sangrami lehar

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਪ੍ਰੈਲ 2018)

  • 07/04/2018
  • 04:50 PM

ਤ੍ਰਿਪੁਰਾ 'ਚ ਹਿੰਸਾ ਅਤੇ 'ਲੈਨਿਨ ਮਹਾਨ' ਦੇ ਪ੍ਰਤੀਕਾਂ/ਬੁੱਤਾਂ ਦੀ ਬੇਹੁਰਮਤੀ ਵਿਰੁੱਧ ਮਾਰਚ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 14 ਮਾਰਚ ਨੂੰ ਜਲੰਧਰ ਵਿਖੇ ਇਕ ਪ੍ਹਭਾਵਸ਼ਾਲੀ 'ਲੋਕ ਮਾਰਚ'' ਜਥੇਬੰਦ ਕੀਤਾ ਗਿਆ। ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸੱਦੇ 'ਤੇ ਕੀਤਾ ਗਿਆ ਉਕਤ ''ਲੋਕ ਮਾਰਚ'' ਪ੍ਰੇਰਣਾਮਈ ਗਦਰੀ ਸ਼ਹੀਦਾਂ ਦੀ ਯਾਦਗਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਲਾਸਾਨੀ ਪ੍ਰੇਰਣਾਸਰੋਤ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਬੁੱਤ ਕੋਲ ਜਾ ਕੇ ਸਮਾਪਤ ਹੋਇਆ। ਮਾਰਚ ਵਿਚ ਸ਼ਾਮਲ ਕਾਰਕੁਨ ''ਲੈਨਿਨ-ਭਗਤ ਸਿੰਘ ਯਾਰ ਯਾਰ ਤਾਂਹੀਓਂ ਔਖਾ ਸੰਘ ਪਰਿਵਾਰ'', ''ਸੰਘ ਪਰਿਵਾਰ ਦੀ ਬੁਰਛਾਗਰਦੀ ਨਹੀਂ ਚਲੇਗੀ'', ''ਮਨੂੰਵਾਦ-ਪੂੰਜੀਵਾਦ ਮੁਰਦਾਬਾਦ'', ''ਤ੍ਰਿਪੁਰਾ 'ਚ ਫਾਸ਼ੀ ਹਮਲੇ ਬਦ ਕਰੋ'', ''ਖੱਬੀਆਂ ਤਾਕਤਾਂ ਦੀ ਏਕਤਾ ਜ਼ਿੰਦਾਬਾਦ'' ਆਦਿ ਨਾਹਰੇ ਲਾ ਰਹੇ ਸਨ। ਮੁਜ਼ਾਹਰੇ ਦੀ ਵਿਸ਼ੇਸ ਖਿੱਚ ਬੀਬੀਆਂ ਦੀ ਭਰਵੀਂ ਸ਼ਮੂਲੀਅਤ ਸੀ। ਮਾਰਚ ਵਿਚ ਸ਼ਾਮਲ ਕਿਰਤੀ-ਕਿਸਾਨਾਂ ਅਤੇ ਕਮਿਊਨਿਸਟ ਕਾਰਕੁੰਨਾਂ ਦਾ ਜ਼ਾਬਤਾ ਅਤੇ ਦ੍ਰਿੜਤਾ ਦੇਖਣਯੋਗ ਸੀ। ਇਹ ਦੱਸਣਾ ਵਾਜਬ ਹੋਵੇਗਾ ਕਿ ਹਾਲ ਹੀ ਵਿਚ ਸੰਪੰਨ ਹੋਈਆਂ ਉਤਰੀ ਪੂਰਬੀ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਹਰ ਵਾਜਬ-ਨਾਵਾਜ਼ਬ ਹੀਲਾ ਵਰਤ ਕੇ ਜਿੱਤਣ ਵਾਲੇ ਭਾਜਪਾ ਅਤੇ ਆਰ.ਐਸ.ਐਸ. ਕਾਰਕੁੰਨਾਂ ਵਲੋਂ ਤ੍ਰਿਪੁਰਾ 'ਚ ਸੀ.ਪੀ.ਆਈ.(ਐਮ) ਦੇ ਕਾਰਕੁੰਨਾਂ, ਦਫਤਰਾਂ, ਮਕਾਨਾਂ ਅਤੇ ਕਾਰੋਬਾਰੀ ਥਾਵਾਂ 'ਤੇ ਵਹਿਸ਼ੀ ਹਮਲੇ ਕੀਤੇ ਜਾ ਰਹੇ ਹਨ। ਸੰਘੀ ਸੰਗਠਨਾਂ/ਕਾਰਕੁੰਨਾਂ ਦੀ ਉਪਰੋਕਤ ਬੁਰਛਾਗਰਦੀ ਵਿਰੁੱਧ ਹੀ ਉਕਤ ਮਾਰਚ ਜਥੇਬੰਦ ਕੀਤਾ ਗਿਆ ਸੀ। ਸੰਘੀ ਗੁਰਗੇ ਇਸ ਹੱਦ ਤੱਕ ਬੌਖਲਾਏ ਹੋਏ ਸਨ ਕਿ ਉਨ੍ਹਾਂ ਨੇ ਸੰਸਾਰ ਕਿਰਤੀ ਜਮਾਤ ਦੇ ਨਿਰਵਿਵਾਦ ਆਗੂ ਸਾਥੀ ਵੀ.ਆਈ. ਲੈਨਿਨ ਦੇ ਬੁੱਤਾਂ 'ਤੇ ਯਾਦਗਾਰਾਂ ਦੀ ਵੀ ਰੱਜ ਕੇ ਬੇਹੁਰਮਤੀ ਕੀਤੀ। ਸੰਘ ਦੇ ਅਖੌਤੀ ਪ੍ਰਭੂਆਂ, ਭਾਜਪਾ ਆਗੂਆਂ ਅਤੇ ਉਨ੍ਹਾਂ ਦੇ ਪੱਖੀਆਂ ਨੇ ਹਰ ਨਾਕਸ ਤੇ ਰੱਦੀ ਦਲੀਲਾਂ ਰਾਹੀਂ ਉਕਤ ਹਿੰਸਾ ਅਤੇ ਬੁਰਛਾਗਰਦੀ ਨੂੰ ਜਾਇਜ਼ ਠਹਿਰਾਇਆ। ਇੱਥੋਂ ਤੱਕ ਬਿਆਨ ਦਾਗੇ ਗਏ ਕਿ ਭਾਰਤ ਵਿਚ ਮਾਰਕਸ, ਲੈਨਿਨ ਜਾਂ ਉਨ੍ਹਾਂ ਦੀ ਵਿਚਾਰਧਾਰਾ ਲਈ ਕੋਈ ਥਾਂ ਨਹੀਂ। ਤ੍ਰਿਪੁਰਾ ਦੇ ਥਾਪੇ ਗਏ ਗਵਰਨਰ ''ਨਾਗਪੁਰੀ ਕਾਠ ਦੇ ਗੁੱਡੇ'' ਨੇ ਵੀ ਉਕਤ ਮੁਹਿੰਮ 'ਚ ਵੱਧਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਸਿਰੇ ਦੇ ਗੈਰ ਜਮਹੂਰੀ, ਘ੍ਰਿਣਤ ਵਰਤਾਰੇ ਨੂੰ ਇਕ ਚੁਣੌਤੀ ਵਜੋਂ ਲੈਂਦਿਆਂ ਆਰ.ਐਮ.ਪੀ.ਆਈ. ਨੇ ਉਕਤ ''ਲੋਕ ਮਾਰਚ'' ਨੂੰ ''ਮਾਰਕਸਵਾਦ-ਲੈਨਿਨਵਾਦ ਦੀ ਚੜ੍ਹਦੀ ਕਲਾ ਲਈ ਲੋਕ ਮਾਰਚ'' ਦਾ ਨਾਂ ਦਿੱਤਾ ਸੀ। ਉਕਤ ਮਾਰਚ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਵਿਚਲੇ ''ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ'' ਵਿਚ ਭਰਵੀਂ ਜਨਸਭਾ ਕੀਤੀ ਗਈ। ਇਸ ਸਭਾ ਦੀ ਪ੍ਰਧਾਨਗੀ ਸਾਥੀ ਰਤਨ ਸਿੰਘ ਰੰਧਾਵਾ, ਕੁਲਵੰਤ ਸਿੰਘ ਸੰਧੂ, ਤ੍ਰਿਲੋਚਨ ਸਿੰਘ ਰਾਣਾ ਅਤੇ ਲਾਲ ਚੰਦ ਕਟਾਰੂਚੱਕ 'ਤੇ ਅਧਾਰਤ ਪ੍ਰਧਾਲਗੀ ਮੰਡਲ ਵਲੋਂ ਕੀਤੀ ਗਈ। ਸਟੇਜ ਦੀ ਕਾਰਵਾਈ ਸਾਥੀ ਪਰਗਟ ਸਿੰਘ ਜਾਮਾਰਾਇ ਵਲੋਂ ਚਲਾਈ ਗਈ। ਜਨਸਭਾ ਨੂੰ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ, ਕੇਂਦਰੀ ਕਮੇਟੀ ਦੇ ਮੈਂਬਰਾਨ ਸਾਥੀ ਰਘਬੀਰ ਸਿੰਘ ਤੇ ਗੁਰਨਾਮ ਸਿੰਘ ਦਾਊਦ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਸਾਥੀ ਨੌਨਿਹਾਲ ਸਿੰਘ ਅਤੇ ਸੀ.ਪੀ.ਆਈ.(ਐਮ.ਐਲ.) ਰੈਡ ਸਟਾਰ ਦੇ ਆਗੂ ਲਸ਼ਕਰ ਸਿੰਘ ਵਲੋਂ ਸੰਬੋਧਨ ਕੀਤਾ ਗਿਆ। ਬੁਲਾਰਿਆਂ ਦੇ ਤ੍ਰਿਪੁਰਾ ਵਿਖੇ ਸੰਘੀ ਗੁੰਡਿਆਂ ਦੇ ਜਾਨਲੇਵਾ ਹਮਲਿਆਂ ਦੀ ਜ਼ਦ 'ਚ ਆਏ ਸੀ.ਪੀ.ਆਈ.(ਐਮ) ਕਾਰਕੁੰਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅਸੀਂ ਕਮਿਊਨਿਸਟ ਬੁਤਪ੍ਰਸਤ ਨਹੀਂ ਹਾਂ, ਪਰ ਸੰਘ ਪਰਿਵਾਰ ਦੇ ਫਿਰਕੂ ਜ਼ਹਿਰੀਲੀ ਸੋਚ ਨਾਲ ਡੰਗੇ ਗੁੰਡਿਆਂ ਵਲੋਂ ਲੈਨਿਨ ਦੇ ਬੁੱਤਾਂ ਦੀ ਕੀਤੀ ਗਈ ਬੇਹੁਰਮਤੀ ਕਿਰਤੀਆਂ ਦੀ ਬੰਦ ਖਲਾਸੀ ਦੀ ਸੂਹੀ ਵਿਚਾਰਧਾਰਾ 'ਤੇ ਹਮਲਾ ਹੈ ਅਤੇ ਅਸੀਂ ਇਸ ਹਮਲੇ ਨੂੰ ਇਕ ਚੁਣੌਤੀ ਵਜੋਂ ਲੈਂਦੇ ਹੋਏ ਪ੍ਰਣ ਕਰਦੇ ਹਾਂ ਕਿ ਭਾਰਤ 'ਚੋਂ ਲੋਟੂ ਬਘਿਆੜਾਂ ਦੇ ਉਸ ਰਾਜ ਦਾ ਖਾਤਮਾ ਕਰਕੇ ਦਮ ਲਵਾਂਗੇ ਜਿਸ ਦੀ ਉਮਰ ਸੰਘੀ ਫਿਰਕਾਪ੍ਰਸਤ ਲੰਮੀ ਤੋਂ ਲੰਮੇਰੀ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਲੈਨਿਨ, ਪੇਰੀਆਰ ਅਤੇ ਡਾ.ਬੀ.ਆਰ. ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪੁਚਾਉਣ ਵਾਲੇ ਸੰਘੀ ਬਗਲਬੱਚਿਆਂ ਨੇ ਅਸਲ 'ਚ ਆਪਣਾ ਕਿਰਤੀ ਵਿਰੋਧੀ/ਮਨੂੰਵਾਦੀ ਅਜੰਡਾ ਬੇਪਰਦ ਕੀਤਾ ਹੈ। ਉਨ੍ਹਾਂ ਭਾਰਤੀ ਲੋਕਾਂ ਨੂੰ ਸੁਚੇਤ ਕੀਤਾ ਕਿ ਸੰਘ ਦੇ ਸ਼ਾਸ਼ਨ ਮਾਡਲ ਵਿਚ ਭਾਰਤ ਦੀ ਤਿੰਨ ਚੌਥਾਈ ਵਸੋਂ ਭਾਵ ਅੱਧੀ ਆਬਾਦੀ ਔਰਤਾਂ ਅਤੇ ਇਕ ਚੌਥਾਈ ਦਲਿਤਾਂ, ਨਾਲ ਜੋ ਹੋਵੇਗਾ ਉਕਤ ਹਮਲੇ ਇਸ ਦੀ ਇਕ ਝਲਕ ਮਾਤਰ ਹਨ। ਉਪਰੋਕਤ ਹਮਲੇ ਉਸ ਦੀ ਵੰਨਗੀ ਹਨ। ਲੈਨਿਨ ਨੂੰ ਬਦੇਸ਼ੀ ਕਹਿ ਕੇ ਅਸਲ 'ਚ ਸੰਘੀ ਬੁਰਛਾਗਰਦ ਭਾਰਤ ਦੇ ਆਜ਼ਾਦੀ ਸੰਗਰਾਮ 'ਚ ਲੈਨਿਨ ਅਤੇ ਉਨ੍ਹਾਂ ਦੀ ਪਾਰਟੀ ਵਲੋਂ ਪਾਏ ਯੋਗਦਾਨ 'ਤੇ ਪਰਦਾ ਪਾਉਣਾ ਚਾਹੁੰਦੇ ਹਨ ਅਤੇ ਭਾਰਤੀ ਕਮਿਊਨਿਸਟ ਉਨ੍ਹਾਂ ਦੀ ਇਸ ਸਾਜਿਸ਼ ਦਾ ਚੌਰਾਹੇ 'ਚ ਭਾਂਡਾ ਭੰਨਣਗੇ। ਬੁਲਾਰਿਆਂ ਨੇ ਕਿਹਾ ਕਿ ਪੇਰੀਆਰ ਸੰਘੀਆਂ ਨੂੰ ਇਸ ਕਰਕੇ ਵੀ ਚੁੱਭਦਾ ਹੈ ਕਿਉਂਕਿ ਉਹ ਦਲਿਤਾਂ ਦੀ ਆਜ਼ਾਦੀ ਅਤੇ ਵਿਗਿਆਨਕ ਵਿਚਾਰਾਂ ਦਾ ਮੁੱਦਈ ਹੋਣ ਦੇ ਨਾਲ ਨਾਲ ਹੀ ਸੰਸਾਰ ਪ੍ਰਸਿੱਧ ਕਿਰਤ ''ਕਮਿਊਨਿਸਟ ਮੈਨੀਫੈਸਟੋ'' ਦਾ ਤਾਮਿਲ ਭਾਸ਼ਾ 'ਚ ਪਲੇਠਾ ਉਲਥਾਕਾਰ ਵੀ ਸੀ। ਬੁਲਾਰਿਆਂ ਨੇ ਕਿਹਾ ਕਿ ਪਾਰਟੀ ਕਮੇਟੀ ਨੇ ਅੱਜ ਦਾ ਇਕੱਠ ਕਰਨ ਦਾ ਫੈਸਲਾ 5 ਮਾਰਚ ਨੂੰ ਹੀ ਕਰ ਲਿਆ ਸੀ ਅਤੇ ਉਸੇ ਦਿਨ ਹੀ ਹੋਰਨਾਂ ਖੱਬੀਆਂ ਪਾਰਟੀਆਂ ਖਾਸ ਕਰ ਸੀ.ਪੀ.ਆਈ. (ਐਮ) ਨੂੰ ਪੁੱਜਣ ਦਾ ਸੱਦਾ ਦਿੱਤਾ ਸੀ ਪਰ ਉਨ੍ਹਾਂ ਦਾ ਅੱਜ ਦੇ ਇਕੱਠ ਵਿਚ ਸ਼ਾਮਲ ਨਾ ਹੋਣਾ ਅਤੀ ਮੰਦਭਾਗਾ ਹੈ। ਪਰ ਇਸ ਦੇ ਬਾਵਜੂਦ ਵੀ ਆਰ.ਐਮ.ਪੀ.ਆਈ. ਨਵਉਦਾਰਵਾਦੀ ਨੀਤੀਆਂ ਅਤੇ ਫਿਰਕੂ-ਫਾਸ਼ੀ ਹਮਲਿਆਂ ਖਿਲਾਫ਼ ਖੱਬੀਆਂ ਧਿਰਾਂ ਦੀ ਸਾਂਝੀ ਦਖਲਅੰਦਾਜ਼ੀ ਦੇ ਯਤਨ ਲਗਾਤਾਰ ਜਾਰੀ ਰੱਖੇਗੀ।

