sangrami lehar

ਸ਼ਰਧਾਂਜਲੀਆਂ (ਸੰਗਰਾਮੀ ਲਹਿਰ - ਮਾਰਚ 2018)

  • 02/03/2018
  • 07:59 PM

ਸਾਥੀ ਦਰਦੀ ਅਤੇ ਸਾਥੀ ਕਿਰਤੀ ਦਾ ਸ਼ਰਧਾਜ਼ਲੀ ਸਮਾਗਮ
ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਸਾਥੀ ਹਰਭਜਨ ਸਿੰਘ ਦਰਦੀ ਅਤੇ ਇੰਗਲੈਂਡ ਵਿੱਚ ਹੀ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਕਾਮਰੇਡ ਕਰਮ ਸਿੰਘ ਕਿਰਤੀ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਹੋਏ ਇੱਕ ਸਮਾਰੋਹ ਦੌਰਾਨ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਕਰਵਾਏ ਗਏ ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਥੀ ਹਰਭਜਨ ਸਿੰਘ ਦਰਦੀ ਦਾ ਜੀਵਨ ਇਸ ਦੀ ਇੱਕ ਮਿਸਾਲ ਹੈ ਕਿ ਕਿਸ ਤਰ੍ਹਾਂ ਇੱਕ ਕਮਿਊਨਿਸਟ ਲੋਕ ਹਿੱਤਾਂ ਨੂੰ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਰੱਖਦਾ ਹੈ। ਉਨ੍ਹਾ ਕਿਹਾ ਕਿ ਸਾਥੀ ਦਰਦੀ ਨੇ ਇੰਗਲੈਂਡ ਵਿੱਚ ਰਹਿੰਦਿਆਂ ਕੇਵਲ ਭਾਰਤੀ ਪ੍ਰਵਾਸੀਆਂ ਦੇ ਹਿੱਤਾਂ ਲਈ ਹੀ ਨਹੀਂ, ਸਗੋਂ ਸੰਸਾਰ ਭਰ ਦੇ ਪ੍ਰਵਾਸੀਆਂ ਦੇ ਹਿੱਤਾਂ ਲਈ ਵੀ ਨਿਸ਼ਕਾਮ ਸੇਵਾ-ਭਾਵਨਾ ਨਾਲ ਕੰਮ ਕੀਤਾ ਅਤੇ ਸਾਮਰਾਜ ਵਿਰੁੱਧ ਵਿੱਢੇ ਗਏ ਹਰ ਅੰਦੋਲਨ 'ਚ ਆਗੂ ਰੋਲ ਨਿਭਾਇਆ। ਉਨ੍ਹਾ ਕਿਹਾ ਕਿ ਇਸੇ ਤਰ੍ਹਾਂ ਸਾਥੀ ਕਰਮ ਸਿੰਘ ਕਿਰਤੀ ਵੀ ਇੰਗਲੈਂਡ ਵਿੱਚ ਰਹਿੰਦਿਆਂ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਸੁਹਿਰਦ ਕਮਿਊਨਿਸਟਾਂ ਵਿੱਚੋਂ ਇੱਕ ਸਨ। ਉਨ੍ਹਾਂ ਸਾਥੀ ਕਿਰਤੀ ਨੂੰ ਲੋਕ ਲਹਿਰ ਧਰਤੀ ਹੇਠਲ ਬੌਲਦ ਅਤੇ ਸਾਥੀ ਦਰਦੀ ਨੂੰ ਧਰੂੰ ਤਾਰਾ ਕਹਿ ਕੇ ਜਜਬਾਤੀ ਰੌਂਅ ਵਿੱਚ ਯਾਦ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਹਾਂ ਕਮਿਊਨਿਸਟ ਆਗੂਆਂ ਦਾ ਵਿਛੋੜਾ ਸਮੁੱਚੀ ਕਮਿਊਨਿਸਟ ਲਹਿਰ ਲਈ ਇੱਕ ਵੱਡਾ ਘਾਟਾ ਹੈ। ਸਾਥੀ ਹਰਭਜਨ ਸਿੰਘ ਦਰਦੀ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਸਾਥੀ ਦਰਦੀ ਇੰਗਲੈਂਡ ਵਿੱਚ ਰਹਿ ਕੇ ਵੀ ਆਰ ਐੱਮ ਪੀ ਆਈ ਦੇ ਕੁੱਲਵਕਤੀ ਵਜੋਂ ਕੰਮ ਕਰਦੇ ਸਨ। ਉਹ ਕੇਵਲ ਇੱਕ ਕਮਿਊਨਿਸਟ ਆਗੂ ਤੇ ਕਾਰਕੁਨ ਹੀ ਨਹੀਂ ਸਨ, ਉਹ ਇੱਕ ਮਾਹਰ ਕਾਲਮ-ਨਵੀਸ ਵੀ ਸਨ। ਉਹ ਲਗਾਤਾਰ ਪਾਰਟੀ ਦੇ ਪਰਚੇ 'ਸੰਗਰਾਮੀ ਲਹਿਰ' ਲਈ ਲਿਖਦੇ ਰਹੇ ਤੇ ਉਨ੍ਹਾ ਦੇ ਲੇਖ ਚਰਚਾ ਦਾ ਵਿਸ਼ਾ ਵੀ ਬਣਦੇ ਰਹੇ। ਦੋਹਾਂ ਆਗੂਆਂ ਨੇ ਕਿਹਾ ਕਿ ਅੱਜ ਜਿਸ ਸਮੇਂ ਸਾਮਰਾਜੀ ਤਾਕਤਾਂ ਦੇ ਇਸ਼ਾਰੇ 'ਤੇ ਲਾਗੂ ਕੀਤੀਆਂ ਜਾ ਰਹੀਆਂ ਨਵ-ਉਦਾਰਵਾਦੀ ਨੀਤੀਆਂ ਦੇ ਨਾਲ-ਨਾਲ ਫਿਰਕੂ ਤੇ ਫਾਸ਼ੀਵਾਦੀ ਤਾਕਤਾਂ ਨੇ ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਲਈ ਇੱਕ ਖਤਰਾ ਪੈਦਾ ਕੀਤਾ ਹੋਇਆ ਹੈ, ਉਸ ਸਮੇਂ ਅਜਿਹੇ ਸਾਥੀਆਂ ਦਾ ਸਦੀਵੀ ਵਿਛੋੜਾ ਹੋਰ ਵੀ ਦੁਖਦਾਈ ਹੋ ਜਾਂਦਾ ਹੈ।
