Now Reading
ਸੱਤਾ ਨੂੰ ਕੰਬਨੀਆਂ ਛੇੜਦੇ ਹਨ ਸੰਪ੍ਰਦਾਇਕ ਇਕਸੁਰਤਾ ਅਤੇ ਬਾਜ਼ਾਬਤਾ ਸੰਘਰਸ਼

ਸੱਤਾ ਨੂੰ ਕੰਬਨੀਆਂ ਛੇੜਦੇ ਹਨ ਸੰਪ੍ਰਦਾਇਕ ਇਕਸੁਰਤਾ ਅਤੇ ਬਾਜ਼ਾਬਤਾ ਸੰਘਰਸ਼

ਸਤਨਾਮ ਚਾਨਾ
ਇਕ ਵਿਸ਼ਵ ਪ੍ਰਸਿੱਧ ਲੇਖਕ ਦਾ ਕਥਨ ਹੈ, ”ਆਪਣੇ ਇਤਿਹਾਸ ਤੋਂ ਅਣਜਾਣ ਸਮਾਜ ਉਸ ਮਨੁੱਖ ਵਰਗਾ ਹੈ ਜਿਸਦੀ ਯਾਦਾਸ਼ਤ ਚਲੀ ਜਾਵੇ।” ਅਜਿਹੀ ਹਾਲਤ ਵਿਚ ਉਹ ਮਨੁੱਖ ਦੂਜਿਆਂ ਨੂੰ ਤਾਂ ਕੀ ਆਪਣੇ ਆਪ ਨੂੰ ਵੀ ਪਛਾਨਣ ਦੇ ਕਾਬਲ ਨਹੀਂ ਰਹਿੰਦਾ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੀਤਿਆ ਇਤਿਹਾਸ, ਆਪਣੇ ਭਵਿੱਖ ਦਾ ਰਾਹ ਤਲਾਸ਼ਣ ਦਾ ਸਰੋਤ ਹੈ। ਇਸ ਕਰਕੇ ਇਹ ਸਰੋਤ ਆਪਣੇ ਮੌਲਿਕ ਰੂਪ ਵਿਚ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਉਹ ਆਪਣੇ ਭਵਿਖ ਬਾਰੇ ਸਾਰਥਕ ਸਿੱਟੇ ਕੱਢ ਸਕਣ। ਜੱਲ੍ਹਿਆਂ ਵਾਲੇ ਬਾਗ ਦਾ ਸਾਕਾ ਲੋਕ ਅੰਦੋਲਨ ਦਾ ਲਾਮਿਸਾਲ ਅਧਿਆਏ ਹੈ। ਇਤਿਹਾਸ ਦਾ ਕੋਈ ਵੀ ਅਧਿਆਏ ਆਪਣੇ ਪਹਿਲੇ ਅਧਿਆਇਆਂ ਤੋਂ ਸੱਖਣਾ ਨਹੀਂ ਹੁੰਦਾ। ਇਕ ਤੋਂ ਬਾਅਦ ਇਕ ਅਧਿਆਏ ਜਿਹੜੇ ਵੀ ਸਾਂਝੇ ਸਬਕ ਸਿਖਾਉਂਦਾ ਜਾਂਦਾ ਹੈ ਉਹ ਸਾਨੂੰ ਲੋਕ ਅੰਦੋਲਨ ਅਤੇ ਸਮਾਜੀ ਪਰਿਵਰਤਨ ਦਾ ਸਿਧਾਂਤ ਸਮਝਣ ਵਿਚ ਸਹਾਇਤਾ ਕਰਦਾ ਹੈ। ਹੁਣ ਜਦੋਂ ਦੇਸ਼ ਵਿਚ ਇਕ ਵਿਲੱਖਣ ਸੰਘਰਸ਼ ਚੱਲ ਰਿਹਾ ਹੈ ਤਾਂ ਇਸ ਨੂੰ ਪਹਿਲਾਂ ਲੜੇ ਗਏ ਸੰਘਰਸ਼ਾਂ ਦੇ ਪ੍ਰਸੰਗ ਵਿਚ ਦੇਖਣਾ ਵੀ ਸਮੇਂ ਦੀ ਲੋੜ ਹੈ ਜਿਨ੍ਹਾਂ ਵਿੱਚ ਜੱਲ੍ਹਿਆਂ ਵਾਲੇ ਬਾਗ ਦਾ ਸਾਕਾ ਵੀ ਕੇਂਦਰ ਬਿੰਦੂ ਹੈ।
ਅੰਗਰੇਜ਼ ਸਾਮਰਾਜ ਵਿਰੁੱਧ ਉੱਠੀਆਂ ਵੱਡੀਆਂ ਬਗਾਵਤਾਂ ਦਾ ਮੁੱਢ 1857 ਦੇ ਗਦਰ ਨਾਲ ਬੱਝਦਾ ਹੈ। ਫਿਰ ਇਹ ਬਗਾਵਤਾਂ ਆਪਣੇ ਬਦਲਵੇਂ ਰੂਪ ਵਿਚ ਉੱਠਦੀਆਂ ਹੀ ਗਈਆਂ ਜਿੰਨੀ ਦੇਰ ਦੇਸ਼ ਵਿੱਚੋਂ ਸਾਮਰਾਜ ਦਾ ਬਿਸਤਰਾ ਗੋਲ ਨਹੀਂ ਕਰ ਦਿੱਤਾ ਗਿਆ। ਇਨ੍ਹਾਂ ਬਗਾਵਤਾਂ/ਅੰਦੋਲਨਾਂ ਦੀ ਸ਼ਕਤੀ ਦੇ ਕਈ ਸਾਂਝੇ ਲੱਛਣ ਹਨ ਪਰ ਏਥੇ ਅਸੀਂ ਕੇਵਲ ਦੋ ਉੱਪਰ ਹੀ ਕੇਂਦਰਤ ਕਰਾਂਗੇ ਜਿਨ੍ਹਾਂ ਦੀ ਕੇਂਦਰੀ ਭੂਮਿਕਾ ਰਹੀ ਹੈ। ਇਸ ਉਪਰੰਤ ਜੱਲ੍ਹਿਆਂ ਵਾਲੇ ਬਾਗ ਦਾ ਬਿਰਤਾਂਤ ਲਵਾਂਗੇ। ਉਹ ਦੋ ਪ੍ਰਮੁੱਖ ਲੱਛਣ ਕਿਹੜੇ ਹਨ? ਉਹ ਦੋ ਲੱਛਣ ਹਨ ਧਾਰਮਿਕ ਇੱਕਜੁੱਟਤਾ ਅਤੇ ਚੜ੍ਹਦੀ ਜਵਾਨੀ ਦੇ ਬਲੀਦਾਨ ਦਾ ਜਜ਼ਬਾ ਜਿਸਨੇ ਵਿਸ਼ਵ ਦੇ ਸ਼ਕਤੀਸ਼ਾਲੀ ਸਾਮਰਾਜ ਨੂੰ ਪੈਰ-ਪੈਰ ਪਿੱਛੇ ਧਕੇਲਿਆ ਅਤੇ ਉਸਨੂੰ ਆਪਣੇ ਘੁਰਨੇ ਵਿਚ ਵੜ ਜਾਣ ਲਈ ਮਜ਼ਬੂਰ ਕਰ ਦਿੱਤਾ। ਭਾਵੇਂ ਉਹ 1857 ਦਾ ਗਦਰ ਸੀ, ਭਾਵੇਂ ‘ਪਗੜੀ ਸੰਭਾਲ ਜੱਟਾ’ ਅੰਦੋਲਨ ਸੀ, ਭਾਵੇਂ ਗਦਰ ਲਹਿਰ ਸੀ, ਭਾਵੇਂ ਭਗਤ ਸਿੰਘ ਦਾ ਕਰਾਂਤੀਕਾਰੀ ਦਲ ਸੀ ਜਾਂ ਮਹਾਤਮਾਂ ਗਾਂਧੀ ਦਾ ਸ਼ਾਤਮਈ ਅੰਦੋਲਨ। ਸਭ ਦੀ ਸ਼ਕਤੀ ਦਾ ਮੂਲ ਸੋਮਾਂ ਸਾਰੇ ਧਰਮਾਂ ਅਤੇ ਸਭਿਆਚਾਰਾਂ ਦੇ ਲੋਕਾਂ ਦੀ ਏਕਤਾ ਅਤੇ ਇੱਕਮੁੱਠ ਸੰਘਰਸ਼ ਸੀ। ਸਾਮਰਾਜ ਦੀ ਸਾਰੀ ਬੁਖਲਾਹਟ ਲੋਕਾਂ ਦੀ ਇਸੇ ਹੀ ਏਕਤਾ ਦੇ ਖਿਲਾਫ ਸੀ, ਤਾਂ ਹੀ ਇਸਨੇ ਭਾਰਤੀ ਲੋਕਾਂ ਦੀਆਂ ਧਾਰਮਿਕ ਅਤੇ ਸਭਿਆਚਾਰਕ ਵਿਰੋਧਤਾਈਆਂ ਨੂੰ ਉਭਾਰਨ ‘ਤੇ ਜ਼ੋਰ ਲਾਇਆ ਹੋਇਆ ਸੀ। ਉਸਨੇ ਧਾਰਮਿਕ ਅਤੇ ਸਭਿਆਚਾਰਕ ਦੁਫੇੜ ਪੈਦਾ ਕਰਨ, ਇਸਨੂੰ ਵਧਾਉਣ ਅਤੇ ਸਦੀਵੀ ਦੁਸ਼ਮਣੀ ਵਿਚ ਬਦਲਣ ਲਈ, ਬੜੇ ਪਾਪੜ ਵੇਲੇ। ਸਭਿਆਚਾਰਾਂ ਨੂੰ ਮਾਰਸ਼ਲ ਅਤੇ ਗੈਰ ਮਾਰਸ਼ਲ ਭਾਈਚਾਰਿਆਂ ਵਿਚ ਵੰਡਿਆ। ਧਰਮਾਂ ਦੇ ਨਾਮ ‘ਤੇ ਪਲਟਣਾਂ ਖੜ੍ਹੀਆਂ ਕੀਤੀਆਂ। ਹਰ ਧਰਮ ਅਤੇ ਤਬਕੇ ਵਿੱਚੋਂ ਬੰਦੇ ਭਰਮਾਏ, ਪਾਲੇ, ਜਗੀਰਾਂ-ਖ਼ਿਤਾਬਾਂ ਅਤੇ ਅਹੁਦਿਆਂ ਨਾਲ ਨਿਵਾਜ਼ੇ ਤਾਂ ਕਿ ਸਮਾਜ ਵਿਚ ਦੁਫੇੜ ਬਣਾਏ ਰੱਖਣ ਲਈ ਭੂਮਿਕਾ ਨਿਭਾਉਣ। ਪਰੰਤੂ ਇਸ ਦੌਰ ਵਿਚ ਲੋਕਾਂ ਦੀ ਧਾਰਮਿਕ ਅਤੇ ਸਭਿਆਚਾਰਕ ਇਕਮੁੱਠਤਾ ਸਾਮਰਾਜ ਦੇ ਮੂਲ ਸਿਧਾਂਤ ਉੱਪਰ ਮਾਰੂ ਵਾਰ ਸੀ ਜੋ ਹਥਿਆਬੰਦ ਬਗਾਵਤ ਨਾਲੋਂ ਵੀ ਕਿਤੇ ਵੱਧ ਖਤਰਨਾਕ ਸੀ। ਸਪੱਸ਼ਟ ਹੈ, ਜੋ ਸਾਮਰਾਜ ਲਈ ਸਭ ਤੋਂ ਖਤਰਨਾਕ ਸੀ ਉਹ ਦੇਸ਼ ਵਾਸੀਆਂ ਲਈ ਸਭ ਤੋਂ ਮਹਾਨ ਸੀ ਯਾਨਿ ਕਿ ਸਾਰੇ ਧਰਮਾਂ ਅਤੇ ਸਭਿਆਚਾਰਾਂ ਦੇ ਲੋਕਾਂ ਦੀ ਇਕਮੁੱਠ ਕਾਰਵਾਈ ਲੋਕਾਂ ਦੀ ਮਹਾਨ ਪ੍ਰਾਪਤੀ ਸੀ। ਇਹ ਭਰਤ ਦੇ ਪ੍ਰਸੰਗ ਵਿਚ ਭਾਰਤੀ ਲੋਕਾਂ ਦੀ ਸ਼ਕਤੀ ਦਾ ਮੂਲ ਮੰਤਰ ਹੈ। ਅੱਗੇ ਚੱਲਕੇ, ਇਸ ਦੀ ਵਿਸਤਰਤ ਚਰਚਾ ਕਰਾਂਗੇ। ਹੁਣ ਅੰਦੋਲਨਾਂ ਦੀ ਸ਼ਕਤੀ ਦੇ ਦੂਜੇ ਲੱਛਣ ਦੀਆਂ ਚੋਣਵੀਆਂ ਉਦਾਹਰਣਾ ਲੈਂਦੇ ਹਾਂ; ਚੜ੍ਹਦੀ ਜਵਾਨੀ ਦੇ ਬਲਾਦਾਨੀ ਜਜ਼ਬੇ ਦੀਆਂ।
ਝਾਂਸੀ ਦੀ ਰਾਣੀ ਲਕਸ਼ਮੀ ਬਾਈ ਅਜੇ 18 ਸਾਲ ਦੀ ਹੀ ਸੀ ਜਦੋਂ ਉਸਨੇ ਅੰਗਰੇਜ਼ੀ ਸਾਮਰਾਜ ਨੂੰ ਲਲਕਾਰਿਆ ਸੀ ਅਤੇ ਅੰਗਰੇਜ਼ਾਂ ਦੇ ਟਾਊਟ ਆਪਣੇ ਬਾਪ ਨੂੰ ਕਿਲ੍ਹੇ ਦੇ ਮੁੱਖ ਦੁਆਰ ਤੇ ਫਾਂਸੀ ਦੇ ਦਿੱਤੀ ਸੀ । ਲਕਸ਼ਮੀਂ ਬਾਈ ਨੇ ਅੰਗਰੇਜ਼ੀ ਸਾਮਰਾਜ ਨੂੰ ਲਲਕਾਰਦਿਆਂ ਕਿਹਾ ਸੀ “……… ਜਦੋਂ ਤਾਈਂ ਲਕਸ਼ਮੀ ਦੇ ਸ਼ਰੀਰ ਵਿਚ ਲਹੂ ਦਾ ਇੱਕ ਤੁਪਕਾ ਵੀ ਹੈ ਉਸ ਸਮੇਂ ਤਾਈਂ ਕੋਈ ਅੰਗਰੇਜ਼ ਝਾਂਸੀ ਦੀ ਰਾਣੀ ਨੂੰ ਆਜ਼ਾਦੀ ਦੇ ਭੂਸ਼ਣ ਤੋਂ ਅੱਡ ਨਹੀਂ ਕਰ ਸਕਦਾ …….. ਲਕਸ਼ਮੀਂ ਆਜ਼ਾਦੀ ਦੇ ਜ਼ੇਵਰ ਨੂੰ ਆਪਣੀ ਹਿੱਕ ਨਾਲ ਲਾਈ ਬਲਦੇ ਹੋਏ ਚੰਗਿਆੜਿਆਂ ਤੇ ਸਵਾਰ ਹੋ ਜਊਗੀ ਤੇ ਆਪਣੇ ਦੇਸ਼ ਦੇ ਲਈ ਆਜ਼ਾਦੀ ਤੇ ਵੀਰਤਾ ਦੀ ਇਕ ਜਿਊਂਦੀ ਨਿਸ਼ਾਨੀ ਛੱਡ ਜਾਊਗੀ…… ਅੰਗਰੇਜ਼ੋ ਤੁਸੀਂ ਵੀ ਇਸ ਅੱਗ ਵਿਚ ਭਸਮ ਹੋ ਜਾਓਗੇ…(ਗ਼ਦਰ ਲਹਿਰ ਦੀ ਵਾਰਤਕ)।” ਇਸ ਤੋਂ 15 ਸਾਲ ਬਾਅਦ ਉੱਠੀ ਕੂਕਾ ਲਹਿਰ ਦਾ ਬਿਸ਼ਨ ਸਿੰਘ ਅਜੇ ਬਾਲਕ ਹੀ ਸੀ ਜਿਸਨੇ ਮਲੇਰਕੋਟਲਾ ਦੇ ਰੱਕੜ ਵਿਚ ਡਿਪਟੀ ਕਮਿਸ਼ਨਰ ਕੋਵਨ ਦੀ ਦ੍ਹਾੜੀ ਫੜ ਲਈ ਸੀ ਜਿਹੜਾ ਸਾਹਮਣੇ ਬੈਠਕੇ ਕੂਕਿਆਂ ਨੂੰ ਤੋਪਾਂ ਨਾਲ ਉਡਾ ਰਿਹਾ ਸੀ। ਦ੍ਹਾੜੀ ਛੁਡਾਉਣ ਲਈ ਬਾਲਕ ਬਿਸ਼ਨ ਸਿੰਘ ਦਿ ਬਾਂਹ ਹੀ ਵੱਢ ਦਿੱਤੀ ਗਈ ਸੀ। ਗਦਰ ਲਹਿਰ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਅਜੇ 19 ਸਾਲ ਦਾ ਹੀ ਸੀ ਜਦੋਂ ਉਸਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ। ਅਜੈ ਘੋਸ਼, ਜੋ ਬਾਅਦ ਵਿਚ ਕਮਿਊਨਿਸਟ ਪਾਰਟੀ ਆਫ ਇੰਡੀਆਂ ਦਾ ਜਨਰਲ ਸਕੱਤਰ ਬਣ ਗਿਆ ਸੀ ਲਿਖਦਾ ਹੈ ਕਿ ਜਦੋਂ ਉਹ ਪਹਿਲੀ ਵਾਰ ਭਗਤ ਸਿੰਘ ਨੂੰ ਕਾਨ੍ਹਪੁਰ ਵਿਚ ਮਿਲਿਆ ਸੀ ਤਾਂ ਉਹ ਦੋਵੇਂ ਪੰਦਰਾਂ ਸਾਲ ਦੇ ਸਨ। ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਸਾਕੇ ਦਾ ਬਦਲਾ ਲੈਣ ਲਈ ਜਦੋਂ ਯਤੀਮਖਾਨਾ ਛੱਡਿਆ ਸੀ ਤਾਂ ਉਹ ਵੀ ਅੱਲ੍ਹੜ ਉਮਰ ਦਾ ਹੀ ਸੀ। ਕਰਜ਼ਨ ਵਾਇਲੀ ਦੇ ਸੀਨੇ ਵਿਚ ਗੋਲੀਆਂ ਦਾਗ਼ਣ ਵਾਲਾ ਸ਼ਹੀਦ ਮਦਨ ਲਾਲ ਢੀਗਰਾ ਵੀ ਚੜ੍ਹਦੀ ਜਵਾਨੀ ਵਿਚ ਹੀ ਚਮਤਕਾਰ ਕਰ ਗਿਆ ਸੀ। ਜਿਸ ਬਾਰੇ ਜਰਮਨ ਲੇਖਕ ਮੈਡਮ ਸਮੈਡਲੀ ਨੇ ਲਿਖਿਆ ਹੈ ਕਿ ਉਹ ਸਿਰ ਉਠਾਕੇ ਫਾਂਸੀ ਦੇ ਤਖਤੇ ਵੱਲ ਵਧਿਆ ਅਤੇ ਉਨ੍ਹਾਂ ਦੇ ਹੱਥ ਪਰ੍ਹਾਂ ਝਟਕਾ ਮਾਰੇ ਜਿਹੜੇ ਉਹਨੂੰ ਫੜਕੇ ਫਾਂਸੀ ਤੇ ਤਖਤੇ ਤੇ ਛੁੜਾਉਣ ਲੱਗੇ ਸਨ। ਦੇਸ਼ ਦੀ ਅਜ਼ਾਦੀ ਲਈ ਬਲੀਦਾਨ ਦੇਣ ਵਾਲੇ ਅਲ੍ਹੜ ਉਮਰ ਦੇ ਨੌਜਵਾਨਾਂ ਦੀ ਲਿਸਟ ਬਹੁਤ ਲੰਬੀ ਹੈ। ਆਜ਼ਾਦੀ ਦੇ ਅੰਦੋਲਨਾ ਦੀ ਸ਼ਕਤੀ ਦੇ ਇਨ੍ਹਾਂ ਦੋ ਪੱਖਾਂ ਜਾਂ ਲੱਛਣਾ ਦੀ ਭੂਮਿਕਾ ਨੂੰ ਨੋਟ ਕਰਦੇ ਹੋਏ ਅਸੀਂ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਵੱਲ ਆਉਂਦੇ ਹਾਂ।
