Now Reading
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਐਲਾਨ ਦਿੱਲੀ ਅੰਦੋਲਨ ਵਿੱਚ ਹਰ ਹਫ਼ਤੇ ਹਫ਼ਤੇ ਭਰ ਲਈ 1 ਹਜ਼ਾਰ ਤੋਂ ਵੱਧ ਲੋਕਾਂ ਨੂੰ ਕਰਵਾਇਆ ਜਾਵੇਗਾ ਸ਼ਾਮਲ

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਐਲਾਨ ਦਿੱਲੀ ਅੰਦੋਲਨ ਵਿੱਚ ਹਰ ਹਫ਼ਤੇ ਹਫ਼ਤੇ ਭਰ ਲਈ 1 ਹਜ਼ਾਰ ਤੋਂ ਵੱਧ ਲੋਕਾਂ ਨੂੰ ਕਰਵਾਇਆ ਜਾਵੇਗਾ ਸ਼ਾਮਲ

ਜਲੰਧਰ, 7 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਭਾਰਤ ਦੀ ਫਾਸ਼ੀਵਾਦੀ ਹਕੂਮਤ ਵਲੋਂ ਪਾਸ ਕੀਤੇ ਗਏ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਚੱਲ ਰਹੇ ਰਹੇ ਅੰਦੋਲਨ ਨੂੰ ਹੋਰ ਬੱਲ ਦੇਣ ਲਈ 4 ਦਰਜਨ ਤੋਂ ਵੱਧ ਸਨਅਤੀ ਕਾਮਿਆਂ, ਪੇਂਡੂ ਤੇ ਖੇਤ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਤੇ ਵਿਦਿਆਰਥੀਆਂ ਜਥੇਬੰਦੀਆਂ ਵਲੋਂ ਏਕਟੂ ਦੇ ਸੂਬਾਈ ਆਗੂ ਗੁਰਮੀਤ ਸਿੰਘ ਬੱਖਤੂਪੁਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਕੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦਾ ਗਠਨ ਕਰਕੇ ਸੰਘਰਸ਼ ਦਾ ਐਲਾਨ ਕੀਤਾ ਗਿਆ।
ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਦੱਸਿਆ ਕਿ ਅੱਜ ਦੀ ਸਾਂਝੀ ਮੀਟਿੰਗ ਵਿੱਚ ਲੰਬੀ ਵਿਚਾਰ ਚਰਚਾ ਉਪਰੰਤ ਦਿੱਲੀ ਅੰਦੋਲਨ ਨੂੰ ਜੇਤੂ ਬਣਾਉਣ ਅੰਦੋਲਨ ਵਿੱਚ ਹਰੇਕ ਹਫਤੇ,ਹਫਤੇ ਭਰ ਲਈ 1 ਹਜ਼ਾਰ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਮੋਰਚੇ ਵਲੋਂ 10-11 ਅਪ੍ਰੈਲ ਨੂੰ ਦਿੱਲੀ ਦੇ ਕੇ ਐੱਮ ਵੀ ਰੋਡ ਜਾਮ ਕਰਨ,14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਹਾੜਾ ਮਨਾਉਣ,1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮਨਾਉਣ ਅਤੇ ਪਾਰਲੀਮੈਂਟ ਵੱਲ ਮਾਰਚ ਕਰਨ ਦੇ ਦਿੱਤੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਇਹਨਾਂ ਵਿੱਚ ਭਰਵੀਂ ਸ਼ਿਰਕਤ ਕਰਨ ਦਾ ਫੈਸਲਾ ਵੀ ਕੀਤਾ ਗਿਆ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੋਦੀ ਸਰਕਾਰ ਦੇ ਲੋਕ ਵਿਰੋਧੀ,ਲੋਕ ਮਾਰੂ ਨੀਤੀਆਂ ਦੀ ਤਿੱਖੀ ਅਲੋਚਨਾਂ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਜਲ,ਜੰਗਲ, ਜ਼ਮੀਨ ਲੁਟਾਉਣ ਲਈ ਕਰੋਨਾ ਦੀ ਆੜ ਹੇਠ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਖੇਤੀ, ਅਨਾਜ ਅਤੇੇ ਭੋਜਨ ਸੁਰੱਖਿਆ ਵਿਰੋਧੀ ਕਾਨੂੰਨ,ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ, ਲੋਕਾਂ ਦੇ ਘਰਾਂ ਵਿੱਚ ਹਨੇਰਾ ਕਰਨ ਲਈ ਬਿਜਲੀ ਐਕਟ 2020 ਆਦਿ ਲੋਕ ਵਿਰੋਧੀ ਕਾਲੇ ਕਾਨੂੰਨ ਲਿਆਂਦੇ ਗਏ ਹਨ। ਇਸ ਖਿਲਾਫ਼ ਲੋਕ ਦਿੱਲੀ ਦੇ ਬਾਰਡਰਾਂ ਨੂੰ ਘੇਰ ਕੇ 4 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਅੰਦੋਲਨ ਕਰ ਰਹੇ ਹਨ,ਇਸ ਦੌਰਾਨ ਹੀ 300 ਤੋਂ ਵੱਧ ਲੋਕਾਂ ਦੀਆਂ ਸ਼ਹਾਦਤਾਂ ਹੋ ਗੲੀਆਂ ਲੇਕਿਨ ਦੁੱਖ ਦੇ ਪ੍ਰਗਟਾਵੇ ਦਾ ਮੋਦੀ ਹਕੂਮਤ ਵਲੋਂ ਇੱਕ ਸ਼ਬਦ ਵੀ ਨਾ ਬੋਲਣਾ ਸਾਬਿਤ ਕਰਦਾ ਹੈ ਕਿ ਇਹ ਦੇਸ਼ ਦੇ ਲੋਕਾਂ ਦੀ ਸਰਕਾਰ ਨਹੀਂ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਪੂਰਾ ਤਾਣ ਲਗਾਇਆ ਜਾਵੇਗਾ।ਇਸ ਮੌਕੇ ਪੰਜਾਬ ਅੰਦਰ ਕਾਂਗਰਸ, ਅਕਾਲੀ, ਆਪ, ਬਸਪਾ, ਭਾਜਪਾ ਵਲੋਂ ਵੋਟਾਂ ਵੋਟਾਂ ਕਰਨ ਦੀ ਪਾਈ ਜਾ ਰਹੀ ਦੁਹਾਈ ਦੀ ਨਿੰਦਾ ਕਰਦਿਆਂ ਇਹਨਾਂ ਗਤੀਵਿਧੀਆਂ ਨੂੰ ਅੰਦੋਲਨ ਨੂੰ ਢਾਹ ਲਾਉਣ ਵਾਲਾ ਕਰਾਰ ਦਿੱਤਾ।

Scroll To Top