫ਼ਤ ਕਰਨੀ ਹੋਵੇ ਤਾਂ ਕਹੇਗੀ 'ਮੇਰੇ ਵਰਗੀ'। ''... ਉਸ ਵਿਚਾਰੇ ਨੇ ਲਾਲੇ ਦੀ ਦੁਕਾਨ ਅੱਗੇ ਜਾ ਕੇ ਆਪਣੀ ਜੇਬ 'ਚੋਂ ਗਿਲਟ ਦਾ ਰੁਪਈਆ ਕੱਢ ਲਿਆ। ਲਾਲੇ ਦੇ ਰੁਪਈਆਂ ਦੇ ਭਰੇ ਹੋਏ ਗੱਲੇ ਕੋਲ ਰੁਪਈਆ ਲਿਜਾ ਕੇ ਕਰੀ ਜਾਵੇ, 'ਖਿੱਚ ਲੈ... ਖਿੱਚ ਲੈ...।' 'ਹਾਂ ਜੀ ਕੀ ਖਿੱਚਣਾ?' ਲਾਲਾ ਪੁੱਛਦੈ। ਉਹ ਬੰਦਾ ਕਹਿੰਦਾ, 'ਜੀ ਮੈਂ ਸੁਣਿਆ ਪੈਸੇ ਨੂੰ ਪੈਸਾ ਖਿੱਚਦਾ। ਥੋਡਾ ਗੱਲਾ ਰੁਪਈਆਂ ਨਾਲ ਭਰਿਆ ਪਿਆ, ਮੈਂ ਸੋਚਿਆ ਥੋੜ੍ਹੇ ਜਿਹੇ ਖਿੱਚ ਲਾਂ...।' ਲਾਲਾ ਕਹਿੰਦਾ, 'ਰੁਪਈਆ ਉਪਰ ਨੂੰ ਸੁੱਟੋ।' ਉਸ ਬੰਦੇ ਨੇ ਰੁਪਈਆ ਉਪਰ ਨੂੰ ਸਿੱਟ ਦਿੱਤਾ। ਰੁਪਈਆ ਲਾਲੇ ਦੇ ਗੱਲੇ ਵਿਚ ਜਾ ਡਿੱਗਿਆ। ਲਾਲਾ ਖੀ-ਖੀ ਕਰ ਕੇ ਹੱਸਣ ਲੱਗਾ। ਨਾਲ ਉਹਦਾ ਮੋਟਾ ਢਿੱਡ, ਹਿੱਲੇ, ਕਹਿੰਦਾ, ''ਤੁਸੀਂ ਅਧੂਰੀ ਗੱਲ ਸੁਣੀ ਆ, ਪੂਰੀ ਮੈਂ ਦੱਸਦਾ, ਬਹੁਤਾ ਪੈਸਾ ਥੋੜ੍ਹੇ ਪੈਸੇ ਨੂੰ ਆਪਣੇ ਵੱਲ ਖਿੱਚਦਾ।'' ਉਹ ਬੰਦਾ ਨੰਗ ਹੋ ਕੇ ਘਰ ਨੂੰੂ ਤੁਰ ਗਿਆ। ਸਰ ਆਪਣੇ ਸਰਕਾਰੀ ਸਕੂਲਾਂ ਵਿਚ ਪਹਿਲਾਂ ਹੀ ਬੱਚੇ ਬਹੁਤ ਘੱਟ ਨੇ। ਜੀਹਦੇ ਘਰੇ ਦੋ ਡੰਗ ਦੀ ਰੋਟੀ ਪੱਕਦੀ ਆ, ਉਹ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਾ ਕੇ ਰਾਜੀ ਨੀ। ਅੱਜ ਆਪਾਂ ਪ੍ਰਾਈਵੇਟ ਸਕੂਲ 'ਚ ਬੱਚੇ ਲੈ ਕੇ ਜਾਣੇ ਨੇ। ਕਿਤੇ ਉਥੇ ਦੀ ਤੜਕ-ਭੜਕ ਦੇਖ ਕੇ ਇਹ ਬੱਚੇ ਵੀ ਆਪਣੇ ਮਾਂ-ਬਾਪ ਦੇ ਗਲ ਗੂਠਾ ਦੇ ਕੇ ਕਹਿਣ, ਅਸੀਂ ਵੀ ਉਥੇ ਹੀ ਪੜ੍ਹਨਾ। ਜਿਹੜੇ ਗਿਲਟ ਦੇ ਰੁਪਈਏ ਆਪਣੇ ਕੋਲ ਨੇ, ਉਹ ਵੀ ਪ੍ਰਾਈਵੇਟ ਸਕੂਲਾਂ ਦੇ ਗੱਲਿਆਂ 'ਚ ਜਾ ਡਿੱਗਣ...। ਆਪਣੀ ਨੌਕਰੀ ਤਾਂ ਖਤਰੇ 'ਚ ਪੈਜੂ...।'' ਮੈਂ ਇਹ ਗੱਲ ਸੋਚੀ ਨਹੀਂ ਸੀ। ਮੈਂ ਕਹਿਣਾ ਚਾਹੁੰਦਾ ਸੀ, 'ਸਾਰੇ ਬੱਚਿਆਂ ਨੂੰ ਇਕੋ ਜਿਹੀ ਅਤੇ ਚੰਗੀ ਸਿੱਖਿਆ ਮਿਲਣੀ ਚਾਹੀਦੀ ਆ। ਜਿਹੜੇ ਬੱਚੇ ਸਾਡੇ ਕੋਲ ਪੜ੍ਹਦੇ ਨੇ, ਉਹ ਗਿਲਟ ਨਹੀਂ ਸੋਨੇ ਦੇ ਸਿੱਕੇ ਨੇ ਆਪਣੀ ਗੱਲ ਮੁਕਾ ਕੇ ਮੈਡਮ ਕਹਿਣ ਲੱਗੀ, ''ਸਰ ਜਿਹੜੀ ਗੱਲ ਤੁਹਾਨੂੰ ਕਹਿਣ ਲਈ ਬੁਲਾਇਆ, ਉਹ ਇਹ ਆ, ਜਿੰਦੂ ਨੂੰ ਵੀ ਨਾਲ ਲੈ ਜਾਇਓ, ਪੂਰਾ ਧਿਆਨ ਰੱਖਿਓ, ਇਹਦੇ ਸਿਰ 'ਤੇ ਛਿੱਤਰ ਤਾਣੀ ਰੱਖਿਓ...।'' ''ਮੈਡਮ ਜੀ ਹੁਣੇ ਤਾਂ ਤੁਸੀਂ ਕਿਹਾ ਸੀ ਇਹਨੂੰ ਇਲੱਤੀ ਨੂੰ...!'' ਮੈਂ ਕਿਹਾ। ''ਸਰ ਕਦੇ ਦਿਮਾਗ ਤੋਂ ਵੀ ਕੰਮ ਲਿਆ ਕਰੋ।'' ਉਹ ਸਵੇਰ ਵਾਲੇ ਬਿਆਨ ਤੋਂ ਲੀਡਰਾਂ ਵਾਂਗ ਮੁੱਕਰ ਗਈ। ''ਬੱਚੇ ਪਹਿਲਾਂ ਹੀ ਘੱਟ ਨੇ। ਉਹਨਾਂ ਦੀ ਹਾਜ਼ਰੀ ਐਸ.ਡੀ.ਐਮ. ਦਫਤਰ ਜਾਣੀ ਆ। ਬਾਅਦ 'ਚ ਕਾਰਨ ਦੱਸੋ ਨੋਟਿਸ ਦਾ ਜੁਆਬ ਤਾਂ ਮੈਨੂੰ ਹੀ ਦੇਣਾ ਪੈਣਾ। ... ਬੱਚਿਆਂ ਨਾਲ ਤੁਸੀਂ ਜਾ ਰਹੇ ਹੋ। ਮੈਂ 'ਆਰਡਰ ਬੁੱਕ' 'ਚ ਕੱਢ ਦਿੱਤਾ। ਸਾਇਨ ਕਰ ਦੇਵੋ। ਮੇਰੇ ਕਰਨ ਵਾਲੇ ਬਹੁਤ ਕੰਮ ਪਏ ਨੇ, 'ਡਾਕ' ਤਿਆਰ ਕਰਨ ਵਾਲੀ ਪਈ ਆ, ਮਿੱਡ ਡੇ ਮੀਲ ਦਾ ਸਾਰਾ ਕੰਮ ਪਿਆ, ਰਾਸ਼ਨ, ਦੁੱਧ ਸਬਜ਼ੀਆਂ, ਕਣਕ ਦੀ ਪਿਸਾਈ, ਗੈਸ ਸਿਲੰਡਰ ਇਹ ਸਾਰੇ ਕੁਝ ਦੀਆਂ ਰਸੀਦਾਂ ਲਾਉਣੀਆਂ। ਐਸ.ਸੀ. ਬੱਚਿਆਂ ਦਾ ਵਜੀਫਾ ਆਇਆ ਹੋਇਆ, ਉਹ ਡਾਕ ਸਭ ਤੋਂ ਜ਼ਰੂਰੀ ਆ। ਅੱਜ ਹੀ ਦਫਤਰ ਪਹੁੰਚਦੀ ਕਰਨੀ ਆ। ... ਸਰ ਪਲੀਜ਼ ਤੁਸੀਂ ਬੱਚੇ ਪਬਲਿਕ ਸਕੂਲ 'ਚ ਛੱਡ ਕੇ, ਦੋ ਕੁ ਕੰਮ ਹੋਰ ਕਰ ਦਿਓ। ਇਕ ਤਾਂ ਚੱਕੀ 'ਤੇ ਆਟਾ ਪਿਹਾਅ ਲਿਆਉਣਾ, ਦੂਜਾ ਆਪਣਾ ਗੈਸ ਸਿਲੰਡਰ ਮੁੱਕਿਆ ਹੋਇਆ...।'' ਮੈਡਮ ਮੂੰਹ ਦੇ ਮੋਸ਼ਨ ਜਿਹੇ ਕਰੀ ਜਾ ਰਹੀ ਸੀ। ਕੰਮ ਤੇ ਕੰਮ ਦੱਸੀ ਜਾ ਰਹੀ ਸੀ। ਗੁਰੂ ਨਾਨਕ ਪਬਲਿਕ ਸਕੂਲ ਦੀਆਂ ਵੈਨਾਂ ਆ ਖੜ੍ਹੀਆਂ। ਸਾਰੇ ਬੱਚੇ ਬੜੇ ਚਾਅ ਨਾਲ ਗੱਡੀ ਵਿਚ ਜਾ ਬੈਠੇ, ਮੈਂ ਵੀ ਉਹਨਾਂ ਨਾਲ ਜਾ ਬੈਠਾ। ਰਸਤੇ ਵਿਚ ਉਚੀਆਂ ਇਮਾਰਤਾਂ ਕਈ ਬੱਚਿਆਂ ਲਈ ਅਚੰਭਾ ਸਨ, ਜੋ ਘਰੋਂ ਘੱਟ ਹੀ ਬਾਹਰ ਨਿਕਲਦੇ ਸਨ। ਦੀਪ ਵਧੀਆ ਕੋਠੀ ਵੱਲ ਇਸ਼ਾਰਾ ਕਰ ਕੇ ਕਹਿ ਰਿਹਾ ਸੀ, ''ਔਹ ਮੇਰੀ ਆ।'' ਜਿੰਦੂ ਨੇ ਸਭ ਤੋਂ ਵੱਡੀ ਇਮਾਰਤ ਵੱਲ ਇਸ਼ਾਰਾ ਕਰਕੇ ਕਿਹਾ, ''ਔਹ ਮੇਰੀ ਆ।'' ਦੀਪਾ ਘੁਰਕਿਆ, ''ਨਹੀਂ ਉਹ ਮੇਰੀ ਆ, ਪਹਿਲਾਂ ਮੈਂ ਕਿਹਾ।'' ਜਿੰਦੂ ਕਹਿ ਰਿਹਾ ਸੀ, ''ਗੇਲੂ ਆਲਿਆ, ਪਹਿਲਾਂ ਮੈਂ ਕਿਹਾ, ਇਸ ਲਈ ਮੇਰੀ ਆ।'' ਦੋਵਾਂ ਨੇ ਇਕ ਦੂਜੇ ਦੇ ਗਲਾਮੇ ਫੜ ਲਏ। ਮੈਂ ਘੂਰ ਕੇ ਲੜਨੋਂ ਹਟਾਏ। ਮੈਂ ਇਹਨਾਂ ਮਾਸੂਮਾਂ ਨੂੰ ਕੀ ਦੱਸਦਾ, ਇਹ ਉਚੀਆਂ ਇਮਾਰਤਾਂ ਤਾਂ ਉਹਨਾ ਸਰਮਾਏਦਾਰਾਂ ਨੇ ਆਪਾਂ ਨੂੰ ਲੁੱਟ ਕੇ ਹੀ ਬਣਾਈਆਂ। ਇਹ ਥੋਡੀਆਂ ਹੋਣ, ਉਹਦੇ ਲਈ ਲੜਨਾ ਪੈਣਾ। ਮੈਨੂੰ ਯਾਦ ਆਇਆ ਜਦੋਂ ਜਿੰਦੂ ਅਜੇ ਦੂਜੀ ਕੁ 'ਚ ਹੀ ਸੀ, ਇਕ ਦਿਨ ਬਹੁਤ ਖੁਸ਼ ਘਰੋਂ ਆ ਕੇ ਮੈਨੂੰ ਕਹਿਣ ਲੱਗਾ, ''ਸਰ ਜੀ ਅਸੀਂ ਸਰੋਈ ਪਾਈ ਆ।'' ਮੈਨੂੰ ਉਹਦੀ ਗੱਲ ਦੀ ਸਮਝ ਨਾ ਲੱਗੀ। ਕੀ ਪਾਇਆ ਇਹਨੇ, ਕੱਪੜੇ ਤਾਂ ਉਹੀ ਪੁਰਾਣੇ ਹੀ ਪਾਈ ਫਿਰਦਾ। ਚੱਪਲਾਂ ਵੀ ਘਸੀਆਂ ਜਿਹੀਆਂ ਪਾਈ ਫਿਰਦਾ ਸੀ। ਇਹ ਸਰੋਈ ਕੀ ਹੋਈ। ''ਚੱਲ ਕੰਮ ਦਿਖਾ, ਜਿਹੜਾ ਘਰੋਂ ਕਰ ਕੇ ਲਿਆਇਆਂ,'' ਮੈਂ ਉਹਨੂੰ ਘੂਰ ਕੇ ਮੋੜ ਦਿੱਤਾ ਸੀ। ਜਦੋਂ ਮੈਂ ਛੁੱਟੀ ਵੇਲੇ ਮੋਟਰ ਸਾਇਕਲ 'ਤੇ ਉਹਨਾਂ ਦੇ ਘਰ ਅੱਗਿਓਂ ਲੰਘਿਆ ਤਾਂ ਇਕ ਕਮਰੇ ਦੇ ਘਰ ਦੇ ਅੱਗੇ ਪੁਰਾਣੀਆਂ ਇੱਟਾਂ ਤੇ ਗਾਰੇ ਨਾਲ ਇਕ ਹੋਰ ਗੁਸਲਖਾਨੇ ਜਿੱਡੀ ਕੁ ਕੋਠੜੀ ਪਾਈ ਦੇਖੀ। ਮੈਂ ਝੱਟ ਸਮਝ ਗਿਆ ਜਿੰਦੂ ਇਸ ਕਰਕੇ ਖੁਸ਼ ਸੀ, ਉਹਨਾਂ ਨੇ ਰਸੋਈ ਬਣਾਈ ਸੀ। ਅਸੀਂ ਵੈਨ ਵਿਚ ਗੁਰੂ ਨਾਨਕ ਪਬਲਿਕ ਸਕੂਲ ਜਾ ਪਹੁੰਚੇ। ਬੱਚੇ ਵੈਨ ਵਿਚ ਝੂਟੀ ਲੈ ਕੇ ਬਹੁਤ ਖੁਸ਼ ਸਨ। ਜਿਵੇਂ ਐਸ.ਡੀ.ਐਮ. ਸਾਹਿਬ ਨੇ ਹੁਕਮ ਲਾਇਆ ਸੀ, ਪਬਲਿਕ ਸਕੂਲ ਦੇ ਅਧਿਆਪਕ ਕੁੱਝ ਬੱਚਿਆਂ ਨੂੰ ਨਾਲ ਸਾਨੂੰ 'ਜੀ ਆਇਆ ਨੂੰ' ਕਹਿਣ ਲਈ ਖੜ੍ਹੇ ਸਨ। ਜਿਵੇਂ ਅਸੀਂ ਬੱਚਿਆਂ ਨੂੰ ਸਿਖਾਇਆ ਸੀ, ਪ੍ਰਾਈਵੇਟ ਸਕੂਲ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ ਗਲੇ ਮਿਲੇ। ਇਕ ਦੂਜੇ ਨੂੰ ਫੁੱਲ ਭੇਟ ਕੀਤੇ। ਮੈਂ ਧਿਆਨ ਨਾਲ ਦੇਖਿਆ ਪਬਲਿਕ ਸਕੂਲ ਦੇ ਸਟਾਫ ਵਿਚ ਬਹੁਤੀਆਂ ਮੈਡਮਾਂ ਸਨ। ਫੁੱਲਾਂ ਵਾਂਗ ਨਿਖਰੀਆਂ ਹੋਈਆਂ, ਖੁਸ਼ਬੂਆਂ ਛੱਡਦੀਆਂ। ਮੈਂ ਸੋਚਣ ਲੱਗਾ, ਵੱਧ ਤਨਖਾਹ ਲੈਣ ਵਾਲੀਆਂ ਸਰਕਾਰੀ ਸਕੂਲਾਂ ਦੀਆਂ ਬਹੁਤੀਆਂ ਮੈਡਮਾਂ ਦੇ ਮੂੰਹਾਂ ਤੋਂ ਸੁਆਹ ਉਡਦੀ ਆ, ਸਮਾਨਤਾ ਕਿੱਥੇ ਆ ਜੂ...? ਇਹਨਾਂ ਵਿਚੋਂ ਹੀ ਕਿਸੇ ਨਾਲ ਵਿਆਹ ਕਰਵਾ ਲੈਂਦੇ ਹਾਂ। ਬੇ-ਜ਼ਮੀਨਾਂ ਜੱਟ ਹੋਣ ਕਰਕੇ ਅਤੇ ਨੌਕਰੀ ਕੱਚੀ ਹੋਣ ਕਰਕੇ ਮੇਰਾ ਵਿਆਹ ਨਹੀਂ ਹੋਇਆ। ਇਕ ਮੈਡਮ ਜਿਸ ਦੇ ਮੋਟੇ ਸ਼ੀਸ਼ਿਆਂ ਦੀਆਂ ਐਨਕਾਂ ਲੱਗੀਆਂ ਹੋਈਆਂ ਸਨ, ਵਾਲ ਕੱਟੇ ਹੋਏ, ਪੋਨੀ ਕੀਤੀ ਹੋਈ ਸੀ, ਉਹ ਕਬੂਤਰੀ ਵਾਂਗ ਉਡੂੰ-ਉਡੂੰ ਕਰਦੀ ਫਿਰ ਰਹੀ ਸੀ। ਕਾਸ਼ ਇਹ ਵੀ ਮੈਨੂੰ ਫੁੱਲ ਭੇਟ ਕਰਕੇ ਗਲੇ...। ਫਿਰ ਮੈਨੂੰ ਆਪਣੀ ਸੋਚ 'ਤੇ ਸ਼ਰਮ ਜਿਹੀ ਆਈ। ਇਕ ਅਧਿਆਪਕ ਨੂੰ ਅਜਿਹਾ ਨਹੀਂ ਸੋਚਣਾ ਚਾਹੀਦਾ। ਗੁਰੂ ਨਾਨਕ ਸਕੂਲ ਦੀ ਪ੍ਰਿੰਸੀਪਲ ਨੇ ਸੰਖੇਪ ਜਿਹਾ ਭਾਸ਼ਨ ਕੀਤਾ, ''ਪਿਆਰੇ ਬੱਚਿਓ, ਇਹ ਸਕੂਲ ਜਿਸ ਮਹਾਨ ਸਖਸ਼ੀਅਤ ਦੇ ਨਾਂ 'ਤੇ ਹੈ, ਉਹਨਾਂ ਮਨੁੱਖਤਾ ਦੀ ਸਮਾਨਤਾ ਲਈ, ਜਾਤ-ਪਾਤ, ਅਮੀਰ-ਗਰੀਬ ਅਤੇ ਮਨੁੱਖੀ ਨਾ ਬਰਾਬਰੀ ਦੇ ਵਿਰੁੱਧ, ਮਨੁੱਖੀ ਹੱਕਾਂ ਲਈ ਲੜਦਿਆਂ ਸਾਰੀ ਉਮਰ ਕੱਢੀ... ਅਸੀਂ ਸਾਰੇ ਮਨੁੱਖ ਇਕ ਸਮਾਨ ਹਾਂ।'' ਮੈਂ ਸੋਚ ਰਿਹਾ ਸੀ 'ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਕਈ ਸਰਮਾਏਦਾਰ ਘਰਾਣਿਆਂ ਨੇ ਕਾਲਾ ਧਨ ਚਿੱਟਾ ਕਰਨ ਲਈ ਸਕੂਲ ਨਹੀਂ ਦੁਕਾਨਾਂ ਖੋਲ੍ਹ ਰੱਖੀਆਂ ਨੇ, ਜਿੱਥੇ ਉਹ ਬੱਚਿਆਂ ਦੇ ਮਾਪਿਆਂ ਦਾ ਖੂਨ ਪੀ ਰਹੇ ਨੇ, ਅਧਿਆਪਕਾਂ ਦਾ ਸ਼ੋਸ਼ਨ ਕਰ ਰਹੇ ਨੇ।' ਰਾਸ਼ਟਰੀ ਗਾਨ ਤੋਂ ਬਾਅਦ ਤਰੰਗਾ ਲਹਿਰਾਇਆ ਗਿਆ। ਫਿਰ ਬੱਚਿਆਂ ਦੀਆਂ ਸਭਿਆਚਾਰਕ ਗਤੀਵਿਧੀਆਂ ਸਨ। ਖੇਡਾਂ, ਚਿੱਤਰਕਾਰੀ ਰਾਹੀਂ ਬੱਚਿਆਂ ਨੇ ਆਪਣਾ ਫਨ ਵਿਖਾਉਣਾ ਸੀ। ਬਾਹਰ ਮੌਸਮ ਖਰਾਬ ਸੀ। ਬੱਚਿਆਂ ਨੂੰ ਏ.