13 ਅਪਰੈਲ 1919, ਵਿਸਾਖੀ ਵਾਲੇ ਦਿਨ ਜੱਲ੍ਹਿਆਂ ਵਾਲੇ ਬਾਗ ‘ਚ ਹੋਏ ਘੱਲੂਘਾਰੇ ਅਤੇ ਉਸ ਤੋਂ ਦੋ ਹਫਤੇ ਪਹਿਲਾਂ ਵਾਪਰਦੀਆਂ ਆਈਆਂ ਘਟਨਾਵਾਂ ਨੂੰ ਪਾਠਕ ਨਿਰੰਤਰ ਪੜ੍ਹਦੇ-ਸੁਣਦੇ ਆਏ ਹਨ। ਪ੍ਰੰਤੂ ਉਨ੍ਹਾਂ ਘਟਨਾਵਾਂ ਦੀਆਂ ਪਰਤਾਂ ਹੇਠ ਲੁਕੇ ਅਰਥਾਂ ਨੂੰ ਲੱਭਣ ਦੀ ਵੀ ਜ਼ਰੂਰਤ ਹੈ ਜੋ ਭਵਿੱਖ ਦੇ ਲੋਕ-ਸੰਘਰਸ਼ ਦੀ ਦਿਸ਼ਾ ਨਿਰਧਾਰਤ ਕਰਨ ਵਿਚ ਸਹਾਈ ਹੋਏ ਹਨ। ਜੱਲ੍ਹਿਆਂ ਵਾਲੇ ਬਾਗ ਦਾ ਸਾਕਾ 1857 ਦੇ ਗ਼ਦਰ ਤੋਂ 62 ਸਾਲਾਂ ਬਾਅਦ ਵਾਪਰਿਆ। ਇਨ੍ਹਾਂ 62 ਸਾਲਾਂ ਦੌਰਾਨ ਸਾਮਰਾਜੀ ਸੱਤਾ ਅਤੇ ਭਾਰਤੀ ਲੋਕਾਂ ਦਰਮਿਆਨ ਨਿਰੰਤਰ ਜੰਗ ਚੱਲਦੀ ਰਹੀ, ਕਦੇ ਫਸਵਾਂ ਭੇੜ ਕਦੇ ਝੜਪਾਂ। ਸਾਮਰਾਜ ਨੂੰ ਆਪਣੇ ਸਾਰੇ ਛੜਯੰਤਰਾਂ ਅਤੇ ਅੰਨ੍ਹੀ ਤਾਕਤ ਦੀ ਵਰਤੋਂ ਦੇ ਬਾਵਜੂਦ, ਨੈਤਿਕ ਅਤੇ ਸਿਆਸੀ ਹਾਰ ਹੁੰਦੀ ਰਹੀ। ਪਰ ਅਸੀਂ ਕਿਸੇ ਪੜਾਅ ਤੇ ਵੀ ਨਹੀਂ ਦੇਖ ਰਹੇ ਕਿ ਸੱਤਾ ਨੇ ਆਪਣਾ ਘੁਮੰਡ, ਛੜਯੰਤਰ ਅਤੇ ਤਾਕਤ ਦੀ ਬੇਕਿਰਕ ਵਰਤੋਂ ਨੂੰ ਤਿਆਗਿਆ ਹੋਵੇ, ਭਾਵੇਂ ਕਿ ਉਸਦੇ ਇਨ੍ਹਾਂ ਲੱਛਣਾ ਨੇ ਉਨ੍ਹਾਂ ਲਈ ਮਾੜੇ ਤੋਂ ਮਾੜੇ ਦਿਨ ਵੀ ਲਿਆਂਦੇ ਸਨ। ਇਸੇ ਤਰ੍ਹਾਂ ਅਸੀਂ ਕਿਤੇ ਨਹੀਂ ਦੇਖ ਰਹੇ ਕਿ ਸੰਗਰਸ਼ ਲਈ ਘਰਾਂ ਤੋਂ ਨਿਕਲੇ ਲੋਕਾਂ ਨੇ ਸਰਕਾਰੀ ਆਤੰਕ, ਜਬਰ ਅਤੇ ਅੱਤਿਆਚਾਰ ਤੋਂ ਡਰਦਿਆਂ ਇਕ ਪੈਰ ਵੀ ਪਿੱਛੇ ਮੋੜਿਆ ਹੋਵੇ ਜਾਂ ਅੱਗੇ ਵੱਧਣਾ ਤਿਆਗਿਆ ਹੋਵੇ। ਇੱਥੋਂ ਸਾਨੂੰ ਆਭਾਸ ਹੁੰਦਾ ਹੈ ਕਿ ਇਕ ਵਾਰ ਅਰੰਭ ਹੋਇਆ ਸੰਘਰਸ਼ ਓਨੀ ਦੇਰ ਖਤਮ ਨਹੀਂ ਹੁੰਦਾ ਜਿੰਨੀ ਦੇਰ ਆਪਣੇ ਆਖਰੀ ਲਕਸ਼ ਨੂੰ ਨਹੀਂ ਪਾ ਲੈਂਦਾ ਅਤੇ ਸੱਤਾ ਆਪਣਾ ਹੰਕਾਰ, ਛੜਯੰਤਰ ਅਤੇ ਤਾਕਤ ਦੀ ਦੁਰਵਰਤੋਂ ਓਨੀ ਦੇਰ ਨਹੀਂ ਤਿਆਗਦੀ ਜਿੰਨੀ ਦੇਰ ਉਸਦਾ ਆਖਰੀ ਸਾਹ ਨਹੀਂ ਨਿਕਲ ਜਾਂਦਾ। ਦੇਖਦੇ ਹਾਂ ਜੱਲ੍ਹਿਆਂ ਵਾਲੇ ਬਾਗ ਦੇ ਸਾਕੇ ਨੇ ਲੋਕ ਸੰਘਰਸ਼ ਨੂੰ ਕੀ ਕੀ ਸਿਖਾਇਆ ਹੈ?
ਜੱਲ੍ਹਿਆਂ ਵਾਲੇ ਬਾਗ ਦਾ ਸਾਕਾ ਰੌਲਟ ਐਕਟ ਦਾ ਵਿਰੋਧ ਕਰਨ ਕਾਰਨ ਵਾਪਰਿਆ ਸੀ ਜਿਸ ਨੂੰ ‘ਅਰਾਜਕੀ ਤੇ ਕਰਾਂਤੀਕਾਰੀ ਅਪਰਾਧ ਐਕਟ’ ਕਿਹਾ ਗਿਆ ਸੀ। ਇਸ ਐਕਟ ਦੀ ਸਿਫਾਰਸ਼ ਕਰਨ ਵਾਲੀ ਕਮੇਟੀ ਦੇ ਮੁਖੀ ਸਰ ਸਿਡਨੀ ਰੌਲਟ ਸੀ ਕਲਕੱਤਾ ਅਤੇ ਲਾਹੌਰ ਵਿਚ ਬੰਦ ਕਮਰਾ ਮੀਟਿੰਗਾਂ ਉਪਰੰਤ ਇਹ ਕਨੂੰਨ ਬਣਾਉਣ ਦੀ ਸਿਫਾਰਸ਼ ਕੀਤੀ ਸੀ ਅਤੇ ਇਮਪੀਰੀਅਲ ਲੈਜਿਸਲੇਟਿਵ ਕੌਂਸਲ ਨੇ 18 ਮਾਰਚ 1919 ਨੂੰ ਇਹ ਕਨੂੰਨ ਬਹੁ ਸੰਮਤੀ ਨਾਲ ਪਾਸ ਕੀਤਾ ਸੀ ਕਿਉਂਕਿ ਕੌਸਲ ਦੇ ਸਾਰੇ ਭਾਰਤੀ ਮੈਂਬਰਾਂ ਨੇ ਇਸਦਾ ਵਿਰੋਧ ਕੀਤਾ ਸੀ। ਆਮ ਭਾਸ਼ਾ ਵਿਚ ਇਸਨੂੰ ‘ਨਾ ਵਕੀਲ, ਨਾ ਦਲੀਲ, ਨਾ ਅਪੀਲ’ ਕਨੂੰਨ ਕਿਹਾ ਗਿਆ ਸੀ। ਭਾਰਤੀ ਪ੍ਰੈਸ ਨੇ ਇਸਨੂੰ ਜਮਹੂਰੀਅਤ ਵਿਰੋਧੀ ਦੱਸਿਆ ਸੀ ਜਿਸ ਕਾਰਨ ‘ਦੀ ਟ੍ਰਿਬਿਊਨ’ ਦੇ ਐਡੀਟਰ ਕਾਲੀ ਨਾਥ ਰਾਇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੋਰਨਾਂ ਬੁੱਧੀਜੀਵੀਆਂ ਅਤੇ ਵਪਾਰੀਆਂ ਉੱਤੇ ਅਫਵਾਹਾਂ ਫੈਲਾਉਣ ਦਾ ਦੋਸ਼ ਲਾਇਆ। ਆਜ਼ਾਦੀ ਸੰਗਰਾਮ ਦੇ ਸਾਰੇ ਨੇਤਾਵਾਂ ਨੇ ਇਸਦਾ ਵਿਰੋਧ ਕੀਤਾ। ਲੋਕ ਕਰੋਧਤ ਹੋਏ ਅਤੇ ਉਨ੍ਹਾਂ ਨੇ ਆਪਮੁਹਾਰੇ ਅੰਦੋਲਨ ਛੇੜ ਦਿੱਤਾ। ਇਸ ਦੇ ਅੰਦਰ ਝਾਤ ਪਾਇਆਂ ਪਤਾ ਲੱਗਦਾ ਹੈ ਕਿ ਅੰਦੋਲਨ ਛੇੜਨ ਦਾ ਸਿਹਰਾ ਭਾਵੇਂ ਮਹਾਤਮਾਂ ਗਾਂਧੀ ਦੇ ਸਿਰ ਬੰਨ੍ਹਿਆ ਜਾਦਾਂ ਹੈ, ਪ੍ਰੰਤੂ ਇਸਦੀ ਸ਼ੁਰੂਆਤ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਆਪਮੁਹਾਰਾ ਓਦੋਂ ਹੀ ਹੋ ਗਈ ਸੀ ਜਦੋਂ ਅਜੇ ਮਹਾਤਮਾ ਗਾਂਧੀ ਨੇ ਅੰਦੋਕਲਨ ਛੇੜਨ ਬਾਰੇ ਸੋਚਿਆ ਵੀ ਨਹੀਂ ਸੀ। ਅਸਲ ਵਿਚ ਐਕਟ ਦਾ ਵਿਰੋਧ ਓਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਅਜੇ ਇਹ ਵਿਚਾਰ ਅਧੀਨ ਹੀ ਸੀ। 