sangrami lehar

ਲੋਕ ਮਸਲੇ : ਸ਼ਰਮਨਾਕ; ਦੀਨਾ ਨਗਰ ਦੇ ਪਿੰਡ ਖੁੱਥੀ 'ਚ ਦਲਿਤਾਂ 'ਤੇ ਜਗੀਰੂ ਜਬਰ ਦੀ ਇੰਤਹਾ

  • 09/01/2018
  • 09:48 AM

ਉੱਚ ਜਾਤੀ ਹੰਕਾਰ ਦੇ ਸਿੱਟੇ ਵਜੋਂ ਦਲਿਤਾਂ 'ਤੇ ਹੁੰਦੇ ਅਤਿੱਆਚਾਰਾਂ ਦਾ ਇੱਕ ਹੋਰ ਕਾਲਾ ਕਾਂਡ ਲੰਘੀ 29 ਨਵੰਬਰ ਨੂੰ ਗੁਰਦਾਸਪੁਰ ਜ਼੍ਹਿਲੇ ਦੇ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪਿੰਡ ਖੁੱਥੀ ਵਿਖੇ ਲਿਖਿਆ ਗਿਆ। ਪਿੰਡ ਦੇ ਅਨੁਸੂਚਿਤ ਜਾਤੀ (ਮਹਾਸ਼ਾ) ਪ੍ਰੀਵਾਰ ਦੇ ਬਾਰਡਰ ਸਿਕਿਉੂਰਿਟੀ ਫ਼ੋਰਸ (ਬੀ.ਐਸ.ਐਫ਼) ਵਿੱਚ ਕਾਂਸਟੇਬਲ ਵਜੋਂ ਨੌਕਰੀ ਕਰਦੇ ਨੌਜਵਾਨ, ਬਲਜਿੰਦਰ ਸਿੰਘ ਨੂੰ ਸਮੇਤ ਪ੍ਰੀਵਾਰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਅਤੇ ਸ਼ਰੇਆਮ, ਪਿੰਡ ਦੇ ਮੋਹਤਬਰਾਂ ਸਾਹਮਣੇ ਜਾਤੀ ਸੂਚਕ ਸ਼ਬਦ ਬੋਲਦਿਆਂ ਗੰਦੀਆਂ ਗਾਲ੍ਹਾਂ ਕੱਢੀਆਂ ਗਈਆਂ। ਇਹ ਕੁੱਟਮਾਰ ਐਨ ਉਸ ਵੇਲੇ ਕੀਤੀ ਗਈ ਜਦੋਂ ਬਲਜਿੰਦਰ ਸਿੰਘ ਦੀ ਬਰਾਤ ਵਿਆਹ ਲਈ ਰਵਾਨਾ ਹੋਣ ਜਾ ਰਹੀ ਸੀ। ਉਸ ਦੇ ਸਾਬਕਾ ਫ਼ੌਜੀ ਪਿਤਾ ਹਰਭਜਨ ਸਿੰਘ, ਮਾਤਾ ਸਲਿੰਦਰ ਕੌਰ, ਭੈਣ ਵੀਨਾ ਜਿਹੜੀ ਕਿ ਇਕ ਫ਼ੌਜੀ ਨਾਲ ਵਿਆਹੀ ਹੋਈ ਹੈ, ਇੱਕ ਹੋਰ ਭੈਣ ਪੂਨਮ, ਦੋਹਾਂ ਚਾਚਿਆਂ ਗੁਰਜੀਤ ਸਿੰਘ ਅਤੇ ਰਾਮ ਸਿੰਘ, ਭੂਆ ਭਜਨੀ ਅਤੇ ਹੋਰਨਾਂ ਸਾਕ-ਸੰਬੰਧੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਪੱਗਾਂ ਅਤੇ ਚੁੰਨੀਆਂ ਦੀ ਬੇਹੁਰਮਤੀ ਕੀਤੀ ਗਈ, ਲਾੜੇ ਵਜੋਂ ਘੋੜੀ 'ਤੇ ਸਵਾਰ ਬਲਜਿੰਦਰ ਸਿੰਘ ਨੂੰ ਵੀ ਧੱਫ਼ੇ ਮਾਰੇ ਗਏ।
ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਪਿੰਡ ਦੀ ਸਰਪੰਚ ਵੀ ਅਨੁਸੂਚਿਤ ਪਰਿਵਾਰ 'ਚੋਂ ਹੀ ਹੈ, ਪਰ ਉਹ ਆਪਣੀ ਹੀ ਬਿਰਾਦਰੀ ਦੇ ਪੀੜਤ ਪਰਵਾਰ ਦਾ ਹਾਲ ਚਾਲ ਪੁੱਛਣ ਨਹੀਂ ਬਹੁੜੀ। ਦੀਨਾਨਗਰ (ਰਾਖਵੇਂ) ਵਿਧਾਨ ਸਭਾ ਹਲਕੇ, ਜਿਸ ਵਿੱਚ ਇਹ ਪਿੰਡ ਆਉਂਦਾ ਹੈ, ਦੀ ਵਿਧਾਇਕਾ ਸ਼੍ਰੀਮਤੀ ਅਰੁਣਾ ਚੌਧਰੀ, ਜੋ ਕਿ ਸਿੱਖਿਆ ਮੰਤਰੀ ਵੀ ਹੈ, ਵੀ ਅਨੁਸੂਚਿਤ ਜਾਤੀ ਪਰਵਾਰ ਨਾਲ ਸਬੰਧ ਰੱਖਦੀ ਹੈ। ਸਮੁੱਚੇ ਘਟਨਾਕ੍ਰਮ ਦੇ ਕਰੀਬੀ ਜਾਣਕਾਰਾਂ ਤੋਂ ਪਤਾ ਲੱਗਾ ਕਿ ਵਿਧਾਇਕਾ ਦੇ ਖਾਸਮਖਾਸ ਪੀੜਤ ਪਰਵਾਰ ਨੂੰ ਰਾਜੀਨਾਮਾ ਕਰਨ ਦੀਆਂ 'ਮੱਤਾਂ' ਹੀ ਦਿੰਦੇ ਰਹੇ।
ਇਸ ਘਟਨਾ ਦਾ ਪਿਛੋਕੜ ਇਸ ਤਰ੍ਹਾਂ ਹੈ। ਬਲਜਿੰਦਰ ਸਿੰਘ ਦੀ ਬਰਾਤ ਜਲੰਧਰ ਜਾਣੀ ਸੀ। ਘਰ 'ਚ ਜਗ੍ਹਾ ਥੋੜ੍ਹੀ ਹੋਣ ਕਰਕੇ ਲਾੜੇ ਨੂੰ ਘੋੜੀ ਚੜ੍ਹਾਉਣ ਅਤੇ ਦੂਜੀਆਂ ਰਸਮਾਂ ਗਲੀ 'ਚ ਹੀ ਨਿਭਾਈਆਂ ਜਾਂ ਰਹੀਆਂ ਸਨ। ਇੰਨੇ ਨੂੰ ਪਿੰਡ ਦਾ ਹੀ ਇੱਕ ਮੁੰਡਾ ਟਰੈਕਟਰ-ਟਰਾਲੀ, ਜਿਸ ਵਿੱਚ ਕਰਾਕਰੀ ਦਾ ਸਮਾਨ ਲੱਦਿਆ ਹੋਇਆ ਸੀ, ਲੈ ਕੇ ਆਇਆ। ਵਿਆਹ ਵਾਲੇ ਪਰਵਾਰ ਨੇ ਉਸ ਨੂੰ ਕਿਹਾ ਕਿ ਸਾਨੂੰ ਸ਼ਗਨ ਦੀ ਰਸਮ ਕਰ ਲੈਣ ਦੇ। ਮੁੰਡਾ ਖੁਸ਼ੀ-ਖੁਸ਼ੀ ਟਰੈਕਟਰ ਟਰਾਲੀ ਇੱਕ ਪਾਸ ਲਾ ਕੇ ਚਲਾ ਗਿਆ ਅਤੇ ਕਹਿ ਗਿਆ ਕਿ ਜਦੋਂ ਸ਼ਗਨਾਂ ਦੀ ਰਸਮ ਹੋ ਜਾਵੇ ਤਾਂ ਮੈਨੂੰ ਦੱਸ ਦੇਣਾ। ਪਰ ਜਿਸ ਪ੍ਰਿਤਪਾਲ ਸਿੰਘ ਦੇ ਘਰ ਇਹ ਟਰਾਲੀ ਅਤੇ ਸਾਜ਼ੋ ਸਮਾਨ ਜਾਣਾ ਸੀ, ਉਸ ਨੂੰ ਇਸ ਗੱਲੋਂ ਬੜਾ ਕੌੜ ਚੜ੍ਹਿਆ। ਉਸਨੇ ਖੁਦ ਆ ਕੇੇ ਟਰੈਕਟਰ ਧੱਕੇ ਨਾਲ ਲੰਘਾਉਣਾ ਚਾਹਿਆ। ਪਰਵਾਰ ਵਾਲਿਆਂ ਦੇ ਵਿਰੋਧ ਕਰਨ 'ਤੇ ਤਕਰਾਰ ਸ਼ੁਰੂ ਹੋਇਆ ਤਾਂ ਘਰ ਦੀਆਂ ਔਰਤਾਂ ਨੇ ਆਪਣੇ ਹੀ ਬੰਦਿਆਂ ਨੂੰ ਕਿਹਾ ਕਿ ਖੁਸ਼ੀ ਦੇ ਮੌਕੇ ਕਲੇਸ਼ ਤੋਂ ਬਚੋ, ਜੇ ਨਹੀਂ ਮੰਨਦਾ ਤਾਂ ਲੰਘਾ ਲੈਣ ਦਿਉ ਟਰਾਲੀ। ਪਰ ਇਸ ਦੇ ਬਾਵਜੂਦ ਉਕਤ ਪ੍ਰਿਤਪਾਲ ਸਿੰਘ ਅਤੇ ਉਸ ਦੇ ਜਵਾਈ ਸਮੇਤ ਹੋਰ ਪ੍ਰੀਵਾਰਕ ਮੈਂਬਰਾਂ ਨੇ, ਘੋੜੀ ਨੂੰ ਸ਼ਗਨ ਵਜੋਂ ਦਾਲ ਖੁਆ ਰਹੀ ਭਜਨੀ, ਸਿਹਰਾ ਸਜਾ ਰਹੀਆਂ ਵੀਨਾ 'ਤੇ ਪੂਨਮ, ਕੋਲ ਖੜੇ ਹਰਭਜਨ ਸਿੰਘ, ਰਾਮ ਸਿੰਘ, ਗੁਰਜੀਤ ਸਿੰਘ 'ਤੇ ਹੋਰਨਾਂ ਨਾਲ ਕੁੱਟਮਾਰ ਕੀਤੀ, ਜਾਤੀ ਸੂਚਕ ਅਪਮਾਨਜਨਕ ਸ਼ਬਦ ਵਰਤੇ ਅਤੇ ਗੰਦੀਆਂ ਗਾਲ੍ਹਾਂ ਕੱਢੀਆਂ।
ਇਸ ਅਣਮਨੁੱਖੀ ਵਤੀਰੇ ਤੋਂ ਦੁਖੀ ਪਰਵਾਰ ਨੇ ਥਾਣਾ ਦੋਰਾਂਗਲਾ ਦੇ ਮੁੱਖ ਅਫ਼ਸਰ ਕੋਲ ਫ਼ਰਿਆਦ ਕੀਤੀ। ਉਨ੍ਹਾਂ ਦੋ-ਚਾਰ ਮੁਲਾਜ਼ਮ ਭੇਜ ਦਿੱਤੇ ਪਰ ਕਾਰਵਾਈ ਕੋਈ ਨਾ ਕੀਤੀ। ਅੱਕ ਕੇ ਵਿਆਹ ਵਾਲੇ ਮੁੰਡੇ ਸਮੇਤ ਡੇਢ ਕੁ ਦਰਜਨ ਲੋਕ ਐਸ.ਐਸ.ਪੀ. ਗੁਰਦਾਸਪੁਰ ਕੋਲ ਪੇਸ਼ ਹੋਏ। ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉਨ੍ਹਾਂ ਦੋਸ਼ੀਆਂ ਦੀ ਬਿਨਾਂ ਦੇਰੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ। ਇਨ੍ਹਾਂ ਹੁਕਮਾਂ ਅਧੀਨ ਦੋਸ਼ੀਆਂ ਦੇ ਨੇੜਲੇ ਦੋ ਕੁ ਰਿਸ਼ਤੇਦਾਰ ਥਾਣੇ ਬਿਠਾ ਦਿੱਤੇ ਪਰ ਅਸਲ ਦੋਸ਼ੀ ਨਾ ਫੜੇ।
ਬਲਜਿੰਦਰ ਦੀ ਬਰਾਤ ਦੁਪਹਿਰ ਬਾਅਦ ਦੋ-ਢਾਈ ਵਜੇ ਉਸ ਦੇ ਸਹੁਰੇ ਘਰ ਪੁੱਜੀ ਜਿਥੇ ਉਨ੍ਹਾਂ ਨੂੰ ਸੁਭਾਵਕ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਅਗਲੇ ਦਿਨ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਲਾਲ ਚੰਦ ਕਟਾਰੂਚੱਕ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ਅਤੇ ਸਾਥੀ ਜਨਕ ਕੁਮਾਰ ਸਰਨਾ ਪੀੜਤ ਪਰਵਾਰ ਨੂੰ ਮਿਲੇ ਅਤੇ ਹਰ ਕਿਸਮ ਦੀ ਇਮਦਾਦ ਦਾ ਭਰੋਸਾ ਦਿੱਤਾ। ਥਾਣਾ ਦੋਰਾਂਗਲਾ ਦੇ ਐਸ.ਐਚ.ਓ. ਨੇ ਸਾਥੀਆਂ ਨੂੰ ਦੱਸਿਆ ਕਿ ਐਸ.ਸੀ.ਐਸ.ਟੀ. ਐਕਟ ਦੀਆਂ ਧਾਰਵਾਂ ਅਧੀਨ ਛੇ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ 'ਚੋਂ ਪੰਜਾਂ ਖਿਲਾਫ਼ ਨਾਮ ਸਮੇਤ ਅਤੇ ਇੱਕ ਨੂੰ ਅਣਪਛਾਤਾ ਕਿਹਾ ਗਿਆ ਹੈ। ਇਹ ਅਣਪਛਾਤਾ ਅਸਲ 'ਚ ਮੁੱਖ ਦੋਸ਼ੀ ਪ੍ਰਿਤਪਾਲ ਦਾ ਜੁਆਈ ਸੀ ਜਿਸ ਦੀ ਉਕਤ ਅਪਰਾਧ 'ਚ ਪੂਰੀ ਸ਼ਮੂਲੀਅਤ ਹੈ। ਮੁਕੱਦਮੇ ਵਿੱਚ ਔਰਤਾਂ ਖਿਲਾਫ਼ ਅਪਰਾਧ ਦੀਆਂ ਧਾਰਵਾਂ ਉੱਕਾ ਹੀ ਛੱਡ ਦਿੱਤੀਆਂ ਗਈਆਂ। ਇਸ ਤਰਫ਼ਦਾਰੀ ਵਿਰੁੱਧ ਸਾਥੀਆਂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੀਆਂ ਤਿੱਖੇ ਸੰਘਰਸ਼ ਦਾ ਟਾਕਰਾ ਕਰਨ ਲਈ ਤਿਆਰ ਰਹਿਣ ਲਈ ਕਿਹਾ।
