sangrami lehar

ਨਵੀਂ ਕਰੰਸੀ ਦੀ ਆਮਦ ਲੋਕਾਂ ਨੂੰ ਨਿਹੱਥੇ ਕਰਨ ਦੀ ਚਾਲ

  • 03/03/2018
  • 05:33 PM

ਸਰਬਜੀਤ ਗਿੱਲ

ਦੁਨੀਆਂ ਭਰ ਦੀ ਆਰਥਿਕਤਾ ਨੂੰ ਢਾਹ ਲਾਉਣ ਲਈ ਇੱਕ ਨਵੀਂ ਕਰੰਸੀ ਹੋਂਦ 'ਚ ਆਈ ਹੈ, ਜਿਸ ਨੂੰ ਹੱਥਾਂ 'ਚ ਫੜ ਕੇ ਨਹੀਂ ਦੇਖਿਆ ਜਾ ਸਕਦਾ ਸਗੋਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਇਸ ਕਰੰਸੀ ਨੂੰ ਸਿਰਫ਼ ਕੰਪਿਊਟਰ ਮਸ਼ੀਨਾਂ 'ਤੇ ਹੀ ਅਦਾਨ ਪ੍ਰਦਾਨ ਕਰਨ ਲਈ ਵਰਤਿਆ ਜਾ ਰਿਹਾ ਹੈ। ਇਸ ਕਰੰਸੀ ਦਾ ਭਾਅ ਵੀ ਦੂਜੀਆਂ ਕਰੰਸੀਆਂ ਵਾਂਗ ਹਰ ਰੋਜ਼ ਵਧਦਾ ਘਟਦਾ ਹੈ ਅਤੇ ਇਹ ਡਾਲਰਾਂ, ਪਾਊਂਡਾਂ ਦੇ ਮੁਕਾਬਲੇ ਕਈ ਗੁਣੀ ਮਹਿੰਗੀ ਹੈ। ਚਰਚਿਤ ਕਰੰਸੀ ਨੂੰ 'ਬਿਟਕੋਇਨ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਬਿਟਕੋਇਨ ਹਾਲੇ 'ਧੰਦੇ' 'ਚ ਲੱਗੇ ਹੋਏ ਲੋਕਾਂ ਲਈ ਹੀ ਹੈ, ਫਿਰੌਤੀਆਂ ਵਰਗੇ ਅਤੇ ਹੋਰ ਗੈਰਕਾਨੂੰਨੀ ਕੰਮਾਂ ਲਈ ਇਸ ਨੂੰ ਵਰਤਿਆ ਜਾ ਰਿਹਾ ਹੈ। ਇਹ ਕਰੰਸੀ ਆਮ ਲੋਕਾਂ ਦਾ ਢਿੱਡ ਭਰਨ ਵਾਲੀ ਨਹੀਂ ਹੈ ਸਗੋਂ ਦੁਨੀਆਂ ਭਰ ਦੀ ਆਰਥਿਕਤਾ ਨੂੰ ਹਿਲਾਉਣ ਦਾ ਕੰਮ ਕਰਨ ਦੀ ਸਮਰਥਾ ਰੱਖਣ ਵਾਲੀ ਹੈ। ਭਾਵੇਂ ਇਹ ਵੀ ਸਮੇਂ ਤੋਂ ਪਹਿਲਾਂ ਦਾ ਹੀ ਅਹਿਸਾਸ ਹੈ ਪਰ ਗੈਰਕਾਨੂੰਨੀ ਕੰਮਾਂ ਲਈ ਵਰਤੀ ਜਾ ਰਹੀ ਇਹ ਕਾਰੰਸੀ ਕਿਸੇ ਵੇਲੇ ਵੀ ਘਾਤਕ ਸਿੱਧ ਹੋ ਸਕਦੀ ਹੈ। ਕੁੱਝ ਕੁ ਦੇਸ਼ਾਂ ਨੇ ਇਸ ਨੂੰ ਮਾਨਤਾ ਦੇਣ 'ਤੇ ਹਾਮੀ ਭਰੀ ਹੈ ਪਰ ਸਾਡੇ ਦੇਸ਼ ਨੇ ਹਾਲੇ ਇਸ ਨੂੰ ਨਕਾਰ ਦਿੱਤਾ ਹੈ। ਇਸ ਕਰੰਸੀ ਨੂੰ ਸਮਝਣ ਲਈ ਜਿਵੇਂ ਕਿਸੇ ਚਾਹ ਦੀ ਦੁਕਾਨ 