6 ਫਰਵਰੀ 1919 ਨੂੰ ਇਹ ਬਿੱਲ ਇਮਪੀਰੀਅਲ ਲੈਜਿਸਲੇਟਿਵ ਵਿਚ ਪੇਸ਼ ਕਰ ਦਿੱਤਾ ਗਿਆ ਸੀ ਅਤੇ ਇਸ ਦੇ ਵਿਰੋਧ ਵਿਚ ਪਹਿਲੀ ਜਨਤਕ ਮੀਟਿੰਗ 15 ਫਰਬਰੀ 1919 ਨੂੰ ਅੰਮ੍ਰਿਤਸਰ ਵਿਚ ਹੋਈ ਸੀ। ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਵੀ ਇਸ ਬਿੱਲ ਦੇ ਵਿਰੋਧ ਵਿਚ ਪਹਿਲਾਂ ਹੀ ਬਹਿਸ ਛੇੜ ਦਿੱਤੀ ਸੀ। ਸ਼ਹਿਰੀਆਂ ਨੇ 23 ਮਾਰਚ ਨੂੰ ‘ਵੰਦੇ ਮਾਤਰਮ’ ਹਾਲ ਹੋਈ ਮੀਟਿੰਗ ਨੇ ਸ਼ਕਤੀਸ਼ਾਲੀ ਲਹਿਰ ਖੜ੍ਹੀ ਕਰ ਦਿੱਤੀ। ਮਹਾਤਮਾਂ ਗਾਂਧੀ ਨੇ 30 ਮਾਰਚ ਦੀ, ਇਕ ਦਿਨਾਂ ਹੜਤਾਲ ਦਾ ਸੱਦਾ ਕਾਫੀ ਪਛੜਕੇ ਦਿੱਤਾ ਸੀ ਪਰ ਉਸਨੂੰ 6 ਅਪ੍ਰੈਲ ਤੱਕ ਅੱਗੇ ਪਾ ਦਿੱਤਾ ਸੀ। ਪਰ ਅੰਮ੍ਰਿਤਸਰੀਆਂ ਉੱਪਰ ਗਾਂਧੀ ਜੀ ਦੇ ਇਨ੍ਹਾਂ ਦੋਹਾਂ ਐਲਾਨਾ ਦਾ ਕੋਈ ਅਸਰ ਨਹੀਂ ਸੀ। ਉਨ੍ਹਾਂ ਨੇ 29 ਮਾਰਚ ਨੂੰ ਫੇਰ ਜੱਲ੍ਹਿਆ ਵਾਲੇ ਬਾਗ ਵਿਚ ਗਿਰਧਾਰੀ ਲਾਲ ਦੀ ਪ੍ਰਧਾਨਗੀ ਹੇਠ ਵੱਡਾ ਇਕੱਠ ਕੀਤਾ ਨੂੰ ਡਾ. ਕਿਚਲੂ ਅਤੇ ਡਾ. ਸਤਿਆਪਾਲ ਨੇ ਸੰਬੋਧਨ ਕੀਤਾ। ਸਰਕਾਰ ਨੇ ਉਸੇ ਦਿਨ ਤੋਂ ਸਤਿਆਪਾਲ ਦੇ ਬੋਲਣ ਤੇ ਪਾਬੰਦੀ ਲਾ ਦਿੱਤੀ । ਪਰ 30 ਮਾਰਚ ਨੂੰ ਜ਼ਬਰਦਸਤ ਹੜਤਾਲ ਹੋਈ। ਸ਼ਾਮ ਦੇ ਜਲਸੇ ਵਿਚ 40 ਹਜ਼ਾਰ ਦਾ ਇਕੱਠ ਸੀ। ਇਸੇ ਦਿਨ ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਕਰਨਾਲ ਤੋਂ ਇਲਾਵਾ ਦਿੱਲੀ ਵਿਚ ਵੀ ਹੜਤਾਲਾਂ ਹੋਈਆਂ। ਕਾਂਗਰਸ ਅਜਲਾਸ ਨੇ ਮਤਾ ਪਾਸ ਕਰਕੇ ਸੱਦਾ ਦਿੱਤਾ ਕਿ 6 ਅਪ੍ਰੈਲ ਦੀ ਹੜਤਾਲ ਨਾ ਕੀਤੀ ਜਾਵੇ। ਪਰ ਲੋਕ ਹਟਣ ਵਾਲੇ ਨਹੀਂ ਸਨ। ਅਪਰੈਲ 2 ਨੂੰ ਫਿਰ ਜੱਲ੍ਹਿਆਂ ਵਾਲੇ ਬਾਗ ਵਿਚ ਜਲਸਾ ਹੋਇਆ ਅਤੇ 6 ਅਪ੍ਰੈਲ ਨੂੰ ਜ਼ਬਰਦਸਤ ਹੜਤਾਲ ਹੋਈ। ਇਹ ਕਾਂਗਰਸ ਕਮੇਟੀ ਦੀ ਉਮੀਦ ਅਤੇ ਸਰਕਾਰ ਦੇ ਪਿੱਠੂ ਆਨਰੇਰੀ ਮੈਜਿਸਟ੍ਰੇਟਾਂ, ਸਰਦਾਰ ਬਹਾਦਰਾਂ ਅਤੇ ਰਾਇ ਸਾਹਬਾਂ ਦੀਆਂ ਸਰਕਾਰ ਨੂੰ ਦਿੱਤੀਆਂ ਸੂਚਨਾਵਾਂ ਦੇ ਉਲਟ ਸੀ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਅੱਵਲ ਤਾਂ ਹੜਤਾਲ ਹੁੰਦੀ ਨਹੀਂ, ਅਗਰ ਹੋਈ ਵੀ ਤਾਂ ਠੁੱਸ ਹੋ ਜਾਵੇਗੀ। ਸਰਕਾਰ ਦਾ ਆਪਣੇ ਪਿੱਠੂਆਂ ਤੋਂ ਭਰੋਸਾ ਉੱਠ ਗਿਆ। ਉਹ ਇਸ ਨਤੀਜੇ ਤੇ ਪਹੁੰਚੀ ਕਿ ਉਸਦੇ ਪਿੱਠੂ ਲੋਕਾਂ ਵਿੱਚੋਂ ਨਿੱਖੜ ਚੁਕੇ ਹਨ।
ਅਸਲ ਵਿਸ਼ਲੇਸ਼ਣ ਦਾ ਮੁੱਦਾ 6 ਅਪ੍ਰੈਲ ਦੀ ਹੜਤਾਲ ਦਾ ਕਿਰਦਾਰ ਹੈ ਜਿਸਨੇ 13 ਅਪਰੈਲ ਦਾ ਖੂਨੀ ਦਿਨ ਲਿਆਂਦਾ ਸੀ। ਪ੍ਰਸ਼ਾਸਨ ਦੀ ਪ੍ਰੇਸ਼ਾਨੀ ਹੜਤਾਲ ਦਾ ਸਫਲ ਹੋਣਾ ਨਹੀਂ ਸੀ ਸਗੋਂ ਲੋਕਾਂ ਦਾ ਆਪਸੀ ਮਿਲਵਰਤਨ, ਉਨ੍ਹਾਂ ਦਾ ਸ਼ਾਂਤਮਈ ਅਤੇ ਅਨੁਸਾਸ਼ਨਬੱਧ ਹੋਣਾ ਸੀ। ਇਸਨੇ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਸੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਇਲਜ਼ ਇਰਵਨ ਨੇ ਇਸਨੂੰ ‘ਗੁੰਗੀ ਧਮਕੀ’ ਕਿਹਾ ਸੀ। ਉਸਨੇ 8 ਅਪ੍ਰੈਲ ਨੂੰ ਲਾਹੌਰ ਡਵੀਜ਼ਨ ਦੇ ਕਮਿਸ਼ਨਰ ਮਿਯਾਰ ਕਿਚਨ ਨੂੰ ਇਕ ਪੱਤਰ ਲਿਖਿਆ ਸੀ ਜਿਸਨੇ ਸਰਕਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ। ਇਸ ਪੱਤਰ ਦੀ ਇਕ ਕਾਪੀ ਲੈਫਟੀਨੈਂਟ ਗਵਰਨਰ ਮਾਇਕਲ ਉਡਵਾਇਰ ਨੂੰ ਵੀ ਭੇਜੀ ਗਈ ਸੀ। ਡੀ. ਸੀ. ਨੇ ਦਾਅਵਾ ਕੀਤਾ ਸੀ ਕਿ ਹੜਤਾਲ ਬਾਰੇ ਉਸਨੂੰ ਸਹੀ ਸੂਚਨਾ ਸਰਕਾਰ ਦੇ ਪਿਛਲੱਗਾਂ ਤੋਂ ਨਹੀਂ ਸਗੋਂ ਮਿਸ਼ਨ ਹਸਪਤਾਲ ਦੇ ਮਰੀਜ਼ਾਂ ਤੋਂ ਮਿਲੀ ਸੀ । ਜਿਹੜੇ ਕਿ ਆਮ ਤੇ ਸਧਾਰਨ ਬੰਦੇ ਸਨ। ਇਸ ਤੋਂ ਸਾਬਤ ਹੁੰਦਾ ਹੈ ਕਿ ਲੋਕ ਜਦੋਂ ਸਰਕਾਰ ਦੇ ਪਿੱਠੂਆਂ ਨੂੰ ਪਛਾਣ ਲੈਣ ਤਾਂ ਉਨ੍ਹਾਂ ਤੋਂ ਏਨੀ ਦੂਰੀ ਬਣਾ ਲੈਂਦੇ ਹਨ ਕਿ ਨਾਲ ਰਹਿੰਦਿਆਂ ਵੀ ਉਨ੍ਹਾਂ ਨਾਲ ਆਪਣੇ ਇਰਾਦੇ ਸਾਂਝੇ ਨਹੀਂ ਕਰਦੇ। ਡੀ. ਸੀ. ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਪ੍ਰਸ਼ਾਸਨ ਜੇਕਰ ਭੀੜ ਦਾ ਰਾਹ ਨਾ ਰੋਕੇ ਤਾਂ ਭੀੜ ਦੇ ਹੌਂਸਲੇ ਵਧ ਜਾਂਦੇ ਹਨ। ਸਰਕਾਰ ਨੂੰ ਖਤਰਾ ਪੈਦਾ ਕਰਨ ਵਾਲੀ ਹੜਤਾਲ ਵਿਰੁੱਧ ਸਰਕਾਰ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਭਾਵ ਵਿਰੁੱਧ ਸਖ਼ਤੀ ਕਰਨੀ ਚਾਹੀਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਉਸ ਹੜਤਾਲ ਨੂੰ ਵਧੇਰੇ ਖਤਰਨਾਕ ਮੰਨਦੀ ਹੈ ਜਿਹੜੀ ਸ਼ਾਂਤਮਈ ਅਤੇ ਅਨੁਸ਼ਾਸਤ ਹੋਵੇ। ਹੜਤਾਲ ਜੇਕਰ ਹਿੰਸਕ ਹੋ ਜਾਵੇ ਤਾਂ ਸਰਕਾਰੀ ਸਫਲਤਾ ਦੀ ਗਰੰਟੀ ਹੋ ਜਾਂਦੀ ਹੈ। ਡੀ. ਸੀ. ਦੇ ਸੁਝਾਅ ਦਾ ਸਿੱਧਾ ਅਰਥ ਸੀ ਕਿ ਜਲੂਸ ਨੂੰ ਹਿੰਸਕ ਕਰਨ ਲਈ ਉਸਦਾ ਰਾਹ ਰੋਕ ਕੇ ਭੀੜ ਨੂੰ ਭੜਕਾਇਆ ਜਾਣਾ ਚਾਹੀਦਾ ਸੀ ਤਾਂ ਕਿ ਸਰਕਾਰ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਜਾਂਦਾ। ਅਤਿਆਚਾਰ ਸਰਕਾਰ ਦਾ ਆਖਰੀ ਹਥਿਆਰ ਹੁੰਦਾ ਹੈ। ਸਰਕਾਰ ਹੁਣ ਆਪਣੇ ਆਖਰੀ ਹਥਿਆਰ ਨੂੰ ਇਸਤੇਮਾਲ ਕਰਨ ਤੇ ਤੁਲ ਗਈ ਸੀ। ਉਸ ਕੋਲ ਆਪਣੀ ਨਿਰਾਸ਼ਾ ਦੂਰ ਕਰਨ ਲਈ ਇਹੋ ਹੀ ਤਰੀਕਾ ਬਚਿਆ ਸੀ।
6 ਅਪਰੈਲ ਦੀ ਸਫਲਤਾ ਨੇ ਲੋਕਾਂ ਨੂੰ ਵੀ ਆਪਣੇ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਦੀ ਪਛਾਣ ਕਰਾ ਦਿੱਤੀ ਸੀ ਜਿਹੜਾ ਉਨ੍ਹਾਂ ਨੇ 9 ਅਪਰੈਲ ਨੂੰ, ਰਾਮ ਨੌਮੀਂ ਵਾਲੇ ਦਿਨ ਇਸਤੇਮਾਲ ਕੀਤਾ। ਇਹ ਹਥਿਆਰ ਧਾਰਮਿਕ ਇਕਜੁੱਟਤਾ, ਮੇਲ ਮਿਲਾਪ ਅਤੇ ਸਵੈ ਅਨੁਸ਼ਾਸਨ ਦਾ ਹਥਿਆਰ ਸੀ। ਰਾਮ ਨੌਮੀਂ ਦੀ ਸ਼ੋਭਾ ਯਾਤਰਾ ਵਿਚ ਲੋਕਾਂ ਨੇ ਸਾਰੇ ਸਮਾਜਿਕ ਬੰਧਨ ਅਤੇ ਵਖਰੇਵੇਂ ਤੋੜਕੇ ਜੱਫੀਆਂ ਪਾ ਲਈਆਂ। ਜਲੂਸ ਵਿਚ ਤਿੱਲ ਸੁੱਟਣ ਨੂੰ ਥਾਂ ਨਹੀਂ ਸੀ । ਕੇਵਲ ਸ਼ਹਿਰੀ ਹੀ ਨਹੀਂ ਸਨ ਸਗੋਂ ਪਿੰਡਾਂ ਦਾ ਸਿੱਖ ਭਾਈਚਾਰਾ ਵੀ ਹੁੰਮਹੁਮਾ ਕੇ ਪਹੁੰਚਾ ਸੀ। ਜਲੂਸ ਨੂੰ ਤਰਤੀਬ ਦੇਣ ਦਾ ਜ਼ਿੰਮਾਂ ਚੌਧਰੀ ਬੱਗਾ ਮੱਲ ਦਾ ਸੀ ਅਤੇ ਇਸਦੀ ਅਗਵਾਈ ਡਾ. ਹਾਫਿਜ਼ ਮੁਹੰਮਦ ਬਸ਼ੀਰ ਨੇ ਘੋੜੇ ਤੇ ਚੜ੍ਹਕੇ ਕੀਤੀ। ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਮਾਇਲਜ਼ ਇਰਵਿੰਗ ਉਸ ਸਮੇਂ ਕਟੜਾ ਆਹਲੂਵਾਲੀਆ ਵਿਚ ਸਥਿੱਤ ਅਲਾਹਾਬਾਦ ਬੈਂਕ ਦੀ ਉੱਪਰਲੀ ਗੈਲਰੀ ਵਿਚ ਖੜ੍ਹਾ ਦੇਖ ਰਿਹਾ ਸੀ। ਬਸ਼ੀਰ ਦੇ ਘੋੜੇ ਪਿੱਛੇ ਸਾਇਕਲਾਂ ਦਾ ਜੱਥਾ ਸੀ। ਇਸ ਤੋਂ ਇਲਾਵਾ ਮੌਲਵੀ ਗੁਲਾਮ ਜਿਲਾਨੀ ਦਾ ਤਿਆਰ ਕੀਤਾ 15 ਮੁਸਲਮਾਨ ਨੌਜਵਾਨਾ ਦਾ ਜੱਥਾ ਸੀ ਜਿਹੜੇ ਬੈਂਡ ਵਾਲੇ ਮੁਸਲਮਾਨ ਲੱਗਦੇ ਸਨ। ਉਨ੍ਹਾਂ ਕੋਲ ਕੋਈ ਸਾਜ਼ ਨਹੀਂ ਸੀ ਸਗੋਂ ਹੱਥਾਂ ਨਾਲ ਤਾੜੀਆਂ ਵਜਾਕੇ ਆਕਰਸ਼ਕ ਰਿਦਮ ਪੈਦਾ ਕਰ ਰਹੇ ਸਨ। ਇਸ ਬਾਰੇ ਬਾਅਦ ਵਿਚ ਬਣੀ ਹੰਟਰ ਕਮੇਟੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਮ ਨੌਮੀਂ ਦੇ ਜਲੂਸ ਵਿਚ ਮੁਸਲਮਾਨਾਂ ਨੇ ਮਠਿਆਈਆਂ ਵੰਡੀਆਂ ਅਤੇ ਸ਼ਬੀਲਾਂ ਲਾਈਆਂ, ਹਿੰਦੂਆਂ ਨੇ ਉਨ੍ਹਾਂ ਭਾਂਡਿਆਂ ਵਿੱਚੋਂ ਪਾਣੀ ਪੀਤਾ ਜਿਹੜੇ ਮੁਸਲਮਾਨਾਂ ਨੇ ਫੜੇ ਹੋਏ ਸਨ। ਜਲੂਸ ਵਿਚ ‘ਦੇਵੀ ਦੇਵਤਿਆਂ’ ਦੀ ਥਾਂ ‘ਹਿੰਦੂ ਮੁਸਲਮ ਏਕਤਾ’ ਦੇ ਨਾਹਰੇ ਲੱਗ ਰਹੇ ਸਨ। ਬਟਾਲੇ ਵਿਚ ਕੱਪੜਿਆਂ ਉੱਪਰ ਸ਼੍ਰੀ ਰਾਮ ਅਤੇ ਅੱਲ੍ਹਾ ਦੇ ਨਾਲ ਓਮ ਲਿਖਿਆ ਹੋਇਆ ਸੀ। ਏਸੇ ਤਰ੍ਹਾਂ ਲਹੌਰ ਵਿਚ ਦੋਹਾਂ ਧਰਮਾਂ ਦੇ ਲੋਕਾਂ ਨੇ ਸਾਂਝੀਆਂ ਸ਼ਬੀਲਾਂ ਲਾਈਆਂ ਅਤੇ ਇੱਕੋ ਘੜੇ ਦਾ ਪਾਣੀ ਪੀਤਾ।
