sangrami lehar

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੁਲਾਈ 2018)

  • 07/07/2018
  • 03:39 PM

ਕਹਾਣੀ
ਕਾਬੁਲੀਵਾਲ਼ਾ
- ਗੁਰੂਦੇਵ ਰਵਿੰਦਰਨਾਥ ਟੈਗੋਰ
ਮੇਰੀ ਪੰਜ ਸਾਲ ਦੀ ਛੋਟੀ ਧੀ ਮਿੰਨੀ ਬਿਨਾਂ ਬੋਲੇ ਇੱਕ ਮਿੰਟ ਵੀ ਨਹੀਂ ਰਹਿ ਸਕਦੀ ਸੀ। ਦੁਨੀਆਂ 'ਤੇ ਜਨਮ ਲੈਣ ਤੋਂ ਬਾਅਦ ਭਾਸ਼ਾ ਸਿੱਖਣ ਵਿੱਚ ਉਸਨੇ ਸਿਰਫ ਇੱਕ ਸਾਲ ਦਾ ਸਮਾਂ ਲਾਇਆ ਸੀ, ਉਦੋਂ ਤੋਂ ਲੈ ਕੇ ਉਹ ਜਿੰਨਾਂ ਸਮਾਂ ਜਾਗਦੀ ਰਹਿੰਦੀ ਹੈ, ਇੱਕ ਮਿੰਟ ਵੀ ਚੁੱਪ ਰਹਿ ਕੇ ਸਮਾਂ ਖਰਾਬ ਨਹੀਂ ਕਰਦੀ। ਉਸਦੀ ਮਾਂ ਬਹੁਤ ਵਾਰ ਝਿੜਕ ਕੇ ਉਸਦਾ ਮੂੰਹ ਬੰਦ ਕਰ ਦਿੰਦੀ ਹੈ, ਪਰ ਮੈਂ ਇਸ ਤਰ੍ਹਾਂ ਨਹੀਂ ਕਰ ਪਾਉਂਦਾ। ਚੁੱਪ-ਚਾਪ ਬੈਠੀ ਮਿੰਨੀ ਦੇਖਣ 'ਚ ਇੰਨੀ ਅਸਧਾਰਨ ਲੱਗਦੀ ਹੈ ਕਿ ਮੈਥੋਂ ਬਹੁਤੀ ਦੇਰ ਜਰਿਆ ਨਹੀਂ ਜਾਂਦਾ। ਇਸ ਲਈ ਮੇਰੇ ਨਾਲ਼ ਉਸ ਦੀ ਗੱਲਬਾਤ ਕੁੱਝ ਉਤਸ਼ਾਹ ਨਾਲ਼ ਚਲਦੀ ਹੈ।
ਸਵੇਰੇ ਮੈਂ ਆਪਣੇ ਨਾਵਲ ਦੇ ਸਤਾਰਵੇਂ ਕਾਂਡ ਨੂੰ ਹੱਥ ਲਾਇਆ ਹੀ ਸੀ ਕਿ ਮਿੰਨੀ ਨੇ ਆਉਂਦੇ ਹੀ ਗੱਲ ਛੇੜ ਲਈ, ''ਪਿਤਾ ਜੀ ਰਾਮਦਿਆਲ ਦਰਬਾਨ ਕਾਂ ਨੂੰ ਕਊਆ ਕਹਿੰਦਾ ਸੀ। ਉਹ ਕੁੱਝ ਨਹੀਂ ਜਾਣਦਾ। ਹੈ ਕਿ ਨਹੀਂ?''
ਸੰਸਾਰ ਦੀਆਂ ਭਾਸ਼ਾਵਾਂ ਦੇ ਵਖਰੇਵੇਂ ਦੇ ਸਬੰਧ ਵਿੱਚ ਉਸਨੂੰ ਜਾਣੂ ਕਰਾਉਣ ਲਈ ਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਦੂਜੇ ਪ੍ਰਸੰਗ 'ਤੇ ਜਾ ਪਹੁੰਚੀ, ''ਦੇਖੋ ਪਿਤਾ ਜੀ ਭੋਲਾ ਕਹਿ ਰਿਹਾ ਸੀ ਕਿ ਅਸਮਾਨ ਵਿੱਚ ਹਾਥੀ ਸੁੰਡ ਨਾਲ਼ ਪਾਣੀ ਸੁੱਟਦਾ ਹੈ ਤੇ ਉਸ ਨਾਲ਼ ਹੀ ਮੀਂਹ ਪੈਂਦਾ ਹੈ। ਹਾਏ ਮੇਰੀ ਮਾਂ! ਭੋਲਾ ਕਿਹੋ ਜਿਹੀਆਂ ਫਾਲਤੂ ਗੱਲਾਂ ਕਰਦਾ ਰਹਿੰਦਾ ਹੈ? ਸਿਰਫ ਭਕਾਈ ਮਾਰਦਾ ਰਹਿੰਦਾ ਹੈ, ਦਿਨ-ਰਾਤ ਭਕਾਈ ਕਰਦਾ ਰਹਿੰਦਾ ਹੈ।''
ਇਸ ਬਾਰੇ ਮੇਰੀ ਹਾਂ-ਨਾ ਦੀ ਬਿਲਕੁਲ ਵੀ ਉਡੀਕ ਕੀਤੇ ਬਿਨਾਂ ਉਹ ਅਚਾਨਕ ਸਵਾਲ ਪੁੱਛ ਬੈਠੀ, ''ਪਿਤਾ ਜੀ, ਮਾਂ ਤੁਹਾਡੀ ਕੀ ਲਗਦੀ ਹੈ?''
ਮਨ-ਹੀ-ਮਨ ਕਿਹਾ, 'ਸਾਲ਼ੀ'; ਉੱਤੋਂ ਕਿਹਾ, ''ਮਿੰਨੀ, ਜਾ ਤੂੰ ਭੋਲੇ ਨਾਲ਼ ਖੇਡ, ਮੈਨੂੰ ਇਸ ਵੇਲ਼ੇ ਕੰਮ ਹੈ।''
ਉਹ ਫਿਰ ਮੇਰੇ ਲਿਖਣ ਦੇ ਮੇਜ਼ ਦੇ ਕਿਨਾਰੇ ਮੇਰੇ ਪੈਰਾਂ ਕੋਲ਼ ਬੈਠ ਕੇ ਆਪਣੇ ਦੋਵੇਂ ਹੱਥ ਗੋਡਿਆਂ 'ਤੇ ਰੱਖ ਕੇ ਬੜੀ ਤੇਜ਼ੀ ਨਾਲ਼ 'ਅੱਕੜ-ਬੱਕੜ' ਕਹਿੰਦੇ ਹੋਏ ਖੇਡਣ ਲੱਗੀ। ਮੇਰੇ ਸਤਾਰਵੇਂ ਕਾਂਡ ਵਿੱਚ ਉਸ ਸਮੇਂ ਪ੍ਰਤਾਪ ਸਿੰਘ ਕੰਚਨਮਾਲਾ ਨੂੰ ਲੈ ਕੇ ਹਨੇਰੀ ਰਾਤ ਵਿੱਚ ਜੇਲ੍ਹ ਦੇ ਉੱਚੇ ਬੁਰਜ਼ ਤੋਂ ਥੱਲੇ ਵਗਦੀ ਨਦੀ ਦੇ ਪਾਣੀ ਵਿੱਚ ਛਾਲ਼ ਮਾਰ ਰਹੇ ਸਨ।
ਮੇਰਾ ਕਮਰਾ ਸੜਕ ਦੇ ਕਿਨਾਰੇ 'ਤੇ ਸੀ। ਅਚਾਨਕ ਮਿੰਨੀ 'ਅੱਕੜ-ਬੱਕੜ' ਦੀ ਖੇਡ ਛੱਡ ਕੇ ਰੌਸ਼ਨਦਾਨ ਵੱਲ ਭੱਜੀ ਤੇ ਜ਼ੋਰ-ਜ਼ੋਰ ਨਾਲ਼ ਕਹਿਣ ਲੱਗੀ, ''ਕਾਬੁਲੀਵਾਲ਼ਿਆ, ਓ  ਕਾਬੁਲੀਵਾਲ਼ਿਆ!''
