Now Reading
ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੇ ਮਹਾਨ ਪੰਜਾਬੀ ਵਿਰਸੇ ਨੂੰ ਦਾਗ਼ਦਾਰ ਨਾ ਕਰੋ!

ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੇ ਮਹਾਨ ਪੰਜਾਬੀ ਵਿਰਸੇ ਨੂੰ ਦਾਗ਼ਦਾਰ ਨਾ ਕਰੋ!

ਰਘਬੀਰ ਸਿੰਘ
ਮੌਜੂਦਾ ਕਿਸਾਨ ਸੰਘਰਸ਼ ਲੰਮੀਆਂ ਮੰਜ਼ਿਲਾਂ ਤਹਿ ਕਰਦਾ, ਅਨੇਕਾਂ ਉਤਾਰ-ਚੜ੍ਹਾਵਾਂ ਵਿਚੋਂ ਦੀ ਲੰਘਦਿਆਂ, ਕੇਂਦਰ ਸਰਕਾਰ, ਉਸ ਦੇ ਏਜੰਟਾਂ ਅਤੇ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਸਮੇਤ ਅਨੇਕਾਂ ਹੋਰ ਸੰਘਰਸ਼ ਦੋਖੀ ਤਾਕਤਾਂ ਦੀਆਂ ਸਾਜਿਸ਼ਾਂ ਨੂੰ ਅਸਫਲ ਕਰਦਾ ਹੋਇਆ ਅਨੂਠੇ ਅਤੇ ਲਾਮਿਸਾਲ ਜਨਤਕ ਸੰਘਰਸ਼ ਦਾ ਰੂਪ ਧਾਰਨ ਕਰ ਹੈ ਤੇ ਇਸ ਨੂੰ ਸੰਸਾਰ ਭਰ ’ਚੋਂ ਸਮਰਥਨ ਮਿਲ ਰਿਹਾ ਹੈ।
ਇਸ ਸੰਘਰਸ਼ ਨੇ ਲੋਕਾਂ ਦੀ ਚੇਤਨਤਾ ਵਿਚ ਬਹੁਤ ਵੱਡੀ ਹਾਂ ਪੱਖੀ ਤਬਦੀਲੀ ਲਿਆਂਦੀ ਹੈ ਅਤੇ ਲੋਕਾਈ ਦੇ ਵੱਡੇ ਹਿੱਸੇ ਨੇ ਆਪਣੇ ਅਸਲੀ ਦੁਸ਼ਮਣਾਂ, ਕਾਰਪੋਰੇਟ ਘਰਾਣਿਆਂ ਤੇ ਬਹੁ ਕੌਮੀ ਕਾਰਪੋਰੇਸ਼ਨਾਂ ਦੇ ਨਾਪਾਕ ਗਠਜੋੜ ਨੂੰ ਵੱਡੀ ਹੱਦ ਤੱਕ ਪਹਿਚਾਣ ਲਿਆ ਹੈ।
ਉਹ ਹੁਣ ਸਿਰਫ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੇ ਤਾਨਾਸ਼ਾਹ, ਵੰਡਵਾਦੀ ਅਤੇ ਗੈਰ ਜਮਹੂਰੀ ਕਾਰਿਆਂ ਤੇ ਚੌਤਰਫਾ ਜਬਰ ਅਤੇ ਕੁਚਾਲਾਂ ਵਿਰੁੱਧ ਹੀ ਨਹੀਂ ਲੜ ਰਹੇ ਬਲਕਿ ਕਾਰਪੋਰੇਟ ਤੇ ਸਾਮਰਾਜੀ ਵਿਕਾਸ ਮਾਡਲ ਵਿਰੁੱਧ ਲੜਨ ਵੱਲ ਵਧ ਰਹੇ ਹਨ।
ਸੰਘਰਸ਼ਸ਼ੀਲ ਕਿਰਤੀ-ਕਿਸਾਨ, ਇਸ ਲੋਕ ਦੋਖੀ ਮਾਡਲ ਵਲੋਂ ਮਚਾਈ ਤਬਾਹੀ ਨੂੰ ਹੁਣ ਵੱਡੀ ਹੱਦ ਤੱਕ ਸਾਫ-ਸਾਫ ਸਮਝ ਰਹੇ ਹਨ। ਇਸੇ ਮਾਡਲ ਨੇ ਹੀ ਭਾਰਤ ਨੂੰ 1991 ਤੋਂ ਲਾਗੂ ਹੋਈਆਂ ਨਵਉਦਾਰਵਾਦੀ ਨੀਤੀਆਂ ਦੇ ਗਲਘੋਟੂ ਚੁੰਗਲ ਵਿਚ ਫਸਾਇਆ ਹੈ।
ਕਿਰਤੀ ਲੋਕ ਇਹ ਵੀ ਚੰਗੀ ਤਰ੍ਹਾਂ ਜਾਣ ਗਏ ਹਨ ਕਿ ਦੇਸ਼ ਦੀਆਂ ਸਾਰੀਆਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਪਾਰਟੀਆਂ ਇਹਨਾਂ ਨੀਤੀਆਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ।
ਪ੍ਰੰਤੂ, 2014 ਵਿਚ ਇਸ ਮਾਡਲ ਦੀ ਆਪਣੇ ਆਪ ਨੂੰ ਸਭ ਤੋਂ ਵੱਡੀ ਸਮਰਥਕ ਸਾਬਤ ਕਰਕੇ, ਜੁੰਡੀ ਪੂੰਜੀਪਤੀਆਂ ਦੀ ਮਿਲੀ ਭੁਗਤ ਨਾਲ ਦੇਸ਼ ਦੇ ਰਾਜ-ਭਾਗ ਤੇ ਕਾਬਜ਼ ਹੋਈ ਭਾਰਤੀ ਜਨਤਾ ਪਾਰਟੀ ਦਾ ਮੁੱਖ ਉਦੇਸ਼ ਦੇਸ਼ ਦੇ ਕੁੱਲ ਕੁਦਰਤੀ ਵਸੀਲੇ, ਛੋਟੇ ਕਾਰੋਬਾਰ, ਤੇ ਛੋਟੇ-ਦਰਮਿਆਨੇ ਉਦਯੋਗਾਂ ਅਤੇ ਛੋਟੀ ਤੇ ਦਰਮਿਆਨੀ ਖੇਤੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨਾ ਅਤੇ ਫਿਰਕੂ-ਫਾਸ਼ੀ, ਤਾਨਾਸ਼ਾਹੀ ਵਾਲਾ ਰਾਜ ਕਾਇਮ ਕਰ ਕੇ ਹਿੰਦੂ ਰਾਸ਼ਟਰ ਦੀ ਕਾਇਮੀ ਵੱਲ ਵੱਧਣਾ ਹੈ। 2019 ਵਿਚ ਫਿਰਕੂ ਧਰੁਵੀਕਰਨ ਅਤੇ ਜਜ਼ਬਾਤੀ ਮੁੱਦਿਆਂ ਨੂੰ ਵਰਤ ਕੇ ਦੋਬਾਰਾ ਰਾਜਸੱਤਾ ’ਤੇ ਪੁੱਜੀ ਮੋਦੀ ਸਰਕਾਰ ਨੇ ਲੋਕਾਂ ’ਤੇ ਹਮਲੇ ਹੋਰ ਤਿੱਖੇ ਕਰ ਦਿੱਤੇ ਹਨ। ਮੌਜੂਦਾ ਤਿੰਨੇ ਖੇਤੀ ਕਾਨੂੰਨ ਬਣਾਉਣੇ ਅਤੇ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਕਿਰਤ ਕਾਨੂੰਨਾਂ ਦਾ ਖਾਤਮਾ ਕਰਨਾ ਭਾਰਤੀ ਜਨਤਾ ਪਾਰਟੀ ਦੀਆਂ ਇਹਨਾਂ ਨੀਤੀਆਂ ਦਾ ਹੀ ਮੰਤਕੀ ਸਿੱਟਾ ਹੈ। ਦੇਸ਼ ਦੇ ਕਿਸਾਨ ਇਹਨਾਂ ਨੂੰ ਆਪਣੀ ਮੌਤ ਦੇ ਵਰੰਟ ਸਮਝਕੇ ਆਪਣੀ ਹੋਂਦ ਬਚਾਉਣ ਲਈ ਆਰ-ਪਾਰ ਦੀ ਲੜਾਈ ਲੜ ਰਹੇ ਹਨ।
ਪੰਜਾਬ ਦੇ ਕਿਸਨਾਂ ਨੇ ਇਸ ਵਿਚ ਮੋਹਰੀ ਰੋਲ ਅਦਾ ਕੀਤਾ ਹੈ। ਸਿੱਖ ਗੁਰੂ ਸਾਹਿਬਾਨ, ਭਗਤੀ ਲਹਿਰ ਦੇ ਸੰਤਾਂ, ਗ਼ਦਰੀ ਯੋਧਿਆਂ ਅਤੇ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਤੇ ਆਜ਼ਾਦੀ ਸੰਗਰਾਮ ਦੇ ਅਨੇਕਾਂ ਦੇਸ਼ ਭਗਤਾਂ ਵਲੋਂ ਸਿਰਜੇ ਸੰਗਰਾਮੀ ਵਿਰਸੇ ਅਤੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਅਗਵਾਈ ਨੇ ਪੰਜਾਬ ਦੇ ਲੋਕਾਂ ਨੂੰ ਇਹ ਸੰਘਰਸ਼ ਲੜਨ ਦੀ ਮੁੱਢਲੀ ਤਾਕਤ ਬਖਸ਼ੀ। ਹਰਿਆਣੇ ਦੇ ਕਿਸਾਨਾਂ ਵਲੋਂ ਮਿਲੇ ਬੇਮਿਸਾਲ ਸਾਥ ਨਾਲ 26 ਨਵੰਬਰ 2020 ਤੋਂ ਕਿਸਾਨ ਦਿੱਲੀ ਦੀ ਬਰੂਹਾਂ ’ਤੇ ਮੋਰਚੇ ਮੱਲੀ ਬੈਠੇ ਹਨ। ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦਾ ਮਜ਼ਬੂਤ ਏਕਾ ਇਸ ਸੰਘਰਸ਼ ਦੇ ਦੇਸ਼ ਵਿਆਪੀ ਪਸਾਰ ਦੀ ਬੁਨਿਆਦ ਬਣਿਆ ਤੇ ਇਸ ਵਿੱਚੋਂ ਹੀ ਸੰਯੁਕਤ ਕਿਸਾਨ ਮੋਰਚੇ ਦੀ ਸੂਝਵਾਨ ਕੁਲ ਹਿੰਦ ਲੀਡਰਸ਼ਿਪ ਉਭਰੀ ਹੈ ਜਿਸ ਨੇ ਕਿਸਾਨ ਸੰਘਰਸ਼ ਦੀ ਸਫਲਤਾ ਲਈ ਆਪਣੀ ਏਕਤਾ ਨੂੰ ਮਜ਼ਬੁਤ ਕਰਨ ਅਤੇ ਹਰ ਹਾਲਤ ਵਿਚ ਸੰਘਰਸ਼ ਨੂੰ ਸ਼ਾਂਤੀਮਈ ਰੱਖਣ ਦਾ ਰਾਹ ਅਪਣਾਇਆ। ਲੀਡਰਸ਼ਿਪ ਲੋਕਾਂ ਨੂੰ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਵਾਰ-ਵਾਰ ਅਪੀਲ ਕਰ ਰਹੀ ਹੈ। ਅਤੀਤ ਵਿੱਚ ਪੰਜਾਬ ਵਿੱਚ ਇਸ ਪਹੁੰਚ ਰਾਹੀਂ ਅਨੇਕਾਂ ਸੰਘਰਸ਼ ਜਿੱਤਣ ਦੀਆਂ ਅਣਗਿਣਤ ਮਿਸਾਲਾਂ ਹਨ। ਗੁਰਦੁਆਰਾ ਸੁਧਾਰ ਲਹਿਰ ਸਮੇਂ ਲੱਗੇ ਮੋਰਚਿਆਂ, ਵਿਸ਼ੇਸ਼ ਕਰਕੇ ਨਨਕਾਣਾ ਸਾਹਿਬ, ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚਿਆਂ ਵਿੱਚ ਸਿਦਕਵਾਨ ਤੇ ਤਿਆਗੀ ਆਗੂਆਂ ਦੀ ਅਗਵਾਈ ਵਿੱਚ ਸਿੱਖ ਭਾਈਚਾਰੇ ਨੇ ਗੁਰਦੁਆਰਿਆਂ ਦੇ ਮਹੰਤਾ ਅਤੇ ਉਹਨਾਂ ਦੇ ਰਾਖੇ ਅੰਗਰੇਜ਼ ਹਾਕਮਾਂ ਦੇ ਬੇਇੰਤਹਾ ਜ਼ੁਲਮਾਂ ਨੂੰ ਮਾਤ ਦੇ ਕੇ ਇਤਿਹਾਸਕ ਜਿੱਤਾਂ ਪ੍ਰਾਪਤ ਕੀਤੀਆਂ।
