Now Reading
ਭੀਮਾ-ਕੋਰੇਗਾਉਂ ਦਾ ਮਹੱਤਵ

ਭੀਮਾ-ਕੋਰੇਗਾਉਂ ਦਾ ਮਹੱਤਵ

ਸਤਨਾਮ ਚਾਨਾ

(ਭੀਮਾ-ਕੋਰੇਗਾਉਂ ਨਾਲ ਸਬੰਧਤ ਘਟਨਾਕ੍ਰਮ ਅਤੇ ਇਸ ਨਾਲ ਜੁੜੇ, ਦੇਸ਼ ਦੇ ਨਾਮਵਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੁਹਿੰਮ ਇੰਨ੍ਹੀ ਦਿਨੀਂ ਵਿਆਪਕ ਚਰਚਾ ਵਿੱਚ ਹੈ। ਇਨ੍ਹਾਂ ਬੁੱਧੀਜੀਵੀਆਂ ਖਿਲਾਫ਼ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਅਤੇ ਇਨ੍ਹਾਂ ਨਾਲ ਜੇਲ੍ਹ ਵਿੱਚ ਕੀਤਾ ਜਾ ਰਿਹਾ ਸਿਰੇ ਦਾ ਅਮਾਨਵੀ ਵਿਵਹਾਰ ਮਨੁੱਖੀ ਅਧਿਕਾਰਾਂ ਦੇ ਘਾਣ ਅਤਿ ਨੀਵੇਂ ਦਰਜੇ ਦਾ ਵਰਤਾਰਾ ਹੈ। ਅਸੀਂ ਇਸ ਨਜ਼ਰੀਏ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਪਰ, ਇਹ ਵੀ ਸਮਝਦੇ ਹਾਂ ਕਿ ਇਸ ਵਰਤਾਰੇ ਅਤੇ ਮੋਦੀ ਸਰਕਾਰ ਦੇ ਜਾਬਰ ਵਤੀਰੇ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ।
ਦੋ ਸਦੀਆਂ ਪਹਿਲਾਂ ਹੋਈ ਭੀਮਾ ਕੋਰੇਗਾਉਂ, ‘ਬ੍ਰਿਟਿਸ਼-ਪੇਸ਼ਵਾ’ ਜੰਗ ਤੋਂ ਵੀ ਹਜਾਰਾਂ ਵਰ੍ਹੇ ਪਹਿਲਾਂ ਤੋਂ ਚੱਲੇ ਆ ਰਹੇ ਜਾਤੀਵਾਦੀ ਅੱਤਿਆਚਾਰ ਅਤੇ ਵਿਤਕਰੇ ਮੌਜੂਦਾ ਘਟਨਾਕ੍ਰਮ ਦਾ ਮੂਲ ਕਾਰਨ ਹੈ। ਸਾਡੀ ਜਾਚੇ ‘ਭੀਮਾ-ਕੋਰੇਗਾਉਂ ਜੰਗ’ ਦੋ ਸਦੀਆਂ ਪਹਿਲਾਂ, ਜਨਵਰੀ -1818 ਵਿੱਚ ਮੁੱਕੀ ਨਹੀਂ ਬਲਕਿ ਅੱਜ ਵੀ ਜਾਰੀ ਹੈ, ਜਿੱਤ-ਹਾਰ ਦਾ ਅੰਤਮ ਨਿਰਣਾ ਹੋਣਾ ਅਜੇ ਬਾਕੀ ਹੈ।’ ਇਸ ਨਜ਼ਰੀਏ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਸਤਨਾਮ ਚਾਨਾ ਹੁਰਾਂ ਦਾ ਲੇਖ ਛਾਪਣ ਦੀ ਖੁਸ਼ੀ ਲੈ ਰਹੇ ਹਾਂ- ਸੰਪਾਦਕੀ ਮੰਡਲ)

ਜੇਕਰ ਰਵਾਇਤੀ ਨਜ਼ਰ ਨਾਲ ਭੀਮਾ-ਕੋਰੇਗਾਉਂ ਦੇ ਇਤਿਹਾਸ ਨੂੰ ਦੇਖਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ‘ਭੀਮਾ’ ਨਦੀ ਦਾ ਨਾਮ ਹੈ ਅਤੇ ‘ਕੋਰੇਗਾਓਂ’ ਪਿੰਡ ਦਾ। ਭੀਮਾਂ-ਕੋਰੇਗਾਉਂ, ਭੀਮਾ ਨਦੀ ਕਿਨਾਰੇ ਵਸਿਆ ਇਕ ਪਿੰਡ ਹੈ ਜੋ ਮਹਾਰਾਸ਼ਟਰ ਦੇ ਜ਼ਿਲ੍ਹਾ ਪੂਨਾ ਵਿਚ ਪੈਂਦਾ ਹੈ। ਦੱਸਿਆ ਗਿਆ ਹੈ ਕਿ ਉਸ ਸਮੇਂ, ਜਿਸ ਸਮੇਂ ਦੀ ਗੱਲ ਕਰਨ ਲੱਗੇ ਹਾਂ, ਪਿੰਡ ਦੇ ਦੁਆਲੇ ਮਿੱਟੀ ਦੀ ਦੀਵਾਰ ਬਣੀ ਹੋਈ ਸੀ। ਸਾਲ 1818 ਦੇ ਪਹਿਲੇ ਦਿਨ ਇਹ ਪਿੰਡ ਅਚਾਨਕ ਹੀ ਇਤਿਹਾਸ ਦੇ ਪੰਨਿਆਂ ਤੇ ਚੜ੍ਹ ਗਿਆ। ਉਸ ਦਿਨ, ਇਸ ਦੀਆਂ ਗਲੀਆਂ ਵਿੱਚ ਈਸਟ ਇੰਡੀਆ ਕੰਪਨੀ ਅਤੇ ਪੇਸ਼ਵਾ ਬਾਜੀ ਰਾਓ (ਦੂਜੇ) ਦੀਆਂ ਫੌਜਾਂ ਵਿਚਕਾਰ ਖੂੰਨੀ ਝੜਪ ਹੋਈ ਤੇ ਪੇਸ਼ਵਾ ਮੈਦਾਨ ਛੱਡ ਕੇ ਖਿਸਕ ਗਿਆ। ਕੁਝ ਘੰਟੇ ਚੱਲੀ ਇਹ ਜੰਗ, ਨਾ ਕੇਵਲ ਪੇਸ਼ਵਾ ਰਾਜ ਦੇ ਸਦੀਵੀ ਅੰਤ ਦਾ ਸਬੱਬ ਬਣੀ, ਸਗੋਂ ਅੰਤਮ ਰੂਪ ਵਿਚ ਭਾਰਤ ਦੇ ਪੱਛਮੀ, ਕੇਂਦਰੀ ਅਤੇ ਦੱਖਣੀ ਭਾਗ ਉੱਤੇ ਬਰਤਾਨਵੀ ਕਬਜ਼ੇ ਦਾ ਕਾਰਨ ਵੀ ਬਣੀ। ਭਾਵ ਕਿ ਸਾਮਰਾਜੀ ਗੁਲਾਮੀ ਦਾ ਦੌਰ ਅਰੰਭ ਹੋਇਆ ਜਿਸਨੇ ਭੀਮਾ-ਕੋਰੇਗਾਉਂ ਦੀ ਜੰਗ ਨਾਲ ਜੁੜ੍ਹੇ ਘਟਨਾਕ੍ਰਮ ਨੂੰ ਦੇਖਣ ਦੇ ਦੋ ਦ੍ਰਿਸ਼ਟੀਕੋਣ ਹੋਂਦ ਵਿੱਚ ਲਿਆਂਦੇ, ਜੋ ਨਿਰੰਤਰ ਪਣਪਦੇ, ਵਿਗਸਦੇ ਰਹੇ। ਇੱਕ ਦ੍ਰਿਸ਼ਟੀਕੋਣ ਕੌਮਪ੍ਰਸਤੀ ਦਾ ਹੈ ਅਤੇ ਦੂਜਾ ਸਮਾਜਪ੍ਰਸਤੀ ਦਾ।
ਨਤੀਜੇ ਵਜੋਂ, ਜੰਗ ਤੋਂ ਠੀਕ ਦੋ ਸਦੀਆ ਬਾਅਦ, 2018 ਦੇ ਉਸੇ ਦਿਨ, ਭੀਮਾ-ਕੋਰੇਗਾਓਂ ਵਿਖੇ ਇਤਿਹਾਸ ਦਾ ਨਵਾਂ ਵਰਕਾ ਲਿਖਿਆ ਗਿਆ ਜਦੋਂ ਜੰਗ ਵਰਗਾ ਤਾਂ ਕੁਝ ਨਹੀਂ ਸੀ ਪਰ ਜੰਗੀ ਸ਼ਹੀਦਾਂ ਨੂੰ ਯਾਦ ਕਰਨ ਲਈ ਜੁੜੇ ਦਲਿਤ ਹਜ਼ੂਮ ਅਤੇ ਹਿੰਦੂਤਵੀਆਂ ਵਿਚਕਾਰ ਹਿੰਸਕ ਟੱਕਰ ਹੋਈ ਜੋ ਦੋ ਦਿਨ ਚੱਲਦੀ ਰਹੀ। ਇਕ ਵਿਅਕਤੀ ਦੀ ਜਾਨ ਗਈ, ਅਨੇਕ ਜ਼ਖਮੀ ਹੋਏ। ਦਲਿਤ ਧਿਰ ਉੱਤੇ ਦਮਨ ਹੋਇਆ, ਮੁਕੱਦਮੇ ਦਰਜ਼ ਹੋਏ, ਕਈਆਂ ਨੂੰ ਜੇਲ੍ਹੀਂ ਸੁੱਟਿਆ ਗਿਆ। ਕੀ ਇਹ ਦੰਗੇ ਉਸੇ ਹੀ ਸੈਨਿਕ ਝੜਪ ਦਾ ਚਰਿਤਰ ਪਰਿਵਰਤਨ ਸੀ ਜੋ ਦੋ ਸਦੀਆਂ ਪਹਿਲਾਂ ਹੋਈ ਸੀ? ਜਾਂ ਫਿਰ ਇਹ ਕਿਸੇ ਲੁਕਵੇਂ ਭਾਵ ਦਾ ਪ੍ਰਗਟਾਵਾ ਸੀ? ਇਸਦਾ ਵਿਸਥਾਰ ਜਾਨਣਾ ਅਤਿਅੰਤ ਮਹੱਤਵਪੂਰਨ ਹੈ। ਤਾਂ ਵੀ ਸੰਖੇਪ ਵਿਚ ਕਹਿ ਸਕਦੇ ਹਾਂ ਕਿ ਇਹ ਦੋ ਸਦੀਆਂ ਵਿਚ ਵਿਗਸੀ ਸਮਾਜਿਕ ਚੇਤਨਾ ਦਾ ਸਿਖ਼ਰ ਜ਼ਰੂਰ ਹੈ। ਇਸਨੂੰ ਦਲਿਤ ਸਮਾਜ ਅੰਦਰ ਆਪਣੇ ਗੌਰਵ ਅਤੇ ਲੜਾਕੂ ਹਸਤੀ ਦਾ ਅਹਿਸਾਸ ਹੋਣਾ ਵੀ ਕਹਿ ਸਕਦੇ ਹਾਂ। ਇਹ ਇਕ ਸ਼ਕਤੀਸ਼ਾਲੀ ਸਭਿਆਚਾਰ ਦੇ ਸਮਾਨਾਂਤਰ ਉੱਭਰ ਰਹੇ ਸਭਿਆਚਾਰ ਦਾ ਸੁਨੇਹਾ ਹੈ ਜੋ ਚਿਰੋਕਣਾ ਦੱਬਿਆ ਪਿਆ ਸੀ।
ਸੰਖੇਪ ਇਤਿਹਾਸ
1800ਵਿਆਂ ਵਿੱਚ ਪੱਛਮੀਂ ਭਾਰਤ ਅੰਦਰ ਮਰਾਠਿਆਂ ਦੀ ਢਿੱਲੀ-ਮੱਠੀ ਜਿਹੀ ਕਨਫੈਡਰੇਸ਼ਨ (ਰਿਆਸਤਾਂ ਦਾ ਗਠਜੋੜ) ਸੀ, ਜਿਸ ਵਿੱਚ ਪੂਨੇ ਦੀ ਪੇਸ਼ਵਾ, ਗਵਾਲੀਅਰ ਦੀ ਸਿੰਧੀਆ, ਇੰਦੌਰ ਦੀ ਹੌਲਕਰ, ਬੜੌਦਾ ਦੀ ਗਾਇਕਵਾੜ ਅਤੇ ਨਾਗਪੁਰ ਦੀ ਭੋਂਸਲੇ ਰਿਆਸਤਾਂ ਸ਼ਾਮਲ ਸਨ। ਬਰਤਾਨੀਆ ਦੀ ਉਨ੍ਹਾਂ ਨਾਲ ਸੰਧੀ ਸੀ ਅਤੇ ਉਸਨੇ ਇਨ੍ਹਾਂ ਰਿਆਸਤਾਂ ਵਿਚ ਆਪਣੇ ਰੈਜ਼ੀਡੈਂਟ ਨਿਯੁਕਤ ਕੀਤੇ ਹੋਏ ਸਨ। ਜੂਨ 1817 ਦੇ ਦੂਜੇ ਹਫਤੇ ਪੇਸ਼ਵਾ ਬਾਜੀ ਰਾਓ (ਦੂਜੇ) ਅਤੇ ਗਾਇਕਵਾੜ ਦਰਮਿਆਨ ਮਾਲੀਏ ਦੇ ਸਵਾਲ ਤੇ ਝਗੜਾ ਖੜ੍ਹਾ ਹੋ ਗਿਆ। ਬਰਤਾਨੀਆ ਨੇ ਇਸ ਝਗੜੇ ਵਿਚ ਦਖ਼ਲ ਦਿੱਤਾ ਅਤੇ ਸਮਝੌਤਾ ਕਰਾਉਣ ਲਈ ਬਾਜੀ ਰਾਓ ‘ਤੇ ਦਬਾਅ ਪਾਇਆ, ਜਿਹੜਾ ਕਿ 1796 ਵਿਚ ਪੇਸ਼ਵਾ ਬਣਿਆ ਸੀ। ਤ੍ਰਿਬਕ ਡੇਂਗਲੇ, ਜੋ ਅਸਲ ਵਿੱਚ ਪੇਸ਼ਵਾ ਦਾ ਬੰਦਾ ਸੀ ਪਰ ਪੇਸ਼ਵਾ ਆਪਣੇ ਮੂਹੋਂ ਇਹ ਗੱਲ ਮੰਨਦਾ ਨਹੀਂ ਸੀ, ਨੇ ਗਾਇਕਵਾੜ ਦੇ ਸਫੀਰ ਦਾ ਕਤਲ ਕਰ ਦਿੱਤਾ ਅਤੇ ਗੋਰਿਆਂ ਨੇ ਉਸਨੂੰ ਗਰਿਫਤਾਰ ਕਰਕੇ ਥਾਨੇ ਜੇਲ੍ਹ ‘ਚ ਬੰਦ ਕਰ ਦਿੱਤਾ। ਡੇਂਗਲੇ ਨੇ ਨਾਸਿਕ ਵਿਚ ਆਪਣਾ ਹਥਿਆਰਬੰਦ ਦਸਤਾ ਖੜ੍ਹਾ ਕੀਤਾ ਹੋਇਆ ਸੀ ਜਿਸ ਦੀ ਮਦਦ ਨਾਲ ਉਹ ਜੇਲ੍ਹ ਵਿੱਚੋਂ ਬਚਕੇ ਨਿਕਲ ਗਿਆ। ਉਸਨੇ ਮਾਂਗ, ਭੀਲ ਤੇ ਰਾਮੋਸ਼ੀ ਨਾਮ ਦੀਆਂ ਦਲਿਤ ਜਾਤੀਆਂ ਨੂੰ ਆਪਣੀ ਹਥਿਆਰਬੰਦ ਟੁਕੜੀ ਵਿੱਚ ਭਰਤੀ ਕੀਤਾ ਹੋਇਆ ਸੀ। ਉਸ ਸਮੇਂ ਪੂਨਾ ਦਾ ਬਰਤਾਨਵੀ ਰੈਜ਼ੀਡੈਂਟ ਸਟਾਨਟੋਨ ਇਲਫਿਨਸਟੋਨ ਸੀ । ਡੇਂਗਲੇ ਨੇ 3 ਨਵੰਬਰ 1817 ਨੂੰ ਪੂਨਾ ਦੇ ਰੈਜ਼ੀਡੈਂਟ ਤੇ ਵੀ ਹਮਲਾ ਕਰ ਦਿੱਤਾ ਅਤੇ ਰੈਜ਼ੀਡੈਂਟ ਸਟਾਨਟੋਨ ਜਾਨ ਬਚਾ ਕੇ ਭੱਜ ਗਿਆ। ਪੇਸ਼ਵਾ ਨੇ ਖੁਦ ਵੀ ਪੂਨਾ ਦੀ ਅੰਗਰੇਜ਼ ਰੈਜ਼ੀਡੈਂਸੀ ਨੂੰ ਭਾਰੀ ਨੁਕਸਾਨ ਪਹੁੰਚਾਇਆ। ਦੂਜੇ ਪਾਸੇ ਡੈਰੇਨ ਬੂਰ ਨਾਮ ਦੇ ਬਰਤਾਨਵੀ ਅਫਸਰ ਨੇ ਪੂਨਾ ਵਿੱਚ ਪੇਸ਼ਵਾ ਤੇ ਹਮਲਾ ਕਰ ਦਿੱਤਾ । ਝੜਪ ਹੋਈ । ਪੇਸ਼ਵਾ 5 ਨਵੰਬਰ 1817 ਨੂੰ ਖਾਦਕੀ ਦੇ ਸਥਾਨ ਤੇ ਹਾਰ ਗਿਆ ਅਤੇ ਭੱਜ ਕੇ ਸਿਤਾਰਾ ਚਲਾ ਗਿਆ। ਪੂਨਾ ਉੱਪਰ ਈਸਟ ਇੰਡੀਆਂ ਕੰਪਨੀ ਨੇ ਕਬਜ਼ਾ ਕਰ ਲਿਆ। ਨਤੀਜੇ ਵਜੋਂ 17 ਨਵੰਬਰ 1817 ਨੂੰ ‘ਸ਼ਨੀਵਾਰ ਵਾੜਾ’ (ਪੇਸ਼ਵਾ ਦਾ ਮਹੱਲ) ‘ਤੇ ਯੂਨੀਅਨ ਜੈਕ ਲਹਿਰਾ ਦਿੱਤਾ ਗਿਆ। ਹਾਲੇ ਵੀ ਪੇਸ਼ਵਾ ਦਾ ਪਿੱਛਾ ਕਰ ਰਿਹਾ ਸੀ। ਪੇਸ਼ਵਾ ਜਨਰਲ ਸਮਿੱਥ ਬਚਦਾ-ਬਚਾਉਂਦਾ ਪਹਿਲਾਂ ਨਾਸਿਕ ਵੱਲ ਗਿਆ, ਫਿਰ ਪੂਨੇ ਵੱਲ ਮੁੜਿਆ। ਦੂਜੇ ਪਾਸੇ ਤੋਂ ਪੂਨਾ ਰੈਜ਼ੀਡੈਂਸੀ ਦੀ ਮਦਦ ਵਾਸਤੇ, ਈਸਟ ਇੰਡੀਆ ਕੰਪਨੀ ਦੀ ਜਿਹੜੀ ਫੌਜੀ ਟੁਕੜੀ ਸ਼ਿਰੂਰ ਵੱਲੋਂ ਆ ਰਹੀ ਸੀ ਉਸ ਦਾ ਟਾਕਰਾ ਭੀਮਾ-ਕੋਰੇਗਾਓਂ ਦੇ ਸਥਾਨ ਤੇ ਪੇਸ਼ਵਾ ਦੀ ਸੈਨਾ ਨਾਲ ਹੋ ਗਿਆ। ਪੇਸ਼ਵਾ ਕੋਲ 20000 ਕਵਿਲਰੀ ਅਤੇ 8000 ਇਨਫੈਨਟਰੀ ਸੀ, ਦੋ ਤੋਪਾਂ ਤੇ ਰੌਕਿਟ ਫਾਇਰ ਵੀ ਸਨ। ਜਦੋਂ ਕਿ ਦੂਜੇ ਪਾਸੇ, ਸ਼ਿਰੂਰ ਤੋਂ 831 ਸੈਨਿਕ ਚੱਲੇ ਸਨ, ਜਿਨ੍ਹਾਂ ਦੀ ਕਮਾਂਡ ਕੈਪਟਨ ਫਰਾਂਸਿਸ ਸਟੌਨਟਨ ਕਰ ਰਿਹਾ ਸੀ। ਇਸ ਟੁਕੜੀ ਦਾ ਨਾਮ ‘ਰੈਜਿਮੇਂਟ ਆਫ ਬੰਬੇ ਨੇਟਿਵ ਇਨਫੈਨਟਰੀ’ ਦੱਸਿਆ ਜਾਂਦਾ ਹੈ। ਇਹ ਸਥਾਨਕ ਸੈਨਿਕਾਂ ਦੀ ਰੈਜਿਮੇਂਟ ਸੀ ਜਿਸ ਕੋਲ ਪੈਦਲ ਤੋਂ ਇਲਾਵਾ 300 ਘੋੜ ਸਵਾਰ ਤੇ 6 ਪਾਉਡਰ-ਗੰਨਜ਼ ਸਨ। ਸੈਨਿਕਾਂ ਵਿਚ ਯੁਰੋਪੀਅਨ, ਮਦਰਾਸੀ, ਮਰਾਠੇ, ਰਾਜਪੂਤ ਮੁਸਲਮਾਨ ਤੇ ਯਹੂਦੀ ਵੀ ਸਨ ਪਰੰਤੂ ਮਹਾਰ ਸੈਨਿਕਾਂ ਦੀ ਗਿਣਤੀ 500 ਦੇ ਕਰੀਬ ਸੀ (ਡਾ. ਅੰਬੇਡਕਰ ਵੀ ਇਸੇ ਭਾਈਚਾਰੇ ਨਾਲ ਸਬੰਧਤ ਸਨ)। ਜੰਮਕੇ ਜੰਗ ਹੋਈ ਪਰ ਰਾਤ 9 ਵਜੇ ਪੇਸ਼ਵਾ ਪਿੰਡ ਖਾਲੀ ਕਰਕੇ ਚਲਾ ਗਿਆ । ਪੇਸ਼ਵਾ ਦੇ 500 ਤੋਂ 600 ਤੱਕ ਸੈਨਿਕ ਮਾਰੇ ਗਏ ਜਦੋਂ ਕਿ ਅੰਗਰੇਜ਼ੀ ਸੈਨਾ ਦੇ 275 ਫ਼ੌਜੀ ਮਰੇ ਜਾਂ ਜ਼ਖਮੀ ਹੋਏ ਉਨ੍ਹਾਂ ਵਿਚ ਵੱਡੀ ਬਹੁ ਗਿਣਤੀ ਮਹਾਰ ਸਨ। ਪੇਸ਼ਵਾ ਸੈਨਾ ਦੇ ਸੈਨਿਕ ਵੀ ਇਸੇ ਤਰ੍ਹਾਂ ਰਲੇ-ਮਿਲੇ ਹੀ ਸਨ। ਸਕਾਟਲੈਂਡ ਦਾ ਪ੍ਰਸਿੱਧ ਲੇਖਕ ਮਾਊਂਟ ਸਟਰੋਡ ਲਿਖਦਾ ਹੈ ਕਿ ਜਦੋਂ ਉਹ 2 ਦਿਨ ਬਾਅਦ ਪਿੰਡ ਭੀਮਾ-ਕੋਰੇਗਾਉਂ ਗਿਆ ਤਾਂ ਘਰ ਸੜੇ ਹੋਏ ਸਨ ਅਤੇ ਗਲੀਆ ਮਨੁੱਖਾਂ ਤੇ ਘੋੜਿਆਂ ਦੀਆ ਲਾਸ਼ਾਂ ਨਾਲ ਭਰੀਆਂ ਪਈਆਂ ਸਨ। ਇਹ ਸੀਨ ਜੰਗ ਦੀ ਫਸਵੀਂ ਦਸ਼ਾ ਬਿਆਨ ਕਰਦਾ ਹੈ । ਇਹ ਆਖਰੀ ਐਂਗਲੋ-ਮਰਾਠਾ ਜੰਗ ਸੀ ਜੋ 1 ਜਨਵਰੀ 1818 ਨੂੰ ਸੰਪਨ ਹੋ ਗਈ (ਈਸਟ ਇੰਡੀਆ ਕੰਪਨੀ ਨੇ ਪਹਿਲੀ ਜੰਗ 1757 ਵਿੱਚ ਪਲਾਸੀ ਦੇ ਸਥਾਨ ਤੇ ਲੜੀ ਸੀ)। ਦੋਵੇਂ ਧਿਰਾਂ 19 ਫਰਵਰੀ 1818 ਨੂੰ ਇਕ ਵਾਰ ਫਿਰ ਆਹਮਣੇ-ਸਾਹਮਣੇ ਹੋਈਆਂ ਪਰੰਤੂ ਪੇਸ਼ਵਾ ਨੇ ਬਰਤਾਨਵੀ ਸ਼ਰਤਾਂ ਅਧੀਨ ਪੈਨਸ਼ਨ ਕਬੂਲ ਕਰਕੇ ਹਥਿਆਰ ਸੁੱਟ ਦਿੱਤੇ। ਉਸ ਦਿਨ ਪੇਸ਼ਵਾ ਰਾਜ ਦਾ ਰਸਮੀ ਖਾਤਮਾ ਹੋ ਗਿਆ ਸੀ।
ਮਹਾਰ ਸੈਨਿਕਾਂ ਦੀ ਭੂਮਿਕਾ
ਈਸਟ ਇੰਡੀਆ ਕੰਪਨੀ ਦੀ ਸੈਨਾ ਵਿੱਚ ਮਹਾਰ ਸੈਨਕਾਂ ਦੀ ਹੋਂਦ ਬਾਰੇ ਕੁਝ ਖੋਜਕਾਰਾਂ ਕੋਲ੍ਹ ਹੋਰ ਤੱਥ ਵੀ ਹਨ । ਜਿਵੇਂ ਕਿ ਸ਼੍ਰੀ ਸੀ.ਹਡਕੇ ਦੇ ਹਵਾਲੇ ਨਾਲ ਡਾ. ਐਸ.ਐਲ. ਵਿਰਦੀ ਨੇ ਨੋਟ ਕੀਤਾ ਹੈ ਕਿ “ਅੰਗਰੇਜ਼ਾਂ ਨੇ ਬੰਬੇ ਵਿਚ ਕਾਇਮ ‘ਮਹਾਰ ਬਟਾਲੀਅਨ’ ਨੂੰ ਸਹਾਇਤਾ ਲਈ ਬੇਨਤੀ ਕੀਤੀ। ਮਹਾਰ ਬਟਾਲੀਅਨ ਦਾ ਕਮਾਂਡਰ ਸੈਨਾਕ ਸੀ ਜਿਸ ਕੋਲ 500 ਬਹਾਦਰ ਤੇ ਲੜਾਕੂ ਮਹਾਰ ਸੈਨਿਕ ਸਨ । ਕਮਾਂਡਰ ਸੈਨਾਕ ਲਈ ਇਹ ਬੜੀ ਖਤਰਨਾਕ ਸਥਿੱਤੀ ਸੀ, ਜਿਸਨੂੰ ਸਮਝਦਿਆਂ ਉਹ ਪੂਨੇ ਵਿਖੇ ਪੇਸ਼ਵਾ ਬਾਜੀ ਰਾਓ ਨੂੰ ਮਿਲਿਆ ਅਤੇ ਕਿਹਾ, ”ਉਹ ਨਹੀਂ ਚਾਹੁੰਦਾ ਕਿ ਉਹ ਅੰਗਰੇਜ਼ਾਂ ਨਾਲ ਮਿਲਕੇ ਆਪਣੇ ਮੁਲਕ ਦੇ ਰਾਜੇ ਖਿਲਾਫ ਲੜੇ। ਇਸ ਲਈ ਜੇ ਉਸਦੀ ਮਹਾਰ ਬਟਾਲੀਅਨ ਅੰਗਰੇਜ਼ਾਂ ਖਿਲਾਫ ਤੁਹਾਡੇ ਹੱਕ ਵਿੱਚ ਲੜੇ ਤੇ ਲੜਾਈ ਜਿੱਤ ਵੀ ਜਾਵੇ ਤਾਂ ਫਿਰ ਤੁਹਾਡੇ ਪੇਸ਼ਵਾ ਰਾਜ ਵਿਚ ਅਤੇ ਫੌਜ ਵਿਚ (ਦਲਿਤਾਂ ਦੀ) ਕੀ ਸਥਿਤੀ ਹੋਵੇਗੀ?” ਤਾਂ ਪੇਸ਼ਵਾ ਨੇ ਹੈਂਕੜ ਨਾਲ ਕਿਹਾ ਕਿ ‘ਉਸਦੀ ਹਕੂਮਤ ਵਿੱਚ ਉਹੋ ਕੁੱਝ ਹੀ ਲਾਗੂ ਰਹੇਗਾ, ਜੋ ਕੁਝ ਤੁਹਾਡੇ ਸ਼ੂਦਰਾਂ ਬਾਰੇ ਮਨੂੰ ਸਮ੍ਰਿਤੀ ਵਿਚ ਲਿਖਿਆ ਹੈ।’ ਸੂਰਬੀਰ ਕਮਾਂਡਰ ਸੈਨਾਕ ਨੇ ਸੋਚਿਆ ਤੇ ਅੰਤ ਫੈਸਲਾ ਲਿਆ ਕਿ ਦਲਿਤ ਲੋਕਾਂ ਦੇ ਅਧਿਕਾਰ, ਜੋ ਮਨੂੰ ਸਿਮਰਤੀ ਰਾਹੀਂ ਖਤਮ ਕੀਤੇ ਗਏ ਸਨ, ਨੂੰ ਮੁੜ ਪ੍ਰਾਪਤ ਕਰਨ ਵਾਸਤੇ ਉਨ੍ਹਾਂ ਲਈ ਪੇਸ਼ਵਾ ਖ਼ਿਲਾਫ਼ ਯੁੱਧ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ …”। ਮਹਾਰਾਂ ਸਮੇਤ ਦੂਜੇ ਅਛੂਤ ਭਾਈਚਾਰਿਆਂ ਨੇ ਪੇਸ਼ਵਾ ਰਾਜ ਦੇ ਜ਼ੁਲਮ ਤਾਂ ਬੜੇ ਸਹਾਰੇ ਸਨ ਪਰ ਗੋਰਿਆਂ ਦੇ ਸੰਭਾਵਤ ਜ਼ੁਲਮਾਂ ਦਾ ਅਜੇ ਉਨ੍ਹਾਂ ਨੂੰ ਨਾ ਕੋਈ ਤਜ਼ਰਬਾ ਸੀ ਤੇ ਨਾ ਹੀ ਅੰਦਾਜ਼ਾ। ਇਹ ਉਨ੍ਹਾਂ ਕੋਲ ਪੇਸ਼ਵਾ ਰਾਜ ਤੋਂ ਪਿੱਛਾ ਛੁਡਾਉਣ ਦਾ ਮੌਕਾ ਸੀ। ਜੰਗ ਦਾ ਨਤੀਜਾ ਇਹ ਨਿਕਲਿਆ ਕਿ ਪੂਨਾ ਦੇ ਦੋਹਾਂ ਸ਼ਾਹੀ ਮਹੱਲਾਂ, ‘ਬੁੱਧਵਾਰਵਾੜਾ’ ਅਤੇ ‘ਸ਼ਨੀਵਾਰਵਾੜਾ’ ‘ਤੇ ਯੂਨੀਅਨ ਜੈਕ ਝੁੱਲਣ ਲੱਗਾ।
