sangrami lehar

ਕੇਰਲ ਵਿਖੇ ਸੀ.ਪੀ.ਆਈ.(ਐਮ) ਦਾ ਕਮਿਊਨਿਸਟ ਵਿਰੋਧੀ ਵਹਿਸ਼ੀ ਕਿਰਦਾਰ

  • 04/03/2018
  • 04:49 PM

ਮਹੀਪਾਲ

ਦੱਖਣ ਦਾ ਖੂਬਸੂਰਤ ਪ੍ਰਦੇਸ਼ ਕੇਰਲਾ, ਅਨੇਕਾਂ ਹਾਂ-ਪੱਖੀ ਕਾਰਨਾਂ ਕਰਕੇ ਸੰਸਾਰ ਭਰ 'ਚ ਜਾਣਿਆ ਜਾਂਦਾ ਹੈ। ਇਸ ਦੀ ਪ੍ਰਸਿੱਧੀ ਦਾ ਇੱਕ ਕਾਰਨ ਇਹ ਹੈ ਕਿ ਇਹ ਇਕਲੌਤਾ ਸੂਬਾ ਹੈ, ਜਿੱਥੇ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਜ਼ਿਆਦਾ ਹੈ। ਇੱਕ ਹੋਰ ਵਿਲੱਖਣ ਤੱਥ ਇਸ ਸੂਬੇ ਨਾਲ ਇਹ ਜੁੜਿਆ ਹੈ ਕਿ ਇੱਥੇ ਸਾਖ਼ਰਤਾ ਦਰ ਭਾਰਤ 'ਚੋਂ ਸੱਭ ਤੋਂ ਉੱਚੀ (ਲੱਗਭਗ ਸੌ ਫ਼ੀਸਦੀ) ਹੈ। ਪੰਜਾਬ ਵਾਂਗ ਇਸ ਸੂਬੇ ਦੇ ਵੀ ਭਾਰੀ ਗਿਣਤੀ ਆਜ਼ਾਦੀ ਸੰਗਰਾਮੀਆਂ ਨੇ 'ਕਾਲੇ ਪਾਣੀਆਂ' ਦੀ ਡਰਾਉਣੀ ਜੇਲ੍ਹ ਦੀ ਕਠੋਰਤਾ ਨੂੰ ਆਪਣੇ ਹੌਂਸਲੇ ਨਾਲ ਪਿਘਲਾਇਆ ਹੈ। ਇੱਥੇ ਹਜਾਰਾਂ ਸਾਲ ਪੁਰਾਣੀਆਂ ਮਸਜ਼ਿਦਾਂ ਅਤੇ ਗਿਰਜਾਘਰ ਮੌਜੂਦ ਹਨ, ਜੋ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਇੱਥੋਂ ਦੇ ਲੋਕਾਂ ਨੇ ਬੜੀ ਖੁਲ੍ਹੱਦਿੱਲੀ ਨਾਲ ਹਰ ਕਿਸਮ ਦੇ ਨਵੇਂ ਅਕੀਦੇ ਅਤੇ ਵਿਚਾਰਾਂ ਦਾ ਸੁਆਗਤ ਕੀਤਾ। ਕੇਰਲਾ ਦੇ ਲੋਕਾਂ ਦੇ ਉੱਚੇ ਬੌਧਿਕ ਪਧੱਰ ਦੀਆਂ ਵੀ ਅਨੇਕਾਂ ਪ੍ਰੇਰਣਾਮਈ ਮਿਸਾਲਾਂ ਹਨ। ਪ੍ਰੰਤੂ ਸਾਡੀ ਜਾਚੇ ਕੇਰਲਾ ਦੀ ਸੱਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਸੂਬਾ ਹਿੰਦੋਸਤਾਨ ਦੀ ਖੱਬੀ ਅਤੇ ਪ੍ਰਗਤੀਵਾਦੀ ਲਹਿਰ ਦਾ ਗੜ੍ਹ ਚੱਲਿਆ ਆ ਰਿਹਾ ਹੈ। ਇਸ ਲਹਿਰ ਨੇ ਭਾਰਤ ਦੀ ਕਮਿਉੂਨਿਸਟ ਲਹਿਰ ਨੂੰ ਅਨੇਕਾਂ ਕੱਦਾਵਰ ਆਗੂ ਬਖ਼ਸ਼ੇ ਜਿਨ੍ਹਾਂ 'ਚ ਕਾਮਰੇਡ ਏਕੇ ਗੋਪਾਲਨ, ਕ੍ਰਿਸ਼ਨਨ ਪਿੱਲਈ, ਈ.ਐਮ ਐਸ ਨੰਬੂਦਰੀਪਦ ਆਦਿ ਪ੍ਰਮੁੱਖ ਹਨ। ਇਸ ਸੂਬੇ ਦੇ ਲੋਕਾਂ ਨੂੰ ਇਹ ਮਾਣ ਵੀ ਹਾਸਲ ਹੈ ਕਿ ਇਨ੍ਹਾਂ ਉਪੱਰ ਦਰਸਾਏ ਆਗੂਆਂ ਦੀ ਅਗਵਾਈ 'ਚ ਸਦੀ ਪਹਿਲਾਂ ਜਾਤੀ-ਪਾਤੀ ਪ੍ਰਥਾ ਖਿਲਾਫ਼ ਜੇਤੂ ਸੰਗਰਾਮ ਲੜੇ, ਜਿਨ੍ਹਾਂ ਦਾ ਇੱਥੋਂ ਦੇ ਜਨ ਜੀਵਨ ਦੇ ਆਰਥਕ-ਰਾਜਸੀ-ਸਮਾਜਕ ਖੇਤਰ 'ਚ ਅੱਜ ਵੀ ਚੋਖਾ ਹਾਂ ਪੱਖੀ ਪ੍ਰਭਾਵ ਕਾਇਮ ਹੈ।
ਪ੍ਰੰਤੂ ਬਦਕਿਸਮਤੀ ਨਾਲ ਅੱਜ ਇਹ ਸੂਬਾ ਬੜੀਆਂ ਦਿਲ ਹਿਲਾਊ ਹਿੰਸਕ ਘਟਨਾਵਾਂ, ਜੋ ਕਿ ਹਰ ਰੋਜ ਵਾਪਰਦੀਆਂ ਹਨ ਅਤੇ ਵਧਦੀਆਂ ਜਾ ਰਹੀਆਂ ਹਨ, ਕਰਕੇ ''ਪ੍ਰਸਿੱਧੀ'' ਬਟੋਰ ਰਿਹਾ ਹੈ। ਇਸ ਤੋਂ ਵੀ ਦੁੱਖਦਾਈ ਤੱਥ ਇਹ ਹੈ ਕਿ ਉਕਤ ਹਿੰਸਕ ਘਟਨਾਵਾਂ ਦੀ ਸੂਤਰਧਾਰ ਇੱਥੋਂ ਦੀ ਸਰਕਾਰ ਖੁਦ ਹੈ। ਅਤੇ ਸਰਕਾਰ ਵੀ ਉਹ ਜੋ ਕਿਰਤੀਆਂ ਦੀ ਬੰਦਖਲਾਸੀ ਦੇ ਜਾਮਨ ਲਾਲ ਝੰਡੇ ਦਾ ਆਪਣੇ-ਆਪ ਨੂੰ ਸੱਭ ਤੋਂ ਵੱਡਾ ਅਲੰਬਰਦਾਰ ਹੋਣ ਦੀ ਸ਼ੇਖ਼ੀ ਬਘਾਰਦੀ ਨਹੀਂ ਥਕੱਦੀ।