ਨਨਕਾਣਾ ਸਾਹਿਬ ਵਿਖੇ 20 ਫਰਵਰੀ 1921 ਨੂੰ ਨਰੈਣੂ ਮਹੰਤ ਦੇ ਗੁੰਡਿਆਂ ਨੇ 200 ਤੋਂ ਵੱਧ ਸਿੱਖਾਂ ਦਾ ਕਤਲਾਮ ਕੀਤਾ। ਗੁਰੂ ਕੇ ਬਾਗ ਮੋਰਚੇ ਸਮੇਂ ਅੰਗਰੇਜ ਅਫਸਰ ਬੀ.ਈ. ਦੀਆਂ ਡਾਂਗਾ ਖਾਂਦੇ ਹੋਏ ਵੀ ਸਿੱਖ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਦੇ ਹੋਏ ਅੱਗੇ ਵੱਧਦੇ ਰਹੇ ਸਨ। ਇੱਥੇ ਹੀ ਬਸ ਨਹੀਂ ਇਸ ਮੋਰਚੇ ਦੇ ਕੈਦੀਆਂ ਨੂੰ ਅਟਕ ਜੇਲ੍ਹ ਵਿਚ ਲਿਜਾਣ ਲਈ ਜਾਂਦੀ ਰੇਲ ਗੱਡੀ ਨੂੰ ਪੰਜਾ ਸਾਹਿਬ (ਹਸਨ ਅਬਦਾਲ) ਰੇਲਵੇ ਸਟੇਸ਼ਨ ’ਤੇ ਰੋਕ ਕੇ ਇਲਾਕੇ ਦੀ ਸੰਗਤ ਨੇ ਜਦੋਂ ਲੰਗਰ ਛਕਾਉਣਾ ਚਾਹਿਆ ਤਾਂ ਅੰਗਰੇਜ਼ ਹਕੂਮਤ ਨੇ ਸਾਫ ਨਾਂਹ ਕਰ ਦਿੱਤੀ ਪਰ ਸੰਗਤਾਂ ਰੇਲਵੇ ਟਰੈਕ ’ਤੇ ਲੇਟ ਗਈਆਂ। ਤਾਕਤ ਦੇ ਗੁਰੂਰ ਵਿਚ ਅੰਨ੍ਹੀ ਹੋਈ ਅੰਗਰੇਜ਼ ਹਕੂਮਤ ਨੇ ਅਕਤੂਬਰ 1922 ਵਿੱਚ ਰੇਲ ਗੱਡੀ ਹੇਠਾਂ ਲਤਾੜਕੇ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੂੰ ਸ਼ਹੀਦ ਅਤੇ ਅਨੇਕਾਂ ਨੂੰ ਜਖ਼ਮੀ ਕਰ ਦਿੱਤਾ ਪਰ ਸਿੱਖਾਂ ਨੇ ਫਿਰ ਵੀ ਸਿਦਕ ਅਤੇ ਸੰਜਮ ਕਾਇਮ ਰੱਖਦਿਆਂ ਕੈਦੀਆਂ ਨੂੰ ਲੰਗਰ-ਪਾਣੀ ਛਕਾਇਆ। ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੇ ਇਸ ਜਜ਼ਬੇ ਨੇ ਦੇਸ਼ ਅੰਦਰ ਅਕਾਲੀ ਲਹਿਰ ਦੇ ਹੱਕ ਵਿਚ ਬਹੁਤ ਵੱਡੀ ਹਮਦਰਦੀ ਪੈਦਾ ਕੀਤੀ ਅਤੇ ਪੰਜਾਬ ਦਾ ਜਨਸਮੂਹ ਲੋਕਾਂ ਦੀ ਧਾਰਮਕ ਆਜ਼ਾਦੀ ਦੀ ਰਾਖੀ ਦੇ ਇਸ ਸੰਘਰਸ਼ ਦੀ ਪਿੱਠ ’ਤੇ ਆਣ ਖਲੋਤਾ।
ਜ਼ਬਰ ਸਹਿੰਦਿਆਂ ਭੜਕਾਹਟ ਵਿਚ ਨਾ ਆਉਣਾ ਅਤੇ ਸ਼ਾਂਤਮਈ ਰਹਿਣਾ ਬਹੁਤ ਕਠਨ ਹੈ। ਇਸ ਲਈ ਉੱਚ ਦਰਜ਼ੇ ਦੀ ਹਿੰਮਤ, ਹੌਂਸਲੇ ਅਤੇ ਸਿਦਕ ਦੀ ਲੋੜ ਹੁੰਦੀ ਹੈ। ਐਪਰ ਔਖੇ ਸਮਿਆਂ ਵਿਚ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਪੰਜਬੀਆਂ ਦੀ ਸ਼ਾਨਦਾਰ ਰਵਾਇਤ ਅਤੇ ਵਿਰਾਸਤ ਤੋਂ ਸੇਧ ਲੈਂਦੀ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਸੂਝਵਾਨ ਲੀਡਰਸ਼ਿਪ ਅੱਗੇ ਵੱਧ ਰਹੀ ਹੈ। ਸਰਕਾਰ ਦੇ ਹਰ ਜਬਰ-ਜ਼ੁਲਮ, ਤੁਹਮਤਬਾਜ਼ੀ ਅਤੇ ਵੰਡਵਾਦੀ ਚਾਲਾਂ ਨੂੰ ਫੇਲ੍ਹ ਕਰਦਾ ਹੋਇਆ ਮੋਰਚਾ ਅੱਗੇ ਵਧਿਆ ਹੈ। ਇਸ ਕਰਕੇ ਹੀ ਇਹ ਮੋਰਚਾ ਦੇਸ਼ ਵਿਆਪੀ ਬਣਿਆ ਅਤੇ ਇਸਨੂੰ ਚੋਖੀ ਕੌਮਾਂਤਰੀ ਹਮਾਇਤ ਵੀ ਹਾਸਲ ਹੋਈ ਹੈ। ਇਸੇ ਨੀਤੀ ਨੇ ਲੋਕਾਂ ਦੀ ਸੂਝ ਵਿਕਸਤ ਕੀਤੀ ਹੈ ਅਤੇ ਮੋਰਚਾ ਕਾਰਪੋਰੇਟ ਮਾਡਲ ਵਲੋਂ ਕੀਤੀ ਜਾ ਰਹੀ ਤਬਾਹੀ ਅਤੇ ਬਰਬਾਦੀ ਵਿਰੁੱਧ ਸਿਸਟਮ ਤਬਦੀਲ ਕਰਨ ਦੇ ਲੰਮੇ ਅਤੇ ਅਤਿ ਕਠਨ ਸੰਘਰਸ਼ ਵਿਚ ਤਬਦੀਲ ਹੋਣ ਵੱਲ ਵੱਧ ਰਿਹਾ ਹੈ।
