sangrami lehar

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜੁਲਾਈ 2018)

  • 01/07/2018
  • 10:02 PM

ਜਨਵਾਦੀ ਇਸਤਰੀ ਸਭਾ ਪੰਜਾਬ ਦੀਆਂ ਜਥੇਬੰਦਕ ਸਰਗਰਮੀਆਂ ਤੇ ਜ਼ਿਲ੍ਹਾ ਕੇਂਦਰਾਂ 'ਤੇ ਧਰਨੇ
ਪਿਛਲੇ ਦਿਨਾਂ ਵਿਚ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਕੁਝ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਔਰਤਾਂ ਦੀਆਂ ਜਨਤਕ ਮੀਟਿੰਗਾਂ ਕਰਕੇ ਸਭਾ ਦੇ ਯੂਨਿਟ ਵੀ ਬਣਾਏ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਸਭਾ ਦਾ ਮੰਗ  ਪੱਤਰ ਸਰਕਾਰ ਨੂੰ ਭੇਜਣ ਲਈ ਜ਼ਿਲ੍ਹਾ ਕੇਂਦਰਾਂ 'ਤੇ ਮਾਰੇ ਜਾ ਰਹੇ ਧਰਨਿਆਂ ਦੀ ਤਿਆਰੀ ਕੀਤੀ। ਇਸ ਸੰਦਰਭ ਵਿਚ ਜ਼ਿਲ੍ਹਾ ਪਟਿਆਲਾ 'ਚ ਪਿੰਡ ਤੰਬੂਵਾਲਾ, ਬਾਹਮਣ ਮਾਜਰਾ, ਨਿਆਲ ਅਤੇ ਸਮਾਣਾ ਵਿਖੇ, ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਚੋਟੀਆਂ, ਚੱਕ ਬੀੜ ਸਰਕਾਰ, ਬੂੜਾ ਗੁੱਜਰ ਅਤੇ ਭੂੰਦੜ ਵਿਚ, ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਗੀਵਾਂਦਰ, ਬੁਗ੍ਹੇਰ ਚੜ ਸਿੰਘ, ਲੇਲੇਵਾਲਾ ਅਤੇ ਫਤਿਹਗੜ੍ਹ ਨੌ-ਆਬਾਦ ਵਿਖੇ, ਜ਼ਿਲ੍ਹਾ ਸੰਗਰੂਰ ਦੇ ਪਿੰਡ ਆਲਮਵਾਲਾ, ਗੁਰਨੇ ਖੁਰਦ, ਬਖੌਰਾ ਕਲਾਂ, ਕਾਲ ਵਣਜਾਰਾ ਅਤੇ ਅਲੀਸ਼ੇਰ ਵਿਖੇ ਭਰਵੀਆਂ ਮੀਟਿੰਗਾਂ ਕਰਕੇ ਸਭਾ ਦੇ ਯੂਨਿਟ ਬਣਾਏ ਗਏ। ਏਸੇ ਤਰ੍ਹਾਂ ਮੁਕਤਸਰ ਸਾਹਿਬ ਅਤੇ ਰੋਪੜ ਜ਼ਿਲ੍ਹਾ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ। ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ ਮਾਰੇ ਗਏ ਧਰਨਿਆਂ ਤੇ ਮੁਜ਼ਾਹਰਿਆਂ ਦੀਆਂ ਰਿਪੋਰਟਾਂ ਹੇਠ ਲਿਖੇ ਅਨੁਸਾਰ ਹਨ :
ਪਟਿਆਲਾ : 6 ਜੂਨ ਨੂੰ ਜਨਵਾਦੀ ਇਸਤਰੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਜਿਸ ਨੂੰ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕੀਤਾ। ਇਸ ਤੋਂ ਪਹਿਲਾ ਔਰਤਾਂ ਨੇ ਮਾਰਚ ਵੀ ਕੀਤਾ। ਇਸ ਧਰਨੇ ਦੌਰਾਨ ਬੀਬੀ ਸੁਰਜੀਤ ਕੌਰ ਘੱਗਾ, ਬਲਬੀਰ ਕੌਰ ਨਿਕਲ, ਕੌਸ਼ਾਲਿਆ ਦੇਵੀ, ਕੁਲਵਿੰਦਰ ਕੌਰ, ਰਾਣੀ ਬਾਹਮਣ ਮਾਜਰਾ, ਬਲਬੀਰ ਕੌਰ ਨਿਆਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਔਰਤਾਂ ਦੀਆਂ ਸਮੱਸਿਆਂ ਬਾਰੇ ਜਿਕਰ ਕਰਦਿਆਂ ਔਰਤਾਂ ਖਾਸ ਕਰ ਬਾਲੜੀਆਂ 'ਤੇ ਹੋ ਰਹੇ ਅਤਿਆਚਾਰਾਂ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਅਜਿਹੇ ਮਾਮਲਿਆਂ 'ਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਮਗਰੋਂ ਧਰਨਾਕਾਰੀਆਂ ਨੇ ਇੱਕ ਮੰਗ ਪੱਤਰ ਵੀ ਦਿੱਤਾ।
ਜਲੰਧਰ : ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੇ ਫੈਸਲੇ ਤਹਿਤ ਸਭਾ ਦੀ ਜ਼ਿਲ੍ਹਾ ਜਲੰਧਰ ਇਕਾਈ ਵਲੋਂ 19 ਜੂਨ ਨੂੰ ਡਿਪਟੀ ਕਮਿਸ਼ਨਰ ਜਲੰਧਰ ਦੇ ਦਫਤਰ ਮੂਹਰੇ ਰੋਹ ਭਰਪੂਰ ਧਰਨਾ ਮਾਰਿਆ ਗਿਆ ਜਿਸ ਵਿਚ ਸੈਂਕੜੇ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਧਰਨਾਕਾਰੀ ਬੀਬੀਆਂ ਵਲੋਂ ਇਸ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਜਲੰਧਰ ਤੋਂ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਜਬਰਦਸਤ ਰੋਸ ਮੁਜ਼ਾਹਰਾ ਵੀ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੂੰ ਸੇਧ ਦੇਣ ਲਈ ਸੂਬਾਈ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ, ਸੂਬਾਈ ਆਗੂ ਬੀਬੀ ਬਿਮਲਾ ਅਤੇ ਡਾਕਟਰ ਰਘੁਬੀਰ ਕੌਰ ਉਚੇਚੀਆਂ ਪੁੱਜੀਆਂ। ਧਰਨੇ ਦੀ ਪ੍ਰਧਾਨਗੀ ਬੀਬੀ ਕੰਚਨ, ਪਾਰਵਤੀ, ਜਸਵਿੰਦਰ ਕੌਰ ਮਾਹੂੰਵਾਲ ਅਤੇ ਸੁਨੀਤਾ ਫਿਲੌਰ (ਕੌਂਸਲਰ) 'ਤੇ ਅਧਾਰਿਤ ਪ੍ਰਧਾਲਗੀ ਮੰਡਲ ਵਲੋਂ ਕੀਤੀ ਗਈ।