'ਤੇ ਦੁਕਾਨਦਾਰ ਕੋਲ ਖੁੱਲ੍ਹੇ ਪੈਸੇ ਨਾ ਹੋਣ ਕਾਰਨ ਉਸ ਨੇ ਕੂਪਨ ਛਪਵਾ ਲਏ ਅਤੇ ਇਹ ਕੂਪਨ ਸਿਰਫ ਉਸ ਦੀ ਦੁਕਾਨ 'ਤੇ ਹੀ ਚੱਲਣੇ ਹਨ। ਇਹ ਉਸ ਦੀ ਪ੍ਰਾਈਵੇਟ ਕਰੰਸੀ ਬਣ ਗਈ ਅਤੇ ਇਸ ਕਰੰਸੀ ਦੀ ਕਿਤੇ ਹੋਰ ਮਾਨਤਾ ਨਹੀਂ ਹੈ।
ਇਸ ਤੋਂ ਪਹਿਲਾ ਪ੍ਰਚਲਿਤ ਕਰੰਸੀਆਂ ਦੇਸ਼ਾਂ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਦੁਨੀਆਂ ਭਰ 'ਚ ਵਪਾਰ ਇਨ੍ਹਾਂ ਕਰੰਸੀਆਂ ਸਹਾਰੇ ਹੀ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਪੂਰਵ ਕਾਲ 'ਚ ਕਿਸੇ ਵੇਲੇ ਕੌਡੀਆਂ ਨੂੰ ਵੀ ਮੁਦਰਾ ਦੇ ਰੂਪ 'ਚ ਵਰਤਿਆ ਜਾਂਦਾ ਰਿਹਾ ਹੈ। ਪ੍ਰਾਚੀਨ ਮੈਸੋਪੋਟਾਮੀਆਂ ਅਤੇ ਪ੍ਰਚੀਨ ਯੂਨਾਨ 'ਚ ਧਾਰਮਿਕ ਸਥਾਨਾਂ 'ਤੇ ਪਿਆ ਅਨਾਜ ਹੀ ਵਟਾਂਦਰੇ ਦਾ ਮੁਖ ਸਾਧਨ ਰਿਹਾ ਸੀ। ਅਨਾਜ ਬਦਲੇ ਅਨਾਜ ਜਾਂ ਅਨਾਜ ਬਦਲੇ ਕਿਸੇ ਵਸਤ ਦਾ ਵਟਾਂਦਰਾ ਹੋਣ ਲੱਗਾ। ਇਸ ਉਪਰੰਤ ਚਾਂਦੀ, ਸੋਨੇ ਅਤੇ ਤਾਂਬੇ ਦੇ ਸਿੱਕੇ ਚੱਲਣ ਲੱਗੇ। ਪਹਿਲਾਂ-ਪਹਿਲਾਂ ਅਜਿਹੇ ਸਿੱਕੇ ਰਾਜੇ-ਮਹਾਰਾਜਿਆਂ ਦੇ ਉੱਪਰਲੇ ਹਿੱਸੇ ਦੀ ਵਰਤੋਂ 'ਚ ਹੋਣ ਲੱਗੇ ਅਤੇ ਮਗਰੋਂ ਹੌਲੀ-ਹੌਲੀ ਆਮ ਲੋਕ ਵੀ ਸਿੱਕਿਆਂ ਨਾਲ ਤਬਾਦਲੇ ਕਰਨ ਲੱਗੇ।
ਸਿੱਕਿਆਂ ਦੇ ਭਾਰ ਤੋਂ ਬਚਾਅ ਕਰਨ ਲਈ ਹੌਲੀ-ਹੌਲੀ ਸੰਨ 618 ਤੋਂ 1279 ਦੌਰਾਨ ਕਾਗਜ਼ ਦੇ ਨੋਟ ਚੱਲਣ ਲੱਗੇ। ਬੈਂਕਾਂ ਵੱਲੋਂ ਸੰਨ 1379 ਤੋਂ ਬਾਅਦ ਨੋਟਾਂ ਦਾ ਪ੍ਰਚਲਨ ਆਰਭਿਆਂ ਗਿਆ, ਜਦੋਂ ਇਟਲੀ ਦੇ ਬੈਂਕਾਂ 'ਚ ਲੋਕਾਂ ਮਹਿੰਗੀਆਂ ਧਾਤਾਂ ਨੂੰ ਰੱਖਿਆ ਹੋਇਆ ਸੀ। ਇਹ ਮਹਿੰਗੀਆਂ ਧਾਤਾਂ ਉਸ ਵੇਲੇ ਹੋਂਦ 'ਚ ਆਉਣੀਆਂ ਆਰੰਭ ਹੋਈਆਂ ਜਦੋਂ ਵਸਤਾਂ ਦੇ ਵਟਾਂਦਰੇ ਦੌਰਾਨ ਉਦਹਾਰਣ ਵਜੋਂ ਕਿਸੇ ਨੂੰ ਮੁਰਗਾ ਚਾਹੀਦਾ ਹੈ ਪਰ ਬਦਲਣ ਵਾਸਤੇ ਕਿਸੇ ਕੋਲ ਮੱਝ ਹੈ ਤਾਂ ਲੋਕਾਂ ਨੂੰ ਮੁਸ਼ਕਲ ਆਉਣ ਲੱਗੀ। ਇਸ ਦੇ ਬਦਲ ਵਜੋਂ ਹੀ ਮਹਿੰਗੀਆਂ ਧਾਤਾਂ ਸਾਹਮਣੇ ਆਈਆਂ। ਇਨ੍ਹਾਂ ਧਾਤਾਂ ਨੂੰ ਬੈਂਕਾਂ ਵਾਲਿਆਂ ਨੇ ਕਬਜ਼ੇ 'ਚ ਰੱਖ ਕੇ ਇਸ ਦੇ ਬਦਲੇ ਨੋਟਾਂ ਦਾ ਪ੍ਰਚਲਨ ਆਰੰਭ ਕੀਤਾ। ਇਸ ਉਪਰੰਤ ਨੋਟਾਂ ਦਾ ਲੈਣ ਦੇਣ ਅਮਰੀਕਾ, ਕੈਨੇਡਾ 'ਚ ਹੋਣ ਲੱਗਾ। ਕਾਗਜ਼ ਦੇ ਨੋਟਾਂ ਤੋਂ ਬਾਅਦ 1980 ਦੌਰਾਨ ਪੋਲੀਮਰ ਬੈਂਕ ਨੋਟ ਹੋਂਦ 'ਚ ਆਏ, ਜਿਨ੍ਹਾਂ ਨੂੰ ਪਲਾਸਟਿਕ ਦੇ ਨੋਟ ਵਜੋਂ ਜਾਣਿਆ ਜਾਣ ਲੱਗਾ। ਕੰਪਿਊਟਰ ਦੀ ਆਮਦ ਨਾਲ 'ਪਲਾਸਟਿਕ ਮਨੀ' ਹੋਂਦ 'ਚ ਆਉਣ ਲੱਗੀ। ਜਿਸ ਨੂੰ ਏਟੀਐਮ ਵਰਗੇ ਪਲਾਸਟਿਕ ਦੇ ਕਾਰਡ ਨਾਲ ਹੀ ਕਾਬੂ ਕੀਤਾ ਜਾਣ ਲੱਗਾ। ਇਹ ਪਲਾਸਟਿਕ ਦੇ ਕਾਰਡਾਂ ਦੀ ਮਦਦ ਨਾਲ ਬੈਂਕ 'ਚੋਂ ਕਰੰਸੀ ਕਢਵਾਉਣ ਦਾ ਕੰਮ ਵੀ ਚੱਲਣ ਲੱਗਾ। ਕਰੰਸੀ ਦੇ ਡਿਜੀਟਲ ਹੋਣ ਭਾਵ ਮਸ਼ੀਨਰੀ ਦੀ ਵਰਤੋਂ ਨਾਲ ਖਰੀਦਦਾਰੀ ਹੋਣ ਲੱਗੀ ਅਤੇ ਠੱਗੀਆਂ ਵੀ ਵੱਜਣ ਲੱਗ ਪਈਆਂ। ਵਿਕਸਤ ਦੇਸ਼ਾਂ 'ਚ ਠੱਗੀਆਂ ਦੀਆਂ ਕਹਾਣੀਆਂ ਸਭ ਤੋਂ ਪਹਿਲਾਂ ਸਾਹਮਣੇ ਆਉਣ ਲੱਗ ਪਈਆਂ ਅਤੇ ਮਗਰੋਂ ਸਾਡੇ ਦੇਸ਼ 'ਚ ਵੀ ਅਜੋਕੇ ਦੌਰ 'ਚ ਠੱਗੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਬੁਨਿਆਦੀ ਤੌਰ 'ਤੇ ਸਾਡੇ ਦੇਸ਼ 'ਚ ਅਜਿਹੀ ਕਰੰਸੀ ਦੇ ਵਰਤੋਂਕਾਰ ਬਹੁਤੇ ਪੜ੍ਹੇ-ਲਿਖੇ ਨਾ ਹੋਣ ਕਾਰਨ ਛੇਤੀ ਹੀ ਠੱਗਾਂ ਦੀ ਚਾਲ 'ਚ ਆ ਜਾਂਦੇ ਹਨ। ਵਿਕਸਤ ਦੇਸ਼ਾਂ 'ਚ 15 ਸਾਲ ਪਹਿਲਾਂ ਠੱਗੀ ਤੋਂ ਬਚਾਅ ਬਾਰੇ ਲੋਕਾਂ ਨੂੰ ਜਿੰਨਾ ਜਾਣੂ ਕਰਵਾਇਆ ਗਿਆ ਸੀ, ਉਹ ਸਾਡੇ ਦੇਸ਼ 'ਚ ਹੁਣ ਤੱਕ ਵੀ ਨਹੀਂ ਕਰਵਾਇਆ ਗਿਆ।