ਮੈਲ਼ੇ ਜਿਹੇ ਫਟੇ-ਪੁਰਾਣੇ ਕੱਪੜੇ ਪਹਿਨੀਂ, ਸਿਰ 'ਤੇ ਪੱਗ ਬੰਨੀ, ਪਿੱਠ 'ਤੇ ਝੋਲ਼ਾ ਟੰਗੀ, ਹੱਥਾਂ 'ਚ ਅੰਗੂਰ ਦੇ ਦੋ-ਚਾਰ ਗੁੱਛੇ ਲਈ ਇੱਕ ਲੰਮਾ ਕਾਬੁਲੀਵਾਲ਼ਾ ਸੜਕ 'ਤੇ ਹੌਲ਼ੀ-ਹੌਲ਼ੀ ਜਾ ਰਿਹਾ ਸੀ - ਉਸਨੂੰ ਦੇਖ ਕੇ ਮੇਰੀ ਧੀ-ਨਿਆਣੀ ਦੇ ਮਨ 'ਚ ਕਿਹੋ ਜਿਹੇ ਵਿਚਾਰ ਆਏ, ਕਹਿਣਾ ਮੁਸ਼ਕਲ ਹੈ। ਉਸਨੇ ਉਸਨੂੰ ਉੱਚੀ ਅਵਾਜ਼ 'ਚ ਬੁਲਾਉਣਾ ਸ਼ੁਰੂ ਕਰ ਦਿੱਤਾ। ਮੈਂ ਸੋਚਿਆ, 'ਬੱਸ ਹੁਣ ਪਿੱਠ 'ਤੇ ਝੋਲ਼ਾ ਲਈ ਇੱਕ ਮੁਸੀਬਤ ਆ ਗਈ ਹੈ, ਮੇਰਾ ਸਤਾਰਵਾਂ ਕਾਂਡ ਹੁਣ ਪੂਰਾ ਨਹੀਂ ਹੋ ਸਕਦਾ।'
ਪਰ, ਮਿੰਨੀ ਦੀ ਚੀਕ 'ਤੇ ਜਿਵੇਂ ਹੀ ਕਾਬੁਲੀਵਾਲ਼ੇ ਨੇ ਹੱਸ ਕੇ ਮੂੰਹ ਘੁੰਮਾਇਆ ਤੇ ਮੇਰੇ ਘਰ ਵੱਲ ਆਉਣ ਲੱਗਾ, ਤਦ ਹੀ ਉਹ ਝਪਟ ਕੇ ਅੰਦਰ ਭੱਜ ਗਈ-ਉਸਦਾ ਨਾਮ-ਨਿਸ਼ਾਨ ਵੀ ਨਜ਼ਰ ਨਾ ਆਇਆ। ਉਸਦੇ ਮਨ 'ਚ ਇੱਕ ਤਰ੍ਹਾਂ ਦਾ ਅੰਧ-ਵਿਸ਼ਵਾਸ ਸੀ ਕਿ ਉਸ ਝੋਲ਼ੀ ਅੰਦਰ ਲੱਭਣ 'ਤੇ ਉਸਦੇ ਵਰਗੇ ਦੋ-ਚਾਰ ਜਿਊਂਦੇ ਮਨੁੱਖੀ ਬੱਚੇ ਮਿਲ਼ ਸਕਦੇ ਹਨ।
ਇੱਧਰ ਕਾਬੁਲੀਵਾਲ਼ਾ ਆ ਕੇ ਮੁਸਕਰਾਉਂਦਾ ਹੋਇਆ ਮੈਨੂੰ ਨਮਸਤੇ ਕਰ ਕੇ ਖੜਾ ਹੋ ਗਿਆ - ਮੈਂ ਸੋਚਿਆ, 'ਭਾਵੇਂ ਹੁਣ ਪ੍ਰਤਾਪ ਸਿੰਘ ਤੇ ਕੰਚਨਮਾਲਾ ਦੀ ਸਥਿਤੀ ਬਹੁਤ ਮੁਸ਼ਕਲ 'ਚ ਹੈ, ਫਿਰ ਵੀ ਆਦਮੀ ਨੂੰ ਘਰ ਸੱਦ ਲੈਣ ਤੋਂ ਬਾਅਦ ਉਸ ਤੋਂ ਕੁੱਝ ਨਾ ਖ੍ਰੀਦਣਾ ਚੰਗਾ ਨਹੀਂ ਸੀ ਲੱਗਦਾ।'
ਕੁੱਝ ਖ੍ਰੀਦਿਆ। ਉਸ ਤੋਂ ਬਾਅਦ ਗੱਲਾਂ ਹੋਈਆਂ। ਅਬਦੁਰ ਰਹਿਮਾਨ, ਰੂਸ, ਅੰਗਰੇਜ਼ ਆਦਿ ਨੂੰ ਲੈ ਕੇ ਸਰਹੱਦੀ ਖੇਤਰਾਂ ਦੀ ਰੱਖਿਆ ਨੀਤੀ ਦੇ ਸਬੰਧ ਵਿੱਚ ਗੱਲਾਂ ਹੋਣ ਲੱਗੀਆਂ।
ਆਖ਼ਰ ਵਿੱਚ ਜਾਂਦੇ ਸਮੇਂ ਉਸ ਨੇ ਪੁੱਛਿਆ, ''ਜਨਾਬ, ਤੁਹਾਡੀ ਧੀ ਕਿੱਥੇ ਗਈ?''
ਮੈਂ ਮਿੰਨੀ ਦੇ ਡਰ ਨੂੰ ਬਿਲਕੁਲ ਖਤਮ ਕਰ ਦੇਣ ਦੇ ਉਦੇਸ਼ ਨਾਲ਼ ਉਸਨੂੰ ਅੰਦਰ ਸੱਦ ਲਿਆ - ਉਹ ਮੇਰੇ ਸਰੀਰ ਨਾਲ਼ ਲਿਪਟ ਕੇ ਕਾਬੁਲੀਵਾਲ਼ੇ ਦੇ ਚਿਹਰੇ ਤੇ ਝੋਲ਼ੇ ਨੂੰ ਸ਼ੱਕੀ ਨਜ਼ਰਾਂ ਨਾਲ਼ ਦੇਖਦੀ ਰਹੀ। ਕਾਬੁਲੀਵਾਲ਼ਾ ਉਸਨੂੰ ਝੋਲ਼ੇ 'ਚੋਂ ਕਿਸ਼ਮਿਸ਼, ਕਾਜੂ ਕੱਢ ਕੇ ਦੇਣ ਲੱਗਾ। ਪਰ ਉਹ ਲੈਣ ਲਈ ਕਿਸੇ ਤਰ੍ਹਾਂ ਵੀ ਰਾਜ਼ੀ ਨਾ ਹੋਈ। ਹੋਰ ਪਿਆਰ ਨਾਲ਼ ਮੇਰੇ ਗੋਡਿਆਂ ਨਾਲ਼ ਚਿੰਬੜ ਕੇ ਲੱਗ ਗਈ। ਪਹਿਲੀ ਮੁਲਾਕਾਤ ਇਸ ਤਰ੍ਹਾਂ ਪੂਰੀ ਹੋਈ।
ਕੁੱਝ ਦਿਨਾਂ ਬਾਅਦ ਇੱਕ ਦਿਨ ਸਵੇਰੇ ਕਿਸੇ ਕੰਮ ਤੋਂ ਬਾਹਰ ਜਾਂਦੇ ਸਮੇਂ ਮੈਂ ਦੇਖਿਆ, ਮੇਰੀ ਧੀ ਦਰਵਾਜ਼ੇ ਕੋਲ਼ ਮੇਜ਼ 'ਤੇ ਬੈਠ ਕੇ ਅਣਗਿਣਤ ਗੱਲਾਂ ਕਰ ਰਹੀ ਹੈ ਤੇ ਕਾਬੁਲੀਵਾਲ਼ਾ ਉਸਦੇ ਪੈਰਾਂ ਕੋਲ਼ ਬੈਠਾ ਮੁਸਕਰਾਉਂਦਾ ਹੋਇਆ ਸੁਣ ਰਿਹਾ ਹੈ, ਤੇ ਵਿੱਚ-ਵਿਚਾਲ਼ੇ ਲੋੜ ਅਨੁਸਾਰ ਆਪਣੀ ਸਹਿਮਤੀ ਵੀ ਮਿਲ਼ੀ-ਜੁਲ਼ੀ ਬੰਗਾਲੀ ਵਿੱਚ ਜ਼ਾਹਰ ਕਰ ਰਿਹਾ ਹੈ। ਮਿੰਨੀ ਨੂੰ ਆਪਣੇ ਪੰਜ ਸਾਲਾਂ ਦੇ ਜੀਵਨ ਵਿੱਚ ਪਿਤਾ ਤੋਂ ਇਲਾਵਾ ਅਜਿਹਾ ਸਹਿਣਸ਼ੀਲ ਸ੍ਰੋਤਾ ਕਦੇ ਵੀ ਨਹੀਂ ਸੀ ਮਿਲ਼ਿਆ। ਮੈਂ ਇਹ ਵੀ ਦੇਖਿਆ ਕਿ ਉਸਦੀ ਛੋਟੀ ਝੋਲ਼ੀ ਬਦਾਮ, ਕਿਸ਼ਮਿਸ਼ ਨਾਲ਼ ਭਰੀ ਹੋਈ ਸੀ। ਮੈਂ ਕਾਬੁਲੀਵਾਲ਼ੇ ਨੂੰ ਕਿਹਾ, ''ਇਹਨੂੰ ਇਹ ਸਭ ਕਿਉਂ ਦਿੱਤਾ। ਹੁਣ ਫਿਰ ਦੁਬਾਰਾ ਨਾ ਦੇਣਾ।'' ਅਤੇ ਮੈਂ ਜੇਬ ਚੋਂ ਇੱਕ ਅਠਿਆਨੀ ਕੱਢ ਕੇ ਉਸ ਨੂੰ ਦੇ ਦਿੱਤੀ। ਬਿਨਾਂ ਝਿਜਕ ਤੋਂ ਅਠਿਆਨੀ ਲੈ ਕੇ ਉਸ ਨੇ ਝੋਲ਼ੀ ਵਿੱਚ ਪਾ ਲਈ।
ਘਰ ਵਾਪਸ ਆ ਕੇ ਦੇਖਿਆ ਉਸ ਅਠਿਆਨੀ ਨੂੰ ਲੈ ਕੇ ਪੂਰਾ ਝਗੜਾ ਸ਼ੁਰੂ ਹੋਇਆ ਪਿਆ ਸੀ।
ਮਿੰਨੀ ਦੀ ਮਾਂ ਚਿੱਟੀ ਚਮਕਦੀ ਹੋਈ ਗੋਲ਼ ਚੀਜ਼ ਨੂੰ ਲੈ ਕੇ ਸਖ਼ਤੀ ਨਾਲ਼ ਮਿੰਨੀ ਤੋਂ ਪੁੱਛ ਰਹੀ ਸੀ, ''ਤੈਨੂੰ ਅਠਿਆਨੀ ਕਿੱਥੋਂ ਮਿਲ਼ੀ?''