''ਕੇਰਲਾ ਇਕਜੁਟਤਾ ਦਿਵਸ''

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਸੱਦੇ ਅਨੁਸਾਰ, ਇਸ ਵਾਰ ਦਾ ਕੌਮਾਂਤਰੀ ਇਸਤਰੀ ਦਿਵਸ, 8 ਮਾਰਚ 2018, ਸਮੁੱਚੇ ਪ੍ਰਾਂਤ ਅੰਦਰ ''ਕੇਰਲਾ ਇਕਜੁਟਤਾ ਦਿਵਸ'' ਵਜੋਂ ਮਨਾਇਆ ਗਿਆ। ਆਰ.ਐਮ.ਪੀ.ਆਈ. ਵਰਕਰਾਂ/ਦਫਤਰਾਂ ਉਪਰ ਕੇਰਲਾ ਵਿਖੇ ਸਮਾਜ ਵਿਰੋਧੀ ਤੱਤਾਂ ਵਲੋਂ ਕੀਤੇ ਜਾ ਰਹੇ ਪ੍ਰਾਣਘਾਤਕ ਹਮਲਿਆਂ ਖਿਲਾਫ, ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਸਾਥੀ ਕੇ.ਕੇ. ਰੇਮਾ ਅਤੇ ਹੋਰਨਾਂ ਮਹਿਲਾ ਆਗੂਆਂ ਵਿਰੁੱਧ ਕੀਤੇ ਜਾ ਰਹੇ ਅਸੱਭਿਅਕ ਅਤੇ ਦਕਿਆਨੂਸੀ ਪ੍ਰਚਾਰ ਖਿਲਾਫ, ਕੇਰਲਾ ਪੁਲਸ ਵਲੋਂ ਦੋਸ਼ੀਆਂ ਨੂੰ ਫੜਨ ਦੀ ਥਾਂ ਉਲਟਾ ਪੀੜਤਾਂ ਵਿਰੁੱਧ ਹੀ ਮੁਕੱਦਮੇ ਦਰਜ ਕਰਨ ਖਿਲਾਫ ਅਤੇ ਕੇਰਲਾ ਸਰਕਾਰ ਵਲੋਂ ਉਪਰੋਕਤ ਅਪਰਾਧੀ ਅਨਸਰਾਂ ਦੀ ਸ਼ਰ੍ਹੇਆਮ ਪੁਸ਼ਤਪਨਾਹੀ ਵਾਲੀ ਪਹੁੰਚ ਵਿਰੁੱਧ ਉਕਤ ਸੱਦਾ ਦਿੱਤਾ ਗਿਆ ਸੀ। ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਫੈਸਲੇ ਅਨੁਸਾਰ ਇਸ ਦਿਨ ਲਗਭਗ ਹਰ ਜ਼ਿਲ੍ਹੇ ਵਿਚ ਪਾਰਟੀ ਦੀਆਂ ਹੇਠਲੀਆਂ ਕਮੇਟੀਆਂ ਵਲੋਂ ਪ੍ਰਭਾਵਸ਼ਾਲੀ ਸਭਾਵਾਂ ਅਤੇ ਮੁਜ਼ਾਹਰੇ ਜਥੇਬੰਦ ਕੀਤੇ ਗਏ। ਲਗਭਗ ਸਾਰੇ ਥਾਂਈ, ਤ੍ਰਿਪੁਰਾ ਵਿਖੇ, ਭਾਜਪਾ ਦੀ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਚਾਂਭਲੇ, ਆਰਐਸ.ਐਸ. ਦੇ ਬੁਰਛਾਗਰਦਾਂ ਵਲੋਂ, ਦੁਨੀਆਂ ਦੀ ਪਹਿਲੀ ਸਫਲ ਸਮਾਜਵਾਦੀ ਕ੍ਰਾਂਤੀ ਦੀ ਅਗਵਾਈ ਕਰਨ ਵਾਲੇ ਸਾਥੀ ਵੀ.ਆਈ.ਲੈਨਿਨ ਦੇ ਬੁੱਤਾਂ ਨੂੰ ਨੁਕਸਾਨ ਪੁਚਾਏ ਜਾਣ ਵਿਰੁੱਧ ਵੀ ਰੋੋਸ ਪ੍ਰਗਟ ਕੀਤਾ ਗਿਆ। ਸੰਘੀ ਬੁਰਛਾਗਰਦਾਂ ਦੇ ਘਾਤਕ ਜਿਸਮਾਨੀ ਹਮਲਿਆਂ ਦਾ ਸ਼ਿਕਾਰ ਹੋਏ ਖੱਬੇ ਪੱਖੀ ਕਾਰਕੁੰਨਾਂ ਨਾਲ ਵੀ ਯਕਜਹਿਤੀ ਪ੍ਰਗਟ ਕੀਤੀ ਗਈ। ਐਕਸ਼ਨਾਂ ਦੀਆਂ ਸੰਖੇਪ ਰਿਪੋਰਟਾਂ : ਬਟਾਲਾ, ਪੱਟੀ, ਤਰਨ ਤਾਰਨ, ਰਈਆ, ਮੁਕਤਸਰ ਸਾਹਿਬ, ਪਠਾਨਕੋਟ, ਮਾਹਲਪੁਰ, ਸੰਗਤ ਮੰਡੀ, ਸਰਦੂਲਗੜ੍ਹ, ਨਕੋਦਰ, ਫਿਲੌਰ, ਅਟਾਰੀ ਆਦਿ ਅਨੇਕਾਂ ਥਾਵਾਂ 'ਤੇ ਕੀਤੀਆਂ ਗਈਆਂ ਇਨ੍ਹਾਂ ਰੈਲੀਆਂ ਵਿਚ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਅਤੇ ਸ਼ਹੀਦ ਟੀ.ਪੀ.ਚੰਦਰਸ਼ੇਖਰਨ ਦੀ ਪਤਨੀ ਕਾਮਰੇਡ ਕੇ.ਕੇ.ਰੇਮਾ ਵਿਰੁੱਧ ਇਨ੍ਹਾਂ ਗੁੰਡਾਂ ਅਨਸਰਾਂ ਵੱਲੋਂ ਸੋਸ਼ਲ ਮੀਡੀਏ ਰਾਹੀਂ ਕੀਤੇ ਜਾ ਰਹੇ ਘਟੀਆ ਕਿਸਮ ਦੇ ਪ੍ਰਚਾਰ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ ਗਈ। ਇਨ੍ਹਾਂ ਰੈਲੀਆਂ ਨੂੰ ਪਾਰਟੀ ਦੇ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਅਤੇ ਕੈਸ਼ੀਅਰ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਸਰਵਸਾਥੀ ਰਘਬੀਰ ਸਿੰਘ ਬਟਾਲਾ, ਸਮਸ਼ੇਰ ਸਿੰਘ, ਨੱਥਾ ਸਿੰਘ, ਪ੍ਰਿੰਸੀਪਲ ਪਿਆਰਾ ਸਿੰਘ, ਡਾ. ਕਰਮਜੀਤ ਸਿੰਘ, ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਸਰਬਜੀਤ ਗਿੱਲ, ਜਰਨੈਲ ਫਿਲੌਰ, ਮਹੀਪਾਲ, ਮਿੱਠੂ ਸਿੰਘ ਘੁੱਦਾ, ਪਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ, ਗੁਰਨਾਮ ਸਿੰਘ ਦਾਊਦ ਅਤੇ ਅਮਰੀਕ ਸਿੰਘ ਆਦਿ ਨੇ ਸੰਬੋੋਧਨ ਕੀਤਾ। ਬੁਲਾਰਿਆਂ ਨੇ ਤ੍ਰਿਪੁਰਾ ਵਿਚ ਚੋਣਾਂ ਜਿੱਤਣ ਉਪਰੰਤ ਆਰ.ਐੱਸ.ਐੱਸ. ਅਤੇ ਭਾਜਪਾ ਦੇ ਗੁੰਡਿਆਂ ਵੱਲੋਂ ਮਹਾਨ ਲੈਨਿਨ ਦੇ ਬੁੱਤ ਤੋੜਨ ਅਤੇ ਵਿਰੋਧੀ ਧਿਰ ਸੀ.ਪੀ.ਐੱਮ. ਦੇ ਦਫਤਰਾਂ 'ਤੇ ਹਮਲੇ ਕਰਕੇ ਭਿਆਨਕ ਭੰਨਤੋੜ ਕਰਨ, ਸਾਮਾਨ ਲੁੱਟਣ ਤੇ ਵਰਕਰਾਂ ਉਪਰ ਜਾਨਲੇਵਾ ਹਮਲੇ ਕਰਨ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਅਲੀਗੜ੍ਹ ਅਤੇ ਮੇਰਠ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਅਤੇ ਵੈਲੂਰ (ਤਾਮਿਲਨਾਡੂ) ਵਿਚ ਈ.ਵੀ.ਰਾਮਾਸਵਾਮੀ ਪੇਰੀਆਰ ਦੇ ਬੁੱਤਾਂ ਨੂੰ ਅਪਮਾਨਤ ਕਰਨ ਪਿੱਛੇ ਵੀ ਇਨ੍ਹਾਂ ਪਿਛਾਖੜੀ ਤੱਤਾਂ ਦਾ ਅਪਰਾਧੀ ਚਿਹਰਾ ਸਪੱਸ਼ਟ ਦਿਖਾਈ ਦਿੰਦਾ ਹੈ। ਆਰ.ਐੱਮ.ਪੀ.ਆਈ. ਦੇ ਆਗੂਆਂ ਨੇ ਸਮੂਹ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰੂ ਭਾਜਪਾ ਦੇ ਇਸ ਫਿਰਕੂ ਫਾਸ਼ੀਵਾਦ ਦਾ ਇਕਮੁੱਠ ਹੋ ਕੇ ਡਟਵਾਂ ਵਿਰੋਧ ਕਰਨ ਦੀ ਅਪੀਲ ਵੀ ਕੀਤੀ ਹੈ।