ਜ਼ੁਲਮ ਅਤੇ ਸਾਜਿਸ਼ਾਂ ਦਾ ਦੂਹਰਾ ਹੁਕੂਮਤੀ ਹਮਲਾ ਜਾਰੀ ਹੈ। ਕਿਸਾਨ ਆਗੂਆਂ ਨਾਲ 11 ਮੀਟਿੰਗਾਂ ਕਰਨ ਪਿਛੋਂ ਵੀ ਕੋਈ ਸਾਰਥਕ ਸਿੱਟਾ ਨਾ ਕੱਢਣਾ, 22 ਜਨਵਰੀ 2021 ਤੋਂ ਪਿਛੋਂ ਮੀਟਿੰਗਾਂ ਨਾ ਕਰਨਾ, ਹਕੂਮਤੀ ਹੈਂਕੜ ਦਾ ਭੱਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ ਬਾਰੇ ਨੀਵੇਂ ਦਰਜੇ ਦੀ ਭਾਸ਼ਾ ਦਾ ਇਸਤੇਮਾਲ ਕਰਨਾ, ਹਰਿਆਣਾ ਦੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਵਿਰੋਧ ਨੂੰ ਬਲ ਪੂਰਬਕ ਦਬਾਉਣ ਦਾ ਜਤਨ ਕਰਨਾ ਇਸ ਵਰਤਾਰੇ ਦੀਆਂ ਕੋਝੀਆਂ ਮਿਸਾਲਾਂ ਹਨ। ਗੋਦੀ ਮੀਡੀਆ ਨੇ ਸਦਾ ਹੀ ਹਾਕਮਾਂ ਦਾ ਪੱਖ ਪੂਰਿਦਿਆਂ ਕਿਸਾਨਾਂ ਦਾ ਅਕਸ ਵਿਗਾੜਨ ਦਾ ਯਤਨ ਕੀਤਾ ਅਤੇ ਸਾਜਿਸ਼ਾਂ ਨੂੰ ਪੂਰ ਚੜ੍ਹਾਉਣ ਵਿਚ ਸਹਾਈ ਬਣਿਆ।
ਸਰਕਾਰ ਦੇ ਹੱਥਠੋਕੇ ਦੀਪ ਸਿਧੂ, ਕੁਝ ਗਰਮ ਖਿਆਲੀ ਨੌਜਵਾਨ ਤੇ ਸੰਗਠਨ ਜੋ ਪੰਜਾਬੀਆਂ ਦੀ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੀ ਸ਼ਾਨਾਮੱਤੀ ਰਵਾਇਤ ’ਤੇ ਪਹਿਰਾ ਦੇਣੋਂ ਅਸਮਰੱਥ ਹਨ ਅਤੇ ਇੱਕ ਕਿਸਾਨ ਜਥੇਬੰਦੀ ਜੋ ਮੋਰਚੇ ਦਾ ਹਿੱਸਾ ਨਹੀਂ ਹੈ, ਨੇ ਇਸੇ ਵਰ੍ਹੇ 26 ਜਨਵਰੀ ਨੂੰ ਭੜਕਾਊ ਐਕਸ਼ਨ ਰਾਹੀਂ ਜ਼ਬਰ ਦਾ ਰਾਹ ਪੱਧਰਾ ਕਰਨ ਦੀ ਸਰਕਾਰੀ ਸਾਜਿਸ਼ ਨੂੰ ਪੂਰ ਚੜ੍ਹਾਉਣ ਦੇ ਪੂਰੇ ਯਤਨ ਕੀਤੇ।
ਇਹ ਸਾਰੇ ਮੋਰਚੇ ਵਲੋਂ ਲਏ ਗਏ ਹਾਲਾਤ ਦੀ ਨਜ਼ਾਕਤ ਅਨੁਸਾਰ ਮੇਚਵੇਂ ਫੈਸਲੇ ਦਾ ਖੁੱਲ੍ਹਾ ਉਲੰਘਣ ਕਰਦੇ ਹੋਏ ਲਾਲ ਕਿਲ੍ਹੇ ਵਿਚ ਜਾ ਵੜੇ ਜਿਸ ਨਾਲ ਮੋਰਚੇ ਦਾ ਭਾਰੀ ਨੁਕਸਾਨ ਹੋਇਆ, ਪਰ ਛੇਤੀ ਹੀ ਮੋਰਚਾ ਪੂਰੀ ਤਰ੍ਹਾਂ ਸੰਭਲ ਗਿਆ ਅਤੇ ਆਪਣੀ ਮੰਜ਼ਿਲ ਵੱਲ ਪੂਰੀ ਹਿੰਮਤ ਅਤੇ ਦਲੇਰੀ ਨਾਲ ਅੱਗੇ ਤੁਰ ਪਿਆ। ਇਸ ਸਮੇਂ ਦੌਰਾਨ ਮੋਰਚੇ ਦਾ ਫੈਲਾਅ ਵੱਡੀ ਪੱਧਰ ’ਤੇ ਯੂ.ਪੀ. ਉਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਦੱਖਣੀ ਸੂਬਿਆਂ ਤੱਕ ਹੋਇਆ। ਸਾਰੇ ਪ੍ਰਾਂਤਾਂ ਵਿਚੋਂ ਲੋਕ ਜੱਥੇ ਬਣਾ ਕੇ ਦਿੱਲੀ ਦੇ ਬਾਰਡਰਾਂ ’ਤੇ ਆਉਣੇ ਸ਼ੁਰੂ ਹੋ ਗਏ ਅਤੇ ਮੋਰਚਾ ਵਧੇਰੇ ਸ਼ਕਤੀਸ਼ਾਲੀ ਹੋਇਆ। ਅਗਸਤ ਮਹੀਨੇ ਤੱਕ ਸਰਕਾਰ ਨੇ ਪਿੱਛੇ ਰਹਿਕੇ ਸਾਜਿਸ਼ਾਂ ਰਚੀਆਂ ਅਤੇ ਕਿਸਾਨਾਂ ਨਾਲ ਸਿੱਧੇ ਟਕਰਾਅ ਤੋਂ ਟਾਲਾ ਵੱਟਿਆ ਪਰ ਇਸ ਪਿੱਛੋਂ ਇਹ ਸਿੱਧੇ ਟਕਰਾਅ ’ਤੇ ਉੱਤਰ ਆਈ ਹੈ।
28 ਅਗਸਤ 2021 ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਰਨਾਲ ਫੇਰੀ ਦਾ ਕਿਸਾਨਾਂ ਵਲੋਂ ਵਿਰੋਧ ਕੀਤੇ ਜਾਣ ਨੂੰ ਹਰ ਹਾਲਤ ਰੋਕਣ ਦੇ ਫੈਸਲੇ ਤਹਿਤ ਐਸ.ਡੀ.ਐਮ. ਕਰਨਾਲ ਨੇ ਪੁਲਸ ਨੂੰ ਖੁੱਲ੍ਹੇ ਆਮ ਕਿਸਾਨਾਂ ਦੇ ਸਿਰ ਪਾੜਣ ਅਤੇ ਲੱਤਾਂ ਬਾਹਾਂ ਤੋੜਣ ਦਾ ਹੁਕਮ ਦਿੱਤਾ। ਭਾਰੀ ਜ਼ੁਲਮ ਦੇ ਨਤੀਜੇ ਵਜੋਂ ਇਕ ਕਿਸਾਨ ਦੀ ਸ਼ਹਾਦਤ ਹੋਈ ਅਤੇ ਅਨੇਕਾਂ ਜਖ਼ਮੀ ਹੋ ਗਏ। ਜੋਰਦਾਰ ਕਿਸਾਨ ਸੰਘਰਸ਼ ਦੀ ਬਦੌਲਤ ਖੱਟਰ ਸਰਕਾਰ ਦੀ ਖੂਬ ਥੂਹ-ਥੂਹ ਹੋਈ।