ਇਸ ਸਮਾਗਮ ਨੂੰ ਆਈਡਬਲਯੂਏ, ਗਰੇਟ ਬ੍ਰਿਟੇਨ ਦੇ ਉਪ ਪ੍ਰਧਾਨ ਸਾਥੀ ਬਲਬੀਰ ਜੋਹਲ, ਆਰ ਐੱਮ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਉਘੇ ਵਿਦਵਾਨ ਡਾ. ਕਰਮਜੀਤ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਡਾ. ਰਘਬੀਰ ਕੌਰ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾਸਾਥੀ ਚਮਕ ਨੂੰ ਸ਼ਰਧਾਂਜਲੀਆਂ
ਉੱਘੇ ਦੇਸ਼ ਭਗਤ ਬਾਬਾ ਹਰਨਾਮ ਸਿੰਘ ਚਮਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੰਮਾ ਸਮਾਂ ਅੰਗਰੇਜ਼ ਸਾਮਰਾਜ ਦੀਆਂ ਕਾਲ ਕੋਠੜੀਆਂ ਵਿਚ ਬਿਤਾਇਆ, ਇਸ ਮਹਾਨ ਆਜ਼ਾਦੀ ਸੰਗਰਾਮੀਏ, ਖੱਬੇ ਪੱਖੀ ਸੋਚ ਦੇ ਧਾਰਨੀ, ਸਿਰੜੀ ਕਮਿਊਨਿਸਟ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਲੋਹਟਬੱਧੀ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐੱਮ.ਪੀ.ਆਈ. ਵੱਲੋਂ ਇਨਕਲਾਬੀ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਆਰ.ਐੱਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹ ਕਿ ਆਜ਼ਾਦੀ ਤੋਂ 70 ਸਾਲ ਬੀਤ ਜਾਣ 'ਤੇ ਵੀ ਬਾਬਾ ਚਮਕ ਦੀ ਸੋਚ ਵਾਲੇ ਦੇਸ਼ ਦੀ ਉਸਾਰੀ ਨਹੀਂ ਹੋ ਸਕੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਚੜ੍ਹੇ ਕਰਜ਼ਿਆਂ ਦੀ ਮੁਆਫੀ ਲਈ, ਰੁਜ਼ਗਾਰ ਸਿਹਤ ਤੇ ਸਿੱਖਿਆ ਦੀ ਪ੍ਰਾਪਤੀ ਲਈ ਜਿੱਥੇ ਵਿਸ਼ਾਲ ੲੈਕਤਾ ਦੇ ਤਿੱਖੇ ਘੋਲਾਂ ਦੀ ਲੋੜ ਹੈ, ਉੱਥੇ ਭਾਈ ਲਾਲੋਆਂ ਦਾ ਰਾਜ ਸਥਾਪਤ ਕਰਨ ਲਈ ਮਲਕ ਭਾਗੋਆਂ ਵਰਗੇ ਦੁਸ਼ਮਣਾਂ ਦੀ ਵੀ ਪਛਾਣ ਕਰਨੀ ਪਵੇਗੀ। ਇਕੱਠੇ ਹੋਏ ਲੋਕਾਂ ਵੱਲੋਂ ਸਾਥੀ ਪਾਸਲਾ ਦੀ ਅਗਵਾਈ ਵਿਚ ਲੋਹਟਬੱਧੀ ਵਿਚ ਪੈਦਲ ਮਾਰਚ ਕੀਤਾ ਗਿਆ।ਦਰਸ਼ਨ ਸਿੰਘ ਝਬਾਲ ਅਤੇ ਹੋਰਨਾਂ ਸਾਥੀਆਂ ਨੂੰ ਸ਼ਰਧਾਂਜਲੀਆਂ
ਉੱਘੇ ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਮਰਹੂਮ ਕਾਮਰੇਡ ਦਰਸ਼ਨ ਸਿੰਘ ਝਬਾਲ ਤੇ ਦੇਸ਼ ਭਗਤ ਤਰਲੋਚਨ ਸਿੰਘ, ਕਾਮਰੇਡ ਕੁੰਦਨ ਸਿੰਘ ਰਸੂਲਪੁਰ ਤੇ ਗੁਰਬਖ਼ਸ਼ ਸਿੰਘ ਠੱਠਾ ਦੀ ਬਰਸੀ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਝਬਾਲ ਵਿਖੇ ਮਨਾਈ ਗਈ ) ਇਸ ਮੌਕੇ ਸਾਥੀ ਜਸਪਾਲ ਸਿੰਘ ਝਬਾਲ, ਕਾਮਰੇਡ ਹਰਦੀਪ ਸਿੰਘ ਰਸੂਲਪੁਰ ਅਤੇ ਕਾਮਰੇਡ ਬਲਬੀਰ ਸੂਦ ਦੀ ਦੇਖ ਰੇਖ ਹੇਠ ਸਿਆਸੀ ਕਾਨਫਰੰਸ ਕੀਤੀ ਗਈ  ਪਾਰਟੀ ਦੇ ਜਨ: ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਉੱਘੇ ਦੇਸ਼ ਭਗਤਾਂ ਨੇ ਦੇਸ਼ ਦੀ ਅਜ਼ਾਦੀ ਲਈ ਜਿਥੇਂ ਮਹਾਨ ਕੁਰਬਾਨੀਆਂ ਕੀਤੀਆਂ ਉਥੇ ਕਿਰਤੀ ਕਿਸਾਨਾਂ ਲਈ ਬਰਾਬਰਤਾ ਵਾਲਾ ਸਮਾਜ ਸਿਰਜਨ ਦੇ ਕੰਮ ਵਿਚ ਵੀ ਅਹਿਮ ਰੋਲ ਨਿਭਾਇਆ  ਉਨ੍ਹਾਂ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਦਾ ਵਿਕਾਸ ਮਾਡਲ ਮਜ਼ਦੂਰਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਭੁੱਖ ਨੰਗ, ਕਰਜ਼ੇ ਤੇ ਖੁਦਕੁਸ਼ੀਆਂ ਤੋਂ ਬਿਨਾਂ ਕੁਝ ਨਹੀਂ ਦਿੰਦਾ   ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਥਾਂ ਫਿਰਕੂ ਆਧਾਰ 'ਤੇ ਲੋਕਾਂ ਨੂੰ ਵੰਡ ਰਹੀ ਹੈ

 

ਪਿੰਡ ਮੁਠੱਡਾ ਕਲਾਂ 'ਚ ਅੱਜ ਕਿਸਾਨ ਆਗੂ ਨਰੰਜਣ ਸਿੰਘ ਮੁਠੱਡਾ ਦੀ 39ਵੀਂ ਬਰਸੀ ਮਨਾਈ ਗਈ।  ਤਹਿਸੀਲ ਭਰ 'ਚੋਂ ਇਕੱਠੇ ਕਾਰਕੁਨਾਂ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਨਰੰਜਣ ਸਿੰਘ ਮੁਠੱਡਾ ਨੇ ਕਿਸਾਨ ਲਹਿਰ ਉਸਾਰਨ ਲਈ ਕਾਫ਼ੀ ਮਿਹਨਤ ਕੀਤੀ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਮਜ਼ਦੂਰਾਂ, ਕਿਸਾਨਾਂ ਦੀ ਲਹਿਰ ਅੱਗੇ ਵੱਧ ਰਹੀ ਹੈ। ਆਰੰਭ 'ਚ ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਆਗੂ ਬਨਾਰਸੀ ਦਾਸ ਘੁੜਕਾ ਨੇ ਅਦਾ ਕੀਤੀ। ਇਸ ਮੌਕੇ ਸਾਥੀ ਸਰਬਜੀਤ ਗਿੱਲ ਨੇ ਧੰਨਵਾਦ ਕਰਦਿਆਂ ਪਿੰਡ ਦੇ ਵਿਛੜ ਚੁੱਕੇ ਸਮੂਹ ਸਾਥੀਆਂ ਨੂੰ ਵੀ ਯਾਦ ਕੀਤਾ।

- Posted by Admin