sangrami lehar

ਅਕਤੂਬਰ ਇਨਕਲਾਬ-ਸਬਕ ਤੇ ਵਿਰਾਸਤ

  • 07/02/2018
  • 09:38 PM

ਪ੍ਰੋ. ਪਾਲ ਲੀ ਬਲਾਂਸ
(1947 ਵਿਚ ਜਨਮੇ ਪ੍ਰੋ. ਪਾਲ ਲੀ ਬਲਾਂਸ ਉਘੇ ਇਤਿਹਾਸਕਾਰ ਹਨ ਅਤੇ ਪਿਟਸਬਰਗ, ਪੈਨਸਿਲਵਾਨੀਆ (ਅਮਰੀਕਾ) ਦੇ ਲਾ ਰੋਚੇ ਕਾਲਜ ਵਿਚ ਇਤਿਹਾਸ ਦੇ ਪ੍ਰੋਫੈਸਰ ਸਨ। ਉਹ ਲੇਬਰ ਤੇ ਸਮਾਜਵਾਦ ਨਾਲ ਸਬੰਧਤ ਲਹਿਰਾਂ ਵਿਚ ਵੀ ਬਹੁਤ ਹੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ ਅਤੇ ਇਹਨਾਂ ਵਿਸ਼ਿਆਂ 'ਤੇ 20 ਦੇ ਕਰੀਬ ਪੁਸਤਕਾਂ ਦੇ ਰਚੇਤਾ ਹਨ)

ਜ਼ਾਰਸ਼ਾਹੀ ਜੁਲਮੀਂ ਰਾਜ ਦੇ ਖਾਤਮੇ ਦੀ ਸੌਵੀਂ ਵਰ੍ਹੇਗੰਢ 'ਤੇ ਤੁਹਾਡੇ ਵਿਚਕਾਰ ਹੋਣਾ ਮੇਰੇ ਲਈ ਬੇਹੱਦ ਖੁਸ਼ੀ ਭਰਿਆ ਹੈ। ਇਹ  ਸਮਕਾਲੀ ਬਹੁ-ਭਾਂਤੀ ਵਧੀਕੀਆਂ ਵਿਰੁੱਧ ਸਾਡੇ ਮੌਜੂਦਾ ਸੰਘਰਸ਼ਾਂ ਲਈ ਸਾਨੂੰ ਉਤਸ਼ਾਹਿਤ ਕਰਨ ਲਈ ਇੱਕ ਯਾਦਗਾਰੀ ਮੌਕਾ ਹੈ। ਅਜੋਕੇ ਸੰਘਰਸ਼ਾਂ ਤੋਂ ਭਾਵ ਆਪਣੇ ਬੇਮਿਸਾਲ ਮੁਨਾਫਿਆਂ ਖਾਤਰ ਧਨ-ਕੁਬੇਰ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਉਨ੍ਹਾਂ ਦੇ ਕੰਟਰੋਲ ਅਧੀਨ ਚਲਦੀਆਂ ਸਰਕਾਰਾਂ ਵਲੋਂ ਅਤੇ ਉਨ੍ਹਾਂ ਦੀਆਂ ਭੈੜੀਆਂ ਨੀਤੀਆਂ ਤੇ ਜੁਲਮਾਂ ਵਿਰੁੱਧ ਸੰਗਰਾਮ ਹਨ। ਸਾਡੀ ਕੀਮਤ 'ਤੇ, ਸਾਡੇ ਜੀਵਨ ਪੱਧਰ ਦੀ ਕੀਮਤ 'ਤੇ, ਸਾਡੀਆਂ ਆਜ਼ਾਦੀਆਂ, ਸਾਡੇ ਸੱਭਿਆਚਾਰਾਂ ਅਤੇ ਕੁਦਰਤੀ ਵਾਤਾਵਰਣ 'ਤੇ ਹੋਰ ਸਭ ਦੀ ਕੀਮਤ 'ਤੇ ਉਨ੍ਹਾਂ ਵਲੋਂ ਭਾਰੀ ਮੁਨਾਫ਼ੇ ਕਮਾਏ ਜਾਂਦੇ ਹਨ। 1917 ਦੇ ਇਨਕਲਾਬ ਦੇ ਜ਼ਸ਼ਨਾਂ ਮੌਕੇ ਜ਼ਾਰਸ਼ਾਹੀ ਰੂਸ ਦੇ ਬਿਲਕੁੱਲ ਉੱਲਟ ਪਾਸੇ ਧਰਤੀ ਤੇ ਸਥਿਤ ਅਮਰੀਕਾ ਦੀ ਮਜ਼ਦੂਰ ਜਮਾਤ ਦੇ ਮਹਾਨ ਲੀਡਰ ਈਗਨ ਵੀ. ਡੇਬਸ ਨੇ ਹੋਰਾਂ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਸੀ, ''ਅੱਜ ਲੋਕਾਂ ਦਾ ਦਿਨ ਚੜ੍ਹਿਆ ਹੈ।'' ਅੱਜ ਦੀ ਗੱਲਬਾਤ ਦੀ ਸ਼ੁਰੂਆਤ ਮੈਂ ਇੱਕ ਅਜਿਹੇ ਦੋਸਤ ਦੀ ਕਵਿਤਾ ਨਾਲ ਸ਼ੁਰੂ ਕਰਨੀ ਚਾਹੁੰਦਾ ਹਾਂ, ਜੋ ਇੱਕ ਅਮਰੀਕੀ ਅਖਬਾਰ ਵਿੱਚ ਛਪੀ ਸੀ। ਇਸ ਦੇ ਨਾਲ ਹੀ ਰੂਸ ਦੇ (ਇੰਨਾਂ ਲੰਮਾ ਸਮਾਂ ਪੁਰਾਣੇ) ਇੱਕ ਕੂੰਜੀਵਤ ਇਨਕਲਾਬੀ ਆਗੂ ਦੇ ਕਥਨ ਨਾਲ ਵੀ ਮੈਂ ਅੱਜ ਦੀ ਗੱਲ ਸ਼ਰੂ ਕਰਾਂਗਾ।
ਇਸਦੇ ਨਾਲ ਹੀ ਮੈਂ ਉਨ੍ਹਾਂ ਸਾਰੀਆਂ ਚੀਜਾਂ ਨੂੰ ਵੀ ਦੁਹਰਾਉਣਾ ਚਾਹੁੰਦਾ ਹਾਂ ਜਿਨ੍ਹਾਂ ਤੋਂ ਅਸੀਂ ਇਹ ਸਿੱਖ ਸਕੀਏ ਕਿ ਇਨਕਲਾਬੀ ਰੂਸ 'ਚ ਅਜਿਹਾ ਕੀ ਵਾਪਰਿਆ, ਜਿਸਦੀ ਸਹਾਇਤਾ ਨਾਲ ਅਸੀਂ ਆਪਣੇ ਸਨਮੁੱਖ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਅੱਗੇ ਵੱਧ ਸਕੀਏ।
'ਇੱਕ ਸਦੀ ਪਹਿਲਾਂ ਕੀ ਹੋਇਆ' ਬਾਰੇ ਜਾਨਣ ਦਾ ਇੱਕ ਕਾਰਨ ਇਹ ਹੈ ਕਿ ਅਸੀਂ ਉਨ੍ਹਾਂ ਸਾਰੇ ਔਰਤਾਂ-ਮਰਦਾਂ ਦੀ ਸਿਰਜਣਾਤਮਿਕਤਾ ਅਤੇ ਬੁਲੰਦ ਹੌਸਲੇ ਤੋਂ ਪ੍ਰੇਰਨਾ ਲਈਏ, ਜੋ ਕਿ ਅੱਗੇ ਆਏ, ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਗਲਤੀਆਂ ਤੋਂ ਸਿੱਖਣ ਸਮੇਂ ਉਨ੍ਹਾਂ ਦਾ ਸਨਮਾਨ ਵੀ ਕਰੀਏ ਤਾਂ ਕਿ ਅਸੀਂ ਵੀ, ਉਨ੍ਹਾਂ ਵਲੋਂ ਕੀਤੇ ਸਾਰੇ ਉੱਤਮ ਕੰਮਾਂ ਨੂੰ ਸਿਰਜਣਾਤਮਕ ਤੌਰ ਤੇ ਅਤੇ ਬੁਲੰਦ ਹੌਸਲੋਂ ਨਾਲ ਅੱਗੇ ਵਧਾ ਸਕੀਏ। ਇਹ ਕਵਿਤਾ ਮੇਰੇ ਦੋਸਤ ਡੈਨ-ਗੋਰਗਾਕਸ ਦੀ ਹੈ।
ਇਹ ਅਕਤੂਬਰ ਗੀਤ ਇਸ ਤਰ੍ਹਾਂ ਹੈ :-
ਨਿਕਲੇ ਬਾਰੂਦ ਵਾਂਗ ਆਪਣੀਆਂ ਫੈਕਟਰੀਆਂ 'ਚੋਂ
ਪੀਤਰੋਗਰਾਦ ਦੇ ਪੁਲ
ਉਨ੍ਹਾਂ ਨੂੰ ਸਮਾਉਣ ਤੋਂ ਕਰ ਗਏ ਹੱਥ ਖੜ੍ਹੇ।
ਤਾਂ ਕਿਤੇ ਅਕਤੂਬਰ-ਬਣ ਸਕਿਆ ਅਸਲੀ ਅਕਤੂਬਰ।
ਚੰਦਰਮਾ ਵੀ ਹੈਰਾਨ-ਪਰੇਸ਼ਾਨ ਸੀ,
ਸਾਰੇ ਸਮੁੰਦਰੀ ਜਵਾਰ-ਭਾਟੇ ਭਟਕ ਗਏ ਰਸਤੇ ਆਪਣੇ,
ਇਨਕਲਾਬੀ ਰੌਸ਼ਨੀ ਨਾਲ ਚੁੰਧਿਆਇਆ ਗਿਆ ਸਾਰਾ ਯੂਰਪ,
ਹੁਣ ਕੁੱਝ ਵੀ ਨਾ ਰਿਹਾ ਪਹਿਲਾਂ ਜਿਹਾ।
ਜਿਹੜਾ ਕਥਨ ਮੈਂ ਤਹਾਡੇ ਨਾਲ ਸਾਂਝਾ ਕਰ ਰਿਹਾ ਹਾਂ, ਜ਼ਿੰਦਗੀ-ਭਰ ਇਨਕਲਾਬੀ ਰਹੇ ਸਾਥੀ ਵਲਾਦੀਮੀਰ ਇਲੀਅਚ ਉਲਿਆਨੋਵ ਦਾ ਹੈ, ਜੋ ਕਿ ਲੈਨਿਨ ਦੇ ਨਾਂ ਹੇਠ ਅਜਿਹਾ ਲੀਡਰ ਬਣਿਆ ਜੋ ਕਿ ਰੂਸੀ ਮਜਦੂਰ ਲਹਿਰ 'ਚ ਇੱਕ ਨਿੱਗਰ ਇਨਕਲਾਬੀ ਸਮਾਜਵਾਦੀ ਸ਼ਕਤੀ ਬਣਾ ਸਕਿਆ, ਜੋ ਕਿ 1917 'ਚ ਰੂਸੀ ਇਨਕਲਾਬੀ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਗਿਆ। ਪਰੰਤੂ ਉਸ ਕਥਨ ਦੇ ਅਰਥ ਸਮਝਣ ਲਈ ਸਾਨੂੰ ਥੋੜਾ ਕੁ ਇਤਿਹਾਸਕ ਪਿਛੋਕੜ ਅਤੇ ਇੱਕ ਅਮਰੀਕੀ ਪੱਤਰਕਾਰ ਵਲੋਂ ਇੱਕਤਰ ਕੀਤੀ ਥੋੜ੍ਹੀ ਕੁ ਸੂਚਨਾ ਦੀ ਲੋੜ ਹੈ।
ਦਰਅਸਲ ਇਨਕਲਾਬ ਉਦੋਂ ਹੀ ਸ਼ੁਰੂ ਹੋ ਚੁੱਕਾ ਸੀ ਜਦੋਂ ਮਜ਼ਦੂਰਾਂ ਤੇ ਕਿਸਾਨਾਂ ਨੇ, ਜਿਨ੍ਹਾਂ ਚੋਂ ਕੁੱਝ ਵਰਦੀਧਾਰੀ ਵੀ ਸਨ, ਜਿਨ੍ਹਾਂ ਨੂੰ ਕਿ ਖੂਨੀ ਅਤੇ ਭਿਆਨਕ ਪਹਿਲੀ ਸੰਸਾਰ ਜੰਗ ਦੇ ਸਮੇਂ ਜ਼ਾਰ ਦੀ ਫੌਜ ਤੇ ਨੇਵੀ 'ਚ ਭਰਤੀ ਕਰਵਾਇਆ ਗਿਆ ਸੀ, ਨੇ ਫਰਵਰੀ 'ਚ ਜ਼ਾਰਸ਼ਾਹੀ ਦਾ ਤਖਤਾ ਪਲਟ ਦਿੱਤਾ (ਸਾਡੇ ਆਪਣੇ ਕੈਲੰਡਰ ਅਨੁਸਾਰ ਇਹ 8 ਮਰਚ, ਯਾਨਿ ਅੰਤਰ ਰਾਸ਼ਟਰੀ ਔਰਤ ਦਿਵਸ ਦੇ ਦਿਨ ਵਾਪਰਿਆ)।
ਇਸ ਦੌਰਾਨ ਮਜ਼ਦੂਰਾਂ, ਕਿਸਾਨਾਂ ਫੌਜੀਆਂ ਤੇ ਮਲਾਹਾਂ, ਜਿਨ੍ਹਾਂ ਇਨਕਲਾਬੀ ਲੜਾਈਆਂ ਲੜੀਆਂ ਸਨ, ਨੇ ਆਪੋ ਆਪਣੀਆਂ ਜਮਹੂਰੀ ਕੌਸਲਾਂ (ਸੋਵੀਅਤਾਂ) ਬਣਾ ਲਈਆਂ ਤਾਂ ਕਿ ਆਪਣੇ ਕੰਮਾਂ ਤੇ ਕੋਸ਼ਿਸ਼ਾਂ ਨੂੰ ਲਾਮਬੰਦ ਤੇ ਤਾਲਮੇਲ-ਬੱਧ ਕੀਤਾ ਜਾ ਸਕੇ। ਇਸ ਦੇ ਨਾਲ ਹੀ ਕੁੱਝ ਜ਼ਿਆਦਾ ਹੀ ਅਖੌਤੀ ਯਥਾਰਥਵਾਦੀ ਤੇ ਵਿਹਾਰਕ ਕਿਸਮ ਦੇ ਉਦਾਰਵਾਦੀ, ਰੂੜ੍ਹੀਵਾਦੀ ਅਤੇ ਆਧੁਨਿਕ-ਸਮਾਜਵਾਦੀ ਰਾਜਨੀਤੀਵਾਨਾਂ ਦੇ ਗਰੁੱਪ ਨੇ ਰਲ਼ ਕੇ ਇੱਕ ਆਰਜ਼ੀ ਸਰਕਾਰ ਬਣਾਈ।
ਇਸ ਆਰਜ਼ੀ ਸਰਕਾਰ ਨੇ ਮਜਦੂਰਾਂ, ਕਿਸਾਨਾਂ, ਫੌਜੀਆਂ ਤੇ ਮਲਾਹਾਂ ਦੀ ਰੱਜ ਕੇ ਪ੍ਰਸੰਸਾ ਕੀਤੀ ਤੇ ਕੌਂਸਲਾਂ (ਸੋਵੀਅਤਾਂ) ਦੇ ਕੰਮ ਨੂੰ ਸਤਿਕਾਰ ਸਹਿਤ ਸਲਾਹਿਆ ਅਤੇ ਹਰ ਕਿਸਮ ਦੀ ਜਮਹੂਰੀ, ਲੋਕ-ਪ੍ਰਚਲਤ ਤੇ ਦੇਸ਼-ਭਗਤੀ ਭਰੀ ਲਫਾਜ਼ੀ ਦੀ ਵਰਤੋਂ ਕੀਤੀ ਅਤੇ ਹਰ ਚੀਜ ਦੇਣ ਦਾ ਵਾਅਦਾ ਕੀਤਾ। ਜੋ ਲੋਕ ਚਾਹੁੰਦੇ ਸੀ-ਅਮਨ, ਰੋਟੀ ਤੇ ਜ਼ਮੀਨ।
ਉਨ੍ਹਾਂ ਦੇ ਕਥਨ ਅਨੁਸਾਰ ਬਿਨ੍ਹਾਂ ਸ਼ੱਕ ਅਮਨ, ਅਤੇ ਉਹ ਵੀ ਸਨਮਾਨ ਸਹਿਤ, ਕਾਇਮ ਹੋਵੇ, ਦੇਸ਼ ਜਿਨ੍ਹਾਂ ਮੁਸ਼ਕਿਲ ਹਾਲਾਤਾਂ 'ਚੋ ਲੰਘ ਰਿਹਾ ਸੀ, ਉਨ੍ਹਾਂ ਵਿੱਚ ਜਿੰਨੀ ਜਲਦੀ ਹੋ ਸਕੇ-ਰੋਟੀ ਅਤੇ ਜ਼ਮੀਨ ਦੀ ਇੱਕ ਜਾਇਜ਼ ਤੇ ਇਨਸਾਫ ਪੂਰਨ ਮੁੜ ਵੰਡ ਹੋਵੇ ਤਾਂ ਕਿ ਗਰੀਬ ਕਿਸਾਨ ਉਸ ਤੋਂ ਲਾਭ ਉਠਾ ਸਕਣ। ਪਰ ਇਹ ਸੱਭ ਕੁਝੱ ਕਰਦਿਆਂ ਅਮੀਰ ਜ਼ਿਮੀਦਾਰਾਂ ਦੇ ਹੱਕਾਂ ਦੀ ਉਲੰਘਣਾ ਵੀ ਨਾ ਹੋਵੇ।
ਲੈਨਿਨ ਸਮੇਤ ਲਿਓਨ ਟਰਾਟਸਕੀ ਤੇ ਹੋਰ ਕਿੰਨੇ ਇਸ ਧਾਰਨਾ ਦੇ ਸਨ ਕਿ ਹਕੀਕੀ ਅਮਨ, ਮਿਹਨਤਕਸ਼ਾਂ ਲਈ  ਰੋਟੀ ਅਤੇ ਕਿਸਾਨਾਂ ਲਈ ਜ਼ਮੀਨ ਦਾ ਮਸਲਾ ਸਿਰਫ ਉਹ ਹੀ ਜਿੱਤ ਸਕਦੇ ਹਨ, ਜਿਨ੍ਹਾਂ ਨੇ ਜ਼ਾਰਸ਼ਾਹੀ ਨੂੰ ਵਗਾਹ ਮਾਰਿਆ ਸੀ। ਅਮਨ, ਆਮ ਰਾਜਨੀਤੀ ਨਾਲ ਬੱਝੇ ਪੁਰਾਣੇ ਰਾਜਾਨੇਤਾਵਾਂ, ਜੋ ਅਮੀਰਾਂ ਦੇ ਰਾਜਸੱਤਾ ਦੇ ਢਾਂਚੇ ਨਾਲ ਜੁੜੇ ਹਨ, ਵਲੋਂ ਸਥਾਪਤ ਨਹੀਂ ਕੀਤਾ ਜਾ ਸਕਦਾ।