5 ਸਤੰਬਰ ਦੀ ਮੁਜ਼ੱਫਰ ਨਗਰ ਮਹਾਂ ਪੰਚਾਇਤ, ਜਿਸ ਵਿਚ ਲੱਖਾਂ ਕਿਸਾਨ-ਮਜ਼ਦੂਰ ਸ਼ਾਮਲ ਹੋਏ, ਵਿੱਚ ਲੱਗੇ ਹਰ-ਹਰ ਮਹਾਂਦੇਵ, ਅੱਲਾ ਹੂ ਅਕਬਰ ਅਤੇ ਬੋਲੇ ਸੋ ਨਿਹਾਲ ਦੇ ਨਾਹਰਿਆਂ ਨੇ ਮੋਦੀ-ਯੋਗੀ ਸਰਕਾਰਾਂ ਅਤੇ ਸੰਘ-ਭਾਜਪਾ ਨੂੰ ਕੰਬਣੀ ਛੇੜ ਦਿੱਤੀ। ਮੋਰਚੇ ਵਲੋਂ ਪੱਛਮੀ ਬੰਗਾਲ ਦੀ ਤਰਜ ’ਤੇ ਐਲਾਨੇ ਗਏ ਮਿਸ਼ਨ ਯੂਪੀ ਅਤੇ ਉੱਤਰਾਖੰਡ ਤੋਂ ਉਹ ਹੋਰ ਬੁਖਲਾ ਗਈ ਅਤੇ ਕਿਸਾਨ ਅੰਦੋਲਨ ਨੂੰ ਹੋਰ ਅੱਗੇ ਵੱਧਣ ਤੋਂ ਰੋਕਣ ਲਈ ਅੰਨ੍ਹਾ ਜ਼ੁਲਮ ਢਾਹੁਣ ਦੀ ਨੀਤੀ ਅਪਣਾ ਲਈ।
ਇਸੇ ਜ਼ਾਲਮਾਨਾ ਨੀਤੀ ਦਾ ਸਭ ਤੋਂ ਵੱਧ ਘਿਣਾਉਣਾ ਅਤੇ ਜਥੇਬੰਦਕ ਰੂਪ 3 ਅਕਤੂਬਰ 2021 ਨੂੰ ਲਖੀਮਪੁਰ ਖ਼ੀਰੀ ਕਿਸਾਨ ਕਤਲਾਮ ਦੇ ਰੂਪ ਵਿੱਚ ਸਾਹਮਣੇ ਆਇਆ। ਉਸ ਦਿਨ ਯੂ.ਪੀ. ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਨੇ ਇਕ ਰੈਲੀ ਨੂੰ ਸੰਬੋਧਨ ਕਰਨ ਲਈ ਆਉਣਾ ਸੀ ਜਿਸ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿਚ ਪੁੱਜੇ ਹੋਏ ਕਿਸਾਨ ਜਦੋਂ ਆਪਣਾ ਐਕਸ਼ਨ ਅਮਨ ਸ਼ਾਂਤੀ ਨਾਲ ਨਿਬੇੜ ਕੇ ਘਰਾਂ ਨੂੰ ਪਰਤ ਰਹੇ ਸਨ ਤਾਂ ਪਿੱਛਿਓਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ਿਸ਼ ਮਿਸ਼ਰਾ ਨੇ ਅਤੇ ਉਸਦੇ ਗੁੰਡੇ ਦੋਸਤਾਂ ਨੇ ਆਪਣੀਆਂ ਕਾਰਾਂ ਅਤੇ ਹੋਰ ਗੱਡੀਆਂ ਉਹਨਾਂ ’ਤੇ ਅੰਨ੍ਹੇਵਾਹ ਚੜ੍ਹਾ ਦਿੱਤੀਆਂ। ਹਕੂਮਤੀ ਤਾਕਤ ਦੇ ਨਸ਼ੇ ਨਾਲ ਹੈਵਾਨ ਬਣੇ ਇਹਨਾਂ ਗੁੰਡਿਆਂ ਨੇ 4 ਕਿਸਾਨਾਂ ਨਛੱਤਰ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਇਕ ਪੱਤਰਕਾਰ ਰਮਨ ਕਸ਼ੱਯਪ ਨੂੰ ਸ਼ਹੀਦ ਕਰ ਦਿੱਤਾ। ਇਸ ਤੋਂ ਬਿਨਾਂ ਉਤਰਾਖੰਡ ਦੇ ਵੱਡੇ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਅਤੇ ਹੋਰ ਅਨੇਕਾਂ ਨੂੰ ਵੀ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ। ਇਸ ਘਿਣੌਨੇ ਸਾਜਸ਼ੀ ਹਮਲੇ ਨਾਲ ਸਾਰੇ ਦੇਸ਼ ਵਿੱਚ ਹਾਹਾਕਾਰ ਮਚ ਗਈ। ਦੇਸ਼ ਦੇ ਕਿਸਾਨ ਪੂਰੇ ਗੁੱਸੇ ਵਿੱਚ ਆ ਗਏ ਅਤੇ ਉਹ ਇਸਦਾ ਅਮਨ ਭਰਪੂਰ ਢੰਗ ਨਾਲ ਢੁਕਵਾਂ ਜਵਾਬ ਦੇਣ ਲਈ ਲਾਮਬੰਦ ਹੋਣੇ ਸ਼ੁਰੂ ਹੋ ਗਏ। ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਵੀ ਇਸਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਭਾਰੀ ਗੁੱਸੇ ਅਤੇ ਦਬਾਅ ਕਰਕੇ 4 ਅਕਤੂਬਰ ਨੂੰ ਯੂ.ਪੀ. ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਬਣੀ ਇੱਕ ਸਹਿਮਤੀ ਅਨੁਸਾਰ ਇਸ ਕਤਲਾਮ ਦੇ ਮੁੱਖ ਦੋਸ਼ੀ ਆਸ਼ਿਸ਼ ’ਤੇ ਕਤਲ ਨਾਲ ਸਬੰਧਤ ਧਾਰਾ 302 ਅਧੀਨ ਅਤੇ ਉਸਦੇ ਬਾਪ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ’ਤੇ ਸਾਜਿਸ਼ ਰਚਣ ਕਰਕੇ ਧਾਰਾ 120 ਬੀ ਅਧੀਨ ਕੇਸ ਦਰਜ ਕੀਤੇ ਗਏ ਅਤੇ ਸ਼ਹੀਦ ਕਿਸਾਨਾਂ ਨੂੰ 45-45 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ। 12 ਅਕਤੂਬਰ ਨੂੰ ਕਿਸਾਨਾਂ ਵਲੋਂ ਕੀਤੇ ਸ਼ਰਧਾਂਜਲੀ ਸਮਾਗਮ ਵਿਚ ਕਿਸਾਨ ਆਗੂਆਂ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ :
16 ਅਕਤੂਬਰ ਨੂੰ ਮੋਦੀ, ਅਮਿਤ ਸ਼ਾਹ ਅਤੇ ਯੋਗੀ ਦੇ ਪੁਤਲੇ ਫੂਕੇ ਗਏ, ਅਤੇ 18 ਅਕਤੂਬਰ ਨੂੰ ਸਾਰੇ ਦੇਸ਼ ਵਿਚ ਸੈਂਕੜੇ ਥਾਵਾਂ ’ਤੇ ਰੇਲਾਂ ਰੋਕੀਆਂ ਗਈਆਂ।
ਕਿਸਾਨ ਅੰਦੋਲਨ ਦੇ ਦਬਾਅ ਕਰਕੇ ਅਤੇ ਸੁਪਰੀਮ ਕੋਰਟ ਵਲੋਂ ਯੂ.ਪੀ. ਸਰਕਾਰ ਦੀ ਕੀਤੀ ਗਈ ਜਬਰਦਸਤ ਝਾੜ-ਝੰਬ ਕਰਕੇ ਮੁੱਖ ਦੋਸ਼ੀ ਆਸ਼ਿਸ਼ ਮਿਸ਼ਰਾ ਅਤੇ ਉਸਦੇ ਸਹਿਯੋਗੀ ਗਿ੍ਰਫਤਾਰ ਕਰ ਲਏ ਗਏ ਹਨ ਜੋ ਇਸ ਵੇਲੇ ਜੇਲ੍ਹ ਵਿਚ ਬੰਦ ਹਨ। ਪਰ ਇਸ ਖੂਨੀ ਘਟਨਾ ਦੀ ਸਾਜ਼ਿਸ ਰਚਣ ਵਾਲੇ ਉਸਦੇ ਬਾਪ ਕੇਂਦਰੀ ਗ੍ਰਹਿ ਮੰਤਰੀ ਨੂੰ ਗਿ੍ਰਫਤਾਰ ਕਰਨਾ ਤਾਂ ਦੂਰ ਰਿਹਾ, ਉਸਨੂੰ ਵਜਾਰਤ ਵਿਚੋਂ ਬਰਖਾਸਤ ਤੱਕ ਨਹੀਂ ਕੀਤਾ ਗਿਆ। ਉਸਦੇ ਇਸ ਅਹੁਦੇ ਤੇ ਬਣੇ ਰਹਿਣ ਨਾਲ ਕੇਸ ਦੀ ਨਿਰਪੱਖ ਜਾਂਚ ਬਿਲਕੁਲ ਨਹੀਂ ਹੋ ਸਕਦੀ।
ਕਿਸਾਨ ਅੰਦੋਲਨ ਨੂੰ ਨੰਗੇ ਚਿੱਟੇ ਰੂਪ ਵਿਚ ਲਾਠੀ ਗੋਲੀ ਨਾਲ ਰੋਕਣ ਲਈ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਆਰ.ਐਸ.ਐਸ. ਦੀ ਸਾਜ਼ਿਸ਼ੀ ਵਿਉਂਤਬੰਦੀ ਅਨੁਸਾਰ ਯੋਜਨਾਬੱਧ ਤਰੀਕੇ ਨਾਲ ਹਿੰਸਕ ਮਹੌਲ ਤਿਆਰ ਕੀਤਾ ਗਿਆ ਸੀ। ਲਖ਼ਮੀਪੁਰ ਖ਼ੀਰੀ ਦੀ ਘਟਣਾ ਤੋਂ ਠੀਕ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਪਾਰਟੀ ਦੇ ਵਰਕਰਾਂ ਸਾਹਮਣੇ ਕੀਤੇ ਗਏ ਉਕਸਾਊ ਭਾਸ਼ਣ ਅਤੇ 25 ਸਤੰਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਵਲੋਂ ਦਿੱਤੇ ਬਿਆਨ ਜੋ ਦੇਸ਼ ਦੇ ਤਕਰੀਬਨ ਸਾਰੇ ਅਖ਼ਬਾਰਾਂ ਵਿਚ ਛਪੇ ਹਨ, ਇਸ ਸਾਜ਼ਿਸ਼ ਦੀ ਪੁਸ਼ਟੀ ਕਰਦੇ ਹਨ ।
ਸਰਕਾਰ ਦੀ ਇਸ ਜ਼ਾਲਿਮਾਨਾ ਅਤੇ ਘਿਣੌਣੀ ਕਾਰਵਾਈ ਨੇ ਉਸਦੀ ਮਿੱਟੀ ਸਗੋਂ ਹੋਰ ਪਲੀਤ ਕਰ ਦਿੱਤੀ ਤੇ ਦੇਸ਼-ਵਿਦੇਸ਼ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿਚ ਹਮਦਰਦੀ ਦਾ ਹੜ੍ਹ ਆ ਗਿਆ। ਥਾਂ-ਥਾਂ ’ਤੇ ਹੋਏ ਜਨਤਕ ਮੁਜ਼ਾਹਰਿਆਂ ਤੋਂ ਬਿਨਾਂ ਮਹਾਂਰਾਸ਼ਟਰ ਸੂਬੇ ਵਿਚ ਇੱਕ ਦਿਨ ਦਾ ਮੁਕੰਮਲ ਬੰਦ ਹੋਇਆ।
