Now Reading
ਲੋਕਪੱਖੀ ਬਦਲ ਦੀ ਅਣਹੋਂਦ ਦਾ ਲਾਹਾ ਲੈਂਦਿਆ ਆਰਐਸਐਸ ਨੇ, ਭਾਜਪਾ ਰਾਹੀਂ ਰਾਜ-ਭਾਗ ‘ਤੇ ਕਬਜ਼ਾ ਜਮਾਇਆ: ਪਾਸਲਾ

ਲੋਕਪੱਖੀ ਬਦਲ ਦੀ ਅਣਹੋਂਦ ਦਾ ਲਾਹਾ ਲੈਂਦਿਆ ਆਰਐਸਐਸ ਨੇ, ਭਾਜਪਾ ਰਾਹੀਂ ਰਾਜ-ਭਾਗ ‘ਤੇ ਕਬਜ਼ਾ ਜਮਾਇਆ: ਪਾਸਲਾ

ਬਠਿੰਡਾ, 31 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐਮਓ) ਦੀ ਬਠਿੰਡਾ ਜ਼ਿਲ੍ਹਾ ਕਮੇਟੀ ਵਲੋਂ ਸੁਤੰਤਰਤਾ ਸੰਗਰਾਮ ਦੇ ਲਾਸਾਨੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੈਮੀਨਾਰ ਕਰਵਾਇਆ ਗਿਆ। ਸਥਾਨਕ ਟੀਚਰਜ਼ ਹੋਮ ਦੇ ‘ਸ਼ਹੀਦ ਕਰਨੈਲ ਸਿੰਘ ਈਸੜੂ ਹਾਲ’ ਵਿਖੇ ਹੋਏ ਇਸ ਪ੍ਰਭਾਵਸ਼ਾਲੀ ਸੈਮੀਨਾਰ ਵਿਚ ਜਮਹੂਰੀ ਲਹਿਰ ਦੇ ਉੱਘੇ ਆਗੂ, ‘ਦੇਸ਼ ਭਗਤ ਯਾਦਗਾਰ ਜਲੰਧਰ’ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ ਨੇ ‘ਸ਼ਹੀਦਾਂ ਦੀ ਅਮੀਰ ਵਿਰਾਸਤ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਦੇ ਫਰਜ਼’ ਵਿਸ਼ੇ ‘ਤੇ ਕੁੰਜੀਵਤ ਭਾਸ਼ਣ ਦਿੱਤਾ।
ਸਾਥੀ ਪਾਸਲਾ ਨੇ ਕਿਹਾ ਕਿ ਬਸਤੀਵਾਦੀ ਅੰਗਰੇਜ਼ ਹਾਕਮਾਂ ਵੱਲੋਂ, ਭਾਰਤ ਵਿੱਚ ਆਪਣਾ ਰਾਜ ਹਮੇਸ਼ਾਂ ਲਈ ਕਾਇਮ ਰੱਖਣ ਲਈ ਘੜੀ ਗਈ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤੋਂ ਲੋਕਾਈ ਨੂੰ ਚੌਕਸ ਕਰਨ ਲਈ, ਸ਼ਹੀਦ ਨੇ ਆਪਣਾ ਨਾਂ ‘ਮੁਹੰਮਦ ਸਿੰਘ ਆਜਾਦ’ ਰੱਖ ਕੇ ਸਾਂਝੀਵਾਲਤਾ ਦਾ ਸ਼ਾਨਦਾਰ ਸੁਨੇਹਾ ਦਿੱਤਾ ਸੀ। ਇੰਝ ਕਰਦਿਆਂ ਉਨ੍ਹਾਂ ਬਰਤਾਨਵੀ ਸਾਮਰਾਜੀਆਂ ਅਤੇ ਉਨ੍ਹਾਂ ਦੇ ਹੱਥਠੋਕਾ ਫਿਰਕੂ ਸੰਗਠਨਾਂ ਦੇ ਫਿਰਕੂ ਵੰਡ ਤਿੱਖੀ ਕਰਕੇ ਭਰਾ ਮਾਰ ਜੰਗ ਰਾਹੀਂ ਸੁਤੰਤਰਤਾ ਸੰਗਰਾਮ ਨੂੰ ਲੀਹੋਂ ਲਾਹੁਣ ਦੇ ਕੋਝੇ ਮਨਸੂਬਿਆਂ ਵਿਰੁੱਧ ਭਾਰਤੀ ਆਵਾਮ ਨੂੰ ਸ਼ਕਤੀਸ਼ਾਲੀ ਸੰਦੇਸ਼ ਦਿੱਤਾ ਸੀ। ਪਰ ਇਹ ਅਤਿਅੰਤ ਦੁਰਭਾਗ ਦਾ ਵਿਸ਼ਾ ਹੈ ਕਿ ਸਾਮਰਾਜ ਦੇ ਇਸ਼ਾਰਿਆਂ ‘ਤੇ ਆਜਾਦੀ ਸੰਗਰਾਮ ਨੂੰ ਤਾਰਪੀਡੋ ਕਰਨ ਲਈ ਪੂਰਾ ਟਿੱਲ ਲਾਉਣ ਵਾਲੇ ਮੰਨੂਵਾਦੀ-ਹਿੰਦੂਤਵੀ ਫਿਰਕੂ ਤੱਤ, ਜਿਨ੍ਹਾਂ ਦੀ ਕਮਾਂਡ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੇ ਹੱਥ ਹੈ, ਅਜੋਕੇ ਸਮੇਂ ਲੋਕਾਈ ਦੀ ਚੇਤਨਾ ਨੂੰ ਗੰਧਲਾ ਕਰਨ ਵਿੱਚ ਵੱਡੀ ਹੱਦ ਤੱਕ ਕਾਮਯਾਬ ਹੋ ਗਏ ਹਨ।