ਮਾਰਚ ਤੋਂ ਅਕਤੂਬਰ ਤੱਕ ਦੀਆਂ ਘਟਨਾਵਾਂ ਤੋਂ ਹਾਸਲ ਕੀਤੇ ਆਪਣੇ ਨਿੱਗਰ ਅਨੁਭਵਾਂ ਰਾਹੀਂ ਲੋਕਾਂ ਨੇ ''ਅਮਨ, ਰੋਟੀ ਅਤੇ ਜ਼ਮੀਨ,'' ''ਆਰਜ਼ੀ ਸਰਕਾਰ ਨੂੰ ਚਲਦਾ ਕਰੋ '' ''ਸਾਰੀ ਤਾਕਤ ਸੋਵੀਅਤਾਂ ਦੇ ਹੱਥ ਦਿਉ'' ਵਰਗਿਆਂ ਨਾਅਰਿਆਂ ਰਾਹੀਂ ਸੋਵੀਅਤਾਂ ਵਿੱਚ ਆਪਣਾ ਭਾਰੀ ਬਹੁਮਤ ਕਾਇਮ ਕਰ ਲਿਆ ਸੀ।
ਅਕਤੂਬਰ ਇਨਕਲਾਬ ਦਾ ਅੱਖੀਂ ਡਿੱਠਾ ਹਾਲ, ਜੋ ਕਿ ਪੱਤਰਕਾਰ ਜੋਹਨ ਰੀਡ ਨੇ ਅਮਰੀਕਾ 'ਚੋਂ ਲਿਖ ਕੇ ਭੇਜਿਆ, ਇਸ ਤਰ੍ਹਾਂ ਹੈ।
''ਮਜਦੂਰਾਂ, ਸੈਨਿਕਾਂ ਅਤੇ ਕਿਸਾਨਾਂ ਦੀਆਂ ਕੌਸਿਲਾਂ ਦੇ ਆਮ ਸਾਧਾਰਨ ਮੈਂਬਰ ਲੈਨਿਨ ਤੇ ਟਰਾਟਸਕੀ ਦੀ ਅਗਵਾਈ 'ਚ ਪੂਰੇ ਜ਼ਾਬਤੇ 'ਚ ਹਨ। ਉਨ੍ਹਾਂ ਦਾ ਪਰੋਗਰਾਮ ਇਹ ਹੈ ਕਿ ਜ਼ਮੀਨ ਕਿਸਾਨਾਂ ਨੂੰ ਦਿੱਤੀ ਜਾਵੇ, ਸਾਰੇ ਕੁਦਰਤੀ ਵਸੀਲਿਆਂ ਤੇ ਉਦਯੋਗਾਂ ਦਾ ਸਮਾਜੀਕਰਨ ਕੀਤਾ ਜਾਵੇ ਅਤੇ ਯੁੱਧ ਵਿਰਾਮ, ਭਾਵ ਅਮਨ ਲਈ ਕਾਨਫਰੰਸ ਹੋਵੇ। ਰੀਡ ਨੇ ਇੱਕ ਕਿਤਾਬ ਵੀ ਲਿਖੀ, ''ਦਸ ਦਿਨ, ਜਿਨ੍ਹਾਂ ਦੁਨੀਆਂ ਹਿਲਾ ਦਿੱਤੀ'' ਜੋ ਕਿ ਅਜ ਵੀ ਪੜ੍ਹਨ-ਯੋਗ ਕਿਤਾਬ ਹੈ। ਉਹ ਸਾਰਾ ਕੁੱਝ ਲੈਨਿਨ ਦੇ ਕਥਨ (ਹਵਾਲੇ) ਦਾ, ਜੋ ਕਿ ਨਵੰਬਰ 1917 'ਚ ਰੂਸ ਦੀ ਵਸੋਂ ਨੂੰ ਭੇਜੇ ਗਏ ਐਲਾਨਨਾਮੇ 'ਚੋਂ ਲਿਆ ਗਿਆ ਹੈ। ਉਸ ਐਲਾਨ ਨਾਮੇ ਦੇ ਕੁੱਝ ਪੱਖ ਇਸ ਪਰਕਾਰ ਹਨ-
''ਪੀਤਰੋਗਰਾਦ 'ਚ ਮਜ਼ਦੂਰਾਂ ਤੇ ਕਿਸਾਨਾਂ ਦਾ ਇਨਕਲਾਬ ਬਿਨ੍ਹਾਂ ਸ਼ੱਕ ਜੇਤੂ ਰਿਹਾ ਹੈ, ਇਹ ਮਾਸਕੋ 'ਚ ਵੀ ਸਫਲ ਹੋਇਆ ਹੈ।  ਰੋਜ਼ਾਨਾ ਹਰ ਘੰਟੇ ਮੁਹਾਜ਼ ਤੋਂ ਅਤੇ ਪਿੰਡਾਂ ਤੋਂ ਖਬਰਾਂ ਆ ਰਹੀਆਂ ਹਨ। ਮੋਰਚਿਆਂ 'ਚੋ ਫੌਜੀਆਂ ਦੀ ਬੇਸ਼ੁਮਾਰ ਵੱਡੀ ਬਹੁਗਿਣਤੀ ਦੇ  ਅਤੇ ਪ੍ਰਾਤਾਂ 'ਚੋਂ ਕਿਸਾਨਾਂ ਦੀਆਂ, ਨਵੀਂ ਸਰਕਾਰ ਲਈ ਅਤੇ ਇਸ ਦੇ ਕਿਸਾਨਾਂ ਨੂੰ ਫੌਰੀ ਤੌਰ ਤੇ ਜ਼ਮੀਨ ਦੇਣ ਦੇ ਫਰਮਾਨ ਲਈ ਸਮਰਥਨ ਦੀਆਂ ਖਬਰਾਂ। ਮਜ਼ਦੂਰਾਂ ਅਤੇ ਕਿਸਾਨਾਂ ਦਾ ਇਨਕਲਾਬ ਤਾਂ ਹੀ ਯਕੀਨੀ ਬਣ ਸਕਿਆ ਹੈ ਕਿਉਂਕਿ ਲੋਕਾਂ ਦੀ ਬਹੁਗਿਣਤੀ ਪਹਿਲਾਂ ਹੀ ਉਨ੍ਹਾਂ ਦੇ ਹੱਕ 'ਚ ਸੀ।''
ਮਜ਼ਦੂਰ ਸਾਥਿਓ, ਯਾਦ ਰੱਖਿਓ, ''ਕਿਉਂਕਿ ਤੁਸੀਂ ਹੁਣ ਖੁਦ ਹੀ ਰਾਜਭਾਗ 'ਤੇ ਬਿਰਾਜਮਾਨ ਹੋ, ਇਸ ਲਈ ਕੋਈ ਵੀ ਤੁਹਾਡੀ  ਮੱਦਦ ਨਹੀਂ ਕਰ ਸਕੇਗਾ ਜੇਕਰ ਤੁਸੀਂ ਅਜੇ ਵੀ ਇੱਕਠੇ ਨਾ ਹੋਏ ਅਤੇ ਰਾਜਭਾਗ ਨੂੰ ਆਪਣੇ ਹੱਥਾਂ 'ਚ ਨਾ ਲਿਆ। ਤੁਹਾਡੀਆਂ ਸੋਵੀਅਤਾਂ, ਹੁਣ ਤੋਂ, ਰਾਜ ਸੱਤਾ ਦਾ ਵਿਧਾਨਕਾਰ ਸੰਸਥਾਵਾਂ 'ਚ ਪੂਰਨ ਸ਼ਕਤੀਆਂ ਨਾਲ ਅੰਗ ਹਨ''।
''ਮਜ਼ਦੂਰ, ਕਿਸਾਨ, ਸੈਨਿਕ ਤੇ ਹੋਰ ਕਾਮਰੇਡ ਸਾਥੀਓ, ਸਾਰੀਆਂ ਤਾਕਤਾਂ ਆਪਣੀਆਂ ਸੋਵੀਅਤਾਂ ਦੇ ਹੱਥਾਂ 'ਚ ਲਓ। ਆਪਣੀ ਭੂਮੀ, ਅਨਾਜ, ਫੈਕਟਰੀਆਂ, ਸਾਜੋ-ਸਾਮਾਨ, ਪੈਦਾਵਾਰ, ਟਰਾਂਸਪੋਰਟ ਵਗੈਰਾ ਸਾਰਾ ਕੁੱਝ ਜੋ ਹੁਣ ਤੋਂ ਮੁਕੰਮਲ ਰੂਪ 'ਚ ਤੁਹਾਡੀ ਮਲਕੀਅਤ ਹੈ, ਲੋਕਾਂ ਦੀ ਮਲਕੀਅਤ ਹੈ, ਦੀ ਰਾਖੀ ਅੱਖ ਦੀ ਪੁਤਲੀ ਵਾਂਗ ਕਰੋ। ਹੌਲੀ ਹੌਲੀ ਕਿਸਾਨਾਂ ਦੇ ਬਹੁਮਤ ਦੀ ਮਰਜ਼ੀ ਤੇ ਮਨਜ਼ੂਰੀ ਨਾਲ ਉਨ੍ਹਾਂ ਦੇ ਅਤੇ ਮਜ਼ਦੂਰਾਂ ਦੇ ਅਮਲੀ ਤਜ਼ੁਰਬਿਆਂ ਦੇ ਅਨੁਕੂਲ ਅਸੀਂ ਸਾਬਤ ਕਦਮੀਂ ਅੱਗੇ ਵਧਾਂਗੇ ਅਤੇ ਸਮਾਜਵਾਦ ਦੀ ਜਿੱਤ ਯਕੀਨੀ ਬਣਾਵਾਂਗੇ। ਉਹ ਜਿੱਤ, ਜਿਸ ਉੱਤੇ ਸਭ ਤੋ ਸੱਭਿਅਕ ਤੇੇ ਤਰੱਕੀ ਪਸੰਦ ਮਜ਼ਦੂਰਾਂ ਦੀ ਮੋਹਰ ਲੱਗੇਗੀ ਅਤੇ ਲੋਕਾਂ ਨੂੰ ਹੰਢਣਸਾਰ ਅਮਨ ਦੇਵਾਂਗੇ ਅਤੇ ਉਨ੍ਹਾਂ ਨੂੰ ਹਰ ਕਿਸਮ ਦੀ ਲੁੱਟ ਤੇ ਦਾਬੇ ਤੋਂ ਮੁਕਤੀ ਦਿਵਾਈ ਜਾਵੇਗੀ।''
