Now Reading
ਕਿਸਾਨ ਅੰਦੋਲਨਾਂ ’ਚ ਔਰਤਾਂ ਦਾ ਯੋਗਦਾਨ

ਕਿਸਾਨ ਅੰਦੋਲਨਾਂ ’ਚ ਔਰਤਾਂ ਦਾ ਯੋਗਦਾਨ

ਡਾ. ਰਘਬੀਰ ਕੌਰ
ਭਾਰਤ ਅੰਦਰ ਕਿਸਾਨ ਸੰਘਰਸ਼ਾਂ ਦਾ ਲੰਮਾ ਇਤਿਹਾਸ ਹੈ ਜਿਨ੍ਹਾਂ ਦੀ ਲੜੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਨਾਲ ਜਾ ਜੁੜਦੀ ਹੈ। ਕਿਸਾਨੀ ਸਦੀਆਂ ਤੋਂ ਘੋਰ ਬੇਇਨਸਾਫ਼ੀ ਅਤੇ ਆਰਥਿਕ ਲੁੱਟ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਇਸ ਲੁੱਟ ਵਿਰੁੱਧ ਟੱਕਰ ਲੈਣ ਦੀ ਜਿੰਮੇਂਵਾਰੀ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸੌਂਪੀ ਜਿਨ੍ਹਾਂ ਨੇ ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿਵਾਏ ਸਨ। ਕਿਸਾਨ ਆਪਣੇ ਹੱਕਾਂ ਲਈ ਪਹਿਲਾਂ ਰਜਵਾੜਾਸ਼ਾਹੀ ਖਿਲਾਫ, ਫਿਰ ਅੰਗਰੇਜ਼ੀ ਹਕੂਮਤ ਨਾਲ ਲੜਦੇ ਰਹੇ ਹਨ। ਵਰਤਮਾਨ ਦੌਰ ਵਿੱਚ ਫਿਰਕੂ-ਫਾਸਿਸਟ ਮੋਦੀ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਪੈਦਾਵਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜਾਨ ਹੂਲਵਾਂ ਸੰਘਰਸ਼ ਕਰਦੇ ਹੋਏ ਦਿੱਲੀ ਦੀਆਂ ਜੂਹਾਂ ’ਤੇ ਮੋਰਚੇ ਮੱਲ੍ਹੀ ਬੈਠੇ ਹਨ। ਈਸਟ ਇੰਡੀਆ ਕੰਪਨੀ ਨੇ ਭਾਰਤੀਆਂ ਦੀ ਲੁੱਟ ਦਾ ਰਾਹ ਪੱਧਰਾ ਕਰਨ ਲਈ ਅਜਿਹੀਆਂ ਮਾਰੂ ਨੀਤੀਆਂ ਲਾਗੂ ਕੀਤੀਆਂ ਜਿਨ੍ਹਾਂ ਨੇ ਕਿਸਾਨਾਂ ਤੋਂ ਇਲਾਵਾ ਕੁਝ ਰਿਆਸਤਾਂ ਦੇ ਰਜਵਾੜਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅਨੇਕਾਂ ਰਿਆਸਤਾਂ ਤੇ ਰਾਜ ਪ੍ਰਬੰਧ ਚਲਾਉਣ ਤੋਂ ਅਯੋਗ ਹੋਣ ਦਾ ਦੋਸ਼ ਲਾ ਕੇ ਜਬਰੀ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਨੀਤੀਆਂ ਵਿਰੁੱਧ ਉੱਠੀਆਂ ਕਿਸਾਨ ਬਗ਼ਾਵਤਾਂ ਅਤੇ ਸੁਤੰਤਰ ਭਾਰਤ ਦੇ ਮਹੱਤਵ ਪੂਰਨ ਕਿਸਾਨ ਅੰਦੋਲਨਾਂ ਵਿੱਚ ਇਸਤਰੀਆਂ ਦੇ ਸ਼ਾਨਾਮੱਤੇ ਯੋਗਦਾਨ ਬਾਰੇ ਰੌਸ਼ਨੀ ਪਾਉਣੀ ਹੱਥਲੇ ਲੇਖ ਦਾ ਵਿਸ਼ਾ ਹੈ।
ਅੰਗਰੇਜ਼ੀ ਹਕੂਮਤ ਨੇ ਬੰਗਾਲੀ ਕਿਸਾਨਾਂ ਉਤੇ ਨਾਜ਼ਾਇਜ਼ ਟੈਕਸ ਥੋਪ ਦਿੱਤਾ ਤੇ ਉੱਤੋਂ ਕਾਲ ਪੈ ਗਿਆ। ਨੀਲ ਦੀ ਫਸਲ ਉਗਾਉਣ ਲਈ ਕਰਜ਼ਾ ਲੈਣ ਕਾਰਨ ਕਿਸਾਨ ਅਸਲੋਂ ਹੀ ਕੰਗਾਲ ਹੋ ਗਏ। ਕੰਗਾਲੀ ਅਤੇ ਭੁੱਖਮਰੀ ਕਾਰਨ ਕਿਸਾਨਾਂ, ਫ਼ਕੀਰਾਂ ਅਤੇ ਸੰਨਿਆਸੀਆਂ ਨੇ ਇਕੱਠੇ ਹੋ ਕੇ 1769 ਵਿਚ ਬਗ਼ਾਵਤ ਦਾ ਝੰਡਾ ਗੱਡ ਦਿੱਤਾ।
ਇਸੇ ਤਰ੍ਹਾਂ ਸਵੈ ਨਿਰਭਰ ਜੀਵਨ ਬਤੀਤ ਕਰਦੇ ਕਬਾਇਲੀ ਲੋਕਾਂ ਨੂੰ ਵਹਿਸ਼ੀ, ਧਾੜਵੀ ਤੇ ਜੰਗਲੀ ਕਹਿ ਕੇ ਉਹਨਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰ ਲਏ। ਉਨ੍ਹਾਂ ਨੇ ਹਕੂਮਤ ਖਿਲਾਫ਼ ਹਥਿਆਰਬੰਦ ਅੰਦੋਲਨ ਕੀਤੇ ਪਰ ਆਧੁਨਿਕ ਹਥਿਆਰਾਂ ਸਾਹਵੇਂ ਰਵਾਇਤੀ ਹਥਿਆਰਾਂ ਨਾਲ ਲੜਦੇ ਇਹ ਧਰਤੀ ਪੁੱਤਰ ਹਾਰ ਗਏ ਜਿਨ੍ਹਾਂ ਨੂੰ ਕੈਦ ਕਰ ਲਿਆ ਗਿਆ ਤੇ ਕਈਆਂ ਨੂੰ ਫਾਂਸੀ ਦਿੱਤੀ ਗਈ। ਪਰ ਇਸਦੇ ਬਾਵਜੂਦ ਕਬੀਲਿਆਂ ਨੇ ਜ਼ਮੀਨ ਪ੍ਰਾਪਤੀ ਲਈ ਬਗਾਵਤਾਂ ਜਾਰੀ ਰੱਖੀਆਂ। ਇਹਨਾਂ ਵਿਚੋਂ ‘ਸੰਥਾਲ ਬਗਾਵਤ’, ਝਾਂਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਦੇ ਪਹਾੜੀ ਇਲਾਕਿਆਂ ਵਿੱਚ ‘ਮੁੰਡਾ ਬਗਾਵਤ’ ‘ਕੋਲੵ ਬਗਾਵਤ’, ‘ਜੇਤੀਆ’ ਅਤੇ ‘ਗਾਰੋ ਬਗਾਵਤ’, ‘ਭੀਲ ਬਗਾਵਤ’ ਆਦਿ ਪ੍ਰਮੁੱਖ ਬਗਾਵਤਾਂ ਸਨ ਜਿਨ੍ਹਾਂ ਨੇ ਭਵਿੱਖ ਦੇ ਸ਼ਾਨਦਾਰ ਕਿਸਾਨ ਸੰਘਰਸ਼ਾਂ ਦੀ ਨੀਂਹ ਰੱਖੀ।