ਇਸ ਬਦਨਾਮੀ ਤੋਂ ਛੁਟਕਾਰਾ ਪਾਉਣ ਲਈ ਇੱਕ ਨਵੀਂ ਸਰਕਾਰੀ ਸਾਜ਼ਿਸ਼ ਘੜੀ ਗਈ। ਲਖੀਮਪੁਰ ਖ਼ੀਰੀ ਕਤਲਾਮ ਤੋਂ ਲੋਕਾਂ ਦਾ ਧਿਆਨ ਭਟਕਾਉਣ, ਕਿਸਾਨ ਮੋਰਚੇ ਦੇ ਸ਼ਾਂਤੀਪੂਰਵਕ ਰਹਿੰਦਿਆਂ ਸੰਘਰਸ਼ ਕਰਨ ਦੀ ਪਰਪੱਕ ਨੀਤੀ ਨੂੰ ਦਾਗ਼ਦਾਰ ਕਰਨ, ਮੋਰਚੇ ਦਾ ਮੁੱਢ ਬੰਨ੍ਹਣ ਵਾਲੀ ਪੰਜਾਬ ਦੀ ਕਿਸਾਨੀ ਵਿੱਚ ਧਾਰਮਕ ਅਤੇ ਜਾਤੀਵਾਦੀ ਵੰਡ ਪਾਉਣ ਲਈ ਕਿਸੇ ਨੂੰ ਬਲੀ ਦਾ ਬਕਰਾ ਬਣਾਕੇ ਉਸਦਾ ਵਹਿਸ਼ੀਆਨਾ ਕਤਲ ਕਰਕੇ ਪੰਜਾਬੀਆਂ ਵਿਸ਼ੇਸ਼ ਕਰਕੇ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਕਾਤਲਾਂ ਦਾ ਗਰੋਹ ਬਣਾਕੇ ਪੇਸ਼ ਕਰਨ ਅਤੇ ਅਜਿਹੀਆਂ ਖੂਨੀ ਘਟਨਾਵਾਂ ਦਾ ਬਹਾਨਾ ਬਣਾ ਕੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਕਾਨੂੰਨੀ ਅਤੇ ਹਕੂਮਤੀ ਦਖਲਅੰਦਾਜ਼ੀ ਸੰਭਵ ਬਨਾਉਣ ਆਦਿ ਇਸ ਸਾਜਿਸ਼ ਦੇ ਮੁੱਖ ਮਨੋਰਥ ਸਨ।
ਪਰ ਸੰਯੁਕਤ ਮੋਰਚੇ ਦੀ ਸੂਝਵਾਨ ਲੀਡਰਸ਼ਿਪ ਨੇ ਇਸ ਸਾਜ਼ਿਸ਼ ਦਾ ਜਵਾਬ ਬੜੇ ਹੀ ਠਰ੍ਹੰਮੇ ਅਤੇ ਦੂਰਅੰਦੇਸ਼ੀ ਨਾਲ ਦਿੰਦਿਆਂ ਕਿਹਾ ਹੈ ਕਿ ਸੰਯੁਕਤ ਮੋਰਚਾ ਕਿਸੇ ਧਾਰਮਕ ਗ੍ਰੰਥ ਦੀ ਬੇਅਦਬੀ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਾ ਹੋਇਆ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕਰਦਾ ਹੈ ਅਤੇ ਨਾਲ ਹੀ ਕਿਹਾ ਗਿਆ ਕਿ ਮੋਰਚਾ ਕਿਸੇ ਵੀ ਮਨੁੱਖ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥਾਂ ‘ਚ ਲੈ ਕੇ ਧਾਰਮਕ ਬੇਅਦਬੀ ਦੇ ਨਾਂਅ ’ਤੇ ਕਿਸੇ ਦਾ ਵਹਿਸ਼ੀਆਨਾ ਕਤਲ ਕਰਨ ਦਾ ਵੀ ਪੂਰੀ ਤਰ੍ਹਾਂ ਵਿਰੋਧੀ ਹੈ। ਸੰਯੁਕਤ ਮੋਰਚੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਤਲ ਕੀਤੇ ਗਏ ਵਿਅਕਤੀ ਅਤੇ ਕਤਲ ਕਰਨ ਵਾਲੇ ਨਿਹੰਗ ਸਿੰਘਾਂ ਵਿੱਚੋਂ ਕਿਸੇ ਨਾਲ ਵੀ ਕਿਸਾਨ ਮੋਰਚੇ ਦਾ ਕੋਈ ਸੰਬੰਧ ਨਹੀਂ ਹੈ। ਇਸਤੋਂ ਬਿਨਾਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿਹੰਗ ਸਿੰਘਾਂ ਦਾ ਸਮੂਹ ਜਿਸਨੇ ਲਖਬੀਰ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਕਿਸਾਨ ਮੋਰਚੇ ਦਾ ਕਦੇ ਵੀ ਹਿੱਸਾ ਨਹੀਂ ਰਿਹਾ। ਕਿਸਾਨ ਮੋਰਚੇ ਨੇ ਇਸ ਸਾਰੀ ਦੁਖਦਾਈ ਘਟਨਾ ਦੀ ਗੰਭੀਰਤਾ ਨਾਲ ਨਿਰਪੱਖ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਪਰੋਕਤ ਘਟਨਾ ਭਾਰਤੀ ਜਨਤਾ ਪਾਰਟੀ ਵਲੋਂ ਮੋਰਚੇ ਵਿਰੁੱਧ ਰਚੀਆਂ ਜਾ ਰਹੀਆਂ ਸਾਜ਼ਿਸਾਂ ਦੀ ਹੀ ਇੱਕ ਕੜੀ ਹੋ ਸਕਦੀ ਹੈ ਅਤੇ ਇਸ ਵਿਰੁੱਧ ਸੰਘਰਸ਼ਸੀਲ ਸਮੂਹ ਕਿਸਾਨਾਂ-ਮਜ਼ਦੂਰਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਪਿਛਲੇ ਦਿਨਾਂ ਵਿਚ ਵਾਪਰੀਆਂ ਕੁੱਝ ਘਟਨਾਵਾਂ ਨੇ ਇਸ ਸਾਜਿਸ਼ ਦਾ ਪਰਦਾ ਫਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। 