ਮਿੰਨੀ ਕਹਿ ਰਹੀ ਸੀ, ''ਕਾਬੁਲੀਵਾਲ਼ੇ ਨੇ ਦਿੱਤੀ ਹੈ।''
ਉਸਦੀ ਮਾਂ ਕਹਿ ਰਹੀ ਸੀ, ''ਤੂੰ ਕਾਬੁਲੀਵਾਲ਼ੇ ਤੋਂ ਅਠਿਆਨੀ ਲੈਣ ਕਿਉਂ ਗਈ ਸੀ?''
ਮਿੰਨੀ ਰੋਣ ਦੀ ਤਿਆਰੀ ਕਰਦੇ ਹੋਏ ਬੋਲੀ, ''ਮੈਂ ਮੰਗੀ ਥੋੜਾ ਸੀ, ਉਸਨੇ ਆਪਣੇ ਆਪ ਦੇ ਦਿੱਤੀ।''
ਮੈਂ ਆ ਕੇ ਨਾਟਕੀ ਢੰਗ ਨਾਲ਼ ਇਸ ਸੰਕਟ ਤੋਂ ਮਿੰਨੀ ਦਾ ਖਹਿੜਾ ਛੁਡਾਇਆ ਤੇ ਉਸ ਨੂੰ ਬਾਹਰ ਲੈ ਗਿਆ।
ਪਤਾ ਲੱਗਿਆ, ਕਾਬੁਲੀਵਾਲ਼ੇ ਨਾਲ਼ ਮਿੰਨੀ ਦੀ ਇਹ ਦੂਜੀ ਮੁਲਾਕਾਤ ਹੋਵੇ, ਅਜਿਹਾ ਨਹੀਂ ਸੀ। ਇਸ ਦੌਰਾਨ ਉਸਨੇ ਅਕਸਰ ਰੋਜ਼ ਆ ਕੇ ਰਿਸ਼ਵਤ 'ਚ ਪਿਸਤਾ, ਬਦਾਮ ਦੇ ਕੇ ਮਿੰਨੀ ਦੇ ਕੋਮਲ ਦਿਲ ਵਿੱਚ ਜਗ੍ਹਾ ਬਣਾ ਲਈ ਸੀ।
ਪਤਾ ਲੱਗਿਆ, ਉਹਨਾਂ ਦੋਵਾਂ ਦੋਸਤਾਂ 'ਚ ਖਾਸ ਗੱਲਾਂ 'ਤੇ ਇਸ਼ਾਰੇ ਚਲਦੇ ਸਨ - ਜਿਵੇਂ ਰਹਿਮਤ ਨੂੰ ਦੇਖਦੇ ਹੀ ਮੇਰੀ ਕੁੜੀ ਹੱਸਦੇ-ਹੱਸਦੇ ਪੁੱਛਦੀ, ''ਕਾਬੁਲੀਵਾਲ਼ੇ! ਓ ਕਾਬੁਲੀਵਾਲ਼ੇ! ਤੇਰੀ ਝੋਲ਼ੀ ਵਿੱਚ ਕੀ ਆ।''
ਰਹਿਮਤ ਬਿਨਾਂ ਜ਼ਰੂਰਤ ਤੋਂ ਚੰਦਰ-ਬਿੰਦੂ ਜੋੜ ਕੇ ਹੱਸਦੇ ਹੋਏ ਜਵਾਬ ਦਿੰਦਾ, ''ਹਾਂਥੀ।''
ਭਾਵ ਉਸਦੀ ਝੋਲ਼ੀ ਵਿੱਚ ਇੱਕ ਹਾਥੀ ਹੈ। ਉਸਦੀ ਹੱਸਣੀ ਦਾ ਇਹੋ ਢੰਗ ਰਹੱਸਮਈ ਸੀ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਰਹੱਸ ਬਹੁਤ ਜ਼ਿਆਦਾ ਡੂੰਘਾ ਸੀ, ਪਰ ਇਸ ਤਰੀਕੇ ਨਾਲ਼ੇ ਦੋਵੇਂ ਹੀ ਕਾਫ਼ੀ ਅਰਾਮ ਮਹਿਸੂਸ ਕਰਦੇ ਰਹਿੰਦੇ ਤੇ ਸਰਦੀਆਂ ਦੀ ਸਵੇਰ ਨੂੰ ਇੱਕ ਬਾਲਗ ਅਤੇ ਛੋਟੇ ਬੱਚੇ ਦਾ ਸਧਾਰਨ ਹਾਸਾ ਵੇਖਕੇ ਮੈਨੂੰ ਵੀ ਚੰਗਾ ਲੱਗਦਾ।
ਉਹਨਾਂ 'ਚ ਇੱਕ ਹੋਰ ਗੱਲ ਵੀ ਪ੍ਰਚੱਲਿਤ ਸੀ। ਰਹਿਮਤ ਮਿੰਨੀ ਨੂੰ ਕਹਿੰਦਾ, ''ਮੁੰਨੀ, ਕੀ ਤੂੰ ਕਦੇ ਸਹੁਰੇ ਘਰ ਨਹੀਂ ਜਾਵੇਂਗੀ!''
ਬੰਗਾਲੀ ਪਰਿਵਾਰ ਦੀ ਕੁੜੀ ਜਨਮ ਤੋਂ ਹੀ 'ਸਹੁਰੇ ਘਰ' ਤੋਂ ਜਾਣੂ ਰਹਿੰਦੀ ਹੈ, ਪਰ ਸਾਡੇ ਕੁੱਝ ਆਧੁਨਿਕ ਢੰਗ ਦੇ ਹੋਣ ਕਾਰਨ ਲੜਕੀ ਨੂੰ ਸਹੁਰੇ ਘਰ ਨਾਲ਼ ਸਬੰਧ ਤੋਂ ਜਾਣੂ ਨਹੀਂ ਸੀ ਕਰਵਾਇਆ ਗਿਆ। ਇਸ ਲਈ ਉਹ ਰਹਿਮਤ ਦੀ ਬੇਨਤੀ ਨੂੰ ਠੀਕ ਤਰੀਕੇ ਨਾਲ਼ ਸਮਝ ਨਹੀਂ ਸੀ ਪਾਉਂਦੀ, ਫਿਰ ਵੀ ਸਵਾਲ ਦਾ ਕੁੱਝ-ਨਾ-ਕੁੱਝ ਉੱਤਰ ਦਿੱਤੇ ਬਿਨਾਂ ਚੁੱਪ ਕਰ ਜਾਣਾ ਉਸ ਦੇ ਸੁਭਾਅ ਦੇ ਬਿਲਕੁਲ ਉਲਟ ਸੀ, ਉਹ ਮੁੜ ਕੇ ਪੁੱਛਦੀ, ''ਤੂੰ ਸਹੁਰੇ ਘਰ ਜਾਵੇਂਗਾ?''