ਰੋਸ ਪ੍ਰਦਰਸ਼ਨ ਦੌਰਾਨ ਵੇਲਾ ਵਿਹਾ ਚੁੱਕੀ ਘੋਰ ਔਰਤ ਵਿਰੋਧੀ -ਪ੍ਰਗਤੀ ਵਿਰੋਧੀ ਮਨੂੰੂਵਾਦੀ ਵਿਵਸਥਾ ਦੀ ਮੁੜ ਸਥਾਪਤੀ ਦੇ ਕੋਝੇ ਯਤਨਾਂ ਵਿਰੁੱਧ ਔਰਤਾਂ ਨੂੰ ਸੰਘਰਸ਼ਾਂ 'ਚ ਨਿੱਤਰਣ ਦਾ ਸੱਦਾ ਦਿੰਦੇ ਨਾਅਰੇ ਬੁਲੰਦ ਕੀਤੇ ਗਏ। ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਦੇ ਸਿੱਟੇ ਵਜੋਂ ਔਰਤਾਂ ਦੇ ਜੀਵਨ 'ਤੇ ਪੈਣ ਵਾਲੇ ਨਾਂਹ ਪੱਖੀ ਆਰਥਕ-ਸਮਾਜਕ-ਸਭਿਆਚਾਰਕ ਦੁਸ਼ਪ੍ਰਭਾਵਾਂ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਪ੍ਰਦਰਸ਼ਨਕਾਰੀ ਬੀਬੀਆਂ ਵਲੋਂ ਮਨੂੰਵਾਦ ਦੀ ਪੁੱਠ ਚੜ੍ਹੇ ਲਚਰ-ਪੂੰਜੀਵਾਦੀ ਸੱਭਿਆਚਾਰ ਵਿਰੁੱਧ ਵੀ ਲੋਕਾਂ ਨੂੰ ਸੁਚੇਤ ਹੋ ਕੇ ਡੱਟਣ ਦਾ ਸੱਦਾ ਦਿੱਤਾ ਗਿਆ।
ਮੁਕਤਸਰ : 22 ਜੂਨ ਨੂੰ ਡੀਸੀ ਦਫਤਰ ਮੂਹਰੇ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੱਦੇ 'ਤੇ ਇਕੱਤਰ ਹੋਈਆਂ ਸੈਂਕੜੇ ਬੀਬੀਆਂ ਵਲੋਂ ਧਰਨਾ ਮਾਰ ਕੇ ਅਧਿਕਾਰੀਆਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਇੱਥੇ ਸ਼ਹਿਰ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਮੁਜ਼ਾਹਰਾ ਵੀ ਕੀਤਾ ਗਿਆ। ਸਮੁੱਚੇ ਰੋਸ ਐਕਸ਼ਨ ਦਾ ਮਾਰਗ ਦਰਸ਼ਨ ਕਰਨ ਲਈ ਸੂਬਾਈ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ ਉਚੇਚੇ ਪੁੱਜੇ। ਰੋਸ ਐਕਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ, ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਕੌਰ ਬੱਲ, ਗੁਰਮੀਤ ਕੌਰ ਚੱਕ ਬੀੜ ਸਰਕਾਰ, ਜਸਪ੍ਰੀਤ ਕੌਰ, ਸੁਖਜੀਤ ਕੌਰ ਨੇ ਕੀਤੀ। ਉਕਤ ਤੋਂ ਇਲਾਵਾ, ਵੀਰਪਾਲ ਕੌਰ, ਅਜੀਤ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਸੁਖਜੀਤ ਕੌਰ, ਅਮਰਜੀਤ ਕੌਰ, ਕਸ਼ਮੀਰ ਕੌਰ ਨੇ ਵੀ ਆਪੋ ਆਪਣੇ ਵਿਚਾਰ ਰੱਖੇ।


ਜਮਹੂਰੀ ਕਿਸਾਨ ਸਭਾ ਪੰਜਾਬ ਦੀਆਂ ਸਰਗਰਮੀਆਂ
ਜਮਹੂਰੀ ਕਿਸਾਨ ਸਭਾ ਪੰਜਾਬ ਦੀ 6 ਜੂਨ ਨੂੰ ਹੋਈ ਸੂਬਾਈ ਵਰਕਿੰਗ ਕਮੇਟੀ ਮੀਟਿੰਗ ਵਲੋਂ ਲਏ ਗਏ ਫੈਸਲਿਆਂ ਅਨੁਸਾਰ 9 ਤੋਂ 18 ਜੂਨ ਤੱਕ ਕਿਸਾਨੀ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਕੀਤਾ ਗਿਆ। 9 ਜੂਨ ਨੂੰ ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਨੂੰ ਜ਼ਹਿਰੀਲਾ ਬਣਾਏ ਜਾਣ ਵਿਰੁੱਧ ਤਰਨ ਤਾਰਨ ਜ਼ਿਲ੍ਹੇ ਦੀ ਲੋਹਕਾ ਖੰਡ ਮਿੱਲ ਮੂਹਰੇ ਰੋਹ ਭਰਪੂਰ ਧਰਨਾ ਮਾਰਿਆ ਗਿਆ। 14 ਜੂਨ ਗੰਨਾ ਖੇਤਰ ਦੇ ਕਿਸਾਨਾਂ ਦੇ ਬਕਾਇਆਂ ਦੀ ਪ੍ਰਾਪਤੀ ਲਈ ਅਧਿਕਾਰੀਆਂ ਨੂੰ ਵੱਡ ਆਕਾਰੀ ਵਫ਼ਦ ਮਿਲੇ ਅਤੇ ਧਰਨੇ ਮਾਰੇ ਗਏ। 16 ਜੂਨ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਕੌਮਾਂਤਰੀ ਮੰਡੀ ਅਨੁਸਾਰ ਪੈਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ਨਿਆਂ ਸੰਗਤ ਨਾ ਕੀਤੇ ਜਾਣ ਵਿਰੁੱਧ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਲਾਏ ਜਾਂਦੇ ਅੰਨ੍ਹੇਵਾਹ ਵੈਟ ਖਿਲਾਫ਼ ਦੋਹਾਂ ਸਰਕਾਰਾਂ ਦੇ ਪੁਤਲੇ ਫੂਕੇ ਗਏ। ਉਕਤ ਪੁਤਲਾ ਫੂੁਕ ਪ੍ਰਦਰਸ਼ਨਾਂ ਦੌਰਾਨ ਕਿਸਾਨਾਂ ਨੂੰ ਡੀਜ਼ਲ ਬਾਜ਼ਾਰ ਕੀਮਤ ਤੋਂ ਅੱਧੇ ਰੇਟ 'ਤੇ ਦੇਣ ਦੀ ਮੰਗ ਕੀਤੀ ਗਈ। 18 ਜੂਨ ਨੂੰ ਪਾਵਰਕਾਮ ਦਫਤਰਾਂ ਮੂਹਰੇ ਰੋਹੀਲੇ ਪ੍ਰਦਰਸ਼ਨ ਕੀਤੇ ਗਏ। ਸੰਖੇਪ ਰਿਪੋਰਟਾਂ :
ਅੰਮ੍ਰਿਤਸਰ : ਜਮਹੂਰੀ ਕਿਸਾਨ ਸਭਾ ਵਲੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਸਰਹੱਦੀ ਜੋਨ ਦੇ ਚੀਫ਼ ਇੰਜੀਨੀਅਰ ਦੇ ਦਫਤਰ ਮੂਹਰੇ ਰੋਹ ਭਰਪੂਰ ਧਰਨਾ ਮਾਰਿਆ ਗਿਆ। ਧਰਨੇ 'ਚ ਸ਼ਾਮਲ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਇਸ ਤੋਂ ਪਹਿਲਾਂ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚ ਪਾਵਰ ਕਾਰਪੋਰੇਸ਼ਨ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ  ਜਬਰਦਸਤ ਰੋਸ ਮੁਜ਼ਾਹਰਾ ਵੀ ਕੀਤਾ। ਧਰਨੇ ਦੀ ਅਗਵਾਈ ਬਲਦੇਵ ਸਿੰਘ ਸੈਦਪੁਰ, ਸੁੱਚਾ ਸਿੰਘ ਤੇ ਪ੍ਰਿੰਸੀਪਲ ਬਲਦੇਵ ਸਿੰਘ ਵਲੋਂ ਕੀਤੀ ਗਈ। ਧਰਨਾਕਾਰੀਆਂ ਨੂੰ ਡਾ. ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਬਲਵੰਤ ਸਿੰਘ, ਪ੍ਰਸ਼ੋਤਮ ਸਿੰਘ, ਗੁਰ ਸਾਹਿਬ ਸਿੰਘ ਅਤੇ ਜਗਜੀਤ ਸਿੰਘ ਨੇ ਸੰਬੋਧਨ ਕੀਤਾ।