ਭਾਈਚਾਰਕ ਸਾਂਝ ਦਾ ਹੇਠਾਂ ਤੱਕ ਏਨਾ ਡੂੰਘਾ ਚਲੇ ਜਾਣਾ ਸਰਕਾਰ ਲਈ ਬੜਾ ਦੁੱਖਦਾਈ ਅਤੇ ਪ੍ਰੇਸ਼ਾਨ ਕਰਨ ਵਾਲਾ ਸੀ। ਕਿਉਂਕਿ ਕੋਈ ਵੀ ਲੁਟੇਰੀ ਸੱਤਾ ਲੋਕਾਂ ਦੀ ਦੁਫੇੜ ਤੇ ਹੀ ਟਿਕੀ ਹੋਈ ਹੁੰਦੀ ਹੈ। ਕਾਂਗਰਸ ਦੀ ਪੜਤਾਲੀਆ ਕਮੇਟੀ ਸਾਹਮਣੇ, ਮੌਕੇ ਦੇ ਇਕ ਗਵਾਹ ਨੇ ਦੱਸਿਆ ਕਿ ਜਲੂਸ ਦੇਖ ਰਿਹਾ ਡਿਪਟੀ ਕਮਿਸ਼ਨਰ ਬਹੁਤ ਉਤੇਜਤ ਹੋਇਆ ਪਿਆ ਸੀ। ਜਦੋਂ ਉਸਨੂੰ ਪੀਣ ਲਈ ਸੋਢੇ ਦਾ ਗਲਾਸ ਫੜਾਇਆ ਗਿਆ ਤਾਂ ਉਸਦੇ ਹੱਥ ਕੰਬ ਰਹੇ ਸਨ। ਲੋਕਾਂ ਦੀ ਧਾਰਮਿਕ ਅਤੇ ਸਭਿਆਚਾਰਕ ਏਕਤਾ ਸਰਕਾਰਾਂ ਨੂੰ ਕੰਬਣੀਆਂ ਛੇੜ ਦਿੰਦੀ ਹੈ। ਜਦੋਂ ਕਿ ਧਾਰਮਿਕ ਅਤੇ ਸਭਿਆਚਾਰਕ ਦੁਫੇੜ ਸੱਤਾ ਦੀ ਸਥਿਰਤਾ ਲਈ ਪੱਕੀ ਨੀਂਹ ਦਾ ਕੰਮ ਕਰਦੀ ਹੈ। ਅੰਗਰੇਜ਼ ਸਾਮਰਾਜ ਦਾ ਮਹੱਲ ਵੀ ਇਸੇ ਨੀਂਹ ਉੱਤੇ ਹੀ ਖੜ੍ਹਾ ਸੀ ਜਿਹੜਾ ਹੁਣ ਡੋਲ ਰਿਹਾ ਨਜ਼ਰ ਆ ਰਿਹਾ ਸੀ। ਜਿਸ ਦੀ ਮਜ਼ਬੂਤੀ ਲਈ ਉਸਨੇ ਏਨੇ ਵਰ੍ਹੇ ਨਿਰੰਤਰ ਮਿਹਨਤ ਕੀਤੀ ਸੀ, ਟਾਊਟਾਂ ਦੀਆਂ ਨਵੀਂਆਂ ਜਮਾਤਾਂ ਪੈਦਾ ਕੀਤੀਆਂ ਸਨ, ਜ਼ਮੀਨਾ, ਅਹੁਦੇ ਅਤੇ ਤਮਗੇ ਵੰਡੇ ਸਨ, ਧਰਮ ਅਧਾਰਤ ਚੋਣ ਹਲਕੇ ਅਤੇ ਰੈਜਮੈਂਟਾਂ ਬਣਾਈਆਂ ਸਨ। ਸਾਮਰਾਜ ਏਨੇ ਵਰ੍ਹਿਆਂ ਤੋਂ ਭਾਰਤੀ ਲੋਕਾਂ ਦੀਆਂ ਧਾਰਮਿਕ ਅਤੇ ਸਭਿਆਚਾਰਕ ਵਿਰੋਧਤਾਈਆਂ ਨੂੰ ਸਿੰਜਦਾ ਆ ਰਿਹਾ ਸੀ। ਸੰਪ੍ਰਦਾਇਕ ਏਕਤਾ ਅਤੇ ਭੀੜ ਦੇ ਸ਼ਾਂਤਮਈ ਰਹਿਣ ਨੇ ਸਭ ਠੁੱਸ ਕਰ ਦਿੱਤਾ ਸੀ। ਸੱਤਾ ਦੀ ਰਣਨੀਤੀ ਚਿੱਤ ਹੋਈ ਪਈ ਦੇਖਕੇ ਸਾਮਰਾਜੀ ਹੱਥਾਂ ਦਾ ਕੰਬਣਾ ਸੁਭਾਵਕ ਹੀ ਸੀ। ਜਿਸ ਤੋਂ ਭਲੀਭਾਂਤ ਜਾਣਿਆ ਜਾ ਸਕਦਾ ਹੈ ਕਿ ਲੋਕਾਂ ਦੀ ਸੰਪ੍ਰਦਾਇਕ ਤੇ ਸਭਿਆਚਾਰਕ ਏਕਤਾ ਤੇ ਅਹਿੰਸਕ ਇੱਕਸੁਰਤਾ ਜ਼ਾਲਿਮ ਤੋਂ ਜ਼ਾਲਿਮ ਤਾਨਾਸ਼ਾਹ ਸੱਤਾ ਨੂੰ ਵੀ ਉਖਾੜ ਸੁੱਟਣ ਦੇ ਸਮੱਰਥ ਹੁੰਦੀ ਹੈ।
ਭਾਰਤੀ ਸਮਾਜ ਵਿਚ ਵੰਡ ਸਾਮਰਾਜ ਨੇ ਪੈਦਾ ਨਹੀਂ ਕੀਤੀ ਸੀ। ਭਾਰਤੀ ਸਮਾਜ ਵਿਚ ਵੰਡੀਆਂ ਪਹਿਲਾਂ ਹੀ ਸਨ ਪਰ ਲੋਕ ਇਕ ਦੂਜੇ ਦੇ ਦੁਸ਼ਮਣ ਕਦੇ ਨਹੀਂ ਸਨ। ਉਸ ਤਰ੍ਹਾਂ ਦੀ ਫਿਰਕੂ ਸਥਿੱਤੀ ਵੀ ਕਦੇ ਨਹੀਂ ਸੀ ਜਿਹੜੀ ਸਾਮਰਾਜ ਨੇ ਪੈਦਾ ਕਰ ਦਿੱਤੀ ਸੀ । ਰਾਮ ਨੌਮੀਂ ਵਾਲੇ ਦਿਨ ਇਕ ਧਰਮ ਦੇ ਲੋਕਾਂ ਨੇ ਦੂਜੇ ਧਰਮ ਦੀਆਂ ਰਹੁ ਰੀਤਾਂ ਵਿਚ ਗਰਮ ਜੋਸ਼ੀ ਨਾਲ ਹਿੱਸਾ ਲਿਆ ਜੋ ਰਸਮੀਂ ਨਹੀਂ ਸੀ ਸਗੋਂ ਭਾਵਕ ਸੀ । ਲੋਕਾਂ ਦੀ ਅਜਿਹੀ ਕਾਰਵਾਈ ਸ਼ਾਇਦ ਪਹਿਲੀ ਵਾਰ ਹੀ ਦੇਖੀ ਗਈ ਸੀ ਜਿਸਦਾ ਅੰਗਰੇਜ਼ ਸਾਮਰਾਜ ਨੇ ਕਦੇ ਸੁਪਨਾ ਵੀ ਨਹੀਂ ਲਿਆ ਸੀ।
ਸਾਮਰਾਜ ਨੇ ਆਪਣੀ ਰਣਨੀਤਕ ਅਤੇ ਰਾਜਨੀਤਕ ਹਾਰ ਦਾ ਬਦਲਾ ਲੈਣ ਲਈ ਦੂਜਾ ਰੂਪ ਦਿਖਾਉਣ ਦਾ ਪੱਕਾ ਮਨ ਬਣਾ ਲਿਆ ਸੀ। ਇਹ ਰੂਪ ਤਾਕਤ ਦੇ ਹੰਕਾਰ ਅਤੇ ਅਤਿਆਚਾਰ ਦਾ ਰੂਪ ਸੀ। ਇਸ ਵਾਸਤੇ ਬੜੀ ਕਰੂਰ ਯੋਜਨਾ ਅਮਲ ਵਿਚ ਲਿਆਂਦੀ ਗਈ। ਸਰਕਾਰ ਨੇ 9 ਅਪ੍ਰੈਲ ਦੀ ਸ਼ਾਮ ਨੂੰ ਹੀ ਡਾ. ਕਿਚਲੂ ਅਤੇ ਡਾ ਸਤਿਆਪਾਲ ਸਮੇਤ ਚਾਰ ਆਗੂਆਂ ਦੇ ਬੋਲਣ ਤੇ ਪਾਬੰਦੀ ਲਾ ਦਿੱਤੀ ਸੀ। ਅਗਲੇ ਦਿਨ 10 ਅਪ੍ਰੈਲ ਨੂੰ ਲੋਕਾਂ ਨੇ ਭਾਰੀ ਜਲੂਸ ਕੱਢਿਆ ਜਿਸ ਉੱਪਰ ਭਾਰੀ ਤਸ਼ੱਦਦ ਕੀਤਾ ਗਿਆ ਗੋਲੀ ਚਲਾਈ ਗਈ। ਗੁੱਸੇ ਵਿਚ ਆਈ ਭੀੜ ਹਿੰਸਕ ਹੋ ਗਈ ਜੋ ਸਰਕਾਰ ਦਾ ਮਨ ਭਾਉਂਦਾ ਅਸਲੀ ਨਿਸ਼ਾਨਾ ਸੀ। ਭੀੜ ਨੇ ਨਾ ਕੇਵਲ ਪੱਥਰਬਾਜ਼ੀ ਹੀ ਕੀਤੀ ਸਗੋਂ ਅੱਗਜ਼ਨੀ ਸ਼ੁਰੂ ਕਰ ਦਿੱਤੀ। ਨਿਸ਼ਾਨਾ ਸਰਕਾਰੀ ਜਾਇਦਾਦ, ਵਿਦੇਸ਼ੀ ਬੈਂਕਾਂ, ਚਰਚ ਅਤੇ ਗੋਰੇ ਅਫਸਰਾਂ ਨੂੰ ਬਣਾਇਆ ਗਿਆ। ਪ੍ਰਸ਼ਾਸਨ ਨੇ ਲੋਕਾਂ ਉਪਰ ਮੋੜਵਾਂ ਤਸ਼ੱਦਦ ਕੀਤਾ ਜੋ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਸੀ। ਮੇਜਰ ਮੈਕਡੌਨਲਡ ਨੇ ਕਹਿ ਦਿੱਤਾ ਕਿ ਹਾਲਾਤ ਉਹਦੇ ਕੰਟਰੋਲ ਤੋਂ ਬਾਹਰ ਹੋ ਗਏ ਹਨ । ਨਤੀਜੇ ਵਜੋਂ ਅੰਮ੍ਰਿਤਸਰ ਸ਼ਹਿਰ ਉੱਪਰ ਬੰਬਾਰੀ ਕਰਨ ਦੀ ਯੋਜਨਾ ਬਣਾ ਲਈ ਗਈ ਅਤੇ 11 ਅਪ੍ਰੈਲ ਨੂੰ ਇਸ ਕਾਰਵਾਈ ਦੀ ਪੂਰੀ ਸੰਭਾਵਨਾ ਸੀ ਪਰ ਇਹ ਸੋਚ ਕੇ ਰੱਦ ਕਰ ਦਿੱਤੀ ਗਈ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਸ਼ਹਿਰ ਹੋਣ ਕਾਰਨ ਸਿੱਖ ਪਲਟਣਾਂ ਬਾਗੀ ਹੋ ਜਾਣਗੀਆਂ। ਬ੍ਰਗੇਡੀਅਰ ਜਨਰਲ ਡਾਇਰ ਅੰਮ੍ਰਿਤਸਰ ਪਹੁੰਚ ਗਿਆ। ਅਤਿਆਚਾਰ ਨਿਸ਼ਚਿਤ ਸੀ । ਉਸਨੂੰ 12 ਅਪ੍ਰੈਲ ਦੀ ਸ਼ਾਮ ਨੂੰ ਹੀ ਸ਼ਿਮਲਾ ਤੋਂ ਫੋਨ ਆ ਗਿਆ ਸੀ ਕਿ ਅਗਰ ਗੋਲੀ ਚਲਾਉਣੀ ਪਈ ਤਾਂ ਕਸਰ ਨਾ ਰਹਿਣ ਦੇਵੇ। ਇਤਿਹਾਸਕਾਰਾਂ ਵੱਲੋਂ ਸ਼ੱਕ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਬਾਗ ਦੀ ਚਾਰਦਿਵਾਰੀ ਅੰਦਰ ਇੱਕੱਠੇ ਕਰਕੇ ਸਬਕ ਸਿਖਾਉਣ ਦੀ ਬਕਾਇਦਾ ਸਾਜ਼ਸ਼ ਰੱਚੀ ਗਈ ਸੀ ਅਤੇ ਇਸ ਸਾਜ਼ਿਸ਼ ਨੂੰ ਅੰਜਾਮ ਹੰਸ ਰਾਜ ਰਾਹੀਂ ਦਿੱਤਾ ਗਿਆ ਸੀ। ਵਿਸਾਖੀ ਵਾਲੇ ਦਿਨ ਜੋ ਕੁਝ ਜੱਲ੍ਹਿਆਂ ਵਾਲੇ ਬਾਗ ਦੀ ਚਾਰ ਦਿਵਾਰੀ ਦੇ ਅੰਦਰ ਹੋਇਆ ਉਹ ਹੁਣ ਬੱਚਾ-ਬੱਚਾ ਜਾਣਦਾ ਹੈ। ਪ੍ਰੰਤੂ ਸਮਝਣ ਵਾਲੀ ਗੱਲ ਇਹ ਹੈ ਕਿ ਸੱਤਾ ਦੇ ਦਲਾਲ, ਟਾਊਟ ਅਤੇ ਪਿੱਠੂ ਕਿਸ ਪ੍ਰਕਾਰ ਸਾਜ਼ਿਸ਼ ਦਾ ਹਿੱਸਾ ਬਣਦੇ ਅਤੇ ਭੂਮਿਕਾ ਨਿਭਾਉਂਦੇ ਹਨ। ਖੂੰਨ ਖਰਾਬੇ ਨੂੰ ਹੀ ੳਤਸ਼ਾਹਤ ਹੀ ਨਹੀਂ ਕਰਦੇ ਸਗੋਂ ਹਤਿਆਰੇ ਦੇ ਹੱਥਾਂ ਤੋਂ ਲਹੂ ਧੋਣ ਵਿਚ ਵੀ ਮਾਣ ਮਹਿਸੂਸ ਕਰਦੇ ਹਨ। ਸੁੰਦਰ ਸਿੰਘ ਮਜੀਠੀਆ ਅਤੇ ਦਰਬਾਰ ਸਾਹਿਬ ਦੇ ਸਰਬਰਾਹ ਜਥੇਦਾਰ ਅਰੂੜ ਸਿੰਘ ਦਾ ਲਿਖਿਆ ਕਾਲਾ ਅਧਿਆਏ ਵੀ ਸਭ ਦੀ ਜ਼ੁਬਾਨ ਤੇ ਹੈ ਜਦੋਂ ਉਸਨੇ ਸੈਂਕੜੇ ਮਸੂਮਾਂ ਦੇ ਕਾਤਲ ਜਨਰਲ ਡਾਇਰ ਨੂੰ ਸਿੱਖ ਸਜਾਉਣ ਲਈ ਤਰਲੇ ਕੀਤੇ । ਇਹ ਸੱਚੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੁਮਰਾਹ ਕਰਨ ਦੀ ਕਾਰਵਾਈ ਸੀ ਜੋ ਸਫਲ ਨਾ ਹੋਈ ।
ਸਰਕਾਰਾਂ ਦੇ ਅਤਿਆਚਾਰੀ ਕਿਰਦਾਰ ਦੀ ਗੱਲ ਕਰਨ ਤੋਂ ਪਹਿਲਾਂ ਮਹਾਤਮਾਂ ਗਾਂਧੀ ਦੀ ਭੂਮਿਕਾ ‘ਤੇ ਟਿੱਪਣੀ ਕੀਤੇ ਬਿਨਾਂ ਵੀ ਸਥਿਤੀ ਬਾਰੇ ਸਮਝ ਅਸਪੱਸ਼ਟ ਹੀ ਰਹੇਗੀ । ਜਿਵੇਂ ਕਿ ਉੱਪਰ ਦੱਸਿਆ ਹੈ ਕਿ ਮਹਾਤਮਾਂ ਗਾਂਧੀ ਨੇ 30 ਮਾਰਚ ਦੀ ਹੜਤਾਲ ਦਾ ਸੱਦਾ ਦੇ ਕੇ 6 ਅਪ੍ਰੈਲ ਤੱਕ ਮੁਲਤਵੀ ਕੀਤਾ। ਫਿਰ ਕਾਂਗਰਸ ਕਮੇਟੀ ਨੇ 6 ਅਪ੍ਰੈਲ ਨੂੰ ਹੜਤਾਲ ਨਾ ਕਰਨ ਦੀ ਅਪੀਲ ਕੀਤੀ। ਲੋਕਾ ਨੇ ਇਨ੍ਹਾਂ ਸੱਦਿਆਂ ਨੂੰ ਉੱਕਾ ਹੀ ਰੱਦ ਕਰ ਦਿੱਤਾ ਸੀ ਪਰ ‘ਮਹਾਤਮਾ ਗਾਂਧੀ ਕੀ ਜੈ’ ਦੇ ਨਾਹਰੇ ਲਾਉਂਦੇ ਰਹੇ। ਦੂਜੇ ਪਾਸੇ 10 ਅਪ੍ਰੈਲ ਦੀ ਹਿੰਸਾ ਤੋਂ ਬਾਅਦ ਮਹਾਤਮਾ ਗਾਂਧੀ ਨੇ ਆਪਣੇ ਆਪ ਨੂੰ 6 ਅਪ੍ਰੈਲ ਤੇ 10 ਅਪ੍ਰੈਲ ਦੀਆਂ ਹੜਤਾਲਾਂ ਤੋਂ ਅਲੱਗ ਕਰ ਲਿਆ ਤੇ ਅੰਤ ਅੰਦੋਲਨ ਹੀ ਵਾਪਸ ਲੈ ਲਿਆ। ਇਸ ਬਾਰੇ ਉੱਡਵਾਇਰ ਦੀਆਂ ਟਿੱਪਣੀਆਂ ਹੀ ਸਥਿੱਤੀ ਨੂੰ ਸਪੱਸ਼ਟ ਕਰਨ ਲਈ ਕਾਫੀ ਹਨ। ਉਡਵਾਇਰ ਕਹਿੰਦਾ ਹੈ ਕਿ ਮਹਾਤਮਾਂ ਗਾਂਧੀ ਨੂੰ ਇਨ੍ਹਾਂ ਲਹਿਰਾਂ ਨੇ ਆਪਣੇ ਅੰਦਰ ਘਸੀਟ ਲਿਆ ਸੀ। ਉਹ ਫਿਰ ਕਹਿੰਦਾ ਹੈ ਕਿ ਗਾਂਧੀ ਗਰਮਦਲੀ ਰਾਜਨੀਤੀ ਨੂੰ ਕਾਬੂ ਰੱਖਣ ਦੀ ਥਾਂ ਆਪ ਹੀ ਇਸ ਵਿਚ ਖਿੱਚਿਆ ਗਿਆ ਜਿਸ ਕਰਕੇ ਰੌਲਟ ਐਕਟ ਵਿਰੋਧੀ ਸ਼ਕਤੀਆਂ ਦਾ ਅੰਦੋਲਨ ਤੇ ਕਬਜ਼ਾ ਹੋ ਗਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਲੋਕ ਲਹਿਰ ਜਦੋਂ ਚਾਲ ਫੜ ਲੈਂਦੀ ਹੈ ਅਤੇ ਸੰਘਰਸ਼ਾਂ ਦੀ ਕਾਂਗ ਚੜ੍ਹ ਜਾਂਦੀ ਹੈ ਤਾਂ ਉਸਨੂੰ ਵੱਡੇ ਤੋਂ ਵੱਡਾ ਆਗੂ ਵੀ ਮੱਠਾ ਨਹੀਂ ਕਰ ਸਕਦਾ।