ਸੀ. ਕਮਰਿਆਂ ਵਿਚ ਪ੍ਰੋਗਰਾਮ ਕਰਾਉਣ ਲਈ ਬਿਠਾ ਲਿਆ। ਵੱਖ ਵੱਖ ਕਮਰਿਆਂ ਵਿਚ ਵੱਖ ਵੱਖ ਸਕੂਲਾਂ ਦੇ ਬੱਚੇ ਬੈਠ ਗਏ। ਉਹਨਾਂ ਨਾਲ ਕੁਝ ਕੁ ਗੁਰੂ ਨਾਨਕ ਸਕੂਲ ਦੇ ਬੱਚੇ ਆਪਣੀਆਂ ਮੈਡਮਾਂ ਨਾਲ ਲਿਆਂਦੇ ਗਏ। ਮੇਰੇ ਚੰਗੇ ਭਾਗਾਂ ਨੂੰ ਮੇਰੇ ਕਮਰੇ ਵਿਚ ਉਹੀ ਮੋਟੇ ਸ਼ੀਸ਼ਿਆਂ ਦੀਆਂ ਐਨਕਾਂ ਵਾਲੀ ਮੈਡਮ ਆ ਗਈ। ਉਹਨੇ ਆ ਕੇ ਮੇਰੇ ਵੱਲ ਮੁਸਕਰਾਉਂਦਿਆਂ ਏਸ ਤਰ੍ਹਾਂ ਦੇਖਿਆ ਜਿਵੇਂ ਕਹਿ ਰਹੀ ਹੋਵੇ, 'ਅਸੀਂ ਤੁਹਾਨੂੰ ਸਨਮਾਨਤਾ ਦੀਆਂ ਨਜ਼ਰਾਂ ਨਾਲ ਦੇਖਦੇ ਆਂ। ਸਰਕਾਰੀਓ...।' ਮੈਂ ਸਿਰ ਝੁਕਾ ਕੇ ਉਹਨੂੰ ਫਤਿਹ ਬੁਲਾਈ। ਉਹਨੇ ਆਪਣਾ ਨਾਂਅ ਅਲਕਾ ਦੱਸਿਆ, ''ਸਰ ਪਹਿਲਾਂ ਬੱਚਿਆਂ ਤੋਂ ਪੋਇਮਜ਼ ਸੁਣ ਲਈਏ?'' ਉਸਨੇ ਹੁਕਮੀ ਸਲਾਹ ਪੁੱਛੀ। ''ਹਾਂ ਜੀ, ਹਾਂ ਜੀ, ਜ਼ਰੂਰ... ਜ਼ਰੂਰ।'' ਮੈਂ ਪਤਾ ਨਹੀਂ ਕਿਸ ਖੁਸ਼ੀ 'ਚ ਬੋਲ ਰਿਹਾ ਸੀ। ਉਹਨਾਂ ਦੇ ਬੱਚੇ ਬਹੁਤ ਸੋਹਣੇ ਐਕਸ਼ਨਾਂ ਨਾਲ ਅੰਗਰੇਜ਼ੀ ਪੋਇਮਜ਼ ਸੁਣਾ ਰਹੇ ਸੀ। ''ਜੀ ਇਹਨਾਂ ਨੂੰ ਪੰਜਾਬੀ ਕਵਿਤਾਵਾਂ ਨਹੀਂ ਸਿਖਾਈਆਂ,'' ਮੈਂ ਪੁੱਛਿਆ। ''ਸਰ ਏਥੇ ਬੱਚਿਆਂ ਨੂੰ ਪੰਜਾਬੀ ਬੋਲਣ 'ਤੇ ਜੁਰਮਾਨਾ ਹੁੰਦਾ,'' ਮੈਨੂੰ ਉਸ ਅੱਖਾਂ ਝਪਕਦਿਆਂ ਦੱਸਿਆ। ਜਦੋਂ ਮੈਂ ਆਪਣੇ ਸਕੂਲ ਦਾ ਬੱਚਾ ਖੜ੍ਹਾ ਕੀਤਾ, ਉਹ ਪੁੱਠਾ ਜਿਹਾ ਗੀਤ ਛੇੜ ਬੈਠਾ, ''ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨੀ ਮਾਰਿਆ।'' ਮੈਂ ਮੈਡਮ ਅੱਗੇ ਸ਼ਰਮਿੰਦਾ ਹੋਇਆ ਬੈਠਾ ਸਾਂ। ''ਸਰ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਕਵਿਤਾਵਾਂ ਨਹੀਂ ਸਿਖਾਈਆਂ?'' ਹੁਣ ਮੈਡਮ ਬੋਲੀ ਸੀ। ''ਬਸ ਜੀ ਹੋਰ ਕੰਮਾਂ ਤੋਂ ਟਾਇਮ ਹੀ ਨੀ ਲੱਗਦਾ। ਪ੍ਰਾਈਵੇਟ ਸਕੂਲਾਂ ਦੇ ਬੱਚੇ ਦੋ ਕੰਮ ਵਧੀਆ ਕਰਦੇ ਨੇ, ਰਟੀਆਂ ਰਟਾਈਆਂ ਪੋਇਮਜ਼ ਸੁਣਾਉਣਾ ਤੇ ਰੱਟਾ ਲਾ ਕੇ ਪੇਪਰ ਕਰਨੇ।'' ਮੈਂ ਹੱਸਦਿਆਂ ਕਿਹਾ। ਮੈਡਿਮ ਵੀ ਹੱਸ ਪਈ, ''ਸਰ ਅਸੀਂ ਮਸ਼ੀਨਾਂ ਪੈਦਾ ਕਰ ਰਹੇ ਹਾਂ। ਇਹਨਾਂ ਬੱਚਿਆਂ ਦਾ ਬਚਪਨ ਮਾਰ ਰਹੇ ਆਂ।'' ਡਰਾਇੰਗ ਦੀਆਂ ਪੇਂਟਿੰਗਜ਼ ਬਣਾਈਆਂ ਤਾਂ ਸਾਡੇ ਬੱਚਿਆਂ ਵੀ ਵਧੀਆ ਸੀ ਪਰ ਕਿਸੇ ਕੋਲ ਉਹਨਾਂ ਵਿਚ ਭਰਨ ਲਈ ਰੰਗ ਨਹੀਂ ਸਨ, ''ਸਰ ਇਹ ਬੇਰੰਗ ਵੀ ਖੂਬਸੂਰਤ ਨੇ।'' ਮੈਡਮ ਬੋਲੀ ਸੀ। ਪਰ ਮੈਨੂੰ ਲੱਗਿਆ ਜਿਵੇਂ ਕਹਿ ਰਹੀ ਹੋਵੇ ਤੁਸੀਂ ਸਰਕਾਰੀ ਸਕੂਲਾਂ ਵਾਲੇ ਕੱਖ ਨੀ ਕਰਾਉਂਦੇ। ਗੁਰੂ ਨਾਨਕ ਪਬਲਿਕ ਸਕੂਲ ਦਿਆਂ ਬੱਚਿਆਂ ਨੇ 'ਸਕਿੱਟਾਂ' ਪੇਸ਼ ਕੀਤੀਆਂ। ਮੈਡਮ ਬਾਰ-ਬਾਰ ਮੇਰੀ ਪਿੱਠ ਲਵਾਈ ਜਾ ਰਹੀ ਸੀ। ਮੈਂ ਨਿਰਾਸ਼ ਹੋ ਕੇ ਬੈਠ ਗਿਆ। ਜਿੰਦੂ ਨੇ ਮੇਰੇ ਮੂੰਹ ਵੱਲ ਦੇਖਿਆ। ਆਪਣੀ ਆਦਤ ਅਨੁਸਾਰ ਖੜ੍ਹਾ ਹੋ ਗਿਆ। ਮੇਰੇ ਮਨ 'ਚ ਆਈ, ਲੈ ਬਈ ਹੁਣ ਬੇੜੀ ਡੋਬੂ। ਹੁਣ ਇਹਨੇ ਰੋਕਿਆਂ ਵੀ ਨਹੀਂ ਰੁਕਣਾ। ਏਨੀ ਸੋਹਣੀ ਮੈਡਮ ਮੇਰੇ ਕੋਲ ਇਹਨੂੰ ਝਿੜਕ ਵੀ ਨਹੀਂ ਦੇ ਸਕਦੇ। ਜਿੰਦੂ ਨੇ ਆਪਣੇ ਨਾਲ ਦੋ ਬੱਚੇ ਹੋਰ ਖੜ੍ਹੇ ਕਰ ਕੇ ਉਹਨਾਂ ਨੂੰ ਪਰੇ ਲਿਜਾ ਕੇ ਕੁੱਝ ਸਮਝਾਇਆ। ਕਹਿਣ ਲੱਗਾ, ''ਸਰ, ਮੈਂ ਵੀ ਸਕਿਟ ਪੇਸ਼ ਕਰੂੰਗਾ।'' ਮੈਂ ਅੱਖਾਂ ਨਾਲ ਘੂਰ ਕੇ ਉਹਨੂੰ ਹਟਾਉਣਾ ਚਾਹੁੰਦਾ ਸੀ ਪਰ ਉਹਨੇ ਮੇਰੇ ਵੱਲ ਧਿਆਨ ਹੀ ਨਾ ਦਿੱਤਾ। ਸਕਿੱਟ ਪੇਸ਼ ਕਰਦਿਆਂ ਜਿੰਦੂ ਸ਼ਰਾਬੀ ਵਾਂਗ ਕਰ ਰਿਹਾ ਸੀ, ''ਤੂੰ ਤਾਂ ਕਹਿੰਨੀ ਆਂ, ਮੈਂ ਦਸਾਂ ਬੰਦਿਆਂ ਜਿੰਨਾ ਕੰਮ ਕਰਦੀ ਆਂ... ਤੂੰ ਕੁੱਤੀਏ ਕਹਿੰਨੀ ਏਂ ਮੈਂ ਸਾਰਾ ਕੁਝ ਨਸ਼ਿਆਂ 'ਚ ਰੋੜ੍ਹਤਾ... ਤੂੰ ਕਹਿੰਨੀ ਏਂ ਮੈਂ ਤੇਰਾ ਲੱਕ ਤੋੜਤਾ... ਕੁੱਤੀਏ ਚੰਗੀ ਭਲੀ ਏਂ... ਮੈਂ ਤੇਰਾ ਖਸਮ ਆਂ... ਮੇਰੇ ਬਰਾਬਰ ਬੋਲਦੀ ਏਂ... ਚੱਲ ਮੈਨੂੰ ਪਿਸ਼ਾਬ ਕਰਾ ਕੇ ਲਿਆ...।'' ਪਤਨੀ ਤੇ ਬੇਟਾ ਉਹਨੂੰ ਦੋਵਾਂ ਬਾਹਾਂ ਤੋਂ ਫੜ ਕੇ ਸੰਭਾਲਦੇ ਬਾਥਰੂਮ ਵੱਲ ਤੁਰ ਪਏ। ਉਹ ਬਾਹਵਾਂ ਉਹਨਾਂ ਦੇ ਗਲੇ ਦੁਆਲੇ ਪਾ ਕੇ ਲੜਖੜਾਉਂਦਾ ਤੁਰਿਆ ਜਾ ਰਿਹਾ ਸੀ। ਕਦੇ ਡਿੱਗ ਪੈਂਦਾ। ਉਹ ਫਿਰ ਚੱਕਦੇ। ਪਤਨੀ ਉਹਦੇ ਵੱਲ ਕੌੜਾ-ਕੌੜਾ ਦੇਖਣ ਲੱਗਦੀ ਹੈ। ''ਕੁੱਤੀਏ ਮੇਰੇ ਵੱਲ ਝਾਕਦੀ ਏਂ। ਮੇਰੀ ਬਰਾਬਰੀ ਕਰਦੀ ਏਂ... ਤੂੰ ਮੇਰੇ ਪੈਰ ਦੀ ਜੁੱਤੀ ਏਂ... ਜੁੱਤੀ...।'' ਸਾਰੇ ਬੱਚੇ ਹੱਸ-ਹੱਸ ਕਮਲੇ ਹੋ ਗਏ ਸੀ। ਮੈਂ ਤੇ ਅਲਕਾ ਮੈਡਮ ਹੈਰਾਨ ਹੋਏ ਦੇਖ ਰਹੇ ਸਾਂ। ਜਿੰਦੂ ਨੇ ਸ਼ਰਾਬੀ ਦੇ ਰੋਲ 'ਚ ਜਾਨ ਪਾ ਦਿੱਤੀ ਸੀ। ''ਵਾਹ ਕਿੰਨਾ ਨੈਚਰੁਅਲ ਆ।'' ਅਲਕਾ ਮੈਡਮ ਨੇ ਉਹਨੂੰ ਬੁੱਕਲ 'ਚ ਲੈ ਕੇ ਸ਼ਾਬਾਸ਼ ਦਿੱਤੀ ਸੀ। ਮੇਰੀ ਜਾਨ ਵਿਚ ਜਾਨ ਆਈ। ''ਸਰ ਇਹ ਅੱਜ ਦੀ ਬੈਸਟ ਪ੍ਰਫਾਰਮੈਂਸ ਸੀ,'' ਮੈਡਮ ਦੇ ਏਨਾ ਕਹਿਣ ਦੀ ਦੇਰ ਸੀ ਜਿੰਦੂ ਮੇਰੀਆਂ ਨਜ਼ਰਾਂ 'ਚ ਵੱਡਾ ਹੋ ਗਿਆ। ਉਹਨੇ ਮੇਰੇ ਸਕੂਲ ਦੀ ਲਾਜ ਰੱਖ ਲਈ ਸੀ। ਮੈਂ ਵੀ ਉਹਨੂੰੂ ਪਿਆਰ ਨਾਲ ਥਾਪੀ ਦਿੱਤੀ ਤੇ ਪੁੱਛਿਆ, ''ਕਿੱਥੋਂ ਸਿੱਖਿਆ ਉਏ ਬਦਮਾਸ਼ਾ?'' ਫਿਰ ਸੋਚਿਆ ਮੈਡਮ ਸਾਹਮਣੇ ਇਹ ਨਹੀਂ ਪੁੱਛਣਾ ਚਾਹੀਦਾ ਸੀ। ਇਹ ਤਾਂ ਸਿਖਾਉਣ ਦਾ ਸਿਹਰਾ ਮੈਨੂੰ ਦੇ ਰਹੀ ਸੀ। ''ਸਰ ਜੀ ਸਾਡਾ ਬਾਪੂ ਹਰ ਰੋਜ਼ ਇਹੀ ਤਾਂ ਕਰਦਾ...।'' ਜਿੰਦੂ ਦੀ ਗੱਲ ਸੁਣ ਕੇ ਮੈਂ ਸੁੰਨ ਹੋ ਗਿਆ ਸੀ। ਅਲਕਾ ਮੈਡਮ ਥੋੜ੍ਹੀ ਜਿਹੀ ਖੁੱਲ ਗਈ ਸੀ। ਉਹਨੇ ਦੱਸਿਆ ਉਹ ਐਮ.ਐਸ.ਸੀ. ਮੈਥ ਤੇ ਪੀਐਚਡੀ ਹੈ। ਸਕੂਲ ਵਾਲੇ ਸਾਰਾ ਦਿਨ ਖੂਨ ਨਿਚੋੜ ਕੇ ਪੰਜ ਹਜ਼ਾਰ ਤਨਖਾਹ ਦਿੰਦੇ ਨੇ। ਸਾਇਨ ਪੂਰੀ ਤਨਖਾਹ 'ਤੇ ਕਰਾਉਂਦੇ ਨੇ। ''ਏਨੇ ਦੇ ਤਾਂ ਥੋਡੇ ਸੂਟ ਆ ਜਾਂਦੇ ਨੇ।'' ਮੈਂ ਹੱਸਿਆ। ਉਹ ਵੀ ਹੱਸ ਪਈ ਉਦਾਸ ਜਿਹਾ। ਮਾਡਲ ਸਕੂਲ ਵਿਚ ਦਾਖਲੇ ਵੇਲੇ ਮਾਪਿਆਂ ਨੂੰ ਪ੍ਰਿੰਸੀਪਲ ਕਹਿੰਦੀ ਹੈ, ''ਤੁਹਾਨੂੰ ਸਾਰੀਆਂ ਚੀਜ਼ਾਂ ਸਕੂਲੋਂ ਮਿਲਣਗੀਆਂ, ਜਿਵੇਂ ਬੁੱਕਸ, ਯੂਨੀਫਾਰਮ, ਸ਼ੂਜ, ਬੈਲਟ ਆਦਿ।'' ਬੱਚੇ ਦਾ ਪਿਤਾ ਕਹਿੰਦਾ ਹੈ, ''ਐਜੁਕੇਸ਼ਨ।'' ਪ੍ਰਿੰਸੀਪਲ, ''ਉਹਦੇ ਲਈ ਬਾਹਰ ਟਿਊਸ਼ਨ ਲਗਾ ਲੈਣਾ।'' ਏਨਾ ਕਹਿ ਕੇ ਮੈਂ ਹੱਸ ਪਿਆ। ਚੁਟਕਲੇ 'ਤੇ ਉਹ ਵੀ ਮੁਸਕਰਾਈ। ਦੁਪਹਿਰ ਦੇ ਖਾਣੇ 'ਤੇ ਬੱਚਿਆਂ ਨੇ ਇਕੱਠੇ ਬੈਠ ਕੇ ਭੋਜਨ ਕੀਤਾ। ਕਈਆਂ ਨੇ ਟਿਫਨ ਬਦਲ ਕੇ ਖਾਣਾ ਖਾਧਾ। ਮੈਡਮ ਮੋਨਿਕਾ ਦਾ ਬੇਟਾ ਲਵਪ੍ਰੀਤ ਵੀ ਕਿਸੇ ਬੱਚੇ ਨਾਲ 'ਟਿਫਨ' ਬਦਲ ਕੇ ਖਾਣਾ ਖਾ ਰਿਹਾ ਸੀ। ਇਸੇ ਕਰਕੇ ਤਾਂ ਮੈਡਮ ਨੇ ਵਧੀਆ ਚੌਲ ਬਣਵਾ ਕੇ ਭੇਜੇ ਸੀ। ਤੁਰਨ ਵੇਲੇ ਤੱਕ ਮੈਂ ਅਲਕਾ ਮੈਡਮ ਤੋਂ ਫੋਨ ਨੰਬਰ ਨਾ ਲੈ ਸਕਿਆ। ਜਾਣ ਵੇਲੇ ਥੋੜ੍ਹਾ ਜਿਹਾ ਮੁਸਕਰਾ ਕੇ ਵਿਦਾਅ ਕੀਤਾ ਤਾਂ ਮੈਨੂੰ ਲੱਗਿਆ ਇਹ 'ਸਮਾਨਤਾ-ਦਿਵਸ' ਕਾਫ਼ੀ ਸਾਰਥਕ ਸੀ। ਵੈਨ ਸਾਨੂੰ ਸਕੂਲ ਵਿਚ ਛੱਡ ਗਈ। ਛੁੱਟੀ ਦਾ ਸਮਾਂ ਹੋਣ ਵਾਲਾ ਸੀ। ਮੈਂ ਦਫਤਰ ਹਾਜ਼ਰੀ ਲਾਉਣ ਗਿਆ ਤਾਂ ਦੇਖਿਆ ਮੋਨਿਕਾ ਮੈਡਮ ਐਸ.ਸੀ. ਬੱਚਿਆਂ ਦੇ ਵਜ਼ੀਫੇ ਦੀਆਂ ਲਿਸਟਾਂ ਨੂੰ ਅੰਤਿਮ ਛੋਹਾਂ ਦੇ ਰਹੀ ਸੀ। ਮੈਨੂੰ ਡਰ ਸੀ ਕਹੇਗੀ ਤੂੰ ਆਟਾ ਪਿਹਾਅ ਕੇ ਨਹੀਂ ਲਿਆਇਆ ਤੇ ਗੈਸ ਸਲੰਡਰ ਬਾਰੇ ਗੱਲ ਕਰੇਗੀ। ਮੈਡਮ ਨੇ ਸਿਰ ਚੱਕ ਕੇ ਮੋਸ਼ਨ ਕਰਦੀ ਨੇ ਮੇਰੇ ਵੱਲ ਦੇਖਿਆ। ਐਨਕ ਲਾਹ ਕੇ ਮੇਜ਼ 'ਤੇ ਰੱਖ ਦਿੱਤੀ। ਪੁੱਛਣ ਲੱਗੀ, ''ਸਰ ਕਿਵੇਂ ਰਿਹਾ?'' ਫਿਰ ਮੇਰੀ ਗੱਲ ਸੁਣੇ ਬਿਨਾਂ ਹੀ ਦੱਸਣ ਲੱਗੀ, ''ਸਰ ਲਵਪ੍ਰੀਤ ਦਾ ਫੋਨ ਆਇਆ ਸੀ, ਕਹਿਦਾ, ''ਮੰਮੀ ਤੁਸੀਂ ਕ੍ਰਿਸ਼ਨ ਤੇ ਸੁਦਾਮੇ ਵਾਲੀ ਕਹਾਣੀ ਸੁਣਾਉਂਦੇ ਹੁੰਨੇ ਓ ਜਿਸ ਵਿਚ ਕ੍ਰਿਸ਼ਨ ਨੇ ਗਰੀਬ ਸੁਦਾਮੇ ਦੇ ਸੱਤੂ ਖਾਧੇ ਸੀ। ... ਅੱਜ ਮੈਂ ਸੱਤੂ ਖਾਧੇ ਸੀ।... ਸਰ ਮੇਰਾ ਹਾਸਾ ਨਾ ਰੁਕੇ। ਸਰ ਇਹ ਭੋਲੇ-ਭਾਲੇ ਬੱਚੇ ਕਈ ਵਾਰ ਕਿੰਨੀਆਂ ਸਿਆਣੀਆਂ ਗੱਲਾਂ ਕਰ ਦਿੰਦੇ ਨੇ। ਸਰ ਮੈਨੂੰ ਬੁਰਾ ਨੀ ਲੱਗਿਆ ਕਿਉਂਕਿ ਚੌਲ ਆਪਾਂ ਸਕੂਲੋਂ ਬਣਾ ਕੇ ਭੇਜੇ ਸੀ।'' ਮੈਨੂੰ ਮੈਡਮ ਦੀ ਗੱਲ ਭਾਵੇਂ ਸਮਝ ਆਵੇ ਜਾਂ ਨਾ ਆਵੇ, ਪਰ ਧਿਆਨ ਨਾਲ ਸੁਣਨ ਦਾ ਨਾਟਕ ਕਰਨਾ ਪੈਂਦਾ, ਤੇ ਹਾਂ ਜੀ, ਹਾਂ ਜੀ ਦਾ ਹੁੰਘਾਰਾ ਦੇਣਾ ਪੈਂਦਾ। ਮੈਂ 'ਹਾਂ ਜੀ' ਕਹਿ ਕੇ ਚੁੱਪ ਕਰ ਗਿਆ। ਉਹ ਫਿਰ ਲਿਸਟਾਂ ਬਣਾਉਣ ਲੱਗੀ। ਛੁੱਟੀ ਦਾ ਸਮਾਂ ਹੋ ਗਿਆ ਸੀ। ਮੈਡਮ ਬੋਲੀ, ''ਸਰ ਮੈਂ ਸਾਰੀ ਡਾਕ ਤਿਆਰ ਕਰ ਲਈ, ਬਸ ਦਸ ਮਿੰਟ ਹੋਰ ਲੱਗਦੇ ਨੇ, ਤੁਸੀਂ ਲੈ ਕੇ ਜਾਣੀ, ਅੱਜ ਹੀ ਦਫ਼ਤਰ ਭੇਜਣੀ ਜ਼ਰੂਰੀ ਆ।'' ਮੈਂ ਮੈਡਮ ਸਾਹਮਣੇ ਖਾਲੀ ਪਈ ਕੁਰਸੀ 'ਤੇ ਬੈਠ ਗਿਆ। ਉਹ ਬਰਦਾਸ਼ਤ ਨਹੀਂ ਕਰਦੀ ਉਹ ਕੰਮ ਕਰੇ ਉਹਦੇ ਸਾਹਮਣੇ ਕੋਈ ਵਿਹਲਾ ਬੈਠੇ। ਮੈਂ ਹਾਜ਼ਰੀ ਰਜਿਸਟਰ ਚੁੱਕ ਕੇ ਬੱਚਿਆਂ ਦੀ ਹਾਜ਼ਰੀ ਪੂਰੀ ਕਰਨ ਲੱਗਿਆ। ਫਿਰ ਆਪਣੀ ਹਾਜ਼ਰੀ ਲਾ ਦਿੱਤੀ। ਮੈਡਮ ਕਾਹਲੀ ਕਾਹਲੀ ਵਜ਼ੀਫੇ ਦੀਆਂ ਲਿਸਟਾਂ ਤਿਆਰ ਕਰ ਰਹੀ ਹੈ। ਵਜ਼ੀਫ਼ਾ ਕਾਹਦਾ ਬਸ ਊਠ ਦੇ ਮੂੰਹ ਜੀਰਾ ਪਾਉਣ ਵਾਲੀ ਗੱਲ ਹੈ। ਵਜ਼ੀਫਾ ਦੋ ਤਰ੍ਹਾਂ ਦਾ ਆਉਂਦਾ। ਇਕ ਜਾਤ 'ਤੇ ਆਧਾਰਿਤ ਦੂਜਾ ਧਰਮ ਦੇ ਆਧਾਰ 'ਤੇ। ਜਾਤ ਦੇ ਆਧਾਰ 'ਤੇ ਐਸ.ਸੀ. ਬੱਚਿਆਂ ਨੂੰ ਮਿਲਦਾ ਹੈ, ਧਰਮ 'ਤੇ ਆਧਾਰਤ ਸਾਰੇ ਘੱਟ ਗਿਣਤੀ ਧਰਮਾਂ ਨੂੰ ਮਿਲਦਾ ਹੈ। ਐਤਕੀ ਐਸ.ਸੀ. ਬੱਚਿਆਂ ਦਾ ਵਜ਼ੀਫਾ ਆਇਆ ਹੈ। ਮੈਡਮ ਬੋਲੀ, ''ਸਰ ਸਵੇਰ ਦੀ ਮੱਥਾ ਮਾਰਦੀ ਅਕਲਕਾਨ ਹੋਈ ਪਈ ਆਂ। ਆਪਣੇ ਕੋਲ ਸਾਰੇ ਭੁੱਖੇ ਨੰਗਾਂ ਦੇ ਬੱਚੇ ਪੜ੍ਹਦੇ ਨੇ। ਸਰਕਾਰ ਨੂੰੂ ਚਾਹੀਦਾ ਸਭ ਨੂੰ ਵਜ਼ੀਫਾ ਦੇ ਦੇਵੇ...।'' ਜਿੰਦੂ ਕਿਧਰੋਂ ਹੀ ਦਫਤਰ ਆ ਵੜਿਆ ਜਿਵੇਂ ਅਚਾਨਕ ਉਹਨੂੰ ਕੋਈ ਗੱਲ ਯਾਦ ਆ ਗਈ ਹੁੰਦੀ ਹੈ। ਆ ਕੇ ਮੈਡਮ ਨੂੰ ਪੁੱਛਣ ਲੱਗਾ। ਸ਼ਾਇਦ ਉਹ ਅੱਜ ਹੀਰੋ ਬਣ ਕੇ ਆਇਆ ਸੀ, ਇਸ ਲਈ ਹਿੰਮਤ ਕਰ ਬੈਠਾ, ''ਮੈਡਮ ਜੀ, ਸਾਡੇ ਮੰਮੀ ਨੇ ਪੁੱਛਿਆ, ਮੇਰਾ ਵਜ਼ੀਫ਼ਾ ਆਇਆ?'' ਮੈਡਮ ਛੇਤੀ ਛੇਤੀ ਕਾਗਜ਼ਾਂ 'ਤੇ ਲਿਖ ਰਹੀ ਸੀ। ਉਹ ਜਿੰਦੂ ਵੱਲ ਦੇਖੇ ਬਿਨਾਂ ਬੋਲੀ, ''ਕੀ ਆਂ ਤੂੰ?'' ਜਿੰਦੂ ਨੇ ਮੈਡਮ ਦੇ ਮੂੰਹ ਵੱਲ ਦੇਖਿਆ ਜਿਵੇਂ ਉਹਨੂੰ ਮੈਡਮ ਦੀ ਗੱਲ ਸਮਝ ਨਾ ਆਈ ਹੋਵੇ। ਮੈਨੂੰ ਜਿੰਦੂ ਦਾ ਸ਼ਰਾਰਤੀ ਚਿਹਰਾ ਮਾਸੂਮ ਜਿਹਾ ਲੱਗਿਆ। ''ਜੀ ਮੈਂ ਜਿੰਦੂ ਆਂ ਮੈਡਮ ਜੀ'', ਉਹਨੇ ਭੋਲੇ ਭਾਅ ਕਿਹਾ। ਮੈਡਮ ਨੇ 'ਕੌਣ ਏ' ਤੂੰ ਨਹੀਂ ਪੁੱਛਿਆ ਸੀ, ਉਹਨੇ 'ਕੀ ਏਂ ਤੂੰ ਪੁੱਛਿਆ ਸੀ। ''ਚੱਲ ਭੱਜ ਕਿ ਛਿੱਤਰ ਲਾਹਾਂ। ''ਮੈਡਮ ਕੜਕੀ। ਫਿਰ ਡਾਕ ਤਿਆਰ ਕਰਨ ਲੱਗੀ। ਜਿੰਦੂ ਖਾਲੀ ਜਿਹੀਆਂ ਅੱਖਾਂ ਨਾਲ ਮੇਰੇ ਵੱਲ ਝਾਕਿਆ। ਬਾਹਰ ਨੂੰ ਤੁਰ ਪਿਆ। ਜਦੋਂ ਮੈਂ ਜਮਾਤ ਵਿਚ ਗਿਆ, ਬੱਚੇ ਖੇਡ ਰਹੇ ਸੀ। ਜਿੰਦੂ ਉਦਾਸ ਜਿਹਾ ਬੈਠਾ ਆਪਣੇ ਬੈਗ ਦੀ ਜਿੱਪ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਹਨੂੰ ਅੱਗਿਓਂ ਲਾਉਂਦਾ ਤਾਂ ਪਿੱਛਿਓਂ ਖੁੱਲ੍ਹ ਜਾਦੀ। ਪਿੱਛਿਓਂ ਲਾਉਂਦਾ ਤਾਂ ਅੱਗਿਓਂ ਖੁੱਲ੍ਹ ਜਾਂਦੀ। ਮੈਂ ਉਹਦੀ ਪਿੱਠ ਥਾਪੜਦਿਆਂ ਕਿਹਾ, ''ਵਜ਼ੀਫਾ ਵੀ ਮਿਲਜੂ ਪੁੱਤਰਾ, ਚੰਗਾ ਇਹ ਦੱਸ ਵੱਡਾ ਹੋ ਕੇ ਕੀ ਬਣੇਂਗਾ?'' ਜਿੰਦੂ ਕੁਝ ਨਾ ਬੋਲਿਆ। ਨੀਂਵੀਂ ਪਾ ਕੇ ਆਪਣੇ ਬੈਗ ਦੀ ਖਰਾਬ ਜਿੱਪ ਦੇਖੀ ਗਿਆ। ਮੈਨੂੰ ਲੱਗਿਆ ਉਹ ਮੈਡਮ ਦਾ ਸੁਆਲ ਸਮਝ ਗਿਆ ਸੀ। ''ਫਿਲਮਾਂ ਦਾ ਹੀਰੋ ਬਣੂਗਾ ਸਾਡਾ ਰਾਜਾ।'' ਮੈਂ ਉਹਨੂੰ ਥਾਪੀ ਦਿੰਦਿਆਂ ਕਿਹਾ, ''ਆਪਾਂ ਸਕੂਲ 'ਚ ਨਾਟਕ ਤਿਆਰ ਕਰਾਂਗੇ।'' ਜਿੰਦੂ ਦੀਆਂ ਅੱਖਾਂ 'ਚ ਚਮਕ ਸੀ। ਮੈਂ ਸੋਚਦਾਂ, ਆਪਣੇ ਆਪ ਨੂੰ ਧਰਵਾਸਾ ਦਿੰਦਾ ਹਾਂ, 'ਙ' ਖਾਲੀ ਨਹੀਂ ਹੁੰਦਾ। ਅਸੀਂ ਹੀ ਕਦੇ ਉਹਦੀ ਧੁਨੀ ਵੱਲ ਧਿਆਨ ਨਹੀਂ ਦਿੱਤਾ।

 

 

ਕਵਿਤਾ

- ਪਰਵੀਨ ਸ਼ਾਕਿਰ

ਮੁਸ਼ਕਿਲ ਹੈ ਕਿ ਅਬ ਸ਼ਹਿਰ ਮੇ ਨਿਕਲੇ ਕੋਈ ਘਰ ਸੇ ।

ਦਸਤਾਰ ਪੇ ਬਾਤ ਆ ਗਈ, ਹੋਤੀ ਹੂਈ ਸਰ ਸੇ ।

ਬਰਸਾ ਭੀ ਤੋ ਕਿਸ ਦਸ਼ਤ ਕੇ ਬੇਫ਼ੈਜ਼ ਬਦਨ ਪਰ

ਇਕ ਉਮਰ ਮੇਰੇ ਖੇਤ ਥੇ ਜਿਸ ਅਬਰ ਕੋ ਤਰਸੇ ।

ਕਲ ਰਾਤ ਜੋ ਈਂਧਨ ਕੇ ਲੀਏ ਕਟ ਕੇ ਗਿਰਾ ਹੈ

ਚਿੜੀਓਂ ਕੋ ਬੜਾ ਪਿਆਰ ਥਾ ਉਸ ਬੂੜ੍ਹੇ ਸ਼ਜਰ ਸੇ।

ਮਿਹਨਤ ਮੇਰੀ ਆਂਧੀ ਸੇ ਤੋ ਮਨਸੂਬ ਨਹੀਂ ਥੀ

ਰਹਿਨਾ ਥਾ ਕੋਈ ਰਬਤ ਸ਼ਜਰ ਕਾ ਭੀ ਸਮਰ ਸੇ ।

ਖੁਦ ਅਪਨੇ ਸੇ ਮਿਲਨੇ ਕਾ ਤੋ ਯਾਰਾ ਨ ਥਾ ਮੁਝ ਮੇ

ਮੈਂ ਭੀੜ ਮੇ ਗੁੰਮ ਹੋ ਗਈ ਤਨਹਾਈ ਕੇ ਡਰ ਸੇ ।

ਬੇਨਾਮ ਮੁਸਾਫ਼ਤ ਹੀ ਮੁਕੱਦਰ ਹੈ ਤੋ ਕਿਆ ਗ਼ਮ

ਮੰਜ਼ਿਲ ਕਾ ਤੁਅੱਈਅਨ ਕਭੀ ਹੋਤਾ ਹੈ ਸਫ਼ਰ ਸੇ ?