ਰਹਿਮਤ ਕਾਲਪਨਿਕ ਸਹੁਰੇ ਪ੍ਰਤੀ ਖੂਬ ਮੋਟਾ ਮੁੱਕਾ ਵੱਟ ਕੇ ਕਹਿੰਦਾ, ''ਮੈਂ ਸਹੁਰੇ ਨੂੰ ਮਾਰੂੰਗਾ।''
ਸੁਣ ਕੇ ਮਿੰਨੀ 'ਸਹੁਰੇ' ਨਾਂ ਦੇ ਅਣਜਾਣੇ ਜੀਵ ਦੀ ਮਾੜੀ ਹਾਲਤ ਦੀ ਕਲਪਨਾ ਕਰਕੇ ਬਹੁਤ ਹੱਸਦੀ।
ਸਰਦੀਆਂ ਦਾ ਸਾਫ਼ ਸੁਥਰਾ ਦਿਨ ਸੀ। ਪੁਰਾਤਨ ਸਮੇਂ 'ਚ ਰਾਜੇ-ਮਹਾਰਾਜੇ ਇਸ ਵੇਲ਼ੇ ਸਾਰਾ ਦੇਸ਼ ਜਿੱਤਣ ਲਈ ਨਿੱਕਲਦੇ ਸਨ। ਮੈਂ ਕਲਕੱਤਾ ਛੱਡ ਕੇ ਕਦੇ ਵੀ ਕਿਤੇ ਹੋਰ ਨਹੀਂ ਗਿਆ ਸੀ। ਪਰ ਖਿਆਲਾਂ 'ਚ ਮੇਰਾ ਮਨ ਪੂਰੀ ਦੁਨੀਆਂ ਦੇ ਗੇੜੇ ਲਾ ਰਿਹਾ ਸੀ। ਮੈਂ ਜਿਵੇਂ ਆਪਣੇ ਘਰ ਦੇ ਕੋਨੇ ਵਿੱਚ ਪ੍ਰਵਾਸੀ ਹੋਵਾਂ, ਬਾਹਰ ਦੀ ਦੁਨੀਆਂ ਲਈ ਮੇਰਾ ਮਨ ਸਦਾ ਬੇਚੈਨ ਰਹਿੰਦਾ। ਵਿਦੇਸ਼ ਦਾ ਨਾਂ ਸੁਣਦੇ ਹੀ ਮੇਰਾ ਮਨ ਭੱਜ ਲੈਂਦਾ, ਉਸ ਤਰ੍ਹਾਂ ਹੀ ਵਿਦੇਸ਼ੀ ਵਿਅਕਤੀ ਨੂੰ ਦੇਖਦੇ ਹੀ ਨਦੀ-ਪਹਾੜ-ਜੰਗਲ ਵਿੱਚ ਝੌਂਂਪੜੀ ਦਾ ਦ੍ਰਿਸ਼ ਮਨ 'ਚ ਪੈਦਾ ਹੁੰਦਾ ਤੇ ਇੱਕ ਖੁਸ਼ੀਆਂ ਭਰੀ ਆਜ਼ਾਦ ਜੀਵਨ-ਯਾਤਰਾ ਦੀ ਗੱਲ ਕਲਪਨਾ ਵਿੱਚ ਸਾਕਾਰ ਹੋ ਉੱਠਦੀ ਹੈ।
ਦੂਜੇ ਪਾਸੇ ਮੈਂ ਇੱਕ ਅਜਿਹਾ ਵਿਆਕੁਲ ਵਿਅਕਤੀ ਹਾਂ ਕਿ ਆਪਣਾ ਕੋਨਾ ਛੱਡ ਕੇ ਬਾਹਰ ਨਿੱਕਲ਼ਦੇ ਸਾਰ ਹੀ ਅਜਿਹਾ ਮਹਿਸੂਸ ਕਰਦਾ ਹਾਂ ਜਿਵੇਂ ਮੇਰੇ ਸਿਰ ਨਾਲ਼ ਅਚਾਨਕ ਕੋਈ ਘਟਨਾ ਵਾਪਰ ਗਈ ਹੋਵੇ। ਇਸ ਲਈ ਸਵੇਰੇ ਆਪਣੇ ਛੋਟੇ ਕਮਰੇ 'ਚ ਮੇਜ਼ ਸਾਹਮਣੇ ਬੈਠ ਕੇ ਇਸ ਕਾਬੁਲੀਵਾਲ਼ੇ ਨਾਲ਼ ਗੱਲਾਂ ਕਰਕੇ ਘੁੰਮਣ-ਫਿਰਨ ਦਾ ਮੇਰਾ ਕਾਫ਼ੀ ਕੰਮ ਹੋ ਜਾਂਦਾ ਹੈ। ਦੋਵੇਂ ਪਾਸੇ ਦੁਰਗਮ, ਲਾਲ-ਰੰਗੀ, ਦੁਖੀ, ਜੰਗਲੀ, ਉੱਚੀ ਪਰਬਤ-ਮਾਲਾ ਵਿਚਕਾਰ ਪਤਲਾ ਰਸਤਾ, ਭਾਰ ਨਾਲ਼ ਲੱਦੇ ਉੱਠਾਂ ਦੀਆਂ ਤੁਰਦੀਆਂ ਕਤਾਰਾਂ, ਪਰਨਾ ਬੰਨ੍ਹੀਂ ਜਾਂਦਾ ਵਪਾਰੀ, ਰਾਹੀਆਂ 'ਚੋਂ ਕੋਈ ਉੱਠ 'ਤੇ ਬੈਠਾ ਕੋਈ ਪੈਦਲ, ਕਿਸੇ ਦੇ ਹੱਥ ਵਿੱਚ ਭਾਲਾ, ਕਿਸੇ ਦੇ ਹੱਥ ਪੁਰਾਣੀ ਤਰ੍ਹਾਂ ਦੀ ਚਕਮਕ ਜੜੀ ਬੰਦੂਕ, ਕਾਬੁਲੀ ਸੁਰ 'ਚ ਟੁੱਟੀ-ਫੁੁੱਟੀ ਬੰਗਾਲੀ 'ਚ ਆਪਣੇ ਦੇਸ਼ ਦੀ ਗੱਲ ਕਰਦਾ ਤੇ ਮੇਰੀਆਂ ਅੱਖਾਂ ਸਾਹਮਣੇ ਉਹਦੀ ਤਸਵੀਰ ਆ ਜਾਂਦੀ।
ਮਿੰਨੀ ਦੀ ਮਾਂ ਬੜੇ ਸ਼ੱਕੀ ਸੁਭਾਅ ਦੀ ਔਰਤ ਸੀ। ਰਸਤੇ ਵਿੱਚ ਕੋਈ ਅਵਾਜ਼ ਸੁਣਦੇ ਹੀ ਉਸ ਨੂੰ ਲਗਦਾ, ਦੁਨੀਆਂ ਦੇ ਸਾਰੇ ਸ਼ਰਾਬੀ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਭੱਜੇ ਆ ਰਹੇ ਹਨ। ਇਹ ਧਰਤੀ ਹਰ ਥਾਂ ਚੋਰਾਂ, ਡਾਕੂਆਂ, ਸ਼ਰਾਬੀਆਂ, ਚੀਤੇ, ਸੱਪਾਂ, ਮੱਛਰ, ਕੀੜੇ, ਕਾਕਰੋਚ ਅਤੇ ਜ਼ਹਿਰੀਲੇ ਜਾਨਵਰਾਂ ਨਾਲ਼ ਭਰੀ ਪਈ ਹੈ; ਇੰਨੇ ਦਿਨ (ਬਹੁਤ ਜ਼ਿਆਦਾ ਨਹੀਂੰ) ਧਰਤੀ 'ਤੇ ਰਹਿਣ ਦੇ ਬਾਵਜੂਦ ਵੀ ਇਹ ਵਹਿਮ ਉਸ ਦੇ ਮਨੋਂ ਨਹੀ ਸੀ ਗਿਆ।
ਰਹਿਮਤ ਕਾਬੁਲੀਵਾਲ਼ੇ ਦੇ ਸਬੰਧ ਵਿੱਚ ਉਹ ਪੂਰੀ ਤਰ੍ਹਾਂ ਚਿੰਤਾ ਮੁਕਤ ਨਹੀਂ ਸੀ। ਉਸ 'ਤੇ ਖਾਸ ਨਜ਼ਰ ਰੱਖਣ ਲਈ ਉਹ ਮੈਨੂੰ ਵਾਰ-ਵਾਰ ਕਹਿ ਰਹੀ ਸੀ। ਉਸ ਦੇ ਸ਼ੱਕ ਨੂੰ ਮੇਰੇ ਦੁਆਰਾ ਹੱਸ ਕੇ ਟਾਲ਼ ਦੇਣ ਦੀ ਕੋਸ਼ਿਸ਼ ਕਰਨ 'ਤੇ ਉਸ ਨੇ ਮੈਨੂੰ ਕਈ ਸਵਾਲ ਪੁੱਛੇ, ''ਕੀ ਕਦੇ ਕਿਸੇ ਦੇ ਬੱਚੇ ਚੋਰੀ ਨਹੀਂ ਕੀਤੇ ਜਾਂਦੇ? ਕਾਬੁਲ ਦੇਸ਼ ਵਿੱਚ ਕੀ ਗੁਲਾਮ ਪ੍ਰਥਾ ਪ੍ਰਚੱਲਿਤ ਨਹੀਂ ਹੈ? ਕੀ ਇਹ ਹੱਟੇ-ਕੱਟੇ ਕਾਬੁਲੀ ਲਈ ਇੱਕ ਛੋਟੇ ਜਿਹੇ ਬੱਚੇ ਨੂੰ ਚੁੱਕ ਕੇ ਲਿਜਾਣਾ ਬਹੁਤ ਮੁਸ਼ਕਲ ਹੈ?''