ਨਿਰਮਾਣ ਮਜ਼ਦੂਰਾਂ ਵਲੋਂ ਸੱਤ ਰੋਜਾ ਧਰਨੇ

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਸਬੰਧਤ ਸੀ.ਟੀ.ਯੂ. ਪੰਜਾਬ) ਦੇ ਸੱਦੇ 'ਤੇ 15 ਤੋਂ 21 ਮਾਰਚ ਤੱਕ, ਸਹਾਇਕ ਕਿਰਤ ਕਮਿਸ਼ਨਰ ਜਲੰਧਰ ਦੇ ਦਫਤਰ ਮੂਹਰੇ ਲਗਾਤਾਰ ਧਰਨਾ ਮਾਰਿਆ ਗਿਆ। ਇਸ ਲਗਾਤਾਰ ਐਕਸ਼ਨ ਦੀ ਅਗਵਾਈ ਸੂਬਾਈ ਪ੍ਰਧਾਨ ਅਤੇ ਜਨਰਲ ਸਕੱਤਰ ਗੰਗਾ ਪ੍ਰਸ਼ਾਦ ਤੇ ਹਰਿੰਦਰ ਸਿੰਘ ਰੰਧਾਵਾ ਵਲੋਂ ਕੀਤੀ ਗਈ। ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ ਅਤੇ ਵਿੱਤ ਸਕੱਤਰ ਸ਼ਿਵ ਕੁਮਾਰ ਵੀ ਅਗਵਾਈ ਦਿੰਦੇ ਰਹੇ। ਇਸ ਰੋਸ ਐਕਸ਼ਨ ਦੀ ਪ੍ਰਮੁੱਖ ਮੰਗ ਇਹ ਸੀ ਕਿ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ, ਪੁਰਾਣੇ ਰਜਿਸਟਰ ਹੋਏ ਕਿਰਤੀਆਂ ਦਾ ਨਵੀਨੀਕਰਨ ਅਤੇ ਵੱਖੋ ਵੱਖ ਭਲਾਈ ਸਕੀਮਾਂ ਦੀਆਂ ਅਰਜ਼ੀਆਂ ਦਾ ਕੰਮ ਆਨਲਾਈਨ ਦੇ ਨਾਲ ਨਾਲ ਆਫ ਲਾਈਨ ਵੀ ਜਾਰੀ ਰੱਖਿਆ ਜਾਵੇ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਇਹ ਕਿਹਾ ਜਾਂਦਾ ਹੈ ਕਿ ਆਧੁਨਿਕ ਤਕਨੀਕ ਮਨੁੱਖਾਂ ਦੀ ਜੂਨ ਸੌਖੀ ਕਰਦੀ ਹੈ ਪਰ ਨਿਰਮਾਣ ਕਾਮਿਆਂ ਦੇ ਮਾਮਲੇ 'ਚ ਇਹ ਅਖੌਤੀ ਆਧੁਨਿਕ ਤਕਨੀਕ ਭਾਵ ਆਨਲਾਈਨ ਰਜਿਸਟ੍ਰੇਸ਼ਨ ਕਾਨੂੰਨੀ/ਸੰਵਿਧਾਨਕ ਸਹੂਲਤਾਂ ਤੋਂ ਕਾਮਿਆਂ ਨੂੰ ਵਾਂਝੇ ਰੱਖਣ ਦਾ ਜ਼ਰੀਆ ਬਣ ਗਈ ਹੈ। ਆਗੂਆਂ ਨੇ ਦੱਸਿਆ ਕਿ ਵਾਰ ਵਾਰ ਅਰਜੀਆਂ ਭੇਜਣ ਅਤੇ ਵਫਦ ਮਿਲਣ ਦੇ ਸਰਕਾਰ ਅਤੇ ਵਿਭਾਗ ਨੇ ਢੀਠਤਾ ਭਰਪੂਰ ਰਵੱਈਆ ਧਾਰਨ ਕੀਤਾ ਹੋਇਆ ਹੈ। ਆਗੂਆਂ ਨੇ ਜਾਣਕਾਰੀ ਦਿੱਤੀ ਕਿ ਅਸੀਂ ਉਕਤ ਸਰਕਾਰ ਦੀ ਸਿਰਜੀ ਵੇਵਜ੍ਹਾ ਸਮੱਸਿਆ ਦੇ ਹੱਲ ਲਈ ਰਾਜ ਦੇ 60 ਤੋਂ ਵਧੇਰੇ ਪਾਰਲੀਮੈਂਟ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਅਤੇ ਢੁਕਵੇਂ ਹੱਲ ਸਬੰਧੀ ਮੰਗ ਪੱਤਰ ਵੀ ਦੇ ਚੁੱਕੇ ਹਾਂ। ਵਰਣਨਯੋਗ ਹੈ ਕਿ ਇਸ ਸਮੱਸਿਆ ਦੇ ਯੋਗ ਹੱਲ ਲਈ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ 23 ਤੋਂ 25 ਜਨਵਰੀ 2018 ਨੂੰ ਸੂਬੇ ਦੇ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਧਰਨਾ ਪ੍ਰਦਰਸ਼ਨ ਵੀ ਕੀਤੇ ਗਏ ਸਨ। 15 ਮਾਰਚ ਨੂੰ ਕੀਤੇ ਗਏ ਐਕਸ਼ਨ ਵਿਚ ਬਠਿੰਡਾ, ਮਾਨਸਾ, ਪਟਿਆਲਾ, ਜਲੰਧਰ; 16 ਮਾਰਚ ਨੂੰ ਹੁਸ਼ਿਆਰਪੁਰ, ਤਰਨਤਾਰਨ, ਫਰੀਦਕੋਟ, ਅੰਮ੍ਰਿਤਸਰ; 19 ਮਾਰਚ ਨੂੰ ਲੁਧਿਆਣਾ, ਸੰਗਰੂਰ, ਕਪੂਰਥਲਾ, ਬਰਨਾਲਾ, 20 ਮਰਚ ਨੂੰ ਗੁਰਦਾਸਪੁਰ, ਬਟਾਲਾ; 21 ੍ਰਮਾਰਚ ਨੂੰ ਪਠਾਨਕੋਟ ਦੇ ਨਿਰਮਾਣ ਕਾਮਿਆਂ ਨੇ ਸ਼ਮੂਲੀਅਤ ਕੀਤੀ। ਇਹ ਸਾਰੇ ਐਕਸ਼ਨ ਹਾਜ਼ਰੀ ਪੱਖੋਂ ਲਾਮਿਸਾਲ ਸਫਲ ਕਹੇ ਜਾ ਸਕਦੇ ਹਨ। ਨਿਰਮਾਣ ਕਿਰਤੀਆਂ ਅੰਦਰ ਸਰਕਾਰ ਦੀ ਇਸ ਹੱਠਧਰਮੀ ਖਿਲਾਫ਼ ਅੰਤਾਂ ਦਾ ਰੋਹ ਸਾਫ਼ ਝਲਕਦਾ ਸੀ। ਵੱਖੋਂ ਵੱਖ ਦਿਨੀਂ ਹੋਏ ਉਕਤ ਧਰਨਿਆਂ ਨੂੰ ਸਰਵ ਸਾਥੀ ਲਾਲ ਚੰਦ ਸਰਦੂਲਗੜ੍ਹ, ਇੰਦਰਜੀਤ ਅੱਕਾਂਵਾਲੀ, ਰਾਮ ਕਿਸ਼ਨ, ਭੋਲਾ ਪ੍ਰਸ਼ਾਦ, ਅਮਰਜੀਤ ਘਣੌਰ, ਮਾਨ ਸਿੰਘ ਮੁਕੇਰੀਆਂ, ਧਰਮ ਸਿੰਘ ਪੱਟੀ, ਗੁਰਸੇਵਕ ਸਿੰਘ ਤੇ ਜਸਮੱਤ ਸਿੰਘ ਫਰੀਦਕੋਟ, ਬਲਵਿੰਦਰ ਸਿੰਘ ਛੇਹਰਟਾ, ਗੁਰਦੀਪ ਸਿੰਘ ਕਲਸੀ ਰਾਇਕੋਟ, ਗੁਰਮੇਲ ਸਿੰਘ ਬਰਨਾਲਾ, ਬਲਦੇਵ ਸਿੰਘ ਸੁਲਤਾਨਪੁਰ ਲੋਧੀ, ਸਰਵਨ ਸਿੰਘ, ਜੰਗੀਰ ਸਿੰਘ, ਸਤਨਾਮ ਸਿੰਘ, ਮਾਸਟਰ ਸੁਭਾਸ਼ ਸ਼ਰਮਾ, ਬਲਕਾਰ ਚੰਦ ਸਰਪੰਚ, ਪ੍ਰੇਮ ਸਾਗਰ, ਦੇਵ ਰਾਜ, ਕਸਤੂਰੀ ਲਾਲ, ਤਿਲਕ ਰਾਜ, ਹਰਜਿੰਦਰ ਬਿੱਟੂ, ਕਰਮ ਸਿੰਘ ਚਸ਼ਮਾ, ਨਰੋਤਮ ਸਿੰਘ, ਪਿਆਰਾ ਸਿੰਘ, ਅਜੀਤ ਰਾਜ, ਯਸ਼ਪਾਲ, ਸੁਰਿੰਦਰ ਕੁਮਾਰ, ਰਾਜ ਕੁਮਾਰ, ਤਰਸੇਮ ਲਾਲ, ਸੁਖਦੇਵ ਸਿੰਘ, ਸੋਹਣ ਲਾਲ ਨੇ ਸੰਬੋਧਨ ਕੀਤਾ। ਪ੍ਰਦਰਸ਼ਨਕਾਰੀ ਮਜ਼ਦੂਰ ਕੇਂਦਰ ਅਤੇ ਸੂਬਾ ਹਕੂਮਤ ਖਿਲਾਫ ਜਬਰਦਸਤ ਨਾਹਰੇਬਾਜ਼ੀ ਰਾਹੀਂ ਆਪਣੇ ਵਾਜ਼ਬ ਰੋਹ ਦਾ ਪ੍ਰਗਟਾਵਾ ਕਰ ਰਹੇ ਸਨ। ਆਗੂਆਂ ਅਤੇ ਸੰਘਰਸ਼ਕਾਰੀ ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਬਦਨੀਅਤੀ ਕਰਕੇ ਸਾਡੇ ਵਲੋਂ ਹੀ ਅਦਾ ਕੀਤੇ ਗਏ ਪੈਸੇ ਨਾਲ ਇਕੱਤਰ ਹੋਇਆ 30-40 ਹਜ਼ਾਰ ਕਰੋੜ ਰੁਪਿਆ ਸਾਨੂੰ ਨਹੀਂ ਮਿਲ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀ ਮਜ਼ਦੂਰ ਵਿਰੋਧੀ ਪਹੁੰਚ ਦੇ ਚਲਦਿਆਂ ਸਾਡੇ ਬੱਚਿਆਂ ਨੂੰ ਵਜ਼ੀਫੇ, ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਪੈਨਸ਼ਨਾਂ, ਇਲਾਜ ਦੇ ਪੈਸੇ, ਮ੍ਰਿਤਕਾਂ ਦੇ ਵਾਰਸਾਂ ਨੂੰ ਮੁਆਵਜ਼ਾ, ਸਾਈਕਲਾਂ, ਤੀਰਥ ਯਾਤਰਾ ਭੱਤਾ, ਬੱਚੀਆਂ ਦੇ ਵਿਆਹ ਲਈ ਨਿਰਧਾਰਤ ਰਕਮਾਂ ਸਾਨੂੰ ਨਹੀਂ ਮਿਲ ਰਹੀਆਂ। ਅੰਤਮ ਦਿਨ ਇਕੱਤਰ ਹੋਏ ਸੂਬਾਈ ਆਗੂਆਂ ਨੇ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਸਰਕਾਰ ਨੂੰ ਉਸਾਰੀ ਕਿਰਤੀਆਂ ਦੇ ਇਸ ਤੋਂ ਵੀ ਤਿੱਖੇ ਸੰਘਰਸ਼ ਦਾ ਸੇਕ ਝੱਲਣ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ।

ਮਜ਼ਦੂਰ ਮੋਰਚੇ ਵਲੋਂ ਮੰਗ ਪੱਤਰ

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਪੰਜਾਬ ਦੇ 16 ਜ਼ਿਲ੍ਹਿਆਂ 'ਚ ਸੈਂਕੜੇ ਮਜ਼ਦੂਰ ਵਰਕਰਾਂ ਤੇ ਆਗੂਆਂ ਨੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਬੇਜ਼ਮੀਨੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਖਤਮ ਕੀਤੇ ਜਾਣ, ਕਰਜ਼ੇ ਅਤੇ ਗਰੀਬੀ ਕਾਰਨ ਖ਼ੁਦਕੁਸ਼ੀਆਂ ਕਰ ਗਏ ਮਜ਼ਦੂਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਤੇ ਪਰਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਮੋਰਚਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਭਰ 'ਚੋਂ ਰਿਹਾਇਸ਼ੀ ਪਲਾਟਾਂ ਲਈ ਅਰਜ਼ੀਆਂ ਤਾਂ ਲੈ ਲਈਆਂ, ਪਰ ਭੂਮੀਪਤੀਆਂ ਤੇ ਪੇਂਡੂ ਧਨਾਢਾਂ, ਚੌਧਰੀਆਂ, ਅਫਸਰਸ਼ਾਹੀ ਤੇ ਹਾਕਮ ਧਿਰਾਂ ਦੇ ਸਿਆਸਤਦਾਨਾਂ ਦੇ ਗਠਜੋੜ ਨੂੰ ਖੁਸ਼ ਕਰਨ ਲਈ ਅੱਗੋਂ ਕੋਈ ਵਿਭਾਗੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਵਾਅਦੇ ਮੁਤਬਿਕ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ ਤੇ ਪਲਾਟਾਂ 'ਤੇ ਉਸਾਰੀ ਲਈ ਤਿੰਨ ਲੱਖ ਰੁਪਏ ਗਰਾਂਟ ਦਿੱਤੀ ਜਾਵੇ। ਗਿਆਰਾਂ ਮੁੱਖ ਮੰਗਾਂ 'ਚ ਜ਼ਮੀਨ ਸੁਧਾਰ ਲਾਗੂ ਕਰਨ, ਪੰਚਾਇਤੀ ਜ਼ਮੀਨਾਂ 'ਚੋਂ ਤੀਜੇ ਹਿੱਸੇ ਦੀ ਜ਼ਮੀਨ, ਮਨਰੇਗਾ ਤਹਿਤ ਕੰਮ, ਸਮਾਜਿਕ ਜਬਰ ਨੂੰ ਨੱਥ ਪਾਉਣ ਅਤੇ ਸੰਘਰਸ਼ਾਂ ਨੂੰ ਕੁਚਲਣ ਵਾਲੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਵੋਟਾਂ ਵੇਲੇ ਕੀਤੇ ਸਾਰੇ ਵਾਅਦੇ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਜਲੰਧਰ ਵਿਖੇ ਡੀ.ਸੀ. ਦਫ਼ਤਰ ਦਾਖਲ ਹੋ ਰਹੇ ਆਗੂਆਂ ਨਾਲ ਪੁਲਸ ਵੱਲੋਂ ਧੱਕਾਮੁੱਕੀ ਕਰਨ ਦੀ ਸੂਬਾ ਦਫ਼ਤਰ ਵਿਖੇ ਰਿਪੋਰਟ ਮਿਲੀ ਹੈ। ਵੱਖ-ਵੱਖ ਜ਼ਿਲ੍ਹਿਆਂ 'ਚ ਬੋਲਦਿਆਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਕਾਂਗਰਸ ਦੀ ਹਕੂਮਤ ਨੂੰ ਮਜ਼ਦੂਰ ਵਿਰੋਧੀ ਗਰਦਾਨਦਿਆਂ ਕਿਹਾ ਕਿ ਕੈਪਟਨ ਹਕੂਮਤ ਸਮਾਜ ਦੇ ਸਭ ਤੋਂ ਦਰੜੇ ਹਿੱਸਿਆਂ ਦੀ ਗੱਲ ਸੁਣਨ ਦੀ ਬਜਾਇ ਮਜ਼ਦੂਰਾਂ ਦੇ ਹੱਕ ਵਿੱਚ ਉਠ ਰਹੀ ਹੱਕੀ ਆਵਾਜ਼ ਨੂੰ ਲਾਠੀ ਨਾਲ ਦਬਾ ਰਹੀ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਜਲਦੀ ਹੀ ਪੰਜਾਬ ਪੱਧਰ 'ਤੇ ਅੰਦੋਲਨ ਵਿੱਢਿਆ ਜਾਵੇਗਾ। ਹੋਰਨਾਂ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਨਰਲ ਸਕੱਤਰ ਬਲਵਿੰਦਰ ਸਿੰਘ ਭੁੱਲਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਦਾਊਦ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਮਾਉਂ ਤੇ ਜਨਰਲ ਸਕੱਤਰ ਸੇਮਾ ਸਿੰਘ ਆਦਿ ਨੇ ਸੰਬੋਧਨ ਕੀਤਾ। ਮਹੀਪਾਲ, ਲਾਲ ਚੰਦ ਕਟਾਰੂਚੱਕ, ਅਮਰੀਕ ਦਾਊਦ, ਪਰਮਜੀਤ ਰੰਧਾਵਾ, ਜਗਜੀਤ ਜੱਸੇਆਣਾ, ਹਰਜੀਤ ਮਦਰੱਸਾ, ਚਮਨ ਲਾਲ ਦਰਾਜਕੇ, ਜਸਪਾਲ ਢਿੱਲੋਂ ਝਬਾਲ, ਭੋਲਾ ਸਿੰਘ ਕਲਾਲ ਮਾਜਰਾ ਆਦਿ ਸਾਥੀਆਂ ਨੇ ਵੱਖੋਂ ਵੱਖ ਜ਼ਿਲ੍ਹਿਆਂ ਦੇ ਵਫ਼ਦਾਂ ਦੀ ਅਗਵਾਈ ਕੀਤੀ।

