sangrami lehar

ਸੈਟ-ਅਪਸੈਟ

  • 03/03/2018
  • 05:24 PM

ਸ਼ੀਰਾ ਮੈਨੂੰ ਆਪਣੇ ਰਿਸ਼ਤੇਦਾਰਾਂ ਦੇ ਵਿਆਹ 'ਚ ਲੈ ਗਿਆ। ਆਮ ਤੌਰ 'ਤੇ ਇਕੱਠੇ ਹੀ ਰਹਿੰਦੇ ਆਂ। ਤਕੜੇ ਬੰਦਿਆਂ ਦੇ ਘਰ ਵਿਆਹ ਸੀ। 'ਮਾਨ' ਦਾ ਅਖਾੜਾ ਸਜਿਆ ਹੋਇਆ ਸੀ। ਦਾਰੂ ਕਈ ਕਿਸਮਾਂ ਦਾ। ਜਿਹੜੀ ਮਰਜ਼ੀ, ਜਿੰਨੀ ਮਰਜ਼ੀ ਛਕ ਲਓ। ਉਂਝ ਕਹਿੰਦੇ ਆ ਅਸਰ ਇਕੋ ਜਿਹਾ ਹੀ ਹੁੰਦਾ ਆ ਸਾਰਿਆਂ ਦਾ। ਰੰਗ ਬਰੰਗੀਆਂ ਸਰਕਾਰਾਂ ਦੇ ਕਿਰਦਾਰ ਵਾਂਗੂੰ ਕੋਈ ਫਰਕ ਨਹੀਂ। ਮੀਟ-ਮੱਛੀ ਵੀ ਖੁੱਲ੍ਹਾ ਸੀ। ਹਰ ਪਾਸੇ ਰੌਲਾ ਰੱਪਾ।
ਸਾਨੂੰ ਇਕ ਖੂੰਜੇ 'ਚ ਇਕੱਲੇ ਬੈਠਿਆਂ ਦੇਖ ਕੇ ਦੋ ਸੱਜਣ ਆ ਧਮਕੇ। ਇਕ ਜਾਣਕਾਰ ਸਰਕਾਰੀ ਅਫਸਰ ਜਗੀਰ ਸਿੰਘ ਤੇ ਦੂਸਰਾ ਤਾਜ਼ਾ ਗਿਆ ਵਿਦੇਸ਼ੀ ਭਾਰਤੀ। ਦੂਸਰੇ ਸੱਜਣ ਦੀ ਵਾਕਫ਼ੀਅਤ ਕਰਾਉਂਦਿਆਂ ਜਗੀਰ ਨੇ ਕਿਹਾ, ''ਭਾਜੀ! ਇਹ ਡਾਕਟਰ ਸਾਹਿਬ ਅਮਰੀਕਾ ਵਿਚ ਸੈਟ ਨੇ।''
''ਸੈਟ ਕਿ ਅਪਸੈਟ'' ਮਸਖਰਾ ਜਿਹਾ ਹਾਸਾ ਹੱਸਦਿਆਂ ਸ਼ੀਰੇ ਨੇ ਫੜਾਹ ਮਾਰੀ।
ਥੋੜ੍ਹੀ ਦੇਰ ਚੁੱਪ ਰਹਿ ਕੇ ਜਗੀਰ ਸਿੰਘ ਫੇਰ ਬੋਲਿਆ,
''ਬਹੁਤ ਹੀ ਕਮਾਲ ਦੇ ਆ ਭਾਜੀ। ਫੁੱਲ ਟੌਹਰ.... ਪੂਰੇ ਸੈਟ ਆ ਹੁਣ।''
''ਮੈਂ ਤਾਂ ਚਾਲੀ ਸਾਲਾਂ ਦਾ ਵੀ ਸੈਟ ਨਾ ਹੋ ਸਕਿਆ ਬਾਹਰ'' ਸ਼ੀਰੇ ਨੇ ਆਪਣੀ ਸਾਰੀ ਹੱਡ ਬੀਤੀ ਸੁਣਾ ਦਿੱਤੀ।
ਸ਼ੀਰਾ ਏਨਾ ਕੁ ਜਾਣਦਾ ਸੀ ਕਿ ਉਹ ਡਾਕਟਰ ਇਸੇ ਸ਼ਹਿਰ ਵਿਚ ਪਿਛਲੇ 30 ਕੁ ਸਾਲਾਂ ਤੋਂ ਪ੍ਰੈਕਟਿਸ ਕਰਦਾ ਆ ਰਿਹਾ ਸੀ। ਵੱਡੇ ਡਾਕਟਰਾਂ ਵਿਚ ਉਸਦਾ ਨਾਂਅ ਸ਼ਾਮਲ ਸੀ।
ਪਿਛੋ ਜਿਹੇ ਹੀ ਡਾਕਟਰ ਦੀ ਬੇਟੀ ਨੇ ਉਸਨੂੰ ਅਮਰੀਕਾ ਸੱਦ ਲਿਆ ਸੀ। ਚਲੇ ਗਿਆ ਠੀਕ ਆ, ਪ੍ਰੰਤੂ ਸੈਟ ਕਿਵੇਂ ਹੋ ਗਿਆ? ਮੈਨੂੰ ਇਸ ਬਾਰੇ ਸਮਝ ਨਾ ਲੱਗੀ। ਡਾਕਟਰੀ ਤਾਂ ਉਥੇ ਕਰ ਨਹੀਂ ਸਕਦਾ ਇਹ ਪੁਰਸ਼। ਸੜਕਾਂ, ਮਕਾਨ, ਕਾਰਾਂ, ਸ਼ਰਾਬ, ਕੱਪੜੇ, ਮੀਟ, ਕੰਮ ਦੇ ਘੰਟੇ.... ਡਾਲਰ....। ਇਹਨਾਂ ਨਾਲ ਤਾਂ ਸੈਟ ਹੋਣ ਦਾ ਕੋਈ ਸਬੰਧ ਨਹੀਂ। ਸੈਟ ਤਾਂ 'ਸਿਰ' ਚਾਹੀਦਾ। ਹੋ ਸਕਦਾ ਹੈ ਕਈਆਂ ਨੂੰ ਸੈਟ-ਅਪਸੈਟ ਵਿਚਲੇ ਅੰਤਰ ਦਾ ਹੀ ਪਤਾ ਨਾ ਹੋਵੇ!
ਦੋਨੋਂ ਸੱਜਣ ਕੁਝ ਸੋਚਦੇ ਹੋਏ ਚਲੇ ਗਏ। ਸ਼ਾਇਦ ਹੋਰ ਪੈਗ ਲਾਉਣ ਲਈ। ਪੁਰਾਣੀ ਤਾਂ ਲਹਿ ਗਈ ਜਾਪੀ ਉਨ੍ਹਾਂ ਦੀ।
ਅਸੀਂ ਵੀ, ਕੁਝ ਚਿਰ ਬਾਅਦ ਥੋੜਾ ਖਾ ਪੀ ਕੇ ਚਲ ਪਏ। ਕਿਉਂਕਿ ਕਈ ਸਾਂਝੇ ਮਸਲੇ ਵੀ ਸੈਟ ਕਰਨੇ ਜ਼ਰੂਰੀ ਸਨ।
- ਰਾਹਗੀਰ

- Posted by Admin