''ਇਸ ਐਲਾਨਨਾਮੇ ਤੋਂ ਅਸੀਂ ਕਈ ਸਾਰੇ ਮੁੱਖ ਬਿੰਦੂ ਦੇਖ ਸਕਦੇ ਹਾਂ, ਜਿਨ੍ਹਾਂ ਰਾਹੀਂ ਅਕਤੂਬਰ ਇਨਕਲਾਬ ਨੂੰ ਪ੍ਰਭਾਸ਼ਿਤ ਕਰਨ 'ਚ ਸਹਾਇਤਾ ਮਿਲੇਗੀ। ਜੋ ਇਸ ਇਨਕਲਾਬ ਦੀ ਅਗਵਾਈ ਕਰ ਰਹੇ ਸਨ, ਉਨ੍ਹਾਂ ਲਈ ਸਾਰੀ ਕੋਸ਼ਿਸ਼ ਦਾ ਮੂਲ-ਤੱਤ ਇਹ ਧਾਰਨਾ ਸੀ ਕਿ ਜਿਨ੍ਹਾਂ ਲੋਕਾਂ ਦੀਆਂ ਜ਼ਿੰਗੀਆਂ ਤੇ ਮਿਹਨਤ ਸਮਾਜ ਨੂੰ ਚਲਦਾ ਰੱਖ ਰਹੀਆਂ ਹਨ, ਉਨ੍ਹਾਂ ਦੀ ਬਹੁਗਿਣਤੀ ਨੂੰ ਹੀ ਸਮਾਜ ਨੂੰ ਵੀ ਚਲਾਉਣਾ ਚਾਹੀਦਾ ਹੈ। ਇਹ ਇਨਕਲਾਬੀ ਜਮਹੂਰੀਅਤ ਮਿਹਨਤੀ ਲੋਕਾਂ ਦੇ ਅੱਡ-ਅੱਡ ਹਿੱਸਿਆਂ ਦਾ ਇੱਕ ਗਠਬੰਧਨ ਹੋਵੇਗਾ, ਜੋ ਜਮਹੂਰੀ ਕੌਸਲਾਂ-ਸੋਵੀਅਤਾਂ- 'ਚ ਨਵੇਂ ਰਾਜ-ਪ੍ਰਬੰਧ ਦੇ ਰਾਜਨੀਤਿਕ ਕੰਮਕਾਰਾਂ ਨੂੰ ਚਲਾਉਣ ਲਈ ਇੱਕਠੇ ਮਿਲ ਕੇ ਕੰਮ ਕਰਨਗੇ ਅਤੇ ਇਸ ਵਿੱਚ ਸਾਰੀ ਆਰਥਿਕਤਾ, ਜੋ ਕਿ ਸਾਰਿਆਂ ਦੀ ਹੋਵੇਗੀ ਅਤੇ ਜਿਸਦੀ ਦੀ ਵਰਤੋਂ ਸਭ ਦੇ ਭਲੇ ਲਈ ਕੀਤੀ ਜਾਵੇਗੀ, ਵੀ ਸਭ ਦੇ ਅਧਿਕਾਰ ਅਧੀਨ ਹੋਵੇਗੀ-ਇਹੀ ਹੈ ਸਮਾਜਵਾਦ ਦਾ ਅਸਲੀ ਅਰਥ।''
ਮਜ਼ਦੂਰ-ਕਿਸਾਨ ਗੱਠਜੋੜ 'ਤੇ ਅਧਾਰਤ, ਸਮਾਜਵਾਦ ਦੀ ਆਰਥਿਕ ਜਮਹੂਰੀਅਤ ਨਾਲ ਜੁੜੀ ਰਾਜਨੀਤਿਕ ਜਮਹੂਰੀਅਤ ਹੀ ਦਰਅਸਲ ਨਿਵੇਕਲੀ ਕਿਸਮ ਦੀ ਇਨਕਲਾਬੀ ਜਮਹੂਰੀਅਤ ਸੀ ਜਿਸ ਨੂੰ ਕਿ ਚਿਰ-ਸਥਾਈ ਅਮਨ ਦੀ ਸਥਾਪਤੀ ਲਈ ਇੱਕੋ ਇੱਕ ਰਾਹ ਵਜੋਂ ਪੇਸ਼ ਕੀਤਾ ਗਿਆ ਤੇ ਜਿਸ ਰਾਹੀਂ ਹਰ ਕਿਸਮ ਦੀ ਲੁੱਟ ਤੇ ਦਾਬੇ ਤੋਂ ਮੁਕਤੀ ਮਿਲ ਸਕਦੀ ਸੀ। ਇਸ ਦੇ ਨਾਲ ਹੀ ਅਜਿਹੀ ਜਿੱਤ ਨੂੰ ਇਨਕਲਾਬੀ ਅੰਤਰ-ਰਾਸ਼ਟਰਵਾਦ ਰਾਹੀਂ ਸੰਸਾਰ ਭਰ 'ਚ ਯਕੀਨੀ ਬਣਾਇਆ ਜਾ ਸਕਦਾ ਹੈ।
ਆਰਥਿਕ ਤੌਰ ਤੇ ਪਛੜੇ ਦੇਸ਼ਾਂ ਦੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਹੋਰ ਤੋਂ ਹੋਰ ਵਿਕਸਤ ਪੂੰਜੀਵਾਦੀ ਦੇਸ਼ਾਂ ਦੀ ਮਜਦੂਰ ਜਮਾਤ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਉਹ ਵੀ ਆਪਣੇ ਮੁਲਕਾਂ 'ਚ ਸਮਾਜਵਾਦੀ ਇਨਕਲਾਬ ਦੀ ਦਿਸ਼ਾ 'ਚ ਅੱਗੇ ਵੱਧ ਸਕਣ। ਇਨਕਲਾਬੀ ਰੂਸ ਨੇ ਦੁਨੀਆਂ ਭਰ ਦੀਆਂ ਅੱਡ-ਅੱਡ ਮਜ਼ਦੂਰ ਜਮਾਤ ਦੀਆਂ ਲਹਿਰਾਂ ਨੂੰ ਜੁਲਮਾਂ ਦੀਆਂ ਜੰਜੀਰਾਂ ਤੋੜ ਕੇ ਇੱਕ ਅਜਿਹੀ ਨਵੀਂ ਦੁਨੀਆਂ ਸਿਰਜਣ ਦਾ ਰਾਹ ਦਿਖਾਇਆ, ਜੋ ਕਿ ਹਰ ਇੱਕ ਨੂੰ ਪੂਰਨ ਤੌਰ ਤੇ ਆਜ਼ਾਦ ਵਿਕਾਸ ਪ੍ਰਦਾਨ ਕਰ ਸਕੇ।
ਬੇਈਮਾਨ ਰਾਜਨੀਤੀਵਾਨਾਂ ਤੇ ਵਿਦਵਾਨਾਂ, ਜਿਨ੍ਹਾਂ ਨੂੰ ਕਿ ਇਹ ਭਲੀ ਭਾਂਤ ਪਤਾ ਹੈ, ਦੇ ਦਾਅਵਿਆਂ ਦੇ ਉੱਲਟ,-ਇੱਹ ਕੋਈ ਲੁਕਵਾਂ ਏਜੰਡਾ ਨਹੀਂ ਸੀ-ਕੱਝ ਸੀਮਿਤ ਮਸਲਿਆਂ ਦੁਆਲੇ ਨੇਤਾ ਗਿਰੀ ਜਾਂ ਲੋਕ-ਲੁਭਾਊ ਵਾਅਦੇ ਨਹੀਂ ਸਨ, ਜਿਵੇਂ ਕਿ ਆਮ ਹੀ ਇਲਜ਼ਾਮ ਲਗਦਾ ਹੈ, ਜਦ ਕਿ ਅਸਲ ਵਿੱਚ ਇਹ ਸਮਾਜਵਾਦ ਦੇ ਸੰਸਾਰ ਇਨਕਲਾਬ ਲਈ ਕੰਮ ਕਰਨਾ ਸੀ। ਇਹ ਸਾਰਾ ਕੁੱਝ ਸਭ ਦੇ ਸਾਹਮਣੇ ਤੇ ਸਾਫ ਸਪੱਸ਼ਟ ਸੀ। ਲੈਨਿਨ ਤੇ ਉਸਦੇ ਇਨਕਲਾਬੀ ਸਾਥੀਆਂ ਨੇ ਤਾਕਤ 'ਚ ਆਉਦਿਆਂ ਹੀ ਨਾ ਸਿਰਫ ਸਮਾਜਵਾਦ ਤੇ ਸੰਸਾਰ ਇਨਕਲਾਬ ਦੀ ਪੁਕਾਰ ਲਾਈ ਅਤੇ ਨਾਂ ਹੀ ਉਨ੍ਹਾਂ ਨੇ ਕੇਵਲ 1917 ਦੇ ਸਾਰੇ ਘਟਨਾ-ਭਰਪੂਰ ਸਾਲ ਦੌਰਾਨ ਅਜਿਹੀਆਂ ਗੱਲਾਂ ਨੂੰ ਦੁਹਰਾਇਆ, ਬਲਕਿ ਉਹ ਅਜਿਹੀਆਂ ਗੱਲਾਂ ਸ਼ਰੇਆਮ, ਜਿੱਨਾ ਸੰਭਵ ਹੋ ਸਕਦਾ ਸੀ ਤੇ ਜੋ ਵੀ ਸੁਣ ਸਕਦਾ ਸੀ, ਨੂੰ ਕਿੰਨੇ ਹੀ ਸਰਲ ਤੇ ਸਪੱਸ਼ਟ ਸ਼ਬਦਾਂ ਵਿੱਚ ਵੀ ਕਹਿੰਦੇ ਰਹੇ ਅਤੇ ਕਈ ਸਾਰੇ ਸੰਘਰਸ਼ਾਂ ਰਾਹੀ ਵੀ, ਜਿੰਨ੍ਹਾਂ 'ਚ ਉਹ ਸ਼ਾਮਲ ਹੋਏ ਤੇ ਕਈ ਵਾਰ ਉਨ੍ਹਾਂ ਦੀ ਅਗਵਾਈ ਵੀ ਕੀਤੀ।
