sangrami lehar

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ -ਮਾਰਚ 2018)

  • 03/03/2018
  • 05:12 PM

ਕਹਾਣੀ

ਜਾਤ-ਕੁਜਾਤ

- ਗੁਰਦੀਪ ਸਿੰਘ ਢੁੱਡੀ

ਬੜੇ ਚਾਅ ਨਾਲ ਆਪਣਾ ਈ.ਟੀ.ਟੀ. ਦਾ ਕੋਰਸ ਪਾਸ ਕੀਤਾ। ਕਿੰਨਾ ਚਾਅ ਸੀ ਸਕੂਲ ਵਿਚ ਅਧਿਆਪਕ ਬਣ ਕੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ। ਸੀਰਾਂ ਦੇ ਹੰਭਾਏ ਬਾਪੂ ਦੀਆਂ ਅੱਖਾਂ ਤਰਸਦੀਆਂ ਸਨ, ਮੇਰੀ ਪੜ੍ਹਾਈ ਨੂੰ ਪੈਣ ਵਾਲੇ ਬੂਰ ਵਾਸਤੇ। ਦੱਸਵੀਂ ਜਮਾਤ ਦਾ ਨਤੀਜਾ ਆਇਆ ਤੇ ਜਦੋਂ ਭੱਜੇ ਭੱਜੇ ਨੇ ਮੈਂ ਆਪਣੇ ਬਾਪੂ ਨੂੰ ਦੱਸਿਆ, 'ਬਾਪੂ ਮੈਂ ਦੱਸਵੀਂ ਪਾਸ ਕਰ ਲਈ ਹੈ', ਬਾਪੂ ਦੀਆਂ ਅੱਖਾਂ ਇਵੇਂ ਚਮਕੀਆਂ ਜਿਵੇਂ ਹਨ੍ਹੇਰੀ ਕੋਠੜੀ ਵਿਚ ਦੀਵਾ ਬਲ ਪਿਆ ਹੋਵੇ। ''ਹੱਛਾ, ਹੱਛਾ, ਹੁਣ ਤੈਨੂੰ ਨੌਕਰੀ ਮਿਲਜੂਗੀ''। ਬਾਪੂ ਨੇ ਆਪਣੀ ਕਰੜ ਬਰੜੀ ਅਤੇ ਬਿੱਜੜੇ ਦੇ ਆਲ੍ਹਣੇ ਵਾਂਗ ਉਲਝੀ ਦਾੜ੍ਹੀ 'ਤੇ ਹੱਥ ਮਾਰਦਿਆਂ ਬੜੀ ਉਤਸੁਕਤਾ ਨਾਲ ਮੈਨੂੰ ਪੁੱਛਿਆ ਸੀ। ''ਕੱਲ੍ਹ ਨੂੰ ਆਪਾਂ ਚੱਲਾਂਗੇ ਸਕੂਲੇ। ਪੁੱਛਾਂਗੇ ਪੀ.ਟੀ. ਮਾਸਟਰ ਨੂੰੂ''। ਪਤਾ ਮੈਨੂੰ ਵੀ ਕੁੱਝ ਨਹੀਂ ਸੀ। ਮੇਰੀ ਆਸ ਪੀ.ਟੀ. ਮਾਸਟਰ ਜੀ ਤੋਂ ਪੁੱਛਣ ਦੀ ਸੀ। ਸਿਰੋਂ ਗੰਜੇ, ਹੱਥ ਵਿਚ ਹਮੇਸ਼ਾ ਡੰਡਾ ਰੱਖਣ ਵਾਲੇ ਪੀ.ਟੀ. ਮਾਸਟਰ ਜੀ ਸਾਡੇ ਖੇਡਾਂ ਵਿਚ ਹਿੱਸਾ ਲੈਣ ਵਾਲਿਆਂ ਵਾਸਤੇ ਮਸੀਹਾ ਵਰਗੇ ਹੁੰਦੇ ਸਨ। ਅਸੀਂ ਆਪਣੀ ਹਰ ਉਲਝਣ ਉਨ੍ਹਾਂ ਨਾਲ ਸਾਂਝੀ ਕਰ ਸਕਦੇ ਸਾਂ। ਤੇ ਅਗਲੇ ਦਿਨ ਮੈਂ ਆਪਣੇ ਪੀ.ਟੀ. ਮਾਸਟਰ ਜੀ ਕੋਲ ਚਲਾ ਗਿਆ ਸਾਂ। ਪੀ.ਟੀ. ਮਾਸਟਰ ਜੀ ਨੇ ਆਪਣੀ ਕੁਰਸੀ ਤੋਂ ਉਠ ਕੇ ਮੈਨੂੰੂ ਵਧਾਈ ਦਿੰਦਿਆਂ ਆਲ੍ਹਣੇ ਦੇ ਬੋਟ ਵਾਂਗ ਆਪਣੇ ਕਲਾਵੇ ਵਿਚ ਲੈ ਕੇ ਇਹ ਵੀ ਦੱਸਿਆ ਸੀ ਕਿ ਮੈਂ ਸਕੂਲ ਵਿਚੋਂ ਦੂਸਰੇ ਨੰਬਰ 'ਤੇ ਰਹਿ ਕੇ ਪਾਸ ਹੋਇਆ ਸਾਂ। ਮੈਂ ਝਿਜਕਦੇ-ਝਿਜਕਦੇ ਹੋਏ ਨੇ ਪੀ.ਟੀ. ਮਾਸਟਰ ਨੂੰ ਪੁੱਛਿਆ, ''ਜੀ ਬਾਪੂ ਪੁੱਛਦਾ ਸੀ ਮੈਨੂੰ ਹੁਣ ਕੋਈ ਨੌਕਰੀ ਮਿਲ ਸਕਦੀ ਹੈ?'' ''ਠਹਿਰ ਜਾਹ''। ਪੀ.ਟੀ. ਮਾਸਟਰ ਜੀ ਨੇ ਕਿਹਾ, ''ਬਹਿ ਜਾ''। ਤੇ ਮੈਂ ਥੱਲੇ ਜ਼ਮੀਨ 'ਤੇ ਉਨ੍ਹਾਂ ਦੀ ਕੁਰਸੀ ਦੇ ਨਾਲ ਕਿਸੇ ਸਾਧੂ ਦੇ ਸ਼ਰਧਾਲੂ ਵਾਂਗ ਬੈਠ ਗਿਆ ਸਾਂ। ''ਚਾਚਾ, ਏਧਰ ਆਈਂ ਜ਼ਰਾ''। ਆਪਣੇ ਕੋਲ ਦੀ ਲੰਘ ਰਹੇ ਸਾਨੂੰ ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕ ਨੂੰ ਉਨ੍ਹਾਂ ਨੇ ਆਪਣੇ ਕੋਲ ਬੁਲਾ ਲਿਆ ਸੀ। ''ਜਾਹ ਕੁਰਸੀ ਲਿਆ ਭੱਜ ਕੇ'', ਤੇ ਨਾਲ ਹੀ ਮੈਨੂੰ ਕਹਿ ਦਿੱਤਾ ਸੀ। ਮੈਂ ਕੁਰਸੀ ਲੈ ਕੇ ਆਇਆ ਅਤੇ ਅੰਗਰੇਜ਼ੀ ਵਾਲੇ ਮਾਸਟਰ ਜੀ ਨੂੰ ਸਤਿਸ਼੍ਰੀ ਅਕਾਲ ਬੁਲਾਈ ਸੀ। ਉਨ੍ਹਾਂ ਨੇ ਮੈਨੂੰ ਵਧਾਈ ਵੀ ਦਿੱਤੀ ਅਤੇ ਆਸ਼ੀਰਵਾਦ ਵੀ ਦਿੱਤਾ। ਪ੍ਰੰਤੂ ਪੜ੍ਹਾਉਂਦੇ ਹੋਏ ਕੋਈ ਲਿਹਾਜ਼ ਨਹੀਂ ਕਰਦੇ ਸਨ। ਅਸੀਂ ਉਨ੍ਹਾਂ ਦੀ ਤੋਰ ਦੀ ਅਕਸਰ ਹੀ ਨੁਕਤਾਚੀਨੀ ਕਰਿਆ ਕਰਦੇ ਸਾਂ। ਪੱਗ ਉਹ ਇਉਂ ਘੁੱਟ ਕੇ ਬੰਨ੍ਹਿਆ ਕਰਦੇ ਸਨ ਜਿਵੇਂ ਇਸ ਦੇ ਕਿਧਰੇ ਭੱਜ ਜਾਣ ਦਾ ਖ਼ਤਰਾ ਹੋਵੇ। ''ਤੂੰ ਤਾਂ ਕਮਾਲ ਕਰ ਦਿੱਤੀ, ਬਈ। ਦੂਸਰੇ ਨੰਬਰ 'ਤੇ ਆ ਕੇ । ਜਮਾਤ 'ਚ ਐਵੇਂ ਹੀ ਸੁੰਗੜਿਆ ਜਿਹਾ ਰਹਿੰਦਾ ਸੈਂ। ਦੱਬ ਕੇ ਅੱਗੇ ਪੜ੍ਹ ਤੇ ਆਵਦੇ ਮਾਂ ਪਿਓ ਨੂੰ ਸੁਖ ਦੇ''। ਉਨ੍ਹਾਂ ਨੇ ਆਪਣੀਆਂ ਛੋਟੀਆਂ-ਛੋਟੀਆਂ ਅੱਖਾਂ ਨੂੰ ਮੀਚ ਕੇ ਇਸ ਤਰ੍ਹਾਂ ਆਖਿਆ ਜਿਵੇਂ ਕੋਈ ਸਾਧੂ ਆਸ਼ੀਰਵਾਦ ਦਿੰਦਾ ਹੋਇਆ ਕਰਦਾ ਹੋਵੇ। ''ਇਹ ਤਾਂ ਹੁਣੇ ਹੀ ਪੁੱਛੀ ਜਾਂਦੈ ਕਿ ਕਿਸੇ ਨੌਕਰੀ ਦਾ ਬੰਨ੍ਹ ਸੁੱਭ ਬਣ ਸਕਦੈ''। ਕੋਲੋਂ ਪੀ.ਟੀ. ਮਾਸਟਰ ਜੀ ਨੇ ਉਨ੍ਹਾਂ ਨੂੰ ਆਖਿਆ। ''ਨਹੀਂ, ਅਜੇ ਨ੍ਹੀ ਨੌਕਰੀ ਮਿਲਣੀ ਕੋਈ। ਇਸ ਦੀ ਉਮਰ ਥੋੜ੍ਹੀ ਆ। ਤੂੰ ਪਲੱਸ ਟੂ ਕਰ ਲੈ। ਫਿਰ ਈ.ਟੀ.ਟੀ. ਕਰ ਲੀਂ। ਵਧੀਆ ਮਾਸਟਰ ਲੱਗ ਜੇਂਗਾ। ਤੂੰ ਤਾਂ ਪੜ੍ਹਨ 'ਚ ਵੀ ਹੁਸ਼ਿਆਰ ਐਂ ਤੇ ਫਿਰ ਐਸ.ਸੀ. ਹੋਣ ਕਰਕੇ ਇਹ ਕੰਮ ਜਲਦੀ ਹੋਜੂਗਾ।'' ਅੰਗਰੇਜ਼ੀ ਵਾਲੇ ਮਾਸਟਰ ਜੀ ਨੇ ਮੇਰੇ ਲਈ ਇਕ ਕਿਸਮ ਦਾ ਪੂਰਾ ਰਾਹ ਹੀ ਦੱਸ ਦਿੱਤਾ। ''ਹਾਂ ਠੀਕ ਆ, ਬਸ ਦੱਬ ਕੇ ਮਿਹਨਤ ਕਰ ਲਾ। ਮਾਸਟਰ ਛੇਤੀ ਲੱਗ ਜੇਂਗਾ।'' ਕੋਲੋ ਪੀ.ਟੀ. ਮਾਸਟਰ ਜੀ ਨੇ ਹਾਮੀ ਭਰਦਿਆਂ ਆਪਣੀ ਖਾਸ ਤਰ੍ਹਾਂ ਦੀ ਹਾਸੀ ਹੱਸਦਿਆਂ ਆਖਿਆ। ਹਰ ਗੱਲ ਦੇ ਅਖੀਰ 'ਤੇ ਹੱਸਣਾ ਪੀ.ਟੀ. ਮਾਸਟਰ ਦੇ ਸੁਭਾਅ ਦਾ ਅੰਗ ਸੀ। ਘਰ ਆ ਕੇ ਜਦੋਂ ਇਹ ਸਾਰੀ ਗੱਲ ਮੈਂ ਬਾਪੂ ਨੂੰ ਦੱਸੀ ਤਾਂ ਉਸ ਦੀ ਵੱਟਾਂ ਵਾਲੀ ਪੱਗ ਦੇ ਵੱਟ ਹੋਰ ਵੀ ਉਭਰ ਕੇ ਦਿਸਣ ਲੱਗ ਪਏ ਸਨ। ਬੁੱਲ੍ਹਾਂ 'ਤੇ ਹੋਰ ਸਿੱਕਰੀ ਆ ਗਈ ਸੀ। ਉਸ ਨੇ ਟਾਕੀਆਂ ਲੱਗੇ ਝੱਗੇ ਨਾਲ ਜਦੋਂ ਆਪਣੇ ਬੁੱਲ੍ਹਾਂ ਨੂੰ ਪੂੰਝਿਆ ਸੀ ਤਾਂ ਮੂੰਹ ਦੇ ਅੰਦਰੋਂ ਕਰੇੜਾ ਲੱਗੇ ਅਤੇ ਜ਼ਰਦੇ ਦੇ ਖਾਘੇ ਦੰਦ ਹੋਰ ਵੀ ਵਿਰਲੇ ਹੋ ਗਏ ਸਨ। ਉਸ ਦੀਆਂ ਅੱਖਾਂ ਦੇ ਡੁੰਘ ਹੋਰ ਵੀ ਡੂੰਘੇ ਹੋ ਗਏ ਸਨ, ਜਿਵੇਂ ਹੁਣੇ ਹੀ ਦਿਸਣਾ ਹਟਣ ਵਾਲਾ ਹੋਵੇ। ''ਪਰ ਪੁੱਤ ਹੋਰ ਆਪਾਂ ਕਿੱਥੋਂ ਪੜ੍ਹਾਂਗੇ। ਮੈਥੋਂ ਤਾਂ ਹੁਣੇ ਹੀ ਸੀਰ ਨਿਭਦਾ ਨ੍ਹੀਂ ਲੱਗਦੈ। ਉਤੋਂ ਗਿੱਲਾਂ ਦਾ ਕਹਿਣਾ ਹੁੰਦੈ ਕਿ ਹੁਣ ਤੂੰ ਆਵਦੇ ਡੀ.ਸੀ. ਮੁੰਡੇ ਨੂੰ ਨਾਲ ਲੈ ਕੇ ਆਇਆ ਕਰ। ਫੇਰ ੲ੍ਹੀ ਕੰਮ ਪੂਰੇ ਹੋਣੈ। ਉਨ੍ਹਾਂ ਦੀ ਤੇਰੇ 'ਤੇ ਅੱਖ ਐ। ਵੱਡਾ ਗਿੱਲ ਕਹਿੰਦਾ ਹੁੰਦੈ, ਤੂੰ ਆਵਦੇ ਡੀ.ਸੀ. ਮੁੰਡੇ ਨੂੰੂ ਨਾਲ ਲਿਆਇਆ ਕਰ। ਤੇਰੇ ਨਾਲ ਕੰਮ ਸਿੱਖ ਜੂਗਾ। ਜੇ ਵਿਹਲਾ ਛੱਡਤਾ ਤਾਂ ਫੇਰ ਨ੍ਹੀਂ ਕੰਮ ਜੋਗਾ ਰਹਿਣਾ, ਇਹਨੈ। ਪੜ੍ਹ ਕੇ ਕਿਹੜਾ ਏਨ੍ਹੇ ਡੀ.ਸੀ. ਲੱਗ ਜਾਣੈ। ਪੜ੍ਹਿਆ ਤਾਂ ਸਾਡੇ ਆਲੇ ਤੋਂ ਨ੍ਹੀਂ ਜਾਂਦੈ। ਪੜ੍ਹਨਾ ਕਿਤੇ ਸੌਖਾ ਐ। ਦੋ ਸਾਲ ਤਾਂ ਗਿੱਲਾਂ ਨੇ ਮੈਨੂੰ ਕੰਮ 'ਤੇ ਨ੍ਹੀਂ ਰੱਖਣੈ''। ਬਾਪੂ ਨੇ ਆਪਣੇ ਚਿੰਤਾ ਜ਼ਾਹਰ ਕਰ ਦਿੱਤੀ ਸੀ। ਅਜੇ ਉਹ ਬਾਰ੍ਹਵੀਂ ਜਮਾਤ ਤੱਕ ਦੇ ਹੀ ਦੋ ਸਾਲ ਗਿਣ ਰਿਹਾ ਸੀ ਅਤੇ ਈ.ਟੀ.ਟੀ. ਦੇ ਦੋ ਸਾਲ ਤਾਂ ਗਿਣ ਹੀ ਨਹੀਂ ਰਿਹਾ ਸੀ। ਗਿੱਲਾਂ ਦੀ ਡੀ.ਸੀ. ਮੁੰਡੇ ਨੂੰ ਕੰਮ 'ਤੇ ਲੈ ਕੇ ਆਉਣ ਵਾਲੀ ਗੱਲ ਮੈਨੂੰ ਸੂਲ ਦੀ ਤਰ੍ਹਾਂ ਚੁਭੀ ਸੀ। ਮੈਨੂੰ ਲੱਗਿਆ ਜਿਵੇਂ ਗਿੱਲਾਂ ਵਰਗਿਆਂ ਕਰਕੇ ਹੀ ਮਹਾਂਭਾਰਤ ਦਾ ਕਰਨ ਗੁਸੈਲੇ ਸੁਭਾਅ ਵਾਲਾ ਬਣਿਆ ਹੋਵੇ। ਮੇਰੇ ਪੜ੍ਹਨ ਕਰਕੇ ਮੇਰੇ ਬਾਪੂ ਨੂੰ ਮਖੌਲ ਕਰਦੇ ਹੋਏ ਉਹ ਮੈਨੂੰ ਡੀ.