ਮਹਾਰ ਭਾਈਚਾਰੇ ਨੂੰ ਆਪਣੇ ਲੜਾਕੂ ਕੌਮ ਹੋਣ ਦਾ ਅਹਿਸਾਸ ਕਿੰਨੀ ਕੁ ਦੇਰ ਤੋਂ ਹੈ, ਇਸਦਾ ਅੰਦਾਜ਼ਾ ਤਾਂ ਨਹੀਂ ਲਾਇਆ ਜਾ ਸਕਦਾ ਪ੍ਰੰਤੂ ਇਤਿਹਾਸ ਵਿੱਚੋਂ ਕੁਝ ਸਬੂਤ ਜ਼ਰੂਰ ਅੰਕਤ ਕੀਤੇ ਜਾ ਸਕਦੇ ਹਨ। ਮੁਗਲ ਬਾਦਸ਼ਾਹ ਔਰੰਗਜ਼ੇਬ ਨੇ 1688 ਵਿੱਚ ਜਦੋਂ ਸ਼ਿਵਾਜੀ ਦੇ ਵਾਰਸ ਸਾਂਭਾਜੀ ਦਾ ਕਤਲ ਕੀਤਾ ਤਾਂ ਮਰਾਠਾ ਰਾਜ ਦੀ ਰਾਖੀ ਲਈ ਮਹਾਰਾਂ ਨੇ ਪਲਾਟੂਨ ਖੜ੍ਹੀ ਕਰ ਲਈ ਸੀ। ਪੇਸ਼ਵਿਆਂ ਵਿਰੁੱਧ ਮਹਾਰਾਂ ਦੇ ਗੁੱਸੇ ਦਾ ਇੱਕ ਕਾਰਨ ਇਹ ਵੀ ਸੀ ਕਿ ਪੇਸ਼ਵਾਵਾਂ ਨੇ ਸ਼ਿਵਾਜੀ ਦੇ ਵਾਰਸਾਂ ਤੋਂ ਰਾਜ ਖੋਹਿਆ ਸੀ। ਦਲਿਤਾਂ ਨੇ ਖਾਸ ਕਰਕੇ ਮਹਾਰਾਂ ਨੇ ਸ਼ਿਵਾਜੀ ਦੇ ਰਾਜ ਸਮੇਂ ਆਪਣੀਆਂ ਸੈਨਿਕ ਅਤੇ ਪ੍ਰਸ਼ਾਸਨਕ ਖੂਬੀਆਂ ਦਾ ਬਿਹਤਰੀਨ ਪ੍ਰਗਟਾਵਾ ਕੀਤਾ ਸੀ। ਇਸ ਕਰਕੇ ਮਹਾਰਾਂ ਨੂੰ ਬੜੇ ਚਾਅ ਨਾਲ ਸ਼ਿਵਾ ਜੀ ਦੀ ਸੈਨਾ ਵਿਚ ਲਿਆ ਜਾਂਦਾ ਸੀ। ਉਨ੍ਹਾਂ ਨੇ ਸੈਨਾ ਅੰਦਰ ਉੱਚੇ ਅਹੁਦੇ ਹਾਸਲ ਕੀਤੇ ਸਨ। ਮਹਾਤਮਾ ਜਿਓਤੀਬਾ ਰਾਓ ਫੂਲੇ ਨੇ ਸੈਨਾ ਰਾਹੀਂ ਸਮਾਜਿਕ ਪਰਿਵਰਤਨ ਨੂੰ ਨੋਟ ਕਰਦਿਆਂ ਕਿਹਾ ਸੀ ਕਿ ਸ਼ਿਵਾਜੀ ਭੋਂਸਲੇ ਅਧੀਨ ਫੌਜ ਦੀ ਨੌਕਰੀ ਕਸ਼ਤਰੀਯ ਨੌਕਰੀ ਹੈ, ਜੋ ਹੇਠਲੀਆਂ ਜਾਤਾਂ ਨੂੰ ਬਰਾਹਮਣਾਂ ਵਿਰੁੱਧ ਲਾਮਬੰਦ ਕਰਦੀ ਹੈ। ਇਸ ਨਾਲ ਨਸਲੀ ਅਤੇ ਧਾਰਮਿਕ ਬੰਦਸ਼ਾਂ ਟੁੱਟਦੀਆਂ ਹਨ। ਸ਼ਿਵਾਜੀ ਨੇ ਦਲਿਤਾਂ ਨੂੰ ਨਾ ਕੇਵਲ ਸੈਨਾ ਵਿਚ ਨੌਕਰੀਆਂ ਦਿੱਤੀਆਂ ਸਗੋਂ ਪਹਾੜਾਂ ਅਤੇ ਜੰਗਲਾਂ ਦੀ ਰਾਖੀ ਦੀ ਜ਼ਿਮੇਵਾਰੀ ਵੀ ਸੌਂਪੀ। ਉਨ੍ਹਾਂ ਦੇ ਮਾਰਸ਼ਲ ਹੋਣ ਦੀਆਂ ਅਨੇਕ ਉਦਾਹਰਣਾਂ ਹਨ, ਜਿਵੇ ਕਿ 1773 ਵਿੱਚ ਰਿਆਨਕ ਨਾਮ ਦੇ ਮਹਾਰ ਨੇ ਪੇਸ਼ਵਾਵਾਂ ਦੇ ਹਮਲੇ ਸਮੇਂ ਰਾਏਗਾਦ ਨਾਮ ਦੇ ਕਿਲ੍ਹੇ ਦੀ ਰਾਖੀ ਕੀਤੀ ਸੀ। ਇਸੇ ਤਰ੍ਹਾਂ ਸਾਇਦਨਕ ਨਾਮ ਦੇ ਦਲਿਤ ਨੇ ਵੀ ਇਤਿਹਾਸ ਵਿਚ ਆਪਣਾ ਥਾਂ ਬਣਾਇਆ ਸੀ। ਸ਼ਿਵਾ ਜੀ ਤੋਂ ਬਾਅਦ ਪੇਸ਼ਵਾ ਰਾਜ ਸਮੇਂ ਦਲਿਤਾਂ ਦਾ ਦਰਜ਼ਾ ਬਹੁਤ ਹੇਠਾਂ ਡਿੱਗ ਪਿਆ ਸੀ, ਜਿਸ ਦਾ ਉਨ੍ਹਾਂ ਨੂੰ ਗਹਿਰਾ ਸਦਮਾ ਸੀ। ਮਹਾਰ ਇਕੱਲੇ ਹੀ ਬਹਾਦਰ ਕੌਮ ਨਹੀਂ ਸਨ ਸਗੋਂ ਅਛੂਤ ਕਹੀਆਂ ਜਾਂਦੀਆਂ ਕਈ ਹੋਰ ਉੱਪਜਾਤੀਆਂ ਵੀ ਬਹਾਦਰ ਮੰਨੀਆਂ ਜਾਂਦੀਆਂ ਸਨ, ਜਿਹੜੀਆਂ ਮਾਰਸ਼ਲ ਗੁਣਾ ਵਾਲੀਆਂ ਸਨ ਤੇ ਇਤਿਹਾਸ ਵਿਚ ਜਿਨ੍ਹਾਂ ਦੀ ਉੱਘੜਵੀਂ ਭੂਮਿਕਾ ਰਹੀ ਸੀ । ਇਸੇ ਹੀ ਪਿੱਠਭੂਮੀ ਵਿਚ ਮਹਾਰਾਂ ਨੇ ਭੀਮਾ-ਕੋਰੇਗਾਉਂ ਦੀ ਜੰਗ ਜੰਮ ਕੇ ਲੜੀ ਸੀ ਪਰ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇੱਥੇ ਉਨ੍ਹਾਂ ਦੀ ਯਾਦਗਾਰ ਬਣੇਗੀ ਅਤੇ ‘ਜੈ ਸਤੰਭ’ ਤੇ ਉਨ੍ਹਾਂ ਦੇ ਨਾਮ ਲਿਖੇ ਜਾਣਗੇ। ਉਹ ਜਿਸ ਮਨੋਰਥ ਲਈ ਲੜੇ ਸਨ ਉਸ ਦਾ ਪ੍ਰਗਟਾਵਾ ਜੰਗ ਦੇ ਮਨੋਰਥਾਂ ਵਿਚ ਕਿਤੇ ਵੀ ਨਹੀਂ ਸੀ। ਪਰ ਉਸ ਤੋਂ ਪਿੱਛੋਂ ਦੀਆਂ ਸਰਗਰਮੀਆਂ ਨੇ ਉਨ੍ਹਾਂ ਦੇ ਮਨੋਰਥ ਨੂੰ ਬਾ-ਖੂਬੀ ਪ੍ਰਗਟ ਕਰ ਦਿੱਤਾ ਹੈ।
