sangrami lehar

ਮੈਂ ਤਾਂ ਘਾਹ ਹਾਂ......

  • 04/03/2018
  • 04:45 PM

ਸਮਾਂ     : 21 ਫਰਵਰੀ 2018
ਸਥਾਨ     : ਸੀ.ਪੀ.ਐਮ ਦਾ ਕੇਂਦਰੀ ਦਫਤਰ (ਏ.ਕੇ. ਗੁਪਾਲਨ ਭਵਨ), ਨਵੀਂ ਦਿੱਲੀ।
ਸਮਾਂ     : 9.30 ਸਵੇਰ
ਕੇਰਲਾ ਵਾਸੀ ਕਿਰਤੀਆਂ ਦੇ ਜਿਸਮਾਂ ਵਿਚੋਂ ਜ਼ਖ਼ਮਾਂ ਦੇ ਵਹਿੰਦੇ ਖ਼ੂਨ ਅਤੇ ਸੜ ਰਹੇ ਘਰਾਂ ਦੇ ਧੂੰਏਂ ਚੋਂ ਇਕ ''ਸੂਹੀ ਲਾਟ'' ਨਿੱਕਲ ਕੇ, ਦਿੱਲੀ ਪੁੱਜੀ। ਉਸ ਇਮਾਰਤ ਅੱਗੇ ਜਿੱਥੋਂ ਕਦੀ ਲੋਕੀਂ ਆਸ ਕਰਦੇ ਸਨ, ਆਰਾਮ ਲਈ ਜਗ੍ਹਾ ਨਸੀਬ ਹੋਉੂ, ਦਰਦ ਸੁਣਨ ਵਾਲੇ ਕੰਨ ਮਿਲਣਗੇ ਤੇ ਫੱਟਾਂ ਉਪਰ ਮਲ੍ਹਮ ਲਾਉਣ ਦਾ ਕੋਈ ਚਾਰਾ ਹੋਵੇਗਾ।
ਪਰ ਹੁਣ ਉਹ ਸਮਾਂ ਗੁਜ਼ਰ ਗਿਆ ਹੈ। ਇਸ ਸ਼ਾਨਦਾਰ ਦਫਤਰ ਚੋਂ ਪਹਿਲੇ ਵਾਲਾ ਬਹੁਤਾ ਕੁੱਝ ਗਾਇਬ ਹੈ। ''ਸੂਹੀ ਲਾਟ'' ਮੁੜ ਪਹਿਲੇ ਵਾਲਾ ਨਾ ਸਹੀ, ਕੁੱਝ ਨਾ ਕੁੱਝ ਮੁੜ ਪਰਤਾਉਣ ਦਾ ਸੁਨੇਹੜਾ ਲੈ ਕੇ ਆਈ ਸੀ। ਦਿੱਲੀ ਦਫਤਰ ਵਿਚਲੇ ਪਸਰੇ ਹਨੇਰੇ ਨੂੰ ਉਹ ਵੰਗਾਰਦੀ ਹੋਈ ਚੀਖ ਰਹੀ ਸੀ.......... 'ਜ਼ੁਲਮੋ ਸਿਤਮ ਬੰਦ ਕਰੋ', 'ਹੱਕ ਸੱਚ ਦੀ ਆਵਾਜ਼ ਨੂੰ ਕੁਚਲਣਾ ਬੰਦ ਕਰੋ'...।
ਸ਼ਹੀਦ ਕਾਮਰੇਡ ਚੰਦਰਸ਼ੇਖਰਨ ਦੀ ਪਤਨੀ ਕਾਮਰੇਡ ਕੇ.ਕੇ. ਰੇਮਾ ਮਹਾਨ ਕਮਿਊਨਿਸਟ ਕਾਮਰੇਡ ਏ.ਕੇ. ਗੁਪਾਲਨ ਦੇ ਨਾਂਅ 'ਤੇ ਉਸਰੇ ਸੀ.ਪੀ.ਐਮ. ਦੇ ਦਫਤਰ ਅੰਦਰ ਬੈਠੇ ਕੌਮੀ ਆਗੂਆਂ ਦੇ ਬੋਲੇ ਕੰਨ੍ਹਾਂ ਤੱਕ ਕੇਰਲਾ ਦੀ  ਧਰਤੀ ਉਪਰ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਆਰ.ਐਮ.ਪੀ.ਆਈ. ਦੇ ਕਾਰਕੁੰਨਾਂ, ਹਮਦਰਦਾਂ ਤੇ ਆਮ ਲੋਕਾਂ 'ਤੇ ਢਾਹੇ ਜਾ ਰਹੇ ਜ਼ਬਰ ਦਾ ਪੈਗਾਮ ਲੈ ਕੇ ਪੁੱਜੀ ਸੀ।
