sangrami lehar

ਸੰਭਲ ਜਾਓ ਐ ਹਿੰਦੋਸਤਾਂ ਵਾਲੋ, ਨਾ ਸਮਝੋਗੇ ਤੋ ਮਿਟ ਜਾਓਗੇ..!

  • 09/01/2018
  • 10:53 AM

ਮੰਗਤ ਰਾਮ ਪਾਸਲਾ

ਫਿਰਕੂ-ਫਾਸ਼ੀ ਤਾਕਤਾਂ ਤੇਜ਼ੀ ਨਾਲ ਬੇਖ਼ੌਫ਼ ਹੋ ਕੇ ਅੱਗੇ ਵੱਧ ਰਹੀਆਂ ਹਨ। ਰਾਜਸਥਾਨ ਵਿਚ ਲਵ ਜਿਹਾਦ ਦੇ ਨਾਂਅ 'ਤੇ ਸ਼ੰਭ ੂਲਾਲ ਰੇਗਰ ਨਾਮੀ ਵਿਅਕਤੀ ਨੇ ਪੱਛਮੀ ਬੰਗਾਲ ਦੇ ਇਕ ਮਜ਼ਦੂਰ ਮੁਹੰਮਦ ਅਫਰਾਜ਼ਲ ਨੂੰ ਕੁਹਾੜੇ ਨਾਲ ਪਹਿਲਾਂ ਤਿਲ ਤਿਲ ਕਰਕੇ ਵੱਢਿਆ ਤੇ ਬਾਅਦ ਵਿਚ , ਉਸ ਦੀ ਲਾਸ਼ ਨੂੰ ਮਿੱਟੀ ਦਾ ਤੇਲ ਪਾ ਕੇ ਅਗਨ ਭੇਂਟ ਕਰ ਦਿੱਤਾ। ਅਤੇ ਫਿਰ, ਅੱਤ ਦੀ ਫਿਰਕੂ ਜ਼ਹਿਰ ਉਗਲਦਾ ਇਕ ਵੀਡੀਓ ਪੋਸਟ ਕਰ ਦਿੱਤਾ, ਤਾਂ ਕਿ ਜਨ ਸਧਾਰਣ ਉਸਦਾ 'ਕਾਰਨਾਮਾ' ਦੇਖਕੇ ਕੰਬ ਉਠੇ। ਜ਼ੁਲਮ ਦੀ ਇੰਤਹਾ ਤਾਂ ਉਸ ਸਮੇਂ ਹੋ ਗਈ ਜਦ ਉਸਦੇ ਬੈਂਕ ਖਾਤੇ ਵਿਚ 516 ਵਿਅਕਤੀਆਂ ਨੇ ਖੁਸ਼ ਹੋ ਕੇ ਇਨਾਮ ਵਜੋਂ 3 ਲੱਖ ਰੁਪਏ ਜਮਾਂ ਕਰਾ ਦਿੱਤੇ। ਦੋ ਵਿਉਪਾਰੀਆਂ ਨੂੰ ਪੁਲਸ ਨੇ ਧਾਰਾ 151 (ਇਤਿਹਾਤੀ ਕਦਮ ਵਜੋਂ ਹਿਰਾਸਤ) ਅਧੀਨ ਗ੍ਰਿਫਤਾਰ ਕੀਤਾ ਹੈ, ਜੋ ਇਸ ਕਾਤਲ ਲਈ ਮਿਲੇ ਪੈਸਿਆਂ ਦੀ ਰਸੀਦ ਨੂੰ ਸੋਸ਼ਲ ਮੀਡੀਆ ਉਪਰ ਦਿਖਾ ਰਹੇ ਸਨ। ਦਿਲ ਨੂੰ ਦਹਿਲਾ ਦੇਣ ਵਾਲੀ ਇਸ ਘਟਨਾ ਨਾਲ ਹਾਕਮਾਂ ਤੇ ਪ੍ਰਸ਼ਾਸਨ ਦੀ ਫਾਸ਼ੀ ਤੱਤਾਂ ਨਾਲ ਮਿਲੀ ਭੁਗਤ ਤੇ ਘੋਰ ਲਾਪ੍ਰਵਾਹੀ, ਸਪੱਸ਼ਟ ਹੁੰਦੀ ਹੈ, ਜਿਨ੍ਹਾਂ ਨੇ ਕਾਤਲ ਲਈ ਬੈਂਕ ਵਿਚ ਪੈਸੇ ਜਮ੍ਹਾ ਕਰਨ ਵਾਲੇ 2 ਵਿਉਪਾਰੀਆਂ ਉਪਰ ਅੱਖਾਂ ਪੂੰਝਣ ਲਈ ਮਾਮੂਲੀ ਧਾਰਾ 151 ਅਧੀਨ (ਇਸਤੋਂ ਨਰਮ ਹੋਰ ਕੋਈ ਧਾਰਾ ਹੈ ਹੀ ਨਹੀਂ) ਮੁਕੱਦਮਾ ਦਰਜ ਕੀਤਾ ਹੈ!
