sangrami lehar

ਲੋਕ ਮਸਲੇ : ਸਮੱਸਿਆਵਾਂ ਇਲਾਕਾ ਭੀਖੀ ਦੀਆਂ

  • 03/03/2018
  • 05:22 PM

ਭੀਖੀ, ਜਿਲ੍ਹਾ ਮਾਨਸਾ ਦਾ ਪਟਿਆਲਾ-ਸੁਨਾਮ-ਮਾਨਸਾ-ਬਠਿੰਡਾ ਸੜਕ ਉਪਰ ਵਸਿਆ ਹੋਇਆ ਮਸ਼ਹੂਰ ਕਸਬਾ ਹੈ। ਇਹ ਕਸਬਾ ਆਵਾਜਾਈ ਦਾ ਚੰਗਾ ਕੇਂਦਰ ਹੈ। ਇਥੇ ਹੀ ਭੀਖੀ ਸੀਡੀਪੀਓ, ਬੀਡੀਪੀਓ ਅਤੇ ਸਬ ਤਹਿਸੀਲ ਦਾ ਹੈਡ ਕੁਆਟਰ ਹੈ! ਥਾਣਾ ਹੈ! ਦਾਣਾ ਮੰਡੀ ਹੈ ਅਤੇ ਚੰਗਾ ਬਾਜ਼ਾਰ ਹੈ। ਇਸ ਲਈ ਲਗਭਗ 35-40 ਪਿੰਡਾਂ ਦੇ ਲੋਕ ਸੌਦਾ-ਪੱਤਾ ਪ੍ਰੀਦਣ ਲਈ ਹਰ ਰੋਜ਼ ਹਜਾਰਾਂ ਦੀ ਗਿਣਤੀ ਵਿਚ ਬਾਹਰੋਂ ਵੀ ਆਉਂਦੇ ਅਤੇ ਜਾਂਦੇ ਹਨ ਸੈਂਕੜੇ ਬੱਸਾਂ ਗੁਜਰਦੀਆਂ ਹਨ ਐਪਰ ਇਸ ਕਸਬੇ ਦਾ ਬੱਸ ਅੱਡੇ ਨਾਲ ਮਸ਼ਹੂਰ ਬਾਜਾਰ ਨਹਿਰ ਤੋਂ ਲੈ ਕੇ ਬੁਢਲਾਡਾ ਤਿਕੋਣੀ ਤਕ, ਸਮਾਓ (ਬਰਨਾਲਾ ਰੋਡ) ਤੋਂ ਲੈ ਕੇ ਥਾਣਾ ਰੋਡ ਉਪਰ ਥਾਣੇ ਤਕ ਦੋ-ਦੋ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਬਾਹਰੋਂ ਆਉਣ ਵਾਲੇ ਲੋਕਾਂ ਲਈ ਬਸ ਦੀ ਉਡੀਕ ਲਈ ਬੈਠਣ ਜਾਂ ਟੱਟੀ-ਪਿਸ਼ਾਬ ਜਾਣ ਲਈ ਕੋਈ ਪ੍ਰਬੰਧ ਨਹੀਂ ਹੈ। ਸਿਰਫ ਬਸ ਅੱਡੇ ਦੇ ਅੰਦਰ ਇੱਕ ਪਿਸ਼ਾਬ ਘਰ ਬਣਿਆ ਹੋਇਆ ਹੈ ਜਿਥੇ ਸਫਾਈ ਦਾ ਬੁਰਾ ਹਾਲ ਹੈ। ਇਸ ਕਾਰਨ ਬਾਹਰੋਂ ਆਏ ਲੋਕਾਂ ਨੂੰ ਖਾਸਕਰ ਇਸਤਰੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਜਬੂਰੀ ਬੱਸ ਲੋਕਾਂ ਦੀਆਂ ਕੰਧਾਂ ਨਾਲ ਜਾਂ ਖਾਲੀ ਪਈ ਥਾਂ ਉਪਰ ਨਵਿਰਤ ਹੋਣਾ ਪੈਂਦਾ ਹੈ। ਅਤੇ ਮੋਦੀ ਸਰਕਾਰ ਦੇ ਸਫਾਈ ਆਭਿਆਨ ਦਾ ਸ਼ਰੇਆਮ ਜਨਾਜਾ ਨਿਕਲ ਰਿਹਾ ਹੈ।