‘ਜੈ ਸਤੰਭ’ ਦਾ ਮਹੱਤਵ
ਭੀਮਾ-ਕੋਰੇਗਾਓਂ ਦੀ ਜੰਗੀ ਯਾਦਗਾਰ ਉਸਾਰਨ ਦੇ ਸਮੇਂ ਬਾਰੇ ‘ਚ ਦੋ ਵੇਰਵੇ ਮਿਲਦੇ ਹਨ। ਇਕ ਇਹ ਕਿ ਜੰਗ ਤੋਂ 33 ਸਾਲ ਬਾਅਦ, 1851 ਵਿਚ ਈਸਟ ਇੰਡੀਆ ਕੰਪਨੀ ਨੇ ਇਹ ਜੰਗੀ ਯਾਦਗਾਰ ਉਸਾਰੀ ਸੀ। ਦੂਜਾ ਇਹ ਕਿ ਗਵਰਨਰ ਜਨਰਲ ਵਾਰੇਨ ਹਸਟਿੰਗਸ ਨੇ 6 ਜੁਲਾਈ 1818 ਨੂੰ ਹੀ ਯਾਦਗਾਰ ਉਸਾਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ ਅਤੇ ਯਾਦਗਾਰ ਦਾ ਡਿਜ਼ਾਇਨ ਤਿਆਰ ਕਰਨ ਦੀ ਜ਼ਿੰਮੇਵਾਰੀ ਮਦਰਾਸ ਦੇ ਅਸਿਸਟੈਂਟ ਸਰਜਨ ਜੌਹਨ ਵਿਲੇ ਨੂੰ ਸੌਂਪੀ ਗਈ ਸੀ। ਬਹਰਹਾਲ ਯਾਦਗਾਰ ਉਸਾਰ ਦਿੱਤੀ ਗਈ ਜੋ ‘ਵਿਜੇ ਸਤੰਭ’ ਜਾਂ ‘ਜੈ ਸਤੰਭ’ ਵਜੋਂ ਜਾਣੀ ਜਾਂਦੀ ਹੈ। ਜੰਗ ਵਿੱਚ ਮਰਨ ਵਾਲੇ ਭਾਰਤੀਆਂ ਵਿਚੋਂ 22 ਮਹਾਰਾਂ, 16 ਮਰਾਠਿਆਂ, 8 ਰਾਜਪੂਤਾਂ, 2 ਮੁਸਲਮਾਨਾਂ ਅਤੇ 2 ਯਹੂਦੀਆਂ ਦੇ ਨਾਮ ਇਸ ਸਤੰਭ ‘ਤੇ ਉੱਕਰੇ ਹੋਏ ਹਨ।
ਫਿਰ ਵੀ ਬਰਤਾਨਵੀ ਸਾਮਰਾਜ ਨੇ ਜਿੱਥੇ ਪੇਸ਼ਵਾ ਬਾਜੀ ਰਾਓ ਨਾਲ ਰਾਜ਼ੀਨਾਮਾ ਕਰ ਲਿਆ ਸੀ, ਉੱਥੇ ਸਮੁੱਚੀ ਰਜਵਾੜਾਸ਼ਾਹੀ ਨੂੰ ਆਪਣੀ ਲੰਮੇ ਸਮੇਂ ਦੀ ਨੀਤੀ ਦੇ ਤੌਰ ‘ਤੇ ਬਚਾਕੇ ਰੱਖਿਆ । ਉਨ੍ਹਾਂ ਦੀਆਂ ਘਰੇਲੂ ਨੀਤੀਆਂ ਦੀ ਤਰੋੜ-ਮਰੋੜ ਕਰਨ ਤੋਂ ਗੁਰੇਜ਼ ਕੀਤਾ। ਪ੍ਰੰਤੂ ਦਲਿਤਾਂ ਲਈ ਬਰਤਾਨਵੀ ਰਾਜ ਦੇ ਪੈਰ ਲੱਗਣ ਉੱਪਰੰਤ ਬਹੁਤ ਕੁਝ ਬਦਲ ਗਿਆ । ਸੰਨ 1857 ਵਿਚ ਮਹਾਰ ਰੈਜਮੇਂਟ ਤੋੜ ਦਿੱਤੀ ਗਈ ਅਤੇ 1892 ਵਿਚ ਮਹਾਰਾਂ ਨੂੰ ਫੌਜ ਵਿਚ ਲੈਣਾ ਹੀ ਬੰਦ ਕਰ ਦਿੱਤਾ ਗਿਆ ਜਿਨ੍ਹਾਂ ਨੇ ਉਨ੍ਹਾਂ ਦੇ ਰਾਜ ਨੂੰ ਪੱਕਿਆਂ ਕਰਨ ਲਈ ਜਾਨਾਂ ਦੀ ਆਹੂਤੀ ਦੇ ਕੇ ‘ਜੈ ਸਤੰਭ’ ਤੇ ਆਪਣੇ ਨਾਮ ਉਕਰਵਾਏ ਸਨ। ਅੰਗਰੇਜ਼ਾਂ ਨੂੰ ਇਸਦੀ ਯਾਦ ਦਿਵਾਉਣ ਲਈ ਡਾ. ਅੰਬੇਡਕਰ ਨੇ 1930 ਵਿਚ ਪਹਿਲੀ ਗੋਲ ਮੇਜ਼ ਕਾਨਫਰੰਸ ਵਿਚ ਬੋਲਦਿਆਂ ਕਿਹਾ ਸੀ ਕਿ ਉਹ ਇਹ ਨਾ ਭੁੱਲਣ ਕਿ 1757 ਵਿਚ ਪਲਾਸੀ ਦੀ ਲੜਾਈ ਅਤੇ 1818 ਵਿਚ ਭੀਮਾ-ਕੋਰੇਗਾਉਂ ਦੀ ਲੜਾਈ ਬਰਤਾਨੀਆ ਨੇ ਅਛੂਤਾਂ ਦੇ ਬਲ ‘ਤੇ ਹੀ ਲੜੀ ਸੀ । ਡਾ. ਅੰਬੇਡਕਰ ਨੇ ਭਾਰਤੀ ਜਾਤ ਪ੍ਰਸਤਾਂ ਅਤੇ ਬਰਤਾਨਵੀ ਸਰਕਾਰ ਉੱਪਰ ਦੁਵੱਲਾ ਵਾਰ ਕਰਦਿਆਂ ਆਖਿਆ ਸੀ ਕਿ ਦਲਿਤਾਂ (ਅਛੂਤਾਂ) ਨੇ ਜਿਹੜਾ ਨਰਕ ਪਿੱਛਲੇ ਹਜ਼ਾਰਾਂ ਸਾਲਾਂ ਦੌਰਾਨ ਭੋਗਿਆ ਸੀ ਉਹੋ ਹੀ ਨਰਕ ਉਨ੍ਹਾਂ ਨੇ ਬਰਤਾਨੀਆਂ ਰਾਜ ਦੇ ਡੇੜ ਸੌ ਸਾਲਾਂ ਵਿਚ ਵੀ ਭੋਗਿਆ ਹੈ। ਜਨਤਕ ਥਾਵਾਂ ਤੋਂ ਪਹਿਲਾਂ ਵੀ ਪਾਣੀ ਨਹੀਂ ਸਨ ਪੀਣ ਦਿੰਦੇ ਤੇ ਹੁਣ ਵੀ ਨਹੀਂ ਪੀਣ ਦਿੰਦੇ। ਸੈਨਾ ਤੇ ਪ੍ਰਸ਼ਾਸਨ ਵਿਚ ਨੌਕਰੀ ਪਹਿਲਾਂ ਵੀ ਨਹੀਂ ਮਿਲਦੀ ਸੀ ਹੁਣ ਵੀ ਨਹੀਂ ਮਿਲਦੀ, ਆਦਿ।