ਫਿਲੌਰ : ਜਮਹੂਰੀ ਕਿਸਾਨ ਸਭਾ, ਤਹਿਸੀਲ ਫਿਲੌਰ ਦੇ ਸੱਦੇ 'ਤੇ ਇਕੱਤਰ ਹੋਈ ਭਾਰੀ ਗਿਣਤੀ ਕਿਸਾਨਾਂ ਨੇ, ਕੁਲਦੀਪ ਫਿਲੌਰ, ਸਰਬਜੀਤ ਸੰਗੋਵਾਲ ਅਤੇ ਸ਼ਿੰਗਾਰਾ ਸਿੰਘ ਦੁਸਾਂਝ ਦੀ ਅਗਵਾਈ ਵਿਚ, ਐਕਸੀਐਨ ਪਾਵਰਕਾਮ ਗੋਰਾਇਆ ਦੇ ਦਫਤਰ ਮੂਹਰੇ ਰੋਹ ਭਰਪੂਰ ਧਰਨਾ ਮਾਰ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਜਸਵਿੰਦਰ ਢੇਸੀ ਅਤੇ ਸੰਤੋਖ ਸਿੰਘ ਬਿਲਗਾ ਨੇ ਮੰਗ ਕੀਤੀ ਕਿ ਸੜਿਆ ਟਰਾਂਸਫਾਰਮਰ 24 ਘੰਟਿਆਂ ਦੇ ਅੰਦਰ ਅੰਦਰ ਬਦਲਣ ਦੀ ਗਰੰਟੀ ਕੀਤੀ ਜਾਵੇ, ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ, ਮਜ਼ਦੂਰਾਂ ਦੀ ਬਿਜਲੀ ਮਾਫੀ 'ਚ ਕਟੌਤੀ ਵਿਰੁੱਧ ਸਾਜਿਸ਼ਾਂ ਬੰਦ ਕੀਤੀਆਂ ਜਾਣ, ਮੋਟਰਾਂ 'ਤੇ ਮੀਟਰ ਲਾਉਣ ਦੀ ਤਜ਼ਵੀਜ਼ ਰੱਦ ਕੀਤੀ ਜਾਵੇ ਅਤੇ ਸ਼ਾਰਟ ਸਰਕਟ ਨਾਲ ਸੜਣ ਵਾਲੀਆਂ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ। ਇਕੱਤਰਤਾ ਨੂੰ ਜਸਵੀਰ ਸਿੰਘ, ਮਨਜਿੰਦਰ ਸਿੰਘ, ਬਲਵੀਰ ਸਿੰਘ, ਮਨਜੀਤ ਸੂਰਜਾ, ਕੁਲਜਿੰਦਰ ਤਲਵਣ, ਸੋਢੀ ਸਿੰਘ, ਜਰਨੈਲ ਫਿਲੌਰ ਅਤੇ ਪਰਮਜੀਤ ਰੰਧਾਵਾ ਨੇ ਵੀ ਸੰਬੋਧਨ ਕੀਤਾ।
ਅਜਨਾਲਾ : ਘਰ ਬਚਾਓ ਸੰਘਰਸ਼ ਕਮੇਟੀ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ ਅਤੇ ਅਨੇਕਾਂ ਹੋਰ ਭਰਾਤਰੀ ਜਨਸੰਗਠਨਾਂ ਵਲੋਂ ਸਰਹੱਦੀ ਪਿੰਡਾਂ 'ਚ ਜਥਾ ਮਾਰਚ ਕੀਤਾ ਗਿਆ। ਦਰਜਨਾਂ ਵਾਹਨਾਂ ਤੇ ਝੰਡੇ, ਮਾਟੋਆਂ, ਤਖਤੀਆਂ ਨਾਲ ਲੈਸ ਇਸ ਜਥਾ ਮਾਰਚ ਦੀ ਅਗਵਾਈ ਸ਼ੀਤਲ ਸਿੰਘ ਤਲਵੰਡੀ, ਵਿਰਸਾ ਸਿੰਘ ਟਪਿਆਲਾ, ਸਰਪੰਚ ਜਗਤਾਰ ਸਿੰਘ ਟਪਿਆਲਾ, ਸਾਬਕਾ ਸਰਪੰਚ ਕੁਲਦੀਪ ਸਿੰਘ, ਸੁਰਜੀਤ ਸਿੰਘ ਦੁਧਾਰਾਏ, ਬਲਬੀਰ ਸਿੰਘ ਕੱਕੜ, ਸੁਖਦੇਵ ਸਿੰਘ ਬਰੀਕੀ ਕਰ ਰਹੇ ਸਨ। ਟਪਿਆਲਾ ਪਲਾਟਾਂ ਤੋਂ ਸ਼ੁਰੂ ਹੋਇਆ ਮਾਰਚ ਚੋਗਾਵਾਂ, ਠੱਠਾ, ਠੱਠੀ, ਓਡਰ, ਜੋਏਕੇ, ਚੇਲੇਕੇ, ਰਾਏ ਪੰਡੋਰੀ ਸਾਗਰ ਮੰਲ, ਬੱਚੀ ਵਿੰਡ ਸਮੇਤ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਨੇਕਾਂ ਪਿੰਡਾਂ 'ਚ ਪੁੱਜਾ।
1974 'ਚ ਇੰਦਰਾ ਆਵਾਸ ਯੋਜਨਾ ਤਹਿਤ ਪਿੰਡ ਟਪਿਆਲਾ ਦੇ ਅਨੁਸੂਚਿਤ ਜਾਤੀ ਪਰਵਾਰਾਂ ਨੂੰ ਪੰਚਾਇਤ ਵਲੋਂ ਹਿਰਾਇਸ਼ੀ ਪਲਾਟ ਅਲਾਟ ਕੀਤੇ ਗਏ ਸਨ। ਇਸ ਜਗ੍ਹਾ 'ਤੇ ਮੌਜੂਦਾ ਪੰਜਾਬ ਸਰਕਾਰ ਦੇ ਕ੍ਰਿਪਾ ਪਾਤਰਾਂ ਵਲੋਂ ਕਬਜ਼ੇ ਦੀ ਕੋਸ਼ਿਸ ਕੀਤੀ ਗਈ ਸੀ ਜੋ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿਚ ਇਕੱਤਰ ਹੋਏ ਮਜ਼ਦੂਰਾਂ ਨੇ ਅਸਫਲ ਕਰ ਦਿੱਤੀ। ਬੌਖਲਾਏ ਕਬਜ਼ਾਕਰੂ ਟੋਲੇ ਨੇ ਗੋਲੀਆਂ ਚਲਾ ਕੇ ਇਕ ਮਜ਼ਦੂਰ ਸਾਥੀ ਦਾ ਕਤਲ ਕਰ ਦਿੱਤਾ ਸੀ ਅਤੇ ਅਨੇਕਾਂ ਨੂੰ ਜਖ਼ਮੀ ਕਰ ਦਿੱਤਾ ਸੀ। ਪੁਲਸ ਨੇ ਮਜ਼ਦੂਰਾਂ ਦੀ ਹਿਮਾਇਤ ਕਰ ਰਹੇ 22 ਆਗੂਆਂ 'ਤੇ ਵੱਖ-ਵੱਖ ਧਾਰਾਵਾਂ ਅਧੀਨ ਪਰਚੇ ਦਰਜ ਕੀਤੇ ਸਨ। ਉਕਤ ਮਾਰਚ ਇਸ ਬੇਇਨਸਾਫੀ ਵਿਰੁੱਧ ਕੀਤਾ ਗਿਆ ਅਤੇ 15 ਜੂਨ ਨੂੰ ਥਾਣੇ ਮੂਹਰੇ ਧਰਨੇ ਦਾ ਐਲਾਨ ਕੀਤਾ ਗਿਆ।
ਲਲਤੋਂ : ਬਿਜਲੀ ਦੀ ਰੈਗੂਲਰ ਸਪਲਾਈ ਨਾ ਹੋਣ ਕਾਰਨ ਕਿਸਾਨਾਂ ਵਿਚ ਭਾਰੀ ਰੋਹ ਤੇ ਬੇਚੈਨੀ ਪਾਈ ਜਾ ਰਹੀ ਹੈ, ਜਿਸ ਤਹਿਤ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਯੂਨਿਟ ਹਿਮਾਂਯੂੰਪੁਰਾ ਦੇ ਵੱਡੀ ਗਿਣਤੀ ਕਿਸਾਨਾਂ ਨੇ ਲਲਤੋਂ ਕਲਾਂ ਦੇ ਐਕਸੀਅਨ ਦੇ ਦਫਤਰ ਅੱਗੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਤਹਿਸੀਲ ਸਕੱਤਰ ਅਮਰਜੀਤ ਸਹਿਜਾਦ, ਸੀ.ਟੀ.ਯੂ. ਦੇ ਸੂਬਾਈ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ  ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਦਾ ਖਮਿਆਜ਼ਾ ਕਿਸਾਨਾਂ ਦੇ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਦੇ ਨਾਕਸ ਪ੍ਰਬੰਧਾਂ, ਜਿਨ੍ਹਾਂ ਵਿਚ ਤਾਰਾਂ 'ਤੇ ਟ੍ਰਾਂਸਫਾਰਮਰ ਖਸਤਾ ਹਾਲਤ, ਬਿਜਲੀ ਕਾਮਿਆਂ ਦੀ ਦਫਤਰਾਂ ਵਿਚ ਘਾਟ ਕਾਰਨ ਘਰੇਲੂ ਤੇ ਖੇਤੀਬਾੜੀ ਮੋਟਰਾਂ ਲਈ ਸਪਲਾਈ ਨਾਮਾਤਰ ਹੋ ਕੇ ਰਹਿ ਗਈ ਹੈ। ਕਿਸਾਨਾਂ ਨੂੰ ਮਹਿੰਗੇ ਮੁੱਲ ਦਾ ਡੀਜ਼ਲ ਫੂਕ ਕੇ ਆਪਣੀਆਂ ਫਸਲਾਂ ਦੀ ਸਿੰਚਾਈ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਪਰ ਪਾਵਰਕਾਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ।