1857 ਦੀ ਸੈਨਿਕ ਬਗ਼ਾਵਤ, ਜਿਸ ਨੂੰ ਹੱਕ ਬਜਾਨਬ ਹੀ ਭਾਰਤ ਦਾ ਪ੍ਰਥਮ ਸੁਤੰਤਰਤਾ ਸੰਗਰਾਮ ਕਿਹਾ ਜਾਂਦਾ ਹੈ, ਵਿੱਚ ਆਮ ਲੋਕਾਂ ਦੇ ਸ਼ਾਮਲ ਹੋਣ ਪਿੱਛੇ ਵੀ ਮੂਲ ਕਾਰਨ ਕਿਸਾਨੀ ਅੰਦਰਲੀ ਬੇਚੈਨੀ ਹੀ ਸੀ, ਭਾਵੇਂ ਇਸਦਾ ਫੌਰੀ ਕਾਰਨ ਚਰਬੀ ਵਾਲੇ ਕਾਰਤੂਸ ਬਣੇ ਸਨ। ਇਹ ਬਾਗ਼ੀ ਸੈਨਿਕ ਜਦੋਂ ਮੇਰਠ ਛਾਉਣੀ ਤੋਂ ਕੂਚ ਕਰਕੇ ਦਿੱਲੀ ਵੱਲ ਨੂੰ ਰਵਾਨਾ ਹੋਏ ਤਾਂ ਰਸਤੇ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ-ਮਜ਼ਦੂਰ ਇਸ ਕਾਫ਼ਲੇ ਵਿੱਚ ਸ਼ਾਮਲ ਹੋਏ ਅਤੇ ਪਿੱਛਾ ਕਰ ਰਹੀ ਅੰਗਰੇਜ਼ੀ ਸੈਨਿਕਾਂ ਦੀ ਟੋਲੀ ’ਤੇ ਹਮਲਾ ਕਰਕੇ ਉਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਗਾਜ਼ੀਆਬਾਦ ਨੇੜਲੇ ਪਿੰਡਾਂ ਦੇ ਜਾਟ ਕਿਸਾਨਾਂ ਨੇ ਇਕੱਠੇ ਹੋ ਕੇ ਆਪਣੀ ਫੌਜ ਬਣਾ ਲਈ ਤੇ ਇਲਾਕੇ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਐਲਾਨ ਦਿੱਤਾ। ਅਜਿਹੀਆਂ ਬਗ਼ਾਵਤ ਅਤੇ ਸੰਘਰਸ਼ਾਂ ਵਿੱਚ ਔਰਤਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਤਿਹਾਸ ਦੇ ਪੰਨਿਆਂ ’ਤੇ ਤਾਂ ਕੁਝ ਗਿਣਨਯੋਗ ਔਰਤਾਂ ਦੇ ਨਾਵਾਂ ਦਾ ਹੀ ਜ਼ਿਕਰ ਆਉਂਦਾ ਹੈ ਪਰ ਅਣਗਿਣਤ ਅਜਿਹੀਆਂ ਔਰਤਾਂ ਹਨ ਜਿਹਨਾਂ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ ਪਰ ਉਨ੍ਹਾਂ ਦੇ ਲਾਸਾਨੀ ਤਿਆਗ ਬਾਰੇ ਇਤਿਹਾਸ ਦੇ ਪੰਨੇ ਅਜੇ ਕੋਰੇ ਹਨ।
ਝਾਂਸੀ ਦੀ ਵਿਧਵਾ ਰਾਣੀ ਲਕਸ਼ਮੀ ਬਾਈ ਦੇ ਮੁਤਬੰਨੇ ਬੇਟੇ ਨੂੰ ਹਕੂਮਤ ਨੇ ਰਿਆਸਤ ਦਾ ਵਾਰਿਸ ਨਾ ਮੰਨ ਕੇ ਰਿਆਸਤ ਨੂੰ ਜਬਰੀ ਆਪਣੇ ਕਬਜ਼ੇ ਹੇਠ ਕਰਨਾ ਚਾਹਿਆ। ਇਸ ਅਨਿਆਂ ਵਿਰੁੱਧ ਰਾਣੀ ਨੇ ਮੈਦਾਨ-ਇ-ਜੰਗ ’ਚ ਆਪਣੀ ਫੌਜ ਦੀ ਖੁਦ ਅਗਵਾਈ ਕਰਦਿਆਂ ਸਿੱਧੀ ਟੱਕਰ ਲਈ ਤੇ ਅਖੀਰ ਬਹਾਦਰੀ ਨਾਲ ਲੜਦੀ ਹੋਈ 17 ਜੂਨ 1858 ਨੂੰ ਸ਼ਹੀਦ ਹੋ ਗਈ। ਰਾਣੀ ਝਾਂਸੀ ਦੀ ਸਹਿਯੋਗੀ ਝਲਕਾਰੀ ਬਾਈ (ਕੋਰੀ ਜਾਤੀ) ਵੀ ਬੜੀ ਬਹਾਦਰੀ ਨਾਲ ਅੰਗਰੇਜ਼ ਫੌਜਾਂ ਨਾਲ ਟੱਕਰ ਲੈਂਦੀ ਹੋਈ ਸ਼ਹੀਦ ਹੋ ਗਈ ਸੀ। ਮਹਾਂਬੀਰੀ ਦੇਵੀ (ਭੰਗੀ ਬਰਾਦਰੀ) ਨੇ ਮੁਜ਼ੱਫਰਨਗਰ ਵਿਖੇ ਆਪਣੀ ਬਰਾਦਰੀ ਦੀਆਂ ਔਰਤਾਂ ਦੀ ਟੋਲੀ ਬਣਾ ਕੇ ਹੱਥਾਂ ਵਿੱਚ ਕਾਂਤੇ ਤੇ ਗੰਡਾਸੇ ਫੜ੍ਹ ਕੇ ਅੰਗਰੇਜ ਫੌਜ ’ਤੇ ਅਚਾਨਕ ਹਮਲਾ ਕਰਕੇ ਕਈ ਸੈਨਿਕਾਂ ਨੂੰ ਮਾਰ ਦਿੱਤਾ ਸੀ ਤੇ ਅੰਤ ਸੂਰਮਗਤੀ ਨਾਲ ਲੜਦੀ ਹੋਈ ਸ਼ਹੀਦ ਹੋ ਗਈ ਸੀ। ਅਵਧ ਦੇ ਨਵਾਬ ਨੂੰ ਰਾਜ ਪ੍ਰਬੰਧ ਚਲਾਉਣ ਤੋਂ ਅਯੋਗ ਗਰਦਾਨ ਕੇ ਬਸਤੀਵਾਦੀ ਹਕੂਮਤ ਨੇ ਰਿਆਸਤ ਨੂੰ ਆਪਣੇ ਕਬਜ਼ੇ ਹੇਠ ਕਰਕੇ ਨਵਾਬ ਨੂੰ ਦੇਸ਼ ਨਿਕਾਲਾ ਦੇ ਕੇ ਕਲਕੱਤੇ ਭੇਜ ਦਿੱਤਾ। ਪਰ ਬੇਗਮ ਹਜ਼ਰਤ ਮਹਲ ਨੇ ਲਖਨਊ ਵਿਖੇ ਹੀ ਰਹਿ ਕੇ ਅੰਗ੍ਰੇਜ ਫੌਜਾਂ ਨਾਲ ਟੱਕਰ ਲਈ ਅਤੇ ਈਨ ਮੰਨਣ ਦੀ ਥਾਂ ਲੜਦਇਆਂ ਪ੍ਰਾਣ ਤਿਆਗੇ।
ਬਾਬਾ ਰਾਮ ਸਿੰਘ ਜੀ ਦੀ ਅਗਵਾਈ ਹੇਠ 1870 ਵਿੱਚ ਚਲੀ ਕੂਕਾ ਲਹਿਰ ਵੀ ਦਰਅਸਲ ਕਿਸਾਨ ਬੇਚੈਨੀ ’ਚੋਂ ਉਪਜੇ ਰੋਹ ਦਾ ਪ੍ਰਗਟਾਵਾ ਸੀ। ਅੰਗਰੇਜ਼ੀ ਹਕੂਮਤ ਦਾ ਮੁਕੰਮਲ ਬਾਈਕਾਟ ਕਰਕੇ ਸਮਾਨਅੰਤਰ ਸਵਦੇਸ਼ੀ ਰਾਜ ਕਾਇਮ ਕਰਨਾ ਹਕੂਮਤ ਲਈ ਇੱਕ ਵੱਡੀ ਚੁਣੌਤੀ ਸੀ। ਕੂਕਿਆਂ ਨੇ ਬੀਬੀ ਹੁਕਮੀ ਨੂੰ ਅੰਮਿ੍ਰਤਸਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕੂਕਾ ਲਹਿਰ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪ ਕੇ ਔਰਤਾਂ ਨੂੰ ਰਾਜਨੀਤਕ ਬਰਾਬਰੀ ਦੇਣ ਦੀ ਪਹਿਲ ਕਦਮੀ ਕੀਤੀ। ਬੀਬੀ ਇੰਦ ਕੌਰ ਹੰਡਿਆਇਆ ਅਤੇ ਬੀਬੀ ਖੇਮ ਕੌਰ ਦਿੱਤਪੁਰ ਨੇ ਬਹਾਦਰਗੜ੍ਹ (ਪਟਿਆਲੇ) ਜੇਲ੍ਹ ਵਿਚ ਕੈਦ ਕੱਟ ਕੇ ਔਰਤਾਂ ਦੇ ਬੇਮਿਸਾਲ ਸੰਘਰਸ਼ੀ ਜਜ਼ਬੇ ਤੇ ਸਿਰੜ ਦਾ ਪ੍ਰਮਾਣ ਦਿੱਤਾ।
