sangrami lehar

ਕਾਰਲ ਮਾਰਕਸ ਦੀ 200ਵੀਂ ਵਰ੍ਹੇਗੰਢ ਨੂੰ ਸਮਰਪਤ 'ਮਾਰਕਸਵਾਦ ਦੀ ਸਦੀਵੀਂ ਸਾਰਥਕਤਾ' ਵਿਸ਼ੇ 'ਤੇ ਸੈਮੀਨਾਰ

  • 07/07/2018
  • 03:48 PM

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਸੱਦੇ 'ਤੇ ਵਿਸ਼ਣੂੰ ਗਣੇਸ਼ ਪਿੰਗਲੇ ਹਾਲ, ਦੇਸ਼ ਭਗਤ ਯਾਦਗਾਰ, ਜਲੰਧਰ ਵਿਖੇ, 10 ਜੂਨ ਨੂੰ ਇਕ ਪ੍ਰਭਾਵਸ਼ਾਲੀ ਸੈਮੀਨਾਰ ਆਯੋਜਿਤ ਕੀਤਾ ਗਿਆ। ''ਮਾਰਕਸਵਾਦ ਦੀ ਸਦੀਵੀਂ ਸਾਰਥਕਤਾ'' ਵਿਸ਼ੇ ਅਧੀਨ ਕੀਤੇ ਗਏ ਉਕਤ ਸੈਮੀਨਾਰ ਵਿਚ ਡਾ. ਬੀ.ਆਰ. ਅੰਬੇਦਕਰ ਯੂਨੀਵਰਸਿਟੀ ਦਿੱਲੀ ਵਿਖੇ ਸਕੂਲ ਆਫ ਲਿਬਰਲ ਸਟੱਡੀਜ਼ ਵਿਭਾਗ ਦੇ ਮੁੱਖੀ ਪ੍ਰੋਫੈਸਰ ਗੋਪਾਲ ਜੀ ਪ੍ਰਧਾਨ ਵਲੋਂ ਕੁੰਜੀਵਤ ਭਾਸ਼ਣ ਦਿੱਤਾ ਗਿਆ। ਮੰਚ 'ਤੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵੀ ਵਿਸ਼ੇਸ਼ ਮਹਿਮਾਨ ਵਜੋਂ ਬਿਰਾਜਮਾਨ ਸਨ। ਸੰਸਾਰ ਕਿਰਤੀਆਂ ਦੀ ਹਰ ਕਿਸਮ ਦੀ ਲੁੱਟ ਚੋਂਘ ਤੋਂ ਮੁਕਤੀ ਦੇ ਸਿਧਾਂਤ ਦੇ ਸਿਰਜਕ, ਯੁਗ ਪਲਟਾਊ ਚਿੰਤਕ ਕਾਰਲ ਮਾਰਕਸ ਦੇ 200ਵੇਂ ਜਨਮ ਦਿਵਸ ਅਤੇ ਉਨ੍ਹਾਂ ਦੀ ਮਹਾਨ ਕਿਰਤ ''ਸਰਮਾਇਆ'' (ਦਾਸ ਕੈਪੀਟਲ) ਦੀ ਪ੍ਰਕਾਸ਼ਨਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਉਕਤ ਸੈਮੀਨਾਰ ਦੀ ਪ੍ਰਧਾਨਗੀ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਸ਼੍ਰੀ ਲਖਵਿੰਦਰ ਸਿੰਘ ਜੌਹਲ ਵਲੋਂ ਕੀਤੀ ਗਈ। ਆਰ.ਐਮ.ਪੀ.ਆਈ. ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਵਲੋਂ ਮੰਚ ਸੰਚਾਲਕ ਦੇ ਫਰਜ਼ ਨਿਭਾਏ ਗਏ। ਪਾਰਟੀ ਵੀ ਪੰਜਾਬ ਇਕਾਈ ਦੇ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਕੇਂਦਰੀ ਕਮੇਟੀ ਮੈਂਬਰਾਨ ਸਾਥੀ ਰਘਬੀਰ ਸਿੰਘ ਪਕੀਵਾਂ ਤੇ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰੇਤ ਮੈਂਬਰਾਨ ਸਾਥੀ ਸਤਨਾਮ ਸਿੰਘ ਅਜਨਾਲਾ, ਵੇਦ ਪ੍ਰਕਾਸ਼ ਸ਼ਰਮਾ ਤੇ ਭੀਮ ਸਿੰਘ ਆਲਮਪੁਰ, ਡਾਕਟਰ ਕਰਮਜੀਤ ਸਿੰਘ (ਸਾਬਕਾ ਮੁਖੀ ਪੰਜਾਬੀ ਵਿਭਾਗ, ਕੁਰੂਕਸ਼ੇਤਰਾ ਯੂਨੀਵਰਸਿਟੀ), ਡਾਕਟਰ ਰਘਬੀਰ ਕੌਰ (ਸਾਬਕਾ ਜਨਰਲ ਸਕੱਤਰ, ਦੇਸ਼ ਭਗਤ ਯਾਦਗਾਰ ਜਲੰਧਰ) ਅਤੇ ਐਮ.ਸੀ.ਪੀ.ਆਈ.(ਯੂ) ਦੇ ਪੋਲਿਟ ਬਿਊਰੋ ਮੈਂਬਰ ਸਾਥੀ ਕਿਰਨਜੀਤ ਸਿੰਘ ਸੇਖੋਂ ਵੀ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਤ ਸਨ। ਸਮਾਜ ਦੇ ਵੱਖੋ-ਵੱਖ ਖੇਤਰਾਂ ਦੀਆਂ ਅਨੇਕਾਂ ਮੋਹਤਬਰ ਹਸਤੀਆਂ ਨੇ ਸੈਮੀਨਾਰ ਵਿਚ ਭਾਗ ਲਿਆ। ਡਾਕਟਰ ਕਰਮਜੀਤ ਸਿੰਘ ਨੇ ਮੁੱਖ ਬੁਲਾਰੇ ਦੀ ਸੰਖੇਪ ਜਾਣ ਪਛਾਣ ਕਰਵਾਈ।
ਸਾਦਮੁਰਾਦੀ ਸ਼ੈਲੀ ਵਿਚ ਦਿੱਤੇ ਗਏ ਆਪਣੇ ਵਿਸਤਰਿਤ ਭਾਸ਼ਨ ਦੌਰਾਨ, ਵਿਦਵਾਨ ਪ੍ਰੋਫੈਸਰ ਡਾ. ਗੋਪਾਲ ਜੀ ਪ੍ਰਧਾਨ ਨੇ ਅੰਤ ਤੱਕ ਸਰੋਤਿਆਂ ਨੂੰ ਆਪਣੇ ਨਾਲ ਨਾ ਕੇਵਲ ਜੋੜੀ ਰੱਖਿਆ, ਬਲਕਿ ਕਾਰਲ ਮਾਰਕਸ ਦੇ ਜੀਵਨ, ਫਲਸਫੇ, ਘਾਲਣਾਵਾਂ ਆਦਿ ਬਾਰੇ ਅਨੇਕਾਂ ਨਵੀਨ ਤੱਥ  ਵੀ ਹਾਜ਼ਰੀਨ ਨਾਲ ਸਾਂਝੇ ਕੀਤੇ। ਇਨਾਂ ਹੀ ਨਹੀਂ ਅਨੇਕਾਂ ਸਰੋਤਿਆਂ ਵਲੋਂ ਪੁੱਛੇ ਗਏ, ਵੱਖੋ-ਵੱਖ ਸਵਾਲਾਂ ਦੇ, ਉਨ੍ਹਾਂ ਠਰ੍ਹੰਮੇ ਨਾਲ ਬਾਦਲੀਲ ਜਵਾਬ ਵੀ ਦਿੱਤੇ। ਉਨ੍ਹਾਂ, ਅਜੋਕੇ ਦੌਰ 'ਚ ਕਾਰਲ ਮਾਰਕਸ ਦੀਆਂ ਕਿਰਤਾਂ ਬਾਰੇ ਕੀਤੇ ਜਾ ਰਹੇ ਵਸੀਹ ਅਧਿਐਨ ਕਾਰਜਾਂ ਅਤੇ ਲਿਖੇ ਜਾ ਰਹੇ ਨਵੇਂ ਸਾਹਿਤ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ।
Àੁਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਇਹ ਤੱਥ ਸਾਂਝਾ ਕਰਦਿਆਂ ਕੀਤੀ ਕਿ ਆਪਣੇ ਸਮਕਾਲੀਆਂ ਦੇ ਮੁਕਾਬਲੇ ਅੱਜ ਵੀ ਕਾਰਲ ਮਾਰਕਸ ਨੂੰ ਨਿੱਤ ਵੱਧਦੀ ਸ਼ਿੱਦਤ ਨਾਲ ਪੜ੍ਹਨ ਅਤੇ ਸਮਝਣ ਦੇ ਯਤਨ ਸੰਸਾਰ ਪੱਧਰ 'ਤੇ ਹੋ ਰਹੇ ਹਨ ਅਤੇ ਇਸ ਪ੍ਰਕਿਰਿਆ ਵਿਚ ਨੌਜਵਾਨਾਂ ਦਾ ਯੋਗਦਾਨ ਵਸੋਂ ਦੇ ਬਾਕੀ ਭਾਗਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਮਾਰਕਸ-ਏਂਗਲਜ਼ ਦੀਆਂ ਸਮੁੱਚੀਆਂ ਕਿਰਤਾਂ ਨੂੰ ਨਵੇਂ ਸਿਰੇ ਤੋਂ ਛਾਪਣ ਦੀ ਮੁਹਿੰਮ ਚਲ ਰਹੀ ਹੈ। ਉਨ੍ਹਾ ਦੀਆਂ ਸਮੁੱਚੀਆਂ ਲਿਖਤਾਂ ਨੂੰ ਇਕ ਸੌ ਵੀਹ ਖੰਡਾਂ 'ਚ ਸਮੇਟਿਆ ਜਾ ਰਿਹਾ ਹੈ ਅਤੇ ਹਰ ਖੰਡ ਵਿਚ ਦੋ ਪੁਸਤਕਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਜਰਮਨ ਭਾਸ਼ਾ 'ਚੋਂ ਲਏ ਸ਼ਬਦਾਂ ਦੇ ਆਧਾਰ 'ਤੇ ਇਸ ਭਵਿੱਖਮੁਖੀ ਪ੍ਰਾਜੈਕਟ ਨੂੰ ''ਮੈਗਾ'' (M.E.G.A.) ਨਾਂਅ ਦਿੱਤਾ ਗਿਆ ਹੈ। ਕਹਿਣ ਦੀ ਲੋੜ ਨਹੀਂ ਕਿ ਉਕਤ ਪ੍ਰਾਜੈਕਟ ਦੀ ਧਾਰਣਾ ਮਾਰਕਸੀ ਦਰਸ਼ਨ ਨੂੰ ਵਧੇਰੇ ਤੋਂ ਵਧੇਰੇ ਸਮਝਣ ਲਈ ਉਤਸ਼ਾਹੀ ਲੋਕਾਂ ਦੀ ਨਿੱਤ ਵੱਧਦੀ ਗਿਣਤੀ ਦੇ ਹਾਂ-ਪੱਖੀ ਹਾਲਾਤ ਦੀ ਪੈਦਾਵਾਰ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇੰਨੇ ਪਾਠਕ ਮਹਿਜ਼ ਮਾਰਕਸੀ ਫਲਸਫੇ ਪ੍ਰਤੀ ਦਿਲਚਸਪੀ ਕਰਕੇ ਹੀ ਪੈਦਾ ਹੋ ਗਏ? ਡਾ. ਪ੍ਰਧਾਨ ਨੇ ਕਿਹਾ ਕਿ ਸੰਸਾਰ ਭਰ 'ਚ ਹੇਠਲੇ ਪੱਧਰ 'ਤੇ ਨਿੱਤ ਜਨਮ ਲੈਂਦੇ ਛੋਟੇ ਛੋਟੇ ਬਹੁਪਰਤੀ ਅੰਦੋਲਨਾਂ 'ਚੋਂ ਪੈਦਾ ਹੋ ਰਹੀ ਚੇਤਨਾ ਨੇ ਇਹ ਖੁਸ਼ਗਵਾਰ ਸਥਿਤੀ ਹੋਂਦ 'ਚ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਸਾਮਰਾਜੀਆਂ ਤੇ ਕਾਰਪੋਰੇਟ ਘਰਾਣਿਆਂ ਦੀ ਮਾਲਕੀ ਵਾਲਾ ਹਰ ਕਿਸਮ ਦਾ ਮੀਡੀਆ ਉਕਤ ਤੱਥਾਂ ਨੂੰ ਨਜ਼ਰ ਅੰਦਾਜ਼ ਕਰਕੇ ਕੇਵਲ ਸੰਸਾਰ ਦੇ ਇਕ ਫੀਸਦੀ ਲੋਟੂਆਂ ਦੀ ਮਹਿਮਾ ਗਾਣ ਕਰਨ 'ਚ ਗਲਤਾਣ ਹੈ। ਉਨ੍ਹਾਂ ਕਿਹਾ ਕਿ ਉਕਤ ਅੰਦੋਲਨਾਤਮਕ ਮਾਹੌਲ ਸਦਕਾ ਅੱਜ ਮਾਰਕਸ ਅਤੇ ਉਨ੍ਹਾਂ ਦੀਆਂ ਕਿਰਤਾਂ ਕੇਵਲ ਕੌਫ਼ੀ ਹਾਊਸਾਂ ਜਾਂ ਵਿਦਵਾਨਾਂ ਦੀਆਂ ਗੋਸ਼ਠੀਆਂ 'ਚ ਵਿਚਾਰਨ ਤੱਕ ਸੀਮਤ ਨਾ ਹੋ ਕੇ, ਅੰਦੋਲਨਾਂ ਨਾਲ ਨੇੜਿਓਂ ਜੁੜੇ ਲੋਕਾਂ ਦੀਆਂ ਵਿਸ਼ਾਲ ਵਿਚਾਰ ਚਰਚਾਵਾਂ 'ਚ ਤਬਦੀਲ ਹੁੰਦੀਆਂ ਜਾ ਰਹੀਆਂ ਹਨ। ਡਾਕਟਰ ਗੋਪਾਲ ਨੇ ਕਿਹਾ ਕਿ ਇਹ ਗੱਲ ਡਾਢੀ ਤਸੱਲੀ ਵਾਲੀ ਹੈ ਕਿ ਅੱਜ ਲੋਕਾਂ ਨੂੰ ਦਰਪੇਸ਼ ਫਲਸਫਾਨਾ ਅਤੇ ਵਿਵਹਾਰਕ ਦਿੱਕਤਾਂ 'ਚ ਸੇਧ ਦੇਣ ਵਾਲਾ ਕੋਈ ਕੌਮਾਂਤਰੀ ਕੇਂਦਰ ਮੌਜੂਦ ਨਹੀਂ ਅਤੇ ਸੰਘਰਸ਼ਸ਼ੀਲ ਸ਼ਕਤੀਆਂ ਅਜਿਹੀਆਂ ਦਿੱਕਤਾਂ ਦਾ ਹੱਲ ਆਪਣੇ ਪੱਧਰ 'ਤੇ ਲੱਭ ਰਹੀਆਂ ਹਨ ਤੇ ਕਾਫ਼ੀ ਹੱਦ ਤੱਕ ਸਫ਼ਲ ਵੀ ਹੋ ਰਹੀਆਂ ਹਨ।
ਡਾਕਟਰ ਗੋਪਾਲ ਪ੍ਰਧਾਨ ਨੇ ਕਿਹਾ ਕਿ ''ਸਰਮਾਇਆ'' (ਦਾਸ ਕੈਪੀਟਲ) ਦੀ ਰਚਨਾ ਤੋਂ ਪਹਿਲਾਂ ਮਜ਼ਦੂਰ ਕੇਵਲ ਇਕ ਆਰਥਕ ਜੀਵ ਸੀ। ਜਦਕਿ ਮਾਰਕਸ ਨੇ ਉਸਨੂੰ ਇਕ ਸਮਾਜਿਕ ਸ਼ਕਤੀ ਵਜੋਂ ਪਛਾਣ ਦਿੱਤੀ। ਇੰਨਾਂ ਹੀ ਨਹੀਂ ਸ਼ੋਸ਼ਣ ਦਾ ਸੰਕਲਪ ਅਤੇ ਇਸ ਦੀ ਸਮੁੱਚੀ ਵਿਆਖਿਆ ਵੀ ਕਾਰਲ ਮਾਰਕਸ ਤੋਂ ਪਹਿਲਾਂ ਨਹੀਂ ਮਿਲਦੀ।
ਮਜ਼ਦੂਰਾਂ ਦੀ ਸਮਾਜਿਕ ਭੂਮਿਕਾ ਦੀ ਹੋਰ ਵਿਆਖਿਆ ਕਰਦਿਆਂ ਵਿਦਵਾਨ ਪ੍ਰੋਫੈਸਰ ਨੇ ਕਿਹਾ ਕਿ ਮਜ਼ਦੂਰ ਵਰਗ ਆਪਣੇ ਸਮਾਜਕ ਤਬਦੀਲੀ ਦੇ ਸੰਗਰਾਮ ਦੀ ਸਫਲਤਾ ਦੇ ਨਤੀਜੇ ਵਜੋਂ ਕੇਵਲ ਖ਼ੁਦ ਨੂੰ ਹੀ ਨਹੀਂ ਬਲਕਿ ਹਰ ਕਿਸਮ ਦੇ ਸ਼ੋਸ਼ਿਤਾਂ ਨੂੰ ਲੁੱਟ ਤੋਂ ਸਦੀਵੀਂ ਮੁਕਤੀ ਦਿਵਾਉਂਦਾ ਹੈ। ਇਸਦੀਆਂ ਠੋਸ ਮਿਸਾਲਾਂ ਦਿੰਦਿਆਂ ਉਨ੍ਹਾਂ ਯਾਦ ਦਿਵਾਇਆ ਕਿ ਕਾਰਲ ਮਾਰਕਸ ਨੇ ਬਰਤਾਨੀਆਂ (ਯੂ.ਕੇ.) ਦੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਸੀ ਕਿ ਤੁਹਾਨੂੰ ਆਪਣੇ ਹਿੱਤਾਂ ਦੀ ਰਾਖੀ ਦੇ ਸੰਗਰਾਮ ਦੇ ਉਪਰ ਆਇਰਲੈਂਡ (ਬਰਤਾਨੀਆ ਦੇ ਗੁਲਾਮ ਦੇਸ਼) ਦੇ ਮਜ਼ਦੂਰਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਦੇ ਸੰਗਰਾਮ ਰੱਖਣੇ ਅਤੇ ਲੜਨੇ ਪੈਣੇ ਹਨ। ਇਸ ਤਰ੍ਹਾਂ ਅਮਰੀਕਾ ਦੇ ਗੋਰੇ ਰੰਗ ਦੇ ਮਜ਼ਦੂਰਾਂ ਨੂੰ ਕਾਲੀ ਸੱਦੀ ਜਾਂਦੀ ਵਸੋਂ ਦੇ ਸਮੁੱਚੇ ਅਧਿਕਾਰਾਂ ਦੇ ਸੰਗਰਾਮ ਆਪਣੇ ਹੱਥ ਲੈਣੇ ਪੈਣੇ ਹਨ। ਇਹ ਤੱਥ ਜਿੰਨਾਂ 200 ਸਾਲ ਪਹਿਲਾਂ ਵਾਜਬ ਸੀ, ਓਨਾ ਹੀ ਅੱਜ ਵੀ ਹੈ ਅਤੇ ਜਮਾਤੀ ਸੰਗਰਾਮਾਂ ਦੇ ਹਰ ਦੌਰ 'ਚ ਵਾਜ਼ਬ ਰਹੇਗਾ। ਉਕਤ ਨੁਕਤੇ ਦੀ ਵਿਆਖਿਆ ਤੋਂ ਬਾਅਦ ਪ੍ਰੋਫੈਸਰ ਗੋਪਾਲ ਨੇ ਕਾਰਲ ਮਾਰਕਸ ਦੀ ਮ੍ਰਿਤਕ ਦੇਹ ਕੋਲ ਖੜ੍ਹੇ ਹੋ ਕੇ ਐਂਗਲਜ਼ ਦੇ ਕਹੇ ਸ਼ਬਦ ਦੁਹਰਾਏ, ''ਮਾਰਕਸ ਸਭ ਕੁਝ ਸੀ, ਪਰ ਸਭ ਕਾਸੇ ਤੋਂ ਵੱਧ ਕੇ ਉਹ ਪੱਕਾ ਕਰਾਂਤੀਵਾਦੀ ਸੀ।''
Àੁਨ੍ਹਾਂ ਕਿਹਾ ਕਿ ਮਾਰਕਸ ਦਾ ਇਹ ਨਿਚੋੜ ਸਦੀਵੀਂ ਸੱਚ ਹੈ ਕਿ ''ਸੰਸਾਰ ਭਰ ਦੇ ਧਨ ਅੰਬਾਰਾਂ ਦੀ ਪੈਦਾਵਾਰ ਪਿੱਛੇ ਦੋ ਹੀ ਮੁੱਖ ਕਾਰਕ ਹਨ; ਇਕ ਭੂਮੀ ਅਤੇ ਦੂਜਾ ਮਨੁੱਖੀ ਕਿਰਤ।'' ਪ੍ਰੈਫੈਸਰ ਪ੍ਰਧਾਨ ਨੇ ਇਹ ਦਲੀਲ ਬੜੇ ਜ਼ੋਰਦਾਰ ਢੰਗ ਨਾਲ ਰੱਖੀ ਕਿ ਪੂੰਜੀਵਾਦ ਸਾਡੇ 'ਤੇ ਸਿਰਫ ਜਿਸਮਾਨੀ ਹਕੂਮਤ ਹੀ ਨਹੀਂ ਕਰਦਾ ਬਲਕਿ ਤਰ੍ਹਾਂ-ਤਰ੍ਹਾਂ ਦੇ ਢੰਗਾਂ ਰਾਹੀਂ ਸਾਡੇ ਦਿਲੋ-ਦਿਮਾਗਾਂ ਨੂੰ ਵੀ ਗੰਧਲਾ ਕਰਦਾ ਹੈ। ਸਿੱਟੇ ਵਜੋਂ ਅਸੀਂ ਸਥਾਪਤੀ ਪੱਖੀ (Status co-ists) ਬਣਦੇ ਜਾ ਰਹੇ ਹਾਂ ਜਾਂ ਬਣ ਚੁੱਕੇ ਹਾਂ। ਇਸ ਮਾਨਸਿਕ ਅਪੰਗਤਾ 'ਚੋਂ ਨਿਕਲਣ ਦਾ ਰਾਹ ਵੀ ਮਾਰਕਸ ਦਾ ਫਲਸਫਾ ਹੀ ਦਿਖਾਉਂਦਾ ਹੈ। ਕਾਰਲ ਮਾਰਕਸ ਹੋਰਾਂ ਦੁਨੀਆਂ ਨੂੰ ਸਿਖਾਇਆ ਹੈ ਕਿ ''ਹਰ ਚੀਜ਼, ਹਰ ਗੱਲ 'ਤੇ ਸ਼ੱਕ ਕਰੋ ਅਤੇ ਬੇਕਿਰਕ ਅਲੋਚਨਾ ਕਰੋ।'' ਇਹ ਗੱਲ ਪੂੰਜੀਵਾਦ ਦੇ ਵਿਚਾਰਧਾਰਕ ਹੱਲੇ ਦਾ ਸਫਲਤਾ ਨਾਲ ਟਾਕਰਾ ਕਰਨ ਦੀ ਕੁੰਜੀ ਹੈ।
Àੁਕਤ ਦਲੀਲ ਨੂੰ ਹੋਰ ਵਿਸਥਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬੁਨਿਆਦੀ ਪੈਦਾਵਾਰੀ ਰਿਸ਼ਤਿਆਂ ਨੂੰ ਤਬਦੀਲ ਕਰਨ ਦੀ ਸਫਲਤਾ ਇਸ ਗੱਲ 'ਚ ਲੁੱਕੀ ਹੋਈ ਹੈ ਕਿ ਉਕਤ ਰਿਸ਼ਤਿਆਂ 'ਚੋਂ ਪੈਦਾ ਹੋਏ ਉਸਾਰ (Super Structure) ਭਾਵ ਰਾਜ ਪ੍ਰਬੰਧ ਖਿਲਾਫ਼ ਅਸੀਂ ਕਿੰਨੀ ਸਫਲਤਾ ਨਾਲ ਲੜ ਕੇ ਇਸ ਨੂੰ ਤਹਿਸ-ਨਹਿਰ ਕਰਦਿਆਂ ਕਦੋਂ ਅਤੇ ਕਿਵੇਂ ਨਵਾਂ ਲੋਕ ਹਿਤੂ ਰਾਜ ਪ੍ਰਬੰਧ ਉਸਾਰਦੇ ਹਾਂ। ਪ੍ਰੋਫੈਸਰ ਪ੍ਰਧਾਨ ਨੇ ਕਿਹਾ ਕਿ ਰਾਜ (State) ਪੂੰਜੀਵਾਦੀਆਂ ਦੀ ਲੁੱਟ ਦੀ ਕਾਇਮੀ ਅਤੇ ਰਾਖੀ ਵਾਲਾ ਪ੍ਰਬੰਧਕੀ ਅਦਾਰਾ (Managerial Board) ਮਾਤਰ ਹੈ। ਇਸ ਲਈ ਕਾਰਲ ਮਾਰਕਸ ਨੇ ਮਜ਼ਦੂਰ ਜਮਾਤ ਨੂੰ ਰਾਜਸੀ ਘੋਲਾਂ ਨੂੰ ਪ੍ਰਮੁਖਤਾ ਦੇਣ ਲਈ ਕਿਹਾ ਸੀ। ਪ੍ਰੋਫੈਸਰ ਗੋਪਾਲ ਪ੍ਰਧਾਨ ਨੇ ਕਿਹਾ ਕਿ ਕੁੱਝ ਲੋਕ ਇਹ ਦਲੀਲ ਦੇ ਰਹੇ ਹਨ ਕਿ ਸਨਅਤੀ ਮਜ਼ਦੂਰ (ਪ੍ਰੋਲੇਤਾਰੀ) ਦੀ ਗਿਣਤੀ ਦੁਨੀਆਂ 'ਚ ਘਟ ਰਹੀ ਹੈ। ਪਰ ਹਕੀਕਤ ਇਹ ਹੈ ਕਿ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ, ਖਾਸ ਕਰਕੇ ਔਰਤ ਕਿਰਤੀਆਂ ਦੀ। ਉਨ੍ਹਾਂ ਦਿਮਾਗੀ ਕਿਰਤ ਕਰਨ ਵਾਲਿਆਂ ਦੀ ਵਿਆਖਿਆ Cyberiat (ਸਾਈਬਰ ਯੁਗ 'ਚ ਇੰਟਰਨੈਂਟ ਜ਼ਰੀਏ ਧਨ ਪੈਦਾ ਕਰਨ ਵਾਲੇ ਸਰਵਹਾਰੇ) ਵਜੋਂ ਕੀਤੀ।
ਉਨ੍ਹਾਂ ਕਿਹਾ ਕਿ ਮਾਰਕਸ ਦੇ ਦਰਸ਼ਨ ਅਨੁਸਾਰ ਪੂੰਜੀਵਾਦ ਬਹੁਲਤਾ ਵਿਚ ਪੈਦਾਵਾਰ ਕਰਦਾ ਹੈ, ਪਰ ਇਸ ਪੈਦਾਵਾਰ ਦੇ ਲਾਭ ਮੁੱਠੀ ਭਰ ਲੋਕਾਂ ਨੂੰ ਮਿਲਦੇ ਹਨ ਜਦਕਿ ਆਬਾਦੀ ਦੇ ਵਿਸ਼ਾਲ ਭਾਗ ਥੁੜਾਂ ਮਾਰੇ ਕੰਗਾਲੀ ਭੋਗਦੇ ਹਨ। ਪੂੰਜੀਵਾਦੀ ਢਾਂਚਾ ਇਸ ਬੁਨਿਆਦੀ ਅੰਦਰੂਨੀ ਵਿਰੋਧਤਾਈ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਦਾ। ਇਸ ਢਾਂਚੇ ਨੂੰ ਤੋੜ ਕੇ ਕਿਰਤੀ ਪੱਖੀ ਢਾਂਚਾ ਉਸਾਰਨਾ ਹੀ ਕੰਗਾਲੀ ਦੇ ਖਾਤਮੇ ਦਾ ਅੰਤਮ ਰਾਹ ਹੈ।
ਉਨ੍ਹਾਂ ਪਰਿਆਵਰਣ ਦੇ ਵਿਨਾਸ਼ ਦੀ ਕਗਾਰ ਤੇ ਪੁੱਜਣ ਦੀ ਚਿੰਤਾ ਕਰਨ ਵਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਥਿਤੀ ਲਈ ਪੂੰਜੀਪਤੀਆਂ ਦੀ ਮੁਨਾਫ਼ੇ ਦੀ ਅੰਨ੍ਹੀ ਦੌੜ ਜ਼ਿੰਮੇਵਾਰ ਹੈ। ਅਤੇ ਪੂੰਜੀਵਾਦ ਦੇ ਖ਼ਾਤਮੇਂ ਤੋਂ ਬਗੈਰ ਪਰਿਆਵਰਣ ਦੀ ਰਾਖੀ ਦੇ ਘੋਲ ਦੀ ਸਫਲਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਇਸਤਰੀਆਂ ਦੇ ਸੰਦਰਭ 'ਚ ਉਨ੍ਹਾਂ ਬੜੀ ਹੀ ਅਰਥ ਭਰਪੂਰ ਅਤੇ ਭਾਵਪੂਰਤ ਟਿੱਪਣੀ ਕਰਦਿਆਂ ਕਿਹਾ ਕਿ ਇਸਤਰੀ ਹੀ ਸਹੀ  ਮਾਇਨਿਆਂ 'ਚ ਸੰਸਾਰ ਦੀ ਪ੍ਰਥਮ ਸਰਵਹਾਰਾ ਹੈ।
ਪ੍ਰੋਫੈਸਰ ਪ੍ਰਧਾਨ ਨੇ ਪ੍ਰਗਟਾਵਾ ਕੀਤਾ ਕਿ ਮੁਢਲੇ ਕੁਝ ਕੁ ਸਾਲਾਂ ਨੂੰ ਛੱਡ ਕੇ ਪੂੰਜੀਵਾਦੀ ਹਾਕਮ ਜਮਾਤਾਂ ਨੇ ਪੂਰਵ ਪੂੰਜੀਵਾਦੀ ਬੁਰਾਈਆਂ ਜਿਵੇਂ ਰਜਵਾੜਾਸ਼ਾਹੀ ਤੇ ਜਗੀਰਦਾਰੀ ਖਿਲਾਫ ਫੈਸਲਾਕੁੰਨ ਸੰਗਰਾਮ ਲੜਕੇ ਇਨ੍ਹਾਂ ਬੁਰਾਈਆਂ ਦੇ ਖਾਤਮੇ ਦੀ ਬਜਾਇ ਇਨ੍ਹਾਂ ਬੁਰਾਈਆਂ ਦੇ ਪ੍ਰਿਤਪਾਲਕ ਰਜਵਾੜਿਆਂ ਨਾਲ ਸਮਝੌਤਿਆਂ ਦਾ ਰਸਤਾ ਅਖਤਿਆਰ ਕੀਤਾ। ਇਸੇ ਲਈ ਵਾਰ ਵਾਰ ਇਹ ਮਾਨਵਤਾ ਵਿਰੋਧੀ ਬੁਰਾਈਆਂ ਪੂਰੀ ਸ਼ਕਤੀ ਨਾਲ ਲੋਕਤਾ 'ਤੇ ਹੱਲੇ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਲਾਮਦਾਰੀ ਅਤੇ ਨਸਲਵਾਦ ਦਾ ਪੂੰਜੀਵਾਦੀ ਰਾਜ ਪ੍ਰਬੰਧ ਅਧੀਨ ਵਧੇਰੇ ਖੂੰਖਾਰ ਹੋਣਾ ਉਕਤ ਤੱਥ ਦੀ ਪੁਸ਼ਟੀ ਕਰਦਾ ਹੈ।
êੂੰਜੀਵਾਦ ਦੇ ਖੂੰਖਾਰ ਸ਼ੋਸ਼ਣ ਦਾ ਅਸਲੀ ਨਜਾਰਾ ਬਸਤੀਆਂ (Colonies) ਵਿਚ ਹੁੰਦਾ ਹੈ ਜਿੱਥੇ ਇਹ ਬਸਤੀਆਂ ਦੇ ਬਸ਼ਿੰਦਿਆਂ ਨੂੰ ਹਰ ਕਿਸਮ ਦੇ ਮਨੁੱਖੀ ਹੱਕ-ਹਕੂਕ ਤੋਂ ਪੂਰੀ ਤਰ੍ਹਾਂ ਵਾਂਝੇ ਕਰ ਦਿੰਦਾ ਹੈ। ਅਜੋਕੇ ਨਵਉਦਾਰਵਾਦੀ ਦੌਰ ਵਿਚ ਇਹ ਖੂੰਖਾਰਪਨ ਤੀਜੀ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ। ਜਦਕਿ ਇਹੀ ਪੁੂੰਜੀਵਾਦੀ (ਸਾਮਰਾਜੀ) ਦੇਸ਼ ਆਪੋ ਆਪਣੇ ਦੇਸ਼ਾਂ 'ਚ ਕਾਨੂੰਨ ਦੇ ਰਾਜ ਦਾ ਢਕਵੰਜ਼ ਰਚਦੇ ਹਨ।
ਇੰਜ ਉਕਤ ਵਿਸਤਰਿਤ ਕੁੰਜੀਵਤ ਭਾਸ਼ਣ ਅਤੇ ਸਰੋਤਿਆਂ ਦੇ ਸ਼ੰਕਿਆਂ/ਸਵਾਲਾਂ ਦਾ ਜਵਾਬ ਦੇਣ ਦੀ ਸਮੁੱਚੀ ਪ੍ਰਕਿਰਿਆ ਸਦਕਾ ਮਹਾਨ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਅਤਿ ਸਫਲ ਹੋ ਨਿਬੜਿਆ।
ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਲਖਵਿੰਦਰ ਜੌਹਲ ਨੇ ਆਪਣੇ ਵੱਡਮੁੱਲੇ ਸੰਖੇਪ ਭਾਸ਼ਣ ਰਾਹੀਂ ਸੈਮੀਨਾਰ ਨੂੰ ਬਹੁਤ ਹੀ ਸਿੱਟਾਦਾਈ ਅਨੁਭਵ ਕਰਾਰ ਦਿੱਤਾ। ਅੰਤ 'ਚ ਸਾਥੀ ਮੰਗਤ ਰਾਮ ਪਾਸਲਾ ਨੇ ਵੀ ਮਾਰਕਸਵਾਦੀ ਨੁਕਤਾ ਨਜ਼ਰ ਦੀ ਸੰਖੇਪ ਪਰ ਠੋਸ ਵਿਆਖਿਆ ਕਰਦਿਆਂ ਸਭਨਾ ਦਾ ਧੰਨਵਾਦ ਕੀਤਾ।
ਰਿਪੋਰਟ : ਮਹੀਪਾਲ

- Posted by Admin