ਕਸਬੇ ਵਿੱਚ ਸਮਾਨ ਖਰੀਦਣ ਲਈ ਅਤੇ ਹੋਰ ਕੰਮ-ਧੰਦਿਆਂ ਲਈ ਹਜਾਰਾਂ ਦੀ ਗਿਣਤੀ ਵਿਚ, ਲੋਕ ਨਿੱਜੀ ਸਾਧਨ, ਮੋਟਰ ਸਾਇਕਲ, ਟਰੈਕਟਰ, ਟਰਾਲੀਆਂ, ਕਾਰਾਂ, ਰੇਹੜੇ, ਟਰੱਕ ਆਦਿ ਲੈ ਕੇ ਆਉਂਦੇ ਹਨ। ਪ੍ਰੰਤੂ ਇਨ੍ਹਾਂ, ਨਿੱਜੀ ਵਾਹਨਾਂ ਦੇ ਖੜ੍ਹਨ ਲਈ ਪਾਰਕਿੰਗ, ਸਾਇਕਲ ਸਟੈਂਡ ਦਾ ਕੋਈ ਪ੍ਰਬੰਧ ਨਹੀਂ ਹੈ। ਉਸ ਕਾਰਨ ਲੋਕੀਂ ਇਹ ਵਹੀਕਲ ਸੜਕਾਂ ਉਪਰ ਵੀ ਦੁਕਾਨਾਂ ਮੂਹਰੇ ਖੜੇ ਕਰਨ ਲਈ ਮਜਬੂਰ ਹੁੰਦੇ ਹਨ। ਇਸ ਕਾਰਨ ਅਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ। ਜਾਮ ਲੱਗਦੇ ਹਨ ਅਤੇ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ।
ਭੀਖੀ ਆਉਣ ਲਈ ਪਟਿਆਲਾ-ਬਠਿੰਡਾ, ਭੀਖੀ-ਧਨੌਲਾ ਆਦਿ ਮੁੱਖ ਸੜਕਾਂ ਤੋਂ ਬਿਨਾਂ ਕਈ ਲਿੰਕ ਸੜਕਾਂ ਵੀ ਆਉਂਦੀਆਂ ਹਨ। ਇੱਕ ਲਿੰਕ ਸੜਕ ਮੱਤੀ ਤੋਂ ਮੌਜੋ-ਅਲੀ ਸ਼ੇਰ ਅਤਲਾ-ਮਾਨਸਾ ਕਾਗਜਾਂ 'ਚ ਹੁਣੇ ਨਵੀਂ ਬਣੀ ਹੈ (ਪ੍ਰੰਤੂ ਅਲੀ ਸ਼ੇਰ ਤੋਂ ਅਤਲਾ ਤੱਕ ਵੱਡਾ ਰੋੜਾ ਹੀ ਪਿਆ ਹੈ। ਲੁੱਕ, ਬੱਜਰੀ ਪਾਈ ਹੀ ਨਹੀਂ) ਸਮਾਉ ਤੋਂ ਅਤਲਾ, ਉਂਝ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਹਿੱਸਾ ਹੈ, ਪਰ ਅਸਲੀ ਹਾਲਤ ਛੋਟੇ ਅਤਲੇ ਜਾ ਕੇ ਪਤਾ ਲੱਗਦੀ ਹੈ। ਇਨ੍ਹਾਂ ਲਿੰਕ ਸੜਕਾਂ ਉਪਰ ਥਾਂ-ਥਾਂ ਟੋਏ ਪਏ ਹੋਏ ਹਨ ਜਿਥੇ ਆਮ ਕਰਕੇ ਪਾਣੀ ਭਰਿਆ ਰਹਿੰਦਾ ਹੈ। ਹੋਰ ਭੀਖੀ ਤੋਂ ਬੁਢਲਾਡੇ ਤੱਕ ਜਾਂਦੀ ਮੁੱਖ ਸੜਕ ਵੀ ਕਿਸੇ ਨਾਲੋਂ ਘੱਟ ਨਹੀਂ। ਇਸ ਸੜਕ 'ਤੇ ਪਏ ਟੋਏ ਕਈ ਭਿਆਨਕ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ।
