Now Reading
ਸੈਮੀਨਾਰ ਦੌਰਾਨ ਜਿਸਮਾਨੀ ਅੱਤਿਆਚਾਰਾਂ ਤੇ ਮਾਨਸਿਕ ਉਤਪੀੜਨ ਬਾਰੇ ਤੱਥਾਂ ਸਹਿਤ ਪਾਈ ਰੌਸ਼ਨੀ

ਸੈਮੀਨਾਰ ਦੌਰਾਨ ਜਿਸਮਾਨੀ ਅੱਤਿਆਚਾਰਾਂ ਤੇ ਮਾਨਸਿਕ ਉਤਪੀੜਨ ਬਾਰੇ ਤੱਥਾਂ ਸਹਿਤ ਪਾਈ ਰੌਸ਼ਨੀ

ਜਲੰਧਰ, 19 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਇੱਥੋਂ ਦੇ ਪਿੰਗਲੇ ਆਡੀਟੋਰੀਅਮ, ਗਦਰ ਮੈਮੋਰੀਅਲ ਜਲੰਧਰ ਵਿਖੇ ਸਭਾ ਦੀ ਪ੍ਰਤੀਬੱਧ ਕਾਰਕੁੰਨ ਮਰਹੂਮ ਬੀਬੀ ਤ੍ਰਿਪਤਾ ਦੇਵੀ ਗੌਤਮ ਦੇ ਜਨਮ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸੂਬਾਈ ਸੈਮੀਨਾਰ ਆਯੋਜਿਤ ਕੀਤਾ ਗਿਆ। ਪ੍ਰੋਫੈਸਰ ਸੁਰਿੰਦਰ ਕੌਰ ਜੈਪਾਲ, ਡਾਕਟਰ ਰਘਬੀਰ ਕੌਰ ਅਤੇ ਬਿਮਲਾ ਦੇਵੀ ਦੀ ਪ੍ਰਧਾਨਗੀ ਹੇਠ ਹੋਏ ਇਸ ਸਫਲ ਸੈਮੀਨਾਰ ਦੀ ਕਾਰਵਾਈ ਸਾਥੀ ਨੀਲਮ ਘੁਮਾਣ ਨੇ ਚਲਾਈ। ਦੇਸ਼ ਭਗਤ ਯਾਦਗਾਰ ਜਲੰਧਰ ਦੇ ਟਰਸਟੀ ਸਾਥੀ ਮੰਗਤ ਰਾਮ ਪਾਸਲਾ, ਉੱਘੇ ਬੁੱਧੀਜੀਵੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਡਾਕਟਰ ਕਰਮਜੀਤ ਸਿੰਘ ਅਤੇ ਮੈਡਮ ਅਰੁਣਾ ਗੌਤਮ ਵੀ ਮੰਚ ’ਤੇ ਸੁਸ਼ੋਭਿਤ ਸਨ।

ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਜਲੰਧਰ ਦੇ ਪ੍ਰਿੰਸੀਪਲ ਡਾਕਟਰ ਨਵਜੋਤ ਕੌਰ ਨੇ ‘ਫਾਸ਼ੀਵਾਦੀ ਦੌਰ ਵਿੱਚ ਇਸਤਰੀਆਂ ਦੀ ਦਿਸ਼ਾ ਅਤੇ ਦਸ਼ਾ’ ਵਿਸ਼ੇ ਦਾ ਕੁੰਜੀਵਤ ਭਾਸ਼ਣ ਦਿੱਤਾ। ਉਨ੍ਹਾਂ ਭਾਰਤੀ ਸਮਾਜ ਵਿੱਚ ਇਸਤਰੀਆਂ ਨਾਲ ਹਰ ਖੇਤਰ ਵਿੱਚ ਕੀਤੇ ਜਾ ਰਹੇ ਅਮਾਨਵੀ ਵਿਤਕਰਿਆਂ ਅਤੇ ਦਿਲ ਕੰਬਾਊ ਜਿਸਮਾਨੀ ਅੱਤਿਆਚਾਰਾਂ ਤੇ ਮਾਨਸਿਕ ਉਤਪੀੜਨ ਬਾਰੇ ਤੱਥਾਂ ਸਹਿਤ ਰੌਸ਼ਨੀ ਪਾਈ। ਦੇਸ਼ ਭਰ ਵਿੱਚ ਇਸਤਰੀਆਂ ਨਾਲ ਸਮੂਹਿਕ ਜਬਰ-ਜਿਨਾਹ ਤੇ ਦਰਦਨਾਕ ਕਤਲਾਂ ਦੀਆਂ ਹੌਲਨਾਕ ਵਾਰਦਾਤਾਂ ਦੇ ਚਿੰਤਾਜਨਕ ਵਾਧੇ ਦੇ ਅੰਕੜੇ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਉਕਤ ਵਾਰਦਾਤਾਂ ਵਿੱਚ ਅਨੁਸੂਚਿਤ ਜਾਤੀ-ਜਨਜਾਤੀ ਨਾਲ ਸਬੰਧਤ ਮੁਟਿਆਰਾਂ ਤੇ ਮਾਸੂਮ ਬਾਲੜੀਆਂ ਨੂੰ ਉਚੇਚਾ ਨਿਸ਼ਾਨਾ ਬਣਾਇਆ ਜਾਂਦਾ ਹੈ।