ਮੈਨੂੰ ਮੰਨਣਾ ਪਿਆ, ਗੱਲ ਅਸੰਭਵ ਹੋਵੇ, ਇਹ ਤਾਂ ਨਹੀਂ ਹੋ ਸਕਦਾ, ਪਰ ਨਾ-ਮੰਨਣਯੋਗ ਹੈ। ਪਰ ਯਕੀਨ ਕਰਨ ਦੀ ਸ਼ਕਤੀ ਸਾਰਿਆਂ 'ਚ ਇੱਕੋ ਜਿੰਨੀ ਨਹੀਂ ਹੁੰਦੀ, ਇਸ ਲਈ ਮੇਰੀ ਘਰਵਾਲ਼ੀ ਦੇ ਦਿਲ 'ਚ ਵਹਿਮ ਬਣਿਆ ਰਿਹਾ। ਪਰ, ਮੈਂ ਇਸ ਵਜ੍ਹਾ ਕਰਕੇ ਨਿਰਦੋਸ਼ ਰਹਿਮਤ ਨੂੰ ਆਪਣੇ ਘਰ ਆਉਣ ਤੋਂ ਰੋਕ ਨਾ ਸਕਿਆ।
ਹਰ ਸਾਲ ਬਰਸਾਤ ਦੇ ਮਹੀਨਿਆਂ ਵਿੱਚ ਰਹਿਮਤ ਆਪਣੇ ਦੇਸ਼ ਚਲਾ ਜਾਂਦਾ ਸੀ। ਉਸ ਸਮੇਂ ਉਹ ਆਪਣਾ ਸਾਰਾ ਉਧਾਰ ਵਸੂਲ ਕਰਨ 'ਚ ਬੜਾ ਰੁੱਝਿਆ ਰਹਿੰਦਾ। ਦੂਰ-ਦੂਰ ਜਾਣਾ ਪੈਂਦਾ, ਪਰ ਫਿਰ ਵੀ ਉਹ ਮਿੰਨੀ ਨੂੰ ਇੱਕ ਵਾਰ ਜਰੂਰ ਮਿਲ਼ ਜਾਂਦਾ। ਦੇਖਣ 'ਚ ਸੱਚਮੁੱਚ ਅਜਿਹਾ ਲਗਦਾ ਜਿਵੇਂ ਦੋਹਾਂ ਵਿਚਕਾਰ ਕੋਈ ਸਾਜਿਸ਼ ਚੱਲ ਰਹੀ ਹੋਵੇ। ਜਿਸ ਦਿਨ ਉਹ ਸਵੇਰੇ ਨਾ ਆ ਸਕਦਾ, ਉਸ ਦਿਨ ਮੈਂ ਦੇਖਦਾ ਕਿ ਉਹ ਸ਼ਾਮ ਨੂੰ ਆ ਜਾਂਦਾ। ਹਨੇਰੇ 'ਚ ਕਮਰੇ ਦੇ ਕੋਨੇ 'ਚ ਢਿੱਲਾ ਜਿਹਾ ਕੁੜਤਾ-ਪਜਾਮਾ ਪਾਈ, ਝੋਲ਼ੀ ਵਾਲ਼ੇ ਉਸ ਆਦਮੀ ਨੂੰ ਦੇਖਣ 'ਤੇ ਸੱਚਮੁੱਚ ਹੀ ਦਿਲ 'ਚ ਸ਼ੱਕ ਪੈਦਾ ਹੋ ਜਾਂਦਾ। ਪਰ, ਜਦੋਂ ਦੇਖਦਾ ਕਿ ਮਿੰਨੀ 'ਕਾਬੁਲੀਵਾਲ਼ੇ, ਓ ਕਾਬੁਲੀਵਾਲ਼ੇ' ਕਹਿੰਦੀ ਹੱਸਦੀ ਹੋਈ ਭੱਜੀ ਆਉਂਦੀ ਤੇ ਉਹਨਾਂ ਦੋਹਾਂ ਨਾ-ਬਰਾਬਰ ਉਮਰ ਵਾਲ਼ੇ ਮਿੱਤਰਾਂ ਵਿਚਕਾਰ ਪੁਰਾਣੀ ਆਮ ਗੱਲਬਾਤ ਚੱਲਦੀ ਰਹਿੰਦੀ, ਤਾਂ ਦਿਲ ਖੁਸ਼ੀ ਨਾਲ਼ ਭਰ ਜਾਂਦਾ।
ਇੱਕ ਦਿਨ ਸਵੇਰੇ ਮੈਂ ਆਪਣੇ ਕਮਰੇ ਵਿੱਚ ਬੈਠਾ ਗਲਤੀਆਂ ਸੋਧ ਰਿਹਾ ਸੀ। ਸਰਦੀਆਂ ਤੋਂ ਪਹਿਲਾਂ ਅੱਜ ਦੋ-ਤਿੰਨ ਦਿਨ ਤੋਂ ਕਾਫੀ ਠੰਡ ਪੈ ਰਹੀ ਸੀ, ਚਾਰੇ ਪਾਸੇ ਇੱਕ ਠੰਡੀ ਸ਼ੀਤ ਹਵਾ ਚੱਲ ਰਹੀ ਸੀ। ਜੰਗਲ਼ੇ ਨੂੰ ਪਾਰ ਕਰਕੇ ਸਵੇਰ ਦੀ ਧੁੱਪ ਮੇਜ਼ ਹੇਠਾਂ ਦੀ ਮੇਰੇ ਪੈਰਾਂ 'ਤੇ ਪੈ ਰਹੀ ਸੀ। ਲਗਦਾ ਹੈ ਅੱਠ ਵੱਜ ਗਏ ਹੋਣਗੇ, ਸਿਰ 'ਤੇ ਮਫਲਰ ਲਪੇਟੀ ਸਵੇਰ ਦੀ ਸੈਰ ਕਰਨ ਵਾਲ਼ੇ ਲਗਭਗ ਸਾਰੇ ਸੈਰ ਕਰਕੇ ਘਰ ਆ ਗਏ ਸਨ। ਉਦੋਂ ਹੀ ਸੜਕ 'ਤੇ ਬੜੇ ਜ਼ੋਰ ਨਾਲ਼ ਰੌਲ਼ਾ ਪੈਂਦਾ ਸੁਣਾਈ ਦਿੱਤਾ। ਅੱਖ ਚੁੱਕ ਕੇ ਦੇਖਿਆ ਤਾਂ ਦੋ ਸਿਪਾਹੀ ਰਹਿਮਤ ਨੂੰ ਬੰਨ੍ਹੀ ਲਈ ਆ ਰਹੇ ਸਨ - ਉਹਨਾਂ ਦੇ ਪਿੱਛੇ ਤਮਾਸ਼ਾ ਦੇਖਣ ਵਾਲ਼ਿਆਂ ਦੀ ਟੋਲੀ ਆ ਰਹੀ ਸੀ। ਰਹਿਮਤ ਦੇ ਸਰੀਰ ਅਤੇ ਕੱਪੜਿਆਂ 'ਤੇ ਲਹੂ ਦੇ ਨਿਸ਼ਾਨ ਸਨ ਅਤੇ ਇੱਕ ਪਹਿਰੇਦਾਰ ਦੇ ਹੱਥ ਵਿੱਚ ਖੂਨ ਨਾਲ਼ ਲਿੱਬੜਿਆ ਚਾਕੂ ਸੀ। ਮੈਂ ਦਰਵਾਜ਼ੇ ਦੇ ਬਾਹਰ ਜਾ ਕੇ ਪਹਿਰੇਦਾਰ ਨੂੰ ਪੁੱਛਿਆ, ''ਕੀ ਗੱਲ ਹੈ?''
ਕੁੱਝ ਉਹਨਾਂ ਤੋਂ, ਕੁੱਝ ਰਹਿਮਤ ਤੋਂ ਸੁਣ ਕੇ ਪਤਾ ਲੱਗਿਆ ਕਿ ਸਾਡੇ ਇੱਕ ਗੁਆਂਢੀ ਨੇ ਰਾਮਪੁਰੀ ਚਾਦਰ ਲਈ ਰਹਿਮਤ ਤੋਂ ਕੁੱਝ ਪੈਸੇ ਉਧਾਰ ਲਏ ਸਨ - ਉਸ ਨੇ ਝੂਠ ਬੋਲ ਕੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਤੇ ਇਸ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਰਹਿਮਤ ਨੇ ਉਸਨੂੰ ਚਾਕੂ ਮਾਰ ਦਿੱਤਾ।
ਰਹਿਮਤ ਉਸ ਝੂਠੇ ਨੂੰ ਨਿਸ਼ਾਨਾ ਬਣਾ ਕੇ ਤਰ੍ਹਾਂ-ਤਰ੍ਹਾਂ ਦੀਆਂ ਗਾਲ਼ਾਂ ਕੱਢ ਰਿਹਾ ਸੀ, ਉਸ ਸਮੇਂ ਹੀ ਮਿੰਨੀ 'ਕਾਬੁਲੀਵਾਲ਼ੇ, ਓ ਕਾਬੁਲੀਵਾਲ਼ੇ' ਕਹਿੰਦੀ ਘਰੋਂ ਬਾਹਰ ਆ ਗਈ।
ਅੱਖ ਝੱਪਕਦੇ ਹੀ ਰਹਿਮਤ ਦਾ ਚਿਹਰਾ ਚਮਤਕਾਰੀ ਹਾਸੇ ਨਾਲ਼ ਭਰ ਗਿਆ। ਉਸ ਦੇ ਮੋਢੇ 'ਤੇ ਅੱਜ ਝੋਲ਼ਾ ਨਹੀਂ ਸੀ। ਇਸ ਲਈ ਝੋਲ਼ੇ ਦੇ ਸਬੰਧ 'ਚ ਉਹਨਾਂ ਦੀ ਰੋਜ਼ਾਨਾ ਗੱਲਬਾਤ ਨਾ ਹੋ ਸਕੀ।
ਮਿੰਨੀ ਨੇ ਮੌਕਾ ਮਿਲ਼ਦੇ ਹੀ ਉਸ ਤੋਂ ਪੁੱਛਿਆ, ''ਤੁਸੀਂ ਸਹੁਰੇ ਘਰ ਜਾਓਗੇ?''