ਇਸੇ ਤਰ੍ਹਾਂ ਦੀ ਇਕ ਦਰਦਨਾਕ ਘਟਨਾ 8 ਦਸੰਬਰ ਨੂੰ ਜਿਲ੍ਹਾ ਭਾਗਲਪੁਰ (ਬਿਹਾਰ) ਵਿਚ ਵਾਪਰੀ ਹੈ, ਜਿੱਥੇ ਸੰਘੀ ਸੈਨਾਵਾਂ ਤੇ ਪੁਲਸ ਵਲੋਂ ਦਲਿਤ ਔਰਤਾਂ ਨੂੰ ਬੇਰਹਿਮੀ ਨਾਲ ਮਾਰਿਆ ਕੁਟਿਆ ਹੀ ਨਹੀਂ ਗਿਆ, ਸਗੋਂ ਸ਼ਰੇ ਬਾਜ਼ਾਰ ਉਨ੍ਹਾਂ ਨੂੰ ਅਲਫ ਨੰਗਿਆਂ ਕੀਤਾ ਗਿਆ। ਇਹ ਚੀਰ ਹਰਣ ਪੰਜ ਪਾਂਡਵਾਂ ਦੀ ਦ੍ਰੋਪਦੀ ਦਾ ਨਹੀਂ, ਸਗੋਂ ਇਕ ਦੁੱਖਾਂ ਮਾਰੀ ਦਲਿਤ ਔਰਤ ਦਾ ਹੈ, ਜਿਸਨੂੰ ਸੰਘ ਪਰਿਵਾਰ ਸਮਾਜ ਵਿਚ ਆਪਣੀ ਉੱਚਤਾ ਨੂੰ ਮਨੂੰਵਾਦੀ ਚੌਖਟੇ ਵਿਚ ਪ੍ਰਦਰਸ਼ਤ ਕਰਨਾ ਚਾਹੁੰਦਾ ਸੀ।
ਦੇਸ਼ ਵਿਚ ਵਾਪਰਨ ਵਾਲੀਆਂ ਨਾ ਤਾਂ ਅਜਿਹੀਆਂ ਘਟਨਾਵਾਂ ਦੀ ਘਾਟ ਹੈ ਤੇ ਨਾ ਹੀ ਦਰਿੰਦਗੀ ਦੀ ਕਿਸੇ ਸੀਮਾ ਦੀ ਕੋਈ ਕਮੀ। ਹਰ ਰੋਜ਼ ਹੀ ਫਿਰਕੂ ਫਾਸ਼ੀ ਤਾਕਤਾਂ ਅਤੇ ਉਨ੍ਹਾਂ ਦੀ ਰਾਖੀ ਕਰ ਰਿਹਾ ਸਰਕਾਰੀ ਤੰਤਰ ਅਜਿਹੇ ਕੁਕਰਮਾਂ ਨੂੰ ਅੰਜ਼ਾਮ ਦੇ ਰਹੇ ਹਨ। ਬਸ ਥੋੜ ਹੈ ਤਾਂ ਇਨ੍ਹਾਂ ਜ਼ੁਲਮਾਂ ਬਾਰੇ ਜਨ ਸਮੂਹਾਂ ਨੂੰ ਜਾਗਰੂਕ ਕਰਨ ਦੀ ਤਾਂ ਕਿ ਉਹ ਇਨ੍ਹਾਂ ਮਾਨਵਤਾ ਵਿਰੋਧੀ ਤੱਤਾਂ ਖਿਲਾਫ਼ ਪੂਰੀ ਤਾਕਤ ਨਾਲ ਮੈਦਾਨ-ਇ-ਜੰਗ ਵਿਚ ਕੁੱਦ ਪੈਣ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਕਿਸੇ ਬਿਆਨ, ਅਸ਼ਵਾਸਨ ਤੇ ਭਾਸ਼ਣ ਉਪਰ ਯਕੀਨ ਕਰਨ ਦਾ ਸਮਾਂ ਗੁਜ਼ਰ ਗਿਆ ਹੈ। ਕਾਤਲਾਂ ਦੇ ਟੋਲੇ ਬੇਖ਼ੌਫ ਹੋ ਕੇ ਆਪੋ ਆਪਣੇ ਮੋਰਚੇ ਸਾਂਭੀ ਬੈਠੇ ਹਨ। ਅਗਾਂਹਵਧੂ ਲੋਕ, ਧਾਰਮਿਕ ਘੱਟ ਗਿਣਤੀਆਂ, ਖਾਸਕਰ ਮੁਸਲਮਾਨ ਭਾਈਚਾਰਾ, ਦਲਿਤ ਤੇ ਔਰਤਾਂ ਉਨ੍ਹਾਂ ਦੀ ਮਾਰ ਹੇਠ ਹਨ। ਭੁਲੇਖਾ ਨਾ ਰਹੇ, ਸਿੱਖਾਂ ਸਮੇਤ ਦੇਸ਼ ਦੀਆਂ ਬਾਕੀ ਘੱਟ ਗਿਣਤੀਆਂ ਤੇ ਵਿਸ਼ਾਲ ਹਿੰਦੂ ਵਸੋਂ, ਜੋ ਸੰਘ ਸੈਨਾਵਾਂ ਦੇ ਇਨ੍ਹਾਂ ਕਾਰਿਆਂ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੀ, ਜਲਦੀ ਹੀ ''ਭਗਵੇਂ ਬ੍ਰੀਗੇਡ'' ਦੇ ਕਹਿਰ ਦਾ ਸ਼ਿਕਾਰ ਹੋਣ ਵਾਲੀ ਹੈ। ਸਿਰ ਫਿਰੇ ਕਾਤਲਾਂ ਦੀ ਮਾਨਵੀ ਖੂਨ ਪੀਣ ਦੀ ਪਿਆਸ ਨਾ ਮੁੱਕਣ ਵਾਲੀ ਚੀਜ਼ ਹੁੰਦੀ ਹੈ।
ਆਰਥਿਕ ਪੱਖੋਂ ਦੇਸ਼ ਪਹਿਲਾਂ ਹੀ ਲਗਭਗ ਤਬਾਹੀ ਦੇ ਬਿੰਦੂ ਉਪਰ ਪੁੱਜ ਗਿਆ ਹੈ। ਬੀਤੇ ਸਾਲ ਸਰਕਾਰੀ ਨੌਕਰੀਆਂ ਵਿਚ 89% ਕਮੀ ਕਰ ਦਿੱਤੀ ਗਈ ਹੈ। ਸਾਰਾ ਕੰਮ ਠੇਕੇਦਾਰੀ ਪ੍ਰਥਾ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਕੋਈ ਮਿੱਥੇ ਤਨਖਾਹ ਸਕੇਲ, ਕੰਮ ਦੇ ਘੰਟੇ ਜਾਂ ਪੈਨਸ਼ਨ ਵਰਗੀ ਕੋਈ ਸਮਾਜਿਕ ਸੁਰੱਖਿਆ ਨਹੀਂ ਹੋਵੇਗੀ। ਜਦੋਂ ਕੋਈ ਕਿਰਤ ਕਾਨੂੰਨ ਲਾਗੂ ਹੀ ਨਹੀਂ ਹੋਵੇਗਾ, ਤਦ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਕਿਹੋ ਜਿਹੀ? ਆਰਥਿਕ ਵਿਕਾਸ ਤਾਂ ਦਿਸੇਗਾ ਪ੍ਰੰਤੂ ਪੂੁੰਜੀਵਾਦੀ ਢਾਂਚੇ ਦੇ ਧਨਾਢਾਂ ਪੱਖੀ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਮਾਡਲ ਦਾ। ਇਸ ਨੂੰ ਮੋਦੀ ਮਾਡਲ ਆਖ ਲਓ ਜਾਂ ਮਨਮੋਹਨ ਮਾਡਲ। ਨਿੱਜੀ ਹਸਪਤਾਲ, ਸਕੂਲ, ਕਾਲਜ, ਯੂਨੀਵਰਸਿਟੀਆਂ, ਬੈਂਕ, ਵੱਡੇ ਹੱਟ (ਮਾਲ).... ਸਭ ਕੁਝ ਅੱਖਾਂ ਚੁੰਧਿਆਉਣ ਵਾਲਾ, ਪ੍ਰੰਤੂ ਇਨ੍ਹਾਂ ਵਿਚ ਦਿਹਾੜੀਦਾਰ ਕਿਰਤੀ, ਮਜ਼ਦੂਰ, ਯੁਗਾਂ ਯੁਗਾਂ ਤੋਂ ਸਮਾਜਿਕ ਜਬਰ ਦਾ ਸ਼ਿਕਾਰ ਕੰਗਾਲੀ ਨਾਲ ਝੰਬੇ ਦਲਿਤ, ਗਰੀਬ ਕਿਸਾਨ, ਛੋਟੇ ਦੁਕਾਨਦਾਰ ਭਾਵ ਦਸਾਂ ਨਹੂੰਆਂ ਦੀ ਸੱਚੀ-ਸੁੱਚੀ ਕਮਾਈ ਕਰਨ ਵਾਲੇ ਹੱਡ ਮਾਸ ਦੇ ਬੁੱਤ ਨਜ਼ਰੀ ਨਹੀਂ ਆਉਣਗੇ। ਉਹ ਕਰਜ਼ਿਆਂ ਦੇ ਭਾਰ ਹੇਠਾਂ ਖੁਦਕੁਸ਼ੀਆਂ ਕਰ ਰਹੇ ਹੋਣਗੇ ਜਾਂ ਰੁੱਖੀ-ਮਿਸੀ ਰੋਟੀ ਦਾ ਜੁਗਾੜ ਕਰਨ ਲਈ ਕਿਸੇ ਨਿਗੂਣੇ ਜਿਹੇ ਕੰਮ ਵਿਚ ਉਲਝੇ ਹੋਣਗੇ। ਦੁਆਈਆਂ ਹੋਣਗੀਆਂ, ਪਰ ਲਾਚਾਰ ਬਿਮਾਰ ਵਿਅਕਤੀ ਉਨ੍ਹਾਂ ਨੂੰ ਖਰੀਦਣ ਦੇ ਅਸਮਰਥ ਹੋਣਗੇ। ਮਾਪਿਆਂ ਕੋਲ ਫੀਸ ਤਾਰਨ ਲਈ ਵੱਡੀਆਂ ਰਕਮਾਂ ਨਾ ਹੋਣ ਕਾਰਨ ਬੱਚੇ ਸਕੂਲਾਂ ਤੇ ਕਾਲਜਾਂ ਦਾ ਮੂੰਹ ਨਹੀਂ ਦੇਖ ਸਕਣਗੇ। ਬੇਕਾਰੀ ਨਾਲ ਟੱਕਰਾਂ ਮਾਰਦੇ ਨੌਜਵਾਨ ਚੌਕਾਂ ਵਿਚ ਖੜੇ ਨਜ਼ਰ ਆਉਣਗੇ, ਕੁਝ ਨਸ਼ਿਆਂ ਦੀ ਤਲਾਸ਼ ਵਿਚ ਹੋਣਗੇ ਜਾਂ ਕਿਸੇ ਨੂੰ ਨਸ਼ਈ ਬਣਾਉਣ ਦਾ ਜੁਗਾੜ ਕਰ ਰਹੇ ਹੋਣਗੇ। ਪੂੰਜੀਵਾਦ ਦਾ ਵਿਕਾਸ ਮਨੁੱਖ ਨੂੰ ਆਰਥਿਕ ਪੱਖੋਂ ਹੀ ਕੰਗਾਲ ਨਹੀਂ ਕਰਦਾ, ਬਲਕਿ ਜਿਹਨੀ ਤੌਰ 'ਤੇ ਵੀ ਤਬਾਹ ਕਰ ਦਿੰਦਾ ਹੈ। ਉਸ ਦੇ ਅੰਦਰਲਾ 'ਸਵੈਮਾਨ' ਉਡਪੁਡ ਜਾਂਦਾ ਹੈ।
ਮਜ਼ਬੂਰੀ ਬਸ ਥੋੜੇ ਸਮੇਂ ਦਾ 'ਅਨੰਦ' ਲੈਣ ਵਾਸਤੇ ਥੁੜਾਂ ਮਾਰੇ ਲੋਕ ਧਾਰਮਿਕ ਡੇਰਿਆਂ 'ਤੇ ਜਾ ਕੇ ਨਾਮ ਨਿਹਾਦ, ਮਹੰਤਾਂ ਤੇ ਸੰਤਾਂ ਦੀਆਂ ਦਕਿਆਨੂਸੀ ਸਿੱਖਿਆਵਾਂ ਸੁਣਨਗੇ, ਜੋ ਮਨੁੱਖ ਨੂੰ ਹੋਰ ਨਿਮਾਣਾ, ਨਿਤਾਣਾ, ਬੇਵਸ ਤੇ ਗੁਲਾਮ ਮਾਨਸਿਕਤਾ ਦਾ ਸ਼ਿਕਾਰ ਬਣਾ ਦਿੰਦੀਆਂ ਹਨ। ਇਹ ਲੁਟੇਰੇ ਵਰਗਾਂ ਦਾ ਉਣਿਆ ਹੋਇਆ ਮੱਕੜ ਜਾਲ ਹੈ। ਇਨ੍ਹਾਂ ਡੇਰਿਆਂ ਉਪਰ ਪਰੋਸਿਆ ਜਾਂਦਾ ਲੱਚਰ ਮਨੋਰੰਜਨ ਨੌਜਵਾਨ ਪੀੜ੍ਹੀ ਨੂੰ ਤਬਾਹ ਕਰ ਰਿਹਾ ਹੈ।
ਇਸ ਆਰਥਿਕ ਵਿਕਾਸ ਮਾਡਲ ਦੀ ਹਮੈਤੀ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਆਗੂ ਦੇ ਕਹੇ ਸ਼ਬਦ, ਚੋਣਾਂ ਦੇ ਮੈਨੀਫੈਸਟੋ, ਲਾਰੇ, ਵਾਅਦੇ ਸਭ ਕੋਰੇ ਝੂਠ ਤੇ ਧੋਖਾ ਹਨ। ਇਨ੍ਹਾਂ ਨੂੰ ਪੂਰਿਆਂ ਕਰਨ ਲਈ ਮੌਜੂਦਾ ਆਰਥਿਕ ਤੇ ਰਾਜਨੀਤਕ ਪ੍ਰਬੰਧ ਦੀਆਂ ਬੁਨਿਆਦਾਂ ਤੇ ਸੇਧਾਂ ਬਦਲਣ ਦੀ ਜ਼ਰੂਰਤ ਹੈ, ਜਿਸਦੇ ਇਹ ਦਲ ਕੱਟੜ ਵਿਰੋਧੀ ਹਨ। ਜਿਸ ਤਰ੍ਹਾਂ ਟਾਕੀਆਂ ਲਗਾ ਕੇ ਸੀਤਾ ਹੋਇਆ ਕੁੜਤਾ ਪਜਾਮਾ ਸਰੀਰ ਕੱਜਣ ਦੇ ਕਾਬਲ ਹੀ ਨਹੀਂ ਰਹਿੰਦਾ, ਉਸੇ ਤਰ੍ਹਾਂ ਸੰਕਟ ਗ੍ਰਸਤ ਪੂੰਜੀਵਾਦੀ ਪ੍ਰਬੰਧ ਅੰਦਰ ਇਹਨਾਂ ਲੁਟੇਰੇ ਹਾਕਮਾਂ ਵਲੋਂ ਚੁੱਕੇ ਗਏ ਨਿਗੂਣੇ ਕਦਮ ਵੀ ਚਿਰ ਸਥਾਈ ਰਾਹਤ ਨਹੀਂ ਪਹੁੰਚਾ ਸਕਦੇ ਅਤੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਕਰ ਸਕਦੇ। ਇਸ ਪ੍ਰਬੰਧ ਨੂੰ ਮੂਲ ਰੂਪ ਵਿਚ ਬਦਲ ਕੇ ਹੀ ਜਨ ਸਮੂਹਾਂ ਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਜੇਕਰ ਕਿਸੇ ਸਰਕਾਰ ਵਲੋਂ ਮੁਫ਼ਤ ਆਟਾ-ਦਾਲ ਸਕੀਮ, ਮੁਫਤ ਲੈਪਟਾਪ, ਸਾਈਕਲ ਜਾਂ ਬਿਜਲੀ ਦੇਣ ਦਾ ਛਲਾਵਾ ਕੀਤਾ ਵੀ ਜਾਂਦਾ ਹੈ, ਤਾਂ ਵੀ ਉਲਟਾ ਲੋਕਾਂ ਉਪਰ ਖਰਚ ਕੀਤੇ ਧਨ ਨਾਲੋਂ ਜ਼ਿਆਦਾ ਰਕਮ ਉਨ੍ਹਾਂ ਦੀ ਜੇਬ ਕੁਤਰ ਕੇ ਕੱਢ ਲਈ ਜਾਂਦੀ ਹੈ। ਉਂਝ ਵੀ ਮੰਗਣ ਦੀ ਮਾਨਸਿਕਤਾ ਹਕੀਕੀ ਮਨੁੱਖ ਤੇ ਉਸਦੀ ਅਨਿਆਂ ਵਿਰੁੱਧ ਸੰਘਰਸ਼ ਕਰਨ ਦੀ ਚੇਸ਼ਟਾ ਖਤਮ ਕਰ ਦਿੰਦੀ ਹੈ। ਇਸ ਲਈ ਵਾਅਦੇ ਪੂਰੇ ਕਰਾਉਣ ਲਈ ਸੰਘਰਸ਼ ਕਰਨ ਦੇ ਨਾਲ ਨਾਲ ਹਾਕਮਾਂ ਦਾ ਦੋਗਲਾ ਚਿਹਰਾ ਬੇਨਕਾਬ ਕਰਕੇ ਮੌਜੂਦਾ ਢਾਂਚੇ ਦੇ ਮੁਕਾਬਲੇ ਵਿਚ, ਹਕੀਕੀ ਲੋਕ ਪੱਖੀ ਆਰਥਿਕ ਤੇ ਰਾਜਨੀਤਕ ਮੁਤਬਾਦਲ ਉਸਾਰਨ ਦੇ ਯਤਨ ਵਿੱਢਣ ਦਾ ਹੁਣ ਢੁਕਵਾਂ ਸਮਾਂ ਹੈ।
ਮੌਜੂਦਾ ਪ੍ਰਬੰਧ ਨੂੰ ਬਦਲਣ ਲਈ ਸਭੇ ਕਿਰਤੀਆਂ, ਦਲਿਤਾਂ, ਕਿਸਾਨਾਂ, ਦੁਕਾਨਦਾਰਾਂ, ਨੌਜਵਾਨਾਂ-ਵਿਦਿਆਰਥੀਆਂ ਅਤੇ ਔਰਤਾਂ ਦੀ ਸਾਂਝੀ ਲਹਿਰ ਉਸਾਰਨ ਦੀ ਜ਼ਰੂਰਤ ਹੈ, ਜਿਸ ਵਿਚ ਸਾਰੇ ਧਰਮਾਂ, ਜਾਤਾਂ, ਬਰਾਦਰੀਆਂ ਤੇ ਵੱਖ ਵੱਖ ਰਾਜਸੀ ਵਿਚਾਰਾਂ ਦੇ ਲੋਕਾਂ ਦੀ ਸ਼ਮੂਲੀਅਤ ਹੋਵੇ।
ਹਾਕਮ ਧਿਰਾਂ ਦੇ ਸੰਗ ਜਾਣ ਵਾਲੀਆਂ ਖੱਬੀਆਂ ਪਾਰਟੀਆਂ ਦੇ ਆਗੂਆਂ ਨੂੰ ਅਤੇ ਦੂਜੇ ਬੰਨ੍ਹੇ ਸਿਰਫ ਲੋਕਾਂ ਦੀਆ ਆਰਥਿਕ ਮੰਗਾਂ ਲਈ ਸੰਘਰਸ਼ਸ਼ੀਲ  ਧਿਰਾਂ, ਜੋ ਮਿਹਨਤਕਸ਼ ਲੋਕਾਂ ਨੂੰ ਆਪਣਾ ਰਾਜ ਸਥਾਪਤ ਕਰਨ ਦੀ ਦਿਸ਼ਾ ਵੱਲ ਵੱਧਣ ਦਾ ਹੋਕਾ ਦੇਣ ਦੀ ਥਾਂ ਹਰ ਰੰਗ ਦੀ ਸਰਕਾਰ (ਭਾਵੇਂ ਲੋਕ ਲਹਿਰਾਂ ਸਦਕਾ ਇਹ ਕਿਰਤੀ ਲੋਕਾਂ ਦਾ ਆਪਣਾ ਰਾਜ ਭਾਗ ਵੀ ਕਿਉਂ ਨਾ ਹੋਵੇ) ਵਿਰੁੱਧ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਹੀ ਘੋਲ ਕਰਨ ਦੀ ਰਟ ਲਾਈ ਰੱਖਦੀਆਂ ਹਨ, ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਹਾਕਮਾਂ ਵਿਰੁੱਧ ਖਾੜਕੂ ਜਨਤਕ ਘੋਲਾਂ ਦਾ ਪਿੜ ਮਘਾਉਣ ਦੇ ਨਾਲ ਨਾਲ ਮੌਜੂਦਾ ਰਾਜਨੀਤਕ ਤੇ ਆਰਥਿਕ ਢਾਂਚੇ ਦੇ ਮੁਕਾਬਲੇ ਵਿਚ ਇਕ ਲੋਕ ਪੱਖੀ ਮੁਤਬਾਦਲ ਉਸਾਰਨ ਦਾ ਜ਼ਿੰਮਾ ਵੀ ਨਿਭਾਇਆ ਜਾਣਾ ਚਾਹੀਦਾ ਹੈ। ਇਹ ਬਦਲ ਉਸਾਰਨ ਲਈ ਦਰਪੇਸ਼ ਮੁਸ਼ਕਿਲਾਂ ਤੇ ਅਸਫਲਤਾਵਾਂ ਤੋਂ ਡਰਨ ਦੀ ਥਾਂ ਸਥਾਪਤੀ ਦਾ ਮੁਕਾਬਲਾ ਕਰਨ ਲਈ ਢੁਕਵੇਂ ਦਾਅਪੇਚ ਉਲੀਕੇ ਜਾਣ ਦੀ ਲੋੜ ਹੈ।
ਦੇਸ਼ ਵਿਚ ਵੱਧ ਰਹੀਆਂ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਨੂੰ ਠੱਲ੍ਹ ਪਾਉਣ ਤੇ ਮੌਜੂਦਾ ਤਬਾਹਕੁੰਨ ਆਰਥਿਕ ਵਿਕਾਸ ਮਾਡਲ ਦੇ ਮੁਕਾਬਲੇ ਵਿਚ ਇਕ 'ਲੋਕ ਹਿਤੈਸ਼ੀ' ਰਾਜਸੀ ਤੇ ਆਰਥਿਕ ਬਦਲ ਕਾਇਮ ਕਰਨ ਲਈ ਢੁਕਵਾਂ ਸਮਾਂ ਆ ਗਿਆ ਹੈ। ਜੇਕਰ ਅਸੀਂ ਇਸ ਵੰਗਾਰ ਦਾ ਸਾਹਮਣਾ ਕਰਨ ਵਿਚ ਅਸਫਲ ਰਹਿੰਦੇ ਹਾਂ, ਤਦ ਫਿਰ ਅਸੀਂ ਅਲਾਮਾ ਇਕਬਾਲ ਦੇ ਚਣੌਤੀ ਭਰੇ ਸ਼ਬਦਾਂ ਤੋਂ ਮੂੰਹ ਮੋੜ ਰਹੇ ਹੋਵਾਂਗੇ....
ਸੰਭਲ ਜਾਓ, ਐ ਹਿੰਦੋਸਤਾਂ ਵਾਲੋ,
ਨਾ ਸਮਝੋਗੇ ਤੋ ਮਿਟ ਜਾਓਗੇ,
ਤੁਮਾਰੀ ਦਾਸਤਾਂ ਤੱਕ ਨਾ ਹੋਗੀ ਦਾਸਤਾਨੋਂ ਮੇਂ।

- Posted by Admin