ਕੌਮਾਂਤਰੀ ਇਸਤਰੀ ਦਿਵਸ; ਸ਼ਾਨਦਾਰ ਮਾਰਚ ਅਤੇ ਰੈਲੀ

ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ''ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ'' ਵਿਖੇ, ਵਿਸ਼ਾਲ ਇਕੱਤਰਤਾ ਕਰਕੇ ਕੌਮਾਂਤਰੀ ਇਸਤਰੀ ਦਿਵਸ ''ਸੰਕਲਪ ਦਿਵਸ'' ਵਜੋਂ ਮਨਾਇਆ ਗਿਆ। ਸਮੁੱਚੇ ਪ੍ਰਾਂਤ ਵਿਚੋਂ, ਸਭਾ ਦੀ ਪ੍ਰਧਾਨ ਬੀਬੀ ਦਰਸ਼ਨ ਕੌਰ ਅਤੇ ਜਨਰਲ ਸਕੱਤਰ ਨੀਲਮ ਘੁਮਾਣ ਦੀ ਅਗਵਾਈ ਵਿਚ, ਭਾਰੀ ਗਿਣਤੀ ਔਰਤਾਂ ਜੋਸ਼ ਭਰਪੂਰ ਨਾਹਰੇ ਮਾਰਦੀਆਂ ਹੋਈਆਂ ਉਕਤ ਸੂਬਾਈ ਇਕੱਤਰਤਾ ਵਿਚ ਪੁੱਜੀਆਂ। ਸਮਾਗਮ ਦੀ ਪ੍ਰਧਾਨਗੀ ਬੀਬੀ ਦਰਸ਼ਨ ਕੌਰ, ਡਾਕਟਰ ਰਘਬੀਰ ਕੌਰ, ਬੀਬੀ ਨੀਨਾ ਜੌਹਨ, ਬੀਬੀ ਪਾਰਵਤੀ ਦੇਵੀ ਅਤੇ ਬੀਬੀ ਹਰਮਨ ਪ੍ਰੀਤ ਕੌਰ 'ਤੇ ਅਧਾਰਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। ਮੰਚ ਸੰਚਾਲਨ ਬੀਬੀ ਨੀਲਮ ਘੁਮਾਣ ਵਲੋਂ ਬਖੂਬੀ ਕੀਤਾ ਗਿਆ। ਮੰਚ 'ਤੇ ਬੀਬੀ ਕਮਲਜੀਤ ਰੰਧਾਵਾ ਵੀ ਮੌਜੂਦ ਸਨ। ਆਰੰਭ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਡਾਕਟਰ ਰਘਬੀਰ ਕੌਰ ਵਲੋਂ ਕੌਮਾਂਤਰੀ ਮਹਿਲਾ ਦਿਵਸ ਦੇ ਇਤਿਹਾਸ ਅਤੇ ਅਜੋਕੇ ਦੌਰ ਵਿਚ ਔਰਤਾਂ ਲਈ ਇਸ ਦਿਨ ਦੀ ਮਹੱਤਤਾ ਬਾਰੇ ਵਿਸਥਾਰ 'ਚ ਚਾਨਣਾ ਪਾਇਆ ਗਿਆ। ਆਪਣੇ ਵਿਸ਼ੇਸ਼ ਸੰਬੋਧਨ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਇਕੱਤਰ ਭੈਣਾਂ ਨੂੰ ਕੌਮਾਂਤਰੀ ਇਸਤਰੀ ਦਿਵਸ ਮੌਕੇ ਸੰਗਰਾਮੀ ਸ਼ੁਭ ਇੱਛਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਔਰਤਾਂ ਦਾ ਜਥੇਬੰਦ ਹੋ ਕੇ ਹਰ ਖੇਤਰ ਵਿਚ ਸਮਾਨ ਅਧਿਕਾਰਾਂ ਲਈ ਸੰਗਰਾਮਾਂ ਦੇ ਪਿੜ ਮੱਲਣਾ ਦੇਸ਼ ਦੇ ਕ੍ਰਾਂਤੀਕਾਰੀ ਅੰਦੋਲਨ ਲਈ ਸ਼ੁਭ ਸੰਕੇਤ ਹੈ। ਪਰ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਕੇਵਲ ਔਰਤ ਸੰਗਠਨਾਂ ਨਾਲ ਸੰਬੰਧਤ ਕਾਰਜ ਨਹੀਂ ਬਲਕਿ ਸਮੁੱਚੀ ਜਮਹੂਰੀ ਲਹਿਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਔਰਤਾਂ ਸੰਸਾਰ ਭਰ ਦੇ ਪੂੰਜੀਵਾਦੀ ਪ੍ਰਬੰਧ ਵਾਲੇ ਦੇਸ਼ਾਂ ਵਿਚ ਕਿਸਮ-ਕਿਸਮ ਦੀ ਬੇਤਰਸ ਲੁੱਟ ਦਾ ਸ਼ਿਕਾਰ ਹਨ ਪਰ ਭਾਰਤ ਵਿਚ ਇਸ ਲੁੱਟ ਤੋਂ ਇਲਾਵਾ ਇੱਥੇ ਸਦੀਆਂ ਤੋਂ ਚੱਲੀ ਆ ਰਹੀ ਪਿੱਤਰ ਸਤਾਵਾਦੀ ਜਗੀਰੂ ਸੋਚ ਨੇ ਇਸਤਰੀਆਂ ਲਈ ਕੇਵਲ ਆਰਥਕ ਹੀ ਨਹੀਂ ਬਲਕਿ ਲਿੰਗਕ ਵਿਤਕਰੇ ਅਤੇ ਸ਼ੋਸ਼ਣ ਦੀਆਂ ਵੀ ਅਨੇਕਾਂ ਕਿਸਮ ਸਥਾਪਤ ਕੀਤੀਆਂ ਹੋਈਆਂ ਹਨ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਭਾਰਤ ਦੇ ਕਿਰਤੀ ਅੰਦੋਲਨ ਨੂੰ ਇਸ ਮਰਦ ਪ੍ਰਧਾਨ, ਮੰਨੂੰਵਾਦੀ, ਘੋਰ ਔਰਤ ਵਿਰੋਧੀ ਸੋੋਚ ਵਿਰੁੱਧ ਵੀ ਬੇਕਿਰਕੀ ਨਾਲ ਲੜਨਾ ਹੋਵੇਗਾ। ਉਨ੍ਹਾਂ ਕਿਹਾ ਕਿ 2014 ਦੀਆਂ ਆਮ ਚੋਣਾਂ 'ਚ ਸੱਤਾ 'ਤੇ ਕਾਬਜ਼ ਹੋਈ ਭਾਜਪਾ ਸਰਕਾਰ ਆਰ.ਐਸ.ਐਸ. ਦੇ ਕਥਿਤ ਦਿਸ਼ਾ ਨਿਰਦੇਸ਼ਾਂ ਅਧੀਨ ਕੰਮ ਕਰਦੀ ਹੈ ਅਤੇ ਮੰਨੂੰਵਾਦੀ ਵਰਣ ਵਿਵਸਥਾ ਦੀ ਮੁੜ ਸਥਾਪਤੀ ਲਈ ਯਤਨਸ਼ੀਲ ਆਰ.ਐਸ.ਐਸ.ਆਪਣੇ ਚਰਿੱਤਰ ਤੋਂ ਹੀ ਸਿਰੇ ਦਾ ਇਸਤਰੀ ਵਿਰੋਧੀ ਹੈ। ਇਸ ਲਈ ਅੱਜ ਪਿੱਤਰ ਸੱਤਾਵਾਦੀ ਜਗੀਰੂ ਦਾਬੇ ਦੀ ਚੁਣੌਤੀ ਦਿਨੋ ਦਿਨ ਤਿੱਖੀ ਹੁੰਦੀ ਜਾ ਰਹੀ ਹੈ। ਸਾਥੀ ਪਾਸਲਾ ਨੇ ਕਿਹਾ ਕਿ ਨਵਉਦਾਰਵਾਦੀ ਨੀਤੀਆਂ ਨੇ ਔਰਤਾਂ ਦਾ ਆਰਥਕ, ਜਿਸਮਾਨੀ, ਮਾਨਸਿਕ, ਭਾਵਨਾਤਮਕ ਸ਼ੋਸ਼ਣ ਸਗੋਂ ਹੋਰ ਤਿੱਖਾ ਕੀਤਾ ਹੈ। ਇਸ ਲਈ ਇਸਤਰੀ ਅੰਦੋਲਨ ਸਾਹਮਣੇ ਉਕਤ ਨੀਤੀਆਂ ਨੂੰ ਹਾਰ ਦੇਣ ਦੀ ਵੀ ਵੱਡੀ ਚੁਣੌਤੀ ਹੈ। ਸਾਥੀ ਪਾਸਲਾ ਨੇ ਸੰਘ ਪਰਿਵਾਰ ਵਲੋਂ ਫੈਲਾਈ ਜਾ ਰਹੀ ਫਿਰਕੂ ਨਫਰਤ, ਜਿਸ ਦਾ ਮੰਤਕੀ ਸਿੱਟਾ ਫਿਰਕੂ ਦੰਗੇ ਹੁੰਦੇ ਹਨ, ਬਾਰੇ ਸੁਚੇਤ ਕਰਦਿਆਂ ਕਿਹਾ ਕਿ ਫਿਰਕੂ ਦੰਗਿਆਂ 'ਚ ਹਮੇਸਾ ਸਭ ਤੋਂ ਵਧੇਰੇ ਘਾਣ ਬੇਕਸੂਰ ਔਰਤਾਂ ਅਤੇ ਅਣਭੋਲ ਬੱਚਿਆਂ ਦਾ ਹੁੰਦਾ ਹੈ। ਇਸ ਲਈ ਅਜੋਕੇ ਦੌਰ 'ਚ ਇਸਤਰੀ ਅੰਦੋਲਨ ਖਾਸ ਕਰ ਜਨਵਾਦੀ ਇਸਤਰੀ ਸਭਾ ਨੂੰ ਫਿਰਕਾਪ੍ਰਸਤਾਂ ਦੇ ਕਾਲੇ ਮਨਸੂਬਿਆਂ ਵਿਰੁੱਧ ਘਰ ਘਰ ਚੌਕਸੀ ਪੁੱਜਦੀ ਕਰਨ ਦੀ ਲੋੜ ਹੈ। ਇਸ ਇਕੱਤਰਤਾ ਤੋਂ ਬਾਅਦ ਭੈਣਾਂ ਨੇ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਟੀਮ ਦੀ ਅਗਵਾਈ ਵਿਚ ਸ਼ਹਿਰ ਦੇ ਮੁੱਖ ਬਾਜਾਰਾਂ 'ਚ ਸ਼ਾਨਦਾਰ ''ਇਸਤੀਆਂ ਲਈ ਸਮਾਨ ਅਧਿਕਾਰਾਂ'' ਬਾਰੇ ਚੇਤਨਾ ਮਾਰਚ ਕੀਤਾ।

