Now Reading
ਕਿਸਾਨ ਅੰਦੋਲਨ ਦਾ ਹਾਂਸਲ ਬੇਟੀ ਸੁਰੀਤ ਕੌਰ

ਕਿਸਾਨ ਅੰਦੋਲਨ ਦਾ ਹਾਂਸਲ ਬੇਟੀ ਸੁਰੀਤ ਕੌਰ

ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦੇ ਮੋਰਚੇ ਤੋਂ, 1 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵਲੋਂ ਇਥੇ ਚਲਦੇ ਮੋਰਚੇ ਦੌਰਾਨ ਬੱਚਿਆਂ ਦੀ ਸਰਗਰਮੀ ਇੱਕ ਹਾਂਸਲ ਹੈ। ਇਸ ਹਾਂਸਲ ਦਾ ਮਾਣ ਸੁਰੀਤ ਕੌਰ ਬਣੀ ਹੈ। ਸੁਰੀਤ ਕੌਰ ਮਹਿਜ਼ ਅੱਠ ਸਾਲ ਦੀ ਹੈ, ਜਿਸ ਨੇ ਸਿਰਫ਼ ਕਵਿਤਾਵਾਂ ਦੀ ਹੀ ਪੇਸ਼ਕਾਰੀ ਨਹੀਂ ਕੀਤੀ ਸਗੋਂ ਉਹ ਇੱਕ ਦਿਨ ਬੱਚਿਆਂ ਵਲੋਂ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਵੀ ਨਿਭਾ ਚੁੱਕੀ ਹੈ।

ਬੱਚੀ ਦੇ ਪਿਤਾ ਲੈਕਚਰਾਰ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਸੁਰੀਤ ਕੌਰ ਉਸ ਵੇਲੇ ਮਹਿਜ਼ ਚਾਰ ਪੰਜ ਸਾਲ ਦੀ ਸੀ, ਜਦੋਂ ਉਸ ਨੇ ਪੱਖੋਵਾਲ ‘ਚ ਪਹਿਲੀ ਵਾਰ ਬਾਲ ਮੇਲੇ ‘ਚ ਹਿੱਸਾ ਲਿਆ ਸੀ। ਉਹ ਹੁਣ ਇਸ ਵੇਲੇ ਤੀਜੀ ਕਲਾਸ ਦੀ ਵਿਦਿਆਰਥਣ ਹੈ, ਜਿਸ ਢੰਗ ਨਾਲ ਉਸ ਨੂੰ ਇਸ ਅੰਦੋਲਨ ‘ਚ ਮੌਕਾ ਮਿਲਿਆ, ਉਸ ਨੇ ਸਾਰਿਆਂ ਦੇ ਦਿਲਾਂ ਨੂੰ ਹੀ ਮੋਹ ਲਿਆ। ਪਿਆਰੀ ਜਿਹੀ ਬੱਚੀ ਸੁਰਜੀਤ ਪਾਤਰ ਤੇ ਪਾਸ਼ ਦੀਆਂ ਕਵਿਤਾਵਾਂ ਸੁਣਾਉਂਦੀ ਹੈ।

ਉਹ 10 ਦਿਨ ਦਿੱਲੀ ਜਾ ਕੇ ਅੰਦੋਲਨ ‘ਚ ਵੀ ਆਪਣਾ ਯੋਗਦਾਨ ਪਾ ਆਈ ਹੈ ਅਤੇ ਉਹ ਠੋਕ ਵਜਾ ਕੇ ਕਹਿੰਦੀ ਹੈ ਕਿ ਹੁਣ ਤੁਹਾਡੀ ਵਾਰੀ ਹੈ। ਸਿੰਘੂ ਤੇ ਟਿਕਰੀ ਬਾਰਡਰ ‘ਤੇ ਕਵਿਤਾਵਾਂ ਪੇਸ਼ ਕਰਨ ਦਾ ਉਹ ਮਾਣ ਹਾਸਲ ਕਰ ਚੁੱਕੀ ਹੈ। ਛੋਟੀ ਹੁੰਦੀ ਉਹ ਆਪਣੇ ਅਧਿਆਪਕ ਦਾਦਾ ਜੀ ਤੋਂ ਅਗਵਾਈ ਲੈਂਦੀ ਰਹੀ। ਨਿੱਕੇ-ਨਿੱਕੇ ਸਵਾਲ ਪੁੱਛਦੀ-ਪੁੱਛਦੀ ਉਹ ਹੁਣ ਸਕਿੱਟ ਦੇ ਰੂਪ ‘ਚ ਵੀ ਆਪਣੀ ਕਲਾ ਦਿਖਾਉਣ ਲੱਗ ਪਈ ਹੈ। ਛੋਟੀ ਜਿਹੀ ਉਮਰ ‘ਚ ਡਾਇਲੌਗ ਯਾਦ ਕਰਨੇ ਅਤੇ ਉਸ ਨੂੰ ਬੋਲ ਕੇ ਕਹਿਣਾ ਆਪਣੇ ਆਪ ‘ਚ ਇੱਕ ਪ੍ਰਾਪਤੀ ਹੈ।

See Also

ਕਿਲ੍ਹਾ ਰਾਏਪੁਰ ਦੀ ਇਸ ਖੁਸ਼ਕ ਬੰਦਰਗਾਹ ‘ਤੇ ਅਕਸਰ ਉਹ ਆਪਣੇ ਪਿਤਾ ਜੀ ਨਾਲ ਪੁੱਜਦੀ ਹੈ ਅਤੇ ਜੇ ਕਿਤੇ ਪਿਤਾ ਜੀ ਡਿਊਟੀ ‘ਤੇ ਗਏ ਹੋਣ ਤਾਂ ਉਹ ਆਪਣੇ ਅੰਕਲ ਹਰਨੇਕ ਗੁਜਰਵਾਲ ਦੇ ਨਾਲ ਧਰਨੇ ਸਥਾਨ ‘ਤੇ ਹਾਜ਼ਰੀ ਲਾਉਣਾ ਨਹੀਂ ਭੁੱਲਦੀ। ਉਹ ਚਲਦੇ ਨੇੜੇ ਦੇ ਹੋਰ ਮੋਰਚਿਆਂ ‘ਚ ਵੀ ਆਪਣੀ ਹਾਜ਼ਰੀ ਲਵਾ ਆਈ ਹੈ। ਪੜ੍ਹਾਈ ਦੇ ਨਾਲ-ਨਾਲ ਚਾਹੇ ਮੋਰਚੇ ‘ਤੇ ਮਾਂ ਦਿਵਸ ਮਨਾਇਆ ਜਾ ਰਿਹਾ ਹੋਵੇ, ਚਾਹੇ ਦਿੱਲੀ ਤੋਂ ਵਾਪਸੀ ਉਪਰੰਤ ਆਪਣੀ ਸਹੇਲੀ ਜੈਮਨ ਕੌਰ ਨਾਲ ਮੀਡੀਏ ਅੱਗੇ ਦਿੱਲੀ ਦੇ ਤਜ਼ਰਬੇ ਦੱਸਣੇ ਹੋਣ। ਐਂ ਲੱਗਦੈ ਕਿ ਉਸ ਦੀ ਗੱਲ ਅੱਗੇ ਕਈ ‘ਛੋਟੇ’ ਨਜ਼ਰ ਆਉਂਦੇ ਨੇ।

Scroll To Top