ਰਹਿਮਤ ਨੇ ਹੱਸ ਕੇ ਕਿਹਾ, ''ਉੱਥੇ ਹੀ ਜਾ ਰਿਹਾ ਹਾਂ।''
ਜਦੋਂ ਦੇਖਿਆ ਕਿ ਜਵਾਬ ਮਿੰਨੀ ਨੂੰ ਤਸੱਲੀਬਖਸ਼ ਨਹੀਂ ਲੱਗਿਆ, ਤਾਂ ਉਸਨੇ ਹੱਥ ਦਿਖਾ ਕੇ ਕਿਹਾ, ''ਸਹੁਰੇ ਨੂੰ ਕੁੱਟਣਾ ਸੀ, ਪਰ ਕੀ ਕਰਾਂ ਹੱਥ ਬੰਨ੍ਹੇ ਹੋਏ ਨੇ।''
ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਰਹਿਮਤ ਨੂੰ ਕਈ ਸਾਲਾਂ ਦੀ ਜੇਲ ਹੋ ਗਈ। ਮੈਂ ਉਸਦੀ ਗੱਲ ਤਕਰੀਬਨ ਭੁੱਲ ਹੀ ਗਿਆ। ਅਸੀਂ ਜਿਸ ਸਮੇਂ ਘਰੇ ਬੈਠਕੇ ਹਮੇਸ਼ਾ ਵਾਂਗ ਰੋਜ਼ਾਨਾ ਦੇ ਨਿਯਮਤ ਕੰਮਾਂ ਵਿੱਚ ਇੱਕ ਤੋਂ ਬਾਅਦ ਇੱਕ ਦਿਨ ਕੱਟ ਕਰੇ ਸੀ, ਉਸ ਸਮੇਂ ਇੱਕ ਕੈਦੀ ਪਹਾੜੀ ਆਦਮੀ ਜੇਲ੍ਹ ਵਿੱਚ ਕਿਸ ਤਰ੍ਹਾਂ ਸਮਾਂ ਬਤੀਤ ਕਰ ਰਿਹਾ ਸੀ, ਇਹ ਗੱਲ ਸਾਡੇ ਦਿਲ ਵਿੱਚ ਕਦੇ ਵੀ ਨਾ ਆਈ।
ਅਤੇ ਸ਼ਰਾਰਤੀ ਮਿੰਨੀ ਦਾ ਸੁਭਾਅ ਤਾਂ ਬਹੁਤ ਹੀ ਜ਼ਿਆਦਾ ਸ਼ਰਮਨਾਕ ਸੀ, ਇਹ ਉਸਦੇ ਪਿਤਾ ਨੂੰ ਵੀ ਸਵੀਕਾਰ ਕਰਨਾ ਪਵੇਗਾ। ਉਸਨੇ ਬੇਝਿਜਕ ਹੋ ਕੇ ਆਪਣੇ ਪੁਰਾਣੇ ਮਿੱਤਰ ਨੂੰ ਭੁਲਾ ਕੇ ਪਹਿਲਾਂ ਤਾਂ ਨਬੀ ਸਾਇਸ ਨਾਲ਼ ਮਿੱਤਰਤਾ ਕਾਇਮ ਕੀਤੀ। ਬਾਅਦ ਵਿੱਚ ਜਿਵੇਂ-ਜਿਵੇਂ ਉਸ ਦੀ ਉਮਰ ਵਧਣ ਲੱਗੀ, ਉਵੇਂ ਹੀ ਦੋਸਤ ਬਦਲੇ ਸਹੇਲੀਆਂ ਇਕੱਠੀਆਂ ਹੋਣ ਲੱਗੀਆਂ। ਇਹੀ ਨਹੀਂ, ਹੁਣ ਉਹ ਆਪਣੇ ਪਿਤਾ ਦੇ ਪੜ੍ਹਨ-ਲਿਖਣ ਦੇ ਕਮਰੇ ਵਿੱਚ ਵੀ ਦਿਖਾਈ ਨਹੀਂ ਸੀ ਦਿੰਦੀ। ਮੈਂ ਤਾਂ ਉਸ ਨਾਲ਼ ਇੱਕ ਤਰ੍ਹਾਂ ਦੋਸਤੀ ਤੋੜ ਲਈ ਸੀ।
ਪਤਾ ਨਹੀਂ ਕਿੰਨੇ ਸਾਲ ਲੰਘ ਗਏ। ਫਿਰ ਇੱਕ ਦਿਨ ਪੱਤਝੜ ਦਾ ਮੌਸਮ ਆਇਆ। ਮੇਰੀ ਮਿੰਨੀ ਦਾ ਵਿਆਹ ਤੈਅ ਹੋ ਗਿਆ। ਪੂਜਾ ਦੀਆਂ ਛੁੱਟੀਆਂ 'ਚ ਉਸਦਾ ਵਿਆਹ ਹੋਵੇਗਾ, ਪਹਾੜੀ ਆਦਮੀ ਦੇ ਨਾਲ਼-ਨਾਲ਼ ਮੇਰੇ ਘਰ ਦੀ ਪਿਆਰੀ ਵੀ ਪਿਤਾ ਘਰੇ ਹਨੇਰਾ ਕਰਕੇ ਪਤੀ ਦੇ ਘਰ ਚਲੀ ਜਾਵੇਗੀ।
ਸਵੇਰ ਦਾ ਬਹੁਤ ਹੀ ਸੋਹਣਾ ਸਮਾਂ ਸੀ। ਮੀਂਹ ਤੋਂ ਬਾਅਦ ਸੂਰਜ ਦੀ ਨਵੀਂ ਧੋਤੀ ਧੁੱਪ ਨੇ ਜਿਵੇਂ ਧਰਤੀ 'ਤੇ ਵਿਛਾਏ ਹੋਏ ਨਿਰਮਲ ਸੋਨੇ ਜਿਹਾ ਰੂਪ ਲੈ ਲਿਆ ਸੀ, ਇਹ ਹੀ ਨਹੀਂ ਕਲਕੱਤੇ ਦੀਆਂ ਗਲ਼ੀਆਂ ਵਿੱਚ ਤੰਗ ਟੁੱਟੀਆਂ ਇੱਟਾਂ ਵਾਲ਼ੇ ਭੀੜੇ ਮਕਾਨਾਂ 'ਤੇ ਵੀ ਇਸ ਧੁੱਪ ਦੇ ਪ੍ਰਛਾਵੇਂ ਨੇ ਇੱਕ ਅਜੀਬ ਜਿਹੀ ਚਮਕ ਪਾ ਦਿੱਤੀ ਸੀ।
ਅੱਜ ਮੇਰੇ ਘਰੇ ਰਾਤ ਬੀਤਦੇ-ਬੀਤਦੇ ਹੀ ਸ਼ਹਿਨਾਈ ਵੱਜਣ ਲੱਗ ਪਈ ਸੀ। ਉਹ ਬੰਸਰੀ ਜਿਵੇਂ ਦਿਲ ਦੇ ਪਿੰਜ਼ਰ ਵਿੱਚ ਝਿਰਨਾਹਟ ਪੈਦਾ ਕਰਦੀ ਵੱਜ ਰਹੀ ਹੋਵੇ। ਕਰੁਣ ਭੈਰਵੀ ਰਾਗਿਨੀ ਮੇਰੀ ਪੀੜਾਦਾਈ ਵਿਛੋੜੇ ਦੀ ਸਥਿਤੀ ਨੂੰ ਸਿਆਲ਼ਾਂ ਦੀ ਧੁੱਪ ਨਾਲ਼ ਪੂਰੇ ਸੰਸਾਰ ਨੂੰ ਦੱਸ ਰਹੀ ਸੀ। ਅੱਜ ਮੇਰੀ ਮਿੰਨੀ ਦਾ ਵਿਆਹ ਸੀ।
ਸਵੇਰ ਤੋਂ ਹੀ ਬੜੀ ਭੀੜ ਸੀ, ਲੋਕ ਆ-ਜਾ ਰਹੇ ਸਨ। ਵਿਹੜੇ ਵਿਚਕਾਰ ਬਾਂਸ ਬੰਨ੍ਹ ਕੇ ਮੰਡਪ ਬਣਾਇਆ ਜਾ ਰਿਹਾ ਸੀ, ਘਰ ਦੇ ਕਮਰਿਆਂ 'ਚ ਅਤੇ ਵਰਾਂਡਿਆਂ ਵਿੱਚ ਪਰਦੇ ਟੰਗਣ ਦੀਆਂ ਠੱਕ- ਠੱਕ ਦੀਆਂ ਅਵਾਜਾਂ ਆ ਰਹੀਆਂ ਸਨ; ਕਾਫ਼ੀ ਰੌਲ਼ਾ ਪੈ ਰਿਹਾ ਸੀ।
ਮੈਂ ਆਪਣੇ ਲਿਖਣ ਵਾਲ਼ੇ ਕਮਰੇ ਵਿੱਚ ਬੈਠਾ ਹਿਸਾਬ ਦੇਖ ਰਿਹਾ ਸੀ, ਕਿ ਰਹਿਮਤ ਆ ਕੇ ਦੁਆ-ਸਲਾਮ ਕਰਕੇ ਕੋਲ਼ ਖੜਾ ਹੋ ਗਿਆ। ਪਹਿਲਾਂ ਤਾਂ ਮੈਂ ਪਹਿਚਾਣ ਹੀ ਨਾ ਸਕਿਆ। ਨਾ ਤਾਂ ਉਹਦੇ ਕੋਲ਼ ਝੋਲ਼ੀ ਸੀ, ਨਾ ਉਸਦੇ ਉਹ ਪਹਿਲਾਂ ਜਿਹੇ ਲੰਮੇ ਵਾਲ਼ ਸਨ; ਤੇ ਨਾ ਹੀ ਉਹਦੀ ਦੇਹ 'ਚ ਪਹਿਲਾਂ ਵਰਗੀ ਖਿੱਚ ਸੀ। ਆਖ਼ਰ ਉਸਦੀ ਹੱਸਣੀ ਦੇਖ ਕੇ ਉਸ ਨੂੰ ਪਛਾਣਿਆ।
ਮੈਂ ਕਿਹਾ, ''ਕਿਉਂ ਓਏ ਰਹਿਮਤ, ਕਦੋਂ ਆਇਆ?''