1907 ਦੀ ‘ਪੱਗੜੀ ਸੰਭਾਲ ਜੱਟਾ ਲਹਿਰ’ ਬਸਤੀਵਾਦੀ ਰਾਜ ਵਿਰੁੱਧ ਪੰਜਾਬ ਦੀ ਪਹਿਲੀ ਜਥੇਬੰਦਕ ਕਿਸਾਨ ਲਹਿਰ ਸੀ। ਅੰਗਰੇਜ਼ੀ ਹਕੂਮਤ ਵੱਲੋਂ 1906 ਵਿਚ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਦੇ ਵਿਰੋਧ ਵਿੱਚ ਸ. ਅਜੀਤ ਸਿੰਘ ਦੀ ਅਗਵਾਈ ਹੇਠ ਲਾਇਲਪੁਰ ਵਿਖੇ ਹੋਏ ਕਿਸਾਨਾਂ ਦੇ ਵਿਸ਼ਾਲ ਇਕੱਠ ਨੇ ਹਕੂਮਤ ਖਿਲਾਫ ਸੰਘਰਸ਼ ਕਰਨ ਦਾ ਮਤਾ ਪਾਸ ਕੀਤਾ ਸੀ ਤੇ ਇਸ ਸੰਘਰਸ਼ ਦੇ ਦਬਾਅ ਅਧੀਨ ਹਕੂਮਤ ਨੂੰ ਆਖਰ ਝੁਕਣਾ ਪਿਆ ਸੀ। ਲੋਕਾਂ ਨੂੰ ਭੜਕਾਉਣ ਦੇ ਦੋਸ਼ ਵਿਚ ਸ. ਅਜੀਤ ਸਿੰਘ ਨੂੰ ਉਮਰ ਭਰ ਲਈ ਜਲਾਵਤਨ ਕਰ ਦਿੱਤਾ ਗਿਆ। ਸ. ਅਜੀਤ ਸਿੰਘ ਦੀ ਬੀਵੀ (ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਚਾਚੀ) ਤਾਉਮਰ ਆਪਣੇ ਪਤੀ ਤੋਂ ਵੱਖ ਰਹੀ। ਉਸ ਮਹਾਨ ਵੀਰਾਂਗਣਾ ਦਾ ਇਹ ਅਦੁੱਤੀ ਤਿਆਗ ਆਪਣੇ ਪਤੀ ਨਾਲੋਂ ਕਿਸ ਗੱਲੋਂ ਘੱਟ ਹੈ? ਅਫ਼ਸੋਸ, ਇਤਿਹਾਸਕਾਰਾਂ ਨੇ ਅਜਿਹੀਆਂ ਮਹਾਨ ਔਰਤਾਂ ਨਾਲ ਇਨਸਾਫ ਨਹੀਂ ਕੀਤਾ। ਇਸ ਲਹਿਰ ਵਿੱਚ ਔਰਤਾਂ ਦੀ ਸ਼ਮੂਲੀਅਤ ਦਾ ਭਾਵੇਂ ਸਿੱਧੇ ਤੌਰ ’ਤੇ ਜ਼ਿਕਰ ਨਹੀਂ ਮਿਲਦਾ, ਪਰ ਔਰਤਾਂ ਵੱਲੋਂ ਵੱਖ-ਵੱਖ ਰੂਪਾਂ ਵਿੱਚ ਦਿੱਤੇ ਗਏ ਸਹਿਯੋਗ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
1913-14 ਵਿਚ ਗ਼ਦਰ ਪਾਰਟੀ ਦਾ ਹੋਂਦ ਵਿੱਚ ਆੳਣਾ; ਭਾਰਤੀਆਂ ਦੇ ਬਸਤੀਵਾਦੀ ਗੁਲਾਮੀ, ਨਸਲੀ ਵਿਤਕਰੇ ਤੇ ਖੇਤੀ ਸੰਕਟ ਚੋਂ ਉਪਜੀ ਮਾਨਸਿਕ ਬੇਚੈਨੀ ਚੋਂ ਪੈਦਾ ਹੋਏ ਰੋਹ ਦੇ ਪ੍ਰਗਟਾਵੇ ਦਾ ਸਿਖਰ ਸੀ। ਹਕੂਮਤ ਵਲੋਂ ਕਿਸਾਨਾਂ ਤੋਂ ਜਬਰੀ ਨਕਦ ਮਾਮਲਾ ਵਸੂਲਿਆ ਜਾਂਦਾ ਸੀ ਭਾਵੇਂ ਫਸਲ ਹੋਵੇ ਜਾਂ ਨਾ ਹੋਵੇ। ਮਾਮਲਾ ਨਾ ਦੇ ਸਕਣ ਵਾਲੇ ਕਿਸਾਨਾਂ ਦੀ ਜਾਇਦਾਦ ਕੁਰਕ ਕਰ ਕੇ ਮਾਮਲਾ ਵਸੂਲਿਆ ਜਾਂਦਾ ਸੀ। ਇਸ ਜ਼ਾਲਿਮ ਪਹੁੰਚ ਕਰਕੇ ਕਿਸਾਨਾਂ ਦੀ 250 ਕਰੋੜ ਏਕੜ ਜ਼ਮੀਨ ਗਹਿਣੇ ਪੈ ਚੁੱਕੀ ਸੀ। ਅਕਾਲ ਪੈਣ ਕਾਰਨ ਫਸਲਾਂ ਨਾ ਹੋਈਆਂ ਤੇ ਉੱਤੋਂ ਪਲੇਗ ਫੈਲ ਗਈ। ਭੁੱਖਮਰੀ ਅਤੇ ਬੀਮਾਰੀ ਕਾਰਨ ਬਹੁਤ ਮੌਤਾਂ ਹੋਈਆਂ। ਲੋਕ ਹਕੂਮਤ ਤੋਂ ਬਦਜਨ ਹੋ ਗਏ ਤੇ ਥਾਂ-ਥਾਂ ਸੰਘਰਸ਼ ਫੁੱਟੇ। ਇਸੇ ਵਾਤਾਵਰਣ ਚੋਂ ਗਦਰ ਪਾਰਟੀ ਹੋਂਦ ’ਚ ਆਈ। ਗ਼ਦਰ ਲਹਿਰ ਵਿਚ ਔਰਤਾਂ ਦੀ ਵੀ ਵੱਡੀ ਹਿੱਸੇਦਾਰੀ ਸੀ। ਪ੍ਰਤੱਖ ਤੌਰ ’ਤੇ ਤਾਂ ਇਸ ਲਹਿਰ ਵਿਚ ਬੀਬੀ ਗੁਲਾਬ ਕੌਰ ਦਾ ਨਾਂ ਹੀ ਉਭਰ ਕੇ ਸਾਹਮਣੇ ਆਉਂਦਾ ਹੈ ਪਰ ਅਪ੍ਰਤੱਖ ਤੌਰ ’ਤੇ ਅਨੇਕਾਂ ਗੁੰਮਨਾਮ ਲੜਾਕੂ ਔਰਤਾਂ ਦਾ ਬੇਮਿਸਾਲ ਯੋਗਦਾਨ ਹੈ।
ਉਪਰੋਕਤ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਔਰਤਾਂ ਨੇ ਭਵਿੱਖ ਵਿਚ ਹੋਰ ਵੱਖ-ਵੱਖ ਲਹਿਰਾਂ ਵਿਚ ਆਪਣਾ ਬਣਦਾ ਯੋਗਦਾਨ ਪਾਇਆ। ਦੇਸ਼ ਵਿੱਚ ਵੱਖ-ਵੱਖ ਸੂਬਿਆਂ ਵਿੱਚ ਹੋਏ ਕਿਸਨ ਅੰਦੋਲਨਾਂ ਜਿਵੇਂ ਨਵਾਬ ਹੈਦਰਾਬਾਦ ਵਿਰੁੱਧ ਤਿਲੰਗਾਨਾ ਕਿਸਾਨ ਅੰਦੋਲਨ, ਬੰਗਾਲ ਦਾ ਤਿਭਾਗਾ ਸੰਘਰਸ਼, ਆਸਾਮ ਵਿਚਲਾ ਸੁਰਮਾਵਾਦੀ ਦਾ ਕਿਸਾਨ ਸੰਘਰਸ਼, ਮਹਾਰਾਸ਼ਟਰ ਵਿਖੇ ਵਾਰਲੀ ਦਾ ਆਦਿਵਾਸੀ ਕਿਸਾਨਾਂ ਦਾ ਵਿਦਰੋਹ, ਟਰਾਵਣਕੋਰ ਰਿਆਸਤ ਦੀ ਪੁੰਨਾਪਾਰਾ ਅਤੇ ਵਾਇਆਲੂਰ ਦੀ ਹਥਿਆਰਬੰਦ ਬਗਾਵਤ, ਮਾਲਾਬਾਰ ਦਾ ਕਿਸਾਨ ਅੰਦੋਲਨ, ਪੰਜਾਬ ਵਿੱਚ ਪੈਪਸੂ ਦੀ ਮੁਜ਼ਾਰਾ ਕਿਸਾਨ ਲਹਿਰ ਆਦਿ ਸੰਘਰਸ਼ਾਂ ਵਿੱਚ ਔਰਤਾਂ ਦੀ ਮਹਤਵਪੂਰਣ ਹਿੱਸੇਦਾਰੀ ਰਹੀ ਹੈ।
ਰਿਆਸਤ ਮਲੇਰ ਕੋਟਲੇ ਦੇ ਨਵਾਬ ਖਿਲਾਫ 1927 ਵਿੱਚ ਲਗੇ ਕੁਠਾਲਾ ਕਿਸਾਨ ਮੋਰਚੇ ਦਾ ਜਿਕਰ ਕਰਨਾ ਅਤਿ ਜਰੂਰੀ ਹੈ। ਇੱਥੋਂ ਦੀ ਜ਼ਮੀਨ ਦਾ ਆਹਲਾ ਮਾਲਕ ਇੱਥੋਂ ਦਾ ਨਵਾਬ ਸੀ ਤੇ ਹਲਵਾਹਕ ਕਿਸਾਨ ਅਦਨਾ ਮਾਲਕਾਨ ਸਨ ਜਿਨ੍ਹਾਂ ਤੋਂ ਅੰਗਰੇਜ਼ੀ ਇਲਾਕੇ ਦੇ ਮੁਕਾਬਲੇ ਛੇ ਗੁਣਾ ਵੱਧ ਟੈਕਸ ਵਸੂਲਿਆ ਜਾਂਦਾ ਸੀ। 10 ਜਨਵਰੀ 1927 ਨੂੰ ਦੁੱਖੀ ਹੋਏ ਕਿਸਾਨਾਂ ਨੇ ਪਿੰਡ ਕੁਠਾਲਾ ਵਿਚ ਇਕੱਠੇ ਹੋ ਕੇ ‘ਜਿੰਮੀਦਾਰਾਂ ਲੀਗ’ ਦਾ ਗਠਨ ਕਰਕੇ ਮੰਗ ਪੱਤਰ ਤਿਆਰ ਕੀਤਾ ਅਤੇ ਮੰਗ ਕੀਤੀ ਕਿ ਹੱਲ ਵਾਹਕ ਕਿਸਾਨ ਨੂੰ ਮਾਲਕੀ ਦਾ ਹੱਕ ਦਿੱਤਾ ਜਾਵੇ ਅਤੇ ਜ਼ਮੀਨੀ ਮਾਮਲਾ ਅੰਗਰੇਜ਼ੀ ਇਲਾਕੇ ਦੇ ਬਰਾਬਰ ਕੀਤਾ ਜਾਵੇ। ਇਹ ਮੰਗ ਪੱਤਰ ਲੈ ਕੇ ਕਿਸਾਨਾਂ ਦਾ ਵਫ਼ਦ ਵਾਇਸਰਾਏ ਹਿੰਦ ਨੂੰ ਸ਼ਿਮਲੇ ਜਾ ਕੇ ਮਿਲਿਆ। ਇਸ ਵਫ਼ਦ ਦੀ ਕਾਰਗੁਜ਼ਾਰੀ ਸੁਣਨ ਲਈ 18 ਜੁਲਾਈ 1927 ਨੂੰ ਇੱਥੇ ਹੀ ਦੁਬਾਰਾ ਕਿਸਾਨਾਂ ਦਾ ਇਕੱਠ ਹੋਇਆ। ਇਕੱਠ ਦੀ ਵਿਸ਼ਾਲਤਾ ਅਤੇ ਲੋਕਾਂ ਦੇ ਅਥਾਹ ਜੋਸ਼ ਨੂੰ ਵੇਖ ਕੇ ਬੁਖਲਾਈ ਪੁਲਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 11 ਕਿਸਾਨਾਂ ਨੂੰ ਸ਼ਹੀਦ ਅਤੇ ਕਈਆਂ ਨੂੰ ਫੱਟੜ ਕਰ ਦਿੱਤਾ ਤੇ ਅਨੇਕਾਂ ਗਿ੍ਰਫਤਾਰ ਕਰ ਕੇ ਜੇਲ੍ਹੀਂ ਡੱਕ ਦਿੱਤੇ ਗਏ। ਇਨ੍ਹਾਂ ਵਿੱਚੋਂ ਸੱਤਾਂ ਨੂੰ ਸੋਲਾਂ-ਸੋਲਾਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਪੁਲਸ ਦੀ ਗੋਲੀ ਨਾਲ ਇੱਕ 21 ਸਾਲਾਂ ਦੀ ਮੁਟਿਆਰ ਬੀਬੀ ਕਾਕੋ ਸਪੁੱਤਰੀ ਪ੍ਰਕਾਸ਼ ਸਿੰਘ ਵੀ ਸ਼ਹੀਦ ਹੋਈ ਸੀ।
ਦੇਸ਼ ਵਿਚ ਰਾਜਿਆਂ ਅਤੇ ਨਵਾਬਾਂ ਦੀਆਂ ਵਧੀਕੀਆਂ ਵਿਰੁੱਧ ਕਿਸਾਨਾਂ ਦੇ ਸੰਗਠਨ ਹੋਂਦ ਵਿਚ ਆਉਣੇ ਸ਼ੁਰੂ ਹੋ ਗਏ। ਇਹਨਾਂ ਸੰਗਠਨਾਂ ਨੂੰ ਇਕਜੁਟ ਕਰਨ ਲਈ ਹੋਈ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਨ ਦਾ ਮਾਣ ਵੀ ਇੱਕ ਇਸਤਰੀ, ਸ਼੍ਰੀਮਤੀ ਕਮਲਾਦੇਵੀ ਚੱਟੋਪਾਧਿਆਏ ਨੂੰ ਪ੍ਰਾਪਤ ਹੋਇਆ। ਇਸ ਮੀਟਿੰਗ ਦੇ ਫੈਸਲੇ ਅਨੁਸਾਰ ਕਿਸਾਨਾਂ ਦਾ ਪਹਿਲਾ ਕੌਮੀ ਸੰਮੇਲਨ 11 ਅਪ੍ਰੈਲ 1936 ਨੂੰ ਲਖਨਊ ਵਿਚ ਹੋਇਆ ਅਤੇ ‘ਆਲ ਇੰਡੀਆ ਕਿਸਾਨ ਕਾਂਗਰਸ’ ਦੀ ਸਥਾਪਨਾ ਕੀਤੀ ਗਈ ਜਿਸਨੂੰ ਬਾਅਦ ਵਿਚ ‘ਆਲ ਇੰਡੀਆ ਕਿਸਨ ਸਭਾ’ ਦਾ ਨਾਂ ਦਿੱਤਾ ਗਿਆ। ਇਹ ਵੀ ਫਖ਼ਰ ਦੀ ਗੱਲ ਹੈ ਕਿ ਵਰਲੀ ਆਦਿਵਾਸੀ ਕਿਸਾਨ ਵਿਦਰੋਹ ਦੀ ਨਾਇਕਾ ਗੋਦਾਵਰੀ ਪਾਰੂਲੇਕਰ ਨੂੰ ਕੁਲ ਹਿੰਦ ਕਿਸਾਨ ਸਭਾ ਦੀ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ।
ਰਿਆਸਤ ਕਲਸੀਆਂ ਅਧੀਨ ਅਜੋਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਬਹੁਤ ਪੱਛੜੇ ਹੋਏ ਸੱਤ ਪਿੰਡ ਆਉਂਦੇ ਸਨ। ਜਿਥੇ ਨਾ ਕੋਈ ਸਕੂਲ, ਹਸਪਤਾਲ, ਦੁਕਾਨ, ਅਨਾਜ ਮੰਡੀ ਆਦਿ ਸਨ ਤੇ ਨਾ ਹੀ ਆਵਾਜਾਈ ਦਾ ਕੋਈ ਸਾਧਨ ਸੀ। ਉਪਰੋਕਤ ਸਾਰੀਆਂ ਘਾਟਾਂ ਦੂਰ ਕਰਨ, ਕਰਜ਼ੇ ਦੀਆਂ ਸਹੂਲਤਾਂ ਦੇਣ, ਜ਼ਮੀਨੀ ਮਾਮਲਾ ਘੱਟ ਕਰਨ ਆਦਿ ਮੰਗਾਂ ਨੂੰ ਲੈ ਕੇ ਮੋਰਚਾ ਲੱਗ ਗਿਆ ਜਿਸ ਨੂੰ ਚੜਿੱਕ ਮੋਰਚਾ ਕਿਹਾ ਜਾਂਦਾ ਹੈ। ਰਾਜੇ ਦੇ ਹੁਕਮਾਂ ਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਥੋਂ ਦੇ ਸਥਾਨਕ ਕਾਮਰੇਡ ਸ਼ਮਸ਼ੇਰ ਸਿੰਘ ਦੇ ਮਾਤਾ ਜੀ ਅਤੇ ਜਥੇਦਾਰ ਆਤਮਾ ਸਿੰਘ ਦੀ ਪਤਨੀ ਦੀ ਅਗਵਾਈ ਹੇਠ 100 ਦੇ ਕਰੀਬ ਔਰਤਾਂ ਨੇ ਪੁਲਸ ਨਾਲ ਸਿੱਧੀ ਟੱਕਰ ਲਈ। ਅੱਗੋਂ ਪੁਲਸ ਨੇ ਔਰਤਾਂ ਤੇ ਲਾਠੀਚਾਰਜ ਕੀਤਾ। ਇਸ ਦਲੇਰਾਨਾ ਟੱਕਰ ਦੀ ਬਦੌਲਤ ਗਿ੍ਰਫਤਾਰ ਕੀਤੇ ਮਰਦ ਰਿਹਾਅ ਕਰ ਦਿੱਤੇ ਗਏ ਅਤੇ ਮੁੱਖ ਮੰਗਾਂ ਮੰਨ ਲਈਆਂ ਗਈਆਂ ।
ਅੰਗਰੇਜ਼ੀ ਹਕੂਮਤ ਵੱਲੋਂ ਨਵੇਂ ਬੰਦੋਬਸਤ ਦੇ ਨਾਂਅ ਹੇਠ ਮਾਲੀਆ ਵਧਾ ਕੇ ਕਿਸਾਨਾਂ ’ਤੇ ਆਰਥਿਕ ਬੋਝ ਪਾਉਣ ਖਿਲਾਫ 1939 ’ਚ ‘ਲਾਹੌਰ ਕਿਸਾਨ ਮੋਰਚਾ’ ਲੱਗਾ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਪ੍ਰਮੁੱਖ ਆਗੂਆਂ ਦੀ ਅਗਵਾਈ ਵਿੱਚ ਪੰਜਾਬ ਅਸੈਂਬਲੀ ਲਾਹੌਰ ਮੂਹਰੇ ਰੋਸ ਦਿਖਾਵੇ ਲਈ ਪੈਦਲ ਮਾਰਚ ਕੀਤਾ ਗਿਆ। ਦਫ਼ਾ 144 ਤੋੜਨ ਦੇ ਦੋਸ਼ ਹੇਠ ਹਜ਼ਾਰਾਂ ਕਿਸਾਨਾਂ ਨੂੰ ਗਿ੍ਰਫਤਾਰ ਕਰਕੇ ਜੇਲ੍ਹੀਂ ਭੇਜ ਦਿੱਤਾ ਗਿਆ। ਬਾਬਾ ਸੋਹਣ ਸਿੰਘ ਭਕਨਾ, ਭਾਗ ਸਿੰਘ ਕੈਨੇਡੀਅਨ, ਫੌਜਾ ਸਿੰਘ ਭੁੱਲਰ, ਤੇਜਾ ਸਿੰਘ ਚੂਹੜਕਾਣਾ, ਟਹਿਲ ਸਿੰਘ ਭੰਗਾਲੀ, ਕਾਮਰੇਡ ਦਲੀਪ ਸਿੰਘ ਟਪਿਆਲਾ, ਗਹਿਲ ਸਿੰਘ ਛੱਜਲਵੱਡੀ, ਬਾਬਾ ਕਰਮ ਸਿੰਘ ਚੀਮਾ, ਚੌਧਰੀ ਯੋਗਰਾਜ ਸੈਨੀ, ਰਾਮ ਸਿੰਘ ਦੱਤ ਅਤੇ ਚੰਨਣ ਸਿੰਘ ਤੁਗਲਵਾਲਾ ਆਦਿ ਫੜ੍ਹੇ ਜਾਣ ਵਾਲੇ ਪ੍ਰਮੁੱਖ ਆਗੂਆਂ ’ਚ ਸ਼ਾਮਲ ਸਨ।