ਸੀ. ਮੁੰਡਾ ਆਖਦੇ ਸਨ। ਅਸਲ ਵਿਚ ਉਨ੍ਹਾਂ ਦਾ ਆਪਣਾ ਮਲਕੀਤ ਸਿੰਘ ਮੇਰੇ ਨਾਲ ਹੀ ਪੜ੍ਹਦਾ ਸੀ ਅਤੇ ਉਹ ਪੜ੍ਹਨ ਵਿਚ ਪੂਰਾ ਨਲਾਇਕ ਅਤੇ ਸ਼ਰਾਰਤਾਂ ਕਰਨ ਵਿਚ ਪੂਰਾ ਉਤੇ ਸੀ। ਜੇਕਰ ਗਿੱਲਾਂ ਦਾ ਮੁੰਡਾ ਨਾ ਹੁੰਦਾ ਤਾਂ ਕੁੜੀਆਂ ਨੂੰ ਛੇੜਨ ਕਰਕੇ ਹੈਡਮਾਸਟਰ ਨੇ ਉਸਨੂੰ ਸਕੂਲ ਵਿਚੋਂ ਕੱਢ ਦਿੱਤਾ ਹੋਣਾ ਸੀ। ਕਦੇ ਕਦੇ ਜਮਾਤ ਵਿਚ ਉਹ ਬੜੀਆਂ ਪੁੱਠੀਆਂ ਗੱਲਾਂ ਕਰਨ ਲੱਗ ਪੈਂਦਾ ਸੀ। ਹੁਣੇ ਆਏ ਦੱਸਵੀਂ ਜਮਾਤ ਦੇ ਨਤੀਜੇ ਵਿਚ ਉਸ ਦੀ ਅੰਗਰੇਜ਼ੀ ਅਤੇ ਹਿਸਾਬ ਵਿਚੋਂ ਕੰਪਾਰਟਮੈਂਟ ਆ ਗਈ ਸੀ। ਬਾਪੂ ਦੀ ਚਿੰਤਾ ਵੀ ਠੀਕ ਸੀ ਅਤੇ ਮੇਰੀ ਵੀ ਮਜ਼ਬੂਰੀ ਸੀ। ਪੀ.ਟੀ. ਮਾਸਟਰ ਜੀ ਦੀ ਹੱਲਾ ਸ਼ੇਰੀ ਅਤੇ ਪੈਸੇ ਵੱਲੋਂ ਕੀਤੀ ਸਹਾਇਤਾ ਨਾਲ ਮੈਂ ਪਲੱਸ ਟੂ, ਸਕੂਲ ਵਿਚੋਂ ਪਹਿਲੇ ਨੰਬਰ 'ਤੇ ਆ ਕੇ ਪਾਸ ਕਰ ਲਈ ਸੀ। ਫਿਰ ਇਸੇ ਹੀ ਤਰ੍ਹਾਂ ਬਾਪੂ ਦੇ ਰੌਂਦਿਆਂ ਧੌਂਦਿਆਂ ਅਤੇ ਪੀ.ਟੀ. ਮਾਸਟਰ ਜੀ ਦੇ ਯਤਨਾਂ ਨਾਲ ਮੈਂ ਈ.ਟੀ.ਟੀ. ਵੀ ਕਰ ਲਈ ਸੀ। ਈ.ਟੀ.ਟੀ. ਕਰਦਿਆਂ ਮੈਡਮ ਸੁਰਿੰਦਰ ਕੌਰ ਜੀ ਦਾ ਆਸ਼ੀਰਵਾਦ ਹਾਸਲ ਹੋ ਗਿਆ ਸੀ। ਅਸਲ ਵਿਚ ਉਹ ਸਾਹਿਤਕ ਰੁਚੀਆਂ ਵਾਲੇ ਸਨ ਤੇ ਪਤਾ ਲੱਗਾ ਸੀ ਕਿ ਘਰੋਂ ਉਹ ਬਹੁਤੇ ਸੌਖੇ ਨਹੀਂ ਹਨ। ਗੋਰਾ ਰੰਗ, ਉਚਾ ਕੱਦ, ਅੱਖਾਂ ਵਿਚ ਕਿਤੇ ਡੁੱਬ ਜਾਣ ਵਾਲੀ ਗਹਿਰਾਈ ਅਤੇ ਚਿਹਰੇ 'ਤੇ ਹਮੇਸ਼ਾ ਗੰਭੀਰਤਾ ਕਾਰਨ ਉਹ ਕਿਸੇ ਵੱਖਰੀ ਦੁਨੀਆਂ ਦੇ ਹੀ ਲੱਗਦੇ ਸਨ। ਉਨ੍ਹਾਂ ਨੂੰ ਜਦੋਂ ਮੈਂ ਆਪਣੇ ਘਰ ਦੀ ਹਾਲਤ ਸੁਣਾਈ ਤਾਂ ਉਹ ਪਸੀਜ ਗਏ ਸਨ। ਉਨ੍ਹਾਂ ਨੇ ਡਾਇਟ ਦੀ ਲਾਇਬਰੇਰੀ ਵਿਚੋਂ ਮੈਨੂੰ ਕਿਤਾਬਾਂ ਲੈ ਕੇ ਦੇਣੀਆਂ। ਵੈਸੇ ਵੀ ਮੈਂ ਵਿਹਲੇ ਵੇਲੇ ਲਾਇਬਰੇਰੀ ਵਿਚ ਅਖਬਾਰ ਪੜ੍ਹਨ ਅਕਸਰ ਹੀ ਚਲਾ ਜਾਂਦਾ ਸਾਂ। ਇਸੇ ਕਰਕੇ ਹੀ ਪ੍ਰੇਅਰ ਵਿਚ ਬੋਲਣਾ ਜਾਂ ਜਮਾਤ ਵਿਚ ਬੋਲਣਾ ਮੇਰਾ ਸ਼ੌਕ ਬਣ ਗਿਆ ਸੀ। ਪਹਿਰਾਵੇ ਪੱਖੋਂ ਭਾਵੇਂ ਮੈਂ ਸਾਰਿਆਂ ਤੋਂ ਹੀਣਾ ਮਹਿਸੂਸ ਕਰਦਾ ਸਾਂ ਪ੍ਰੰਤੂ ਪੜ੍ਹਨ ਅਤੇ ਇਸ ਤਰ੍ਹਾਂ ਬੋਲਣ ਆਦਿ ਕਰਕੇ ਸਾਰਿਆਂ ਵਿਚ ਮੇਰੀ ਭੱਲ ਬਣੀ ਹੋਈ ਸੀ। ਮੈਡਮ ਸੁਰਿੰਦਰ ਦਾ ਆਸ਼ੀਰਵਾਦ ਮੇਰੇ ਨਾਲ ਹੁੰਦਾ ਸੀ। ਉਹ ਮੇਰੇ ਲਾਇਬਰੇਰੀ ਵਿਚ ਜਾਣ ਕਰਕੇ ਮੇਰੀ ਤਾਰੀਫ਼ ਕਰਦੇ ਅਤੇ ਅਕਸਰ ਗਾਈਡ ਵੀ ਕਰਦੇ ਰਹਿੰਦੇ ਸਨ। ਈ.ਟੀ.ਟੀ. ਦੀ ਟੀਚਿੰਗ ਪ੍ਰੈਕਟਿਸ ਵੇਲੇ ਮੈਡਮ ਸੁਰਿੰਦਰ ਨੇ ਆਦਰਸ਼ਵਾਦ ਮੇਰੇ ਵਿਚ ਕੁੱਟ ਕੁੱਟ ਕੇ ਭਰ ਦਿੱਤਾ ਸੀ। ਮੇਰੇ ਨੀਂਵੀਂ ਜਾਤ ਦਾ ਹੋਣ ਅਤੇ ਮੰਦੀ ਮਾਇਕ ਹਾਲਤ ਵਾਲੀ ਹੀਣ ਭਾਵਨਾ ਨੂੰ ਉਨ੍ਹਾਂ ਨੇ ਮੇਰੇ ਵਿਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪ੍ਰੰਤੂ ਇਸ ਵਿਚ ਉਹ ਸਫਲ ਨਾ ਹੋ ਸਕੇ। ਜਦੋਂ ਜਨਰਲ ਕੈਟੇਗਰੀ ਦਾ ਜ਼ਿਲ੍ਹਾ ਪ੍ਰਧਾਨ ਅਧਿਆਪਕ ਸਾਨੂੰ ਪੜ੍ਹਾਉਣ ਵੇਲੇ ਰਾਖਵੇਂ ਵਰਗਾਂ ਦੇ ਵਿਰੁੱਧ ਬੋਲਦਾ ਤਾਂ ਮੇਰਾ ਧਰਤੀ ਵਿਚ ਨਿੱਘਰ ਜਾਣ ਨੂੰ ਜੀਅ ਕਰਦਾ ਸੀ। ਉਹ ਪੜ੍ਹਾਉਂਦਾ ਘੱਟ ਅਤੇ ਜਾਤਾਂ ਬਾਰੇ ਲੈਕਚਰ ਵੱਧ ਦਿੰਦਾ ਸੀ। ਮੇਰੇ ਮਨ ਵਿਚ ਇਸ ਅਧਿਆਪਕ ਪ੍ਰਤੀ ਜਿਵੇਂ ਘਿਰਣਾ ਜਿਹੀ ਭਰੀ ਜਾ ਰਹੀ ਸੀ। ਉਸ ਦਾ ਪੀਰੀਅਡ ਪੂਰਾ ਕਰਨਾ ਮੇਰੇ ਵਾਸਤੇ ਕੁੰਭੀ ਨਰਕ ਵਿਚ ਬੈਠਣ ਬਰਾਬਰ ਹੁੰਦਾ ਸੀ। ਪ੍ਰੰਤੂ ਮੈਂ ਬੋਲ ਕੇ ਕੁੱਝ ਵੀ ਨਹੀਂ ਆਖ ਸਕਦਾ ਸਾਂ। ਜਦੋਂ ਉਹ ਜਮਾਤ ਵਿਚੋਂ ਜਾਂਦਾ ਤਾਂ ਬੜਾ ਚਿਰ ਮੈਂ ਗੁੰਮ ਸੁੰਮ ਜਿਹਾ ਹੀ ਹੋਇਆ ਰਹਿੰਦਾ ਸਾਂ। ਫਿਰ ਵੀ ਮੈਂ ਈਟੀਟੀ ਚਾਰੇ ਸਮੈਸਟਰਾਂ ਵਿਚੋਂ ਪਹਿਲੇ ਸਥਾਨ 'ਤੇ ਰਹਿ ਕੇ ਪਾਸ ਕੀਤੀ ਸੀ। ਲਿਖਤੀ ਪੇਪਰਾਂ ਵਿਚ ਮੇਰਾ ਆਪਣਾ ਜ਼ੋਰ ਲੱਗਦਾ ਸੀ ਪ੍ਰੰਤੂ ਪ੍ਰੈਕਟੀਕਲਾਂ ਵਿਚ ਮੈਡਮ ਸੁਰਿੰਦਰ ਦਾ ਜ਼ੋਰ ਲੱਗਦਾ ਸੀ। ਬਾਹਰੋਂ ਆਏ ਐਗਜ਼ਾਮੀਨਰਾਂ ਨੂੰ ਉਹ ਮੇਰੀ ਗ਼ਰੀਬੀ ਬਾਰੇ ਵੀ ਦੱਸਦੇ ਪ੍ਰੰਤੂ ਨਾਲ ਹੀ ਮੇਰੇ ਪੜ੍ਹਾਈ ਅਤੇ ਆਮ ਗਿਆਨ ਵਿਚ ਹੁਸ਼ਿਆਰ ਹੋਣ ਬਾਰੇ ਵੀ ਦੱਸਦੇ। ਇਸ ਤਰ੍ਹਾਂ ਕਰ ਕੇ ਮੈਂ ਹੁਣ ਅਧਿਆਪਕ ਲੱਗਣ ਦੇ ਯੋਗ ਹੋ ਗਿਆ ਸਾਂ। ਥੋੜ੍ਹਾ ਸਮਾਂ ਹੀ ਮੈਂ ਵਿਹਲਾ ਰਿਹਾ ਅਤੇ ਫਿਰ ਮੇਰੀ ਨਿਯੁਕਤੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੀ ਹੋ ਗਈ। ਇਤਫ਼ਾਕ ਵੱਸ ਮੈਨੂੰ ਸਕੂਲ ਵੀ ਪਿੰਡ ਦੇ ਨੇੜੇ ਹੀ ਮਿਲ ਗਿਆ। ਮੇਰਾ ਬਾਪੂ ਹੁਣ ਤੱਕ ਕੰਮ ਕਰਨ ਵੱਲੋਂ ਆਰੀ ਹੋ ਚੁੱਕਿਆ ਸੀ। ਪ੍ਰੰਤੂ ਉਹ ਅਜੇ ਵੀ ਗਿੱਲਾਂ ਦੇ ਸੀਰੀ ਹੋਣ ਦਾ ਕੰਮ ਕਰਦਾ ਸੀ। ਵੱਡਾ ਭਰਾ ਪਿੰਡ ਦਾ ਕੰਮ ਛੱਡ ਕੇ ਸ਼ਹਿਰ ਦਿਹਾੜੀ ਕਰਨ ਚਲਾ ਜਾਂਦਾ। ਕਦੇ ਉਸ ਦੀ ਦਿਹਾੜੀ ਲੱਗਦੀ ਅਤੇ ਕਦੇ ਬਾਰਾਂ ਕੁ ਵਜੇ ਖਾਲੀ ਵਾਪਸ ਆ ਜਾਂਦਾ। ਉਸ ਦੀ ਦਾਰੂ ਪੀਣ ਦੀ ਆਦਤ ਨੇ ਉਸ ਦੀ ਕਮਾਈ ਨੂੰ ਨਾਂਹ ਦੇ ਬਰਾਬਰ ਕੀਤਾ ਹੋਇਆ ਸੀ। ਭੈਣਾਂ ਦੋਨੋਂ ਵਿਆਹੀਆਂ ਗਈਆਂ ਸਨ। ਛੋਟਾ ਭਰਾ ਬਾਪੂ ਦੇ ਨਾਲ ਕੰਮ 'ਤੇ ਜਾਂਦਾ ਜ਼ਰੂਰ ਸੀ ਪ੍ਰੰਤੂ ਘੱਟ ਹੀ ਕੰਮ 'ਤੇ ਟਿਕਦਾ। ਉਹ ਗੋਲੀਆਂ ਜਾਂ ਡੀਕਰੀਆਂ ਖੇਡਣ ਤੋਂ ਵੱਧ ਕੇ ਅੱਗੇ ਤਾਸ਼ ਖੇਡਣ ਲੱਗ ਗਿਆ ਸੀ। ਬੇਬੇ ਮੇਰੀ ਅਜੇ ਵੀ ਗਿੱਲਾਂ ਦੇ ਘਰੇ ਗੋਹਾ-ਕੂੜਾ ਕਰਨ ਜਾਂਦੀ ਸੀ। ਉਸ ਨੇ ਗੋਹਾ-ਕੂੜਾ ਕਰ ਕੇ ਆਉਣਾ ਅਤੇ ਫਿਰ ਖੇਤ ਵਿਚਲੇ ਕੰਮ ਕਰਨ ਚਲੇ ਜਾਣਾ। ਰੋਟੀ-ਟੁੱਕ ਦਾ ਕੰਮ ਵੀ ਉਸ ਨੇ ਕਰਨਾ ਹੁੰਦਾ ਸੀ। ਉਂਝ ਬੇਬੇ ਨੇ ਵੀ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਗੋਹੇ ਵਾਲੇ ਟੋਕਰੇ ਚੱਕਦੀ ਦਾ ਉਸ ਦਾ ਸਿਰ ਦੁਖਣ ਲੱਗ ਗਿਆ ਹੈ। ਕਦੇ ਕਦੇ ਸਿਰ ਵਿਚ ਚੀਸ ਇਵੇਂ ਪੈਂਦੀ ਹੈ ਜਿਵੇਂ ਕੋਈ ਸੂਆ ਸਿਰ ਵਿਚ ਮਾਰਦਾ ਹੋਵੇ। ਇਸੇ ਕਰਕੇ ਤਾਂ ਉਹ ਅਕਸਰ ਹੀ ਘਰੇ ਸਿਰ ਆਪਣੀ ਚੁੰਨੀ ਨਾਲ ਬੰਨ੍ਹ ਕੇ ਪੈ ਜਾਂਦੀ ਸੀ। ਉਸ ਨੂੰ ਅੱਖਾਂ ਤੋਂ ਵੀ ਘੱਟ ਦਿਸਣ ਲੱਗ ਪਿਆ ਸੀ। ਮੇਰਾ ਜੀਅ ਕਰਦਾ ਸੀ ਮੈਂ ਬਾਪੂ ਦਾ ਸੀਰ ਵੀ ਛੁਡਾ ਦੇਵਾਂ ਅਤੇ ਬੇਬੇ ਦਾ ਗੋਹਾ-ਕੂੜਾ ਵੀ ਛੁਡਵਾ ਦੇਵਾਂ। ਪਰ ਅਜੇ ਤਾਂ ਮੈਨੂੰ ਆਪਣੀ ਨੌਕਰੀ ਦੀ ਪਹਿਲੀ ਤਨਖਾਹ ਵੀ ਨਹੀਂ ਮਿਲੀ ਸੀ। ਸਕੂਲ ਜਾਣ ਲਈ ਮੈਂ ਆਪਣੇ ਦੋਸਤ ਦਾ ਸਾਈਕਲ ਮੰਗਵਾਂ ਲੈ ਲਿਆ ਸੀ। ਕੱਪੜੇ ਵੀ ਮੇਰੇ ਕੋਲ ਇਕ ਹੀ ਪੈਂਟ ਕਮੀਜ਼ ਸੀ। ਪਹਿਲਾਂ ਮੈਂ ਅਕਸਰ ਹੀ ਸਿਰ ਦੇ ਕੇਸ ਕਦੇ ਕਦੇ ਕਟਵਾ ਦਿੰਦਾ ਸਾਂ ਅਤੇ ਕਦੇ ਰੱਖ ਲੈਂਦਾ ਸਾਂ। ਪ੍ਰੰਤੂ ਹੁਣ ਸਿਆਣਾ ਬਣਨ ਲਈ ਕੇਸ ਨਾ ਕਟਵਾਉਣ ਦਾ ਫ਼ੈਸਲਾ ਕਰ ਲਿਆ ਸੀ। ਪਰ ਪੱਗ ਮੇਰੇ ਕੋਲ ਇਕ ਹੀ ਸੀ। ਇਸ ਤਰ੍ਹਾਂ ਮੈਂ ਸਕੂਲ ਜਾਣਾ। ਮੇਰੇ ਨਾਲ ਦੇ ਮਾਸਟਰਾਂ ਅਤੇ ਮਾਸਟਰਣੀਆਂ ਦੇ ਲਿਸ਼ਕਵੇਂ ਕੱਪੜੇ ਵੇਖ ਕੇ ਮੇਰੇ ਮਨ ਵਿਚ ਗਿਲਾਨੀ ਜਿਹੀ ਤਾਂ ਆਉਂਦੀ ਪ੍ਰੰਤੂ ਮੇਰੇ ਪੜ੍ਹਾਉਣ ਅਤੇ ਵਿਦਿਆਰਥੀਆਂ ਨਾਲ ਵਿਹਾਰ ਕਰਕੇ ਵਿਦਿਆਰਥੀ ਦਿਨੋਂ ਦਿਨ ਮੇਰੇ ਨੇੜੇ ਆਉਣ ਲੱਗੇ। ਇਸੇ ਗੱਲ ਦੇ ਅਹਿਸਾਸ ਨਾਲ ਮੈਨੂੰ ਮੇਰੇ ਕੱਪੜਿਆਂ ਦੇ ਘਟੀਆਪਣ ਦਾ ਅਹਿਸਾਸ ਕੁਝ ਘਟ ਜਾਂਦਾ ਸੀ। ਕੁੱਝ ਛੇਆਂ ਜਣਿਆਂ ਦਾ ਸਕੂਲ ਵਿਚ ਸਟਾਫ ਸੀ। ਇਕ ਮੁੱਖ ਅਧਿਆਪਕ ਅਤੇ ਦੂਸਰੇ ਦੋ ਮੈਡਮਾਂ ਅਤੇ ਦੋ ਹੋਰ ਟੀਚਰ। ਛੇਵਾਂ ਮੈਂ ਸਾਂ। ਮੁੱਖ ਅਧਿਆਪਕ ਨੇ ਮੈਨੂੰ ਪਹਿਲੀ ਜਮਾਤ ਪੜ੍ਹਾਉਣ ਲਈ ਦੇ ਦਿੱਤੀ। ਨਾਲ ਹੀ ਉਸ ਦੇ ਅਣਅਧਿਕਾਰਤ ਤੌਰ 'ਤੇ ਆਪਣੀ ਜਮਾਤ ਵੀ ਪੜ੍ਹਾਉਣ ਲਈ ਮੇਰੇ ਕੋਲ ਭੇਜ ਦੇਣੀ। ਆਪ ਉਸ ਦਾ ਕੰਮ ਡਾਕ ਭੇਜਣਾ ਜਾਂ ਫਿਰ ਡਾਕ ਦੇਣਾ ਹੁੰਦਾ ਸੀ। ਸਕੂਲ ਵਿਚ ਹੁੰਦਿਆਂ ਹੋਇਆਂ ਉਹ ਇਸ ਤਰ੍ਹਾਂ ਵਿਚਰਦਾ ਜਿਵੇਂ ਕੋਈ ਜ਼ਿਮੀਂਦਾਰ ਆਪਣੇ ਦਿਹਾੜੀਦਾਰਾਂ ਜਾਂ ਸੀਰੀਆਂ ਨਾਲ ਵਿਚਰਦਾ ਹੋਵੇ। ਹਾਂ, ਮੈਡਮਾਂ ਨਾਲ ਬੈਠ ਕੇ ਗੱਲਾਂ ਕਰਨਾ ਉਸ ਦੇ ਖੁਸ਼ਮਿਜ਼ਾਜ ਹੋਣ ਦਾ ਭੁਲੇਖਾ ਜ਼ਰੂਰ ਪੈਦਾ ਕਰਦਾ ਸੀੇ। ਮੈਂ ਸਕੂਲ ਸਮੇਂ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਸਕੂਲ ਜਾਂਦਾ ਅਤੇ ਵਿਦਿਆਰਥੀਆਂ ਨੂੰ ਨਾਲ ਲਾ ਕੇ ਪਾਣੀ ਛਿੜਕਾਉਂਦਾ, ਬੂਟਿਆਂ ਨੂੰ ਪਾਣੀ ਲੁਆਉਂਦਾ ਅਤੇ ਬਲੈਕ ਬੋਰਡਾਂ ਆਦਿ ਦੀ ਸਫ਼ਾਈ ਕਰਵਾ ਦਿੰਦਾ। ਅਧਿਆਪਕਾਂ ਦੇ ਬੈਠਣ ਲਈ ਕੁਰਸੀਆਂ ਮੇਜ਼ ਵੀ ਬਾਹਰ ਕਢਵਾ ਦਿੰਦਾ ਸਾਂ। ਮਾਸਟਰ ਅਤੇ ਮੈਡਮਾਂ ਅਕਸਰ ਹੀ ਲੇਟ ਆਉਂਦੇ। ਮੈਂ ਆਪਣੇ ਮੁੱਖ ਅਧਿਆਪਕ ਤੋਂ ਆਗਿਆ ਲੈ ਕੇ ਸਕੂਲ ਸਮੇਂ 'ਤੇ ਪ੍ਰਾਰਥਨਾ ਕਰਵਾਉਣੀ ਸ਼ੁਰੂ ਕਰ ਦਿੱਤੀ। ਆਪਣੇ ਵੱਲੋਂ ਬੋਲ ਕੇ ਮੈਂ ਸਾਰੇ ਬੱਚਿਆਂ ਨੂੰ ਚੰਗੇ ਬਣਨ ਦੀ ਪ੍ਰੇਰਨਾ ਦਿੰਦਾ। ਕਦੇ-ਕਦੇ ਕੋਈ ਅਧਿਆਪਕ ਸਾਥੀ ਮੇਰੇ ਨਾਲ ਪ੍ਰੇਅਰ ਵਿਚ ਸ਼ਾਮਲ ਹੋ ਜਾਂਦਾ, ਨਹੀਂ ਤਾਂ ਇਹ ਮੇਰਾ ਇਕੱਲੇ ਦਾ ਕੰਮ ਹੀ ਹੁੰਦਾ ਸੀ। ''ਮਾਸਟਰ ਜੀ, ਇਹ ਚੱਚਾ ਚਮਾਰ ਕੀ ਹੁੰਦਾ ਹੈ ਅਤੇ ਇਹ ਜੱਜਾ ਜੁੱਤੀ ਕੀ ਹੁੰਦਾ ਹੈ?'' ਇਕ ਦਿਨ ਮੇਰੇ ਇਕ ਵਿਦਿਆਰਥੀ ਨੇ ਮੈਨੂੰ ਪੁੱਛਿਆ। ''ਮੇਰਾ ਡੈਡੀ ਆਂਹਦਾ ਸੀ ਆਵਦੇ ਮਾਸਟਰ ਨੂੰ ਪੁੱਛੀਂ, ਸੱਸਾ ਸਲੇਟ ਈ ਕਿਉਂ ਹੈ? ਇਹ ਸੱਸਾ ਸੀਰੀ ਕਿਉਂ ਨਹੀਂ?'' ਮਾਸੂਮ ਬੱਚੇ ਦੇ ਸੁਆਲ ਸੁਣ ਕੇ ਮੈਂ ਸੁੰਨ ਹੀ ਹੋ ਗਿਆ। ''ਤੇਰਾ ਡੈਡੀ ਕੀ ਕੰਮ ਕਰਦਾ ਹੈ?'' ਮੈਂ ਉਸ ਲੜਕੇ ਨੂੰ ਪੁੱਛਿਆ। ''ਜੀ ਡੈਡੀ ਕਹਿੰਦਾ ਸੀ ਆਪਾਂ ਤਾਂ ਜੱਟ ਹੁੰਦੇ ਆਂ। ਉਹ ਕਹਿੰਦਾ ਸੀ ਮੇੈਂ ਤੇਰੇ ਮਾਸਟਰ ਨਾਲ ਪੜ੍ਹਦਾ ਰਿਅ੍ਹਾਂ''। ਮਾਸੂਮ ਬੱਚਾ ਆਪਣਾ ਪ੍ਰਸ਼ਨ ਕਰ ਕੇ ਮੇਰੇ ਮੂੰਹ ਵੱਲ ਵਿਹੰਦਾ ਚਲਾ ਗਿਆ। ''ਅੱਛਾ ਮੈਂ ਤੈਨੂੰ ਦੱਸੂੰਗਾ''। ਤੇ ਉਸ ਤੋਂ ਅੱਗੇ ਮੇਰਾ ਪੜ੍ਹਾਉਣ ਨੂੰ ਚਿੱਤ ਨਾ ਕੀਤਾ। ਮੈਂ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਨੂੰ ਚੱਲ ਪਿਆ। ਸਾਈਕਲ ਚਲਾਉਂਦੇ ਮੇਰੇ ਪੈਰ ਵੀ ਚੱਲਦੇ ਸਨ ਅਤੇ ਨਾਲ ਹੀ ਮੇਰੇ ਦਿਮਾਗ਼ ਦੀਆਂ ਚੱਕਰੀਆਂ ਵੀ ਘੁੰਮ ਰਹੀਆਂ ਸਨ। ਸਗੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੇਰੇ ਸਾਈਕਲ ਦੇ ਪੈਡਲਾਂ ਨਾਲੋਂ ਵੱਧ ਮੇਰਾ ਦਿਮਾਗ਼ਾ ਤੇਜ਼ੀ ਨਾਲ ਭੱਜ ਰਿਹਾ ਸੀ। ਮੈਨੂੰ ਹੁਣ ਨਾਲ ਦੇ ਅਧਿਆਪਕਾਂ ਦੁਆਰਾ ਵਾਰ ਵਾਰ ਮੇਰੀ ਪ੍ਰਮੋਸ਼ਨ ਹੋ ਕੇ ਜਲਦੀ ਮੁੱਖ ਅਧਿਆਪਕ ਬਣਨ ਵਾਲੀ ਗੱਲ ਵੀ ਚੁਭਣ ਲੱਗ ਪਈ। ਸੇਵਾ ਨਵਿਰਤੀ ਦੇ ਨੇੜੇ ਪਹੁੰਚਿਆ ਮੁੱਖ ਅਧਿਆਪਕ ਮੈਨੂੰ ਮੇਰੇ ਨੀਂਵੀਂ ਜਾਤ ਦੇ ਹੋਣ ਦਾ ਅਹਿਸਾਸ ਕਰਵਾ ਦਿੰਦਾ ਸੀ, ਖਾਸ ਕਰਕੇ ਜਦੋਂ ਉਸ ਕੋਲ ਮਾਸਟਰਣੀਆਂ ਬੈਠੀਆਂ ਹੁੰਦੀਆਂ ਤਾਂ ਅਜਿਹੀ ਗੱਲ ਜ਼ਰੂਰ ਕਰਦਾ ਸੀ। ਸ਼ਰਮਾ ਮੈਡਮ ਆਪਣਾ ਨੱਕ ਸਕੋੜ ਕੇ ਉਸ ਦੀ ਗੱਲ ਦੀ ਹਾਮੀ ਜ਼ਰੂਰ ਭਰਦੀ ਸੀ। ਗੱਲੀਂ ਬਾਤੀਂ ਉਹ ਇਹ ਅਕਸਰ ਹੀ ਕਹਿ ਦਿੰਦੀ ਸੀ ਕਿ ਉਸ ਦਾ ਜੀਅ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਜਾਤ ਬਦਲ ਕੇ ਐਸ.ਸੀ.ਕਰ ਦੇਵੇ ਤਾਂ ਜੋ ਉਨ੍ਹਾਂ ਨੂੰ ਵੀ ਪੜ੍ਹਨ ਵੇਲੇ ਵਜ਼ੀਫਾ ਮਿਲ ਜਾਵੇ ਅਤੇ ਦਾਖ਼ਲਿਆਂ ਅਤੇ ਨੌਕਰੀ ਵਿਚ ਰਿਜ਼ਰਵੇਸ਼ਨ ਮਿਲ ਜਾਵੇ ਤਾਂ ਜੋ ਉਹ ਸੌਖਿਆਂ ਹੀ ਜ਼ਿੰਦਗੀ ਵਿਚ ਸੈਟਲ ਹੋ ਜਾਣ। ਬਲਕਿ ਉਸ ਤੋਂ ਅੱਗੇ ਉਨ੍ਹਾਂ ਦੀ ਪ੍ਰਮੋਸ਼ਨ ਵੀ ਪਹਿਲਾਂ ਹੋ ਜਾਵੇ। ਘਰ ਆ ਕੇ ਮੈਂ ਆਪਣੇ ਬਾਪੂ ਨੂੰ ਘਰੇ ਸੱਦ ਲਿਆ। ਬੇਬੇ ਨੂੰ ਵੀ ਬੁਲਾ ਲਿਆ। ''ਬਾਪੂ ਹੁਣ ਤੂੰ ਸੀਰੀ ਛੱਡ ਦੇ । ਮੈਂ ਨੌਕਰੀ 'ਤੇ ਲੱਗ ਗਿਆ ਹਾਂ। ਤਨਖਾਹ ਵਾਧੂ ਮਿਲ ਜਾਇਆ ਕਰੂਗੀ। ਬੇਬੇ ਤੂੰ ਵੀ ਹੁਣ ਗੋਹਾ ਕੂੜਾ ਛੱਡ ਦੇ'', ਮੈਂ ਬੇਬੇ ਅਤੇ ਬਾਪੂ ਦੋਹਾਂ ਨੂੰ ਰੋਂਦੀ ਅਵਾਜ਼ ਵਿਚ ਕਿਹਾ। ਮੈਨੂੰ ਆਪਣੇ ਆਪ ਹੀ ਇਹ ਅਹਿਸਾਸ ਹੋ ਰਿਹਾ ਸੀ ਜਿਵੇਂ ਮੇਰੀ ਆਵਾਜ਼ ਕਿਸੇ ਕਬਰ ਵਿਚ ਦੱਬੇ ਹੋਏ ਮੁਰਦੇ ਵਾਂਗ ਹੋਵੇ। ''ਕੋਈ ਨ੍ਹੀ ਪੁੱਤ, ਆਪਾਂ ਇਹ ਸਾਲ ਪੂਰਾ ਕਰ ਦੇਈਏ। ਜਿਹੜੇ ਪੈਸੇ ਟੁੱਟਣਗੇ ਉਹ ਆਪਾਂ ਤੇਰੀ ਤਨਖਾਹ ਵਿਚੋਂ ਦੇ ਦੇਵਾਂਗੇ। ਤੇਰੀ ਬੇਬੇ ਵੀ ਉਦੋਂ ਹੀ ਛੱਡ ਸਕਦੀ ਹੈ। ਗਿੱਲ ਬੜੇ ਭੈੜੇ ਆ। ਪੈਸੇ ਲਏ ਬਿਨਾਂ ਏਨ੍ਹਾਂ ਨੇ ਖਹਿੜਾ ਨ੍ਹੀਂ ਛੱਡਣਾ'' ਬਾਪੂ ਨੇ ਆਪਣੀ ਮਜਬੂਰੀ ਦੱਸ ਦਿੱਤੀ। ''ਪਰ ਪੈਸੇ ਆਪਣੇ ਸਿਰ ਕਿੰਨੇ ਕੁ ਟੁੱਟਣਗੇ? ਕਦੇ ਵਾਧੂ ਤਾਂ ਲਿਆਂਦੇ ਨ੍ਹੀਂ, ਆਪਾਂ?'' ਮੇਰੀ ਆਵਾਜ਼ ਅੱਧ-ਪਚੱਧ ਹੀ ਬਾਹਰ ਆ ਰਹੀ ਸੀ ਜਿਵੇਂ ਬੋਲਣ ਵੇਲੇ ਕਿਸੇ ਨੂੰ ਮੂੰਹ ਅੱਗੇ ਹੱਥ ਰੱਖ ਦਿੱਤਾ ਹੋਵੇ। ''ਪੁੱਤ ਏਹ ਜੱਟ ਦਸ ਰੁਪਏ ਘਿਓ ਤੇ ਦਸ ਰੁਪਏ ਥਿੰਦ੍ਹੇ ਦੇ, ਪੰਜ ਰੁਪਏ ਗੁੜ ਦੇ ਪੰਜ ਰੁਪਏ ਮਿੱਠੇ ਦੇ ਕਰ ਕੇ ਦੂਣੇ ਲਿਖਦੇ ਆ। ਖਾਲੀ ਕਾਗਤਾਂ 'ਤੇ ਗੂਠੇ ਲੁਆ ਲੈਂਦੇ ਆ। ਏਨ੍ਹਾਂ ਦੇ ਇਕ ਵਾਰੀ ਸੀਰੀ ਲੱਗਣ ਦਾ ਮਤਬਲ ਆ ਕਿ ਸਾਰੀ ਉਮਰ ਦਾ ਸੀਰੀ। ਨਾਲ ਘਰ ਆਲ਼ੀ ਤੇ ਬੱਚੇ ਵੀ ਸੀਰੀ। ਏਹਨਾਂ ਨਾਲ ਕੋਈ ਸਾਹਬ ਨ੍ਹੀਂ ਕਰ ਸਕਦਾ। ਆਹ ਤੇਰੀ ਬੇਬੇ ਦੁਪਹਿਰ ਤਕ ਪਸ਼ੂਆਂ ਦਾ ਮੂਤ ਆਵਦੇ ਸਿਰ 'ਤੇ ਪੁਆਉਂਦੀ ਆ, ਤੇ ਦਿੰਦੇ ਕੀ। ਚਾਰ ਰੋਟੀਆਂ ਤੇ ਰਾਤ ਦੀ ਦਾਲ ਜਾਂ ਫਿਰ ਖੱਟੀ ਲੱਸੀ। ਉਹ ਵੀ ਸਾਹਣ ਕਰਦੇ ਆ। ਵਿਆਹਵਾਂ ਸ਼ਾਦੀਆਂ ਵਿਚ ਗੋਲਪੁਣਾ ਕਰਵਾਕੇ ਰਾਤ ਨੂੰ ਆਉਣ ਲੱਗਿਆਂ ਦੇ ਪੱਲੇ ਜੂਠ ਪਾ ਦਿੰਦੇ ਆ''। ਬਾਪੂ ਨੇ ਮੋਟਾ ਜਿਹਾ ਹਿਸਾਬ ਦੱਸ ਦਿੱਤਾ। ਮੈਨੂੰ ਅਨਪੜ੍ਹ ਬਾਪੂ ਦੇ ਹਿਸਾਬ-ਕਿਤਾਬ 'ਤੇ ਅੰਤਾਂ ਦਾ ਮਾਣ ਹੋ ਰਿਹਾ ਸੀ। ''ਹੁਣ ਤੂੰ ਨੌਕਰੀ 'ਤੇ ਲੱਗ ਗਿਐਂ ਤਾਂ ਹੋ ਸਕਦਾ ਆਪਣਾ ਸਾਹਬ ਕਰ ਲਈਏ। ਉਹ ਵੀ ਕੋਈ ਮੀਦ ਨ੍ਹੀਂ । ਏਹ ਤਾਂ ਤੈਨੂੰ ਵੀ ਮੇਰੇ ਨਾਲ ਈ ਲਾਉਣਾ ਚਾਹੁੰਦੇ ਸੀ। ਹੁਣ ਤੇਰੇ ਨੌਕਰੀ 'ਤੇ ਲੱਗਣ ਨਾਲ ਏਨ੍ਹਾਂ ਦੀ ਹਿੱਕ 'ਤੇ ਸੱਪ ਲੇਟਣ ਲੱਗ ਪਿਆ ਐ''। ਮੈਂ ਹੈਰਾਨ ਸੀ ਕਿ ਬਾਪੂ ਸਾਰਾ ਕੁੱਝ ਜਾਣਦਾ ਹੋਇਆ ਵੀ ਏਨਾ ਮਜਬੂਰ ਹੋ ਕੇ ਕੰਮ ਕਰੀ ਜਾਂਦਾ ਸੀ। ਪਰ ਮੈਨੂੰ ਤਾਂ ਜਿਵੇਂ ਕਿਸੇ ਵੱਡੀ ਬਿਮਾਰੀ ਨੇ ਘੇਰ ਲਿਆ ਸੀ। ਮੈਂ ਬਾਪੂ ਨੂੰ ਪੁੱਛਣਾ ਚਾਹੁੰਦਾ ਸਾਂ ਕਿ ਮੈਂ ਆਪਣੇ ਨਾਲ ਪੜ੍ਹ ਕੇ ਖੇਤੀ ਕਰਨ ਵਾਲੇ ਦੇ ਮੁੰਡੇ ਨੂੰ ਸੱਸਾ ਸੀਰੀ, ਚੱਚਾ ਚਮਾਰ ਤੇ ਜੱਜਾ ਜੁੱਤੀ ਬਾਰੇ ਕੀ ਜਵਾਬ ਦੇਵਾਂ? ਸੋਚਦਿਆਂ-ਸੋਚਦਿਆਂ ਮੇਰੇ ਮਨ ਵਿਚ ਆਈ ਕਿ ਮਹਿਕਮੇ ਦੇ ਵੱਡੇ ਅਫ਼ਸਰ ਨੂੰ ਚਿੱਠੀ ਲਿਖ ਕੇ ਪਹਿਲੀ ਜਮਾਤ ਦੇ ਕੈਦੇ ਵਿਚੋਂ ਪੈਂਤੀ ਅੱਖਰੀ ਦੇ ਉਨ੍ਹਾਂ ਅੱਖਰਾਂ ਨਾਲ ਜੁੜਦੀਆਂ ਤਸਵੀਰਾਂ ਨੂੰ ਕੱਢਣ ਲਈ ਬੇਨਤੀ ਕਰਾਂ ਜਿਹੜੇ ਅੱਖਰ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਪੜ੍ਹਾਉਣ ਵਾਲੇ ਅਧਿਆਪਕਾਂ ਵਿਚ ਕਿਸੇ ਖਾਸ ਤਰ੍ਹਾਂ ਦੇ ਭਾਵਾਂ ਦਾ ਸੰਚਾਰ ਕਰਦੇ ਹੋਣ। ਜਿੱਥੇ ਆ ਕੇ ਅਧਿਆਪਕ ਮਜਬੂਰ ਹੁੰਦਾ ਹੈ ਉਥੇ ਕੁੱਝ ਕਟੌਤੀ ਹੋ ਸਕਦੀ ਹੈ। ਕੀ ਵਿਸ਼ੇਸ਼ ਤਰ੍ਹਾਂ ਦੀਆਂ ਜੱਥੇਬੰਦੀਆਂ ... ਪਰ...। (ਤ੍ਰੈਮਾਸਕ 'ਸਿਰਜਣਾ' ਤੋਂ ਧੰਨਵਾਦ ਸਹਿਤ) ਗ਼ਜ਼ਲ - ਗੁਰਮੀਤ ਕੌਰ ਸੰਧਾ ਗਰੀਬੀ ਹੈ ਬੜੀ ਬੀਬੀ ਕਦੇ ਮੂੰਹ-ਜ਼ੋਰ ਨਹੀਂ ਹੁੰਦੀ । ਗਰੀਬੀ ਨਾਲ ਦੀ ਦੁਨੀਆਂ ਤੇ ਆਫ਼ਤ ਹੋਰ ਨਹੀਂ ਹੁੰਦੀ । ਖਤਾ ਖਾਵੇਂਗਾ ਜੇ ਸੋਚੇ ਬਿਨਾ ਹੱਥ ਪਾ ਲਿਆ ਕਿਧਰੇ , ਝੁਕੀ ਹੋਈ ਹਰਿਕ ਗਰਦਨ ਸਦਾ ਕਮਜ਼ੋਰ ਨਹੀਂ ਹੁੰਦੀ । ਨੇ ਹੁਣ ਵੀ ਸੜਦੀਆਂ ਸੱਸੀਆਂ ਬੇਕਦਰੀ ਦੇ ਥਲਾਂ ਅੰਦਰ, ਜਨਮ ਭੂਮੀ ਹਰਿੱਕ ਦੀ ਹੀ ਬੇਸ਼ੱਕ ਭੰਬੋਰ ਨਹੀਂ ਹੁੰਦੀ । ਨਹੀਂ ਈਮਾਨਦਾਰੀ ਦਾ ਪਟਾ ਧਨਵਾਨ ਦੇ ਨਾਵੇਂ , ਜੇ ਗੁਰਬਤ ਲੋੜਕੂ ਹੋਵੇ , ਹਮੇਸ਼ਾ ਚੋਰ ਨਹੀਂ ਹੁੰਦੀ । ਜਦੋਂ ਕਰਜ਼ੇ ਦੀਆਂ ਪੰਡਾਂ ਨਿਵਾਈਆਂ ਗਰਦਨਾਂ ਹੋਵਣ , ਓਦੋਂ ਮੁਟਿਆਰ ਧੀ ਪ੍ਰਣਾਅ ਕੇ ਸਹੁਰੀਂ ਤੋਰ ਨਹੀਂ ਹੁੰਦੀ । ਹੈ ਮੁੱਕਦੀ ਖ਼ੁਦਕੁਸ਼ੀ 'ਤੇ ਆਣ ਹਰ ਸੋਚ ਬੰਦੇ ਦੀ , ਡਲੀ ਮਜਬੂਰੀਆਂ ਦੀ ਜਦ ਕਿਸੇ ਤੋਂ ਭੋਰ ਨਹੀਂ ਹੁੰਦੀ । ਨਚਾਵੇ ਜਿਸ ਤਰ੍ਹਾਂ ਦੁਨੀਆਂ ਇਹਨਾਂ ਨੂੰ ਨੱਚਣਾ ਪੈਂਦੈ , ਕਦੇ ਕਠਪੁਤਲੀਆਂ ਦੀ ਆਪਣੇ ਹੱਥ ਡੋਰ ਨਹੀਂ ਹੁੰਦੀ । ਵਿਕਾਊ ਵੋਟ ਹੀ ਰਹਿਣਾ ਇਹਨਾਂ ਬਸਤੀ ਦੇ ਲੋਕਾਂ ਨੇ, ਜਦੋਂ ਤੱਕ ਰੌਸ਼ਨੀ ਕੁਲ ਮਸਤਕਾਂ ਵਿੱਚ ਪੋਰ ਨਹੀਂ ਹੁੰਦੀ।

