sangrami lehar

ਆਰ.ਐਮ.ਪੀ.ਆਈ. ਦੀ ਕੇਂਦਰੀ ਕਮੇਟੀ ਦੀ ਮੀਟਿੰਗ ਦੀ ਰਿਪੋਰਟ

  • 03/03/2018
  • 05:20 PM

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੀ ਦੋ ਦਿਨਾਂ ਮੀਟਿੰਗ 18-19 ਫਰਵਰੀ ਨੂੰ ਸਾਥੀ ਸ਼ਾਮ ਰਾਉ ਪਰੁਲੇਕਰ ਭਵਨ, ਥਾਣੇ (ਮਹਾਰਾਸ਼ਟਰਾ) ਵਿਖੇ ਪਾਰਟੀ ਦੇ ਚੇਅਰਮੈਨ ਸਾਥੀ ਕਲਿਅੱਪਨ ਗੰਗਾਧਰਨ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ।
ਲੰਘੇ ਸਾਲ ਨਵੰਬਰ ਮਹੀਨੇ ਚੰਡੀਗੜ੍ਹ ਵਿਖੇ ਸੰਪੰਨ ਹੋਈ ਪਾਰਟੀ ਦੀ ਪਲੇਠੀ ਕੁੱਲ ਹਿੰਦ ਕਾਨਫ਼ਰੰਸ ਵੱਲੋਂ, ਗੰਭੀਰ ਵਿਚਾਰ ਵਟਾਂਦਰੇ ਉਪਰੰਤ ਲਏ ਗਏ ਜੱਥੇਬੰਦਕ ਫ਼ੈਸਲਿਆਂ ਅਤੇ ਤੈਅ ਕੀਤੀ ਗਈ ਰਾਜਨੀਤਕ ਲਾਈਨ ਨੂੰ ਠੀਕ ਸੇਧ ਵਿੱਚ ਲਾਗੂ ਕਰਨ ਲਈ ਮੀਟਿੰਗ ਵਿੱਚ ਠੋਸ ਵਿਉਂਤਬੰਦੀ ਕੀਤੀ ਗਈ।
ਮਿਹਨਤਕਸ਼ਾਂ ਸਨਮੁੱਖ ਕੌਮਾਂਤਰੀ ਤੇ ਕੌਮੀ ਚੁਣੌਤੀਆਂ, ਮੋਦੀ ਸਰਕਾਰ ਵਲੋਂ ਤੇਜੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਲੋਕ ਦੋਖੀ ਨਵਉਦਾਰਵਾਦੀ ਨੀਤੀਆਂ, ਸੰਘ ਪਰਿਵਾਰ ਦੇ ਫ਼ਿਰਕੂ ਫ਼ਾਸ਼ੀਵਾਦੀ ਹਮਲਿਆਂ ਅਤੇ ਅਜੋਕੀ ਸਥਿਤੀ ਵਿੱਚ ਪਾਰਟੀ ਦੀ ਢੁੱਕਵੀਂ ਦਖਲਅੰਦਾਜੀ ਬਾਰੇ ਸਾਥੀ ਮੰਗਤ ਰਾਮ ਪਾਸਲਾ ਵਲੋਂ ਪੇਸ਼ ਕੀਤੀ ਗਈ ਰਾਜਸੀ ਰਿਪੋਰਟ ਉਸਾਰੂ ਸੁਝਾਆਂ ਅਤੇ ਵਾਧਿਆਂ ਸਮੇਤ ਸਰਵਸੰਮਤੀ ਨਾਲ ਪਾਸ ਕੀਤੀ ਗਈ।
ਮੀਟਿੰਗ ਵੱਲੋਂ ਇਸ ਗੱਲ 'ਤੇ ਡਾਢੀ ਚਿੰਤਾ ਪ੍ਰਗਟ ਕੀਤੀ ਗਈ ਕਿ ਆਪਣੇ ਯੁੱਧਨੀਤਕ ਅਤੇ ਵਪਾਰਕ ਹਿੱਤਾਂ ਦੀ ਪੂਰਤੀ ਲਈ ਅਮਰੀਕਨ ਸਾਮਰਾਜ ਅਤੇ ਉਸ ਦੇ ਜੁੰਡੀਦਾਰਾਂ ਵਲੋਂ ਚੀਨ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ, ਜਿਸ ਨਾਲ ਨਾ ਕੇਵਲ ਇਸ ਖਿੱਤੇ ਬਲਕਿ ਸਮੁੱਚੀ ਦੁਨੀਆਂ ਵਿੱਚ ਜੰਗ ਦੇ ਖਤਰੇ ਖੜ੍ਹੇ ਹੋ ਗਏ ਹਨ। ਸਾਮਰਾਜੀ ਬਘਿਆੜਾਂ ਦੇ ਉਕਤ ਕੋਝੇ ਮਨਸੂਬਿਆਂ ਦਾ ਭਾਰਤੀ ਹਾਕਮਾਂ ਵਲੋਂ ਅੰਨ੍ਹੇਵਾਹ ਸਾਥ ਦੇਣਾ ਨਾ ਕੇਵਲ ਦੁੱਖਦਾਈ ਹੈ ਬਲਕਿ ਭਾਰਤੀ ਅਵਾਮ ਦੇ ਹਿੱਤਾਂ ਦੇ ਐਨ ਪ੍ਰਤੀਕੂਲ ਹੈ। ਕੇਂਦਰੀ ਕਮੇਟੀ ਵਲੋਂ ਅਮਨ ਅਤੇ ਬਰਾਬਰਤਾ ਦੇ ਚਾਹਵਾਨ ਸਭਨਾਂ ਨੂੰ ਇਸ ਸਾਮਰਾਜੀ ਮਨਸੂਬੇ ਨੂੰ ਫੇਲ੍ਹ ਕਰਨ ਦੇ ਹਰ ਸੰਭਵ ਯਤਨਾਂ ਦਾ ਸੱਦਾ ਦਿੱਤਾ ਗਿਆ।
ਮੀਟਿੰਗ ਵਲੋਂ ਇਸ ਗੱਲ ਉਪਰ ਵੀ ਡਾਢੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਕਸ਼ਮੀਰ ਦੇ ਸੁਆਲ 'ਤੇ ਭਾਰਤ ਅਤੇ ਪਕਿਸਾਤਾਨ ਦੇ ਆਪਸੀ ਸੰਬੰਧ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਸਿੱਟੇ ਵਜੋਂ ਸਰਹੱਦ ਦੇ ਦੋਹੀਂ ਪਾਸੀਂ ਅਜਾਈਂ ਜਾਨਾਂ ਜਾ ਰਹੀਆਂ ਹਨ ਅਤੇ ਲੋਕ, ਖਾਸ ਕਰ ਸਰਹੱਦੀ ਵਸੋਂ ਅਕਹਿ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੀ ਹੈ। ਮੀਟਿੰਗ ਵਲੋਂ ਸਥਾਈ ਅਮਨ ਦੀ ਕਾਇਮੀ ਲਈ, ਕਸ਼ਮੀਰ ਮਸਲੇ ਦੇ ਰਾਜਨੀਤਕ ਹੱਲ ਉਪਰ ਜ਼ੋਰ ਦਿੰਦਿਆਂ, ਤੁਰੰਤ ਦੁਵੱਲੀ ਗੱਲਬਾਤ ਦੀ ਸ਼ੁਰੂਆਤ ਦੀ ਮੰਗ ਕੀਤੀ ਗਈ।
ਮੀਟਿੰਗ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਲੋਕਾਂ ਦੀਆਂ ਬੁਨਿਆਦੀ ਮੰਗਾਂ ਦੇ ਹੱਲ ਲਈ ਦੇਸ਼ ਪੱਧਰ ਉਪਰ ਇੱਕ ਵਿਸ਼ਾਲ ਚੇਤਨਾ ਅਤੇ ਲਾਮਬੰਦੀ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਦੌਰਾਨ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾਵੇਗਾ ਕਿ ਮੌਜੂਦਾ ਨੀਤੀ ਚੌਖਟੇ ਭਾਵ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦੇ ਚਲਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਹੀ ਨਹੀਂ ਸਕਦਾ, ਇਸ ਲਈ ਮੌਜੂਦਾ ਰਾਜ ਪ੍ਰਬੰਧ ਨੂੰ ਬਦਲਣ ਦੇ ਸੰਗਰਾਮ ਤਿੱਖੇ ਤੋਂ ਤਿਖੇਰੇ ਕੀਤੇ ਜਾਣ। ਮੁਹਿੰਮ ਦੇ ਅੰਤ ਵਿੱਚ 23 ਤੋਂ 31 ਮਾਰਚ ਤੱਕ ਦੇਸ਼ ਦੇ ਜਿਲ੍ਹਾਂ ਕੇਂਦਰਾਂ 'ਤੇ ਵਿਸ਼ਾਲ ਜਨ-ਭਾਗੀਦਾਰੀ 'ਤੇ ਅਧਾਰਤ ਤਿੱਖੇ ਰੋਸ ਮੁਜਾਹਰੇ ਕਰਨ ਦਾ ਨਿਰਣਾ ਲਿਆ ਗਿਆ।
ਮੀਟਿੰਗ ਵੱਲੋਂ ਇਸ ਗੱਲ 'ਤੇ ਡਾਢੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਕਿ ਕੇਰਲਾ ਵਿਖੇ ਸੀ.ਪੀ.ਆਈ.(ਐਮ) ਦੀ ਅਗਵਾਈ ਵਾਲੀ ਪਿਨੱਰਈ ਵਿਜਯਨ ਸਰਕਾਰ ਦੇ ਸ਼ਿਸ਼ਕਾਰੇ ਗੁੰਡਿਆਂ ਵੱਲੋਂ ਆਰ.ਐਮ.ਪੀ.ਆਈ. ਆਗੂਆਂ, ਵਰਕਰਾਂ ਅਤੇ ਦਫ਼ਤਰਾਂ ਉਪਰ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਇੱਥੋ ਤੱਕ ਕਿ ਹਮਦਰਦਾਂ ਦੀਆਂ ਦੁਕਾਨਾਂ, ਕਾਰਾਂ, ਘਰਾਂ ਅਤੇ ਵਪਾਰਕ ਸੰਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੀ.ਪੀ.ਆਈ.(ਐਮ) ਦੇ ਕੇਰਲਾ ਇਕਾਈ ਦੇ ਅਨੇਕਾਂ ਆਗੂ ਇੱਥੋਂ ਤੱਕ ਨਿੱਘਰ ਗਏ ਹਨ ਕਿ, ਜਿਵੇਂ ਆਰ.ਐਸ.ਐਸ. ਦੇ ਬੰਦੇ ਔਰਤਾਂ ਨਾਲ ਸ਼ੋਸ਼ਲ ਮੀਡੀਆ 'ਤੇ ਗਾਲੀ ਗਲੋਜ਼ ਕਰਦੇ ਹਨ, ਠੀਕ ਉਸੇ ਤਰਜ਼ 'ਤੇ ਉਕਤ ਆਗੂਆਂ ਵਲੋਂ ਪਾਰਟੀ ਦੀ ਸਨਮਾਨਯੋਗ ਆਗੂ, ਸ਼ਹੀਦ ਸਾਥੀ ਟੀ ਪੀ ਚੰਦਰਸ਼ੇਖ਼ਰਨ ਦੀ ਪਤਨੀ ਕਾਮਰੇਡ ਕੇ.ਕੇ ਰੇਮਾ ਜੋ ਆਰ.ਐਮ.ਪੀ.