ਉਸ ਨੇ ਕਿਹਾ, ''ਕੱਲ ਸ਼ਾਮ ਨੂੰ ਜੇਲ੍ਹ ਤੋਂ ਬਾਹਰ ਆਇਆਂ।''
ਉਸਦੀ ਗੱਲ ਸੁਣ ਕੇ ਕੰਨਾਂ ਵਿੱਚ ਜ਼ੋਰ ਦੀ ਖੜਕਾ ਹੋਇਆ। ਕਦੇ ਕਿਸੇ ਖੂਨੀ ਨੂੰ ਸਾਹਮਣੇ ਨਹੀਂ ਸੀ ਦੇਖਿਆ, ਉਸਨੂੰ ਦੇਖ ਕੇ ਸਾਰਾ ਆਖ਼ਰੀ ਕੰਮ ਜਿਵੇਂ ਪ੍ਰਭਾਵਿਤ ਹੋ ਗਿਆ। ਦਿਲ ਨੇ ਕਿਹਾ, ''ਅੱਜ ਦੇ ਇਸ ਖੁਸ਼ੀ ਭਰੇ ਦਿਨ 'ਤੇ ਇਹ ਆਦਮੀ ਇੱਥੋਂ ਚਲਾ ਜਾਵੇ ਤਾਂ ਚੰਗਾ ਸੀ।''
ਮੈਂ ਕਿਹਾ, ''ਅੱਜ ਸਾਡੇ ਘਰ 'ਚ ਇੱਕ ਕੰਮ ਹੈ, ਮੈਂ ਕੰਮ 'ਚ ਰੁੱਝਿਆ ਹੋਇਆ ਹਾਂ, ਅੱਜ ਤੂੰ ਜਾਹ।''
ਗੱਲ ਸੁਣਦੇ ਹੀ ਉਹ ਤੁਰੰਤ ਜਾਣ ਲਈ ਤਿਆਰ ਹੋ ਗਿਆ, ਅਖ਼ੀਰ ਦਰਵਾਜ਼ੇ ਕੋਲ਼ ਪਹੁੰਚ ਕੇ ਥੋੜਾ ਇੱਧਰ-ਉੱਧਰ ਦੇਖ ਕੇ ਬੋਲਿਆ,''ਕੀ ਇੱਕ ਵਾਰ ਮਿੰਨੀ ਨੂੰ ਨਹੀਂ ਦੇਖ ਸਕਦਾ?''
ਉਸ ਨੂੰ ਪੂਰਾ ਵਿਸ਼ਵਾਸ ਸੀ, ਮਿੰਨੀ ਅੱਜ ਵੀ ਪਹਿਲਾਂ ਵਰਗੀ ਹੋਵੇਗੀ। ਜਿਵੇਂ ਉਸਨੇ ਸੋਚਿਆ ਹੋਵੇ; ਮਿੰਨੀ ਅੱਜ ਵੀ ਪਹਿਲਾਂ ਦੀ ਤਰ੍ਹਾਂ ਹੀ 'ਕਾਬੁਲੀਵਾਲ਼ੇ, ਓ ਕਾਬੁਲੀਵਾਲ਼ੇ' ਕਹਿੰਦੀ ਭੱਜੀ ਆਵੇਗੀ। ਉਹਨਾਂ ਦੀ ਉਹ ਅਤਿਅੰਤ ਉਤਸਾਹਪੂਰਨ ਪੁਰਾਣੀਆਂ ਹਾਸੇ ਮਜ਼ਾਕ ਦੀਆਂ ਗੱਲਾਂ 'ਚ ਕਿਸੇ ਤਰ੍ਹਾਂ ਦਾ ਵੀ ਫਰਕ ਨਹੀਂ ਹੋਵੇਗਾ। ਇਹੀ ਨਹੀਂ ਪੁਰਾਣੀ ਦੋਸਤੀ ਨੂੰ ਯਾਦ ਕਰਕੇ ਉਹ ਸ਼ਾਇਦ ਆਪਣੇ ਕਿਸੇ ਵਿਦੇਸ਼ੀ ਦੋਸਤ ਤੋਂ ਮੰਗ ਕੇ ਇੱਕ ਡੱਬਾ ਅੰਗੂਰ ਤੇ ਕਾਗਜ਼ ਵਿੱਚ ਲਪੇਟੇ ਕਿਸ਼ਮਿਸ਼ ਤੇ ਬਦਾਮ ਲਿਆਇਆ ਸੀ। ਉਸ ਦੀ ਆਪਣੀ ਉਹ ਝੋਲ਼ੀ ਹੁਣ ਨਹੀਂ ਸੀ।
ਮੈਂ ਕਿਹਾ, ''ਅੱਜ ਘਰ 'ਚ ਕੰਮ ਹੈ, ਅੱਜ ਕਿਸੇ ਹੋਰ ਨਾਲ਼ ਮੁਲਾਕਾਤ ਨਹੀਂੰ ਹੋ ਸਕਦੀ।''
ਉਹ ਜਿਵੇਂ ਕੁੱਝ ਦੁਖੀ ਹੋਇਆ। ਚੁੱਪ-ਚਾਪ ਖੜ੍ਹੇ-ਖੜ੍ਹੇ ਇੱਕ ਵਾਰ ਸਖ਼ਤ ਨਜ਼ਰਾਂ ਨਾਲ਼ ਉਹਨੇ ਮੇਰੇ ਵੱਲ ਦੇਖਿਆ, ਫਿਰ 'ਸਲਾਮ ਜਨਾਬ' ਕਹਿ ਕੇ ਦਰਵਾਜ਼ੇ ਤੋਂ ਬਾਹਰ ਚਲਾ ਗਿਆ। ਮੈਨੂੰ ਆਪਣੇ ਦਿਲ 'ਚ ਪਤਾ ਨਹੀਂ ਕਿਵੇਂ ਇੱਕ ਪੀੜਾ ਦਾ ਅਨੁਭਵ ਹੋਇਆ। ਸੋਚ ਰਿਹਾ ਸਾਂ ਕਿ ਉਸਨੂੰ ਵਾਪਸ ਬੁਲਾ ਲਵਾਂ, ਮੈਂ ਦੇਖਿਆ ਕਿ ਉਹ ਖੁਦ ਹੀ ਵਾਪਸ ਤੁਰਿਆ ਆ ਰਿਹਾ ਹੈ। ਨੇੜੇ ਆ ਕੇ ਬੋਲਿਆ, ''ਇਹ ਅੰਗੂਰ ਤੇ ਥੋੜੇ ਜਿਹੇ ਕਿਸ਼ਮਿਸ਼-ਬਦਾਮ ਮੁੰਨੀ ਲਈ ਲਿਆਇਆ ਸੀ, ਉਸਨੂੰ ਦੇ ਦਿਓ।''
ਉਹ ਲੈ ਕੇ ਪੈਸੇ ਦੇਣ ਲਈ ਤਿਆਰ ਹੁੰਦੇ ਹੀ ਉਸ ਨੇ ਤੁਰੰਤ ਮੇਰਾ ਹੱਥ ਫੜ ਲਿਆ। ਬੋਲਿਆ, ''ਤੁਹਾਡੀ ਬੜੀ ਮਿਹਰਬਾਨੀ ਹੈ, ਮੈਨੂੰ ਸਦਾ ਯਾਦ ਰਹੇਗੀ - ਮੈਨੂੰ ਪੈਸੇ ਨਾ ਦਿਓ। ਜਨਾਬ, ਜਿਵੇਂ ਤੁਹਾਡੇ ਇੱਕ ਧੀ ਹੈ ਉਂਝ ਹੀ ਦੇਸ਼ ਵਿੱਚ ਮੇਰੀ ਵੀ ਇੱਕ ਧੀ ਹੈ। ਮੈਂ ਉਸਦਾ ਹੀ ਚਿਹਰਾ ਯਾਦ ਕਰਕੇ ਤੁਹਾਡੀ ਮੁੰਨੀ ਲਈ ਥੋੜੇ-ਬਹੁਤ ਮੇਵੇ ਲੈ ਕੇ ਆਇਆ ਹਾਂ, ਸੌਦਾ ਕਰਨ ਲਈ ਨਹੀਂ।''
ਇਹ ਕਹਿੰਦੇ ਹੋਏ ਉਸਨੇ ਆਪਣੇ ਢਿੱਲੇ-ਢਾਲੇ ਕੁੜਤੇ 'ਚ ਹੱਥ ਪਾ ਕੇ ਛਾਤੀ ਕੋਲ਼ੋਂ ਮੈਲ਼ੇ ਕਾਗਜ਼ ਦਾ ਇੱਕ ਟੁਕੜਾ ਕੱਢਿਆ ਤੇ ਬੜੀ ਕੋਸ਼ਿਸ਼ ਨਾਲ਼ ਉਸਦੀ ਤਹਿ ਖੋਲ ਕੇ ਦੋਵਾਂ ਹੱਥਾਂ ਨਾਲ਼ ਮੇਰੇ ਮੇਜ਼ 'ਤੇ ਵਿਛਾ ਦਿੱਤਾ।