 

23 ਮਾਰਚ ਦੇ ਸ਼ਹੀਦੀ ਦਿਵਸ 'ਤੇ ਬੁੱਤ ਬੋਲਦਾ ਹੈ

- ਵਰਿਆਮ ਸਿੰਘ ਸੰਧੂ

ਨੀਵੀਆਂ ਧੌਣਾਂ ਤੇ ਥਿੜਕਦੇ ਕਦਮਾਂ ਵਾਲੇ

ਹਜੂਮ ਨੂੰ ਸਾਹਮਣੇ ਤੱਕ ਕੇ

ਸ਼ਹੀਦ ਦੇ ਬੁੱਤ ਨੇ

ਤਿੜਕਦੇ ਹੋਠਾਂ 'ਚੋਂ ਕਿਹਾ:

ਮੇਰੇ ਬੁੱਤ ਨੂੰ ਤੁਸੀਂ, ਜੇ

ਬੁੱਤ ਬਣ ਕੇ ਵੇਖਦੇ ਰਹਿਣਾ

ਤਾਂ ਮੈਨੂੰ ਭੰਨ ਦੇਵੋ, ਤੋੜ ਦੇਵੋ,

ਤੇ ਮਿੱਟੀ 'ਚ ਮਿਲਾ ਦੇਵੋ

ਜਿਸ ਮਿੱਟੀ 'ਚ ਮੈਂ

ਤਲਵਾਰ ਬਣ ਕੇ ਉੱਗਣਾ ਸੀ

ਤੇ ਦਹਿਕਦੇ ਅੰਗਿਆਰ ਵਾਂਗੂੰ

ਕਾਲੀਆਂ ਰਾਤਾਂ 'ਚ

ਅੱਗ ਦਾ ਫੁੱਲ ਬਣ ਕੇ ਸੀ ਖਿੜਨਾ

ਮੇਰੇ ਬੁੱਤ ਦੀ ਛਾਵੇਂ ਜੋ ਨੇਤਾ,

ਤੁਹਾਡੀਆਂ ਅੱਖਾਂ 'ਚ

ਮਿੱਠੇ ਜ਼ਹਿਰ ਭਿੱਜੇ ਤੀਰ

ਮਾਰ ਕੇ ਹਟਿਆ

ਇਸੇ ਦੇ ਤੀਰ ਕਦੀ

ਮੇਰੀ ਛਾਤੀ 'ਚ ਵੱਜੇ ਸਨ

ਤੁਸੀਂ ਓ ਭੋਲਿਓ ਲੋਕੋ!

ਸ਼ਬਦਾਂ ਦਾ ਗੇੜ

ਸਮਝ ਨਹੀਂ ਪਾਏ

ਇਸਨੂੰ ਰੁੱਤਾਂ ਦੇ ਗੇੜ ਵਾਂਗੂੰ

ਸਮਝ ਬੈਠੇ ਹੋ।

ਇਹੋ ਹੀ ਲੋਕ ਨੇ

ਜੋ ਕਿਸੇ ਗਲ ਵਿੱਚ,

ਕਦੀ ਫ਼ਾਂਸੀ ਦਾ ਰੱਸਾ ਨੇ ਪਾਉਂਦੇ

ਤੇ ਵਕਤ ਬੀਤ ਜਾਵਣ 'ਤੇ

ਓਸੇ ਹੀ ਗਲ ਵਿੱਚ

ਫੁੱਲਾਂ ਦੇ ਹਾਰ ਪਾਉਂਦੇ ਨੇ

ਇਹੋ ਈ ਹੱਥ ਨੇ

ਜਿਨ੍ਹਾਂ ਮੇਰੀ ਲਹੂ ਭਿੱਜੀ ਮਿੱਟੀ ਦੇ ਜ਼ੱਰੇ

ਪੋਟਿਆਂ ਨਾਲ ਚੁਣ ਕੇ

ਮੈਨੂੰ ਕਰ ਲਿਆ ਧਰਤ ਤੋਂ ਅੱਡਰਾ

ਤੇ ਥੱਪ ਕੇ ਓਸ ਮਿੱਟੀ ਨੂੰ

ਮੇਰੇ ਬੁੱਤ ਉੱਤੇ

ਮੇਰੀ ਰੂਹ ਨੂੰ

ਉਸ ਦੇ ਖੋਲ ਅੰਦਰ ਕੈਦ ਕਰ ਦਿੱਤਾ

ਜਿੱਥੇ ਉਹ ਤੜਪਦੀ ਰਹੀ

ਫੜਫੜਾਉਂਦੀ ਰਹੀ

ਤੇ ਹਰ ਸਾਲ ਜੱਲਾਦ ਦੇ ਹੱਥੋਂ

ਸ਼ਰਧਾਂਜਲੀ ਦੇ ਫੱਟ ਖਾਂਦੀ

ਰਹੀ ਵਿਲਕਦੀ ਰਹੀ, ਵੇਖਦੀ ਰਹੀ

ਕਿ ਮੇਰੇ ਬੋਲਾਂ ਨੂੰ

ਮੁਲੰਮਾ ਲਾ ਕੇ

ਪੁਸਤਕਾਂ ਵਿੱਚ ਕੈਦ ਕਰ ਦਿੱਤਾ ਗਿਆ ਸੀ

ਕੇਵਲ ਸਜਾਵਟ ਲਈ ਸਜਾ ਦਿੱਤੀ ਗਈ ਸੀ

ਅਜਾਇਬ ਘਰ ਵਿੱਚ ਮੇਰੀ ਤਲਵਾਰ

ਤੇ ਤੁਸੀਂ ਸਾਰੇ ਬਣਾ ਦਿੱਤੇ ਗਏ ਸਾਓ

ਚਿੜੀਆ ਘਰ ਦੇ ਜਨੌਰ

ਜੋ ਉਦੋਂ ਤੋਂ ਲੈ ਕੇ ਹੁਣ ਤੱਕ

ਵੇਖਦੇ ਪਏ ਹੋ

ਪੱਥਰ ਦੀਆਂ ਅੱਖਾਂ ਨਾਲ

ਮੇਰੇ ਪੱਥਰ ਦੇ ਬੁੱਤ ਵੱਲੇ

ਪਰ ਮੇਰੇ ਬੁੱਤ ਨੂੰ ਤੁਸੀਂ

ਜੇ ਬੁੱਤ ਬਣ ਕੇ ਵੇਖਦੇ ਰਹਿਣਾ

ਤਾਂ ਮੈਨੂੰ ਭੰਨ ਦੇਵੋ, ਤੋੜ ਦੇਵੋ,

ਤੇ ਮਿੱਟੀ 'ਚ ਮਿਲਾ ਦੇਵੋ।

(1971)

 

 

 

 

ਗ਼ਜ਼ਲ ਕਿਤਾਬ ਲਿਖ ਰਿਹਾ ਹਾਂ

- ਸੂਫੀ ਬਲਬੀਰ

ਕੀ ਪਾਇਆ ਕੀ ਗੁਆਇਆ,

ਮੇਰੇ 'ਤੇ ਬੀਤੀ ਜੋ ਜੋ, ਜਨਾਬ ਲਿਖ ਰਿਹਾ ਹਾਂ।

ਕੀਤੀ ਉਨ੍ਹਾਂ ਨੇ ਨੇਕੀ, ਨੀਂਦੋਂ ਜਗਾਇਆ ਮੈਨੂੰ,

ਮੈਂ ਕੰਡਿਆਂ ਨੂੰ ਤਾਂ ਹੀ ਤਾਂ, ਗੁਲਾਬ ਲਿਖ ਰਿਹਾ ਹਾਂ।

ਸੁੱਖਾਂ ਦੇ ਵੇਲੇ ਜਿਹੜੇ, ਨੇੜੇ ਸੀ ਹੋ ਹੋ ਬਹਿੰਦੇ,

ਤੇ ਭੁੱਲ ਗਏ ਸੀ ਵਕਤ ਜਦੋਂ ਖ਼ਰਾਬ ਲਿਖ ਰਿਹਾ ਹਾਂ।

ਹੈ ਕਾਫ਼ੀਆ ਪੰਜਾਬ ਤੇ ਉਹ ਲਿਖ ਰਹੇ ਸ਼ਰਾਬ,

ਪਰ ਮੈਂ ਤਾਂ ਉਹਦੀ ਥਾਂ 'ਤੇ, ਰਬਾਬ ਲਿਖ ਰਿਹਾ ਹਾਂ।

ਉਹ ਵੱਖ ਹੋ ਕੇ ਮੈਥੋਂ, ਕਹਿੰਦੇ ਨੇ ਮੈਨੂੰ ਮਾੜਾ,

ਪਰ ਮੈਂ ਉਨ੍ਹਾਂ ਨੂੰ ਅੱਜ ਵੀ, ਜਨਾਬ ਲਿਖ ਰਿਹਾ ਹਾਂ।

ਕੀ ਹਾਲ ਹੈ ਤੁਹਾਡਾ, ਸਤਲੁਜ ਬਿਆਸ ਯਾਰੋ!

ਰੋਇਓ ਨਾ ਚਿੱਠੀ ਪੜ੍ਹ ਕੇ ਮੈਂ ਚਨਾਬ ਲਿਖ ਰਿਹਾ ਹਾਂ।

ਤੈਥੋਂ ਪੜ੍ਹੇ ਨਹੀਂ ਜਾਣੇ, ਤੂੰ ਏਂ ਸ਼ਿਕਾਰੀ ਬੰਦਾ,

ਬੋਟਾਂ ਦੀ ਅੱਖ 'ਚੋਂ ਪੜ੍ਹ ਕੇ ਜੋ ਮੈਂ ਖ਼ਾਬ ਲਿਖ ਰਿਹਾ ਹਾਂ।

ਪੈਰਾਂ 'ਚ ਭਾਵੇਂ ਛਾਲੇ, ਤੁਰਿਆਂ ਏ ਫਿਰ ਵੀ 'ਸੂਫ਼ੀ',

ਕਾਇਦੇ ਨੂੰ ਸੀ ਤਰਸਦਾ, ਅੱਜ ਕਿਤਾਬ ਲਿਖ ਰਿਹਾ ਹਾਂ।

- Posted by Admin