ਆਈ ਦੀ ਕੇਂਦਰੀ ਕਮੇਟੀ ਦੀ ਮੈਂਬਰ ਵੀ ਹੈ, ਖਿਲਾਫ਼ ਭੱਦੀ ਭਾਸ਼ਾ ਅਤੇ ਪਿਛਾਂਹ ਖਿੱਚੂ ਕਦਰਾਂ-ਕੀਮਤਾਂ ਅਧਾਰਿਤ ਪਰਚਾਰ ਕੀਤਾ ਜਾ ਰਿਹਾ ਹੈ। ਅੱਜ ਦੀ ਸੱਭ ਤੋਂ ਵੱਡੀ ਲੋੜ, ਸਾਮਰਾਜੀ ਨੀਤੀਆਂ ਅਤੇ ਸੰਘ ਪ੍ਰੀਵਾਰ ਦੇ ਪਿਛਾਖੜੀ ਹਮਲਿਆਂ ਖਿਲਾਫ਼ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਦੀ ਏਕਤਾ ਉਸਾਰਨ ਦੇ ਕਾਜ਼ ਨੂੰ ਦਰਕਿਨਾਰ ਕਰਦਿਆਂ, ਇੱਕ ਖੱਬੀ ਪਾਰਟੀ 'ਤੇ ਹਮਲੇ ਕਰਨਾ ਜਮਾਤੀ ਦੁਸ਼ਮਨਾਂ ਨੂੰ ਤਾਕਤ ਬਖਸ਼ਦਾ ਹੈ। ਪਾਰਟੀ ਵਲੋਂ ਸੀ.ਪੀ.ਆਈ. (ਐਮ) ਦੀ ਕੇਂਦਰੀ ਲਡਿਰਸ਼ਿਪ ਨੂੰ ਤੁਰੰਤ ਹਾਂ ਪੱਖੀ ਦਖਲ ਦੀ ਅਪੀਲ ਕਰਦਿਆਂ ਫ਼ੈਸਲਾ ਕੀਤਾ ਗਿਆ ਕਿ 8 ਮਾਰਚ 2018 ਨੂੰ ਕੌਮਾਂਤਰੀ ਇਸਤਰੀ ਦਿਵਸ ਨੂੰ ''ਕੇਰਲਾ ਇੱਕਜੁਟਤਾ ਦਿਵਸ'' ਵਜੋਂ ਮਨਾਇਆ ਜਾਵੇਗਾ। ਮੀਟਿੰਗ ਵੱਲੋਂ ਸਮੂਹ ਜਨਸੰਗਠਨਾਂ ਦੀ ਮਜਬੂਤੀ ਅਤੇ ਪਸਾਰ ਲਈ ਠੋਸ ਮਿਤੀ ਬੱਧ ਫ਼ੈਸਲੇ ਕੀਤੇ ਗਏ।
ਸਮੂਹ ਪਾਰਟੀ ਇਕਾਈਆਂ ਨੂੰ ਉਕਤ ਫ਼ੈਸਲੇ ਤਨਦੇਹੀ ਅਤੇ ਨਿਸ਼ਠਾ ਨਾਲ ਲਾਗੂ ਕਰਦ ਦਾ ਸੱਦਾ ਦਿੱਤਾ ਗਿਆ।
ਭਾਰਤ ਦੀ ਮਿਹਨਤਕਸ਼ ਜਨਤਾ ਨੂੰ ਉਕਤ ਸੰਗਰਾਮ ਦੀ ਹਰ ਪੱਖੋਂ ਇਮਦਾਦ ਕਰਨ ਦੀ ਅਪੀਲ ਕੀਤੀ ਗਈ। ਮੀਟਿੰਗ ਦੀ ਸਮਾਪਤੀ 'ਤੇ 19 ਫ਼ਰਵਰੀ ਨੂੰ ਇੱਕ ਕਾਡਰ ਮੀਟਿੰਗ ਸੱਦੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ (ਜਨਰਲ ਸਕੱਤਰ), ਸਾਥੀ ਕੇ. ਗੰਗਾਧਰਨ (ਚੇਅਰਮੈਨ), ਸਾਥੀ ਰਜਿੰਦਰ ਪਰਾਂਜਪੇ (ਖਜ਼ਾਨਚੀ) ਨੇ ਅਜੋਕੀ ਰਾਜਸੀ ਸਥਿਤੀ ਬਾਰੇ ਚਾਨਣਾ ਪਾਇਆ। ਉਕਤ ਆਗੂਆਂ ਨੇ ਪਾਰਟੀ ਫ਼ੈਸਲਿਆਂ ਦੀ ਵਿਆਖਿਆ ਕਰਦਿਆਂ ਉਨ੍ਹਾਂ ਨੂੰ ਲਾਗੂ ਕਰਨ ਲਈ ਜੁੱਟ ਜਾਣ ਦਾ ਸੱਦਾ ਦਿੱਤਾ।

- Posted by Admin