ਅੱਗੇ ਵਧਣ ਤੋਂ ਪਹਿਲਾਂ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਹਿੰਸਾ ਆਰ.ਐਸ.ਐਸ ਬਨਾਮ ਸੀ.ਪੀ.ਆਈ.(ਐਮ) ਜਾਂ ਕਾਂਗਰਸ ਦੀ ਅਗਵਾਈ ਵਾਲੇ ਯੂ.ਡੀ.ਐਫ਼. ਬਨਾਮ ਸੀ.ਪੀ.ਆਈ.(ਐਮ) ਨਹੀਂ ਜਿਸ ਦੇ ਚਰਚੇ ਹਰ ਰੋਜ਼ ਹੀ ਹੁੰਦੇ ਹਨ। ਬਲਕਿ ਖੱਬੇ ਪੱਖ ਦੀ ਸੱਭ ਤੋਂ ਵੱਡੀ ਪਾਰਟੀ ਸੀ.ਪੀ.ਆਈ.(ਐਮ) ਦੇ ਸਮਰਥਕਾਂ ਵੱਲੋਂ, ਸੂਬਾ ਸਰਕਾਰ ਦੀ ਕ੍ਰਿਪਾ ਸਦਕਾ ਇੱਕ ਹੋਰ ਖੱਬੇ ਪੱਖੀ ਪਾਰਟੀ ਆਰ.ਐਮ.ਪੀ.ਆਈ. ਦੇ ਖਿਲਾਫ ਕੀਤੀ ਜਾ ਰਹੀ ਹਿੰਸਾ ਹੈ ਜਿਸ ਨੂੰ ਅਸੀਂ ਪਾਠਕਾਂ ਸਨਮੁੱਖ ਰਖੱਣਾ ਚਾਹੁੰਦੇ ਹਾਂ। ਇਸ ਹਿੰਸਾ ਦੀਆਂ ਵੰਨਗੀਆਂ ਕਿਸੇ ਦੀ ਵੀ ਜ਼ਮੀਰ ਨੂੰ ਝੰਜੋੜਣ ਲਈ ਕਾਫ਼ੀ ਹਨ। ਵਿਰੋਧੀਆਂ (ਆਰ.ਐਮ.ਪੀ.ਆਈ.) ਦਾ ਸਮਾਜਕ ਬਾਈਕਾੱਟ, ਨੌਕਰੀਆਂ ਤੋਂ ਇਨਕਾਰ, ਨੌਜਵਾਨਾਂ ਦੇ ਵਿਆਹ-ਸ਼ਾਦੀਆਂ 'ਚ ਰੁਕਾਵਟਾਂ ਖੜ੍ਹੀਆਂ ਕਰਨੀਆਂ, ਚਰਿੱਤਰ ਹਨਨ ਕਰਨਾ, ਧਮਕੀਆਂ, ਹਮਲੇ, ਘਰਾਂ-ਦੁਕਾਨਾਂ ਨੂੰ ਅਤੇ ਵਾਹਨਾਂ ਨੂੰ ਅੱਗ ਲਾਉਣੀ, ਕਤਲ ਦੀਆਂ ਕੋਸ਼ਿਸਾਂ, ਝੂਠੇ ਪੁਲਿਸ ਮੁਕਾਬਲਿਆਂ 'ਚ ਉਲਝਾਉਣਾ ਅਤੇ ਵਹਿਸ਼ੀਆਨਾ ਕਤਲ ਆਮ ਗੱਲ ਬਣ ਚੁੱਕੀ ਹੈ।
ਇਸ ਮਨੁੱਖ ਦੋਖੀ ਵਰਤਾਰੇ ਦੀ ਤਾਜਾ ਮਿਸਾਲ ਬਣੀਆਂ ਹਨ 11 ਫ਼ਰਵਰੀ ਨੂੰ ਕੇਰਲਾ ਸੂਬੇ ਦੇ ਕਾਲੀਕਟ ਜਿਲ੍ਹੇ ਦੇ ਕਸਬੇ ਓਂਚੀਅਮ ਅਤੇ ਨੇੜੇ-ਤੇੜੇ ਦੇ ਪਿੰਡਾਂ-ਕਸਬਿਆਂ 'ਚ ਗਿਣ-ਮਿਥ ਕੇ ਅੰਜਾਮ ਦਿੱਤੀਆਂ ਗਈਆਂ ਹਿੰਸਕ ਘਟਣਾਵਾਂ।
ਓਂਚੀਅਮ ਵਿਖੇ ਆਰ.ਐਮ.ਪੀ.ਆਈ. ਦਫ਼ਤਰ ਵਿੱਚ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੂਬਾ ਸੱਕਤਰ ਸਾਥੀ ਐਨ.ਵੇਣੂੰ ਅਤੇ ਸਾਰੇ ਹਾਜ਼ਰ ਸਾਥੀਆਂ ਉੱਪਰ ਇੱਕ ਭੀੜ ਵੱਲੋਂ ਹਿੰਸਕ ਹਮਲਾ ਕਰ ਦਿੱਤਾ ਗਿਆ। ਅੰਦਰ ਬੈਠੇ ਸਾਥੀਆਂ ਨੇ ਆਪਣੇ ਬਚਾਅ ਲਈ ਅੰਦਰੋਂ ਕੁੰਡੀਆਂ-ਕੁੰਡੇ ਲਾ ਲਏ। ਬਾਹਰੋਂ ਪਥੱਰਾਂ ਦੀ ਬਰਸਾਤ ਹੋਣ ਲੱਗੀ। ਖਿੜਕੀਆਂ ਦਰਵਾਜਿਆਂ 'ਤੇ ਕਿਰਪਾਨਾਂ-ਰਾਡਾਂ ਨਾਲ ਵਾਰ ਕੀਤੇ ਗਏ। ਨੇੜੇ-ਤੇੜੇ ਦੇ ਲੋਕਾਂ 'ਚੋਂ ਜਿਸ ਕਿਸੇ ਵੀ ਇਸ ਵਿਰੁੱਧ ਮੂੰਹ ਖੋਲ੍ਹਿਆ ਉਨ੍ਹਾਂ ਦੀਆਂ ਦੁਕਾਨਾਂ, ਘਰਾਂ, ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਉਕਤ ਸਾਰਾ ਕੁੱਝ ਪੁਲੀਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ । ਪਰ ਜਦੋਂ ਚਾਰ ਚੁਫ਼ੇਰਿਉਂ ਸਥਾਨਕ ਲੋਕਾਂ ਦੇ ਟੈਲੀਫ਼ੋਨ ਖੜਕਣ ਲੱਗੇ ਤਾਂ ਅੱਖਾਂ ਪੂੰਝਣ ਲਈ ਪੁਲੀਸ ਪੁੱਜੀ। ਦਫ਼ਤਰ ਦੇ ਅੰਦਰੋਂ ਸਾਥੀਆਂ ਨੂੰ ਇਹ ਕਹਿ ਕੇ ਦੂਰ-ਦੁਰਾਡੇ ਲੈ ਗਈ ਕਿ ਇੱਥੇ ਤੁਹਾਡੀ ਜਾਨ ਨੂੰ ਖ਼ਤਰਾ ਹੈ। ਪਰ ਉੱਥੇ ਲਿਜਾ ਕੇ ਉਲਟਾ ਇਨ੍ਹਾਂ ਵਿੱਚੋਂ ਹੀ 14 ਸਾਥੀਆਂ 'ਤੇ ਇਰਾਦਾ ਕਤਲ, ਨਾਜਾਇਜ਼ ਅਸਲੇ ਆਦਿ ਨਾਲ ਸਬੰਧਤ ਧਾਰਾਵਾਂ ਲਾਕੇ ਮੁਕੱਦਮੇ ਦਰਜ ਕਰਕੇ ਜੇਲ੍ਹੀਂ ਸੁੱਟ ਦਿੱਤਾ। ਜਦਕਿ ਪਾਰਟੀ ਦਫ਼ਤਰ 'ਤੇ ਹਮਲਾ ਕਰਨ ਵਾਲਿਆਂ 'ਚੋਂ ਇੱਕ ਵੀ ਪੁਲੀਸ ਦੇ ''ਹੱਥ ਨਾਂ ਲੱਗਾ''। ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ, ਕਿ ਉਕਤ ਹਮਲਾ ਸਾਥੀ ਐਨ.ਵੇਣੂੰ ਨੂੰ ਕਤਲ ਕਰਨ ਲਈ ਕੀਤਾ ਗਿਆ ਸੀ। ਆਰ.ਐਮ.ਪੀ.ਆਈ ਦੀ ਨੌਜਵਾਨ ਸ਼ਾਖਾ ''ਰੈਵੋਲਿਉੂਸ਼ਨਰੀ ਯੂਥ'' ਦੇ ਮੈਂਬਰ ਨਿਖਿਲ ਅਤੇ ਉਸ ਦੀ ਬਜੁਰਗ ਮਾਤਾ ਕੁਨੀਯੀਲ ਪਰੀਤਾ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਹ ਅੱਜੇ ਵੀ ਸਥਾਨਕ ਹਸਪਤਾਲ ਵਿੱਚ ਇਲਾਜ਼ ਲਈ ਦਾਖਲ ਹਨ।
ਇਹੋ ਹਾਲ ਆਰ.ਐਮ.ਪੀ.ਆਈ. ਇਲਾਕਾ ਕਮੇਟੀ ਦੇ ਸਕੱਤਰ ਸਾਥੀ ਕੇ.ਕੇ ਜੈਯਨ ਅਤੇ ਕਮੇਟੀ ਮੈਂਬਰ ਗੋਪਾਲਨ ਦਾ ਵੀ ਕੀਤਾ ਗਿਆ।