ਮੇਰੇ ਖਿਆਲ ਅਨੁਸਾਰ ਠੀਕ ਇੱਥੇ ਹੀ ਅਸੀਂ ਅਕਤੂਬਰ ਇਨਕਲਾਬ ਦੇ ਕਈ ਹਾਂ ਪੱਖੀ ਜਰੂਰੀ ਸਬਕ ਦੇਖ ਸਕਦੇ ਹਾਂ। ਸੰਨ 1917 ਤੋਂ ਲੈ ਕੇ ਹੁਣ ਤੱਕ ਪੂੰਜੀਵਾਦ ਪ੍ਰਣਾਲੀ ਤੇ ਮਨੁੱਖੀ ਯਥਾਰਥ, ਕਿੰਨੇ ਹੀ ਤਰੀਕਿਆਂ ਨਾਲ ਬਦਲ ਚੁੱਕਾ ਹੈ। ਪਰੰਤੂ ਲੈਨਿਨ ਤੇ ਬਾਲਸ਼ਵਿਕਾਂ ਵਲੋ ਕਹੀਆਂ ਗਈਆਂ ਜ਼ਰੂਰੀ ਗੱਲਾਂ ਤੇ ਚੀਜ਼ਾਂ ਅੱਜ ਵੀ ਉਵੇਂ ਹੀ ਸੱਚ ਹਨ। ਅਸੀ ਆਪਣੀਆਂ ਖੁਦ ਦੀਆਂ ਕੋਸ਼ਿਸ਼ਾਂ ਰਾਹੀਂ ਸਾਰੇ ਦੱਬੇ-ਕੁਚਲੇ ਲੋਕਾਂ ਦੇ ਏਕੇ 'ਤੇ ਆਧਾਰਤ ਗੱਠ ਜੋੜ ਬਣਾ ਕੇ, ਸਮਾਜਵਾਦ ਦੀ ਰਾਜਨੀਤਿਕ ਤੇ ਆਰਥਿਕ ਜਮਹੂਰੀਅਤ ਸਥਾਪਤ ਕਰਕੇ ਅਤੇ ਇਸ ਨੂੰ ਸੰਸਾਰ-ਪੱਧਰੀ ਵਿਧੀ ਵਜੋਂ ਸਮਝ ਕੇ ਜ਼ੁਲਮ ਅਤੇ ਦਾਬੇ ਨੂੰ ਮਾਰ-ਮੁਕਾ ਸਕਦੇ ਹਾਂ। ਇਹ ਸਾਰੀਆਂ ਗੱਲਾਂ ਸਾਡੇ ਸਮੇਂ 'ਚ ਅੱਜ ਵੀ ਉਸੇ ਤਰਾਂ ਸੱਚ ਹਨ।
ਇੱਕ ਹੋਰ ਸਬਕ ਇਹ ਹੈ ਕਿ ਜੇਕਰ ਅਸੀਂ ਇਸ ਸਾਰੇ ਕੁੱਝ ਬਾਰੇ ਗੰਭੀਰ ਹਾਂ ਤਾਂ ਸਾਨੂੰ ਇਹ ਕੁੱਝ ਬੜੀ ਉੱਚੀ ਤੇ ਸਾਫ ਆਵਾਜ਼ 'ਚ ਕਹਿਣਾ ਚਾਹੀਦਾ ਹੈ। ਉਹ ਵੀ ਸ਼ੁਰੂ ਤੋਂ ਹੀ ਤੇ ਲਗਾਤਾਰ ਤੇ ਇਸ ਤਰੀਕੇ ਨਾਲ ਕਹਿਣਾ ਚਾਹੀਦਾ ਹੈ ਕਿ ਹੋਰ ਤੋਂ ਹੋਰ ਜ਼ਿਆਦਾ ਲੋਕ ਇਸ ਨੂੰ ਸਮਝ ਸਕਣ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਆਪਣੀਆਂ ਜਿੰਦਗੀਆਂ ਲਈ ਪ੍ਰਸੰਗਕ ਲੱਗੇ। ਜਦੋਂ ਅਸੀ ਇਸ ਇਤਿਹਾਸ 'ਤੇ ਨਜ਼ਰ ਮਾਰਦੇ ਹਾਂ ਕਿ ਇਨਕਲਾਬੀਆਂ ਨੇ ਅਸਲ ਵਿੱਚ ਸਾਲਾਂ ਬੱਧੀ ਕਿਵੇਂ ਕੰਮ ਕੀਤਾ ਤਾਂ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਨੇ ਲੋਕਾਂ ਨੂੰ ਸਿਰਫ ਭਾਸ਼ਨ ਹੀ ਨਹੀਂ ਕੀਤੇ ਬਲਕਿ ਉਨ੍ਹਾਂ ਨੂੰ ਖਾਸ ਤੌਰ ਤੇ ਸੁਣਿਆ ਵੀ ਹੈ, ਉਨ੍ਹਾਂ ਤੋਂ ਸਿੱਖਿਆ ਵੀ ਹੈ ਅਤੇ ਲੋਕਾਂ ਦੀ ਸਮਝਦਾਰੀ ਨਾਲ ਆਪਣੀ ਸਮਝਦਾਰੀ ਨੂੰ ਜੋੜਿਆ ਵੀ ਹੈ। (ਜ਼ੋਰ ਸਾਡਾ)
ਅਸੀਂ ਉਨ੍ਹਾਂ ਦੇ ਕੰਮ ਢੰਗ ਤੋਂ ਇਹ ਵੀ ਸਿੱਖ ਸਕਦੇ ਹਾਂ ਕਿ ਨਾ ਸਿਰਫ ਇਨਕਲਾਬੀ ਸਮਾਜਵਾਦ ਲਈ ਸੰਘਰਸ਼, ਬਲਕਿ ਜਿਥੇ ਵੀ ਲੋਕ ਸੰਘਰਸ਼ ਕਰ ਰਹੇ ਹਨ ਜਾਂ ਸੰਘਰਸ਼ ਲਈ ਤਿਆਰ ਕੀਤੇ ਜਾ ਸਕਦੇ ਹਨ,  ਸਭ ਥਾਂ ਅਸੀਂ ਸ਼ਾਮਲ ਹੋਣਾ ਹੈ। ਇਸ ਤਰੀਕੇ ਨਾਲ ਇਨਕਲਾਬੀਆਂ ਤੇ ਗੈਰ-ਇਨਕਲਾਬੀ ਦੋਵਾਂ ਤੋਂ ਹੀ ਬੜੇ ਮੱਹਤਵਪੂਰਨ ਸਬਕ ਸਿੱਖੇ ਜਾ ਸਕਦੇ ਹਨ, ਕਿਉਕਿ ਉਹ ਵੀ ਅਜਿਹੇ ਸੀਮਿਤ ਨਿਸ਼ਾਨਿਆ ਦੀ ਪ੍ਰਾਪਤੀ ਲਈ ਇੱਕਠੇ ਕੰਮ ਕਰਦੇ ਹਨ। ਇਸ ਢੰਗ ਨਾਲ ਇਨਕਲਾਬੀ  ਨਿਸ਼ਾਨਿਆਂ ਨੂੰ ਹੋਰ ਵੀ ਅਮੀਰ ਬਣਾਇਆ ਜਾ ਸਕਦਾ ਹੈ। ਸੰਘਰਸ਼ਾਂ ਦੇ ਅਜਿਹੇ ਤਜ਼ਰਬਿਆਂ ਨਾਲ ਇਨਕਲਾਬੀ ਨਿਸ਼ਾਨਿਆਂ ਦੀ ਭਾਵਨਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਮਝਾਉਣ 'ਚ ਮਦਦ ਮਿਲ  ਸਕਦੀ ਹੈ।
ਅਜਿਹੀ ਵਿਧੀ ਨੂੰ ਹੋਰ ਵੀ ਅੱਗੇ ਤੋਰਿਆ ਤੇ ਸੁਸੰਗਿਤ ਕੀਤਾ ਜਾ ਸਕਦਾ ਹੈ। ਇਸ ਵਿੱਚ ਲੋੜੀਂਦੀ ਇਕਸਾਰਤਾ ਤੇ ਲਗਾਤਾਰਤਾ ਲਿਆਉਣ ਲਈ ਕਾਰਕੁੰਨਾਂ ਦੀ ਇੱਕ ਬਹੁਤ ਗੰਭੀਰਤਾ ਨਾਲ ਵਿਕਸਤ ਕੀਤੀ ਜਥੇਬੰਦੀ ਦੀ ਲੋੜ ਹੈ। ਅਜਿਹੀ ਜਥੇਬੰਦੀ ਆਪਣੇ ਮੈਂਬਰਾਂ ਨੂੰ ਮੌਜੂਦਾ ਸਥਿਤੀ ਨੂੰ ਸਮਝਣ ਤੇ ਸਾਂਝਾ ਕਰਨ ਤੇ ਸੰਭਾਵਿਤ ਬਿਹਤਰ ਭਵਿਖ ਦ੍ਰਿਸ਼ਟੀ ਵਿਕਸਤ ਕਰਨ ਅਤੇ ਇਕ-ਦੂਸਰੇ ਤੋਂ ਸਿੱਖਣ ਦੀ ਅਸਲ ਧਾਰਨਾ ਬਨਾਉਣ 'ਚ ਮਦਦ ਕਰਦੀ ਹੈ ਅਤੇ ਨਾਲ ਹੀ ਅਮਲੀ ਰਾਜਨੀਤਿਕ ਮੁਹਾਰਤ, ਜੋ ਕਿ ਇਸ ਦੀ ਪ੍ਰਾਪਤੀ 'ਚ ਮੱਦਦਗਾਰ ਹੋ ਸਕਦੀ ਹੈ, ਵੀ ਦਿੰਦੀ ਹੈ।