ਤਰਨ ਤਾਰਨ : ਇਥੇ ਸੈਂਕੜੇ ਮਜਦੂਰਾਂ ਕਿਸਾਨਾਂ ਵੱਲੋਂ ਐਸਈ ਪਾਵਰਕਾਮ ਦਫਤਰ ਵਿੱਖੇ ਕਿਸਾਨੀ ਮੰਗਾਂ ਲਈ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੇ ਆਗੂ ਗੁਰਬਾਜ ਸਿੰਘ ਸਿਧਵਾਂ, ਕੁੱਲ ਹਿੰਦ ਕਿਸਾਨ ਸਭਾ ਸਾਂਬਰ ਦੇ ਆਗੂ ਬਲਦੇਵ ਸਿੰਘ ਧੂੰਦਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਮੇਜ ਸਿੰਘ ਚਾਹਿਲ, ਕੁੱਲ ਹਿੰਦ ਕਿਸਾਨ ਸਭਾ ਸੇਂਖੋਂ ਦੇ ਆਗੂ ਬਚਿੱਤਰ ਸਿੰਘ ਜੌਣੇਕੇ ਆਦਿ ਅਧਾਰਿਤ ਪਰਧਾਨਗੀ ਮੰਡਲ ਨੇ ਕੀਤੀ।
ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਜਾਮਾਰਾਏ, ਇੰਦਰਜੀਤ ਸਿੰਘ ਕੋਟ ਬੁੱਢਾ, ਮੇਜਰ ਸਿੰਘ ਭਿੱਖੀਵਿੰਡ, ਜੈਮਲ ਸਿੰਘ ਬਾਠ, ਪਰਸ਼ੋਤਮ ਸਿੰਘ ਗਹਿਰੀ ਨੇ  ਕਿਹਾ ਕੇ ਕਿਸਾਨਾਂ ਨੂੰ ਬਿਜਲੀ ਸਪਲਾਈ ਸਬੰਧੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਓਵਰਲੋਡ ਟਰਾਂਸਫਾਰਮਰ, ਚੋਰੀ ਹੋਏ ਅਤੇ ਸੜੇ ਟਰਾਂਸਫਾਰਮਰ ਤਰੰਤ ਬਦਲਣ, ਮਜ਼ਦੂਰਾਂ ਦੇ 200 ਯੂਨਿਟ ਦੀ ਮੁਆਫੀ ਉੱਪਰ ਲਾਈ ਲੋਡ ਅਤੇ ਜਾਤ ਦੀ ਸ਼ਰਤ ਹਟਾਉਣ, ਗਰੀਬ ਅਤੇ ਦਲਿਤਾਂ ਦੇ ਬਕਾਇਆਂ ਕਾਰਨ ਕੱਟੇ ਕੁਨੈਕਸ਼ਨ ਬਹਾਲ ਕਰਨ ਦੀ ਮੰਗ ਵੀ ਕੀਤੀ। ਖੇਤੀ ਮੋਟਰਾਂ ਲਈ 16 ਘੰਟੇ ਅਤੇ ਘਰੇਲੂ ਸਪਲਾਈ ਲਈ 24 ਘੰਟੇ ਬਿਜਲੀ ਦੀ ਮੰਗ ਵੀ ਕੀਤੀ ਗਈ।
ਮਾਨਸਾ : ਤੇਲ ਦੀਆਂ ਕੀਮਤਾਂ ਵਿੱਚ ਕੀਤੇ ਭਾਰੀ ਵਾਧੇ ਦੇ ਖਿਲਾਫ ਅਤੇ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਕਿਸਾਨਾਂ ਨਾਲ ਸਮੁੱਚੇ ਕਰਜ਼ੇ ਖਤਮ ਕਰਨ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਲਾਹੇਵੰਦ ਭਾਅ ਦੇਣ ਦੇ ਕੀਤੇ ਵਾਅਦੇ ਤੋਂ ਮੁੱਕਰਨ ਦੇ ਖਿਲਾਫ ਪਿੰਡ ਬੱਪੀਆਣਾ ਦੇ ਕਿਸਾਨਾਂ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਆਗੂ ਜੀਵਨ ਬੱਪੀਆਣਾ ਦੀ ਅਗਵਾਈ ਹੇਠ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰੈਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਤੇਲ ਕੰਪਨੀਆਂ ਨੂੰ ਮੋਟਾ ਮੁਨਾਫਾ ਦੇਣ ਵਾਸਤੇ ਸਰਕਾਰ ਨੇ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਮੁਕਤ ਕਰ ਦਿੱਤਾ ਹੈ ਅਤੇ ਖੁਦ ਸਰਕਾਰ ਵੱਲੋਂ ਵੀ ਤੇਲ ਉੱਪਰ ਭਾਰੀ ਟੈਕਸ ਉਗਰਾਹੇ ਜਾ ਰਹੇ ਹਨ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਭਾ ਦੇ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ ਭਾਈਕੇ ਨੇ ਮੰਗ ਕੀਤੀ ਕਿ ਖੇਤੀ ਵਿੱਚ ਵਰਤੇ ਜਾਂਦੇ ਡੀਜ਼ਲ ਉੱਪਰ 50% ਸਬਸਿਡੀ ਦਿੱਤੀ ਜਾਵੇ, ਕਿਸਾਨਾਂ ਨੁੂੰ ਝੋਨੇ ਦੀ ਲਵਾਈ ਲਈ ਨਿਰਵਿਘਨ 16 ਘੰਟੇ ਬਿਜਲੀ ਸਪਲਾਈ ਤੁਰੰਤ ਚਾਲੂ ਕੀਤੀ ਜਾਵੇ ਅਤੇ ਪੂਰੀ ਮਾਤਰਾ ਵਿੱਚ ਨਹਿਰੀ ਪਾਣੀ ਦਿੱਤਾ  ਜਾਵੇ ।
ਗੁਰਾਇਆ : ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਕਮੇਟੀ ਵੱਲੋਂ ਪਾਵਰਕਾਮ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਸਰਬਜੀਤ ਸੰਗੋਵਾਲ ਅਤੇ ਮਾ. ਸ਼ਿੰਗਾਰਾ ਸਿੰਘ ਦੁਸਾਂਝ ਦੀ ਅਗਵਾਈ ਹੇਠ ਲਗਾਏ ਇਸ ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਤਹਿਸੀਲ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਪਾਵਰ ਲਾਈਟ ਘੱੱਟੋਂ ਘੱਟ 16 ਘੰਟੇ ਦਿੱਤੀ ਜਾਵੇ, ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਅਤੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੇ ਘਰਾਂ ਦੇ ਕੱਟੇ ਕੁਨੈਕਸ਼ਨ ਬਹਾਲ ਕੀਤੇ ਜਾਣ, ਮਜ਼ਦੂਰਾਂ ਦੇ ਘਰਾਂ ਦੀ ਬਿਜਲੀ ਮੁਆਫੀ ਪਹਿਲਾ ਦੀ ਤਰ੍ਹਾਂ 400 ਯੂਨਿਟ ਬਿਨ੍ਹਾਂ ਸ਼ਰਤ ਬਹਾਲ ਰੱਖੀ ਜਾਵੇ।
ਜਮਹੂਰੀ ਕਿਸਾਨ ਸਭਾ ਨੇ ਸ਼ਰਾਬ ਦੀ ਫੈਕਟਰੀ ਅੱਗੇ ਧਰਨਾ ਲਗਾਇਆ : ਪੱਟੀ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਕਿਸਾਨੀ ਮੰਗਾਂ ਲਈ 9 ਜੂਨ ਤੋਂ 18 ਜੂਨ ਤੱਕ 'ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੁਹਿੰਮ' ਤਹਿਤ ਅੱਜ ਪਿੰਡ ਲਾਹੁਕਾ ਵਿਖੇ ਸ਼ਰਾਬ ਦੀ ਫੈਕਟਰੀ ਅੱਗੇ ਧਰਨਾ ਲਗਾਇਆ ਗਿਆ ਜਿਸ ਦੀ ਅਗਵਾਈ ਚਰਨਜੀਤ ਸਿੰਘ ਬਾਠ, ਨਿਪਾਲ ਸਿੰਘ ਜਾਣੋਕੇ, ਮਾ. ਹਰਭਜਨ ਸਿੰਘ ਟਰਪਈ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਅਤੇ ਲੱਖਾ ਸਿੰਘ ਨੇ ਕੀਤੀ। ਧਰਨੇ ਨੂੰ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ, ਦਲਜੀਤ ਸਿੰਘ ਦਿਆਲਪੁਰਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਵੱਖ-ਵੱਖ ਫੈਕਟਰੀਆਂ ਰਾਹੀਂ ਪ੍ਰਦੂਸ਼ਿਤ ਹੋ ਰਹੇ ਪਾਣੀ, ਵਾਤਾਵਰਣ ਬਾਰੇ ਚਰਚਾ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਇਨ੍ਹਾਂ ਨੂੰ ਨਾ ਰੋਕਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਧਰਨੇ ਨੂੰ ਹੋਰਨਾ ਤੋਂ ਇਲਾਵਾ ਮਾਨ ਸਿੰਘ ਮਾਹਵਾ, ਹਰਭਜਨ ਸਿੰਘ ਪੱਟੀ, ਜਸਪਾਲ ਸਿੰਘ ਢਿੱਲੋਂ, ਬਲਦੇਵ ਸਿੰਘ ਪੰਡੋਰੀ, ਡਾ. ਪਰਮਜੀਤ ਸਿੰਘ ਕੋਟ ਮੁਹੰਮਦ ਖਾਂ, ਜੰਗ ਬਹਾਦਰ ਤੁੜ, ਜਰਨੈਲ ਸਿੰਘ ਦਿਆਲਪੁਰਾ, ਸਵਿੰਦਰ ਸਿੰਘ, ਮੇਜਰ ਸਿੰਘ ਲੋਹਕਾ, ਬਲਦੇਵ ਸਿੰਘ ਅਹਿਮਦਪੁਰਾ, ਚਮਨ ਲਾਲ ਦਰਾਜਕੇ, ਡਾ. ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਬੁਟਾਰੀ, ਡਾ. ਅਜੈਬ ਸਿੰਘ ਜਹਾਂਗੀਰ, ਦਾਰਾ ਸਿੰਘ ਮੁੰਡਾ ਪਿੰਡ ਆਦਿ ਨੇ ਵੀ ਸੰਬੋਧਨ ਕੀਤਾ।

ਨੌਜਵਾਨ-ਵਿਦਿਆਰਥੀ ਸਰਗਰਮੀਆਂ
ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਸੱਦੇ 'ਤੇ ਕੇਂਦਰ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਦੇ ਵਿਰੁੱਧ ਫਰੀਦਕੋਟ, ਪੱਟੀ, ਕਟਾਰੂਚੱਕ, ਅਜਨਾਲਾ, ਘਸੀਟਪੁਰ (ਬਟਾਲਾ), ਸਰਦੂਲਗੜ੍ਹ ਵਿਖੇ ਪੁਤਲੇ ਫੂਕੇ ਗਏ। ਇਸ ਮੌਕੇ ਜਤਿੰਦਰ ਫਰੀਦਕੋਟ, ਸਿਮਰਨਜੀਤ ਸਿੰਘ ਬਰਾੜ, ਸੁਲੱਖਣ ਤੁੜ, ਰਵੀ ਕਟਾਰੂਚੱਕ, ਸੁਰਜੀਤ ਸਿੰਘ ਦੁਧਰਾਏ, ਗਗਨਦੀਪ ਸਰਦੂਲਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਦਲਿਤਾਂ ਨੂੰ ਮਿਲ ਰਹੀਆਂ ਰਿਆਇਤਾਂ ਨੂੰ ਖਤਮ ਕਰਕੇ ਗਰੀਬ ਵਰਗ ਨੂੰ ਅਨਪੜ੍ਹ ਰੱਖਣ ਦੀਆ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਹੀ ਸਕਾਲਰਸ਼ਿਪ ਸਕੀਮ ਨੂੰ ਬੰਦ ਕੀਤਾ ਜਾ ਰਿਹਾ ਹੈ। ਆਗੂਆਂ ਕਿਹਾ ਕਿ ਜਦੋਂ ਤੱਕ ਇਸ ਸਕੀਮ ਨੂੰ ਬਹਾਲ ਨਹੀਂ ਕੀਤਾ ਜਾਂਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਐਸ.ਸੀ. ਸਕਾਲਰਸ਼ਿਪ ਸਕੀਮ ਨੂੰ ਲਾਗੂ ਰੱਖਣ ਲਈ ਮੰਗ ਪੱਤਰ ਦਿੱਤੇ ਗਏ : ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਨੇ ਕੇਂਦਰ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ਫਿਲੌਰ, ਪਠਾਨਕੋਟ, ਅਜਨਾਲਾ, ਫਰੀਦਕੋਟ, ਸਮਾਣਾ ਦੇ ਡੀ.ਸੀਜ਼ ਅਤੇ ਐਸ.ਡੀ.ਐਮਜ ਰਾਹੀ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਕਾਲਰਸ਼ਿਪ ਸਕੀਮ ਵਿੱਚ ਸੋਧਾਂ  ਕਰਕੇ ਦੇਸ਼ ਦੇ ਹਾਕਮ ਗਰੀਬ ਵਿਦਿਆਰਥੀਆਂ ਕੋਲੋਂ ਸਿੱਖਿਆ ਦਾ ਅਧਿਕਾਰ ਖੋਹ ਕੇ ਅਮੀਰਾਂ ਲਈ ਰਾਖਵੀਂ ਕਰਕੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਾਕਮਾਂ ਵਲੋਂ ਬੜੀ ਤੇਜ਼ੀ ਨਾਲ ਸਿਖਿਆ ਦਾ ਨਿਜੀਕਰਨ, ਵਪਾਰੀਕਰਨ ਕੀਤਾ ਜਾ ਰਿਹਾ ਹੈ ਜਿਸ ਦਾ ਵਿਰੋਧ ਕਰਨ 'ਤੇ ਵਿਦਿਆਰਥੀਆਂ 'ਤੇ ਜਬਰ ਢਾਹਿਆ ਜਾਂਦਾ ਹੈ।  ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਐਸ.ਸੀ. ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਲਾਗੂ ਨਾ ਕਰਨ ਵਾਲੇ ਕਾਲਜਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਕੂਲਾਂ ਕਾਲਜਾਂ 'ਚ ਐਸ. ਸੀ. ਵਿਦਿਆਰਥੀਆਂ ਨੂੰ ਬਿਨ੍ਹਾਂ ਕੋਈ ਫੀਸ ਲਏ ਦਾਖਲਾ ਦਿੱਤਾ ਜਾਵੇ। ਐਸ. ਸੀ. ਸਕਾਲਰਸ਼ਿਪ ਸਕੀਮ ਦੇ ਰੁਕੇ ਹੋਏ ਪੈਸੇ ਤੁਰੰਤ ਜਾਰੀ ਕਰਦੇ ਹੋਏ ਸਕੂਲਾਂ ਕਾਲਜਾਂ 'ਚ ਤੁਰੰਤ ਰੈਗੂਲਰ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪੂਰਾ ਕੀਤਾ ਜਾਵੇ। ਵਿਦਿਆਰਥੀ ਬੱਸ ਪਾਸ ਸਹੂਲਤ ਨੂੰ ਹਰ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਅੰਦਰ ਸਖਤੀ ਨਾਲ ਲਾਗੂ ਕੀਤਾ ਜਾਵੇ।
ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਨੇ ਕੇਂਦਰ ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਨੂੰ ਮਿਲ ਰਹੀ ਸਕਾਲਰਸ਼ਿਪ ਸਕੀਮ ਨੂੰ ਬੰਦ ਕਰਨ ਦੇ ਵਿਰੁੱਧ ਬੇਗਮਪੁਰ ਵਿਖੇ ਪੁਤਲਾ ਫੂਕਿਆ। ਇਸ ਦੀ ਅਗਵਾਈ ਹਰਪ੍ਰੀਤ ਹੈਪੀ ਨੇ ਕੀਤੀ। ਇਸ ਮੌਕੇ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਅਤੇ ਪ੍ਰਧਾਨ ਗੁਰਦੀਪ ਬੇਗਮਪੁਰ ਨੇ ਕਿਹਾ ਕਿ ਦੇਸ਼ ਦੇ ਹਾਕਮ ਗਰੀਬ ਵਿਦਿਆਰਥੀਆਂ ਕੋਲੋਂ ਸਿੱਖਿਆ ਦਾ ਅਧਿਕਾਰ ਖੋਹਣਾ ਅਤੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ੍ਹ ਰੱਖਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਵਾਸਤੇ ਸਾਡੇ ਕੁਦਰਤੀ ਸ੍ਰੋਤਾਂ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੂਰਾ ਪੰਜਾਬ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਹੈ।ਆਰ.ਐਮ.ਪੀ.ਆਈ. ਦੇ ਵਰਕਰਾਂ ਨੇ ਥਾਣਾ ਮੁਖੀ ਤੇ ਹਲਕਾ ਵਿਧਾਇਕ ਦਾ ਪੁਤਲਾ ਸਾੜਿਆ
ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਪਿੰਡ ਅਲਾਦੀਨਪੁਰ ਵਿਖੇ ਥਾਣਾ ਮੁਖੀ ਚੋਹਲਾ ਸਾਹਿਬ ਅਤੇ ਹਲਕਾ ਵਿਧਾਇਕ ਦਾ ਪੁਤਲਾ ਸਾੜਿਆ ਗਿਆ। ਇਸ ਦੀ ਅਗਵਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਬੂਟਾ ਸਿੰਘ ਕੋਟ, ਜਮਹੂਰੀ ਕਿਸਾਨ ਸਭਾ ਦੇ ਆਗੂ ਡਾ. ਪਰਮਜੀਤ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸੁਖਵਿੰਦਰ ਸਿੰਘ ਰਾਜੂ ਆਦਿ ਨੇ ਕੀਤੀ। ਇਸ ਮੌਕੇ ਲੋਕਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਆਗੂ ਸਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੇਲੋਕੇ ਨੇ ਕਿਹਾ ਕੇ ਚੋਹਲਾ ਸਾਹਿਬ ਥਾਣੇ ਦਾ ਮੁਖੀ ਕਾਨੂੰਨ ਦੀਆਂ ਧੱਜੀਆਂ ਉਡਾਉਦਾ ਲੋਕਾਂ ਨਾਲ ਜਿਆਦਤੀਆਂ ਕਰ ਰਿਹਾ ਹੈ। ਨਸ਼ੇ ਦੇ ਸਮੱਗਲਰਾਂ 'ਤੇ ਕਾਰਵਾਈ ਕਰਨ ਦੀ ਥਾਂ ਕੁਝ ਆਦੀ ਨਸ਼ਈਆਂ ਉਪਰ ਵਧੇਰੇ ਮਾਤਰਾ 'ਚ ਨਸ਼ੇ ਪਾ ਕੇ ਲੋਕਾਂ ਦੀਆਂ ਅੱਖਾਂ 'ਚ ਧੂੜ ਪਾ ਰਿਹਾ ਹੈ। ਥਾਣਾ ਭਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਜੇ ਇਨਸਾਫ ਨਾ ਮਿਲਿਆ ਤਾਂ ਮੀਟਿੰਗ ਕਰਕੇ ਉਚ ਅਧਿਕਾਰੀਆਂ ਦੀ ਚੁੱਪ ਅਤੇ ਮਿੱਲੀ ਭਗਤ ਵਿਰੁੱਧ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗ ਬਹਾਦਰ ਸਿੰਘ, ਨਰਿੰਦਰ ਸਿੰਘ, ਸੁਰਜੀਤ ਸਿੰਘ ਤੁੜ, ਨਰੰਜਨ ਸਿੰਘ, ਗੁਰਦੇਵ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

 

ਮਰਹੂਮ ਸਾਥੀ ਬਲਜਿੰਦਰ ਰਿਸ਼ੀ ਦੀ ਯਾਦ ਵਿਚ ਲਾਇਬਰੇਰੀ ਸਥਾਪਤ
Ãਾਬਕਾ ਵਿਦਿਆਰਥੀ ਆਗੂ ਸਾਥੀ ਬਲਜਿੰਦਰ ਰਿਸ਼ੀ (ਡਾਕਟਰ) ਦੀ ਪ੍ਰੇਰਣਾਮਈ ਯਾਦ ਵਿਚ, ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਖੀਵਾ ਕਲਾਂ (ਮਾਨਸਾ) ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਇਕ ਬਹੁਮੰਤਵੀ ਲਾਇ੍ਰਬੇਰੀ ਦੀ ਸਥਾਪਨਾ ਕੀਤੀ ਗਈ। ਵਰਣਨ ਯੋਗ ਹੈ ਕਿ ਜ਼ਹੀਨ ਖੋਜਾਰਥੀ ਸਾਥੀ ਬਲਜਿੰਦਰ ਰਿਸ਼ੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਦੇ ਪੰਜਾਬ ਯੂਨਿਟ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (PSF) ਦੇ ਸੰਸਥਾਪਕ ਕਨਵੀਨਰ ਸਨ।