ਉਨਾਓ ਤੇ ਹਾਥਰਸ ਜਿਹੀਆਂ ਘਟਨਾਵਾਂ ਦੇ ਹਵਾਲੇ ਦਿੰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ, ਵੱਖੋ-ਵੱਖ ਸੂਬਿਆਂ ਵਿਚਲੀਆਂ ਭਾਜਪਾਈ ਸਰਕਾਰਾਂ ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼ ਦੀ ਯੋਗੀ ਹੁਕੂਮਤ ਅਤੇ ਸੰਘ-ਭਾਜਪਾ ਆਗੂਆਂ ਵੱਲੋਂ ਕਾਤਲਾਂ-ਬਲਾਤਕਾਰੀਆਂ ਦੀ ਨੰਗੀ ਚਿੱਟੀ ਇਮਦਾਦ ਕਰਨ ਨਾਲ ਸਮਾਜ ਲਈ ਘਾਤਕ ਇਹ ਘਿਰਣਾਯੋਗ ਵਰਤਾਰਾ ਖਤਰਨਾਕ ਤੇਜੀ ਫੜ੍ਹ ਰਿਹਾ ਹੈ।

ਉਨ੍ਹਾਂ ਯਾਦ ਦਿਵਾਇਆ ਕਿ ਆਜਾਦ ਭਾਰਤ ਦੇ ਮੱਥੇ ਦੇ ਬਦਨੁਮਾ ਕਲੰਕ ਸਮਝੇ ਜਾਂਦੇ ਫਿਰਕੂ ਦੰਗਿਆਂ ਦਾ ਸੰਤਾਪ ਹਰ ਫਿਰਕੇ ਦੀਆਂ ਇਸਤਰੀਆਂ ਨੇ ਵਧੇਰੇ ਹੰਢਾਇਆ ਹੈ। ਡਾਕਟਰ ਨਵਜੋਤ ਕੌਰ ਨੇ ਕਿਹਾ ਕਿ ਵਰਤਮਾਨ ਸਮਾਂ ਬੇਹਦ ਖਤਰਨਾਕ ਹੈ ਕਿਉਂਕਿ ਫਿਰਕੂ-ਫਾਸ਼ੀ, ਕੱਟੜ ਹਿੰਦੂਤਵੀ ਤਾਕਤਾਂ ਦੇਸ਼ ਦੀ ਕੇਂਦਰੀ ਸੱਤਾ ’ਤੇ ਕਾਬਜ ਹੋਣ ਵਿੱਚ ਸਫਲ ਹੋ ਗਈਆਂ ਹਨ ਅਤੇ ਮਾਨਵੀ ਇਤਿਹਾਸ ਇਸ ਤੱਥ ਦੀ ਸ਼ਾਹਦੀ ਭਰਦਾ ਹੈ ਕਿ ਫਾਸਿਸਟ ਸੱਤਾ ਦੇ ਵਾਰੇ ਪਹਿਰੇ ਔਰਤਾਂ ਸਭ ਤੋਂ ਵਧੇਰੇ ਲੁੱਟੀਆਂ-ਲਿਤਾੜੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਫਾਸ਼ੀਵਾਦੀ ਤਾਕਤਾਂ, ਇਸਤਰੀਆਂ-ਸ਼ੂਦਰਾਂ ਨੂੰ ਗੁਲਾਮ ਰੱਖਣ ਦੀ ਪੈਰਵੀ ਕਰਦੀ ਮਨੂੰ ਸਿਮਰਤੀ ਦੇ ਸੇਧ ਵਿੱਚ ਕੱਟੜ ਹਿੰਦੂ ਰਾਸ਼ਟਰ ਦੀ ਕਾਇਮੀ ਲਈ ਸਰਗਰਮ ਹਨ ਇਸ ਲਈ ਇਹ ਵਧੇਰੇ ਕਰੂਰ ਤੇ ਖਤਰਨਾਕ ਹਨ।

ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸੰਗਠਤ ਹੋਕੇ, ਦੇਸ਼ ਦੇ ਜਮਹੂਰੀ ਅੰਦੋਲਨ ਦਾ ਅਨਿੱਖੜਵਾਂ ਅੰਗ ਬਣ ਕੇ ਲਹੂ ਵੀਟਵੇਂ ਸੰਘਰਸ਼ਾਂ ਰਾਹੀਂ ਹੀ ਔਰਤ ਜਾਤੀ ਹਰ ਕਿਸਮ ਦੀ ਅਸਮਾਨਤਾ ਅਤੇ ਜੁਲਮਾਂ ਤੋਂ ਮੁਕਤੀ ਹਾਸਲ ਕਰ ਸਕਦੀ ਹੈ।

See Also

ਸਰਵ ਸੰਮਤੀ ਨਾਲ ਨਿਰਣਾ ਲਿਆ ਗਿਆ ਕਿ ‘ਪੰਜਾਬ ਬਚਾਓ ਸੰਯੁਕਤ ਮੋਰਚੇ’ ਵੱਲੋਂ ਆਉਣ ਵਾਲੀ 14 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ‘ਕਾਰਪੋਰੇਟ ਭਜਾਓ, ਦੇਸ਼ ਬਚਾਓ, ਪੰਜਾਬ ਬਚਾਓ’ ਮਹਾਂ ਰੈਲੀ ਵਿੱਚ ਹਜਾਰਾਂ ਭੈਣਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਜਨ ਅੰਦੋਲਨ ਬਣ ਚੁੱਕੇ ਕਿਸਾਨ ਘੋਲ ਦੀ ਜਿੱਤ ਲਈ ਸਰਵ ਪੱਖੀ ਯੋਗਦਾਨ ਪਾਉਣ ਦਾ ਐਲਾਨ ਕਰਦਿਆਂ ਕਿਰਤੀ ਮਾਰੂ ਕਿਰਤ ਕੋਡ ਰੱਦ ਕਰਨ ਦੀ ਮੰਗ ਕੀਤੀ ਗਈ।

ਹਰਿੰਦਰ ਕੌਰ ਬੁਟਾਹਰੀ, ਅਵਤਾਰ ਕੌਰ ਬੰਡਾਲਾ, ਪਰਮਜੀਤ ਕੌਰ ਗਰੇਵਾਲ, ਦਰਸ਼ਨਾ ਜੋਸ਼ੀ, ਸੁਨੀਤਾ ਨੂਰਪੁਰੀ, ਡਾਕਟਰ ਗਗਨਦੀਪ ਕੌਰ, ਨਰਿੰਦਰ ਕੌਰ ਪੱਟੀ, ਸੁਨੀਤਾ ਰਾਣੀ ਫਿਲੌਰ, ਕੰਚਨ, ਪਾਰਵਤੀ ਨੇ ਵੀ ਵਿਚਾਰ ਰੱਖੇ। ਆਰੰਭ ਵਿੱਚ ਕਿਸਾਨ ਘੋਲ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਿੰਘੂ ਬਾਰਡਰ ’ਤੇ ਕੀਤੇ ਗਏ ਦਰਦਨਾਕ ਕਤਲ ਨਾਲ ਜੁੜੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਗਈ।

Scroll To Top