ਦਫਤਰ ਅੰਦਰੋਂ ਕੋਈ ਹੁੰਗਾਰਾ ਨਹੀਂ ਮਿਲਿਆ। ਤੇ ਫੇਰ ਉਹਨਾਂ ਦੇ ਪੰਜਾਬ ਅੰਦਰਲੇ ਅਨੁਆਈ ਨੇ ਇਸ ਸੂਹੀ ਲਾਟ ਨੂੰ ਧਮਾਕੇ ਨਾਲ ਬੁਝਾਉਣ ਵਾਲਾ ਸੁਨੇਹਾ ਭੇਜਿਆ;
''8 ਮਾਰਚ ਮਹਿਲਾ ਦਿਵਸ ਦੇ ਮੌਕੇ ਚੰਡੀਗੜ੍ਹ ਵਿਚਲੇ ਭਕਨਾ ਹਾਲ ਵਿਚ ਗ਼ਦਰੀ ਬੀਬੀ ਗੁਲਾਬ ਕੌਰ ਦੀਆਂ ਹਮਜੋਲੀਆਂ ਦੇ ਇਕੱਠ ਦੀ ਮਨਜ਼ੂਰੀ ਮਨਸੂਖ ਕੀਤੀ ਜਾ ਰਹੀ ਹੈ, ਕਿਉਂਕਿ ਤੁਸੀਂ ਜ਼ੁਲਮ ਨੂੰ ਚੁਣੌਤੀ ਦੇਣ ਦੀ ਹਮਾਕਤ ਕੀਤੀ ਹੈ।''
ਕੇਰਲਾ ਦੇ ਹੁੜਦੰਗੀ ਕਾਰਨਾਮਿਆਂ ਵਿਚ ਪੰਜਾਬ ਵਿਚਲੇ 'ਕਿਰਪਾਲ ਸਿੰਘੀਏ' ਕਿਵੇਂ ਪਿੱਛੇ ਰਹਿ ਸਕਦੇ ਹਨ?
ਧਮਾਕੇ ਨਾਲ ਸੂਹੀ ਲਾਟ ਹੋਰ ਬਲ ਉਠੀ। ਅੱਖਾਂ ਚੁੰਧਿਆਉਣ ਵਾਲੀ ਰੋਸ਼ਨੀ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ 'ਚੰਦਰਸ਼ੇਖਰਨਾਂ' ਨੇ ਕਾਮਰੇਡ ਰੇਮਾ ਨੂੰ ਗੁਲਾਬ ਦੇ ਫੁੱਲ ਭੇਂਟ ਕਰਕੇ ਨਵੀਂ ਸੁਗੰਧੀ, ਨਵੀਂ ਆਸ ਤੇ ਨਵੇਂ ਯੁਗ ਦੀ ਆਮਦ ਦਾ ਐਸਾ ਸ਼ੰਦੇਸ਼ ਦਿੱਤਾ ਕਿ ਸਾਰੀ ਫਿਜ਼ਾ ਹੀ ਨਸ਼ਿਆ ਗਈ।
ਸੂਹੀ ਲਾਟ ਹੁਣ ਕੇਰਲਾ ਤੋਂ ਬਾਹਰ ਸਮੁੱਚੇ ਦੇਸ਼ ਦੇ ਪਿੰਡ-ਪਿੰਡ, ਗਲੀ-ਗਲੀ, ਖੇਤ-ਖੇਤ ਵਿਚ ਫੈਲ ਜਾਵੇਗੀ। ਪਾਸ਼ ਦੀ ਕਵਿਤਾ ਸੁਣਾਉਂਦੀ ਹੋਈ :
ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ 'ਤੇ
ਮੈਨੂੰ ਕੀ ਕਰੋਗੇ?
ਮੈਂ ਤਾਂ ਘਾਹ ਹਾਂ,
ਹਰ ਚੀਜ਼ ਢੱਕ ਲਵਾਂਗਾ
ਹਰ ਢੇਰ 'ਤੇ ਉੱਗ ਆਵਾਂਗਾ।
(... ਇਹ ਕਹਾਣੀ ਨਹੀਂ)

- Posted by Admin