ਪਥਰਾਯਾ ਹੈ ਦਿਲ ਯੂੰ ਕਿ ਕੋਈ ਇਸਮ ਪੜ੍ਹਾ ਜਾਏ

ਯੇ ਸ਼ਹਿਰ ਨਿਕਲਤਾ ਨਹੀਂ ਜਾਦੂ ਕੇ ਅਸਰ ਸੇ ।

ਨਿਕਲੇ ਹੈਂ ਤੋ ਰਸਤੇ ਮੇ ਕਹੀਂ ਸ਼ਾਮ ਭੀ ਹੋਗੀ

ਸੂਰਜ ਭੀ ਮਗਰ ਆਏਗਾ ਇਸ ਰਾਹਗੁਜ਼ਰ ਸੇ ।

ਦਸ਼ਤ -- ਜੰਗਲ, ਬੇਫ਼ੈਜ਼ -- ਫ਼ਜ਼ੂਲ, ਅਬਰ --ਬੱਦਲ, ਸ਼ਜਰ --ਰੁੱਖ, ਸਮਰ -- ਫ਼ਲ, ਯਾਰਾ --ਹੌਸਲਾ, ਤੁਅੱਈਅਨ -- ਸੰਬੰਧ /ਮੇਲ, ਇਸਮ -- ਮੰਤਰ

 

 

 

ਸਰਹੱਦਾਂ...?

ਸਾਰਾ ਗਲਾਸਗੋਅ (ਸਕਾਟਲੈਂਡ) ਬਰਫ ਦੀ ਚਾਦਰ ਨਾਲ ਢਕਿਆ ਗਿਆ। ਸੜਕਾਂ ਸੁੰਨਸਾਨ ਤੇ ਬਜ਼ਾਰ ਬੰਦ ਸਨ। ਵਿਦਿਅਕ ਤੇ ਵਪਾਰਕ ਅਦਾਰੇ ਗੁੰਮਸੁੰਮ ਸਰਦੀ ਨਾਲ ਕੰਬ ਰਹੇ ਸਨ। ਇਥੋਂ ਤੱਕ ਕਿ ਹਸਪਤਾਲਾਂ ਅੰਦਰਲੇ ਐਮਰਜੈਂਸੀ ਵਾਰਡਾਂ ਵਿਚ ਵੀ ਕੋਈ ਮਰੀਜ਼ ਨਹੀਂ ਸੀ ਆ ਰਿਹਾ। ਮੇਰੀ ਭੈਣ ਇਥੋਂ ਦੀ ਇਕ ਯੂਨੀਵਰਸਿਟੀ ਦੀ ਕੰਨਟੀਨ ਵਿਚ ਸ਼ਾਮ ਵੇਲੇ ਪਾਰਟ ਟਾਈਮ ਕੰਮ ਕਰਦੀ ਹੈ। ਆਪਣੇ ਨਾਲੋਂ ਦੂਜਿਆਂ ਦੇ ਦਰਦ ਨੂੰ ਪਹਿਲ ਦੇਣੀ ਉਸਦੀ ਆਦਤ ਬਣ ਗਈ ਆ। ਇਸਦੇ ਬਦਲੇ ਉਸਨੂੰ ਢੇਰ ਸਾਰਾ ਸਕੂਨ ਮਿਲਦਾ ਹੈ। ਚੰਗਾ ਸੌਦਾ ਆ ਵਾਧੇ ਦਾ! ਬਿਨਾ ਸੋਚੇ ਸਮਝੇ ਉਹ ਯੂਨੀਵਰਸਿਟੀ ਕੰਨਟੀਨ ਦੇ ਦਰਵਾਜੇ 'ਤੇ ਪੈਦਲ ਹੀ ਪੁੱਜ ਗਈ। 5-6 ਮੀਲ ਦੀ ਵਾਟ ਸੀ। ਏਨੀ ਤਾਂ ਉਹ ਸੈਰ ਵੀ ਕਰ ਲੈਂਦੀ ਸੀ, ਜੋ ਉਸ ਦਿਨ ਨਹੀਂ ਸੀ ਕੀਤੀ। ਕੋਟ ਕਪੂਰੇ ਦੇ ਫਾਟਕ ਵਾਂਗਰ ਯੂਨੀਵਰਸਿਟੀ ਦਾ ਗੇਟ ਬੰਦ ਸੀ। ਬੰਦਾ ਤਾਂ ਕੀ ਜਾਨਵਰ ਵੀ ਦਿਖਾਈ ਨਹੀਂ ਸੀ ਦੇ ਰਿਹਾ। ਏਦਾਂ ਦੇ ਮੌਸਮ ਵਿਚ ਕੋਈ ਸਿਰਫਿਰਿਆ ਹੀ ਕੰਮ ਤੇ ਜਾਣ ਦਾ ਖਤਰਾ ਮੁੱਲ ਲੈ ਸਕਦਾ ਹੈ। ਨੌਕਰੀ ਬਚਾਉਣ ਦੀ ਲਾਲਸਾ ਵੀ ਤਾਂ ਹੈ ਭੈਣ ਨੂੰ। ਵਾਪਸ ਆਉਂਦੀ ਨੂੰ ਥੋੜ੍ਹੀ ਦੂਰ ਇਕ ਟੈਕਸੀ ਮਿਲ ਗਈ। ਹੱਥ ਪੈਰ ਸੁੰਨ। ਪਰ ਪੁੱਜਦੇ ਹੀ ਅਧਮੋਏ ਜਿਹੇ ਉਹ ਬਿਸਤਰ ਵਿਚ ਜਾ ਵੜੀ। ਦੂਸਰੇ ਦਿਨ ਮੇਰੀ ਭੈਣ ਨੇ ਇਹ ਸਾਰੀ ਕਹਾਣੀ ਆਪਣੀ ਇਕ ਮੂੰਹ ਬੋਲੀ ਭੈਣ ਰੁਖ਼ਸਾਨਾ ਨੂੰ ਦੱਸੀ। ਉਸਦਾ ਪਤੀ ਮੁਨੀਰ ਦੋ ਕੁ ਦਿਨਾਂ ਬਾਅਦ ਦੁਕਾਨ ਤੇ ਆਇਆ, ਜਿਥੇ ਮੇਰੀ ਭੈਣ ਸਵੇਰੇ 9 ਵਜੇ ਤੋਂ 1 ਵਜੇ ਤੱਕ ਪਾਰਟ ਟਾਈਮ ਕੰਮ ਕਰਦੀ ਆ, ਤਾਂ ਪਿਆਰ ਲਪੇਟੇ ਗੁੱਸੇ ਤੇ ਨਹੋਰੇ ਨਾਲ ਮਨੀਰ ਜ਼ੋਰ ਜ਼ੋਰ ਨਾਲ ਬੋਲਣ ਲੱਗ ਪਿਆ, ਜਿਵੇਂ ਲੜ ਰਿਹਾ ਹੋਵੇ, ''ਮੈਨੂੰ ਪਤਾ ਆ ਤੁਸੀਂ ਸਾਨੂੰ ਕੀ ਸਮਝਦੇ ਓ। ਹਲਾਲ ਖਾਣੇ ਤੇ ਖਬਰੇ ਹੋਰ ਕੀ ਕੀ...? ਪਰ ਮੈਂ ਏਨਾ ਕਮੀਨਾ ਨਹੀਂ। ਚਾਰ ਭੈਣਾਂ ਦਾ ਭਰਾ ਆਂ''। ਲਾਲ ਹੋਇਆ ਉਹ ਬੋਲੀ ਜਾ ਰਿਹਾ ਸੀ, ''ਤੂੰ ਸਾਡੇ ਘਰ ਕਿਉਂ ਨਹੀਂ ਆਈ ਬਾਜ਼ੀ (ਭੈਣ), ਮੂੰਹ ਚੁੱਕ ਕੇ ਘਰ ਨੂੰ ਚੱਲ ਪਈ!'' ਰੁਖ਼ਸਾਨਾ ਦਾ ਘਰ ਯੂਨੀਵਰਸਿਟੀ ਦੇ ਐਨ ਨਾਲ ਹੈ। ਮੇਰੀ ਭੈਣ ਮਨੀਰ ਅੱਗੇ ਕੁਝ ਨਾ ਬੋਲ ਸਕੀ। ਹੁਣ ਜਦੋਂ ਮੇਰੇ ਕੋਲ ਆ ਕੇ ਮੇਰੀ ਭੈਣ ਨੇ ਇਹ ਗੱਲ ਮੈਨੂੰ ਸੁਣਾਈ ਤਾਂ ਮੈਨੂੰ ਪਿਛਲੀਆਂ ਯੂ.ਪੀ. ਦੀਆਂ ਅਸੈਂਬਲੀ ਚੋਣਾਂ ਦੌਰਾਨ ਇਕ ਰੈਲੀ ਵਿਚ ਸੰਘੀ ਆਗੂ ਦੇ ਬੋਲ ਚੇਤੇ ਆ ਗਏ, ਜਿਹੜਾ ਮੁਸਲਮਾਨਾਂ ਨੂੰ ਪਾਕਿਸਤਾਨ ਦਫ਼ਾ ਹੋ ਜਾਣ ਲਈ ਉਕਸਾ ਰਿਹਾ ਸੀ। ਜੇ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਗਏ ਤਾਂ ਭਾਰਤ ਤੇ ਸਕਾਟਲੈਂਡ ਵਿਚ ਰੁਖ਼ਸਾਨਾ ਤੇ ਮੁਨੀਰ ਵਰਗੇ ਜੋੜੇ ਕਿੱਥੋਂ ਲੱਭਾਂਗੇ? ਮੇਰੀ ਭੈਣ ਜਦੋਂ ਇਹ ਗੱਲ ਮੈਨੂੰ ਦੱਸ ਰਹੀ ਸੀ, ਉਦੋਂ ਵੀ ਸਕਾਟਲੈਂਡ ਵਿਚ ਬਰਫ ਪੈ ਰਹੀ ਸੀ। ਪ੍ਰੰਤੂ ਮੁਨੀਰ ਦੇ ਸਰੀਰ ਵਿਚਲਾ ਭੈਣ ਭਰਾ ਦਾ ਮੋਹ ਭਰਿਆ ਖੂਨ ਅਜੇ ਵੀ ਗਰਮ ਹੋਣ ਦਾ ਅਹਿਸਾਸ ਕਰਾ ਰਿਹਾ ਸੀ ਮੈਨੂੰ।

