Now Reading
16 ਅਪ੍ਰੈਲ ਨੂੰ ਗੁਰਦਾਸਪੁਰ ਜ਼ਿਲ੍ਹਾ ਹੈਡਕੁਆਰਟਰ ‘ਤੇ ਹੋਵੇਗੀ ਭੱਠਾ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ

16 ਅਪ੍ਰੈਲ ਨੂੰ ਗੁਰਦਾਸਪੁਰ ਜ਼ਿਲ੍ਹਾ ਹੈਡਕੁਆਰਟਰ ‘ਤੇ ਹੋਵੇਗੀ ਭੱਠਾ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ

ਗੁਰਦਾਸਪੁਰ, 7 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਭੱਠਾ ਮਜ਼ਦੂਰਾਂ ਦੀ ਇੱਕ ਮੀਟਿੰਗ ਇਥੇ ਆਯੋਜਿਤ ਕੀਤੀ ਗਈ, ਜਿਸ ‘ਚ 16 ਅਪ੍ਰੈਲ ਨੂੰ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ। ਮਗਰੋਂ ‘ਸੰਗਾਰਮੀ ਲਹਿਰ’ ਨੂੰ ਯੂਨੀਅਨ ਦੇ ਜਨਰਲ ਸਕੱਤਰ ਸ਼ਿਵ ਪਠਾਨਕੋਟ ਨੇ ਦੱਸਿਆ ਕਿ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਲਗਾਤਾਰ ਵਧ ਰਹੀ ਮਹਿੰਗਾਈ ਦੇ ਅਨੁਸਾਰ ਭੱਠਾ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਕਰਨ, ਮਜ਼ਦੂਰਾਂ ਲਈ ਪੱਕੇ ਕਵਾਟਰ, ਬਿਜਲੀ ਪਾਣੀ ਤੇ ਸ਼ੌਚਾਲਯ ਦਾ ਪ੍ਰਬੰਧ ਕੀਤਾ ਜਾਵੇ, ਮਿੱਟੀ ਪੁਟਾਈ ਦੇ ਪੈਸੇ ਵਸੂਲਣੇ ਬੰਦ ਕੀਤੇ ਜਾਣ, ਜਮਾਂਦਾਰਾਂ ਨੂੰ ਸਰਕਾਰੀ ਰੇਟ ਅਨੁਸਾਰ ਪੂਰੀ ਜਮਾਂਦਾਰੀ ਕਮਿਸ਼ਨ ਦਿੱਤੀ ਜਾਵੇ, ਮਜ਼ਦੂਰਾਂ ਦੇ ਛੋਟੇ ਬੱਚਿਆਂ ਲਈ ਭੱਠਿਆਂ ਨੇੜੇ ਆਂਗਣਵਾੜੀ ਸੈਂਟਰ ਅਤੇ ਘੱਟੋ ਘੱਟ ਪ੍ਰਾਇਮਰੀ ਸਕੂਲ ਖੋਲੇ ਜਾਣ ਅਤੇ ਹੋਰ ਮੰਗਾਂ ਸਬੰਧੀ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵੱਲੋਂ ਇਕ ਮੰਗ ਪੱਤਰ 18 ਮਾਰਚ ਨੂੰ ਅਸਿਸਟੈਂਟ ਲੇਬਰ ਕਮਿਸ਼ਨਰ ਜਿਲ੍ਹਾ ਗੁਰਦਾਸਪੁਰ ਨੂੰ ਦਿੱਤਾ ਗਿਆ ਸੀ। ਮੰਗ ਪੱਤਰ ਦੇ ਨਿਪਟਾਰੇ ਲਈ ਲੇਬਰ ਅਫਸਰ ਜ਼ਿਲ੍ਹਾ ਗੁਰਦਾਸਪੁਰ ਨੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਅਤੇ ਭੱਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਵਿਚਕਾਰ ਸਮਝੌਤੇ ਵਾਸਤੇ ਗੱਲਬਾਤ ਲਈ ਆਪਣੇ ਦਫ਼ਤਰ ਬੁਲਾਇਆ ਸੀ। ਅਸਿਸਟੈਂਟ ਲੇਬਰ ਕਮਿਸ਼ਨਰ ਜ਼ਿਲ੍ਹਾ ਗੁਰਦਾਸਪੁਰ ਦੀ ਮੌਜੂਦਗੀ ਵਿੱਚ ਭੱਠਾ ਮਾਲਕ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸ਼੍ਰੀ ਰਜੀਵ ਬਜਾਜ ਦੀ ਅਗਵਾਈ ਹੇਠ ਆਏ ਭੱਠਾ ਮਾਲਕਾਂ ਅਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਕਾਮਰੇਡ ਜਸਵੰਤ ਸਿੰਘ ਬੁੱਟਰ, ਕਰਮ ਸਿੰਘ ਵਰਸਾਲਚੱਕ ਅਤੇ ਸੁਖਦੇਵ ਸਿੰਘ ਬਿੱਟਾ ਦੀ ਅਗਵਾਈ ਹੇਠ ਵੱਖ ਵੱਖ ਭੱਠਿਆਂ ਦੇ ਜਮਾਂਦਾਰ ਅਤੇ ਹੋਰ ਸਾਥੀ ਮੀਟਿੰਗ ਵਿੱਚ ਸ਼ਾਮਲ ਹੋਏ। ਮੰਗ ਪੱਤਰ ਤੇ ਵਿਚਾਰ ਵਟਾਂਦਰਾ ਹੋਇਆ, ਕੁੱਝ ਗੱਲਬਾਤ ਹੋਣ ਉਪਰੰਤ ਅਗਲੀ ਮੀਟਿੰਗ ਦਾ ਸਮਾਂ 16 ਅਪ੍ਰੈਲ ਨਿਸਚਿਤ ਕੀਤਾ ਗਿਆ।
ਲੇਬਰ ਅਫਸਰ ਦੇ ਦਫ਼ਤਰ ਗੱਲਬਾਤ ਤੋਂ ਬਾਅਦ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੀ ਸਮੁੱਚੀ ਲੀਡਰਸ਼ਿਪ, ਵੱਖ ਵੱਖ ਭੱਠਿਆਂ ਉਪਰ ਲੇਬਰ ਦਾ ਪ੍ਰਬੰਧ ਕਰਨ ਵਾਲੇ ਜਮਾਂਦਾਰਾਂ ਅਤੇ ਯੂਨੀਅਨ ਦੇ ਸਰਗਰਮ ਮੈਂਬਰਾਂ ਦੀ ਯੂਨੀਅਨ ਦੇ ਦਫ਼ਤਰ ਜੇਲ੍ਹ ਰੋਡ ਰੁਲੀਆ ਰਾਮ ਕਲੌਨੀ ਗੁਰਦਾਸਪੁਰ ਮੀਟਿੰਗ ਕਰਕੇ ਫ਼ੈਸਲਾ ਕੀਤਾ ਕਿ ਸਾਰੇ ਭੱਠਿਆਂ ਉਪਰ ਕੰਮ ਕਰਦੇ ਮਜ਼ਦੂਰ 16 ਅਪ੍ਰੈਲ ਨੂੰ ਇਕ ਦਿਨ ਦੀ ਛੁੱਟੀ ਕਰਕੇ ਜ਼ਿਲ੍ਹਾ ਹੈਡਕੁਆਰਟਰ ਗੁਰਦਾਸਪੁਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਮਜ਼ਦੂਰ ਪੱਖੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਪੱਖੀ ਚਾਰ ਲੇਬਰ ਕੋਡਾਂ ਵਿੱਚ ਤਬਦੀਲ ਕਰਕੇ ਮਜ਼ਦੂਰ ਜਮਾਤ ਨਾਲ ਧੋਖਾ ਕੀਤਾ ਹੈ ਤੇ ਪੰਜਾਬ ਸਰਕਾਰ ਨੇ ਮਾਰਚ 2020 ਤੋਂ ਮਿਨੀਮਮ ਵੇਜ ਨੋਟੀਫਿਕੇਸ਼ਨ ਰੋਕ ਕੇ ਲੱਖਾਂ ਮਜ਼ਦੂਰਾਂ ਦਾ ਆਰਥਿਕ ਨੁਕਸਾਨ ਕੀਤਾ ਅਤੇ ਹੁਣ ਭੱਠਾ ਮਾਲਕ ਟਾਲ ਮਟੋਲ ਕਰਕੇ ਵਕਤ ਲੰਘਾਉਣਾ ਚਾਹੁੰਦੇ ਹਨ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਦਰਸ਼ਨ ਸਿੰਘ ਅਖਰੋਟਾ, ਗੁਰਬਿੰਦਰ ਸਿੰਘ ਗੋਪੀ, ਕੁਲਦੀਪ ਕੁਮਾਰ ਰਾਜੂ,ਰਾਮ ਗੋਪਾਲ, ਮਨਹਰਨ, ਫੀਰਤ ਰਾਮ, ਰਤਨ ਲਾਲ, ਮਨੂੰ, ਦਿਨੇਸ਼ ਕੁਮਾਰ, ਟਿੰਕੂ, ਬ੍ਰਿਜ ਲਾਲ, ਕੇਸ਼ਵ ਕੁਮਾਰ, ਰਾਜ ਕੁਮਾਰ, ਸਖਾ ਰਾਮ, ਤਰਸੇਮ ਸਿੰਘ, ਭਗਤ ਰਾਮ, ਜੋਗਿੰਦਰ ਸਿੰਘ, ਚੂਨੀ ਅਠਵਾਲ, ਅਕਾਸ਼ ਭੱਟੀ ਅਤੇ ਹੋਰ ਸਾਥੀ ਹਾਜਰ ਸਨ।

Scroll To Top