ਬਿਟਕੋਇਨ ਨੂੰ ਸੰਚਾਲਿਤ ਕਰਨ ਲਈ ਕਿਸੇ ਰਿਜ਼ਰਵ ਬੈਂਕ ਦਾ ਕੋਈ ਕੰਟਰੋਲ ਨਹੀਂ ਹੈ ਅਤੇ ਨਾ ਹੀ ਇਸ ਦੀ ਮੰਡੀਕਾਰੀ ਲਈ ਕੋਈ ਰੇਟ ਨਿਸ਼ਚਤ ਹਨ। ਪਹਿਲਾ ਪ੍ਰਚਲਤ ਮੁਦਰਾਵਾਂ ਦੇ ਵੱਟੇ-ਸੱਟੇ ਲਈ ਆਪਸੀ ਲੈਣ ਦੇਣ ਦੇ ਅਧਾਰ 'ਤੇ ਰੇਟ ਨਿਸ਼ਚਤ ਕੀਤੇ ਜਾਂਦੇ ਹਨ ਪਰ ਬਿਟਕੋਇਨ ਨੂੰ ਕਾਬੂ ਕਿਸੇ ਨੇ ਅਤੇ ਕਿਵੇਂ ਰੱਖਣਾ ਹੈ, ਇਹ ਵੱਡਾ ਸਵਾਲ ਹੈ? ਇਸ ਸਵਾਲ ਦੇ ਅੰਦਰ ਹੀ ਇਸ ਨਾਲ ਹੋਣ ਵਾਲੇ ਨੁਕਸਾਨ ਲੁਕੇ ਹੋਏ ਹਨ।
ਇੱਕ ਪਾਸੇ ਸਾਡੇ ਦੇਸ਼ 'ਚ ਵੀ ਡਿਜੀਟਲ ਦੇ ਨਾਂਅ ਹੇਠ ਕਰੰਸੀ ਨੂੰ ਬੈਂਕਾਂ 'ਚ ਰੱਖ ਕੇ ਲੋਕਾਂ ਨੂੰ ਨਿਹੱਥੇ ਕਰਨ ਦਾ ਕੰਮ ਆਰੰਭ ਕੀਤਾ ਗਿਆ ਹੈ। ਨੋਟਬੰਦੀ ਵੀ ਇਸ ਦਾ ਹੀ ਇੱਕ ਹਿੱਸਾ ਸੀ, ਜਿਸ ਅਧਾਰ 'ਤੇ ਆਮ ਲੋਕਾਂ ਨੇ ਆਪਣੀ ਭਵਿੱਖੀ ਸੁਰੱਖਿਆ ਨੂੰ ਲੈ ਕੇ ਕੁੱਝ ਕੁ ਪੈਸੇ ਘਰਾਂ 'ਚ ਰੱਖੇ ਹੋਏ ਸਨ, ਅਜਿਹੇ ਪੈਸੇ ਨੂੰ ਕਢਵਾ ਲਿਆ ਗਿਆ। ਡਿਜੀਟਲ ਕਰੰਸੀ ਨੂੰ ਕਿਸੇ ਨੇ ਹੈਕ ਕਰ ਲਿਆ ਤਾਂ ਦੇਸ਼ ਦੇ ਲੋਕਾਂ ਦਾ ਕੀ ਬਣੇਗਾ? ਜੇ ਕਿਸੇ ਹੈਕਰ ਨੇ ਇਸ ਨੂੰ ਕਾਬੂ ਕਰ ਲਿਆ ਤਾਂ ਲੋਕ ਨਿਹੱਥੇ ਹੋ ਜਾਣਗੇ ਤਾਂ ਇਸ ਨਾਲ ਸਿਰਫ ਮਹਿੰਗਾਈ ਹੀ ਨਹੀਂ ਵਧਣੀ ਸਗੋਂ ਸਾਰੇ ਸੰਸਾਰ 'ਚ ਹੀ ਹਫੜਾ ਤਫੜੀ ਵਾਲਾ ਮਾਹੌਲ ਬਣ ਜਾਏਗਾ।