ਸਾਰੇ ਹੀ ਰੂਸੀ ਇਨਕਲਾਬੀ, ਚਾਹੇ ਬਾਲਸ਼ਵਿਕ ਹੋਣ ਜਾਂ ਨਾ, ਇਸ ਨਾਲ ਸਹਿਮਤ ਸਨ ਕਿ ਲੈਨਿਨ ਤੇ ਉਸ ਦੇ ਸਾਥੀ ਹੀ ਇਸ ਦੀ ਵਰਤੋਂ ਕਰਨ 'ਚ ਕਾਰਗਰ ਸਿੱਧ ਹੋਏ। ਇਸੇ ਕਾਰਨ ਹੀ ਉਨ੍ਹਾਂ ਦੁਆਰਾ ਬਣਾਈ ਇਨਕਲਾਬੀ ਪਾਰਟੀ 'ਤੇ ਹੀ ਧਿਆਨ ਕੇਂਦਰਤ ਕਰਨਾ ਬਣਦਾ ਹੈ, ਜਿਸ ਪਾਰਟੀ ਨੇ ਅਕਤੂਬਰ ਇਨਕਲਾਬ 'ਚ ਮੁੱਖ-ਭੂਮਿਕਾ ਨਿਭਾਈ। ਇਹ ਅਤਿਅੰਤ ਮਹੱਤਵਪੂਰਨ ਮੁੱਦਾ ਹੈ ਤੇ ਇਨ੍ਹਾਂ ਮਸਲਿਆਂ ਤੇ ਇੱਕ ਹੋਰ ਸ਼ੈਸਨ 'ਚ ਗੱਲਬਾਤ ਕਰਾਂਗਾ। ਜਿਸ ਵਿੱਚ ਮੈਂ ਆਲੋਚਨਾਤਮਕ ਪਰ ਲੈਨਿਨ ਤੇ ਹਾਂ-ਪੱਖੀ ਨਜ਼ਰ ਪਾਵਾਂਗਾ, ਜਿਸ ਨੂੰ ਕਿ ਲੈਨਿਨਵਾਦ ਜਾਂ ਲੈਨਨਵਾਦੀ ਪਾਰਟੀ ਕਿਹਾ ਜਾਂਦਾ ਹੈ ਅਤੇ ਇਹ ਵੀ ਚਰਚਾ ਕਰਾਂਗਾ ਕਿ ਇਸ ਦੇ ਸਾਡੇ ਲਈ ਅੱਜ ਕੀ ਮਾਅਨੇ ਹਨ। ਦਰਅਸਲ ਮੈਂ ਇਸ ਸ਼ੈਸ਼ਨ ਦੇ ਸਮਾਪਤੀ ਕਥਨਾਂ 'ਚ ਅਕਤੂਬਰ ਇਨਕਲਾਬ ਦੇ ਸਾਡੇ ਹੁਣ ਦੇ ਸਮੇਂ ਲਈ ਪ੍ਰਸੰਗਕਤਾ 'ਤੇ ਹੋਰ ਧਿਆਨ ਦੁਆਉਣਾ ਚਾਹੁੰਦਾ ਹਾਂ।
ਸਾਡਾ ਸੰਸਾਰ ਇੱਕ ਸੌ ਸਾਲ ਪਹਿਲਾਂ ਦੇ ਸੰਸਾਰ ਨਾਲੋਂ ਬਹੁਤ ਹੀ ਵੱਖਰੀ ਤਰ੍ਹਾਂ ਦਾ ਹੈ। ਦੁਨੀਆਂ ਭਰ ਦੇ ਮਜਦੂਰਾਂ ਦੀ ਗਿਣਤੀ ਕਈ ਗੁਣਾਂ ਵੱਧ ਗਈ ਹੈ। 1917 ਦੇ ਮੁਕਾਬਲੇ ਸੰਸਾਰ ਜਨ ਸੰਖਿਆ 'ਚ ਉਨ੍ਹਾਂ ਦੀ ਪ੍ਰਤੀਸ਼ਤਤਾ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਹੈਰਾਨੀਜਨਕ ਟੈਕਨਾਲੋਜੀਕਲ  ਤੇ ਸੱਭਿਆਚਾਰਕ ਤਬਦੀਲੀਆਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚੋ ਕੁੱਝ ਨੇ ਦੁਨੀਆਂ ਦੇ ਲੋਕਾਂ ਨੂੰ ਨੇੜੇ ਲਿਆਂਦਾ ਹੈ। ਜਿਸ ਨਾਲ ਗਿਆਨ ਤੇ ਸੰਚਾਰ ਨੂੰ ਆਪਣੀਆਂ ਉਂਗਲਾਂ ਦੇ ਪੋਟਿਆਂ 'ਤੇ ਸਾਂਝੇ ਕਰਨ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਉਤਪਾਦਕਤਾ ਵਿੱਚ ਭਾਰੀ ਵਾਧੇ ਤੇ ਬਹੁਤਾਤ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਇਸ ਨਾਲ ਸਮਾਜਵਾਦ ਲਈ ਵੀ ਪਦਾਰਥਕ ਸੰਭਾਵਨਾਵਾਂ ਬੇਹੱਦ ਵੱਧ ਗਈਆਂ ਹਨ। ਪਰੰਤੂ ਮਜ਼ਦੂਰ ਜਮਾਤ 'ਚ ਕਈ ਤਰ੍ਹਾਂ ਨਾਲ ਚੇਤਨਾ ਦਾ ਪੱਧਰ ਨੀਵਾਂ ਹੈ ਤੇ ਮਜ਼ਦੂਰ ਜਮਾਤ ਦੀਆਂ ਭਟਕਣਾਂ ਵੱਧ ਗਈਆਂ ਹਨ, ਇਹ ਪਹਿਲਾਂ ਤੋਂ ਜ਼ਿਆਦਾ ਵੰਡੀ ਹੋਈ ਹੈ। ਜਥੇਬੰਦਕ ਮਜਦੂਰ ਲਹਿਰ ਖੁਰ ਰਹੀ ਹੈ ਤੇ ਕੁੱਝ ਦੇਸ਼ਾਂ 'ਚ ਖਤਮ ਹੋ ਚੁੱਕੀ ਹੈ ਤੇ ਦੂਜੇ ਦੇਸ਼ਾਂ 'ਚ ਇਹ ਅਫਸਰਸ਼ਾਹੀ ਲਾਣੇ ਦਾ ਹਿੱਸਾ ਬਣੀ ਪਈ ਹੈ। ਇਸ ਨੇ ਯਥਾ-ਸਥਿਤੀ ਨਾਲ ਇੱਕਮਿੱਕਤਾ ਕਰ ਲਈ ਹੈ। ਇਸਨੇ ਨਵੇਂ ਕਾਰੋਬਾਰਾਂ ਤੇ ਸਰਕਾਰੀ ਕੁਲੀਨ ਵਰਗ ਨਾਲ ਸਮਝੌਤਾ ਕਰ ਲਿਆ ਹੈ ਤੇ ਇਹ ਸਾਧਾਰਨ ਮਜ਼ਦੂਰਾਂ ਦੀ ਨਿਤਾ-ਪ੍ਰਤੀ ਦੀ ਜ਼ਿੰਦਗੀ ਨਾਲੋਂ ਟੁੱਟ ਚੁੱਕੀ ਹੈ।
ਪਿਛਲੇ ਦਹਾਕਿਆਂ 'ਚ ਪੂੰਜੀਵਾਦੀ ਸੰਸਾਰੀਕਰਨ ਦੇ ਚਮਚਮਾਉਂਦੇ ਚਮਤਕਾਰ ਹੁਣ ਲਗਾਤਾਰ ਮੱਧਮ ਪੈ ਰਹੇ ਹਨ। ਸਾਰੀ ਦੁਨੀਆਂ 'ਚ ਕਿੰਨੇ ਹੀ ਲੋਕਾਂ ਦੀਆਂ ਜੀਵਨ-ਹਾਲਤਾਂ ਨਿਵਾਣਾਂ ਵੱਲ ਜਾ ਰਹੀਆਂ ਹਨ ਤੇ ਉਨ੍ਹਾਂ ਦੀ ਲੁੱਟ-ਖਸੁੱਟ ਵੱਧ ਤਿੱਖੀ ਹੋਈ ਹੈ। ਇਸ ਤੋਂ ਇਲਾਵਾ ਸੱਭਿਆਚਾਰ ਤੇ ਪਰਿਆਵਰਣ ਦਾ ਨਿੱਤ ਵੱਧਦਾ ਨਿਘਾਰ, ਭਾਈਚਾਰਿਆਂ ਦਾ ਟੁੱਟਣਾ, ਲਗਾਤਾਰ ਵੱਧਦੀ ਸਮਾਜਿਕ ਅਸਥਿਰਤਾ ਵਰਗੀਆਂ ਅਲਾਮਤਾਂ ਆਏ ਦਿਨ ਹੋਰ ਗੰਭੀਰ ਹੋ ਰਹੀਆਂ ਹਨ। ਜਦ ਕਿ ਹਿੰਸਾ ਦੀ ਅਮੁੱਕ ਕਹਾਣੀ, ਅੱਤਵਾਦ ਤੇ ਜੰਗ  ਦੀ ਜੇ ਗੱਲ ਨਾ ਹੀ ਕਰੀਏ ਤਾਂ ਚੰਗਾ ਹੈ।