ਇੱਥੇ ਅਸੀਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਵੀ ਯਾਦ ਕਰ ਸਕਦੇ ਹਾਂ, ਜਦੋਂ ਉਨ੍ਹਾਂ ਨੇ ਅਛੂਤਾਂ (ਦਲਿਤਾਂ) ਨੂੰ ਸੱਦਾ ਦਿੰਦਿਆਂ ਕਿਹਾ ਸੀ ਕਿ, ‘ਉੱਠੋ ਦੇਸ਼ ਦੇ ਅਸਲੀ ਸੇਵਕੋ ਗੁਰੂ ਗੋਬਿੰਦ ਸਿੰਘ ਦੀ ਫੌਜ ਵਿਚ ਤੁਸੀਂ ਹੀ ਸੀ ਅਤੇ ਸ਼ਿਵਾਜੀ ਤੁਹਾਡੇ ਬਲ ਤੇ ਹੀ ਸਾਰਾ ਕੁਝ ਕਰ ਸਕੇ ਸਨ। ਲੜੋਗੇ ਨਹੀਂ ਤਾਂ ਕੁਝ ਨਹੀਂ ਮਿਲੇਗਾ, ਇਹ ਵੀ ਉਨ੍ਹਾਂ ਵਰ੍ਹਿਆਂ ਦੀ ਹੀ ਗੱਲ ਹੈ ਜਦੋਂ ਡਾ ਅੰਬੇਡਕਰ ਦਲਿਤਾਂ ਦੇ ਅਧਿਕਾਰਾਂ ਦੀ ਲੜਾਈ ਸਿਖ਼ਰ ਤੇ ਲਿਜਾ ਚੁੱਕੇ ਸਨ ਅਤੇ ਪਾਣੀ ਦਾ ਮੋਰਚਾ ਚੱਲ ਰਿਹਾ ਸੀ।
ਪੂਰੀ ਇੱਕ ਸਦੀ ਤੱਕ ਇਸ ਯਾਦਗਾਰ ਨੂੰ ਯਾਦ ਕਰਨ ਦਾ ਕਦੇ ਉਤਸਵ ਨਹੀਂ ਹੋਇਆ ਸੀ। ਇਲੀਆਨੋਰ ਜ਼ੇਲਿਓਟ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਯਾਦਗਾਰ ਉੱਤੇ ਮੀਟਿੰਗਾਂ ਦਾ ਨਿਰੰਤਰ ਸਿਲਸਿਲਾ 1920-1930 ਦਰਮਿਆਨ ਹੀ ਸ਼ੁਰੂ ਹੋਇਆ ਸੀ। ਸੰਨ 1927 ਵਿਚ ਜਦੋਂ ਡਾ. ਭੀਮ ਰਾਓ ਅੰਬੇਡਕਰ ਭੀਮਾ-ਕੋਰੇਗਾਉਂ ਦੇ ਇਕੱਠ ਵਿਚ ਸ਼ਾਮਲ ਹੋਏ ਤਾਂ ਜੋਸ਼ੋਖ਼ਰੋਸ਼ ਵਿਚ ਚੋਖ਼ਾ ਵਾਧਾ ਹੋ ਗਿਆ ਕਿਉਂਕਿ ਓਦੋਂ ਤੱਕ ਉਹ ਦਲਿਤਾਂ ਅੰਦਰ ਸੰਘਰਸ਼ ਦੀ ਚੇਤਨਾ ਕਾਫੀ ਉਭਾਰ ਚੁਕੇ ਸਨ । ਇਨ੍ਹਾਂ ਦਿਨਾਂ ਵਿਚ ਉਨ੍ਹਾਂ ਨੇ ਪਾਣੀ ਦਾ ਮੋਰਚਾ ਲਾਇਆ ਹੋਇਆ ਸੀ । ਸਾਂਝੀ ਸੋਚ ਨੇ ਉਨ੍ਹਾਂ ਦੀ ਚੇਤਨਾ ਅੰਦਰ ਜੜ੍ਹਾਂ ਲਾ ਲਈਆਂ ਸਨ । ਸਾਂਝੇ ਗੌਰਵ ਨੇ ਜ਼ੋਰ ਫੜ੍ਹ ਲਿਆ ਸੀ ।
ਭੀਮਾ-ਕੋਰੇਗਾਉਂ ਦੀ ਜੰਗ ਇੱਕੋ-ਇਕ ਜੰਗ ਨਹੀਂ ਸੀ ਜਿਸ ਵਿਚ ਭਾਰਤੀ ਸੈਨਿਕ ਅੰਗਰੇਜ਼ੀ ਸਾਮਰਾਜ ਦੀ ਕਮਾਂਡ ਹੇਠ ਲੜੇ ਸਨ। ਇਹ ਵਰਤਾਰਾ ਸਿੱਖ ਰਾਜ ਦੇ ਅੰਤ ਤੱਕ ਜਾਰੀ ਰਿਹਾ ਸੀ। ਪਰ ਭੀਮਾ-ਕੋਰੇਗਾਉਂ ਦੀ ਲੜਾਈ ਨੇ ਵੱਖਰੀ ਛਾਪ ਕਿਉਂ ਛੱਡੀ? ਇਹ ਜੰਗ ਦਲਿਤਾਂ ਲਈ ਸਦੀਵੀਂ ਪ੍ਰੇਰਣਾ ਦਾ ਸਰੋਤ ਕਿਉਂ ਬਣ ਗਈ ਹੈ ? ਜਦੋਂ ਕਿ ਦੇਖਣ ਨੂੰ ਇਹ ਲੜਾਈ ਵੀ ਇਤਿਹਾਸ ਦੀਆਂ ਦੂਜੀਆਂ ਲੜਾਈਆਂ ਵਰਗੀ ਹੀ ਲੱਗਦੀ ਹੈ। ਲੱਗਦਾ ਹੈ, ਸੈਨਿਕ ਜੰਗ ਹੋਣ ਦੇ ਨਾਲ-ਨਾਲ ਇਸਦੇ ਸਮਾਜਿਕ ਅਰਥ ਵੀ ਹਨ, ਜਿਸ ਕਰਕੇ ਵਿਚਾਰ ਦਾ ਕੇਂਦਰ ਬਿੰਦੂ ਜਿੱਤ ਨਹੀਂ, ਸਗੋਂ ਹਾਰ ਹੈ। ਮੂਲ ਨੁਕਤਾ ਇਹ ਨਹੀਂ ਕਿ ਕੌਣ ਜਿੱਤਿਆ ਹੈ ਬਲਕਿ ਇਹ ਹੈ ਕਿ ਕੌਣ ਹਾਰਿਆ ਹੈ? ਦਲਿਤ ਇਸ ਨੂੰ ਉਸ ਸਭਿਆਚਾਰਕ ਗਲਬੇ ਦੀ ਹਾਰ ਮੰਨਦੇ ਹਨ ਜਿਸ ਹੱਥੋਂ ਉਹ ਸਦੀਆਂ ਤੋਂ ਪੀੜਤ ਚਲੇ ਆ ਰਹੇ ਸਨ । ਅਸੀਂ ਇੱਥੇ ਡਾ. ਭੀਮ ਰਾਓ ਅੰਬੇਡਕਰ ਦੇ ਕਥਨ ਵਿੱਚੋਂ ਕੁਝ ਫਿਕਰੇ ਯਾਦ ਕਰ ਸਕਦੇ ਹਾਂ ਜਿਹੜੇ ਉਨ੍ਹਾਂ ਨੇ ਮਹਾਡ ਵਿਚ ਪਾਣੀ ਲੈਣ ਦੇ ਮੋਰਚੇ ਸਮੇਂ ਕਹੇ ਸਨ ਜਿਸਦਾ ਸੰਦਰਭ ਵੀ ਮਹੁਤਵਪੂਰਨ ਹੈ। ਪਹਿਲੇ ਮੋਰਚੇ ਸਮੇਂ ਜਾਤਪ੍ਰਸਤਾਂ ਨੇ ਪਾਣੀ ਪੀਣ ਗਏ ਦਲਿਤ ਹਜੂਮ ਉੱਤੇ ਹਮਲਾ ਕਰ ਦਿੱਤਾ ਸੀ ਅਤੇ ਗੋਰੇ ਪੁਲੀਸ ਇਨਸਪੈਕਟਰ ਨੇ 40 ਦੇ ਕਰੀਬ ਜਾਤਪ੍ਰਸਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਡੱਕ ਦਿੱਤਾ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਸਜ਼ਾ ਵੀ ਹੋ ਗਈ ਸੀ। ਇਸ ਉੱਪਰ ਟਿੱਪਣੀ ਕਰਦਿਆਂ ਡਾ. ਅੰਬੇਡਕਰ ਨੇ ਕਿਹਾ ਸੀ ‘ਕਿ ਜੇਕਰ ਅੱਜ ਇੱਥੇ ਪੇਸ਼ਵਾਵਾਂ ਦਾ ਰਾਜ ਹੁੰਦਾ ਤਾਂ ਉਨ੍ਹਾਂ ਨੇ ਸਾਨੂੰ ਹਾਥੀਆਂ ਦੇ ਪੈਰਾਂ ਹੇਠ ਦਰੜ ਕੇ ਮਾਰ ਦੇਣਾ ਸੀ।’ ਇਹੀ ਸਾਰੀ ਸਮੱਸਿਆ ਦਾ ਨਿਚੋੜ ਹੈ। ਦਲਿਤ ਇਸੇ ਭਾਵਨਾ ਨਾਲ ਭੀਮਾ-ਕੋਰੇਗਾਓਂ ਦੇ ‘ਜੈ ਸਤੰਭ’ ਤੇ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੁੰਦੇ ਹਨ, ਜਸ਼ਨ ਮਨਾਉਂਦੇ ਹਨ।
200ਵੀਂ ਵਰ੍ਹੇ ਗੰਢ ਤੇ ਜਦੋਂ ਭਾਰੀ ਇਕੱਠ ਹੋਇਆ ਤਾਂ ਦੰਗੇ ਭੜਕ ਗਏ ਜਿਹੜੇ ਕਿ ਦੋ ਦਿਨ ਚੱਲਦੇ ਰਹੇ। ਸਲਾਨਾ ਉਤਸਵ ਮਨਾਉਣ ਵਾਲਿਆਂ ਨੂੰ ‘ਸ਼ਹਿਰੀ ਨਕਸਲੀ’ ਕਿਹਾ ਗਿਆ। ਹਿੰਦੂਤਵੀਆਂ ਦਾ ਇਲਜ਼ਾਮ ਸੀ ਕਿ ਸ਼ਹਿਰੀ ਨਕਸਲੀ ਉਨ੍ਹਾਂ ਨੂੰ ਅੱਜ ਦੇ ਪੇਸ਼ਵਾ ਕਹਿੰਦੇ ਹਨ। ਸਰਕਾਰੀ ਤੰਤਰ ਫੁਰਤੀ ਨਾਲ ਹਰਕਤ ਵਿਚ ਆਇਆ ਤੇ ਨਿਰਦੋਸ਼ ਵਿਅਕਤੀ ਕੇਸਾਂ ਵਿਚ ਉਲਝਾ ਦਿੱਤੇ।
(ਭੀਮਾ-ਕੋਰੇਗਾਉਂ ਨਾਲ ਸਬੰਧਤ ਘਟਨਾਕ੍ਰਮ ਅਤੇ ਇਸ ਨਾਲ ਜੁੜੇ, ਦੇਸ਼ ਦੇ ਨਾਮਵਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੁਹਿੰਮ ਇੰਨ੍ਹੀ ਦਿਨੀਂ ਵਿਆਪਕ ਚਰਚਾ ਵਿੱਚ ਹੈ। ਇਨ੍ਹਾਂ ਬੁੱਧੀਜੀਵੀਆਂ ਖਿਲਾਫ਼ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਅਤੇ ਇਨ੍ਹਾਂ ਨਾਲ ਜੇਲ੍ਹ ਵਿੱਚ ਕੀਤਾ ਜਾ ਰਿਹਾ ਸਿਰੇ ਦਾ ਅਮਾਨਵੀ ਵਿਵਹਾਰ ਮਨੁੱਖੀ ਅਧਿਕਾਰਾਂ ਦੇ ਘਾਣ ਅਤਿ ਨੀਵੇਂ ਦਰਜੇ ਦਾ ਵਰਤਾਰਾ ਹੈ। ਅਸੀਂ ਇਸ ਨਜ਼ਰੀਏ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਪਰ, ਇਹ ਵੀ ਸਮਝਦੇ ਹਾਂ ਕਿ ਇਸ ਵਰਤਾਰੇ ਅਤੇ ਮੋਦੀ ਸਰਕਾਰ ਦੇ ਜਾਬਰ ਵਤੀਰੇ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ।
ਦੋ ਸਦੀਆਂ ਪਹਿਲਾਂ ਹੋਈ ਭੀਮਾ ਕੋਰੇਗਾਉਂ, ‘ਬ੍ਰਿਟਿਸ਼-ਪੇਸ਼ਵਾ’ ਜੰਗ ਤੋਂ ਵੀ ਹਜਾਰਾਂ ਵਰ੍ਹੇ ਪਹਿਲਾਂ ਤੋਂ ਚੱਲੇ ਆ ਰਹੇ ਜਾਤੀਵਾਦੀ ਅੱਤਿਆਚਾਰ ਅਤੇ ਵਿਤਕਰੇ ਮੌਜੂਦਾ ਘਟਨਾਕ੍ਰਮ ਦਾ ਮੂਲ ਕਾਰਨ ਹੈ। ਸਾਡੀ ਜਾਚੇ ‘ਭੀਮਾ-ਕੋਰੇਗਾਉਂ ਜੰਗ’ ਦੋ ਸਦੀਆਂ ਪਹਿਲਾਂ, ਜਨਵਰੀ -1818 ਵਿੱਚ ਮੁੱਕੀ ਨਹੀਂ ਬਲਕਿ ਅੱਜ ਵੀ ਜਾਰੀ ਹੈ, ਜਿੱਤ-ਹਾਰ ਦਾ ਅੰਤਮ ਨਿਰਣਾ ਹੋਣਾ ਅਜੇ ਬਾਕੀ ਹੈ।’ ਇਸ ਨਜ਼ਰੀਏ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਸਤਨਾਮ ਚਾਨਾ ਹੁਰਾਂ ਦਾ ਲੇਖ ਛਾਪਣ ਦੀ ਖੁਸ਼ੀ ਲੈ ਰਹੇ ਹਾਂ- ਸੰਪਾਦਕੀ ਮੰਡਲ)

Scroll To Top