ਬਿਟਕੋਇਨ ਦੀ ਖੋਜ ਸਤੋਸੀ ਨਾਕਾਮੋਟੋ ਨਾਂਅ ਦੇ ਵਿਅਕਤੀ ਨੇ 2009 'ਚ ਕੀਤੀ ਸੀ। ਇਸ ਦਾ ਕੋਈ ਵੀ ਮਾਲਕ ਨਹੀਂ ਹੈ ਅਤੇ ਕਿਸੇ ਵੀ ਦੇਸ਼ ਦੇ ਬੈਂਕ ਦਾ ਜਾਂ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਕੁੱਝ ਅਰਸਾ ਪਹਿਲਾ ਕੰਪਿਊਟਰ 'ਤੇ ਰੈਨਸਮਵੇਅਰ ਵਾਇਰਸ ਨੇ ਪੂਰੀ ਦੁਨੀਆ 'ਚ ਤਹਿਲਕਾ ਮਚਾ ਦਿੱਤਾ ਸੀ। ਇਸ ਵਾਇਰਸ ਨੇ ਕੰਪਿਊਟਰਾਂ ਨੂੰ ਲੌਕ ਕਰ ਦਿੱਤਾ। ਕੰਪਿਊਟਰਾਂ ਦੀ ਸਕਰੀਨ 'ਤੇ ਹੈਕਰਾਂ ਵੱਲੋਂ ਬਿਟਕੋਇਨ ਦੀ ਮੰਗ ਕੀਤੀ ਗਈ। ਅਜਿਹੇ ਕੰਮਾਂ ਤੋਂ ਬਿਨ੍ਹਾਂ ਕੁੱਝ ਆਨਲਾਈਨ ਡਿਵੈਲਪਰਜ਼, ਇੰਟਰਪ੍ਰਈਜਿਜ਼, ਨਾਨ ਪ੍ਰਾਫਿਟ ਆਰਗੇਨਾਈਜ਼ੇਸ਼ਨ ਹੀ ਬਿੱਟਕੋਇਨ ਦੀ ਵਰਤੋਂ ਕਰ ਰਹੀਆਂ ਹਨ। ਇਸ ਦਾ ਲੈਣ ਦੇਣ 'ਬਿਟਕੋਇਨ ਬਲਾਕਚੇਨ' ਰਾਹੀਂ ਕੀਤਾ ਜਾਂਦਾ ਹੈ, ਜਿਥੇ ਇਸ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਸ ਬਲਾਕਚੇਨ 'ਤੇ ਜਾ ਕੇ ਬਿਟਕੋਇਨ ਦਾ ਰਿਕਾਰਡ ਦੇਖਿਆ ਜਾ ਸਕਦਾ ਹੈ। ਇਸ ਦੇ ਲੈਣ ਦੇਣ ਦਾ ਰਿਕਾਰਡ ਵੀ ਦੇਖਿਆ ਜਾ ਸਕਦਾ ਹੈ ਅਤੇ ਇਥੋਂ ਹੀ ਲੈਣ ਦੇਣ ਕੀਤਾ ਜਾ ਸਕਦਾ ਹੈ। ਇਸ ਵੇਲੇ ਲੱਗਭੱਗ ਦੁਨੀਆ 'ਚ 1300 ਥਾਵਾਂ 'ਤੇ ਇਸ ਦਾ ਲੈਣ ਦੇਣ ਹੋ ਰਿਹਾ ਹੈ। ਯੂਰਪ 'ਚ ਇਸ ਦੇ 35 ਅਜਿਹੇ ਸਟੇਸ਼ਨ ਦੱਸੇ ਜਾ ਰਹੇ ਹਨ। ਆਸਟਰੀਆ ਵਿਸ਼ਵ ਦੇ ਚੋਟੀ ਦੇ 5 ਸਥਾਨਾਂ 'ਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਥੇ ਬਿਟਕੋਇਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਲੈਣ ਦੇਣ ਲਈ ਕੰਪਿਊਟਰਾਂ ਅਤੇ ਇੰਟਰਨੈਟ ਦੀ ਸਪੀਡ ਕਾਫੀ ਤੇਜ਼ ਹੋਣੀ ਚਾਹੀਦੀ ਹੈ। ਇਸ ਬਾਰੇ ਇਹ ਦੱਸਿਆ ਜਾ ਰਿਹਾ ਹੈ ਕਿ ਹੌਲੀ ਸਪੀਡ ਨਾਲ ਇਸ ਦੇ ਲੈਣ ਦੇਣ 'ਚ ਵੀ ਦਿੱਕਤ ਆ ਸਕਦੀ ਹੈ।