ਇਨ੍ਹਾਂ ਸਾਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਆਟੋ ਡਰਾਈਵਰ ਕੇ.ਚੰਦਰਨ ਦੇ ਦੋਹੇਂ ਗੁੱਟ ਹੀ ਨਹੀਂ ਤੋੜੇ ਗਏ ਬਲਕਿ ਉਸ ਦੇ ਆਟੋ ਅਤੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਅੱਗ ਕਿਧਰੇ ਸਾਰੇ ਇਲਾਕੇ ਦੇ ਘਰਾਂ ਨੂੰ ਹੀ ਨਾ ਝੁਲਸਾ ਦੇਵੇ, ਇਹ ਸੋਚ ਕੇ ਕਿਸੇ ਨੇ ਅੱਗ ਬੁਝਾਉ ਵਿਭਾਗ ਨੂੰ ਫੋਨ ਕਰ ਦਿੱਤਾ। ਅੱਗਾਂ ਲਾਉਣ ਵਾਲਿਆਂ ਨੇ ਫ਼ਾਇਰ ਬ੍ਰਿਗੇਡ ਦਸਤੇ ਨੂੰ ਵੀ ਆਪਣਾ ਫ਼ਰਜ਼ ਨਿਭਾਉਣ ਤੋਂ ਰੋਕਦਿਆਂ ਗੰਭੀਰ ਸਿੱਟੇ ਭੁਗਤਨ ਦੀ ਧਮਕੀ ਦਿੱਤੀ।
ਇਨ੍ਹਾਂ ਹੀ ਨਹੀਂ, ਓਂਚੀਅਮ ਇਲਾਕੇ ਵਿੱਚ ਸਾਰੇ ਪਾਰਟੀ ਵਰਕਰਾਂ ਦੇ ਘਰਾਂ, ਹਮਦਰਦਾਂ ਦੀਆਂ ਦੁਕਾਨਾਂ, ਵਾਹਨਾਂ ਨੂੰ ਗਿਣ-ਮਿਥ ਕੇ ਨੁਕਸਾਨਿਆ ਗਿਆ। ਆਰ.ਐਮ.ਪੀ.ਆਈ. ਦੀਆਂ ਮੀਟਿੰਗਾਂ ਪ੍ਰੋਗਰਾਮਾਂ 'ਚ ਜਾਣ 'ਤੇ ਜਾਨੋਂ ਮਾਰ ਦੇਣ ਜਾਂ ਮੁੰਕਮਲ ਅਪਾਹਿਜ਼ ਕਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਹੱਦ ਤਾਂ ਇੱਥੋਂ ਤੱਕ ਹੋ ਗਈ ਕਿ ਸਥਾਨਕ ਹਸਪਾਤਲ 'ਚੋਂ ਬਿਹਤਰ ਇਲਾਜ਼ ਲਈ ਰੈਫ਼ਰ ਕੀਤੇ ਗਏ ਜਖ਼ਮੀਆਂ ਨੂੰ ਵਡਕਰਾ ਹਸਪਤਾਲ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਰੋਕਣ ਦੀ ਘਿਨਾਉਣੀ ਕੋਸ਼ਿਸ਼ ਕੀਤੀ ਗਈ। ਨਾ ਕੇਵਲ ਓਂਚੀਅਮ ਕਸਬੇ, ਕਾਲੀਕੱਟ ਜਿਲ੍ਹੇ ਬਲਕਿ ਸਮੁੱਚੇ ਕੇਰਲਾ ਦੇ ਲੋਕ ਇਸ ਤਕਲੀਫ਼ਦੇਹ ਸੱਚ ਤੋਂ ਜਾਣੂੰ ਹਨ ਕਿ ਉਪਰੋਕਤ ਹਿੰਸਕ ਘਟਨਾਵਾਂ ਨੂੰ ਸਰਅੰਜ਼ਾਮ ਦੇਣ ਵਾਲੇ ਸਾਰੇ ਲੋਕ ਸੀ.ਪੀ.ਆਈ.(ਐਮ) ਨਾਲ ਸਬੰਧਤ ਹਨ। ਸੂਬੇ ਦੇ ਮੁੱਖ ਮੰਤਰੀ ਪਿਨਰਈ ਵਿਜਯਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਪੁਲੀਸ ਦੀ ਕਾਰਗੁਜਾਰੀ ਬਾਰੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ। ਹਿੰਸਾ ਲਈ ਜਿੰਮੇਵਾਰਾਂ ਵਿਰੁੱਧ ਕਾਰਵਾਈ ਕਰਨ ਦੀ ਤਾਂ ਉਨ੍ਹਾਂ ਤੋਂ ਹੁਣ ਕੋਈ ਆਸ ਹੀ ਨਹੀਂ ਕਰਦਾ।
ਸੀ.ਪੀ.ਆਈ. (ਐਮ) ਦੇ ਉੱਚ ਆਗੂਆਂ ਨੇ ਬੜੀ ਢੀਠਤਾਈ ਨਾਲ ਉਪਰੋਕਤ ਹਮਲਿਆਂ ਨੂੰ ''ਆਰ.ਐਮ.ਪੀ.ਆਈ. ਅਤੇ ਸੀ.ਪੀ.ਆਈ. (ਐਮ)  ਦੇ ਸਥਾਨਕ ਵਰਕਰਾਂ ਦਰਮਿਆਨ ਹੋਇਆ'' ਦੰਗਾ ਕਰਾਰ ਦੇ ਦਿੱਤਾ। ਅਸੀਂ ਸੁਹਿਰਦ ਪਾਠਕਾਂ ਨਾਲ ਬੜੀ ਸਾਫ਼ਦਿੱਲੀ ਸਹਿਤ ਇਹ ਤੱਥ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਆਰ.ਐਮ.ਪੀ.ਆਈ. ਦੀ ਜੱਥੇਬੰਦਕ ਸ਼ਕਤੀ ਸੀ.ਪੀ.ਆਈ (ਐਮ) ਦੇ ਮੁਕਾਬਲੇ ਕੇਰਲਾ ਵਿੱਚ ਬਹੁਤ ਹੀ ਘੱਟ ਹੈ। ਅਸੀਂ ਇੰਨੀ ਵੱਡੀ ਪਾਰਟੀ ਨਾਲ ਝੜਪਾਂ ਕਰਨ ਜਾਂ ਦੰਗਾ ਕਰਨ ਕਾਬਲ ਨਹੀਂ ਹਾਂ। ਦੂਜੀ ਗੱਲ ਕੇਰਲਾ 'ਚ ਇਸ ਵੇਲੇ ਸੀ.ਪੀ.ਆਈ.(ਐਮ) ਦੀ ਹਕੂਮਤ ਹੈ। ਇਸ ਹਕੂਮਤ ਦਾ ਨਸ਼ਾ ਰਾਜ ਕਰਦੀ ਪਾਰਟੀ ਦੇ ਸ਼ਿਸ਼ਕਾਰੇ ਗੈਰ ਸਮਾਜੀ ਅਨਸਰਾਂ ਦੇ ਸਿਰ ਚੜ੍ਹ ਕੇ ਨੱਚ ਰਿਹਾ ਹੈ। ਇਹ ਅਨਸਰ ਸਾਨੂੰ ਤਾਂ ਆਪਣੀਆਂ ਰਾਜਸੀ ਸਰਗਰਮੀਆਂ ਵੀ ਨਹੀਂ ਕਰਨ ਦੇ ਰਹੇ। 10 ਫ਼ਰਵਰੀ ਨੂੰ ਅਸੀਂ ਆਪਣੇ ਯੂਥ ਵਿੰਗ (ਰੈਵੋਲਿਊਸ਼ਨਰੀ ਯੂਥ) ਵੱਲੋਂ ਇੱਕ ਪ੍ਰਭਾਵਸ਼ਾਲੀ ਸਭਾ ਕੀਤੀ ਸੀ। ਉਸ ਸਭਾ ਵਿੱਚ ਸਾਡੇ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਖਿਲਾਫ਼, ਸੰਘ ਪ੍ਰੀਵਾਰ ਵੱਲੋਂ ਕੀਤੇ ਜਾ ਰਹੇ ਕਤਲੇਆਮ ਅਤੇ ਘਰੋਗੀ ਜੰਗ ਦੇ ਵਾਤਾਵਾਰਣ ਤੇ ਫ਼ਿਰਕੂ ਹਿੰਸਾ ਵਿਰੁੱਧ ਲੋਕਾਂ, ਖਾਸ ਕਰ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਆਪਣਾ ਫ਼ਰਜ ਅਦਾ ਕੀਤਾ ਸੀ। ਅਸੀਂ ਨਾਲ ਹੀ ਕੇਰਲਾ, ਜੋ ਜਮਹੂਰੀ ਲਹਿਰ ਦੇ ਕਿਲ੍ਹੇ ਵਜੋਂ ਸੰਸਾਰ ਪ੍ਰਸਿੱਧ ਹੈ, ਦੀ ਹਿੰਸਕ ਘਟਨਾਵਾਂ ਕਰਕੇ ਦੇਸ਼ ਵਿਦੇਸ਼ 'ਚ ਹੋ ਰਹੀ ਬਦਨਾਮੀ 'ਤੇ ਵੀ ਉਂਗਲ ਧਰੀ ਸੀ। ਅਸੀਂ ਇਹ ਵੀ ਕਿਹਾ ਸੀ ਕਿ ਕੇਰਲਾ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ 'ਤੇ ਅਨੇਕਾਂ ਪੱਖਾਂ ਤੋਂ ਹੂਬਹੂ ਅਮਲ ਕਰ ਰਹੀ ਹੈ। 11 ਫ਼ਰਵਰੀ ਨੂੰ ਸਾਡੇ ਖਿਲਾਫ਼ ਹੋਈਆਂ ਹਿੰਸਕ ਜਾਨਲੇਵਾ ਘਟਨਾਵਾਂ ਸਾਨੂੰ ਸਾਡੇ ਇਸੇ ''ਗੁਨਾਹ'' ਦੀ ਸਜ਼ਾ ਦੇਣ ਲਈ ਜਾਨਬੁੱਝ ਕੇ ਕੀਤੀਆਂ ਗਈਆਂ ਸਨ। ਲਗਦੇ ਹੱਥ ਅਸੀਂ ਸੁਹਿਰਦ ਪਾਠਕਾਂ ਨੂੰ ਇਹ ਵੀ ਜਰੂਰ ਦਸੱਣਾ ਚਾਹਾਂਗੇ ਕਿ ਇਹ ਸਾਡੇ ਖਿਲਾਫ਼ ਕੀਤਾ ਗਿਆ ਕੋਈ ਪਹਿਲਾ ਹਮਲਾ ਨਹੀਂ ਹੈ। ਇਹ ਕੁਲਹਿਣਾ ਵਰਤਾਰਾ ਸਾਡੇ ਕੇਰਲਾ ਦੇ ਸਾਥੀ ਹਰ ਰੋਜ਼ ਆਪਣੇ ਹੱਡੀਂ ਹੰਢਾਅ ਰਹੇ ਹਨ। ਸਾਡੀ ਪਾਰਟੀ ਦੀ ਕੇਰਲਾ ਵਿਖੇ ਨੀਂਹ ਰਖੱਣ ਵਾਲੇ ਸਾਥੀ ਟੀ.ਪੀ.ਚੰਦਰਸ਼ੇਖ਼ਰਨ ਨੂੰ 4 ਮਈ 2012 ਨੂੰ ਜਾਲਿਮਾਨਾਂ ਢੰਗਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਉਸ ਘ੍ਰਿਣਤ ਕਤਲ ਵਿੱਚ ਸੀ.ਪੀ.ਆਈ.(ਐਮ) ਨਾਲ ਸਬੰਧਤ ਗੁਰਗਿਆਂ ਨੂੰ ਮਾਨਯੋਗ ਅਦਾਲਤ ਵਲੋਂ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ। ਕੇਰਲਾ 'ਚ ਆਪਣੀ ਪਾਰਟੀ ਦੀ ਸਰਕਾਰ ਹੋਣ ਕਰਕੇ ਇਹ ''ਭੱਦਰਪੁਰਸ'' ਅੱਜ ਕੱਲ ਪੈਰੋਲ (ਛੁੱਟੀ) 'ਤੇ ਆਏ ਹੋਏ ਹਨ। ਇਹ ਬੇਰਹਿਮ ਕਾਤਲ ਨਾ ਕੇਵਲ ਸੀ.ਪੀ.ਆਈ.(ਐਮ) ਨਾਲ ਸਬੰਧਤ ਉੱਚ ਆਗੂਆਂ ਦੇ ਵਿਆਹਾਂ ਸ਼ਾਦੀਆਂ 'ਚ ਸ਼ਾਮਲ ਹੋ ਰਹੇ ਹਨ ਬਲਕਿ ਜਨਤਕ ਤੇ ਸਿਆਸੀ ਸਰਗਰਮੀਆਂ 'ਚ ਵੀ ਭਰਵਾਂ ''ਯੋਗਦਾਨ'' ਪਾ ਰਹੇ ਹਨ। ਉਕਤ ਸਾਰੇ ਕੁੱਝ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਵੀਡੀਉ ਕਲਿਪਿੰਗਜ਼ ਸੋਸ਼ਲ ਮੀਡੀਆ 'ਤੇ ਇੰਨ੍ਹੀ ਦਿਨੀਂ ਆਮ ਹੀ ਦੇਖੀਆਂ ਜਾ ਸਕਦੀਆਂ ਹਨ।
ਅੱਗੇ ਸਭ ਤੋਂ ਘਿਨੌਣਾ ਪੱਖ ਅਸੀਂ ਬਹੁਤ ਹੀ ਭਰੇ ਮਨ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਪਾਠਕਾਂ ਨੂੰ ਯਾਦ ਹੋਵੇਗਾ ਉਹ ਖੂਬਸੂਰਤ, ਜ਼ਹੀਨ ਬੱਚੀ ਗੁਰਮਿਹਰ ਕੌਰ ਜਿਸ ਨੇ ਆਪਣੇ ਸ਼ਹੀਦ ਫੌਜੀ ਪਿਤਾ ਦੀ ਫੋਟੇ ਹੱਥਾਂ 'ਚ ਲੈ ਕੇ ਮਨੁੱਖ ਮਾਰੂ ਜੰਗਾਂ ਅਤੇ ਜੰਗਸਾਜ ਖੂਨੀ ਭੇੜੀਆਂ ਵਿਰੁੱਧ ਬੜੀ ਹੀ ਜ਼ਜਬਾਤੀ ਪਰ ਸੰਤੁਲਿਤ ਟਿੱਪਣੀ ਕੀਤੀ ਸੀ। ਪਰ ਸੰਘ ਪਰਿਵਾਰ ਦੇ ਤਨਖਾਹਦਾਰ ਸਾਈਬਰ ਗੁੰਡਿਆਂ ਨੇ ਇਸ ਟਿੱਪਣੀ ਨੂੰ ਲੈ ਕੇ ਉਸ ਮਲੂਕ ਜਿਹੀ ਧੀ ਵਿਰੁੱਧ ਅਸ਼ਲੀਲ ਟਿੱਪਣੀਆਂ, ਗੰਦੀਆਂ ਗਾਲ੍ਹਾਂ, ਬਲਾਤਕਾਰ ਦੀਆਂ ਧਮਕੀਆਂ ਦਾ ਹੜ੍ਹ ਲਿਆ ਦਿੱਤਾ ਸੀ। ਇਹ ਸਾਈਬਰ ਬੁਰਛਾਗਰਦ ਤਾਂ ਇਸ ਬੱਚੀ ਨੂੰ ਕਤਲ ਕਰ ਦੇਣ ਦੀ ਧਮਕੀ ਦੇਣ ਤੱਕ ਵੀ ਪੁੱਜ ਗਏ ਸਨ। ਇਹ ਭਾੜੇ ਦੇ ''ਮੋਬਾਈਲ ਫੋਨ ਜੰਗਜੂ'' ਅਜਿਹਾ ਹੀ ਕੁੱਝ ਬਰਖਾ ਦੱਤ, ਸ਼ਹਿਲਾ ਰਾਸ਼ਿਦ, ਅਰੂੰਧਤੀ ਰਾਇ, ਗੌਰੀ ਲੰਕੇਸ਼ ਆਦਿ ਅਨੇਕਾਂ ਬਹਾਦਰ ਔਰਤਾਂ ਨਾਲ ਵੀ ਕਰਦੇ ਰਹੇ ਹਨ। ਆਪਣੇ ਵਿਰੁੱਧ ਲਿਖਣ ਵਾਲੀਆਂ ਮਹਿਲਾਂ ਪੱਤਰਕਾਰਾਂ ਨੂੰ ਸੰਘੀ ਬੇਸ਼ਰਮ ਅਕਸਰ ਹੀ 'ਰੰਡੀ' ਵਰਗੇ ਅਸੱਭਿਅਕ ਸ਼ਬਦਾਂ ਨਾਲ ਪੁਕਾਰਦੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ''ਸੋਸ਼ਲ ਮੀਡੀਆ ਮਿਲੀਸ਼ੀਆ'' ਦੀ ਕਮਾਨ ਉਚ ਭਾਜਪਾ ਆਗੂਆਂ ਦੇ ਹੱਥਾਂ ਵਿਚ ਹੈ ਅਤੇ ਇਨ੍ਹਾਂ ਭਾੜੇ ਦੇ ਟੱਟੂਆਂ ਦੀ ਗਿਣਤੀ ਬੇਸ਼ੁਮਾਰ ਹੈ।
êਰ ਸੀ.ਪੀ.ਆਈ.(ਐਮ) ਦੇ ਆਗੂ, ਵਰਕਰ, ਹਮਦਰਦ ਹੋਣ ਦਾ ਦਮ ਭਰਨ ਵਾਲੇ ਜੇ ਅਜਿਹਾ ਕੁੱਝ ਕਰਨ ਤਾਂ ਇਹ ਕਿਸੇ ਲਈ ਵੀ ਡਾਢੀ ਬੇਯਕੀਨੀ ਅਤੇ ਹੈਰਾਨੀ ਵਾਲੀ ਗੱਲ ਹੋਵੇਗੀ। ਪਰ ਬਦਕਿਸਮਤੀ ਨੂੰ ਇਹ ਗੱਲ ਸੌ ਫੀਸਦੀ ਸੱਚ ਹੈ। ਆਰ.ਐਮ.ਪੀ.ਆਈ. ਨਾਲ ਸਬੰਧਤ ਪਰਿਵਾਰਾਂ ਦੀਆਂ ਮਹਿਲਾਵਾਂ ਅਤੇ ਬੱਚੀਆਂ ਆਏ ਦਿਨ ਇਸ ਅਸੱਭਿਅਕ ਵਤੀਰੇ ਦਾ ਸ਼ਿਕਾਰ ਬਣ ਰਹੀਆਂ ਹਨ। ਅਤੇ ਸ਼ਿਕਾਰੀ (Hounds) ਉਹ ਹਨ ਜੋ ਆਪਣੇ ਆਪ ਨੂੰ ਦੇਸ਼ ਦੀ ਸਭ ਤੋਂ ਵੱਡੀ ਖੱਬੀ ਸਿਆਸੀ ਪਾਰਟੀ ਸੀ.ਪੀ.ਆਈ.(ਐਮ) ਦੇ 'ਜੁਝਾਰ' ਕਹਾਉਂਦੇ ਹਨ। ਇਸ ਘੋਰ ਜਗੀਰੂ ਮਾਨਸਿਕਤਾ ਦਾ ਸ਼ਿਖਰਲਾ ਪ੍ਰਦਰਸ਼ਨ ਉਦੋਂ ਹੋਇਆ ਜਦੋਂ ਸੀ.ਪੀ.ਆਈ.(ਐਮ) ਦੇ ਅਨੇਕਾਂ ਕਾਰਕੁੰਨਾਂ ਨੇ ਗੁਲਾਬੀ ਪਹਿਰਾਵਾ (ਪਿੰਕ ਮੈਕਸੀਜ਼) ਪਾ ਕੇ ਓਂਚੀਅਮ 'ਚ ਆਪਣੇ ਮੂੰਹਾਂ 'ਤੇ ਸ਼ਹੀਦ ਸਾਥੀ ਚੰਦਰਸ਼ੇਖਰਨ ਦੀ ਜੀਵਨ ਸਾਥਨ ਕਾਮਰੇਡ ਕੇ.ਕੇ. ਰੇਮਾ ਦੇ ਮੁਖੌਟੇ (ਮਾਸਕ) ਲਗਾ ਕੇ ਉਸਨੂੰ ਨਖਿੱਧ ਪੇਸ਼ੇ ਦੀ ਦਰਸਾਉਣ ਦਾ ਕੋਝਾ ਵਿਖਾਵਾ ਕੀਤਾ। ਆਪਣੇ ਆਪ ਨੂੰ ਨਾਰੀ ਅਧਿਕਾਰਾਂ ਦੀ ਸਭ ਤੋਂ ਵੱਡੀ ਝੰਡਾਬਰਦਾਰ ਕਹਾਉਣ ਵਾਲੀ ਸੀ.ਪੀ.ਆਈ.(ਐਮ) ਦੀ ਹੇਠਾਂ ਤੋਂ ਲੈ ਕੇ ਸਿਖ਼ਰ ਤੱਕ ਦੀ ਲੀਡਰਸ਼ਿਪ ਨੇ ਇਸ ਕੋਝੀ ਹਰਕਤ ਦਾ ਮੂਕ ਸਮਰਥਨ ਕੀਤਾ। ਅੱਜ ਵੀ ਕਾਮਰੇਡ ਕੇ.ਕੇ. ਰੇਮਾ, ਜੋ ਕਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦੀ ਕੇਂਦਰੀ ਕਮੇਟੀ ਦੀ ਮੈਂਬਰ ਰਹੀ ਹੈ ਤੇ ਜਿਸ ਦਾ ਸਮੁੱਚਾ ਪੇਕਾ ਪਰਿਵਾਰ ਸੀ.ਪੀ.ਆਈ.(ਐਮ) ਨਾਲ ਜੁੜਿਆ ਰਿਹਾ ਹੈ, ਵਿਰੁੱਧ ਸੀ.ਪੀ.ਆਈ.(ਐਮ) ਦੇ ਇਹ 'ਬਹਾਦਰ' ਐਨ ਸੰਘੀਆਂ ਦੇ ਨਕਸ਼ੇਕਦਮ 'ਤੇ ਚਲਦਿਆਂ ਘਟੀਆ, ਅਸ਼ਲੀਲ ਅਤੇ ਇਤਰਾਜਯੋਗ ਪ੍ਰਚਾਰ (Trolling) ਸੋਸ਼ਲ ਮੀਡੀਆ 'ਤੇ ਚਲਾ ਰਹੇ ਹਨ। ਇਹ ਕਿਆਸ ਕਰਨਾ ਵੀ ਮੂਰਖਤਾ ਹੋਵੇਗੀ ਕਿ ਸੀ.ਪੀ.ਆਈ.(ਐਮ) ਦੇ ਤ੍ਰਿਵੇਂਦਰਮ ਅਤੇ ਦਿੱਲੀ ਵਾਲੇ 'ਪ੍ਰਭੂਆਂ' ਨੇ ਇਹ ਗੰਦੀ ਮੁਹਿੰਮ ਦੇਖੀ ਨਾ ਹੋਵੇ। ਪਰ ਇਸ ਨੂੰ ਰੋਕਣ ਦਾ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ। ਕੀ ਦੇਸੀ ਬਦੇਸ਼ੀ ਬਹੁਭਾਸ਼ਾਈ ਮੀਡੀਆ ਸਾਹਮਣੇ ਫਰਾਟੇਦਾਰ ਗੱਲਾਂ ਕਰਨ ਵਾਲੀਆਂ ਇਸ ਪਾਰਟੀ ਦੀਆਂ ਮਹਿਲਾਂ ਆਗੂਆਂ ਨੇ ਵੀ ਉਕਤ ਕੂੜ ਪ੍ਰਚਾਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ?
êਾਠਕਾਂ ਨੂੰ ਭਲੀਭਾਂਤ ਗਿਆਨ ਹੈ ਕਿ ਸੰਘ ਪਰਿਵਾਰ ਅਤੇ ਭਾਜਪਾ ਆਪਣੇ ਵਿਚਾਰਧਾਰਕ ਤੇ ਸਿਆਸੀ ਵਿਰੋਧੀਆਂ ਨੂੰ ਗੱਲ ਗੱਲ 'ਤੇ ਰਾਸ਼ਟਰ ਵਿਰੋਧੀ (Anti-national) ਗਰਦਾਨ ਦਿੰਦੇ ਹਨ। ਠੀਕ ਇਸੇ ਤਰਜ਼ 'ਤੇ ਕੇਰਲਾ ਦੇ ਮੁੱਖ ਮੰਤਰੀ, ਜੋ ਕਿ ਸੀ.ਪੀ.ਆਈ.(ਐਮ) ਦੀ ਪੋਲਿਟ ਬਿਊਰੋ ਦੇ ਮੈਂਬਰ ਵੀ ਹਨ, ਆਪਣੇ ਸਿਆਸੀ ਸ਼ਰੀਕਾਂ ਨੂੰ ਮਲਿਆਲਮ ਭਾਸ਼ਾ ਵਿਚ ''ਕੁਲਮਕੁੱਥੀ'' (Kulamkuthi) ਭਾਵ ਗੱਦਾਰਾਂ (Traitors) ਦਾ ਦਰਜ਼ਾ ਦਿੰਦੇ ਹਨ। ਇਹ ਤਿੱਖੀ ਭਾਸ਼ਾ ਆਪਣੇ ਲੱਠਮਾਰਾਂ ਨੂੰ ਇਸ ਗੱਲ ਦਾ ਇਸ਼ਾਰਾ ਹੈ ਕਿ ਵਿਰੋਧੀਆਂ ਨੂੰ ''ਮੱਤ'' ਸਿਖਾਓ।
ਉਂਝ ਕੇਰਲਾ 'ਚ ਆਏ ਦਿਨ ਸੀ.ਪੀ.ਆਈ.(ਐਮ) ਅਤੇ ਆਰ.ਐਸ.ਐਸ. ਤੇ ਸੀ.ਪੀ.ਆਈ.(ਐਮ) ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂ.ਡੀ.ਐਫ. ਦਰਮਿਆਨ ਟਕਰਾਅ ਹੁੰਦੇ ਰਹਿੰਦੇ ਹਨ। ਜਿਸ 'ਚ ਜਾਨਾਂ ਅਜਾਂਈਂ ਜਾਣਾ ਆਮ ਗੱਲ ਹੈ। ਅਸੀਂ ਹਰ ਕਿਸਮ ਦੀ ਸਿਆਸੀ ਹਿੰਸਾ ਦੇ ਮੁਖਾਲਫ਼ ਹਾਂ। ਪਰ ਇਹ ਵੀ ਇਕ ਸੱਚਾਈ ਹੈ ਕਿ ਉਪਰ ਦੱਸੇ ਦੋਹੇ ਟਕਰਾਉ ਬਰਾਬਰੀ ਦਾ ਮਸਲਾ ਹਨ। ਨਾ ਆਰ.ਐਸ.ਐਸ. ਕੋਲ ਕਾਡਰ ਅਤੇ ਸੰਸਾਧਨਾਂ ਦੀ ਘਾਟ ਹੈ, ਨਾ ਕਾਂਗਰਸ ਕੋਲ ਅਤੇ ਨਾ ਹੀ ਸੀ.ਪੀ.ਆਈ.(ਐਮ) ਕੋਲ। ਪਰ ਆਰ.ਐਮ.ਪੀ.ਆਈ. ਦੇ ਮਾਮਲੇ ਵਿਚ ਅਜਿਹਾ ਨਹੀਂ ਹੈ। ਪਰ ਸੀ.ਪੀ.ਆਈ.(ਐਮ) ਦੇ ''ਸਾਥੀ'' ਸਭ ਤੋਂ ਮਾਰੂ ਹੱਲੇ ਸਾਡੇ 'ਤੇ ਕਰ ਰਹੇ ਹਨ। ਜਿਵੇਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ  ਜੇ.ਐਨ.ਯੂ. ਵਿਦਿਆਰਥੀ ਆਗੂ ਕਨ੍ਹਈਆ ਕੁਮਾਰ 'ਤੇ ਹਮਲਾ ਕਰਨ ਵਾਲਿਆਂ ਨੂੰ ਨਾਲ ਲਈ ਫਿਰਦੇ ਹਨ, ਉਵੇਂ ਹੀ ਕੇਰਲਾ ਸਰਕਾਰ ਦੇ ਕਰਤੇ-ਧਰਤੇ ਸਾਡੇ ਸੰਸਥਾਪਕ ਸਾਥੀ ਟੀ.ਪੀ. ਚੰਦਰਸ਼ੇਖਰਨ ਦੇ ਕਾਤਲਾਂ ਨੂੰ ਪੈਰੋਲ 'ਤੇ ਲਿਆ ਕੇ ''ਵੀਆਈਪੀ ਟਰੀਟਮੈਂਟ'' ਦੇ ਰਹੇ ਹਨ।
ਉਕਤ ਸਾਰੇ ਵਰਤਾਰੇ ਨੂੰ ਹੋਰ ਬਰੀਕੀ ਨਾਲ ਸਮਝਣ ਲਈ ਆਓ ਇਕ ਤਾਜ਼ਾ ਘਟਣਾ ਦੀ ਚਰਚਾ ਕਰੀਏ। ਬੀਤੇ ਦਿਨੀਂ 24 ਸਾਲਾਂ ਦੇ ਇਕ ਮਲਿਆਲੀ ਨੌਜਵਾਨ ਨੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕੀਤਾ ਹੈ। ਇਹ ਨੌਜਵਾਨ ਪਿਛਲੇ ਦਿਨੀਂ ਇਕ ਯੂਥ ਕਾਂਗਰਸੀ ਅਤੇ ਇਕ ਭਾਜਪਾ ਆਗੂ ਦੇ ਉਪਰੋਥਲੀ ਹੋਏ ਕਾਤਲਾਂ 'ਚ ਨਾਮਜ਼ਦ ਕੀਤਾ ਗਿਆ ਹੈ। ਇਸ ਨੌਜਵਾਨ ਦੇ ਪੁਲਸ ਕੋਲ ਪੇਸ਼ ਹੋਣ ਸਾਰ ਹੀ ਇਸ ਵੱਲੋਂ ਲਈਆਂ ਗਈਆਂ ਦੋ ਸੈਲਫ਼ੀਆਂ (ਮੋਬਾਇਲ ਕੈਮਰੇ ਰਾਹੀਂ ਲਈਆਂ ਆਪਣੀਆਂ ਖ਼ੁਦ ਦੀਆਂ ਫੋਟੋਆਂ) ਖੂਬ ਚਰਚਾ ਵਿਚ ਹਨ। ਇਕ ਸੈਲਫੀ ਵਿਚ ਇਹ ਸੂਬੇ ਦੇ ਮੁੱਖ ਮੰਤਰੀ ਨਾਲ ਅਤੇ ਦੂਜੀ ਵਿਚ ਸੀ.ਪੀ.ਆਈ.(ਐਮ) ਦੀ ਕੰਨੂਰ ਜ਼ਿਲ੍ਹਾ ਕਮੇਟੀ ਦੇ ਸਕੱਤਰ ਪੀ.