ਮੁੱਖ ਧਾਰਾ ਦੇ ਰਾਜਨੇਤਾ, ਜਿਨਾਂ ਕੋਲ ਯਥਾਸਥਿਤੀ ਬਾਰੇ ਯਕੀਨ-ਦਹਾਨੀ ਲਈ ਬਕਵਾਸ ਕਰਨਾ ਹੀ ਲੈ ਦੇ ਕੇ ਵਿੱਕਰੀ ਦਾ ਮਾਲ ਹੈ, ਹੁਣ ਆਪਣੀ ਭਰੋਸੇਯੋਗਤਾ ਲਗਾਤਾਰ ਗੁਆ ਰਹੇ ਹਨ। ਉਨ੍ਹਾਂ 'ਚੋ ਕੁੱਝ, ਨੇ ਸਾਡੇ ਸਮੇਂ ਦੀਆਂ ਠੋਸ ਹਕੀਕਤਾਂ ਦੇ ਪ੍ਰਭਾਵ ਹੇਠ ਕੱਟੜ ਹੋਣਾ ਸ਼ੁਰੂ ਕੀਤਾ ਹੈ। ਕੁੱਝ ਨੇ ਧਾਰਮਿਕ ਮੂਲਵਾਦੀਆਂ, ਰੂੜ੍ਹੀਵਾਦੀ ਅੱਤ-ਦਰਜੇ ਦੇ ਰਾਸ਼ਟਰਵਾਦੀਆਂ, ਲੋਕ-ਲੁਭਾਉ ਨੇਤਾਵਾਂ ਤੇ ਨਸਲਵਾਦੀਆਂ, ਜੋ ਕਿ ਇੱਕ ਜਾਂ ਦੂਜੇ ਵਿਸ਼ੇਸ਼ ਹੱਲ ਦਾ ਵਾਅਦਾ ਕਰਦੇ ਹਨ ਨੂੰ ਵੀ ਹੁੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਸਾਡੀ ਜ਼ਿਮੇਵਾਰੀ ਸਿਰਫ ਇਹਨਾਂ ਦਾ ਵਿਰੋਧ ਕਰਨ ਦੀ ਜਾਂ ਫਿਰ ਅਜਿਹੇ ਤਬਾਹਕੁੰਨ ਤੇ ਝੂਠੇ ਰਾਹਾਂ ਤੋ ਪਰ੍ਹੇ ਹਟਣ ਤੱਕ ਹੀ ਸੀਮਤ ਨਹੀਂ। ਬਲਕਿ ਅਜੋਕੀ-ਆਧੁਨਿਕ ਇਨਕਲਾਬੀ ਜਮਹੂਰੀ ਤੇ ਮਜ਼ਦੂਰ ਜਮਾਤ ਦੀ ਉਹ ਤਾਕਤ ਉਸਾਰਨਾ ਹੈ, ਜਿਹੜੀ ਕਿ ਬਾਲਸ਼ਵਿਕਾਂ ਨੇ ਉਸਾਰੀ ਸੀ, ਤਾਂ ਕਿ ਇੱਕ ਯਕੀਨੀ ਮੁਤਬਾਦਲ ਪੇਸ਼ ਕੀਤਾ ਜਾ ਸਕੇ, ਜੋ ਕਿ ਵਿਸ਼ਾਲ ਜਨਸਮੂਹਾਂ ਦੀ ਹਮਾਇਤ ਜਿੱਤਣ ਦੇ ਕਾਬਲ ਹੋਵੇ। (ਜ਼ੋਰ ਸਾਡਾ)
ਸਾਨੂੰ ਅਜਿਹੀਆਂ ਸ਼ਕਤੀਆਂ ਵੱਧ ਤੋਂ ਵੱਧ ਦੇਸ਼ਾਂ 'ਚ ਉਸਾਰਨੀਆਂ ਚਾਹੀਦੀਆਂ ਹਨ, ਜਿਸਦਾ ਅਗਲੇ 2 ਦਹਾਕਿਆਂ ਦਾ ਨਿਸ਼ਾਨਾ ਹੋਵੇ। ਜੋ ਕਿ ਉਹ ਕੁੱਝ ਪ੍ਰਾਪਤ ਕਰਨ 'ਚ ਸਹਾਈ ਹੋਵੇ, ਜੋ ਕਿ ਰੂਸੀ ਜਨ-ਸਮੂਹਾਂ ਨੇ 1917 'ਚ ਕਰਨਾ ਸ਼ੁਰੂ ਕੀਤਾ ਯਾਨਿ ਕਿ ਮਜ਼ਦੂਰ ਜਮਾਤ ਦੇ ਹੱਥਾਂ 'ਚ ਰਾਜਨੀਤਿਕ ਤੇ ਆਰਥਿਕ ਸੱਤਾ ਦੇਣ ਲਈ ਲੋੜੀਂਦੇ ਅਮਲੀ ਸੰਘਰਸ਼ ਕਰਨੇ। ਰੋਜ਼ਾ ਲਕਜ਼ਮਬਰਗ ਨੇ ਜਿਨ੍ਹਾਂ ਦੋ ਸੌਖੇ ਸਮਝੇ ਜਾਂਦੇ ਰਾਹਾਂ (ਸ਼ੌਰਟਕਟਸ) ਤੋਂ ਇੱਕ ਵਾਰ ਖਬਰਦਾਰ ਕੀਤਾ, ਉਨ੍ਹਾਂ ਤੇ ਚੱਲਣ ਦਾ ਖਤਰਾ ਮੌਜੂਦ ਹੈ
1. ਜਾਂ ਤਾਂ ਆਪਣੇ ਆਪ ਨੂੰ ਸੁਪਰ ਇਨਕਲਾਬੀ ਹੀਰੋ ਮੰਨ ਕੇ, ਮਜ਼ਦੂਰ ਜਮਾਤ ਦੇ ਹਕੀਕੀ ਜਨਤਕ ਸੰਘਰਸ਼ਾਂ ਤੋਂ ਆਪਣੇ ਆਪ ਨੂੰ ਅਲੱਗ ਕਰਨਾ ਜਾਂ ਫਿਰ
2. ਸਰਮਾਏਦਾਰੀ ਅੰਦਰ ਸਮਾਜਿਕ ਸੁਧਾਰਾਂ ਲਈ ਜਨਤਕ ਤਾਕਤ ਬਣਨਾ ਤਾਂ ਜੋ ਉਹ ਪੂੰਜੀਵਾਦੀ ਯਥਾ-ਸਥਿਤੀ ਬਰਕਰਾਰ ਰੱਖਣ ਲਈ ਸਾਡੇ ਸੰਘਰਸਾਂ ਤੇ ਘੋਲਾਂ ਨੂੰ ਆਪਣੇ ਨਾਲ ਜੋੜਕੇ ਰੱਖਣ।
ਸਾਨੂੰ ਮਜ਼ਦੂਰ ਤੇ ਸਮਾਜਿਕ ਲਹਿਰਾਂ ਦੀ ਤੇ ਮਜ਼ਦੂਰ-ਜਮਾਤ ਦੀ ਚੇਤਨਤਾ ਲਈ ਉਸ ਦਰਜ਼ੇ ਤੇ ਮੁੜ-ਉਸਾਰੀ ਤੇ ਮੁੜ-ਉਥਾਨ ਕਰਨ ਦੀ ਲੋੜ ਹੈ ਜੋ ਕਿ ਵੀਂਹਵੀ ਸਦੀ ਦੇ ਪਹਿਲੇ ਦਹਾਕਿਆਂ 'ਚ ਮੌਜੂਦ ਚੇਤਨਤਾ ਦੇ ਮੁਕਾਬਲੇ ਦੀ ਹੋਵੇ ਤਾਂ ਜੋ ਅਸੀਂ ਹੋਰ ਤਕੜੇ ਹੋਈਏ, ਜਿਸ ਤੋਂ ਇਹ ਪਤਾ ਲੱਗੇ ਕਿ ਅਸੀਂ ਪਿਛਲੀ ਸਦੀ ਤੋਂ ਬਹੁਤ ਕੁੱਝ ਸਿੱਖਿਆ ਹੈ। ਸਿਰਫ ਬਹੁ-ਪੱਖੀ ਮਜ਼ਦੂਰ-ਜਮਾਤ ਦੀ ਕਿਰਤੀ ਲਹਿਰ ਤੇ ਚੇਤਨਤਾ ਨਾਲ ਹੀ ਅਸੀ ਇਹ ਅਹਿਸਾਸ ਕਰ ਸਕਦੇ ਹਾਂ ਕਿ ਅਕਤੂਬਰ ਇਨਕਲਾਬ ਦੇ ਇਨਕਲਾਬੀ -ਜਮਹੂਰੀ ਨਿਸ਼ਾਨਿਆਂ ਦੀ ਪ੍ਰਾਪਤੀ ਅਮਲ 'ਚ ਲਿਆਉਣ ਅੱਜ ਵੀ ਦੀ ਯੋਗ ਸੰਭਾਵਨਾ ਹੈ।
ਅਜਿਹੀ ਜਨਤਕ ਲਹਿਰ ਤੇ ਜਨਤਕ ਚੇਤਨਾ ਤੋਂ ਬਗੈਰ, ਸਮਾਜਵਾਦੀ ਇਨਕਲਾਬ ਦੀਆਂ ਕੋਸ਼ਿਸ਼ਾਂ ਕੁੱਝ ਵੀ ਨਹੀਂ ਹੋਣਗੀਆਂ, ਸਿਵਾਇ ਇਸ ਦੇ ਕਿ ਅਸੀਂ ਖੋਖਲੀ ਮੁਦਰਾ 'ਚ ਖੜੇ ਸਿਰਫ ਡਰਾਮੇ ਬਾਜ਼ੀ ਕਰ ਰਹੇ ਹਾਂ। ਸਾਨੂੰ ਦੂਜਿਆਂ ਕਾਰਕੁਨਾਂ ਦੀਆਂ ਬਹੁਲਤਾਵਾਦੀ ਤੇ ਜਮਹੂਰੀ ਲਹਿਰਾਂ 'ਚ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਜਨਤਕ ਘੋਲ ਤੇ ਚੇਤਨਾ ਉਸਾਰੀ ਜਾ ਸਕੇ ਤੇ ਜਿਹਨਾਂ ਜਥੇਬੰਦੀਆਂ ਦੀ ਸਾਨੂੰ ਲੋੜ ਹੈ, ਉਸਾਰੀਆਂ ਜਾ ਸਕਣ। ਜੋ ਕਿ ਜਨ-ਆਧਾਰ ਬਣਾਉਣ ਦੇ ਰਸਤੇ ਨੂੰ ਪੱਧਰਾ ਕਰਨ, ਥੋੜ-ਚਿਰੇ ਸੰਘਰਸ਼ ਲੜ੍ਹਨ ਤੇ ਜਿੱਤਣ, ਜਿਨ੍ਹਾਂ ਨਾਲ ਚੇਤਨਾ ਵਿਕਸਤ ਹੋਵੇ ਤੇ ਅਸੀਂ ਉਹ ਤਾਕਤ ਹਾਸਲ ਕਰੀਏ, ਜਿਸ ਨਾਲ ਅਸੀਂ ਇਨਕਲਾਬੀ ਤੇ ਸਮਾਜਵਾਦੀ ਨਿਸ਼ਾਨਿਆਂ ਵੱਲ ਵੱਧ ਸਕੀਏ।