ਨੌਜਵਾਨਾਂ ਵਲੋਂ ਅਸੈਂਬਲੀ ਵੱਲ ਪ੍ਰਭਾਵਸ਼ਾਲੀ ਮਾਰਚ

ਕੈਪਟਨ ਸਰਕਾਰ ਵਲੋਂ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ.) ਦੇ ਸੱਦੇ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਨੌਜਵਾਨਾਂ ਵਲੋਂ ਪੰਜਾਬ ਵਿਧਾਨ ਸਭਾ ਵੱਲ ਰੋਹ ਭਰਪੂਰ ਮਾਰਚ ਕੀਤਾ ਗਿਆ। ਇਸ ਮਾਰਚ 'ਚ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲੇ ਝੰਡੇ, ਬੈਨਰ ਅਤੇ ਮੰਗਾਂ ਸਬੰਧੀ ਤਖਤੀਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ। ਨੌਜਵਾਨ ਨਾਹਰੇ ਲਾ ਰਹੇ ਸਨ ਕਿ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੋ, ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ, ਕੇਂਦਰ ਅਤੇ ਪੰਜਾਬ ਸਰਕਾਰ ਮੁਰਦਾਬਾਦ, ਨਸ਼ੇ ਦੇ ਵਪਾਰੀਆਂ ਨੂੰ ਸਖਤ ਸਜ਼ਾਵਾਂ ਦਿਓ। ਵਿਧਾਨ ਸਭਾ ਵੱਲ ਕੀਤੇ ਜਾ ਰਹੇ ਨੌਜਵਾਨ-ਵਿਦਿਆਰਥੀ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਮਨਦੀਪ ਰਤੀਆ, ਸ਼ਮਸ਼ੇਰ ਸਿੰਘ ਬਟਾਲਾ, ਅਜੈ ਫਿਲੌਰ, ਰਵੀ ਕੁਮਾਰ ਕਟਾਰੂਚੱਕ, ਕੁਲਵੰਤ ਸਿੰਘ ਮੱਲੂਨੰਗਲ, ਸੁਲੱਖਣ ਸਿੰਘ ਤੁੜ ਅਤੇ ਮਨਜਿੰਦਰ ਢੇਸੀ ਨੇ ਸਾਂਝੇ ਤੌਰ 'ਤੇ ਕੀਤੀ । ਵਰਣਨਯੋਗ ਹੈ ਕਿ ਉਕਤ ਮਾਰਚ ਦਾ ਸੱਦਾ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਇਨ੍ਹਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਸੰਗਰਾਮ ਤੇਜ਼ ਕਰਨ ਦੇ ਸੰਕਲਪ ਵਜੋਂ ਦਿੱਤਾ ਗਿਆ ਸੀ। ਦੋਹਾਂ ਸੰਗਠਨਾਂ ਨੇ ਉਕਤ ਮੁਹਿੰਮ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ 26 ਦਸੰਬਰ 2018 ਨੂੰ ਜਲ੍ਹਿਆਂ ਵਾਲਾ ਬਾਗ ਤੋਂ ਕੀਤੀ ਸੀ ਅਤੇ ਇਸ ਦੌਰਾਨ 11 ਥਾਂਈਂ ਰੋਸ ਐਕਸ਼ਨਾਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜੇ ਸਨ। ਇਸ ਮੌਕੇ ਜੁੜੇ ਨੌਜਵਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੂੰ ਇਕ ਸਾਲ ਦਾ ਸਮਾਂ ਹੋ ਗਿਆ ਹੈ। ਨੌਜਵਾਨਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪਰਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ, ਹਰੇਕ ਲਈ ਲਾਜ਼ਮੀ ਤੇ ਇਕਸਾਰ ਮੁਫ਼ਤ ਸਿੱਖਿਆ ਅਤੇ ਲੜਕੀਆਂ ਨੂੰ ਪੀ.ਐਚ. ਡੀ. ਤੱਕ ਦੀ ਮੁਫ਼ਤ ਵਿਦਿਆ ਦੇਣ , ਪ੍ਰਤੀ ਮਹੀਨਾ ਪੱਚੀ ਸੌ ਰੁਪਏ ਬੇਰੁਜ਼ਗਾਰੀ ਭੱਤਾ,ਸਮਾਰਟ ਫੋਨ, ਨਸ਼ਿਆਂ ਤੇ ਮੁਕੰਮਲ ਪਾਬੰਦੀ ਅਤੇ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਆਦਿ ਤੇ ਉਕਾ ਹੀ ਅਮਲ ਨਹੀਂ ਕੀਤਾ ਗਿਆ। ਸਗੋਂ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ, 800 ਸਰਕਾਰੀ ਸਕੂਲਾਂ ਨੂੰ ਪੱਕੇ ਤਾਲੇ ਲਾ ਕੇ, ਆਂਗਣਵਾੜੀ ਸਕੂਲ ਬੰਦ ਕਰਕੇ ਬੇਰੁਜ਼ਗਾਰੀ ਵਿਚ ਅਕਹਿ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਕੈਪਟਨ ਦੀ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ। ਦੋਹਾਂ ਦੀਆਂ ਨੀਤੀਆਂ ਨਿੱਜੀਕਰਨ ਦੇ ਹੱਕ ਵਿਚ ਹਨ। ਉਨ੍ਹਾਂ ਨੌਜਵਾਨਾਂ ਨੂੰ ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ ਦੇ ਨਾਹਰੇ ਹੇਠ ਲਾਮਬੰਦ ਹੋ ਕੇ ਹਾਕਮ ਸਰਕਾਰਾਂ ਦੀਆਂ ਨੌਜਵਾਨ ਮਾਰੂ ਨੀਤੀਆਂ ਵਿਰੁੱਧ ਤਿੱਖਾ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਨੌਜਵਾਨ ਤੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਨੇ ਗਰੀਬ ਵਰਗ ਦੇ ਬੱਚਿਆਂ ਕੋਲੋਂ ਵਿਦਿਆ ਖੋਹ ਕੇ ਅਮੀਰ ਲੋਕਾਂ ਦੇ ਹੱਥਾਂ ਵਿਚ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆ ਦਾ ਨਿਜੀਕਰਨ,ਵਪਾਰੀਕਰਨ ਕਰਕੇ ਹਜ਼ਾਰਾਂ ਸਰਕਾਰੀ ਸਕੂਲ/ਕਾਲਜ ਟੀਚਰਾਂ ਤੋਂ ਵਾਂਝੇ ਕਰ ਦਿੱਤੇ ਹਨ, ਦੂਸਰੇ ਪਾਸੇ ਨਕਲ ਬੰਦ ਕਰਨ ਦਾ ਢੰਡੋਰਾ ਪਿਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ 'ਚ ਹਜ਼ਾਰਾਂ ਖਾਲੀ ਪਈਆਂ ਪੋਸਟਾਂ ਰੈਗੂਲਰ ਭਰੀਆਂ ਜਾਣ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਨੌਜਵਾਨਾਂ ਨਾਲ ਕੀਤੇ ਚੋਣ ਵਾਅਦੇ ਤੁਰੰਤ ਪੂਰੇ ਕੀਤੇ ਜਾਣ, ਕੰਮ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ 'ਚ ਸ਼ਾਮਲ ਕੀਤਾ ਜਾਵ,ੇ ਵਿਦਿਆ ਦਾ ਵਪਾਰੀਕਰਨ/ਨਿੱਜੀਕਰਨ ਬੰਦ ਕੀਤਾ ਜਾਵੇ, ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ 'ਚ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ, ਪੋਸਟ ਗਰੈਜੁਏਸ਼ਨ ਤੱਕ ਦੀ ਮਿਆਰੀ ਸਿੱਖਿਆ ਮੁਫ਼ਤ ਇਕਸਾਰ ਦਿੱਤੀ ਜਾਵੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਤੁਰੰਤ ਕਾਲਜਾਂ ਨੂੰ ਭੇਜੇ ਜਾਣ, ਲੜਕੀਆਂ ਦੀ ਪੀ.ਐਚ. ਡੀ. ਤੱਕ ਦੀ ਮੁਫ਼ਤ ਸਿਖਿਆ ਦੇਣ ਲਈ ਤੁਰੰਤ ਨੋਟੀਫਿਕੇਸ਼ਨ ਕੀਤਾ ਜਾਵੇ, ਬਸ ਪਾਸ ਸਹੂਲਤ ਹਰ ਸਰਕਾਰੀ ਅਤੇ ਨਿਜੀ ਬਸ ਅੰਦਰ ਸਖਤੀ ਨਾਲ ਲਾਗੂ ਕਰਕੇ ਹਰ ਅੱਡੇ 'ਤੇ ਰੁਕਣਾ ਯਕੀਨੀ ਬਣਾਇਆ ਜਾਵੇ,ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਘਾਟ ਦੂਰ ਕਰਕੇ ਲੋੜਵੰਦਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ, ਹਰ ਇੱਕ ਲਈ ਮੁਫ਼ਤ ਸਿਹਤ ਬੀਮਾ ਯੋਜਨਾ, ਬੇਰੁਜ਼ਗਾਰੀ ਭੱਤਾ ਯੋਗਤਾ ਅਨੁਸਾਰ ਤਨਖਾਹ ਦਾ ਘੱੱਟੋ ਘੱਟ ਅੱਧਾ ਦਿੱਤਾ ਜਾਵੇ, ਨਸ਼ਿਆਂ 'ਤੇ ਮੁਕੰਮਲ ਪਾਬੰਦੀ ਲਾਈ ਜਾਵੇ ਅਤੇ ਨਸ਼ਾ ਸਮਗਲਰਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕੀਤੇ ਜਾਣ, ਪੰਜਾਬ ਅੰਦਰ ਨਵੀਆਂ ਸਨਅਤਾਂ ਲਾਈਆਂ ਜਾਣ ਅਤੇ ਬੰਦ ਪਈਆਂ ਸਨਅਤਾਂ ਨੂੰ ਮੁੜ ਚਾਲੂ ਕੀਤਾ ਜਾਵੇ। ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਨੌਜਵਾਨ ਆਗੂਆਂ ਦੋਸ਼ ਲਾਇਆ ਕਿ ਨੌਜਵਾਨਾਂ ਨੂੰ ਰੋਜ਼ਗਾਰ, ਵਿੱਦਿਆ, ਵਿਗਿਆਨਕ ਵਿਚਾਰਾਂ, ਪ੍ਰਗਤੀਵਾਦੀ ਸਰੋਕਾਰਾਂ ਨਾਲ ਲੈਸ ਕਰਨ ਦੀ ਸੰਘ ਪਰਵਾਰ ਦੀ ਅਗਵਾਈ ਵਿਚ ਫਿਰਕੂ ਸੰਗਠਨਾਂ ਵਲੋਂ ਦੰਗਾਕਾਰੀ ਤੇ ਅਰਾਜਕ ਬੇਲਗਾਮ ਫੌਜਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜੋ ਦੇਸ਼ ਅਤੇ ਨੌਜਵਾਨਾਂ ਦੇ ਭਵਿੱਖ ਲਈ ਅਤੀ ਘਾਤਕ ਹੈ। ਇਸ ਮੌਕੇ ਮਨਦੀਪ ਕੌਰ ਸ਼ੱਕਰੀ, ਸੁਰਜੀਤ ਸਿੰਘ ਦੁਧਰਾਏ, ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਹਰਨੇਕ ਗੁਜਰਵਾਲ, ਦਲਵਿੰਦਰ ਕੁਲਾਰ, ਸੁਰੇਸ਼ ਸਮਾਣਾ, ਜਤਿੰਦਰ ਫਰੀਦਕੋਟ, ਸਿਮਰਜੀਤ ਬਰਾੜ, ਬੰਸੀ ਲਾਲ, ਸੰਦੀਪ ਮਾਨਸਾ, ਤਸਵੀਰ ਖਿਲਚੀਆਂ, ਸੁਖਦੇਵ ਜਵੰਦਾ, ਕਰਮਬੀਰ ਪੱਖੋਕੇ, ਰਮਨਦੀਪ ਘਨੌਰ, ਸਤਨਾਮ ਸੁੱਜੋਂ, ਪ੍ਰਭਾਤ ਕਵੀ, ਸੰਦੀਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਨੌਜਵਾਨ-ਵਿਦਿਆਰਥੀ ਹਾਜ਼ਰ ਸਨ।

ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ

23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਸਾਮਰਾਜੀ ਗਲਬੇ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਵਿਰੁੱਧ ਜੂਝ ਰਹੇ ਲੋਕਾਂ, ਖਾਸਕਰ ਨੌਜਵਾਨਾਂ ਦੇ ਸਦੀਵੀਂ ਪ੍ਰੇਰਣਾ ਸਰੋਤ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ (23 ਮਾਰਚ) 'ਤੇ ਯਾਦ ਕਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਸੂਬਾ ਕਮੇਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਵਿਖੇ ਇਕ ਪ੍ਰਭਾਵਸ਼ਾਲੀ ਰਾਜਸੀ ਕਾਨਫਰੰਸ ਕੀਤੀ ਗਈ। ਸਰਵਸਾਥੀ ਹਰਪਾਲ ਸਿੰਘ ਜਗਤਪੁਰ, ਦੀਵਾਨ ਸਿੰਘ, ਜਰਨੈਲ ਸਿੰਘ ਜਾਫ਼ਰਪੁਰ ਅਤੇ ਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਜਿਨ੍ਹਾਂ ਸਾਮਰਾਜੀ ਬਘਿਆੜਾਂ ਨੂੰ ਦੇਸ਼ 'ਚੋਂ ਕੱਢਣ ਲਈ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸਮੇਤ ਹੋਰਨਾਂ ਆਜ਼ਾਦੀ ਸੰਗਰਾਮੀਆਂ ਨੇ ਸ਼ਹਾਦਤਾਂ ਦਿੱਤੀਆਂ ਸਨ, ਅੱਜ ਦੇਸ਼ ਦੇ ਹਾਕਮ ਉਨ੍ਹਾਂ ਨੂੰ ਹੀ ਦੇਸ਼ ਦੇ ਜਲ-ਜੰਗਲ-ਜ਼ਮੀਨ ਤੇ ਹੋਰ ਕੁਦਰਤੀ ਖਜ਼ਾਨੇ ਕੌਡੀਆਂ ਦੇ ਭਾਅ ਲੁਟਾ ਰਹੇ ਹਨ ਅਤੇ ਦੇਸ਼ ਦੀ ਕਿਰਤ ਸ਼ਕਤੀ ਨੂੰ ਇਨ੍ਹਾਂ ਸਾਮਰਾਜੀ ਬਘਿਆੜਾਂ ਅੱਗੇ ਨਤਾਣੇ ਬਣਾਉਣ ਲਈ ਕਿਰਤ ਕਾਨੂੰੂਨਾਂ 'ਚ ਸੋਧਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਹੁਕਮਰਾਨ ਵਰਗ ਦੀਆਂ ਸਾਰੀਆਂ ਕੌਮੀ ਅਤੇ ਖੇਤਰੀ ਪਾਰਟੀਆਂ ਇਕ ਦੂਜੇ ਤੋਂ ਵੱਧ ਜ਼ੋਰ ਲਗਾ ਰਹੀਆਂ ਹਨ। ਸਾਥੀ ਪਾਸਲਾ ਨੇ ਕਿਹਾ ਕਿ ਇਹ ਸਾਮਰਾਜੀ ਬੇਦਰਦ ਲੁੱਟ ਦਾ ਆਰਥਿਕ ਏਜੰਡਾ ਹੀ ਹੈ ਜਿਸਨੂੰ ਨਿਰਵਿਘਨ ਢੰਗ ਨਾਲ ਲਾਗੂ ਕਰਨ ਲਈ ਆਰ.ਐਸ.ਐਸ. ਅਤੇ ਉਸਦੇ ਸਹਿਯੋਗੀ ਫਿਰਕੂ-ਫੁੱਟ ਪਾਊ ਟੋਲੇ ਲੋਕਾਂ 'ਚ ਵੰਡੀਆਂ ਪਾ ਰਹੇ ਹਨ। ਇਸ ਆਰਥਿਕ ਲੁੱਟ ਅਤੇ ਫਿਰਕੂ ਫੁੱਟ ਦੇ ਦੋਹਰੇ ਹਮਲੇ ਨੂੰ ਇਕ ਦੂਜੇ ਨਾਲੋਂ ਨਿਖੇੜ ਕੇ ਵੇਖਣਾ ਕਿਰਤੀ ਲਹਿਰ ਦੇ ਭਵਿੱਖ ਲਈ ਬਹੁਤ ਘਾਤਕ ਹੋਵੇਗਾ। ਇਸ ਸੰਗਰਾਮ ਵਿਚ ਕੁੱਝ ਖੱਬੇ ਪੱਖੀ ਪਾਰਟੀਆਂ ਵਲੋਂ ਕਾਂਗਰਸ ਨਾਲ ਸਾਂਝ ਭਿਆਲੀ ਪਾਉਣ ਦੀਆਂ ਕੋਸ਼ਿਸ਼ਾਂ ਵਿਰੁੱਧ ਲੋਕਾਂ ਨੂੰ ਚੌਕਸ ਕਰਦਿਆਂ ਸਾਥੀ ਪਾਸਲਾ ਨੇ ਸਵਾਲ ਕੀਤਾ ਕਿ ਕੀ ਇਸ ਦੋਹਰੇ ਮੋਰਚੇ 'ਚ ਨਵਉਦਾਰਵਾਦੀ ਨੀਤੀਆਂ ਨੂੰ ਅੱਖਾਂ ਮੀਟ ਕੇ ਲਾਗੂ ਕਰਨ ਵਾਲੀ ਕਿਸੇ ਵੀ ਪਾਰਟੀ ਲਈ ਕੋਈ ਜਗ੍ਹਾ ਹੋ ਸਕਦੀ ਹੈ? ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਖੱਬੀਆਂ, ਜਮਹੂਰੀ ਤੇ ਧਰਮ ਨਿਰਪੱਖ ਤਾਕਤਾਂ ਦਾ ਜਠਜੋੜ ਹੀ ਇਸ ਫਿਰਕੂ-ਫਾਸ਼ੀਵਾਦੀ ਤਾਕਤਾਂ ਅਤੇ ਸਾਮਰਾਜੀ ਨੀਤੀਆਂ ਦੇ ਹਮਲੇ ਨੂੰ ਰੋਕ ਸਕਦਾ ਹੈ। ਸਾਥੀ ਪਾਸਲਾ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਸ਼ਹੀਦਾਂ ਦੇ ਸੁਪਨਿਆਂ ਦਾ 'ਜਮਾਤ-ਜਾਤ ਅਤੇ ਲਿੰਗਕ ਵਿਤਕਰੇ ਤੋਂ ਰਹਿਤ ਸੈਕੂਲਰ ਭਾਰਤ' ਸਿਰਜਨ ਲਈ ਜਮਾਤੀ ਘੋਲ ਨੂੰ ਮਨੂੰਵਾਦੀ ਤੇ ਪਿੱਤਰਸੱਤਾਵਾਦੀ ਜ਼ਹਿਨੀਅਤ ਵਿਰੁੱਧ ਸੰਘਰਸ਼ ਨਾਲੋਂ ਵੱਖ ਕਰਨਾ ਇਕ ਵੱਡੀ ਭੁੱਲ ਹੋਵੇਗੀ। ਉਨ੍ਹਾਂ ਪਾਰਟੀ ਸਫ਼ਾਂ ਨੂੰ ਘੱਟ ਗਿਣਤੀਆਂ, ਔਰਤਾਂ, ਅਨਸੂਚਿਤ ਜਾਤੀਆਂ ਤੇ ਜਨਜਾਤੀਆਂ ਵਿਰੁੱਧ ਅੱਤਿਆਚਾਰਾਂ ਖਿਲਾਫ ਥਾਂ ਪੁਰ ਥਾਂ ਸੰਘਰਸ਼ਾਂ ਦੇ ਪਿੜ ਮਘਾਉਣ ਦਾ ਸੱਦਾ ਦਿੱਤਾ। ਕਾਨਫਰੰਸ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਸਾਥੀ ਮੋਹਨ ਸਿੰਘ ਧਮਾਣਾ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਸਾਥੀ ਸੋਹਨ ਸਿੰਘ ਸਲੇਮਪੁਰੀ ਵਲੋਂ ਚਲਾਈ ਗਈ। ਨਕੋਦਰ : ਨਕੋਦਰ ਨੇੜਲੇ ਪਿੰਡ ਮਾਹੂੰਵਾਲ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀਆਂ ਪਿੰਡ ਕਮੇਟੀਆਂ ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਰਾਜਸੀ ਕਾਨਫਰੰਸ ਅਤੇ ਨਾਟਕਾਂ ਦਾ ਆਯੋਜਨ ਕੀਤਾ ਗਿਆ। ਕਾਨਫਰੰਸ ਦੀ ਪ੍ਰਧਾਨਗੀ ਮੰਗਤ ਰਾਮ, ਜਰਨੈਲ ਸਿੰਘ ਸਹੋਤਾ ਅਤੇ ਮੱਖਣ ਮਾਹੀ 'ਤੇ ਅਧਾਰਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਬੇਜ਼ਮੀਨੇ ਮਜ਼ਦੂਰਾਂ ਦੀ ਸਿਰਮੌਰ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਮੁੱਖ ਬੁਲਾਰਿਆਂ ਵਜੋਂ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ। ਆਪਣੇ ਸੰਬੋਧਨ ਵਿਚ ਸਾਥੀ ਪਾਸਲਾ ਨੇ ਕਿਹਾ ਕਿ ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ, ਇਸਤਰੀਆਂ ਅਤੇ ਦਲਿਤਾਂ 'ਤੇ ਦਿਲ ਹਿਲਾਊ ਜ਼ੁਲਮਾਂ, ਜਿਨ੍ਹਾਂ 'ਚ ਘਿਣਾਉਣੇ ਕਤਲ ਵੀ ਸ਼ਾਮਲ ਹਨ, ਵਿਚ ਗਲਤਾਣ ਆਰ.ਐਸ.ਐਸ., ਭਾਜਪਾ ਅਤੇ ਇਨ੍ਹਾਂ ਦੇ ਭਾਈਵਾਲ ਸੰਗਠਨਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰਨ ਲਈ, ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਾ ਹਟਦਿਆਂ ਕਿਰਤੀ, ਕਿਸਾਨਾਂ, ਨੌਜਵਾਨਾਂ ਅਤੇ ਹੋਰ ਮਿਹਨਤੀ ਵਰਗਾਂ ਦੇ ਖਾੜਕੂ ਸੰਗਰਾਮ ਲਾਮਬੰਦ ਕਰਨੇ ਅੱਜ ਕੌਮੀ ਮੁਕਤੀ ਸੰਗਰਾਮ ਦੇ ਮਹਾਨ ਸ਼ਹੀਦਾਂ-ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਾਥੀ ਪਾਸਲਾ ਨੇ ਕਿਹਾ ਕਿ ਉਕਤ ਲੋਕ ਹਿਤੂ ਸੰਗਰਾਮ ਦੀ ਕਾਮਯਾਬੀ ਲਈ ਖੱਬੀਆਂ, ਜਮਹੂਰੀ, ਅਗਾਂਹਵਧੂ, ਦੇਸ਼ ਭਗਤ ਸੰਗਰਾਮੀ ਤੇ ਵਿਗਿਆਨਕ ਧਿਰਾਂ ਦੀ ਏਕਤਾ ਤੇ ਸਾਂਝੀ ਸਰਗਰਮੀ ਹੀ ਇਕੋ ਇਕ ਗਰੰਟੀ ਹੋ ਸਕਦੀ ਹੈ, ਜਿਸ ਦਾ ਧੁਰਾ ਕਮਿਊਨਿਸਟਾਂ ਨੂੰ ਬਨਣਾ ਪਵੇਗਾ ਅਤੇ ਆਰ.ਐਮ.ਪੀ.ਆਈ. ਆਪਣੀ ਬਣਦੀ ਭੂਮਿਕਾ ਨਿਭਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਪੰਜਾਬ ਦੇ ਕਾਲੇ ਦੌਰ ਦੇ ਇਸ ਕਿਸਮ ਦੇ ਹੀ ਹਾਲਾਤ 'ਚ ਅਮਨ ਕਾਇਮ ਕਰਨ ਲਈ ਆਪਣੀ ਜਾਨ ਦੀ ਅਹੂਤੀ ਦੇਣ ਵਾਲੇ, ਇਸੇ ਪਿੰਡ ਦੇ ਜੰਮਪਲ ਕਮਿਊਨਿਸਟ ਸੂਰਮੇ ਸਾਥੀ ਦੇਸ ਰਾਜ ਸਹੋਤਾ ਨੂੰ ਉਚੇਚਾ ਯਾਦ ਕੀਤਾ। ਸਾਥੀ ਪਾਸਲਾ ਨੇ ਕਿਹਾ ਕਿ ਦੇਸ਼ ਦੀ ਗੱਦੀ 'ਤੇ ਕਾਬਜ਼, ਸਾਮਰਾਜ ਭਗਤ ਆਰ.ਐਸ.ਐਸ. ਦੀ ਕਠਪੁੱਤਲੀ ਵਾਂਗ ਕੰਮ ਕਰਨ ਵਾਲੀ ਮੋਦੀ ਸਰਕਾਰ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ 'ਤੇ ਅਮਲ ਕਰਦੀ ਹੋਈ ਆਮ ਲੋਕਾਂ ਤੋਂ ਰੋਜ਼ਗਾਰ, ਸਿੱਖਿਆ, ਸਿਹਤ ਸੇਵਾਵਾਂ, ਪੀਣ ਵਾਲਾ ਸਵੱਧ ਪਾਣੀ, ਸਾਫ ਚੌਗਿਰਦਾ, ਜਲ-ਜੰਗਲ-ਜ਼ਮੀਨ, ਛੋਟੇ ਕਾਰੋਬਾਰ ਤੇ ਉਦਯੋਗ ਅਤੇ ਹਰ ਕਿਸਮ ਦੇ ਕੁਦਰਤੀ ਖਜ਼ਾਨੇ ਖੋਹ ਕੇ ਸਾਮਰਾਜੀ ਧਾੜਵੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਦੀ ਜਾ ਰਹੀ ਹੈ। ਦੇਸ਼ 'ਚ ਭ੍ਰਿਸ਼ਟਾਚਾਰ, ਅਰਾਜਕਤਾ ਅਤੇ ਅਪਰਾਧਾਂ ਦਾ ਬੋਲਬਾਲਾ ਹੈ। ਇਸ ਲਈ ਲੋਕਾਂ ਸਾਹਮਣੇ ਫਿਰਕੂਫਾਸ਼ੀਵਾਦ ਅਤੇ ਨਵਉਦਾਰਵਾਦੀ ਨੀਤੀਆਂ ਖਿਲਾਫ਼ ਫੈਸਲਾਕੁੰਨ ਲੜਾਈ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ। ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਆਰਥਕ ਸਮਾਜਕ ਹਰ ਅਧਿਕਾਰ ਤੋਂ ਵੰਚਿਤ ਖੇਤ ਮਜ਼ਦੂਰਾਂ ਅਤੇ ਦਲਿਤਾਂ ਨੂੰ ਆਰ.ਐਸ.ਐਸ. ਹਜ਼ਾਰਾਂ ਸਾਲ ਪੁਰਾਣੇ ਮੰਨੂੰਵਾਦੀ ਜਾਤੀਪਾਤੀ ਜ਼ੁਲਮ ਪ੍ਰਬੰਧ ਹੇਠ ਲਿਆਉਣਾ ਚਾਹੁੰਦੀ ਹੈ ਜਿਸ ਦਾ ਡੱਟ ਕੇ ਟਾਕਰਾ ਕੀਤਾ ਜਾਣ ਦੀ ਲੋੜ ਹੈ। ਇਸ ਮੌਕੇ ਸਾਥੀ ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਰਾਮ ਸਿੰਘ ਕੈਮਵਾਲਾ, ਨਿਰਮਲ ਸਿੰਘ ਆਧੀ, ਦਲਵਿੰਦਰ ਸਿੰਘ ਕੁਲਾਰ, ਬਖਸ਼ੀ ਪੰਡੋਰੀ, ਬਾਂਕਾ ਧਾਲੀਵਾਲ, ਸਰਬਜੀਤ ਢੇਰੀਆਂ ਨੇ ਵੀ ਆਪਣੇ ਵਿਚਾਰ ਰੱਖੇ। ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵਲੋਂ ਸਾਕੀ ਇਕੱਤਰ ਸਿੰਘ ਦੀ ਨਿਰਦੇਸ਼ਨਾਂ ਹੇਠ ਲੋਕ ਪੱਖੀ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ। ਨੌਜਵਾਨਾਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ : ਸ਼ਹੀਦ ਭਗਤ ਸਿੰਘ ਨੌਵਾਨ ਸਭਾ ਪੰਜਾਬ-ਹਰਿਆਣਾ ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਜਲੰਧਰ ਦੇ ਪਿੰਡ ਕਾਨ੍ਹਾ ਢੇਸੀਆਂ, ਲੁਧਿਆਣਾ ਦੇ ਪਿੰਡ ਲੋਹਟਬੱਧੀ ਅਤੇ ਕਸਬਾ ਜੋਧਾਂ ਵਿਖੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਨੌਜਵਾਨਾਂ ਨੇ ਬਾਜ਼ਾਬਤ ਪ੍ਰਭਾਵਸ਼ਾਲੀ ਮਾਰਚਾਂ ਰਾਹੀਂ ਲੋਕਾਂ, ਖਾਸਕਰ ਨੌਜਵਾਨਾਂ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਸੰਗਰਾਮਾਂ 'ਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ''ਬਰਾਬਰ ਵਿੱਦਿਆ ਸਿਹਤ ੇਤ ਰੁਜ਼ਗਾਰ ਸਭ ਨੂੰ ਹੋਵੇ ਇਹ ਅਧਿਕਾਰ'' ਦੇ ਨਾਅਰੇ ਮਾਰਦੇ ਨੌਜਵਾਨਾਂ ਦਾ ਉਤਸ਼ਾਹ ਦੇਖਣਯੋਗ ਸੀ। ਨੌਜਵਾਨਾਂ ਵਿਚ ਕਈਆਂ ਨੇ ਇਨਕਲਾਬੀ ਗੀਤ/ਸੰਗੀਤ ਦੀ ਪੇਸ਼ਕਾਰੀ ਵੀ ਕੀਤੀ।

ਜਨਵਾਦੀ ਇਸਤਰੀ ਸਭਾ ਤਹਿਸੀਲ ਅਜਨਾਲਾ ਦੀ ਚੋਣ

ਜਨਵਾਦੀ ਇਸਤਰੀ ਸਭਾ ਦਾ ਤਹਿਸੀਲ ਅਜਲਾਸ ਦਾ ਜਥੇਬੰਦਕ ਅਜਲਾਸ ਆਯੋਜਿਤ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਕਿਹਾ ਕਿ ਅਜ਼ਾਦੀ ਪਿੱਛੋਂ 70 ਸਾਲ ਦਾ ਲੰਮੇ ਸਮੇਂ 'ਚ ਕੇਂਦਰ ਤੇ ਸੂਬੇ 'ਚ ਰਾਜ ਕਰਨ ਵਾਲੀਆਂ ਹਾਕਮ ਜਮਾਤਾਂ ਦੀਆਂ ਸਭੇ ਸਰਕਾਰਾਂ ਨੇ ਔਰਤਾਂ ਨੂੰ ਸੰਵਿਧਾਨ ਦੇ ਮੱਦੇਨਜ਼ਰ ਆਤਮ ਸਨਮਾਨ ਅਤੇ ਸਭ ਦਾ ਸਨਮਾਨ ਦਾ ਰੁਤਬਾ ਦੇਣ ਦੀ ਬਜਾਏ ਮਰਦ ਪ੍ਰਧਾਨ ਸਮਾਜ 'ਚ ਬਰਾਬਰ ਦੀ ਵਸੋਂ ਰੱਖਣ ਵਾਲੀ ਨਾਰੀ ਜਾਤੀ ਨਾਲ ਵਿਤਕਰੇ ਦੀ ਸ਼ਰੀਕੇਬਾਜ਼ੀ ਕਰਦਿਆਂ ਆਰਥਿਕ, ਸਮਾਜਿਕ, ਰਾਜਸੀ ਵਿਕਾਸ ਤੇ ਸਨਮਾਨ ਦੀ ਪੌੜੀ ਦੇ ਸਭ ਤੋਂ ਹੇਠਲੇ ਡੰਡੇ (ਦਰਜੇ) 'ਤੇ ਧਕੇਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ, ਭਾਜਪਾ ਤੇ ਸੰਘ ਪਰਿਵਾਰ ਦੇ ਫਿਰਕੂਵਾਦ ਤੇ ਫਾਸ਼ਿਸਟ ਏਜੰਡੇ ਕਾਰਨ ਦੇਸ਼ 'ਚ ਵਾਪਰ ਰਹੀ ਹਿੰਸਾ ਕਾਰਨ ਔਰਤ ਦੀ ਹੋਰ ਵੀ ਹਾਲਤ ਪਤਲੀ ਹੋ ਗਈ ਹੈ। ਅਜਲਾਸ ਦੀ ਪ੍ਰਧਾਨਗੀ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਅਤੇ ਬੀਬੀ ਸਰਬਜੀਤ ਜਸਰਾਉਰ ਵਲੋਂ ਕੀਤੀ ਗਈ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਇਜਲਾਸ ਦੇ ਅੰਤ 'ਚ ਸਭਾ ਦੀ ਤਹਿਸੀਲ ਇਕਾਈ ਦੇ ਆਹੁਦੇਦਾਰਾਂ ਦੀ ਹੋਈ ਚੋਣ ਦੌਰਾਨ ਸਰਬਸੰਮਤੀ ਨਾਲ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਮੁੜ ਤਹਿਸੀਲ ਪ੍ਰਧਾਨ ਚੁਣੇ ਗਏ ਜਦਕਿ ਸਰਬਜੀਤ ਕੌਰ ਜਸਰਾਊਰ ਜਨਰਲ ਸਕੱਤਰ, ਕਸ਼ਮੀਰ ਕੌਰ ਦੁਧਰਾਏ ਖਜ਼ਾਨਚੀ, ਸਿਮਰਨਜੀਤ ਕੌਰ ਕੋਟ ਰਜ਼ਾਦਾ ਸਹਾਇਕ ਸਕੱਤਰ, ਸਰਬਜੀਤ ਕੌਰ ਡੱਬਰ ਮੀਤ ਪ੍ਰਧਾਨ, ਸੁਖਵਿੰਦਰ ਕੌਰ ਕੋਹਾਲਾ ਮੀਤ ਪ੍ਰਧਾਨ, ਰਾਜਵਿੰਦਰ ਕੌਰ ਭੁੱਲਰ, ਪ੍ਰਵੀਨ ਕੌਰ, ਰਾਜ ਕੌਰ ਜਸਰਾਊਰ, ਜਗੀਰ ਕੌਰ ਘੋਗਾ, ਰਜਨੀ ਕੁਮਾਰੀ ਚੜਤੇਵਾਲੀ, ਬਲਵਿੰਦਰ ਕੌਰ ਭਿੰਡੀ ਨੈਣ, ਬੀਬੀ ਸੀਮਾ ਗੁਝਾਪੀਰ, ਬੀਬੀ ਵੀਨਾ ਨਿਪਾਲ ਕਮੇਟੀ ਦੇ ਮੈਂਬਰ ਚੁਣੇ ਗਏ। ਇਸ ਮੌਕੇ ਗੁਰਜੀਤ ਕੌਰ ਜਸਰਾਊਰ, ਸੁਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਬੀਬੀ ਸ਼ਿੰਦੋ, ਮਨਜੀਤ ਕੌਰ ਭੂਰੇਗਿੱਲ, ਗੁਰਦੀਪ ਕੌਰ ਦੁਧਰਾਏ, ਦਲਜੀਤ ਕੌਰ ਕੋਹਾਲਾ, ਸਵਰਨ ਕੌਰ ਆਦਿ ਵੀ ਮੌਜੂਦ ਸਨ।