ਜਯਾਰਾਜਨ ਨਾਲ ਮੂੰਹ ਨਾਲ ਮੂੰਹ ਜੋੜ ਕੇ ਮੁਸਕਰਾ ਰਿਹਾ ਹੈ (ਇਕ ਫੋਟੋ 23 ਫਰਵਰੀ ਦੇ ਇੰਡੀਅਨ ਐਕਸਪ੍ਰੈਸ ਵਿਚ ਛਪੀ ਵੀ ਹੈ)। ਇਸ ਨੌਜਵਾਨ ਦੀਆਂ ਉਹ ਵੀਡੀਓਜ਼ ਵੀ ਖੂਬ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਇਹ ਕਹਿ ਰਿਹਾ ਹੈ ਕਿ ''ਮੇਰਾ ਖੰਜ਼ਰ ਅਜੇ ਨਾ ਮੈਂ ਅਰਬ ਸਾਗਰ ਵਿਚ ਸੁੱਟਿਆ ਹੈ ਅਤੇ ਨਾ ਹੀ ਉਸ ਨੂੰ ਜੰਗਾਲ ਲੱਗੀ ਹੈ... ਸਾਡੇ ਵਿਰੋਧੀ ਕਿਸੇ ਮੁਗਾਲਤੇ ਵਿਚ ਨਾ ਰਹਿਣ।'' ਉਕਤ ਸਾਰੀ ਘਟਨਾ ਇਸ ਗੱਲ ਦੇ ਸਬੂਤ ਵਜੋਂ ਦਰਸਾਈ ਗਈ ਹੈ ਕਿ ਕਿਹੋ ਜਿਹੇ ਬੇਕਿਰਕ ਅਪਰਾਧੀ ਕੇਰਲਾ ਸਰਕਾਰ ਵਲੋਂ ਪਾਲੇ ਜਾ ਰਹੇ ਹਨ। ਪਰ ਅਸੀਂ ਇਕ ਹੋਰ ਘਟਨਾ ਵੱਲ ਪਾਠਕਾਂ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ। ਸਾਰੇ ਜਾਣਦੇ ਹਨ ਕਿ ਕੇਰਲਾ ਦੀ ਸੀ.ਪੀ.ਆਈ.(ਐਮ) ਜਥੇਬੰਦਕ ਤੌਰ 'ਤੇ ਜਿੰਨੀ ਵਿਸ਼ਾਲ ਹੈ ਓਨੀ ਹੀ ਬੁਰੀ ਤਰ੍ਹਾਂ ਧੜੇਬੰਦੀ ਦਾ ਵੀ ਸ਼ਿਕਾਰ ਹੈ। ਅਜਿਹੇ ਹੀ ਧੜੇਬੰਦਕ ''ਯੁੱਧ'' ਸਮੇਂ ਪਾਰਟੀ ਅਤੇ ਖੱਬੀ ਲਹਿਰ ਦੇ ਸਭ ਤੋਂ ਬਜ਼ੁਰਗ ਤੇ ਸਤਿਕਾਰਤ ਆਗੂ, ਸਾਬਕਾ ਮੁੱਖ ਮੰਤਰੀ ਕੇਰਲਾ, ਸਾਥੀ ਵੀ ਐਸ ਅਛੂਤਾਨੰਦਨ 2015 'ਚ ਹੋਈ ਇਕ ਸੂਬਾਈ ਕਾਨਫਰੰਸ 'ਚੋਂ ਵਾਕਆਊਟ ਕਰ ਗਏ ਸਨ। ਇਹੋ ਹੀ ਅਸ਼ੋਕ ਨਾਂਅ ਦੇ ਨੌਜਵਾਨ, ਜਿਸ ਦੀ ਚਰਚਾ ਅਸੀਂ ਪਹਿਲਾਂ ਕਰ ਚੁੱਕੇ ਹਾਂ, ਨੇ ਬਿਨਾਂ ਉਮਰ ਅਤੇ ਰੁਤਬੇ ਦਾ ਧਿਆਨ ਕੀਤੀਆਂ, ਫੇਸਬੁੱਕ 'ਤੇ ਸਰ੍ਹੇਆਮ ਧਮਕੀ ਦਿੱਤੀ ਸੀ ਕਿ ''ਲਗਦੈ ਵੀ.ਐਸ. ਦਾ ਹਾਲ ਵੀ ਟੀ.ਪੀ. ਚੰਦਰਸ਼ੇਖਰਨ ਵਰਗਾ ਹੀ ਕਰਨਾ ਪਵੇਗਾ।'' ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਇਹ ਨੌਜਵਾਨ ਅਜੇ ਵੀ ਕੇਰਲਾ ਸਰਕਾਰ ਦੇ ਮੁੱਖੀ ਐਂਡ ਐਸੋਸਇਏਟਸ ਦਾ ਕਿੰਨਾ ਚਹੇਤਾ ਹੈ! ਅਜਿਹੇ ਲੋਕਾਂ ਤੋਂ ਕੋਈ ਵੀ ਕੁਕਰਮ ਕਰਵਾਇਆ ਜਾ ਸਕਦਾ ਹੈ, ਇਹ ਤਾਂ ਸੱਚ ਹੈ ਹੀ, ਪਰ ਇਹ ਵੀ ਸੱਚ ਹੈ ਕਿ ਅਜਿਹੇ 'ਭਸਮਾਸੁਰ' ਕਿਸੇ ਦਿਨ ਕੇਰਲਾ ਸੀ.ਪੀ.ਐਮ. ਨੂੰ ਵੀ ਖਾ ਜਾਣਗੇ, ਐਨ ਪੱਛਮੀ ਬੰਗਾਲ ਵਾਂਗੂੰ।
ਸੀ.ਪੀ.ਆਈ.(ਐਮ) ਦੇ ਉਚ ਆਗੂਆਂ ਤੱਕ ਆਪਣਾ ਦਰਦ ਪੁਚਾਉਣ ਲਈ ਅਤੇ ਕੇਰਲਾ ਦੇ ਹਾਲਾਤ ਤੋਂ ਲੋਕਾਂ ਨੂੰ ਜਾਣੂੰ ਕਰਾਉਣ ਦੇ ਮੁਕੱਦਸ ਉਦੇਸ਼ ਨਾਲ ਸਾਡੀ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ  ਸਾਥੀ ਕੇ.ਕੇ. ਰੇਮਾ ਦੀ ਅਗਵਾਈ 'ਚ ਸਾਡੀਆਂ ਮਹਿਲਾ ਕਾਰਕੁੰਨਾਂ ਨੇ ਦਿੱਲੀ ਸਥਿਤ ਪਾਰਟੀ ਦੇ ਕੁੱਲ ਹਿੰਦ  ਦਫਤਰ ''ਏ.ਕੇ. ਗੋਪਾਲਨ'' ਭਵਨ ਮੂਹਰੇ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਅਤੇ ਮੀਡੀਆ ਰਾਹੀਂ ਆਪਣੇ ਨਾਲ ਹੋਈ ਬੀਤੀ ਤੇ ਰੋਜ਼ ਹੋ ਬੀਤ ਰਹੀ ਲੋਕਾਂ ਸਨਮੁੱਖ ਰੱਖੀ। ਇਸ ਰੋਸ ਪ੍ਰਦਰਸ਼ਨ ਵਿਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਉੱਤਰ ਭਾਰਤ ਨਾਲ ਸਬੰਧਤ ਕੇਂਦਰੀ ਕਮੇਟੀ ਮੈਂਬਰਾਂ ਤੋਂ ਇਲਾਵਾ ਪੰਜਾਬ ਜਨਵਾਦੀ ਇਸਤਰੀ ਸਭਾ ਦੀਆਂ ਆਗੂਆਂ ਨੇ ਵੀ ਭਾਗ ਲਿਆ।