ਇਹ ਵੀ ਡਾਢੀ ਤਕਲੀਫ਼ ਦੇਹ ਗੱਲ ਹੈ ਕਿ ਦੋਸ਼ੀਆਂ ਦੇ ਘਰ ਵੀ ਵਿਆਹ ਸੀ, ਜੋ ਉਨ੍ਹਾਂ ਦੀ ਉਕਤ ਕਾਲੀ ਕਰਤੂਤ ਦੇ ਬਾਵਜੂਦ ਵੀ ਬਿਨ੍ਹਾਂ ਕਿਸੇ ਵਿਘਨ ਦੇ ਸਿਰੇ ਚੜ੍ਹ ਗਿਆ। ਪੁਲਸ ਵਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰਕੇ ਉਨ੍ਹਾਂ 'ਤੇ ਕੀਤੀ ਗਈ 'ਕ੍ਰਿਪਾ' ਸਦਕਾ ਮਜ਼ਦੂਰਾਂ ਦੇ ਆਗੂਆਂ ਨੇ ਇਸ ਸਿਰੇ ਦੀ ਪੱਖਪਾਤੀ ਪਹੁੰਚ 'ਤੇ ਡਾਢਾ ਇਤਰਾਜ਼ ਕੀਤਾ। ਦਿਹਾਤੀ ਮਜ਼ਦੂਰ ਸਭਾ ਦੇ ਇਸ ਜਨਤਕ ਦਬਾਅ ਨੂੰ ਭਾਪਦਿਆਂ ਦੋਸ਼ੀਆਂ ਨੇ ਇਲਾਕੇ ਦੇ ਮੁਹਤਬਰ ਬੰਦੇ ਵਿੱਚ ਪਾਕੇ ਪੀੜਤ ਪ੍ਰੀਵਾਰ ਤੋਂ ਪਰ੍ਹੇ ਵਿੱਚ ਮਾਫ਼ੀ ਮੰਗੀ ਅਤੇ ਆਪਣੀ ਬਜੱਰ ਗਲਤੀ ਦਾ ਅਹਿਸਾਸ ਕੀਤਾ। ਇਹ ਘਟਨਾ ਅਤੇ ਇਸ ਨਾਲ ਜੁੜਿਆ ਸਾਰਾ ਵਰਤਾਰਾ ਨਾ ਤਾਂ ਪਹਿਲਾ ਹੈ ਅਤੇ ਨਾ ਹੀ ਆਖਰੀ। ਅਜਿਹੇ ਗੈਰ-ਮਨੁੱਖੀ ਵਰਤਾਰਿਆਂ ਦੀ ਅਲਖ ਮੁਕਾਉਣ ਲਈ ਨਿਰੰਤਰ ਤੇ ਬੇਲਿਹਾਜ ਸੰਗਰਾਮ ਦੀ ਲੋੜ ਹੈ। ਜਮਾਤੀ ਲੁੱਟ ਦੇ ਖਾਤਮੇ ਲਈ ਜੂਝ ਰਹੇ ਸੱਭਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਭਾਰਤ 'ਚ ਜਮਾਤੀ ਸੰਗਰਾਮ, ਜਾਤ-ਪਾਤ ਵਿਰੋਧੀ ਸੰਗਰਾਮਾਂ ਨਾਲੋਂ ਨਿਖੇੜੇ ਨਹੀਂ ਜਾ ਸਕਦੇ।
- ਰਵੀ ਕਟਾਰੂਚੱਕ

- Posted by Admin