ਦੇਖਿਆ ਕਿ ਕਾਗਜ਼ 'ਤੇ ਕਿਸੇ ਨੰਨ੍ਹੇ ਹੱਥ ਦੀ ਨਿਸ਼ਾਨੀ ਸੀ। ਫੋਟੋ ਨਹੀਂ, ਰੇਖਾ ਚਿੱਤਰ ਨਹੀਂ, ਹੱਥਾਂ 'ਤੇ ਥੋੜੀ ਜਿਹੀ ਕਾਲਖ ਲਾ ਕੇ ਕਾਗਜ਼ ਉੱਤੇ ਉਸਦੀ ਛਾਪ ਲੈ ਲਈ ਗਈ ਸੀ। ਧੀ ਦੇ ਇਸ ਯਾਦਗਾਰੀ ਨਿਸ਼ਾਨ ਨੂੰ ਛਾਤੀ ਨਾਲ਼ ਲਾਈ ਰਹਿਮਤ ਹਰ ਸਾਲ ਕਲਕੱਤੇ ਦੀਆਂ ਸੜਕਾਂ 'ਤੇ ਮੇਵੇ ਵੇਚਣ ਆਉਂਦਾ, ਜਿਵੇਂ ਉਸ ਕੋਮਲ ਨੰਨ੍ਹੇ ਹੱਥ ਦੀ ਛੋਹ ਹੀ ਉਸਦੇ ਵੱਡੇ ਸਰੀਰ 'ਚ ਖੂਨ ਦਾ ਸੰਚਾਰ ਕਰਦੀ ਹੋਵੇ।
ਦੇਖ ਕੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ। ਉਹ ਇੱਕ ਕਾਬੁਲੀ-ਮੇਵੇ ਵਾਲ਼ਾ ਹੈ ਤੇ ਮੈਂ ਇੱਕ ਸੰਭ੍ਰਾਂਤ ਵੰਸ਼ੀ ਬੰਗਾਲੀ - ਉਸ ਵੇਲ਼ੇ ਮੈਂ ਭੁੱਲ ਗਿਆ, ਉਸ ਵੇਲ਼ੇ ਮੈਂ ਸਮਝਿਆ ਕਿ ਜੋ ਉਹ ਹੈ, ਉਹ ਹੀ ਮੈਂ ਹਾਂ। ਉਹ ਵੀ ਪਿਓ ਹੈ, ਮੈਂ ਵੀ ਪਿਓ ਹਾਂ। ਉਸਦੀ ਪਰਬਤ ਵਾਸੀ ਨੰਨ੍ਹੀ ਪਹਾੜੀ ਧੀ ਦੀ ਉਸ ਹੱਥ ਛਾਪ ਨੇ ਮੈਨੂੰ ਵੀ ਆਪਣੀ ਮਿੰਨੀ ਦੀ ਯਾਦ ਦਿਵਾ ਦਿੱਤੀ। ਮੈਂ ਤੁਰੰਤ ਹੀ ਉਸਨੂੰ ਅੰਦਰੋਂ ਬੁਲਾਇਆ। ਪਰ ਇਸ ਗੱਲ 'ਤੇ ਬਹੁਤ ਵਿਰੋਧ ਹੋਇਆ। ਪਰ ਮੈਂ ਉਹਨਾਂ 'ਤੇ ਕੋਈ ਧਿਆਨ ਨਾ ਦਿੱਤਾ। ਲਾਲ ਜੋੜਾ ਪਹਿਨੀ, ਮੱਥੇ 'ਤੇ ਚੰਦਨ ਲਾਈ, ਵਿਆਹ ਵਾਲ਼ੇ ਜੋੜੇ ਵਿੱਚ ਮਿੰਨੀ ਅਰਾਮ ਨਾਲ਼ ਮੇਰੇ ਕੋਲ਼ ਆ ਕੇ ਖੜੀ ਹੋ ਗਈ।
ਉਸਨੂੰ ਦੇਖ ਕੇ ਪਹਿਲਾਂ ਤਾਂ ਕਾਬੁਲੀਵਾਲ਼ਾ ਕੰਬ ਗਿਆ, ਆਪਣੀ ਪੁਰਾਣੀ ਗੱਲਬਾਤ ਨਾ ਕਰ ਸਕਿਆ। ਅੰਤ ਹੱਸ ਕੇ ਬੋਲਿਆ, ''ਮਿੰਨੀ, ਤੂੰ ਸਹੁਰੇ ਘਰ ਜਾਵੇਂਗੀ।''
ਮਿੰਨੀ ਹੁਣ ਤੱਕ ਸਹੁਰੇ ਘਰ ਦਾ ਮਤਲਬ ਸਮਝਦੀ ਸੀ, ਇਸ ਵੇਲ਼ੇ ਉਹ ਪਹਿਲਾਂ ਵਾਂਗ ਜਵਾਬ ਨਾ ਦੇ ਸਕੀ - ਰਹਿਮਤ ਦਾ ਸਵਾਲ ਸੁਣ ਕੇ ਸ਼ਰਮ ਨਾਲ਼ ਲਾਲ ਹੋ ਕੇ ਮੂੰਹ ਫੇਰ ਕੇ ਖੜੀ ਹੋ ਗਈ। ਮੈਨੂੰ ਉਸ ਦਿਨ ਦੀ ਯਾਦ ਆ ਗਈ, ਜਿਸ ਦਿਨ ਕਾਬੁਲੀਵਾਲ਼ੇ ਨਾਲ਼ ਮਿੰਨੀ ਦੀ ਪਹਿਲੀ ਮੁਲਾਕਾਤ ਹੋਈ ਸੀ। ਦਿਲ ਪਤਾ ਨਹੀਂ ਕਿੰਨਾ ਬੇਕਾਬੂ ਹੋ ਗਿਆ ਸੀ।
ਮਿੰਨੀ ਦੇ ਜਾਣ ਤੋਂ ਬਾਅਦ ਸਾਹ ਲੈ ਕੇ ਰਹਿਮਤ ਹੇਠਾਂ ਬੈਠ ਗਿਆ। ਅਚਾਨਕ ਉਸਦੀ ਸਮਝ 'ਚ ਸਾਫ਼ ਆ ਗਿਆ, ਇਸ ਦੌਰਾਨ ਉਸਦੀ ਧੀ ਵੀ ਏਨ੍ਹੀ ਵੱਡੀ ਹੋ ਗਈ ਹੋਵੇਗੀ। ਉਸ ਦੇ ਨਾਲ਼ ਨਵੀਂ ਜਾਣ-ਪਹਿਚਾਣ ਕਰਨੀ ਹੋਵੇਗੀ। ਉਹ ਉਸ ਨੂੰ ਪਹਿਲਾਂ ਵਾਂਗ ਨਹੀਂ ਮਿਲ਼ੇਗੀ। ਇਨ੍ਹਾਂ ਅੱਠਾਂ ਸਾਲਾਂ ਵਿੱਚ ਉਸ 'ਤੇ ਕੀ ਬੀਤੀ ਹੋਵੇਗੀ; ਇਹ ਵੀ ਭਲਾ ਕੌਣ ਜਾਣਦਾ ਹੈ। ਸਵੇਰ ਦੇ ਸਮੇਂ ਸੂਰਜ ਦੀਆਂ ਕਿਰਨਾਂ 'ਚ ਸ਼ਹਿਨਾਈ ਵੱਜਣ ਲੱਗੀ, ਰਹਿਮਤ ਕਲਕੱਤੇ ਦੀ ਕਿਸੇ ਗਲ਼ੀ 'ਚ ਬੈਠ ਕੇ ਅਫਗਾਨਿਸਤਾਨ ਦੇ ਕਿਸੇ ਪਹਾੜ ਦਾ ਦ੍ਰਿਸ਼ ਵੇਖਣ ਲੱਗਾ।
ਮੈਂ ਇੱਕ ਨੋਟ ਕੱਢ ਕੇ ਉਸ ਨੂੰ ਦਿੱਤਾ ਤੇ ਕਿਹਾ, ''ਰਹਿਮਤ ਤੂੰ ਆਪਣੀ ਕੁੜੀ ਕੋਲ਼ ਆਪਣੇ ਦੇਸ਼ ਜਾਹ; ਤੇਰਾ ਮਿੱਠਾ ਮਿਲਾਪ ਮੇਰੀ ਮਿੰਨੀ ਦਾ ਭਲਾ ਕਰੇ।''
ਇਨ੍ਹਾਂ ਪੈਸਿਆਂ ਦਾ ਦਾਨ ਕਰਨ ਕਰਕੇ ਹਿਸਾਬ 'ਚੋਂ ਇਸ ਸਮਾਗਮ ਦੇ ਦੋ-ਚਾਰ ਪ੍ਰੋਗਰਾਮ ਕੱਢ ਦੇਣੇ ਪਏ। ਜਿਵੇਂ ਸੋਚਿਆ ਸੀ, ਬਿਜਲੀ ਦੀ ਰੌਸ਼ਨੀ ਉਵੇਂ ਨਹੀਂ ਕੀਤੀ ਜਾ ਸਕੀ। ਫੌਜੀ ਬੈਂਡ ਵੀ ਨਾ ਆ ਸਕਿਆ। ਅੰਤ 'ਚ ਔਰਤਾਂ ਬੜੀਆਂ ਨਰਾਜ਼ ਹੋਈਆਂ ਪਰ ਚੰਗੇ ਭਾਗੀਂ ਮੇਰਾ ਇਹ ਸ਼ੁਭ ਸਮਾਗਮ ਸਿਰੇ ਚੜ੍ਹ ਗਿਆ।

- Posted by Admin