ਅਸੀਂ ਇਸ ਰੋਸ ਪ੍ਰਦਰਸ਼ਨ ਦੌਰਾਨ ਬਿਜਲਈ ਅਤੇ ਪ੍ਰਿੰਟ ਮੀਡੀਆ ਸਾਹਮਣੇ ਇਹ ਗੱਲ ਵਾਰ ਵਾਰ ਦੁਹਰਾਈ ਕਿ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਜੋ ਭਾਰਤੀ ਮਿਹਨਤਕਸ਼ ਆਵਾਮ ਦੀਆਂ ਦੁਸ਼ਵਾਰੀਆਂ ਨੂੰ ਰਾਕੇਟ ਤੋਂ ਵੀ ਵਧੇਰੇ ਤੇਜ਼ੀ ਨਾਲ ਵਧਾ ਰਹੀਆਂ ਹਨ, ਖਿਲਾਫ਼ ਅਤੇ ਸੰਘ ਪਰਿਵਾਰ ਦੇ ਫਿਰਕੂ ਫਾਸ਼ੀਵਾਦੀ ਹਮਲਿਆਂ ਤੇ ਦੇਸ਼ ਨੂੰ ਖੇਰੂੰ-ਖੇਰੂੰ ਕਰਨ ਦੀਆਂ ਸਾਜਿਸ਼ਾਂ ਵਿਰੁੱਧ ਸਮੁੱਚੀ ਖੱਬੀ ਧਿਰ ਦੀ ਸਾਂਝੀ ਪਹਿਲਕਦਮੀ ਹੀ ਕਾਰਗਰ ਹਥਿਆਰ ਹੈ ਜਿਸ ਨਾਲ ਲੋਕਾਂ ਦੀ ਜੂਨ ਸੁਧਾਰੀ ਜਾ  ਸਕਦੀ ਹੈ। ਵੱਡੀ ਧਿਰ ਹੋਣ ਦੇ ਨਾਤੇ ਸੀ.ਪੀ.ਆਈ.(ਐਮ) ਨੂੰ ਇਸ ਦਿਸ਼ਾ ਵੱਲ ਪਹਿਲਕਦਮੀ ਕਰਨੀ ਚਾਹੀਦੀ ਹੈ। ਪਰ ਸੀ.ਪੀ.ਆਈ.(ਐਮ) ਦੀ ਕੇਰਲਾ ਇਕਾਈ ਉਲਟਾ ਖੱਬੀ ਏਕਤਾ ਨੂੰ ਸਦੀਵੀਂ ਨੁਕਸਾਨ ਪੁਚਾਉਣ ਦੇ ਰਾਹ ਪਈ ਹੋਈ ਹੈ ਜਿਸ ਨਾਲ ਹੋਣ ਵਾਲੇ ਖਸਾਰੇ ਤੋਂ ਅੰਤ ਨੂੰ ਸੀ.ਪੀ.ਆਈ.(ਐਮ) ਖ਼ੁਦ ਵੀ ਨਹੀਂ ਬਚ ਸਕੇਗੀ। ਪਰ ਇਹ ਗੱਲ ਬੇਹਦ ਅਫਸੋਸਨਾਕ ਹੈ ਕਿ ਸਾਡੀ ਮੰਸ਼ਾ ਨੂੰ ਠੀਕ ਤਰ੍ਹਾਂ ਨਹੀਂ ਲਿਆ ਗਿਆ ਅਤੇ ਸੀ.ਪੀ.ਆਈ.(ਐਮ) ਵਿਚਲੇ 'ਮੁਹੰਮਦ ਬਿਨ ਤੁਗਲਕਾਂ' ਨੇ ਸਾਡੇ ਖਿਲਾਫ਼ ਮੋਰਚੇ ਮੱਲ ਲਏ ਹਨ। ਇਕ 'ਤੁਗਲਕ' ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਸੀਂ ਆਰ.ਐਸ.ਐਸ. ਤੋਂ ਮਾਇਆ ਲੈ ਕੇ ਇਹ ਧਰਨਾ ਲਾਇਆ ਹੈ। ਇਸ 'ਤੁਗਲਕ' ਨੇ ਇਹ ਤੱਥ ਉੱਕਾ ਹੀ ਭੁਲਾ ਦਿੱਤਾ ਕਿ ਜਦੋਂ ਸੰਘੀਆਂ ਨੇ ਚੰਡੀਗੜ੍ਹ ਸਥਿਤ ਚੀਮਾ ਭਵਨ 'ਤੇ ਹਮਲਾ ਕੀਤਾ ਸੀ ਤਾਂ ਅਸੀਂ ਸਭ ਤੋਂ ਪਹਿਲਾਂ ਹਾਅ ਦਾ ਨਾਅਰਾ ਮਾਰਿਆ ਸੀ। ਖੈਰ ਅਸੀਂ ਸੰਘੀਆਂ ਖਿਲਾਫ਼ ਲੜਾਈ ਆਪਣੀ ਸਮਰਥਾ ਅਨੁਸਾਰ ਹੁਣ ਵੀ ਜਾਰੀ ਰੱਖਾਂਗੇ। ਪਰ ਸੀ.ਪੀ.ਆਈ.(ਐਮ) ਦੀ ਕੇਂਦਰੀ ਲੀਡਰਸ਼ਿਪ ਨੂੰ ਕੰਧ 'ਤੇ ਲਿਖਿਆ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ। ਪਹਿਲਾਂ ਇਹ ਲੀਡਰਸ਼ਿਪ ਪੱਛਮੀ ਬੰਗਾਲ 'ਚ ਇਸ ਦੇ ਕੁੱਝ ਨੇਤਾਵਾਂ ਵਲੋਂ ਕੀਤੇ ਜਾਂਦੇ ਗੈਰ ਕਮਿਊਨਿਸਟ ਵਿਹਾਰ ਤੋਂ ਸਤੇ ਲੋਕਾਂ ਦੇ ਕੀਰਨਿਆਂ ਵੇਲੇ ਕੰਨਾਂ 'ਚ ਊਂਗਲਾਂ ਦੇ ਲੈਂਦੀ ਸੀ। ਹਸ਼ਰ ਸਭ ਦੇ ਸਾਹਮਣੇ ਹੈ। ਹੁਣ ਅਸੀਂ ਅਪੀਲ ਕਰਦੇ ਹਾਂ ਕਿ ਪੱਛਮੀ ਬੰਗਾਲ ਵਾਲੀ ਗਲਤੀ ਕੇਰਲਾ ਵਿਚ ਦੁਹਰਾਉਣ ਤੋਂ ਬਚਿਆ ਜਾਵੇ।

- Posted by Admin