ਬਿਟਕੋਇਨ ਦੀ ਕੀਮਤ ਦਾ ਉਤਰਾਅ-ਚੜਾਅ ਕਾਫੀ ਹੋਣ ਨਾਲ ਇਸ ਨਾਲ ਹੋਣ ਵਾਲੇ ਨੁਕਸਾਨ ਵੀ ਵੱਡੇ ਹੀ ਹੋਣਗੇ। 2017 ਦੇ ਫਰਵਰੀ ਮਾਰਚ 'ਚ ਇਸ ਦੀ ਕੀਮਤ ਪ੍ਰਤੀ ਬਿਟਕੋਇਨ 1000 ਯੂਰੋ ਦੱਸੀ ਜਾ ਰਹੀ ਸੀ ਅਤੇ ਮਗਰੋਂ ਇੱਕ ਵਾਰ ਜਿਆਦਾ ਵੱਧ ਕੇ ਜੁਲਾਈ 2017 ਦੌਰਾਨ 2000 ਯੂਰੋ ਦੇ ਅੰਕ ਤੋਂ ਹੇਠਾਂ ਆ ਗਈ। ਸਤੰਬਰ 'ਚ ਇਹ ਕੀਮਤ 4000 ਤੱਕ ਪੁੱਜ ਗਈ। ਕੁੱਝ ਲੋਕ ਇਸ ਨੂੰ ਬੁਲਬਲਾ ਹੀ ਦੱਸਦੇ ਹਨ ਪਰ ਇਸ 'ਚ ਨਿਵੇਸ਼ ਕਰਨ ਵਾਲੇ ਵੀ ਕਦੇ ਉਡੀਕ ਕਰਦੇ ਹਨ ਅਤੇ ਕਦੇ ਇਸ 'ਚ ਨਿਵੇਸ਼ ਕਰਨ ਵੱਲ ਭੱਜਦੇ ਹਨ।
ਬਿਟਕੋਇਨ ਤੋਂ ਬਿਨ੍ਹਾਂ 1200 ਹੋਰ ਕ੍ਰਿਪਟੋ ਮੁਦਰਾਵਾਂ ਹਨ, ਜਿਨ੍ਹਾਂ 'ਚੋਂ ਬਹੁਤੀਆਂ ਅਣਜਾਣ ਹਨ ਅਤੇ ਨਿਵੇਸ਼ਕਾਂ ਲਈ ਵੀ ਘੱਟ ਜਾਣੀਆਂ ਜਾਂਦੀਆਂ ਹਨ। ਇਨ੍ਹਾਂ 'ਚੋਂ ਬਿਟਕੋਇਨ ਦੀ ਚਰਚਾ ਹੀ ਸਭ ਤੋਂ ਵੱਧ ਸਾਹਮਣੇ ਆਈ ਹੈ। ਇਸ ਵੇਲੇ 15 ਮਿਲੀਅਨ ਤੋਂ 21 ਮਿਲੀਅਨ ਤੱਕ ਦੀ ਗਿਣਤੀ ਦੇ ਬਿਟਕੋਇਨ ਦੱਸੇ ਜਾ ਰਹੇ ਹਨ, ਜਿਨ੍ਹਾਂ ਨਾਲ ਲੈਣ ਦੇਣ ਕੀਤਾ ਜਾ ਰਿਹਾ ਹੈ।
ਗਾਹਕਾਂ ਨੂੰ ਧੋਖਾ ਦੇਣ ਵਾਲੇ ਵਪਾਰ ਨੂੰ ਰੋਕਣ, ਨਜਾਇਜ਼ ਗਤੀਵਿਧੀਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਦਹਿਸ਼ਤਗਰਦੀ ਲਈ ਪੈਸਿਆਂ ਦੀ ਵਿਵਸਥਾ ਆਦਿ ਲਈ ਬਿਟਕੋਇਨ ਦਾ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੁੱਝ ਥਾਵਾਂ 'ਤੇ ਖਾਣ ਪੀਣ ਵਾਲੀਆਂ ਚੀਜ਼ਾਂ ਲਈ ਵੀ ਬਿਟਕੋਇਨ ਦੀ ਵਰਤੋਂ ਦੀਆਂ ਖ਼ਬਰਾਂ ਹਨ। ਕਈ ਦੇਸ਼ਾਂ 'ਚ ਫੂਡ ਚੇਨ ਚਲਾ ਰਹੀ ਇੱਕ ਕੰਪਨੀ ਆਪਣੇ ਗਾਹਕਾਂ ਨੂੰ ਖ਼ੁਸ਼ ਕਰਨ ਲਈ ਬਿਟਕੋਇਨ ਸਵੀਕਾਰਦੀ ਹੈ ਅਤੇ ਉਨ੍ਹਾਂ ਨੂੰ 10 ਫ਼ੀਸਦੀ ਛੋਟ ਵੀ ਦਿੰਦੀ ਹੈ।