ਉਕਤ ਲਾਇਬ੍ਰੇਰੀ ਲਈ ਸਮੁੱਚੇ ਉਦਮ, ਜਿਸ ਵਿਚ ਮਾਈਕ ਵਸੀਲੇ ਜੁਟਾਉਣ ਦਾ ਵੱਡਾ ਕਾਰਜ ਵੀ ਸ਼ਾਮਲ ਹੈ, ਵਿਦਿਆਰਥੀ ਲਹਿਰ ਦੇ ਉਨ੍ਹਾਂ ਦੇ ਵੇਲੇ ਦੇ ਉਨ੍ਹਾਂ ਦੇ ਸਾਥੀਆਂ, ਭਰਾਤਰੀ ਵਿਦਿਆਰਥੀ ਸੰਗਠਨਾਂ ਦੇ ਦੇਸ਼ ਵਿਦੇਸ਼ 'ਚ ਬੈਠੇ ਆਗੂਆਂ, ਗ੍ਰਾਮ ਪੰਚਾਇਤ ਅਤੇ ਇਲਾਕੇ ਦੀਆਂ ਰੋਸ਼ਨ ਦਿਮਾਗ ਸਖ਼ਸ਼ੀਅਤਾਂ ਵਲੋਂ ਮਿਲ ਕੇ ਕੀਤੇ ਗਏ।
ਉਘੇ ਪੰਜਾਬੀ ਸਾਹਿਤਕਾਰ ਡਾਕਟਰ ਤੇਜਵੰਤ ਮਾਨ ਨੇ ਉਕਤ ਲਾਇਬ੍ਰੇਰੀ ਦਾ ਵਿਧੀਵਤ ਉਦਘਾਟਨ ਕੀਤਾ। ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਕੌਮੀ ਆਗੂ ਸੁਖਦਰਸ਼ਨ ਨੇ ਇਸ ਵੱਡਮੁੱਲੇ ਉਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਸਾਥੀ ਰਿਸ਼ੀ ਨਾਲ ਆਪਣੀਆਂ ਭਾਵੁਕ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੇ ਪਿਤਾ, ਨਾਮਵਰ ਕਮਿਊਨਿਸਟ ਆਗੂ ਸਾਥੀ ਛੱਜੂ ਰਾਮ ਰਿਸ਼ੀ ਨੇ ਸਭਨਾਂ ਪ੍ਰਤੀ ਆਭਾਰ ਪ੍ਰਗਟ ਕੀਤਾ।ਨਸ਼ੇ ਕਾਰਨ ਹੋਈ ਮੌਤ ਉਪੰਰਤ ਪ੍ਰਬੰਧਕੀ ਕੰਪਲੈਕਸ ਅੱਗੇ ਲਾਸ਼ ਰੱਖ ਕੇ ਧਰਨਾ ਦਿੱਤਾ
ਤਰਨ ਤਾਰਨ : ਇਲਾਕੇ ਦੇ ਕਸਬਾ ਫਤਹਿਬਾਦ ਦੇ 35 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਕਾਲਾ ਦੀ ਜ਼ਿਆਦਾ ਨਸ਼ਾ ਕਰਨ ਨਾਲ ਹੋਈ ਮੌਤ ਖ਼ਿਲਾਫ਼ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਇਲਾਕੇ ਦੇ ਵਾਸੀਆਂ ਸਮੇਤ ਉਸ ਦੀ ਲਾਸ਼ ਲੈ ਕੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦੇ ਕੇ ਨਸ਼ਿਆਂ ਦੇ ਵਪਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਸੁਖਜਿੰਦਰ ਸਿੰਘ ਦੀ ਬੀਤੀ ਸ਼ਾਮ ਗੋਇੰਦਵਾਲ ਸਾਹਿਬ ਵਿਖੇ ਕਥਿਤ ਤੌਰ 'ਤੇ ਨਸ਼ਾ ਕਰਨ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਦਫ਼ਾ 174 ਅਧੀਨ ਇਕ ਰਿਪੋਰਟ ਦਰਜ ਕੀਤੀ ਹੈ। ਧਰਨਾਕਾਰੀਆਂ ਦੀ ਅਗਵਾਈ ਪਾਰਟੀ ਦੇ ਆਗੂ ਜਸਪਾਲ ਸਿੰਘ ਝਬਾਲ ਅਤੇ ਬਲਦੇਵ ਸਿੰਘ ਪੰਡੋਰੀ ਨੇ ਕੀਤੀ। ਆਗੂਆਂ ਨੇ ਕਿਹਾ ਕਿ ਕਸਬਾ ਗੋਇੰਦਵਾਲ ਸਾਹਿਬ ਨਸ਼ਿਆਂ ਦੇ ਵਿਕਰੇਤਾਵਾਂ ਦੀ ਇਕ ਮੰਡੀ ਬਣ ਗਿਆ ਹੈ, ਜਿਥੇ ਦੂਰ-ਦੂਰ ਤੋਂ ਨਸ਼ਾ ਕਰਨ ਵਾਲੇ ਆਉਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸੁਖਜਿੰਦਰ ਸਿੰਘ ਨੇ ਜਿਵੇਂ ਹੀ ਗੋਇੰਦਵਾਲ ਸਾਹਿਬ ਦੇ ਇਕ ਦੁਕਾਨ ਤੋਂ ਨਸ਼ੇ ਦਾ ਟੀਕਾ ਲੈ ਕੇ ਲਗਾਇਆ ਤਾਂ ਉਹ ਮੌਕੇ 'ਤੇ ਹੀ ਦਮ ਤੋੜ ਗਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਲੀਸ ਵਲੋਂ ਨਸ਼ੇ ਵੇਚਣ ਵਾਲਿਆਂ ਖਿਲਾਫ਼ ਹਾਕਮ ਧਿਰ ਦੇ ਇਸ਼ਾਰਿਆਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਰਕੇ ਇਲਾਕੇ ਅੰਦਰ ਨਸ਼ਿਆਂ ਦੀ ਵਿਕਰੀ ਖੁੱਲ੍ਹੇ ਆਮ ਹੋ ਰਹੀ ਹੈ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਮੌਕੇ ਤੇ ਐਸਪੀ (ਇਨਵੈਸਟੀਗੇਸ਼ਨ) ਤਿਲਕ ਰਾਜ ਅਤੇ ਡੀਐਸਪੀ ਸੋਹਣ ਸਿੰਘ ਨੇ ਆ ਕੇ ਅਜਿਹੇ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦਾ ਯਕੀਨ ਦਿੱਤਾ, ਜਿਸ 'ਤੇ ਧਰਨਾ ਚੁੱਕ ਲਿਆ।
ਦਿਹਾਤੀ ਮਜ਼ਦੂਰ ਸਭਾ ਨੇ ਥਾਣੇ ਅੱਗੇ ਧਰਨਾ ਦਿੱਤਾ
ਖਾਲੜਾ : ਦਿਹਾਤੀ ਮਜ਼ਦੂਰ ਸਭਾ ਵੱਲੋਂ ਪੁਲੀਸ ਜਿਆਦਤੀਆਂ ਦੇ ਖ਼ਿਲਾਫ਼ ਥਾਣਾ ਖਾਲੜਾ ਅੱਗੇ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਬਲਵੰਤ ਸਿੰਘ ਜਿਊਣਕੇ, ਬਲਦੇਵ ਸਿੰਘ ਲੋਹਕਾ ਨੇ ਕੀਤੀ। ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੀੜ੍ਹਤ ਧਿਰ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਐਸਐਸਪੀ ਤਰਨ ਤਾਰਨ ਅਤੇ ਡੀਐਸਪੀ ਭਿੱਖੀਵਿੰਡ ਤੋਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸੱਜਣ ਸਿੰਘ ਨਾਰਲਾ, ਅੰਗਰੇਜ਼ ਸਿੰਘ ਨਵਾਂ ਪਿੰਡ, ਲਾਜਰ ਲਾਖਣਾ, ਦਰਬਾਰਾ ਸਿੰਘ, ਸੁਰਜੀਤ ਸਿੰਘ ਭਿੱਖੀਵਿੰਡ, ਮੁਖਤਾਰ ਸਿੰਘ, ਗੁਰਚਰਨ ਸਿੰਘ ਘਰਿਆਲਾ, ਗੁਰਜੰਟ ਸਿੰਘ ਆਦਿ ਆਗੂ ਹਾਜ਼ਰ ਸਨ। ਧਰਨੇ ਦੌਰਾਨ ਪੁਲੀਸ ਅਧਿਕਾਰੀਆਂ ਨੇ ਕਾਰਵਾਈ ਕਰਨ ਦਾ ਯਕੀਨ ਦਵਾਉਣ 'ਤੇ ਧਰਨਾ ਸਮਾਪਤ ਕੀਤਾ ਗਿਆ।ਜਨਤਕ ਜਥੇਬੰਦੀਆਂ ਦੇ ਫੈਸਲੇ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ (ਐਸ.ਬੀ.ਵਾਈ.ਐਫ਼.) ਦੀ 17 ਜੂਨ ਨੂੰ ਹੋਈ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸੰਗਠਨ ਦੀ ਮਜਬੂਤੀ ਅਤੇ ਨੌਜਵਾਨ ਮੰਗਾਂ ਦੀ ਪ੍ਰਾਪਤੀ ਲਈ ਨਾਲੋ ਨਾਲ ਅੰਦੋਲਨ ਚਲਾਉਣ ਵਾਸਤੇ ਹੇਠ ਲਿਖੇ ਅਨੁਸਾਰ ਠੋਸ ਫੈਸਲੇ ਲਏ ਗਏ :