- ਰਾਹਗੀਰ

मैं उनके गीत गाता हूँ  

- जाँ निसार अख़्तर
मैं उनके गीत गाता हूं, मैं उनके गीत गाता हूं!
जो शाने तग़ावत का अलम लेकर निकलते हैं,
किसी जालिम हुकूमत के धडक़ते दिल पे चलते हैं,
मैं उनके गीत गाता हूं, मैं उनके गीत गाता हूं!
    जो रख देते हैं सीना गर्म तोपों के दहानों पर,
    नजर से जिनकी बिजली कौंधती है आसमानों पर,
जो आज़ादी की देवी को लहू की भेंट देते हैं,
सदाक़त के लिए जो हाथ में तलवार लेते हैं,
    जो पर्दे चाक करते हैं हुकूमत की सियासत के,
    जो दुश्मन हैं क़दामत के, जो हामी हैं बग़ावत के,
भरे मज्मे में करते हैं जो शोरिशख़ेज तकऱीरें,
वो जिनका हाथ उठता है, तो उठ जाती हैं शमशीरें,
    वो मुफ़लिस जिनकी आंखों में है परतौ यज़दां का,
    नजऱ से जिनकी चेहरा ज़र्द पड़ जाता है सुल्तां का,
वो दहक़ां खिऱमन में हैं पिन्हां बिजलियां अपनी,
लहू से ज़ालिमों के, सींचते हैं खेतियां अपनी,
    वो मेहनतकश जो अपने बाजुओं पर नाज़ करते हैं,
    वो जिनकी कूवतों से देवे इस्तिबदाद डरते हैं,
कुचल सकते हैं जो मज़दूर जऱ के आस्तानों को,
जो जलकर आग दे देते हैं जंगी कारख़ानों को,
    झुलस सकते हैं जो शोलों से कुफ्ऱो-दीं की बस्ती को,
    जो लानत जानते हैं मुल्क में फऱिक़ापरस्ती को,
वतन के नौजवानों में नए जज़्बे जगाऊंगा,
मैं उनके गीत गाता हूं, मैं उनके गीत गाता हूं!

ਕਵਿਤਾ

ਲੈਨਿਨ ਦਾ ਬੁੱਤ....

ਮੈਂ ਲੈਨਿਨ ਨੂੰ ਦੱਸਿਆ,

ਬਾਬਿਓ!

'ਉਹ' ਬੇਹੱਦ ਖ਼ਫ਼ਾ ਨੇ,

ਦੁਖੀ ਤੇ ਗ਼ਮਜ਼ਦਾ ਨੇ,

ਤੁਹਾਡਾ ਬੁੱਤ ਤੋੜੇ ਜਾਣ 'ਤੇ।

ਲੈਨਿਨ ਚੀਖ਼ ਕੇ ਹੱਸਿਆ ਤੇ

ਬੋਲਿਆ :

'ਉਹਨਾਂ ਨੂੰ ਪੁੱਛੀਂ :

ਮੈਨੂੰ 'ਬੁੱਤ ਹੋਣ' ਹੀ ਕਿਉਂ ਦਿੱਤਾ ਸੀ?

 

 

ਗ਼ਜ਼ਲ

ਤ੍ਰਿਪੁਰਾ ਦੇ ਬੁੱਤ ਸ਼ਿਕਨਾਂ ਦੇ ਨਾਮ...

- ਮੱਖਣ ਕੁਹਾੜ

ਰੁੱਖ-ਪੁੱਟ ਖੂਨੀ ਤੇਜ ਹਵਾਵਾਂ ਕਿਹੜੇ ਦੇਸੋਂ ਆਈਆਂ ਨੇ।

ਖੁਸ਼ਬੂਆਂ ਦੇ ਸਾਹ ਸੂਤੇ ਨੇ, ਕਲੀਆਂ ਸਭ ਕੁਮਲਾਈਆਂ ਨੇ।

ਆਪਾਂ ਆਪਣੇ ਖੇਤਾਂ ਦੇ ਵਿਚ, ਸੂਹੇ ਸੁਪਨੇ ਬੀਜੇ ਸਨ,

ਐਪਰ ਇਹ ਕੀ ਹੋਇਆ, ਭਖੜੇ, ਪੋਲ੍ਹੀਆਂ ਕਿਉਂ ਉਗ ਆਈਆਂ ਨੇ।

ਚੋਗਾ ਚੁਗਦੀਆਂ ਪੰਛੀ ਡਾਰਾਂ, ਸਹਿਮੀਆਂ ਸਹਿਮੀਆਂ ਭਰਨ ਉਡਾਨ,

ਹਰ ਪਾਸੇ ਥਾਂ ਥਾਂ ਦੇ ਉਤੇ ਕਿਸਨੇ ਫਾਹੀਆਂ ਲਾਈਆਂ ਨੇ।

ਸਾਡੀ ਗਲਤੀ ਹੈ ਲੈਨਿਨ ਨੂੰ, ਆਪਾਂ ਬੁੱਤ ਬਣਾ ਧਰਿਆ,

ਬੁੱਤਾਂ ਕੋਲੋਂ ਸਹਿਮ ਉਹਨਾਂ ਵੀ, ਬੁਜ਼ਦਿਲੀਆਂ ਦਰਸਾਈਆਂ ਨੇ।

ਚਾਨਣੀਆਂ ਦਾ ਗਰਭਪਾਤ ਕਰ, ਕੀ ਦਰਸਾਉਣਾ ਚਾਹੁੰਦੇ ਹੋ?

ਵਕਤ ਦੇ ਪਹੀਏ ਹੇਠਾਂ ਪਿਸਦੀਆਂ, ਐਸੀਆਂ ਧੱਕੇਸ਼ਾਹੀਆਂ ਨੇ।

ਵਾਵਾਂ ਨੂੰ ਰੁਮਕਣ ਤੋਂ ਰੋਕਣ, ਖੁਸ਼ਬੂਆਂ ਨੂੰ ਉੱਡਣ ਤੋਂ,

ਕੱਟੜ, ਤਿੱਖੀਆਂ ਇਹ ਤਰਸੂਲਾਂ, ਕਿਹੜੇ ਯੁਗ ਦੀਆਂ ਜਾਈਆਂ ਨੇ।

ਲੋਕ ਹਿਤੈਸ਼ੀ ਆਗੂਆਂ ਦੇ ਬੁੱਤ, ਹੱਸ ਹੱਸ ਜਿੱਦਾਂ, ਪੁੱਛ ਰਹੇ ਹਨ, ਮੁਸਕਰਾਉਂਦੇ ਤੇ ਪੁੱਛਦੇ ਨੇ

ਸਰਕਾਰ ਨੇ ਇਹ ਬੁੱਤ ਸ਼ਿਕਨੀ ਫੌਜਾਂ ਕਿਹੜੀ ਗੱਲੋਂ ਬਣਾਈਆਂ ਨੇ

ਆਹਲਣਿਆਂ ਵਿਚ ਪੰਛੀ ਜਿੱਦਾਂ, ਸਹਿਮੇ, ਦੁਬਕੇ ਹੋਏ ਹਨ,

ਸੁੰਦਰ ਬਾਗੀਂ ਪੀਲੀਆਂ ਗਿਰਝਾਂ, ਕਿਸ ਨੇ ਸੱਦ ਬੈਠਾਈਆਂ ਨੇ।

ਡੁਬਦਾ ਨਹੀਂ ਹੈ ਹਰਗਿਜ਼ ਸੂਰਜ, ਕੁਝ ਚਿਰ ਉਹਲੇ ਹੁੰਦਾ ਹੈ,

'ਨੇਰ ਨੇ ਫਿਰ ਵੀ ਖੌਰੂ ਪਾ ਕੇ, 'ਜੇਤੂ' ਪਿਰਤਾਂ ਪਾਈਆਂ ਨੇ।

- Posted by Admin