ਬੀਬੀ ਈਸ਼ਰ ਕੌਰ ਸੈਨੀ, ਪਿੰਡ ਗੰਭੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਹੇਠ 40 ਔਰਤਾਂ ਦਾ ਜੱਥਾ ਇਸ ਮੋਰਚੇ ਵਿੱਚ ਸ਼ਾਮਲ ਹੋਇਆ। ਬੀਬੀ ਈਸ਼ਰ ਕੌਰ ਕੁਝ ਮਹੀਨਿਆਂ ਦੇ ਬਾਲ ਗੁਰਮੀਤ ਨੂੰ ਕੁੱਛੜ ਚੁੱਕ ਕੇ ਦਸਾਂ ਸਾਲਾਂ ਦੀ ਧੀ ਵਿਦਿਆ ਸਮੇਤ ਮਾਰਚ ਵਿੱਚ ਸ਼ਾਮਲ ਹੋਈ ਸੀ। ਇਸ ਜਥੇ ਵਿੱਚ ਪਿੰਡ ਕੰਦੋਲਾ ਕਲਾਂ, ਜ਼ਿਲ੍ਹਾ ਜਲੰਧਰ ਦੀ ਬੀਬੀ ਹਰਕਿਸ਼ਨ ਕੌਰ, ਪਿੰਡ ਢੰਡ ਕਸੇਲ (ਅੰਮਿ੍ਰਤਸਰ) ਦੀ ਬੀਬੀ ਤੇਜ਼ ਕੌਰ ਭੰਗਾਲੀ ਜਿਸਦਾ ਪਤੀ ਟਹਿਲ ਸਿੰਘ ਪਿੰਡ ਵਿੱਚ ਨਜ਼ਰਬੰਦ ਸੀ, ਬੀਬੀ ਇੰਦਰ ਕੌਰ, ਬੀਬੀ ਨਰੈਣ ਕੌਰ, ਬੀਬੀ ਉਤਮ ਕੌਰ, ਬੀਬੀ ਬੇਅੰਤ ਕੌਰ, ਬੀਬੀ ਭਾਗਣ ਵੀ ਸ਼ਾਮਲ ਸਨ। ਬਰੈਡਲੇ ਹਾਲ ਤੋਂ ਪੰਜਾਬ ਅਸੈਂਬਲੀ ਹਾਲ ਨੂੰ ਪੈਦਲ ਜਾਂਦੀਆਂ ਔਰਤਾਂ ਦੇ ਜੱਥੇ ’ਤੇ ਪੁਲਸ ਨੇ ਬੜੀ ਬੇਰਹਿਮੀ ਨਾਲ ਲਾਠੀਚਾਰਜ ਕੀਤਾ। ਪੁਲਸ ਨੇ ਬੀਬੀ ਉਤਮ ਕੌਰ ਨੂੰ ਵਾਲਾਂ ਤੋਂ ਫੜਕੇ ਘੜੀਸਿਆ, ਬੀਬੀ ਨਰੈਣ ਕੌਰ ਦੀ ਬਾਂਹ ਟੁੱਟ ਗਈ, ਬੀਬੀ ਇੰਦਰ ਕੌਰ ਦੇ ਹੱਥਾਂ ਦੀਆਂ ਉਂਗਲੀਆਂ ਟੁੱਟ ਗਈਆਂ, ਬੀਬੀ ਬੇਅੰਤ ਕੌਰ ਨੂੰ ਪੁਲਸ ਨੇ ਗਾਲ੍ਹਾਂ ਕੱਢੀਆਂ, ਬੀਬੀ ਭਾਗਣ ਧੱਕਾ-ਮੁੱਕੀ ਕਾਰਨ ਬੇਹੋਸ਼ ਹੋ ਕੇ ਡਿੱਗ ਪਈ। ਬੀਬੀ ਈਸ਼ਰ ਕੌਰ ਦੀ ਛਾਤੀ ’ਤੇ ਬਹੁਤ ਸੱਟਾਂ ਲੱਗੀਆਂ। ਜ਼ਖਮੀ ਹੋਈਆਂ ਔਰਤਾਂ ਨੂੰ ਗਿ੍ਰ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਬੀਬੀ ਈਸ਼ਰ ਕੌਰ ਦਾ ਬੀਮਾਰ ਬੇਟੇ ਦੀ ਜੇਲ੍ਹ ਵਿਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤ ਹੋ ਗਈ। ਬੀਬੀ ਹਰਕਿਸ਼ਨ ਕੌਰ ਸੱਟਾਂ ਦੀ ਤਾਬ ਨਾ ਸਹਾਰਦੀ ਹੋਈ ਜੇਲ੍ਹ ਵਿਚ ਸ਼ਹੀਦ ਹੋ ਗਈ। ਬੀਬੀ ਈਸ਼ਰ ਕੌਰ ਦੇ ਸੱਟਾਂ ਦੇ ਜਖ਼ਮ ਠੀਕ ਨਾ ਹੋਏ ਤੇ ਰਿਹਾਅ ਹੋਣ ਤੋਂ ਬਾਅਦ ਉਹ ਸ਼ਹੀਦ ਹੋ ਗਈ।
ਬੰਗਾਲ ਦੇ ਕਈ ਜਿਲ੍ਹਿਆਂ 1946 ਤੋਂ 1950 ਤੱਕ ਤਿਭਾਗਾ ਕਿਸਾਨ ਅੰਦੋਲਨ ਚੱਲਿਆ। ਮੁਜ਼ਾਰਿਆਂ ਨੂੰ ਫਸਲ ਦਾ ਅੱਧ ਜ਼ਿਮੀਦਾਰਾਂ ਨੂੰ ਦੇਣਾ ਪੈਂਦਾ ਸੀ ਤੇ ਉਹ ਉਪਜ ਦਾ ਤੀਜਾ ਹਿੱਸਾ ਜਿੰਮੀਦਾਰਾਂ ਨੂੰ ਦੇਣ ਤੇ ਆਪਣੇ ਕੋਲ ਦੋ ਹਿੱਸੇ ਰੱਖਣ ਦੀ ਮੰਗ ਕਰ ਰਹੇ ਸਨ। ਇਸ ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ ਤੇ ਹਾਜ਼ੋਗ ਕਬੀਲੇ ਦੀ ਬੀਬੀ ਰਸ਼ਮੋਨੀ ਹਾਜ਼ੋਗ ਨੇ ਸ਼ਹੀਦੀ ਪ੍ਰਾਪਤ ਕੀਤੀ।
ਅੰਗਰੇਜ਼ੀ ਹਕੂਮਤ ਨੇ ਪੰਜਾਬ ਵਿੱਚ ਰੀਮਾਡਲਿੰਗ ਸਕੀਮ ਦੇ ਬਹਾਨੇ, ਪੁਰਾਣੇ ਮੋਘਿਆਂ ਦੀ ਥਾਂ ਨਵੇਂ ਮੋਘੇ ਛੋਟੇ ਕਰਕੇ ਕਿਸਾਨਾਂ ਨੂੰ ਘੱਟ ਪਾਣੀ ਦੇਣ ਦੀ ਸਕੀਮ ਘੜੀ ਜਿਸ ਵਿਰੁੱਧ 1946 ਵਿੱਚ ਹਰਸਾ ਛੀਨਾ ਮੋਘਾ ਮੋਰਚਾ ਲੱਗਿਆ। ਕਿਸਾਨਾਂ ਦੇ ਵਫ਼ਦ ਵਜ਼ੀਰਾਂ ਨੂੰ ਮਿਲੇ, ਸਰਕਾਰ ਨੂੰ ਅਲਟੀਮੇਟਮ ਦਿੱਤੇ ਪਰ ਸਰਕਾਰ ਨੇ ਇਸਨੂੰ ਅਣਗੋਲਿਆ ਕਰ ਦਿੱਤਾ ਤੇ ਸਥਾਨਕ ਐਮ.ਐਲ.ਏ. ਕਾਮਰੇਡ ਅੱਛਰ ਸਿੰਘ ਛੀਨਾ ਦੀ ਅਗਵਾਈ ਵਿੱਚ ਮੋਰਚਾ ਲੱਗ ਗਿਆ। ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਦਲੀਪ ਸਿੰਘ ਟਪਿਆਲਾ ਨੇ ਅੰਡਰ ਗਰਾਊਂਡ ਰਹਿ ਕੇ ਇਸ ਮੋਰਚੇ ਦੀ ਵਾਗਡੋਰ ਸੰਭਾਲੀ। ਮੋਰਚੇ ਵਿਚ 1500 ਤੋਂ ਵੱਧ ਕਿਸਾਨ ਗਿ੍ਰਫਤਾਰ ਹੋਏ। ਬੀਬੀ ਰਘਬੀਰ ਕੌਰ ਐਮ.ਐਲ.ਏ. ਦੀ ਅਗਵਾਈ ਹੇਠ ਬੀਬੀਆਂ ਦੇ ਜਥੇ ਨੇ ਮੋਰਚੇ ਵਿਚ ਹਿੱਸਾ ਲਿਆ। ਬੀਬੀਆਂ ਨੂੰ ਵੀ ਗਿ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
ਟਾਂਡਾ ਨੇੜਲੇ ਪਿੰਡ ਉੜਮੁੜ ਦੀ ਕੁਲ ਜ਼ਮੀਨ ਦਾ ਮਾਲਕ ਇੱਕ ਜਗੀਰਦਾਰ ਪਠਾਣ ਸ਼ਾਹਬਾਜ਼ ਖਾਨ ਸੀ। ਉਸਨੇ ਮੁਜ਼ਾਰਿਆਂ ਉਤੇ ਬਹੁਤ ਸਖਤ ਪਾਬੰਦੀਆਂ ਲਾਈਆਂ ਹੋਈਆਂ ਸਨ। ਜ਼ਮੀਨ ਦੇ ਕੁਝ ਹਿੱਸੇ ਉਤੇ ਦੁਕਾਨਦਾਰਾਂ, ਦਸਤਕਾਰਾਂ ਅਤੇ ਮਜ਼ਦੂਰਾਂ ਆਦਿ ਨੇ ਝੁੱਗੀਆਂ-ਝੌਪੜੀਆਂ ਉਸਾਰ ਕੇ ਆਪਣਾ ਰੁਜ਼ਗਾਰ ਚਲਾਇਆ ਹੋਇਆ ਸੀ। ਉਹ ਜਗੀਰਦਾਰ ਨੂੰ ਤਹਿਬਜ਼ਾਰੀ ਦੇ ਰੂਪ ਵਿੱਚ ਕਿਰਾਇਆ ਦਿੰਦੇ ਸਨ। ਜਗੀਰਦਾਰ ਨੇ ਹਿੰਦੂ, ਸਿੱਖਾਂ ਦੀਆਂ ਮੜ੍ਹੀਆਂ ਅਤੇ ਮੁਸਲਮਾਨਾਂ ਦੀਆਂ ਕਬਰਾਂ ’ਤੇ ਹੱਲ ਚਲਵਾ ਕੇ ਕਬਜ਼ਾ ਕਰ ਲਿਆ। ਝੁੱਗੀਆਂ-ਝੌਂਪੜੀਆਂ ਦਾ ਕਿਰਾਇਆ ਵਧਾ ਦਿੱਤਾ। ਜਗੀਰਦਾਰ ਦਾ ਜਨਤਕ ਵਿਰੋਧ ਹੋਇਆ ਅਤੇ 1946 ਵਿਚ ਮੋਰਚਾ ਲਾ ਕੇ ਰੋਸ ਪ੍ਰਗਟਾਉਣ ਲਈ ਜੱਥੇ ਤੋਰੇ ਗਏ। ਜੱਥਿਆਂ ਨੂੰ ਗਿ੍ਰਫਤਾਰ ਕਰਕੇ ਕੈਦ ਕਰ ਲਿਆ ਜਾਂਦਾ ਸੀ। ਇਸ ਸਤਿਆਗ੍ਰਹਿ ਵਿਚ 300 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ। ਜਗੀਰਦਾਰ ਦੇ ਗੁੰਡਿਆਂ ਨੇ ਔਰਤਾਂ ’ਤੇ ਵਹਿਸ਼ੀ ਲਾਠੀਚਾਰਜ ਕੀਤਾ ਅਤੇ ਲੋਕਾਂ ਦੇ ਘਰਾਂ ਦੀ ਲੁੱਟ ਵੀ ਕੀਤੀ। ਕਈ ਔਰਤਾਂ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਭੇਜਿਆ ਗਿਆ।
ਦੇਸ਼ ਆਜ਼ਾਦ ਹੋਣ ਪਿੱਛੋਂ 1959 ਵਿੱਚ ਪੰਜਾਬ ਸਰਕਾਰ ਨੇ ਭਾਖੜਾ ਡੈਮ ਦਾ ਖਰਚਾ ਪੂਰਾ ਕਰਨ ਲਈ ਕਿਸਾਨਾਂ ਉਤੇ ਖੁਸ਼ਹੈਸੀਅਤੀ ਟੈਕਸ ਦੇ ਨਾਂਅ ਹੇਠਾਂ ਭਾਰੀ ਬੋਝ ਪਾ ਦਿੱਤਾ। ਸਰਕਾਰ ਵਲੋਂ ਟੈਕਸ ਦੀ ਪੇਸ਼ਗੀ ਉਗਰਾਹੀ ਦਾ ਆਰਡੀਨੈਂਸ ਜਾਰੀ ਹੋਣ ’ਤੇ ਕਿਸਾਨੀ ਦਾ ਰੋਹ ਹੋਰ ਵੱਧ ਗਿਆ। ਇਸ ਖਿਲਾਫ ‘ਖੁਸ਼ ਹੈਸੀਅਤ ਟੈਕਸ ਵਿਰੋਧੀ ਅੰਦੋਲਨ’ ਚੱਲਿਆ। ਇਸ ਅੰਦੋਲਨ ਵਿੱਚ ਕਿਸਾਨੀ ਦੀਆਂ ਸਾਰੀਆਂ ਧਿਰਾਂ ਨੇ ਰਲਕੇ ਸਤਿਆਗ੍ਰਹਿ ਕੀਤਾ। ਸਰਕਾਰ ਦੇ ਹੁਕਮਾਂ ਤੇ ਰੋਸ ਮੁਜ਼ਾਹਰਾ ਕਰਦੇ ਕਿਸਾਨਾਂ ’ਤੇ ਪੁਲਸ ਨੇ ਅੰਨ੍ਹਾ ਤਸ਼ੱਦਦ ਕੀਤਾ। ਗਿ੍ਰਫਤਾਰੀਆਂ ਅਤੇ ਘਰਾਂ ਦੀਆਂ ਕੁਰਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਮੋਰਚੇ ਵਿੱਚ ਔਰਤਾਂ ਨੇ ਸਰਗਰਮ ਹਿੱਸਾ ਲਿਆ। ਪਿੰਡ ਐਤੀਆਣਾ ਦੇ ਗਿ੍ਰਫ਼ਤਾਰ ਕਿਸਾਨਾਂ ਨੂੰ ਜ਼ੁਰਮਾਨੇ ਅਤੇ ਕੈਦ ਦੀ ਸਜ਼ਾ ਸੁਣਾ ਕੇ ਨਾਭਾ ਜੇਲ੍ਹ ਭੇਜ ਦਿੱਤਾ ਗਿਆ। 5 ਮਾਰਚ 1959 ਨੂੰ ਪਿਛੋਂ ਪਰਿਵਾਰਾਂ ਤੋਂ ਜਬਰੀ ਟੈਕਸ ਵਸੂਲਣ ਲਈ ਮਾਲ ਮਹਿਕਮੇ ਦੇ ਅਫਸਰ ਪੁਲਸ ਕਰਮਚਾਰੀਆਂ ਸਮੇਤ ਪਿੰਡ ਪਹੁੰਚ ਗਏ। ਪਿੰਡ ਵਾਸੀਆਂ ਨੇ ਨੰਬਰਦਾਰ ਦਲੀਪ ਸਿੰਘ ਦੀ ਅਗਵਾਈ ਵਿੱਚ ਪੁਲਸ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ। ਪੁਲਸ ਨੇ ਅੰਨ੍ਹੇਵਾਹ ਗੋਲੀ ਚਲਾ ਦਿੱਤੀ। ਨੰਬਰਦਾਰ ਦਲੀਪ ਸਿੰਘ ਦੀ ਮਾਤਾ ਚੰਦ ਕੌਰ ਦੀ ਪੁੜਪੜੀ ਵਿੱਚ ਗੋਲੀ ਲੱਗੀ ਤੇ ਉਹ ਮੌਕੇ ’ਤੇ ਹੀ ਸ਼ਹੀਦ ਹੋ ਗਈ। ਇੱਕ ਖੇਤ ਮਜਦੂਰ ਬੀਬੀ ਬਚਨੀ ਪਤਨੀ ਉਤਮ ਸਿੰਘ ਜਖ਼ਮਾਂ ਦੀ ਤਾਬ ਨਾ ਸਹਾਰਦੀ ਹੋਈ ਸ਼ਹੀਦ ਹੋ ਗਈ। ਰਵਿਦਾਸੀਆ ਭਾਈਚਾਰੇ ਦੀ ਬੀਬੀ ਪੁਨਾੰ ਪਤਨੀ ਸੰਤਾ ਸਿੰਘ, ਬੀਬੀ ਹਰਦਿਆਲ ਕੌਰ ਪਤਨੀ ਨੰਬਰਦਾਰ ਬਚਨ ਸਿੰਘ ਖੰਗੂੜਾ, ਬੀਬੀ ਬਚਨ ਕੌਰ ਪਤਨੀ ਦਲੀਪ ਸਿੰਘ ਬੈਂਸ, ਬੀਬੀ ਅਜੈਬ ਕੌਰ ਪੁੱਤਰੀ ਸ. ਦਲਬਾਰਾ ਸਿੰਘ ਬੈਂਸ, ਬੀਬੀ ਚੰਦ ਕੌਰ ਪਤਨੀ ਕਿਸ਼ਨ ਸਿੰਘ ਖੰਗੂੜਾ ਆਦਿ ਔਰਤਾਂ ਗੰਭੀਰ ਜਖ਼ਮੀ ਹੋ ਗਈਆਂ। 13 ਮਾਰਚ 1959 ਨੂੰ ਬੀਬੀ ਸੰਤੀ ਉਰਫ ਬਸੰਤ ਕੌਰ ਪਿੰਡ ਨਰੂੜ, ਜ਼ਿਲ੍ਹਾ ਕਪੂਰਥਲਾ ਵੀ ਪੁਲਸ ਦੀ ਗੋਲੀ ਨਾਲ ਸ਼ਹੀਦ ਹੋ ਗਈ।
ਜ਼ਿਲ੍ਹਾ ਸੰਗਰੂਰ ਤੋਂ ਬੀਬੀ ਧਰਮ ਕੌਰ ਲੌਗੋਂਵਾਲ, ਬੀਬੀ ਗੁਰਦਿਆਲ ਕੌਰ ਉਪਲੀ, ਬੀਬੀ ਹਰਨਾਮ ਕੌਰ ਭੱਠਲ, ਜਨਕ ਸਿੰਘ ਭੱਠਲ ਦੀ ਜੀਵਨ ਸਾਥਣ ਦਲਜੀਤ ਕੌਰ ਆਦਿ ਆਪਣੇ ਨਿੱਕੇ-ਨਿੱਕੇ ਬਾਲਾਂ ਸਮੇਤ ਸਤਿਆਗ੍ਰਹਿ ਵਿਚ ਸ਼ਾਮਲ ਹੋਈਆਂ ਜਿਨ੍ਹਾਂ ਨੂੰ ਗਿ੍ਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
ਇਸ ਮੋਰਚੇ ਵਿਚ ਕਿਸਨਾਂ-ਮਜ਼ਦੂਰਾਂ ਦਾ ਸਾਂਝਾ ਲਹੂ ਡੁੱਲ੍ਹਿਆ ਸੀ। ਕਿਸਨਾਂ-ਮਜ਼ਦੂਰਾਂ ਦੇ ਏਕੇ ਸਾਹਮਣੇ ਆਖਰ ਸਰਕਾਰ ਨੂੰ ਝੁੱਕਣਾ ਪਿਆ ਤੇ ਮੰਗਾਂ ਮੰਨ ਲਈਆਂ ਗਈਆਂ। ਪੰਜਾਬ ਸਰਕਾਰ ਨੇ ਬਾਅਦ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ 5-5 ਹਜ਼ਾਰ ਰੁਪਏ ਅਤੇ ਜਖ਼ਮੀਆਂ ਨੂੰ 2-2 ਹਜਾਰ ਰੁਪਏ ਮੁਆਵਜ਼ਾ ਦੇਣਾ ਚਾਹਿਆ ਪਰ ਅਣਖੀ ਪੰਜਾਬੀਆਂ ਨੇ ਸਰਕਾਰ ਦੀ ਪੇਸ਼ਕਸ਼ ਠੁਕਰਾ ਕੇ ਮਾਣਮੱਤਾ ਇਤਿਹਾਸ ਸਿਰਜਿਆ।