ਸ਼ਕਤੀਸ਼ਾਲੀ ਲੋਕ ਪੱਖੀ ਬਦਲ ਦੀ ਅਣਹੋਂਦ ਦਾ ਲਾਹਾ ਲੈਂਦਿਆ ਆਰ ਐਸ ਐਸ ਨੇ, ਭਾਜਪਾ ਰਾਹੀਂ ਰਾਜ-ਭਾਗ ‘ਤੇ ਕਬਜ਼ਾ ਜਮਾ ਲਿਆ ਹੈ ਅਤੇ ਇੱਕ ਧਰਮ ਨਿਰਪੱਖ, ਜਮਹੂਰੀ, ਫੈਡਰਲ ਢਾਂਚੇ ਦੀ ਥਾਂ ਭਾਰਤ ਨੂੰ ਕੱਟੜ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਵੱਲ ਤੇਜੀ ਨਾਲ ਅੱਗੇ ਵਧ ਰਿਹਾ ਹੈ। ਫਿਰਕੂ ਤੱਤ ਇਹ ਸਾਰਾ ਕੁੱਝ, ਅਦੁੱਤੀ ਸ਼ਹਾਦਤਾਂ, ਮਾਣ ਮੱਤੀਆਂ ਕੁਰਬਾਨੀਆਂ ਅਤੇ ਲਹੂ ਵੀਟਵੇਂ ਸੰਘਰਸ਼ਾਂ ਸਦਕਾ 1947 ‘ਚ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਹੋਏ ਵਿਦੇਸ਼ੀ ਹਾਕਮਾਂ ਦਾ ਦੇਸ਼ ‘ਤੇ ਮੁੜ ਤੋਂ ਪੱਕਾ ਗਲਬਾ ਕਾਇਮ ਕਰਨ ਦੀ ਤਬਾਹਕੁੰਨ ਮੰਸ਼ਾ ਅਧੀਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫਿਰਕੂ ਫਾਸ਼ੀ ਤਾਕਤਾਂ ਦੀ ਇਹ ਤਬਾਹਕੁੰਨ ਵਿਉਂਤਬੰਦੀ ਸ਼ਹੀਦ ਊਧਮ ਸਿੰਘ ਅਤੇ ਉਨ੍ਹਾਂ ਵਰਗੇ ਅਨੇਕਾਂ ਸ਼ਹੀਦਾਂ ਦੇ ਸਾਮਰਾਜ ਵਿਰੋਧੀ, ਹਕੀਕੀ ਕੌਮ ਵਾਦੀ ਵਿਚਾਰਾਂ ਦੇ ਐਨ ਉਲਟ ਹੈ ਅਤੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਇਸ ਫਿਰਕੂ-ਫਾਸ਼ੀ ਵਿਚਾਰਧਾਰਾ ਦਾ ਫਸਤਾ ਵੱਡਣ ਲਈ ਸੰਘਰਸ਼ਾਂ ਦੇ ਪਿੜ ਮੱਲਣ ਦੀ ਡਾਢੀ ਲੋੜ ਹੈ। ਇਸ ਤੋਂ ਅਗਾਂਹ ਸ਼ਹੀਦਾਂ ਦੇ ਹਰ ਕਿਸਮ ਦੀ ਲੁੱਟ ਖਸੁੱਟ ਅਤੇ ਵਿਤਕਰਿਆਂ ਤੋਂ ਮੁਕਤ ਸਮਾਨਤਾ ਵਾਲੇ ਸਮਾਜ ਦੀ ਕਾਇਮ ਲਈ ਜੂਝਣਾ ਹੀ ਸ਼ਹੀਦ ਊਧਮ ਸਿੰਘ ਅਤੇ ਹੋਰਨਾਂ ਸ਼ਹੀਦਾਂ ਤੇ ਦੇਸ਼ ਭਗਤਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸਾਥੀ ਪਾਸਲਾ ਨੇ ਕਿਹਾ ਕਿ ਦਿੱਲੀ ਦੀਆਂ ਜੂਹਾਂ ਤੇ ਜਾਰੀ ਜਨ ਅੰਦੋਲਨ ਦਾ ਰੂਪ ਵਟਾ ਚੁੱਕਾ ਦੇਸ਼ ਵਿਆਪੀ ਕਿਸਾਨ ਸੰਘਰਸ਼ ਅਤੇ ਦੇਸ਼ ਭਰ ਵਿੱਚ ਚਲ ਰਹੇ ਮਿਹਨਤਕਸ਼ ਵਰਗਾਂ ਦੇ ਤਿੱਖੇ ਸੰਗਰਾਮਾਂ ਰਾਹੀਂ ਹੀ ਦੇਸ਼ ਦੇ ਲੋਕੀਂ ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ, ਰਾਜੇ ਰਜਵਾੜਿਆਂ ਦੀ ਬੇਕਿਰਕ ਲੁਟ ਅਤੇ ਅਰਾਜਕਤਾ ਵਾਦੀ ਗਰੋਹਾਂ ਤੋਂ ਮੁਕਤੀ ਹਾਸਲ ਕਰ ਸਕਦੇ ਹਨ।
ਸੈਮੀਨਾਰ ਦੀ ਪ੍ਰਧਾਨਗੀ ਮਿੱਠੂ ਸਿੰਘ ਘੁੱਦਾ, ਭੈਣ ਦਰਸ਼ਨਾ ਜੋਸ਼ੀ, ਮੱਖਣ ਸਿੰਘ ਖਣਗਵਾਲ, ਸੰਪੂਰਨ ਸਿੰਘ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਨਿਭਾਏ।

Scroll To Top