ਭੀਖੀ ਇਲਾਕੇ ਵਿਚੋਂ ਕਈ ਡਰੇਨ ਗੁਜ਼ਰਦੇ ਹਨ। ਇਹ ਚਾਹੇ ਸਰਹੱਦ ਚੋਅ ਡਰੇਨ ਹੈ ਜਾਂ ਲਸਾੜਾ-ਬ੍ਰਾਂਚ ਹੈ ਜਾਂ ਛੋਟੀ ਜਿਹੀ ਖੀਬ ਲਿੰਕ ਡਰੇਨ। ਇਨ੍ਹਾਂ ਦੀ ਸਫਾਈ ਦਾ ਤਾਂ ਬੁਰਾ ਹਾਲ ਹੈ ਹੀ ਕਿਉਂਕਿ ਪੱਕਾ ਸਟਾਫ, ਬੇਲਦਾਰ ਆਦਿ ਤਾਂ ਖਤਮ ਹੀ ਕਰ ਦਿੱਤੇ ਗਏ ਹਨ। ਸਾਲ ਵਿਚ ਇੱਕ-ਅੱਧ ਵਾਰ ਮਨਰੇਗਾ ਵਾਲੇ ਹੱਥ ਮਾਰ ਦਿੰਦੇ ਹਨ। ਦੂਸਰਾ ਇਨ੍ਹਾਂ ਉਪਰ ਬਣੇ (50-50, 40-40 ਸਾਲ ਪਹਿਲਾਂ ਵਾਲੇ) ਪੁੱਲ ਕਿਨਾਰਿਆਂ ਨਾਲੋਂ ਨੀਵੇਂ ਹੋ ਗਏ ਹਨ ਅਤੇ ਹਨ ਵੀ ਘੋਨੇ। ਨਾ ਕੰਧ ਹੈ ਨਾ ਰੋਕ। ਇਸ ਲਈ ਇਹ ਪੁੱਲ ਅਤੇ ਕੱਸੀਆਂ, ਰਜਵਾਹਿਆ 'ਤੇ ਬਣੇ ਘੋਨੇ ਪੁੱਲ ਹਾਦਸਿਆਂ ਦਾ ਕਾਰਨ ਬਣਦੇ ਹਨ ਜਾਂ ਇਨ੍ਹਾਂ ਵਿਚ ਫੱਸੇ ਘਾਹ ਫੂਸ ਕਾਰਨ, ਇਨ੍ਹਾਂ ਨੂੰ ਤੋੜਨ ਦਾ। ਇਨ੍ਹਾਂ ਕਾਰਨਾਂ ਕਰਕੇ ਕਈ ਹਾਦਸੇ, ਵਾਪਰ ਚੁੱਕੇ ਹਨ।
ਇਸ ਇਲਾਕੇ ਵਿੱਚ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ, ਜਿਥੇ ਇਹ ਬਦਬੂ ਫੈਲਾਉਂਦੇ ਹਨ ਉਥੇ ਕਈ ਭਿਆਨਕ ਬੀਮਾਰੀਆਂ ਵਿੱਚ ਵਾਧਾ ਵੀ ਕਰਦੇ ਹਨ। ਪ੍ਰਦੂਸ਼ਿਤ ਪਾਣੀ ਕਾਰਨ, ਇਲਾਕਾ ਭਿਆਨਕ ਮਾਰੂ ਬੀਮਾਰੀਆਂ ਦੀ ਮਾਰ ਹੈ ਅਤੇ ਹਰ ਰੋਜ ਅਣਹੋਣੀਆਂ ਮੌਤਾਂ ਵਿੱਚ ਵਾਧਾ ਹੋ ਰਿਹਾ ਹੈ। ਸਮੱਸਿਆਂ ਹੋਰ ਵੀ ਬਹੁਤ ਹਨ।
ਪ੍ਰੰਤੂ ਸਰਕਾਰ, ਪ੍ਰਸ਼ਾਸਨ, ਨਗਰ ਪੰਚਾਇਤ ਅਤੇ ਗ੍ਰਾਮ ਪੰਚਾਇਤਾਂ ਨੂੰ ਇਸ ਪਾਸੇ ਤੁਰੰਤ ਧਿਆਨ ਦੇ ਕੇ, ਪਹਿਲ ਦੇ ਅਧਾਰ ਤੇ ਇਨ੍ਹਾਂ, ਸਮੱਸਿਆਵਾਂ ਦਾ ਹੱਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਇਸ ਲਈ ਦਬਾਅ ਬਨਾਉਣ ਲਈ ਲੋਕਾਂ ਨੂੰ ਲਾਮਬੰਦ ਹੋਕੇ ਲੰਘਰਸ਼ ਕਰਨਾ ਚਾਹੀਦਾ ਹੈ।
- ਛੱਜੂ ਰਾਮ ਰਿਸ਼ੀ

- Posted by Admin