ਵਰਤਮਾਨ ਦੌਰ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੇ ਉਪਰੋਕਤ ਜੁਝਾਰੂ ਵਿਰਸੇ ਨੂੰ ਨਵੀਂ ਬੁਲੰਦੀਆਂ ਬਖਸ਼ੀਆਂ ਹਨ। ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਪਾਸ ਕਰਕੇ ਕਿਸਾਨੀ ਦੇ ਮਨਾਂ ਅੰਦਰ ਆਪਣੀ ਹੋਂਦ ਨੂੰ ਬਚਾਉਣ ਲਈ ਬੇਚੈਨੀ ਪੈਦਾ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਇਕਮੁੱਠ ਹੋ ਕੇ ਥਾਂ ਥਾਂ ਧਰਨੇ ਤੇ ਮੁਜ਼ਾਹਰੇ ਕਰਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਵਾਜ਼ ਉਠਾਈ। ਕੇਂਦਰ ਸਰਕਾਰ ਖਿਲਾਫ਼ ਪੰਜਾਬ ’ਚੋਂ ਉਠੀ ਆਵਾਜ਼ ਇੱਕ ਲਹਿਰ ਦਾ ਰੂਪ ਧਾਰ ਕੇ ਸਮੁੱਚੇ ਭਾਰਤ ਵਿੱਚ ਫੈਲ ਗਈ। 26 ਨਵੰਬਰ 2020 ਨੂੰ ਸਮੁੱਚੇ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਦੀਆਂ ਕਿਸਾਨ ਜਥੇਬੰਦੀਆਂ ਨੇ ਆਪਣੀ ਆਵਾਜ਼ ਕੇਂਦਰ ਸਰਕਾਰ ਨੂੰ ਨੇੜੇ ਹੋ ਕੇ ਸੁਣਾਉਣ ਲਈ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਦਿੱਲੀ ਵੱਲ ਚਾਲੇ ਪਾ ਦਿੱਤੇ। ਕਿਸਾਨਾਂ ਨੇ ਪ੍ਰਸ਼ਾਸ਼ਨ ਵਲੋਂ ਰਸਤੇ ਵਿੱਚ ਖੜੀਆਂ ਕੀਤੀਆਂ ਅਨੇਕਾਂ ਰੋਕਾਂ ਤੋੜੀਆਂ, ਪਾਣੀ ਦੀਆਂ ਬੁਛਾੜਾਂ ਝੱਲੀਆਂ ਤੇ ਆਖਰ ਦਿੱਲੀ ਦੀਆਂ ਬਰੂਹਾਂ ਜਾ ਮੱਲੀਆਂ। ਇਸ ਸੰਘਰਸ਼ ਨੂੰ ਭਾਰਤ ਦੇ ਹਰ ਵਰਗ ਅਤੇ ਕਿੱਤੇ ਨਾਲ ਸਬੰਧਤ ਲੋਕਾਂ ਦਾ ਪੂਰਨ ਸਹਿਯੋਗ ਅਤੇ ਵਿਸ਼ਵ ਭਰ ਚੋਂ ਪੂਰਨ ਹਮਾਇਤ ਮਿਲ ਰਹੀ ਹੈ। ਕੇਂਦਰ ਸਰਕਾਰ ਦਲੀਲੀ ਪੱਖ ਤੋਂ ਤਾਂ ਕਿਸਾਨਾਂ ਮੂਹਰੇ ਬੁਰੀ ਤਰ੍ਹਾਂ ਹਾਰ ਚੁੱਕੀ ਹੈ ਪਰ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਦੱਸਣ ਦਾ ਰਾਗ ਅਲਾਪਣੋਂ ਅਜੇ ਵੀ ਬਾਜ ਨਹੀਂ ਆ ਰਹੀ।
ਇਸ ਸੰਘਰਸ਼ ਦੇ ਪਹਿਲੇ ਦਿਨ ਤੋਂ ਹੀ ਔਰਤਾਂ ਦੀ ਇਸ ਵਿੱਚ ਹਰ ਪੱਖੋਂ ਬਰਾਬਰ ਦੀ ਸ਼ਮੂਲੀਅਤ ਹੈ। ਭਾਰੀ ਗਿਣਤੀ ਔਰਤਾਂ ਦਾ ਮਾਰਚਾਂ, ਧਰਨਿਆਂ ਤੇ ਰੇਲਾਂ ਰੋਕਣ ਵਿਚ ਸ਼ਾਮਲ ਹੋਣਾ, ਮੰਚ ਤੇ ਮਰਦਾਂ ਬਰਾਬਰ ਸੁਸ਼ੋਭਿਤ ਹੋਣਾ, ਭਾਸ਼ਣ ਦੇਣੇ, ਬਰਾਬਰ ਟੱਕਰ ਲੈਣੀ, ਟਰੈਕਟਰ ਚਲਾ ਕੇ ਮਾਰਚ ਵਿਚ ਸ਼ਾਮਲ ਹੋਣਾ, ਔਰਤਾਂ ਵਲੋਂ ਸਾਰੀਆਂ ਕਾਰਵਾਈਆਂ ਦਾ ਖ਼ੁਦ ਸੰਚਾਲਨ ਕਰਨਾ, 8 ਮਾਰਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਵੀ ਇਸੇ ਤਰਜ਼ ’ਤੇ ਮਨਾਇਆ ਜਾਣਾ, ਔਰਤਾਂ ਦੀ ਦੋ ਦਿਨਾ (26 ਜੁਲਾਈ ਅਤੇ 9 ਅਗਸਤ) ਕਿਸਾਨ ਮਹਿਲਾ ਸੰਸਦ ਦੀ ਸਫਲਤਾ ਆਦਿ ਮਾਣ ਕਰਨ ਯੋਗ ਕਾਰਗੁਜ਼ਾਰੀ ਵਿਸ਼ਵ ਪੱਧਰ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਈ ਔਰਤਾਂ ਨੂੰ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਬਦਲੇ ਨੂੰ ਦੇਸ਼ ਧ੍ਰੋਹੀ ਗਰਦਾਨ ਕੇ ਉਨ੍ਹਾਂ ’ਤੇ ਮੁਕੱਦਮੇ ਵੀ ਦਰਜ ਹੋਏ ਤੇ ਜੇਲ੍ਹਾਂ ਦੇ ਕਸ਼ਟ ਵੀ ਸਹਿਣੇ ਪਏ। ਕਿਸਾਨੀ ਸੰਘਰਸ਼ ਦੀਆਂ ਗਤੀਵਿਧੀਆਂ ਤੋਂ ਪੂਰੀ ਦੁਨੀਆਂ ਨੂੰ ਜਾਣੂ ਕਰਵਾਉਣ ਲਈ ਅਤੇ ਲੋਕਾਂ ਵਿਚ ਉਤਸ਼ਾਹ ਭਰਨ ਲਈ ਸ਼ੋਸ਼ਲ ਮੀਡੀਆ ਰਾਹੀਂ ਔਰਤਾਂ ਸ਼ਾਨਦਾਰ ਭੂਮਿਕਾ ਨਿਭਾ ਰਹੀਆਂ ਹਨ। ਇਨ੍ਹਾਂ ਅੰਦੋਲਨਕਾਰੀ ਔਰਤਾਂ ਨੂੰ ਭਾਜਪਾ ਹਮਾਇਤੀਆਂ ਵਲੋਂ ਇਹ ਕਹਿ ਕੇ ਵੀ ਭੰਡਣ ਦਾ ਯਤਨ ਕੀਤਾ ਗਿਆ ਕਿ ਇਹ ਤਾਂ ਕਿਸਾਨ ਔਰਤਾਂ ਹੈ ਹੀ ਨਹੀਂ , ਇਨ੍ਹਾਂ ਨੂੰ ਤਾਂ ਸੌ-ਸੌ ਰੁਪਏ ਦੇਕੇ ਭਾੜੇ ’ਤੇ ਲਿਆਂਦਾ ਜਾਂਦਾ ਹੈ ਆਦਿ। ਪਰ ਹਰ ਤੁਹਮਤ ਦਾ ਸਿਦਕ-ਦਿਲੀ ਨਾਲ ਬੁਥਾੜ ਭੰਨਦੀਆਂ ਸੰਘਰਸ਼ੀ ਬੀਬੀਆਂ ਡਟੀਆਂ ਚਲੀਆਂ ਆ ਰਹੀਆਂ ਹਨ। ਜਿਹੜੀਆਂ ਔਰਤਾਂ ਸਿੱਧੇ ਤੌਰ ’ਤੇ ਇਸ ਸੰਘਰਸ਼ ਦਾ ਹਿੱਸਾ ਨਹੀਂ ਬਣ ਸਕੀਆਂ ਉਨ੍ਹਾਂ ਨੇ ਆਪਣੇ ਪਿਤਾ, ਭਰਾਵਾਂ, ਪੁੱਤਰਾਂ ਅਤੇ ਪਤੀਆਂ ਨੂੰ ਹੱਥੀਂ ਗਾਨੇ ਬੰਨ ਕੇ ਜਿੱਤ ਪ੍ਰਾਪਤ ਕਰਨ ਲਈ ਘਰੋਂ ਤੋਰਿਆ ਅਤੇ ਆਪ ਪਿਛੋਂ ਘਰ, ਪਰਿਵਾਰ ਅਤੇ ਖੇਤੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ।