ਅਸੀਂ ਜਿਸ ਸੰਕਟ 'ਚੋ ਗੁਜ਼ਰ ਰਹੇ ਹਾਂ ਉਸ ਦੇ ਸੁਭਾਅ 'ਚ ਸਮਾਜਿਕ, ਪਰਿਆਵਰਨ ਅਤੇ ਨਾਲ ਹੀ ਆਰਥਿਕ ਤੇ ਰਾਜਨੀਤਿਕ ਸੰਕਟ ਹੈ। ਸਾਡੇ ਕੋਲ, ਦੁਨੀਆਂ 'ਚ, ਇੰਨਾ ਵਕਤ ਹੀ ਨਹੀਂ ਕਿ ਇਸ ਸੱਭ ਕੁਝ ਨੂੰ ਕਰ ਸਕੀਏ। ਪਰੰਤੂ ਫਿਰ ਵੀ ਇਸ ਨਾਲ ਫੌਰੀ ਘੋਲਾਂ ਦੀ ਜਰੂਰਤ ਜਰੁੂਰ ਸ਼ਾਮਲ ਹੁੰਦੀ ਹੈ ਕਿ ਜੇਕਰ ਅਸੀਂ ਆਪਣੇ ਕਾਰਜਾਂ 'ਚ ਠੀਕ ਤਰ੍ਹਾਂ ਲੱਗ ਜਾਈਏ ਤਾਂ ਅਸੀਂ ਉਹ ਚੇਤਨਾ ਤੇ ਜਥੇਬੰਦਕ ਤਾਕਤ ਪੈਦਾ ਕਰਨ ਨੂੰ ਸੁਖਾਲਾ ਬਣਾ ਸਕਦੇ ਹਾਂ, ਜੋ ਕਿ 1917 'ਚ ਬਾਲਸ਼ਵਿਕਾਂ ਰਾਹੀਂ ਪੈਦਾ ਕੀਤੀ ਸ਼ਕਤੀ ਦੇ ਲਗਪਗ ਨੇੜੇ ਪਹੁੰਚ ਸਕਦੀ ਹੈ। ਇਸ ਪੱਖ ਤੋਂ ਰੋਜ਼ਾ ਲਕਜ਼ਮਬਰਗ ਦੀ 1918 ਦੀ ਅਕਤੂਬਰ ਇਨਕਲਾਬ ਦੀ ਬਹਿਸ ਦੇ ਸਮਾਪਤੀ ਸ਼ਬਦ ਵੀ ਸਾਡੇ ਆਪਣੇ ਸਮਿਆਂ ਲਈ ਸ਼ਕਤੀਸ਼ਾਲੀ ਗੂੰਜ ਵਾਂਗ ਹਨ : 'ਮੌਜੂਦਾ ਦੌਰ 'ਚ ਜਦੋਂ ਅਸੀਂ ਸਾਰੀ ਦੁਨੀਆਂ 'ਚ ਫੈਸਲਾਕੁੰਨ ਆਖਰੀ ਸੰਘਰਸ਼ਾਂ ਦੇ ਸਨਮੁੱਖ ਹਾਂ ਤਾਂ ਸਾਡੇ ਸਾਹਮਣੇ ਸਭ ਤੋਂ ਮਹੱਤਵਪੂਰਨ ਸਮੱਸਿਆ ਜੋ ਸੀ ਅਤੇ ਅੱਜ ਵੀ ਹੈ ਉਹ ਸਮਾਜਵਾਦ ਹੈ। ਇਹ ਇਸ ਜਾਂ ਉਸ ਦਾਅ ਪੇਚ ਦਾ ਕੋਈ ਦੂਜੇ ਦਰਜੇ ਦਾ ਸਵਾਲ ਨਹੀਂ ਬਲਕਿ ਸਰਵਹਾਰਾ ਦੀ ਐਕਸ਼ਨ ਲਈ ਸਮਰਥਾ ਦਾ, ਉਸਦੀ ਕਰਨ ਦੀ ਤਾਕਤ ਤੇ ਸਮਾਜਵਾਦ ਦੀ ਪ੍ਰਾਪਤੀ ਲਈ ਇੱਛਾ ਸ਼ਕਤੀ ਦਾ ਸਵਾਲ ਵੀ ਹੈ। ਇਸ ਪੱਖੋ ਲੈਨਿਨ ਤੇ ਉਨ੍ਹਾਂ ਦੇ ਮਿੱਤਰ ਉਹ ਪਹਿਲੇ ਮਨੁੱਖ ਸਨ, ਜੋ ਸੰਸਾਰ ਭਰ ਦੇ ਸਰਵ ਹਾਰਿਆਂ ਲਈ ਉਦਾਹਰਣ ਬਣ ਕੇ ਅੱਗੇ ਆਏ। ਉਹ ਹਾਲੇ ਵੀ ਇੱਕਲੇ ਹਨ ਜੋ ਕਿ ਹੱਟਨ (ਜਰਮਨੀ ਦੇ ਇਨਕਲਾਬੀ ਸ਼ਾਇਰ) ਵਾਂਗ ਚੀਕ ਕੇ ਕਹਿ ਸਕਦੇ ਹਨ, ''ਮੈਂ ਦਲੇਰੀ ਕੀਤੀ ਹੈ''।
ਲਗਜ਼ਮਬਰਗ ਅੱਗੋਂ ਹੋਰ ਕਹਿੰਦੀ ਹੈ, ''ਇਹ ਬਾਲਸ਼ਵਿਕ ਨੀਤੀ ਦਾ ਜਰੂਰੀ ਤੇ ਚਿਰ-ਸਥਾਈ ਪਹਿਲੂ ਹੈ। ਇਸ ਪੱਖੋ ਅੰਤਰ ਰਾਸ਼ਟਰੀ ਪਰੋਲੇਤਾਰੀ ਲਈ ਰਾਜਨੀਤਿਕ ਸ਼ਕਤੀ ਦੀ ਜਿੱਤ ਦਾ ਝੰਡਾ ਗੱਡਣ ਲਈ ਉਨ੍ਹਾਂ ਦੀ ਇਤਿਹਾਸਕ ਸੇਵਾ ਸਦਾ ਅਮਰ ਰਹੇਗੀ। ਜਿਸ ਨਾਲ ਉਨ੍ਹਾਂ ਨੇ ਸਮਾਜਵਾਦ ਦੀ ਪ੍ਰਾਪਤੀ ਦੀ ਸਮੱਸਿਆ ਦਾ ਅਮਲੀ ਹੱਲ ਕੱਢਿਆ ਅਤੇ ਸਾਰੀ ਦੁਨੀਆਂ 'ਚ ਕਿਰਤ ਤੇ ਪੂੰਜੀ ਵਿਚਕਾਰ ਲੜਾਈ ਨੂੰ ਇਨਕਲਾਬੀ ਤਾਕਤ ਨਾਲ ਹੱਲ ਕੀਤਾ ਹੈ। ਰੂਸ 'ਚ ਇਹ ਸਮੱਸਿਆ ਸਿਰਫ ਪੇਸ਼ ਕੀਤੀ ਜਾ ਸਕਦੀ ਸੀ ਤੇ ਇਸ ਨੂੰ ਰੂਸ 'ਚ ਹੱਲ ਨਹੀਂ ਸੀ ਕੀਤਾ ਜਾ ਸਕਦਾ। ਇਸ ਪੱਖੋ ਹਰੇਕ ਥਾਂ 'ਤੇ ਭਵਿੱਖ 'ਬਾਲਸ਼ੁਵਿਜਮ' ਦਾ ਹੈ।
ਰੋਜ਼ਾ ਲਗਜ਼ਮਬਰਗ ਦੇ ਇਹ ਦਿਲ-ਟੁੰਬਵੇਂ ਲਫਜ਼ ਸਾਡੇ ਲਈ ਅੱਜ ਵੀ ਇੱਕ ਤੋਂ ਵੱਧ ਇਕ ਨਵੇਂ ਚੈਲੰਜ ਪੇਸ਼ ਕਰਦੇ ਹਨ, ਜਦੋਂ ਅਸੀਂ 1917 ਦੇ ਅਕਤੂਬਰ ਇਨਕਲਾਬ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਅਸੀਂ 2017 'ਚ ਇਸਦੀ ਸਾਰਥਕਤਾ (ਪ੍ਰਯੋਗਤਾ) ਨਾਲ ਦੋ-ਚਾਰ ਹੋ ਰਹੇ ਹਾਂ। ਸਾਡੇ 'ਚੋਂ ਕੁੱਝ ਉਮਰ ਦੇ ਵਡੇਰਿਆਂ ਹੱਥੋਂ ਸਮਾਂ ਅਜਿਹੇ  ਦੰਗਲਾਂ 'ਚ ਲੜਨ ਦਾ ਨਿਕਲਦਾ ਜਾ ਰਿਹਾ ਹੈ। ਪਰੰਤੂ ਤੁਹਾਡੇ 'ਚੋਂ ਜਿਹੜੇ ਅਜੇ ਨੌਜਵਾਨ ਹਨ, ਜਿਨ੍ਹਾਂ ਕੋਲ ਲੋੜੀਂਦਾ ਹੌਂਸਲਾ, ਊਰਜਾ ਤੇ ਸਿਰਜਣਾਤਮਿਕਤਾ ਹੈ, ਨੂੰ ਰੋਜ਼ਾ ਲਗਜ਼ਮਬਰਗ ਤੇ ਲੈਨਿਨ ਅਤੇ ਹੋਰ ਕਿੰਨਿਆਂ (ਜੋ ਕਿ ਅਕਤੂਬਰ ਇਨਕਲਾਬ ਦੀਆਂ ਰਵਾਇਤਾਂ ਦੀ ਨੁਮਾਇੰਦਗੀ ਕਰਦੇ ਸਨ) ਦੀ ਭਾਵਨਾ ਦੇ ਅਨੁਕੂਲ ਅਦਭੁਤ ਚੀਜ਼ਾਂ ਕਰਨ ਦਾ ਮੌਕਾ ਮਿਲੇਗਾ।

ਪੰਜਾਬੀ ਅਨੁਵਾਦ - ਪ੍ਰੋ. ਜੈਪਾਲ ਸਿੰਘ 

- Posted by Admin