ਪ੍ਰਪਰਾਗਤ ਕਰੰਸੀਆਂ ਦੀ ਵਰਤੋਂ ਨਾਲ ਦੁਨੀਆਂ ਨੇ ਤਰੱਕੀ ਕੀਤੀ ਹੈ। ਇਸ ਤੋਂ ਪਹਿਲਾਂ ਚਲਦੀਆਂ ਮੁਢਲੀਆਂ ਕਰੰਸੀਆਂ ਵੀ ਸਮੇਂ ਦੇ ਲਿਹਾਜ਼ ਨਾਲ ਵਰਤੋਂ ਅਤੇ ਤਬਾਦਲੇ ਦੇ ਯੋਗ ਸਨ ਅਤੇ ਇਨ੍ਹਾਂ ਕਰੰਸੀਆਂ ਨੇ ਤਬਾਦਲੇ ਦੇ ਨਾਲ-ਨਾਲ ਤਰੱਕੀ ਵੀ ਕੀਤੀ। ਹੁਣ ਡਿਜੀਟਲ ਕਰੰਸੀ ਨੇ ਨਵੇਂ ਖ਼ਤਰੇ ਖੜ੍ਹੇ ਕਰ ਦਿੱਤੇ ਹਨ। ਇਸ ਦਾ ਕੰਟਰੋਲ ਲੋਕਾਂ ਦੇ ਹੱਥ 'ਚ ਨਾ ਰਹਿ ਕੇ ਬੈਕਾਂ ਦੇ ਕੰਪਿਊਟਰਾਂ 'ਚ ਸੀਮਤ ਹੋ ਕੇ ਰਹਿ ਗਿਆ ਹੈ। ਸਾਡੇ ਦੇਸ਼ 'ਚ ਇੰਟਰਨੈੱਟ ਦੀ ਸਪੀਡ ਘੱਟ ਹੋਣ ਕਾਰਨ ਲੋਕਾਂ ਨੂੰ ਆਮ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲੇ ਕੁੱਝ ਦਿਨ ਪਹਿਲਾਂ ਹੀ ਦੇਸ਼ ਦੀ ਇੱਕ ਕੌਮੀਕ੍ਰਿਤ ਬੈਂਕ ਨੇ ਆਪਣੇ ਸੌਫਟਵੇਅਰ ਨੂੰ ਅਪਗਰੇਡ ਦੇ ਨਾਂਅ ਹੇਠ ਲੋਕਾਂ ਨੂੰ ਪ੍ਰੇਸ਼ਾਨੀ 'ਚ ਪਾਈ ਰੱਖਿਆ। ਬੈਂਕ ਤੋਂ ਬੈਂਕ ਲੈਣ ਦੇਣ ਚਲਦਾ ਰਿਹਾ ਪਰ ਆਮ ਲੋਕਾਂ ਨੂੰ ਬੈਂਕ 'ਚ ਜਾ ਕੇ ਪੈਸੇ ਤੋਂ ਅਗੂਠਾ ਹੀ ਮਿਲਦਾ ਰਿਹਾ। ਜੇ ਕੱਲ ਕਲੋਤਰ ਨੂੰ ਅਜਿਹੇ ਸੌਫਟਵੇਅਰ 'ਤੇ ਕਿਸੇ ਹੈਕਰ ਨੇ ਕਬਜ਼ਾ ਕਰ ਲਿਆ ਤਾਂ ਲੋਕਾਂ ਦੀ ਮਿਹਨਤ ਨਾਲ ਕਮਾਈ ਪੂੰਜੀ ਦਾ ਕੀ ਬਣੇਗਾ। ਬਿਟਕੋਇਨ ਨਾਲ ਸਾਡੇ ਦੇਸ਼ 'ਚ ਜੇ ਲੈਣ ਦੇਣ ਆਰੰਭ ਹੋ ਗਿਆ ਤਾਂ ਲੋਕਾਂ ਦੀ ਪੂੰਜੀ ਨੂੰ ਕੌਣ ਹੜੱਪ ਕੇ ਲੈ ਜਾਵੇਗਾ, ਇਸ ਦਾ ਪਤਾ ਵੀ ਨਹੀਂ ਲੱਗ ਸਕੇਗਾ। ਸਾਡੇ ਦੇਸ਼ 'ਚ ਡਿਜ਼ੀਟਲ ਹੋਣ ਉਪਰੰਤ ਹੋਣ ਵਾਲੀਆਂ ਠੱਗੀਆਂ ਦਾ ਹਾਲੇ ਤੱਕ ਹੱਲ ਨਹੀਂ ਨਿਕਲ ਸਕਿਆ ਤਾਂ ਬਿਟਕੋਇਨ ਦੇ ਮਾਮਲਿਆਂ ਦਾ ਕੀ ਬਣੇਗਾ। ਸਾਡੇ ਦੇਸ਼ ਦੇ ਲੋਕ ਇੱਕ ਫ਼ੋਨ ਕਾਲ 'ਤੇ ਆਪਣਾ ਪਾਸਵਰਡ ਅਤੇ ਓਟੀਪੀ ਵੀ ਦੱਸ ਦਿੰਦੇ ਹਨ ਅਤੇ ਅਜਿਹੀਆਂ ਠੱਗੀਆਂ ਦੇ ਕੇਸ ਵੀ ਦਰਜ ਹੁੰਦੇ ਹਨ ਪਰ ਇੱਕ ਵੀ ਮਾਮਲੇ 'ਚ ਪੈਸੇ ਕਿਸੇ ਨੂੰ ਵਾਪਸ ਮਿਲੇ ਹੋਣ, ਇਸ ਦੀ ਇੱਕ ਵੀ ਉਦਾਹਰਣ ਸਾਹਮਣੇ ਨਹੀਂ ਆਈ। ਠੱਗੀਆਂ ਦੇ ਸ਼ਿਕਾਰ ਲੋਕ ਕੇਸ ਦਰਜ ਕਰਵਾ ਕੇ ਆਪਣੇ ਆਪ ਨੂੰ ਫਸੇ ਹੋਏ ਮਹਿਸੂਸ ਕਰਦੇ ਹਨ, ਜਦੋਂ ਉਨ੍ਹਾਂ ਨੂੰ ਅਦਾਲਤਾਂ ਦੇ ਚੱਕਰ ਕੱਟਣੇ ਪੈਂਦੇ ਹਨ ਅਤੇ ਮਗਰੋਂ ਕੇਸ ਨੂੰ ਨਿਪਟਾਉਣ ਦੇ ਦਬਾਅ ਵੀ ਦੇਖਣ ਨੂੰ ਮਿਲਦੇ ਹਨ। ਹਾਕਮ ਧਿਰ ਵੱਲੋਂ ਦੇਸ਼ ਨੂੰ ਡਿਜੀਟਲ ਅਤੇ ਕੈਸ਼ਲੈਸ ਦੇ ਦਾਅਵੇ ਕੀਤੇ ਜਾ ਰਹੇ ਹਨ। ਦੇਸ਼ 'ਚ ਪੈਦਾ ਹੋ ਰਹੀਆਂ ਸਥਿਤੀਆਂ ਕਾਰਨ ਲੋਕ ਕੈਸ਼ਲੈਸ ਤਾਂ ਹੋ ਹੀ ਰਹੇ ਹਨ। ਸਾਡੇ ਦੇਸ਼ 'ਚ ਡਿਜੀਟਲ ਲੈਣ ਦੇਣ 'ਤੇ ਲਗਾਏ ਟੈਕਸ ਨਾਲ ਅਮੀਰ ਕੰਪਨੀਆਂ ਦੀਆਂ ਤਿਜ਼ੌਰੀਆਂ ਭਰਨ 'ਚ ਵੀ ਮਦਦ ਕੀਤੀ ਜਾ ਰਹੀ ਹੈ।
ਬਿਟਕੋਇਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਹਾਲੇ ਤੱਕ ਆਮ ਲੋਕਾਂ ਦਾ ਵਾਹ ਹੀ ਨਹੀਂ ਪਿਆ। ਜੇ ਸਾਡੇ ਦੇਸ਼ 'ਚ ਅਜਿਹੀਆਂ ਸਧਾਰਨ ਠੱਗੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਤਾਂ ਬਿਟਕੋਇਨ ਨਾਲ ਹੋਣ ਵਾਲੀਆਂ ਠੱਗੀਆਂ ਲਈ ਕੌਣ ਜਿੰਮੇਵਾਰ ਹੋਵੇਗਾ। ਇਸ ਦਾ ਅਸਰ ਵਿਸ਼ਵ ਭਰ ਦੀ ਆਰਥਕਤਾ 'ਤੇ ਪੈਣਾ ਤਹਿ ਹੈ। ਇਹ ਪੂੰਜੀਵਾਦ ਦਾ ਹੀ ਇੱਕ ਸੰਕਟ ਹੈ ਪਰ ਇਸ ਨਾਲ ਆਮ ਸਧਾਰਨ ਲੋਕਾਂ ਦੀਆਂ ਤੰਗੀਆਂ ਤੁਰਸ਼ੀਆਂ ਹੋਰ ਵੀ ਵਧਣੀਆਂ ਤਹਿ ਹਨ।

- Posted by Admin