19 ਅਕਤੂਬਰ ਨੂੰ ਪੰਜਾਬੀ ਟਿ੍ਰਬਿਊਨ ਵਿੱਚ ਛਪੀ ਖ਼ਬਰ ਨੇ ਇਸ ਸਾਜਿਸ਼ ਦੇ ਕਈ ਵੱਡੇ ਰਚਣਹਾਰਿਆਂ ਦਾ ਰੋਲ ਸਾਹਮਣੇ ਲਿਆਂਦਾ ਹੈ। ਇਸ ਖਬਰ ਅਤੇ ਛਪੀ ਫੋਟੋ ਅਨੁਸਾਰ ਇਸ ਵਹਿਸ਼ੀਆਨਾ ਕਤਲ ਦੀ ਮੁੱਖ ਰੂਪ ਵਿਚ ਜਿੰਮੇਵਾਰੀ ਲੈਣ ਵਾਲੇ ਨਿਹੰਗ ਸਿੰਘ ਬਾਬਾ ਅਮਨ ਸਿੰਘ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ ਕਰਕੇ ਉਸ ਤੋਂ ਸਿਰੋਪਾ ਪ੍ਰਾਪਤ ਕੀਤਾ ਸੀ ਅਤੇ ਸਹਿਯੋਗ ਵੀ ਲਿਆ ਸੀ। ਉਸ ਸਮੇਂ ਪੰਜਾਬ ਦਾ ਬਦਨਾਮ ਕੈਟ ਰਿਹਾ ਗੁਰਮੀਤ ਪਿੰਕੀ ਵੀ ਨਾਲ ਸੀ। ਇਸ ਮੌਕੇ ਭਾਜਪਾ ਦਾ ਕਿਸਾਨ ਵਿੰਗ ਦਾ ਇੱਕ ਨਾਮ-ਨਿਹਾਦ ਆਗੂ ਅਤੇ ਇੱਕ ਹੋਰ ਕੇਂਦਰੀ ਵਜੀਰ ਵੀ ਮੌਜੂਦ ਸਨ। ਮੀਟਿੰਗ ਕਰਵਾਉਣ ਵਿੱਚ ਕੈਨੇਡਾ ਦੇ ਇਕ ਸਿੱਖ ਗਰੁੱਪ ਦੀ ਭੂਮਿਕਾ ਦੇ ਵੀ ਖੁਲਾਸੇ ਹੋਏ ਹਨ।
ਇਹ ਖ਼ਬਰ ਸਾਹਮਣੇ ਆਉਣ ਤੇ ਸਾਜਿਸ਼ ਬੇਨਕਾਬ ਹੋਣ ਕਰਕੇ ਇਸ ਵਿੱਚ ਸ਼ਾਮਲ ਸਾਰੇ ਪਾਤਰ ਬਹੁਤ ਤਿਲਮਿਲਾ ਰਹੇ ਹਨ। ਬਹਰਹਾਲ ਇਹ ਸਪੱਸ਼ਟ ਹੈ ਕਿ ਸੰਘ-ਭਾਜਪਾ ਤੇ ਮੋਦੀ-ਯੋਗੀ-ਖੱਟਰ ਲਾਣਾ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹਨਾਂ ਦਿਨਾਂ ਵਿੱਚ ਹੀ ਕੇਂਦਰ ਸਰਕਾਰ ਨੇ ਪੰਜਾਬ ਵਿਚ ਬੀ.ਐਸ.ਐਫ. ਨੂੰ ਹਾਸਲ ਪ੍ਰਾਂਤ ਅੰਦਰ 15 ਕਿਲੋਮੀਟਰ ਤੱਕ ਦਾਖ਼ਲ ਹੋਕੇ ਕਾਰਵਾਈ ਕਰਨ ਦੇ ਅਧਿਕਾਰ ਨੂੰ ਵਧਾਕੇ 50 ਕਿਲੋਮੀਟਰ ਕਰ ਦਿੱਤਾ ਹੈ ਜਿਸ ਨਾਲ ਲਗਭਗ ਅੱਧਾ ਪੰਜਾਬ ਵਿਸ਼ੇਸ਼ ਕਰਕੇ ਬਾਰਡਰ ਦੇ ਛੇ ਜਿਲ੍ਹਿਆਂ ਦਾ ਬਹੁਤ ਵੱਡਾ ਹਿੱਸਾ ਅਤੇ ਕਈ ਥਾਈਂ ਨਾਲ ਲੱਗਦੇ ਜ਼ਿਲ੍ਹਿਆਂ ਦਾ ਵੀ ਕਾਫ਼ੀ ਹਿੱਸਾ ਬੀ.ਐਸ.ਐਫ. ਦੇ ਅਧਿਕਾਰ ਖੇਤਰ ਅਧੀਨ ਚਲਾ ਜਾਵੇਗਾ। ਇਸ ਇਲਾਕੇ ਵਿੱਚ ਬੀ.ਐਸ.ਐਫ. ਆਪਣੇ ਤੌਰ ’ਤੇ ਮਨਮਰਜ਼ੀ ਨਾਲ ਛਾਪੇਮਾਰੀ ਅਤੇ ਗਿ੍ਰਫਤਾਰੀਆਂ ਆਦਿ ਕਰ ਸਕੇਗੀ। ਇਹ ਸੂਬਿਆਂ ਦੇ ਅਧਿਕਾਰਾਂ ’ਤੇ ਵੱਡਾ ਹਮਲਾ ਹੈ। ਸਰਕਾਰ ਕਹਿਣ ਨੂੰ ਜੋ ਮਰਜ਼ੀ ਕਹੇ ਉਹ ਪੰਜਾਬ ਵਾਸੀਆਂ ਨੂੰ ਯੋਜਨਾਬੱਧ ਤਸੀਹੇ ਦੇਣ ਦੇ ਨਵੇਂ-ਨਵੇਂ ਢੰਗ ਤਲਾਸ਼ ਰਹੀ ਹੈ ਅਤੇ ਅਜਿਹਾ ਪੰਜਾਬ ਨੂੰ ਮੌਜੂਦਾ ਕਿਸਾਨ ਸੰਘਰਸ਼ ਦਾ ਮੋਢੀ ਬਣਨ ਦੀ ਸਜ਼ਾ ਦੇਣ ਲਈ ਕੀਤਾ ਜਾ ਰਿਹਾ ਹੈ।
ਜਿੱਥੇ ਸੰਯੁਕਤ ਕਿਸਾਨ ਮੋਰਚਾ ਇਸਦਾ ਜ਼ੋਰਦਾਰ ਵਿਰੋਧ ਕਰਦਾ ਹੈ ਉੱਥੇ ਪੰਜਾਬ ਵਾਸੀਆਂ ਨੂੰ ਵੀ ਇਸਦਾ ਇਕਮੁੱਠ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ। ਸੂਬੇ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਸ ਦਿਸ਼ਾ ਵੱਲ ਸਾਂਝੀ, ਠੋਸ ਪਹਿਲ ਕਦਮੀ ਕਰਨੀ ਚਾਹੀਦੀ ਹੈ।

Scroll To Top