ਇਸ ਸੰਘਰਸ਼ ਦੇ ਗੌਰਵਮਈ ਤੇ ਨਵੇਕਲੇ ਇਤਿਹਾਸ ਦਾ ਇੱਕ-ਇੱਕ ਦਿਨ ਭਵਿੱਖ ਵਿਚ ਲਿਖੀਆਂ ਜਾਣ ਵਾਲੀਆਂ ਪੁਸਤਕਾਂ ਦੇ ਸੁਨਹਿਰੀ ਅਧਿਆਇ ਬਣਨ ਤੇ ਸਮਰੱਥ ਹੈ ਤੇ ਇਸ ਸ਼ਾਨਾਮੱਤੀ ਇਬਾਰਤ ਨੂੰ ਕੁਝ ਸਤਰਾਂ ਵਿਚ ਬਿਆਨਿਆ ਨਹੀਂ ਜਾ ਸਕਦਾ। ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਲੱਗੇ ਧਰਨਿਆਂ ਵਿੱਚ ਪ੍ਰਸ਼ਾਸ਼ਨ ਦੀ ਨਲਾਇਕੀ ਕਾਰਨ ਕਿਸਾਨਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਦੀ ਘਾਟ ਕਾਰਨ ਸੈਂਕੜੇ ਕਿਸਾਨ ਸ਼ਹੀਦ ਹੋ ਗਏ ਜਿਹਨਾਂ ਵਿੱਚ ਔਰਤਾਂ ਵੀ ਸ਼ਾਮਿਲ ਹਨ।
ਕਿਸਾਨ ਸੰਘਰਸ਼ ਵਿਚ ਸ਼ਹੀਦ ਹੋਣ ਵਾਲੀਆਂ ਔਰਤਾਂ ਵਿੱਚ ਰਜਿੰਦਰ ਕੌਰ (35-ਪਿੰਡ ਗੰਗੋਹਰ, ਜ਼ਿਲ੍ਹਾ ਬਰਨਾਲਾ 7 ਦਸੰਬਰ 2020), ਗੁਰਮੇਲ ਕੌਰ (65-ਪਿੰਡ ਘਰਾਚੋਂ, ਜ਼ਿਲ੍ਹਾ ਸੰਗਰੂਰ, 8 ਦਸੰਬਰ 2020), ਮਲਕੀਅਤ ਕੌਰ (70-ਮਾਨਸਾ 27 ਦਸੰਬਰ 2020), ਸੁਰਜੀਤ ਕੌਰ (56-ਬਰਨਾਲਾ 30 ਦਸੰਬਰ 2020), ਸਿਮਰਨਜੀਤ ਕੌਰ (58-ਪਿੰਡ ਵੱਲਾ, ਜ਼ਿਲ੍ਹਾ ਅੰਮਿ੍ਰਤਸਰ, 26 ਜਨਵਰੀ 2021), ਨਰਿੰਦਰ ਕੌਰ (65-ਪਿੰਡ ਵੱਲਾ, ਜ਼ਿਲ੍ਹਾ ਅੰਮਿ੍ਰਤਸਰ, 26 ਜਨਵਰੀ 2021), ਸੰਦੀਪ ਕੌਰ (30-ਸੰਗਰੂਰ 2 ਫਰਵਰੀ 2021), ਸੁਖਦੇਵ ਕੌਰ (70-ਮੋਗਾ 3 ਫਰਵਰੀ 2021), ਬਲਜੀਤ ਕੌਰ (52-ਸ਼ੇਰਪੁਰ, ਸੁਲਤਾਨਪੁਰ, 17 ਮਾਰਚ 2021), ਗੁਰਮੇਲ ਕੌਰ (75-ਬਠਿੰਡਾ 20 ਮਾਰਚ 2021), ਮਹਿੰਦਰ ਕੌਰ (65-ਸੰਗਰੂਰ 21 ਮਾਰਚ 2021), ਬਲਵੀਰ ਕੌਰ (70-ਬਠਿੰਡਾ 22 ਮਾਰਚ 2021), ਰਾਜ ਕੌਰ (ਸੁਨਾਮ, ਜ਼ਿਲ੍ਹਾ ਸੰਗਰੂਰ 1 ਅਪ੍ਰੈਲ 2021), ਬਲਵੰਤ ਕੌਰ (77-ਪਿੰਡ ਬਨਭੌਰਾ, ਜ਼ਿਲ੍ਹਾ ਸੰਗਰੂਰ 5 ਅਪ੍ਰੈਲ 2021), ਮਨਜੀਤ ਕੌਰ (35-ਪਿੰਡ ਹੇੜੀ ਕੇ, ਸੰਗਰੂਰ 16 ਅਪ੍ਰੈਲ 2021), ਗੁਰਮੀਤ ਕੌਰ (80-ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਜਲੰਧਰ 18 ਅਪ੍ਰੈਲ 2021), ਮੋਮੀਤਾ ਬਾਸੂ (25-ਪੱਛਮੀ ਬੰਗਾਲ ਤੋਂ ਸਟੂਡੈਂਟ ਐਕਟੇਵਿਸਟ) ਵੀਨਾ ਰਾਣੀ (51-ਪਿੰਡ ਤਲਵੰਡੀ ਸੰਘੇੜਾ, ਜਲੰਧਰ 4 ਮਈ 2021) ਰਜਿੰਦਰ ਕੌਰ, (86-ਪਿੰਡ ਮੁਹਾਵਾ, ਜ਼ਿਲ੍ਹਾ ਅੰਮਿ੍ਰਤਸਰ 2 ਅਗਸਤ 2021), ਸ਼ਰਨਜੀਤ ਕੌਰ (ਹਿਯਾਤ ਨਗਰ, ਗੁਰਦਾਸਪੁਰ 17 ਅਗਸਤ 2021), ਸ਼ਿੰਦਰ ਕੌਰ (ਪਿੰਡ ਭਗਤਾ, ਬਠਿੰਡਾ 25 ਅਗਸਤ 2021), ਗੁਰਵਿੰਦਰ ਕੌਰ ਬੋਪਾਰਾਏ (ਫਤਿਹਗੜ੍ਹ 2 ਅਕਤੂਬਰ 2021), ਸੀਤਾਬਾਈ ਤਾਦਵੀ (56-ਅਮਰਾਵਤੀ ਜਿਲ੍ਹਾ ਨੰਦਬੁਰਦਾਰ ਮਹਾਂਰਾਸ਼ਟਰਾ, 27 ਜਨਵਰੀ 2021) ਦੇ ਵੇਰਵੇ ਹਾਸਲ ਹੋਏ ਹਨ।
ਇਸੇ ਸਾਲ ਪਟਿਆਲਾ ਵਿਖੇ ਲੱਗੇ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਤਿੰਨ ਦਿਨਾਂ ਧਰਨੇ ਦੇ ਪਹਿਲੇ ਦਿਨ 9 ਅਗਸਤ ਨੂੰ ਇੱਕ ਬੀਬੀ ਗੁਰਮੇਲ ਕੌਰ (65) ਪਿੰਡ ਭੂੰਦੜ ਜਿਲ੍ਹਾ ਬਠਿੰਡਾ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਹੈ। ਅਜੋਕੇ ਕਿਸਾਨ ਸੰਘਰਸ਼ ਨੂੰ ਅਸਫਲ ਕਰਨ ਲਈ ਕੇਂਦਰ ਸਰਕਾਰ ਦੀਆਂ ਏਜੰਸੀਆਂ ਵਲੋਂ ਵੱਖ-ਵੱਖ ਸਾਜਿਸ਼ਾਂ ਰਚਕੇ ਸੰਘਰਸ਼ ਨੂੰ ਲੀਹੋਂ ਲਾਹੁਣ ਦੇ ਅਤੇ ਕਿਸਾਨਾਂ ਨੂੰ ਵੱਖ-ਵੱਖ ਵਿਸ਼ੇਸ਼ਣਾਂ ਨਾਲ ਨਿਵਾਜ਼ ਕੇ ਉਨ੍ਹਾਂ ਦਾ ਮਨੋਬਲ ਗਿਰਾਉਣ ਦੇ ਯਤਨ ਲਗਾਤਾਰ ਜਾਰੀ ਹਨ ਪਰ ਕਿਸਾਨ ਸ਼ਾਂਤ ਰਹਿਕੇ ਆਪਣੀ ਏਕਤਾ, ਸਿਦਕ ਤੇ ਸਿਰੜ ਸਦਕਾ ਅਜਿਹੀਆਂ ਕੋਝੀਆਂ ਚਾਲਾਂ ਨੂੰ ਅਸਫਲ ਕਰਦੇ ਹੋਏ ਬੜਾ ਗੌਰਵਮਈ ਇਤਿਹਾਸ ਸਿਰਜ ਰਹੇ ਹਨ। ਜਿਵੇਂ ਅਤੀਤ ਦੇ ਇਤਿਹਾਸ ਤੋਂ ਵਰਤਮਾਨ ਪੀੜ੍ਹੀ ਪ੍ਰੇਰਣਾ ਲੈ ਰਹੀ ਹੈ ਇਵੇਂ ਹੀ ਵਰਤਮਾਨ ਕਿਸਾਨੀ ਸੰਘਰਸ਼ ਵੀ ਭਵਿੱਖ ਦੀਆਂ ਪੀੜ੍ਹੀਆਂ ਦਾ ਪ੍ਰੇਰਣਾ ਸਰੋਤ ਅਤੇ ਪੱਥ ਪ੍ਰਦਰਸ਼ਕ ਬਣੇਗਾ।

Scroll To Top