ਲਾਲ ਝੰਡਾ ਭੱਠਾ ਲੇਬਰ ਯੂਨੀਅਨ ਵੱਲੋਂ ਰੈਲੀ ਤੇ ਮਾਰਚ

ਜੋਧਾਂ, ਲਲਤੋਂ : ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਲੁਧਿਆਣਾ ਦੇ ਸੱਦੇ 'ਤੇ ਭੱਠਿਆਂ 'ਤੇ ਕੰਮ ਕਰਦੇ ਸੈਂਕੜੇ ਮਜ਼ਦੂਰਾਂ ਨੇ ਦਾਣਾ ਮੰਡੀ ਗਿੱਲ ਰੋਡ ਵਿਖੇ ਰੈਲੀ ਕਰਕੇ ਰੋਹ ਭਰਪੂਰ ਮਾਰਚ ਕੀਤਾ। ਇਸ ਮੌਕੇ ਬੋਲਦਿਆਂ ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਅਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਪੰਜਾਬ ਦੇ ਜ. ਸਕੱਤਰ ਸਾਥੀ ਸ਼ਿਵ ਕੁਮਾਰ ਪਾਠਨਕੋਟ ਨੇ ਕਿਹਾ ਕਿ ਭੱਠਿਆਂ 'ਤੇ ਕੰਮ ਕਰ ਰਹੇ ਮਜ਼ਦੂਰ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ 'ਤੇ ਭੱਠਾ ਮਾਲਕਾਂ ਨੇ ਭੱਠਿਆਂ 'ਤੇ ਕਿਰਤ ਕਾਨੂੰਨ ਨਾ ਲਾਗੂ ਕਰਕੇ, ਮਜ਼ਦੂਰਾਂ ਦੀ ਮਿਹਨਤ ਦਾ ਪੂਰਾ ਮੁੱਲ ਨਾ ਦੇ ਕੇ, ਭੱਠਿਆਂ 'ਤੇ ਰਹਿ ਰਹੇ ਮਜ਼ਦੂਰਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰੱਖ ਕੇ ਮਜ਼ਦੂਰਾਂ ਨੂੰ ਗੁਲਾਮਾਂ ਵਰਗੀ ਜ਼ਿੰਦਗੀ ਬਿਤਾਉਣ ਲਈ ਮਜ਼ਬੂਰ ਕੀਤਾ ਹੋਇਆ ਹੈ। ਸਮੇਂ ਦੇ ਹਾਕਮਾਂ 'ਤੇ ਭੱਠਾ ਮਾਲਕਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਸੰਘਰਸ਼ ਦੇ ਮੈਦਾਨ ਵਿਚ ਨਿੱਤਰੀ ਹੋਈ ਹੈ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਚਰਨਜੀਤ ਹਿਮਾਂਯੂੰਪੁਰਾ ਨੇ ਕਿਹਾ ਕਿ ਭੱਠਾ ਮਾਲਕਾਂ ਵੱਲੋਂ ਭੱਠਿਆਂ 'ਤੇ ਮਜ਼ਦੂਰਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ। ਭੱਠਿਆਂ 'ਤੇ ਪਾਖਾਨਿਆਂ ਦਾ ਪ੍ਰਬੰਧ ਨਾ ਹੋਣ ਕਾਰਨ ਮਜ਼ਦੂਰ ਔਰਤਾਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮਜ਼ਦੂਰਾਂ ਨੂੰ ਜਾਨਵਰਾਂ ਵਾਂਗ ਘੁਰਨਿਆਂ ਵਿਚ ਰਹਿਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਨੂੰ ਭੱਠਿਆਂ 'ਤੇ ਮੁੱਢਲੀਆਂ ਸਹੂਲਤਾਂ ਨਾ ਪ੍ਰਦਾਨ ਕੀਤੀਆਂ ਗਈਆਂ ਤਾਂ ਯੂਨੀਅਨ ਆਰ-ਪਾਰ ਦੀ ਲੜਾਈ ਲੜੇਗੀ। ਇਸ ਮੌਕੇ ਪ੍ਰਧਾਨ ਹੁਕਮ ਰਾਜ ਦੇਹੜਕਾ, ਦਲਬਾਰਾ ਸਿੰਘ, ਗੁਰਦੀਪ ਸਿੰਘ ਜਰਖੜ, ਮੇਵਾ ਸਿੰਘ ਖਾਨਪੁਰ, ਮੁਖਤਿਆਰ ਸਿੰਘ ਰਾਮਗੜ੍ਹ ਸਰਦਾਰਾਂ, ਵਿਨੋਦ ਘਨਗਮ, ਰਘਬੀਰ ਸਿੰਘ ਬੈਨੀਪਾਲ, ਜਗਤਾਰ ਚਕੋਹੀ, ਸਤਪਾਲ ਕੂਮ ਕਲਾਂ, ਬੂਟਾ ਸਿੰਘ ਮਾਣੂੰਕੇ, ਦਰਸ਼ਨ ਸਿੰਘ ਕੰਗਣਵਾਲ, ਹਰਬੰਸ ਸਿੰਘ ਘਵੱਦੀ, ਅਮਰਜੀਤ ਸਿੰਘ ਹਿਮਾਂਯੂੰਪੁਰਾ ਅਤੇ ਅਮਰਜੀਤ ਸਿੰਘ ਸਹਿਜਾਦ ਆਦਿ ਨੇ ਵੀ ਸੰਬੋਧਨ ਕੀਤਾ।

ਨਿਰਮਾਣ ਕਾਮਿਆਂ ਬਾਰੇ ਸਰਕਾਰੀ ਪਹੁੰਚ ਨੂੰ ਸੁਪਰੀਮ ਕੋਰਟ ਨੇ ਵੀ ਦੱਸਿਆ ਅਟਕਲਬਾਜ਼ੀ

ਵੱਖੋਂ ਵੱਖ ਰੰਗਾਂ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵੇਲੇ ਅਕਸਰ ਹੀ ਫੰਡਾਂ ਦੀ ਘਾਟ ਜਾਂ ਖਜਾਣਾ ਖਾਲੀ ਹੋਣ ਦੇ ਦੰਭੀ ਰੋਣੇ ਰੋਂਦੀਆਂ ਹਨ। ਉਂਝ ਲੁੱਟ ਅਧਾਰਿਤ ਜਮਾਤੀ ਰਾਜ ਪ੍ਰਬੰਧ ਦੀ ਮਾਮੂਲੀ ਸੋਝੀ ਰੱਖਣ ਵਾਲਾ ਕੋਈ ਵੀ ਇਸ ਗੱਲ ਤੋਂ ਭਲੀਭਾਂਤ ਜਾਣੂੰ ਹੈ ਕਿ ਲੋਕਾਂ ਤੋਂ ਸਹੂਲਤਾਂ/ਸਬਸਿਡੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ 'ਤੇ ਅੰਨ੍ਹੇਵਾਹ ਅਮਲ ਕੀਤੇ ਜਾਣ ਕਰਕੇ ਖੋਹੀਆਂ ਜਾ ਰਹੀਆਂ ਹਨ। ਵੈਸੇ ਇਹੀ ਖਾਲੀ ਖਜਾਨੇ ਦਾ ਢਿੰਡੋਰਾ ਪਿੱਟਣ ਵਾਲੀਆਂ ਸਰਕਾਰਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ 'ਚੋਂ ਅਦਾ ਕੀਤੇ ਟੈਕਸਾਂ ਰਾਹੀਂ ਇਕੱਤਰ ਹੋਏ ਮਾਲੀਏ ਦੀ ਰੱਜ ਕੇ ਦੁਰਵਰਤੋਂ ਕਰਦੀਆਂ ਹਨ। ਮੁੰਬਈ ਵਿਖੇ ਸ਼ਿਵਾ ਜੀ ਅਤੇ ਗੁਜਰਾਤ ਵਿਖੇ ਸਰਦਾਰ ਵੱਲਭ ਭਾਈ ਪਟੇਲ ਦੇ ਬੁੱਤਾਂ 'ਤੇ ਹਜ਼ਾਰਾਂ ਕਰੋੜ ਰੁਪਏ ਦਾ ਕੀਤਾ ਗਿਆ ਖਰਚਾ ਇਸ ਫਿਜੂਲ ਖਰਚੀ ਦੀਆਂ ਉਘੜਵੀਆਂ ਮਿਸਾਲਾਂ ਹਨ। ਅਸੀਂ ਪਾਠਕਾਂ ਦਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੁੰਦੇ ਹਾਂ ਕਿ ਖੁਦ ਲੋਕਾਂ ਦੇ ਵਿੱਤੀ ਯੋਗਦਾਨ ਨਾਲ ਕਾਇਮ ਹੋਏ ਭਲਾਈ ਫੰਡਾਂ ਦੀਆਂ ਰਕਮਾਂ, ਹਕੀਕੀ ਲੋੜਵੰਦਾਂ ਨੂੰ ਵੱਖੋ ਵੱਖ ਸਕੀਮਾਂ ਰਾਹੀਂ ਅਦਾ ਕਰਨ 'ਚ ਇਹ ਸਰਕਾਰਾਂ ਕਿੰਨੀਆਂ ਅਸੰਵੇਦਨਸ਼ੀਲ, ਇਥੋਂ ਤੱਕ ਕਿ ਕਈ ਵਾਰ 'ਅਮਾਨਤ 'ਚ ਖਿਆਨਤ' ਕਰਨ ਵਾਲੀਆਂ ਵੀ ਹੋ ਸਕਦੀਆਂ ਹਨ। ਇਸ ਦੀ ਤਾਜ਼ਾ ਮਿਸਾਲ ਹੈ ਭਾਰਤ ਦੀ ਸਰਵਉਚ ਅਦਾਲਤ ਦੇ ਜਸਟਿਸ ਬੀ.ਲੋਕੁਰ ਅਤੇ ਜਸਟਿਸ ਦੀਪਕ ਗੁਪਤਾ 'ਤੇ ਅਧਾਰਿਤ ਦੋ ਮੈਂਬਰੀ ਬੈਂਚ ਦਾ 19 ਮਾਰਚ, 2018 ਨੂੰ ਆਇਆ ਫ਼ੈਸਲਾ। ਇਹ ਫੈਸਲਾ ਦੇਸ਼ ਦੇ ਕਰੋੜਾਂ ਨਿਰਮਾਣ ਕਾਮਿਆਂ ਦੀ ਹੋਣੀ ਨਾਲ ਸਬੰਧਤ ਹੈ। ਦੋਹਾਂ ਮਾਨਯੋਗ ਜੱਜਾਂ ਨੇ ਉਕਤ ਮਾਮਲੇ ਮਾਮਲੇ 'ਚ ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀ ਸਿਰੇ ਦੀ ਨਿਰਾਸ਼ਾਜਨਕ ਕਾਰਗੁਜਾਰੀ ਬਾਰੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਹਨ। ਦੋਹੇਂ ਜੱਜ ਸਾਹਿਬਾਨ ਨੂੰ ਇੱਥੋਂ ਤੱਕ ਕਹਿਣ ਲਈ ਮਜ਼ਬੂਰ ਹੋਣਾ ਪਿਆ ਕਿ ਦੇਸ਼ ਵਿਚ ਨਿਰਮਾਣ ਕਾਮਿਆਂ ਦੀ ਅਸਲ ਗਿਣਤੀ ਦੇ ਤੁਹਾਡੇ (ਸਰਕਾਰਾਂ) ਵਲੋਂ ਪੇਸ਼ ਕੀਤੇ ਅੰਕੜੇ 'ਅਟਕਲਬਾਜ਼ੀ' ਜਾਂ 'ਤੁੱਕਾ' ਅਧਾਰਤ ਜਾਪਦੇ ਹਨ। ਸਰਕਾਰੀ ਨੁਮਾਇੰਦੇ ਨੇ ਅਦਾਲਤ ਨੂੰ ਜਾਣਕਾਰੀ ਦਿੱਤੀ ਸੀ ਕਿ ਦੇਸ਼ 'ਚ ਕੁਲ 4.5 (ਸਾਢੇ ਚਾਰ) ਕਰੋੜ ਨਿਰਮਾਣ ਕਿਰਤੀ ਹਨ ਜਿਨ੍ਹਾਂ 'ਚੋਂ ਦੋ ਕਰੋੜ ਅੱਸੀ ਲੱਖ (2.8 ਕਰੋੜ) ਰਜਿਸਟਰਡ ਹੋ ਚੁੱਕੇ ਹਨ। ਵਰਣਨਯੋਗ ਹੈ ਕਿ ਨਿਰਮਾਣ ਕਾਮਿਆਂ ਦੀਆਂ ਜੀਵਨ ਹਾਲਤਾਂ 'ਚ ਸੁਧਾਰ ਲਈ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਐਕਟ (ਉਸਰੀ ਕਿਰਤੀਆਂ ਦੀ ਭਲਾਈ ਲਈ ਕਾਨੂੰਨ) ਸੰਨ 1996 'ਚ ਬਣਿਆ ਸੀ ਅਤੇ ਇਸ ਕਾਨੂੰਨ ਨੂੰ ਬਣੇ ਨੂੰ ਪੂਰੇ 22 ਸਾਲ ਹੋ ਚੁੱਕੇ ਹਨ। ਕਾਨੂੰਨ ਦੀਆਂ ਧਾਰਾਵਾਂ ਅਧੀਨ ਹੀ ਇਕ ਕੰਸਟਰਕਸ਼ਨ ਵੈਲਫੇਅਰ ਫੰਡ (ਉਸਾਰੀ ਕਿਰਤੀਆਂ ਦੀ ਭਲਾਈ ਲਈ ਫੰਡ) ਕਾਇਮ ਕੀਤਾ ਗਿਆ ਹੈ। ਇਸ ਫੰਡ ਦੀ ਯੋਗ ਮਾਨੀਟਰਿੰਗ (ਨਿਰਗਾਈ) ਲਈ ਇਕ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ (ਉਸਾਰੀ ਕਿਰਤੀਆਂ ਦੀ ਭਲਾਈ ਲਈ ਬੋਰਡ) ਕਾਇਮ ਕੀਤਾ ਗਿਆ ਹੈ ਜਿਸ ਵਿਚ ਕੁੱਝ ਕੁ ਨੁਮਾਇੰਦਗੀ ਉਸਾਰੀ ਕਿਰਤੀਆਂ ਦੇ ਸੰਗਠਨਾਂ ਨੂੰ ਵੀ ਦਿੱਤੀ ਗਈ। ਪਿਛਲੇ 22 ਸਾਲਾਂ ਤੋਂ ਕਰੋੜਾਂ ਉਸਰੀ ਕਿਰਤੀ ਆਪਣੇ ਖੂਨ ਪਸੀਨੇ ਦੀ ਗਾੜ੍ਹੀ ਕਮਾਈ 'ਚੋਂ ਇਕ ਨਿਸ਼ਚਿਤ ਰਕਮ ਪ੍ਰਤੀ ਮਹੀਨਾ 'ਭਲਾਈ ਫੰਡ' ਕੋਲ ਜਮ੍ਹਾਂ ਕਰਵਾ ਰਹੇ ਹਨ। ਅੱਜ ਤੱਕ ਇਹ ਰਕਮ 37 ਹਜ਼ਾਰ ਕਰੋੜ ਰੁਪਏ ਤੋਂ ਟੱਪ ਚੁੱਕੀ ਹੈ। ਮਾਨਯੋਗ ਜੱਜਾਂ ਨੇ ਸਭ ਤੋਂ ਵਧੇਰੇ ਸਖ਼ਤ ਟਿੱਪਣੀ ਇਸ ਰਕਮ ਦੇ ਯੋਗ ਲਾਭਪਾਤਰੀਆਂ ਨੂੰ ਸਹੂਲਤਾਂ ਦੇਣ ਵਾਲੀਆਂ ਭਲਾਈ ਸਕੀਮਾਂ 'ਚ ਖਰਚ ਕੀਤੇ ਗਏ ਹਨ। ਮਾਨਯੋਗ ਜੱਜਾਂ ਦੇ ਸਰਕਾਰਾਂ (ਕੇਂਦਰੀ ਅਤੇ ਸੂਬਾਈ) ਨੂੰ ਫਿਟਕਾਰਾਂ ਪਾਉਂਦੀਆਂ ਇਹ ਟਿੱਪਣੀ ਕੀਤੀ ਕਿ ''ਸਿਹਤ, ਸੁਰੱਖਿਆ, ਬਿਹਤਰ ਕੰਮ ਹਾਲਤਾਂ ਆਦਿ ਬਾਬਤ ਕਿਰਤੀਆਂ ਨੂੰ ਮਿਲਣ ਵਾਲੀ ਨਿਸ਼ਚਿਤ ਰਾਸ਼ੀ ਸਮੇਂ ਸਿਰ ਨਾ ਮਿਲਣ ਕਰਕੇ ਅਨੇਕਾਂ ਹੀ ਕਿਰਤੀ ਇਸ ਫਾਨੀ ਜਹਾਨ ਤੋਂ ਕੂਚ ਕਰ ਗਏ ਹੋਣਗੇ ਅਤੇ ਕਿੰਨੇ ਹੀ ਬੁਢਾਪੇ ਜਾਂ ਬੀਮਾਰੀਆਂ ਕਰਕੇ ਗੁੰਮਸ਼ੁਦਾ ਹੋ ਗਏ ਹੋਣਗੇ। ਉਸਾਰੀ ਕਿਰਤੀਆਂ ਦੀ ਉਕਤ ਦਸ਼ਾ ਲਈ ਸਰਕਾਰਾਂ ਦੀ ਨਾਲਾਇਕੀ ਅਤੇ ਬੇਲੋੜੇ ਅੜਿੱਕੇ ਜ਼ਿੰਮੇਵਾਰ ਹਨ।'' ਜੱਜ ਸਾਹਿਬਾਨ ਨੇ ਸਮੁੱਚੇ ਪ੍ਰਸ਼ਾਸ਼ਨਿਕ ਤੰਤਰ ਨੂੰ ਇਹ ਸਵਾਲ ਪੁੱਛਿਆ ਕਿ ਤੁਸੀਂ (ਸਰਕਾਰਾਂ) ਰਕਮਾਂ ਲੋਕਾਂ ਨੂੰ ਮੋੜ ਨਹੀਂ ਰਹੇ ਪਰ ਇਕੱਤਰ ਹਾਲੇ ਵੀ ਕਰੀ ਜਾ ਰਹੇ ਹੋ? ਕੋਈ ਇੰਨਾ ਅਸੰਵੇਦਨਸ਼ੀਲ ਕਿਵੇਂ ਹੋ ਸਕਦਾ ਹੈ। ਉਂਝ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਵੱਖੋ ਵੱਖ ਸੂਬਿਆਂ ਵਿਚਲੀਆਂ ਉਚ ਅਦਾਲਤਾਂ ਅਤੇ ਸਰਵਉਚ ਅਦਾਲਤ, ਉਸਾਰੀ ਕਿਰਤੀਆਂ ਨੂੰ ਭਲਾਈ ਸਕੀਮਾਂ ਦੀ ਰਕਮ ਦੀ ਅਦਾਇਗੀ ਉਕਾ ਹੀ ਨਾ ਕਰਨ ਜਾਂ ਦੇਰੀ ਨਾਲ ਕਰਨ ਸਬੰਧੀ ਸਖ਼ਤ ਤੋਂ ਸਖ਼ਤ ਟਿੱਪਣੀ ਕਰ ਚੁੱਕੀਆਂ ਹਨ। ਪਰ ਸਰਕਾਰਾਂ ਦੀ ਢੀਠਤਾ ਦੀ ਵੀ ਹੱਦ ਨਹੀਂ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਸਬੰਧਤ ਸੀ.ਟੀ.ਯੂ. ਪੰਜਾਬ) ਨੇ ਇਸ ਪ੍ਰਸ਼ਾਸ਼ਨਿਕ ਨਾਅਹਿਲੀ ਵਿਰੁੱਧ ਸੰਘਰਸ਼ ਦਾ ਰਾਹ ਅਪਣਾ ਕੇ ਬਿਨਾਂ ਸ਼ੱਕ ਸ਼ਲਾਘਾਯੋਗ ਪਹਿਲ ਕਦਮੀ ਕੀਤੀ ਹੈ। 15 ਤੋਂ 21 ਮਾਰਚ ਤੱਕ ਜਲੰਧਰ ਲੇਬਰ ਕਮਿਸ਼ਨਰ ਦੇ ਦਫਤਰ ਮੂਹਰੇ ਕੀਤਾ ਗਿਆ ਧਰਨਾ/ਪ੍ਰਦਰਸ਼ਨ ਇਕ ਠੋਸ ਸ਼ੁਰੂਆਤ ਕਹੇ ਜਾਣ ਦੀ ਹੱਕਦਾਰ ਹੈ। ਲੋੜ ਹੈ ਇਸ ਸੰਘਰਸ਼ ਨੂੰ ਹੋਰ ਵਿਆਪਕ ਅਤੇ ਪ੍ਰਭਾਵਸ਼ਾਲੀ ਬਨਾਉਣ ਦੀ। ਇਸ ਮੰਤਵ ਲਈ ਨਿਰਮਾਣ ਕਾਮਿਆਂ 'ਚ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਦਾ ਸਾਂਝਾ ਮੰਚ ਅਤੇ ਸਾਂਝੀ ਸਰਗਰਮੀ ਅੱਜ ਦੀ ਸਭ ਤੋਂ ਪਲੇਠੀ ਲੋੜ ਹੈ।

- ਸ਼ਿਵ ਕੁਮਾਰ ਪਠਾਨਕੋਟ

ਬੇਜ਼ਮੀਨੇ ਮਜ਼ਦੂਰਾਂ ਦਾ ਸੰਘਰਸ਼ ਪ੍ਰੋਗਰਾਮ

ਬੇਜ਼ਮੀਨੇ ਪੇਂਡੂ ਮਜ਼ਦੂਰਾਂ, ਜਿਨ੍ਹਾਂ 'ਚ ਭਾਰੀ ਗਿਣਤੀ ਸਦੀਆਂ ਤੋਂ ਅਖੌਤੀ ਉਚ ਜਾਤੀ ਹੰਕਾਰ 'ਚੋਂ ਜਨਮੇ ਜ਼ੁਲਮਾਂ ਦੇ ਠੰਬੇ ਦਲਿਤਾਂ ਦੀ ਹੈ, ਵਿਚ ਕੰਮ ਕਰਦੀਆਂ ਸੂਬੇ ਦੀ ਚਾਰ ਪ੍ਰਤੀਨਿਧ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ, ਇਸ ਸਭ ਤੋਂ ਨਪੀੜੇ ਵਰਗ ਦੀਆਂ ਅਤਿਵਾਜਬਰ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਮੰਚ ਤੋਂ ਪੜਾਅਵਾਰ ਸਾਂਝਾਂ ਫੈਸਲਾਕੁੰਨ ਸੰਘਰਸ਼ ਲੜਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਚਾਰੇ ਜਥੇਬੰਦੀਆਂ ਦੇ ਸੂਬਾਈ ਆਗੂਆਂ ਦੀ 3 ਮਾਰਚ 2018 ਨੂੰ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਦਫਤਰ ਸ਼ਹਦੀ ਸਰਵਣ ਸਿੰਘ ਚੀਮਾ ਭਵਨ ਵਿਖੇ, ਹੋਈ ਸਾਂਝੀ ਮੀਟਿੰਗ ਵਿਚ ਉਕਤ ਮੰਤਵ ਦਾ ਫੈਸਲਾ ਕੀਤਾ ਗਿਆ। ਸਰਵਸੰਮਤੀ ਨਾਲ ਇਕ ਮੰਗ ਪੱਤਰ ਤਿਆਰ ਕੀਤਾ ਗਿਆ ਜੋ ਅਸੀਂ 'ਸੰਗਰਾਮੀ ਲਹਿਰ' ਦੇ ਇਸੇ ਅੰਕ ਵਿਚ ਵੱਖਰਾ ਛਾਪ ਰਹੇ ਹਾਂ। ਮੀਟਿੰਗ ਵਿਚ ਸ਼ਾਮਲ ਆਗੂਆਂ ਵਲੋਂ ਅੱਜ ਦੀ ਮੀਟਿੰਗ ਵਿਚ ਨਾ ਪੁੱਜ ਸਕਣ ਵਾਲੀਆਂ ਬਾਕੀ ਜਥੇਬੰਦੀਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆਦਿ ਨੂੰ ਵੀ ਸਾਂਝੇ ਘੋਲ ਿਵਚ ਸ਼ਾਮਲ ਹੋਣ ਦੀ ਸੰਯੁਕਤ ਅਪੀਲ ਕੀਤੀ ਗਈ। ਉਕਤ ਸਾਂਝੀ ਮੀਟਿੰਗ ਦੇ ਫੈਸਲਿਆਂ ਦੀ ਰੌਸ਼ਨੀ ਵਿਚ, 13 ਮਾਰਚ ਨੂੰ ਸੂਬੇ ਦੇ ਸਭਨਾ ਜ਼ਿਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਸਾਂਝੇ ਵਫਦ ਮਿਲਕੇ ਮੰਗ ਪੱਤਰ ਭੇਜੇ ਜਾ ਚੁੱਕੇ ਹਨ। ਅਸਲ ਵਿਚ ਇਹ ਵੱਡ ਅਕਾਰੀ ਸੰਕੇਤਕ ਰੋਸ ਐਕਸ਼ਨਾਂ ਦਾ ਰੂਪ ਧਾਰਨ ਗਏ। ਚਾਰ ਜਥੇਬੰਦੀਆਂ ਵਲੋਂ ਸਾਂਝੇ ਮੋਰਚੇ ਤੋਂ ਬਾਹਰ ਰਹਿ ਗਈਆਂ ਜਥੇਬੰਦੀਆਂ ਨੂੰ ਮੋਰਚੇ 'ਚ ਸ਼ਾਮਲ ਹੋਣ ਦੀ ਕੀਤੀ ਗਈ ਅਪੀਲ ਦਾ ਹਾਂ ਪੱਖੀ ਹੁੰਗਾਰਾ ਭਰਦਿਆਂ ਕਈ ਥਾਂਈ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਵੀ ਉਪਰੋਕਤ ਸਾਂਝੇ ਵਫ਼ਦਾਂ 'ਚ ਸ਼ਾਮਲ ਹੋਏ। ਅਗਲੇਰੇ ਪੜਾਅ ਦੇ ਸੰਘਰਸ਼ਾਂ ਦੀ ਠੋਸ ਰੂਪ ਰੇਖਾ ਉਲੀਕਣ ਲਈ ਅਗਲੀ ਸਾਂਝੀ ਮੀਟਿੰਗ 10 ਅਪ੍ਰੈਲ ਨੂੰ ਰੱਖੀ ਗਈ ਹੈ। ਸਾਂਝੇ ਘੋਲ ਪ੍ਰਤੀ ਹੇਠਲੇ ਵਰਕਰਾਂ ਵਲੋਂ ਪ੍ਰਗਟਾਈ ਗਈ ਖੁਸ਼ੀ ਨੂੰ ਭਵਿੱਖ ਦੇ ਮਜ਼ਦੂਰ ਅੰਦੋਲਨ ਲਈ ਇਕ ਹਾਂ ਪੱਖੀ ਸ਼ਗਨ ਸਮਝਿਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਦਿਹਾਤੀ ਮਜ਼ਦੂਰ ਸਭਾ ਵਲੋਂ 12 ਅਤੇ 13 ਅਪ੍ਰੈਲ ਨੂੰ ਸੂਬੇ 'ਚ ਹਰੇਕ ਤਹਿਸੀਲ 'ਚ ਡਾਕਟਰ ਭੀਮ ਰਾਓ ਅੰਬੇਡਕਰ ਦਾ ਪ੍ਰੀਨਿਰਵਾਣ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਆਰ.ਐਸ.ਐਸ. ਦੇ ਇਸ਼ਾਰਿਆਂ 'ਤੇ ਕਠਪੁਤਲੀ ਵਾਂਗ ਨੱਚਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਵਲੋਂ ਮੌਜੂਦਾ ਸੰਵਿਧਾਨ ਦੀ ਥਾਂ ਅਤਿ ਪਿਛਾਖੜੀ 'ਮੰਨੂੰ ਸਿਮਰਤੀ' ਲਾਗੂ ਕਰਨ ਦੀ ਗੰਦੀ ਖੇਡ ਖੇਡਣ ਦੇ ਇਰਾਦਿਆਂ ਨੂੰ ਜਗ ਜਾਹਿਰ ਕਰਨਾ ਉਕਤ ਐਕਸ਼ਨਾਂ ਦਾ ਵਿਸ਼ੇਸ਼ ਮਕਸਦ ਹੋਵੇਗਾ। ਇਸ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾਅਤੇ ਸਾਂਝੇ ਮੋਰਚੇ ਦੇ ਮੰਗ ਪੱਤਰਾਂ ਵਿਚਲੀਆਂ ਮੰਗਾਂ ਨੂੰ ਹਰਮਨ ਪਿਆਰੀਆਂ ਬਨਾਉਣ ਲਈ ਵੀ ਉਕਤ ਮਹੱਤਵਪੂਰਨ ਦਿਹਾੜਾ ਮਨਾਇਆ ਜਾਵੇਗਾ। ਨਾਲ ਹੀ ਸਾਂਝੇ ਸੰਘਰਸ਼ ਪ੍ਰੋਗਰਾਮ ਤੋਂ ਹੇਠਲੀਆਂ ਕਮੇਟੀਆਂ ਅਤੇ ਆਮ ਲੋਕਾਂ ਨੂੰ ਜਾਣੂ ਕਰਾਉਣ ਲਈ ਵੀ ਉਕਤ ਦੋ ਦਿਨ ਲੋੜੀਂਦੀ ਸਰਗਰਮੀ ਕੀਤੀ ਜਾਵੇਗੀ। 12 ਅਪ੍ਰੈਲ ਨੂੰ ਬਾਬਾ ਬਕਾਲਾ ਅਤੇ 13 ਅਪ੍ਰੈਲ ਨੂੰ ਜਲੰਧਰ ਵਿਖੇ ਦੋ ਸੈਮੀਨਾਰ ਵੀ ਕੀਤੇ ਜਾਣਗੇ ਜਿਨ੍ਹਾਂ 'ਚ ਉਘੇ ਵਿਦਵਾਨ ਡਾਕਟਰ ਕਰਮਜੀਤ ਸਿੰਘ ਪੇਪਰ ਪੜ੍ਹਣਗੇ। ਦਿਹਾਤੀ ਮਜ਼ਦੂਰ ਸਭਾ ਵਲੋਂ ਛੇਤੀ ਹੀ ਇਕ ਦੁਵਰਕੀ ਅਤੇ ਪੈਂਫਲਿਟ ਵੀ ਛਾਪ ਕੇ ਥੱਲੇ ਤੱਕ ਵੰਡਿਆ ਜਾਵੇਗਾ।

- ਗੁਰਨਾਮ ਸਿੰਘ ਦਾਊਦ

- Posted by Admin