(ੳ) 1 ਤੋਂ 30 ਜੁਲਾਈ ਤੱਕ ਪਿੰਡਾਂ 'ਚ ਸਭਾ ਦੇ ਸੰਗਰਾਮੀ ਪ੍ਰੋਗਰਾਮ ਤੋਂ ਜਾਣੂ ਕਰਾਉਣ ਹਿੱਤ ਯੂਨਿਟ ਮੀਟਿੰਗਾਂ ਕਰਨੀਆਂ ਅਤੇ ਨਾਲ ਹੀ ਮੈਂਬਰਸ਼ਿਪ ਕਰਦਿਆਂ ਪਿੰਡ ਈਕਾਈਆਂ ਦੀਆਂ ਚੋਣਾਂ ਕਰਨੀਆਂ, ਇਨ੍ਹਾਂ ਮੀਟਿੰਗਾਂ 'ਚ ਨੌਜਵਾਨਾਂ ਨੂੰ ਹਰ ਪਿੰਡ 'ਚ ਵੱਡੀ ਪੱਧਰ 'ਤੇ ਬੂਟੇ ਲਾਉਣ ਲਈ ਪ੍ਰੇਰਣਾ ਕਰਨੀ।
(ਅ) ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 31 ਜੁਲਾਈ ਨੂੰ ਉਨ੍ਹਾਂ ਦੀ ਜਨਮ ਭੂਮੀ, ਸੁਨਾਮ ਊਧਮ ਸਿੰਘ ਵਾਲਾ ਵਿਖੇ ''ਪਰਿਆਵਰਣ ਦੀ ਰਾਖੀ ਅਤੇ ਨਸ਼ਿਆਂ ਦੀ ਲਾਹਣਤ ਦੇ ਟਾਕਰੇ ਲਈ'' ਰਾਜ ਪੱਧਰੀ ਸੈਮੀਨਾਰ।
(ੲ) ਅਗਸਤ ਮਹੀਨੇ ਤਹਿਸੀਲ ਪੱਧਰੀ ਕਮੇਟੀਆਂ ਦਾ ਗਠਨ ਕਰਨਾ ਅਤੇ 10-11-12 ਅਗਸਤ ਨੂੰ ਚੁਣਵੇਂ ਨੌਜਵਾਨਾਂ/ਵਿਦਿਆਰਥੀਆਂ ਦਾ ਸੂਬਾਈ ਵਿਦਿਅਕ ਕੈਂਪ ਲਗਾਉਣਾ।
(ਸ) ਪੂਰਾ ਮਹੀਨਾ ਲਾਮਬੰਦੀ ਮੁਹਿੰਮ ਚਲਾਉਣ ਪਿਛੋਂ 28 ਸਤੰਬਰ, ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਪੁਰਖਿਆ ਦੇ ਪਿੰਡ ਖਟਕੜ ਕਲਾਂ ਵਿਖੇ ਵਿਸ਼ਾਲ ਨੌਜਵਾਨ ਮਾਰਚ ਕਰਨਾ।


ਦਿਹਾਤੀ ਮਜ਼ਦੂਰ ਸਭਾ ਪੰਜਾਬ
ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ 4-5 ਜੂਨ ਨੂੰ ਹੋਈ। ਸੂਬਾਈ ਵਰਕਿੰਗ ਕਮੇਟੀ ਮੀਟਿੰਗ ਵਿਚ ਜਥੇਬੰਦੀ ਮਜ਼ਬੂਤੀ ਅਤੇ ਸੰਗਰਾਮਾਂ ਦੀ ਉਸਾਰੀ ਸਬੰਧੀ ਹੇਠ ਲਿਖੇ ਯੋਗ ਫੈਸਲੇ ਕੀਤੇ ਗਏ।
(ੳ) ਇਸ ਮਹੀਨੇ ਵਿਧੀਵਤ ਅਜਲਾਸ ਕਰਕੇ ਇਲਾਕੇ ਕਮੇਟੀਆਂ ਦੀਆਂ ਨਵੇਂ ਸਿਰਿਓਂ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਗਿਆ।
(ਅ) ਜੁਲਾਈ ਮਹੀਨੇ ਸਮਾਜਕ ਜਬਰ, ਜਾਤੀਪਾਤੀ ਅੱਤਿਆਚਾਰਾਂ ਅਤੇ ਹੋਰ ਅਲਾਮਤਾਂ ਖਿਲਾਫ਼ 'ਤੇ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਸੂਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਿਚ ਇਕ ਸੂਬਾਈ ਜਥਾ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਇਹ ਸੂਬਾਈ ਜਥਾ ਹਰ ਜ਼ਿਲ੍ਹੇ ਵਿਚ ਜਾਵੇਗਾ ਅਤੇ ਵੱਧ ਤੋਂ ਵੱਧ ਪਿੰਡਾਂ/ਕਸਬਿਆਂ ਵਿਚ ਜਨਸਭਾਵਾਂ ਨੂੰ ਸੰਬੋਧਨ ਕਰੇਗਾ। ਜ਼ਿਲ੍ਹਿਆਂ ਵਿਚ ਜਥੇ ਦੇ ਦਾਖਲ਼ੇ ਮੌਕੇ ਦੋਪਹੀਆ ਵਾਹਨਾਂ ਦੇ ਵੱਡੇ ਕਾਫ਼ਲੇ ਵਲੋਂ ਜਥੇ ਦਾ ਸੁਆਗਤ ਕਰਨ ਦਾ ਵੀ ਫੈਸਲਾ ਕੀਤਾ ਜਾਵੇਗਾ।
(ੲ) ਜਥਾ ਮਾਰਚ ਦੀ ਸਮਾਪਤੀ ਉਪਰੰਤ ਦੂਜੇ ਪੜਾਅ 'ਚ ਸੂਬੇ ਦੇ ਜ਼ਿਲ੍ਹਾ ਪ੍ਰਬੰਧਕੀ ਕੇਂਦਰਾਂ ਮੂਹਰੇ 6 ਤੋਂ 8 ਅਗਸਤ ਤੱਕ ਦਿਨ-ਰਾਤ ਦੇ ਤਿੰਨ ਰੋਜ਼ਾ ਧਰਨੇ ਮਾਰੇ ਜਾਣਗੇ।
Àੁਕਤ ਧਰਨਿਆਂ ਦੇ ਪਹਿਲੇ ਦਿਨ ਜ਼ਿਲ੍ਹਾ ਖੁਰਾਕ ਤੇ ਪੂਰਤੀ ਅਧਿਕਾਰੀ (DFSC) ਦੇ ਦਫ਼ਤਰਾਂ ਮੂਹਰੇ ਪ੍ਰਦਰਸ਼ਨ ਕਰਕੇ ਕੱਟੇ ਹੋਏ ਰਾਸ਼ਨ (ਆਟਾ-ਦਾਲ) ਦੇ ਕਾਰਡਾਂ ਦੀਆਂ ਲਿਸਟਾਂ ਵਿਭਾਗੀ ਅਧਿਕਾਰੀਆਂ ਨੂੰ ਦਿੱਤੀਆਂ ਜਾਣਗੀਆਂ। ਦੂਜੇ ਦਿਨ 7 ਅਗਸਤ ਪੰਜਾਬ ਰਾਜ ਬਿਜਲੀ ਨਿਗਮ (PSPCL) ਦੇ ਅਧਿਕਾਰੀਆਂ ਦੇ ਦਫਤਰ ਤੱਕ ਮਾਰਚ ਕਰਕੇ ਖਪਤ ਤੋਂ ਵਧੇਰੇ ਆਏ ਅਤੇ ਮਾਫੀ ਤੋਂ ਵਾਂਝੇ ਗਰੀਬ ਖਪਤਕਾਰਾਂ ਦੇ ਬਿੱਲ ਅਤੇ ਲਿਸਟਾਂ ਸੌਂਪੀਆਂ ਜਾਣਗੀਆਂ।
Áੰਤਲੇ ਦਿਨ 8 ਅਗਸਤ ਨੂੰ ਵਧੀਕ ਡਿਪਟੀ ਕਮਿਸ਼ਨਰ ਵਿਕਾਸ {ADC(D)} ਨੂੰ ਮਿਲ ਕੇ ਪਲਾਟਾਂ-ਮਕਾਨਾਂ ਤੋਂ ਵਾਂਝੇ ਅਤੇ ਕੱਚੀਆਂ ਛੱਤਾਂ ਵਾਲੇ ਘਰਾਂ ਦੀਆਂ ਸੂਚੀਆਂ ਸੌਂਪੀਆਂ ਜਾਣਗੀਆਂ। ਉਪਰੋਕਤ ਸਾਰੀਆਂ ਮੰਗਾਂ ਦਾ ਇਕ ਸਾਂਝਾ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਨੂੰ ਦਿੱਤਾ ਜਾਵੇਗਾ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਅਗਲੇ ਉਚੇਰੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।- Posted by Admin