ਦੁਫੇੜ ਦੀ ਨੀਤੀ ਤੇ ਵਿਚਾਰ ਕਰਨ ਉਪਰੰਤ ਸਾਡੇ ਵਿਸ਼ੇ ਦਾ ਦੂਜਾ ਮਹੱਤਵਪੂਰਨ ਪੱਖ ਸੱਤਾ ਦੀ ਦਹਿਸ਼ਤਗਰਦੀ ਅਤੇ ਲੋਕਾਂ ਨੂੰ ਭੈਅਭੀਤ ਕਰਕੇ ਰੱਖਣ ਦੀ ਨੀਤੀ ਹੈ । ਹਰ ਸੱਤਾ ਹੈਂਕੜ ਅਤੇ ਤਾਕਤ ਦੀ ਬੇਲਗਾਮ ਵਰਤੋਂ ਨਾਲ ਹੀ ਰਾਜ ਕਰਦੀ ਹੈ । ਉਹ ਓਦੋਂ ਹੀ ਤਾਕਤ ਵਰਤਣ ਤੋਂ ਗੁਰੇਜ਼ ਕਰਦੀ ਹੈ ਜਦੋਂ ਉਸਦਾ ਆਪਣਾ ਹੀ ਰਾਜ ਚਲੇ ਜਾਣ ਦਾ ਡਰ ਹੋਵੇ । ਜਿਵੇਂ 11 ਅਪ੍ਰੈਲ ਨੂੰ ਅੰਮ੍ਰਿਤਸਰ ਸ਼ਹਿਰ ਉੱਪਰ ਬੰਬਾਰੀ ਹੋਣ ਤੋਂ ਟਾਲਾ ਵੱਟਿਆ ਗਿਆ। ਸੱਤਾ ਲੋਕਾਂ ਉੱਪਰ ਮਾਨਸਿਕ ਦਬਾਅ ਵਧਾਉਣ ਲਈ ਉਨ੍ਹਾਂ ਦੇ ਮਨਾਂ ਵਿਚ ਡਰ ਬੈਠਾਉਣ ਲਈ ਅਤਿਆਚਾਰ ਕਰਦੀ ਹੈ। ਬੇਕਿਰਕੀ ਨਾਲ ਖੂਨ-ਖਰਾਬਾ ਕਰਦੀ ਹੈ । ਲੁਟੇਰੇ ਹਿੱਤਾ ਦੀ ਰਾਖੀ ਕਰਨ ਵਾਲੀ ਹਰ ਸਰਕਾਰ ਨਿਰਦਈ ਅਤੇ ਜ਼ਾਲਮ ਹੁੰਦੀ ਹੈ। ਬਰਤਾਨਵੀ ਰਾਜ ਦਾ ਇਤਿਹਾਸ ਵੀ ਜ਼ੁਲਮ ਦੀਆਂ ਦਿਲ ਪਸੀਜ਼ਵੀਆਂ ਘਟਨਾਵਾਂ ਦੀ ਕਹਾਣੀ ਹੈ ਅਤੇ ਜੱਲ੍ਹਿਆਵਾਲਾ ਬਾਗ ਉਸਦੀ ਸਿਖਰ ਸੀ। ਇਹ ਕਹਾਣੀ 1857 ਦੇ ਗ਼ਦਰ ਨਾਲ ਹੀ ਸਿਖਰਾਂ ਵੱਲ ਜਾਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਉਸਨੇ ਬਾਗ਼ੀ ਸਿਪਾਹੀਆਂ ਨੂੰ ਸਜ਼ਾਵਾਂ ਦੇਣੀਆਂ ਅਰੰਭ ਕੀਤੀਆਂ ਸਨ। ਲੋਕਾਂ ਦੀ ਹਾਜ਼ਰੀ ਵਿਚ ਦਰੱਖਤਾਂ ਨਾਲ ਲਟਕਾ ਕੇ ਫਾਂਸੀ ਦੇਣ ਰਾਹੀਂ ਮੌਤ ਦੀਆਂ ਸਜ਼ਾਵਾਂ ਵਰਗੀਆਂ ਦਿੱਤੀਆਂ ਗਈਆਂ। ਮੇਜਰ ਜੇਮਜ਼ ਬ੍ਰਾਂਈਡ ਨੇ ਆਪਣੀ ਸਿੱਧੀ ਨਿਗਰਾਨੀ ਹੇਠ 200 ਸਿਪਾਹੀਆਂ ਨੂੰ ਅੱਧਮੋਏ ਕਰਕੇ ਕਾਲਿਆਂ ਵਾਲੇ ਖੂਹ ਵਿਚ ਸੁਟਵਾਕੇ ਖੂਹ ਮਿੱਟੀ ਨਾਲ ਪੂਰ ਦਿੱਤਾ। ਕੋਵਨ ਨੇ 68 ਕੂਕਿਆਂ ਨੂੰ ਖੁਲ੍ਹੇ ਮੈਦਾਨ ਵਿਚ ਤੋਪਾਂ ਨਾਲ ਉਡਾ ਦਿੱਤਾ ਗਿਆ। ਗ਼ਦਰੀ ਬਾਬਿਆਂ ਅਤੇ ਦੂਜੇ ਦੇਸ਼ ਭਗਤਾਂ ਉੱਤੇ ਜੇਲ੍ਹਾਂ ਅੰਦਰ ਕੀਤੇ ਜ਼ੁਲਮਾਂ ਦੀਆਂ ਘਟਨਾਵਾਂ ਵੀ ਬੇਅੰਤ ਦਰਦਨਾਕ ਹਨ । ਸੱਤਾ ਜੇਕਰ ਕਿਸੇ ਸਮੇਂ ਜੁਲਮ ਨੂੰ ਮੁਲਤਵੀ ਕਰਦੀ ਹੈ ਤਾਂ ਇਹ ਉਸਦੀ ਤਰਸ ਦੀ ਭਾਵਨਾ ਨਹੀਂ ਹੁੰਦੀ ਸਗੋਂ ਗੱਦੀਓਂ ਲਹਿ ਜਾਣ ਦਾ ਡਰ ਹੁੰਦਾ ਹੈ ਜਾਂ ਖੁਦ ਹੀ ਮੌਤ ਦੇ ਮੂੰਹ ਵਿਚ ਚਲੇ ਜਾਣ ਦਾ ਖ਼ੌਫ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ 1947 ਵਿਚ ਜਦੋਂ ਨੇਵੀ ਦੇ ਕਰਾਂਤੀਕਾਰੀਆਂ ਨੇ ਬੇੜੇ ਤੇ ਤਿਰੰਗਾ ਝੁਲਾਇਆ ਤਾਂ ਬੇਤਹਾਸ਼ਾ ਸ਼ਕਤੀ ਹੋਣ ਦੇ ਬਾਵਜੂਦ ਬਰਤਾਨਵੀ ਸਾਮਰਾਜ ਨੇ ਸਮੁੰਦਰੀ ਬੇੜੇ ਵਿਰੁੱਧ ਕਾਰਵਾਈ ਕਰਨ ਦਾ ਸਾਹਸ ਨਹੀਂ ਕੀਤਾ। ਸਗੋਂ ਉਨ੍ਹਾਂ ਸਾਹਮਣੇ ਤਾਂ ਅੰਗਰੇਜ਼ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰਤ ਵਿੱਚੋਂ ਸਹੀਸਲਾਮਤ ਕੱਢ ਲਿਜਾਣਾ ਵਡੇਰੀ ਚਿੰਤਾ ਦਾ ਵਿਸ਼ਾ ਸੀ।
ਇਸ ਤਰ੍ਹਾਂ ਜਲ੍ਹਿਆਂ ਵਾਲੇ ਬਾਗ ਦੇ ਘੱਲੂਘਾਰੇ ਦੀ ਬਰਸੀ ਮਨਾਉਂਦਿਆਂ ਬਰਤਾਨਵੀ ਸੱਤਾ ਦੇ ਦੋ ਕਿਰਦਾਰਾਂ, ਜੋ ਹਰ ਸੱਤਾ ਦੇ ਹੁੰਦੇ ਹਨ, ਨੂੰ ਤਾਜ਼ਾ ਕਰ ਲੈਂਦੇ ਹਾਂ। ਪਹਿਲਾ: ਸੱਤਾ ਲੋਕਾਂ ਦੀ ਧਾਰਮਿਕ ਅਤੇ ਸਭਿਆਚਾਰਕ ਏਕਤਾ, ਇਕਸੁਰਤਾ ਅਤੇ ਅਹਿੰਸਕ ਸਰਗਰਮੀ ਤੋਂ ਭੈਅਭੀਤ ਹੋ ਜਾਂਦੀ ਹੈ ਅਤੇ ਲੋਕਾਂ ਦੀ ਹਿੰਸਾ ਸੱਤਾ ਨੂੰ ਬਲ ਬਖਸ਼ਦੀ ਹੈ। ਸੱਤਾ ਖੁਦ ਆਮ ਲੋਕਾਂ ਨੂੰ ਭੈਅਭੀਤ ਕਰਕੇ ਰੱਖਦੀ ਹੈ ਅਤੇ ਉਨ੍ਹਾਂ ਉੱਪਰ ਮਾਨਸਿਕ ਦਬਾਓ ਬਣਾਕੇ ਰੱਖਣ ਲਈ ਅੱਤਿਆਚਾਰ ਦਾ ਸਹਾਰਾ ਲੈਂਦੀ ਹੈ। ਉਸ ਵਿਚ ਦੈਯਾ ਜਾਂ ਤਰਸ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਦੂਜਾ: ਲੋਕ ਜਦੋਂ ਪਰਿਵਰਤਨ ਦੇ ਇਰਾਦੇ ਨਾਲ ਘਰਾਂ ਤੋਂ ਨਿਕਲ ਪੈਂਦੇ ਹਨ ਤਾਂ ਉਨ੍ਹਾਂ ਨੂੰ ਜ਼ੁਲਮ ਦੀ ਕਿਸੇ ਵੀ ਡਿਗਰੀ ਨਾਲ ਮੋੜ ਕੇ ਘਰਾਂ ਵਿਚ ਨਹੀਂ ਵਾੜਿਆ ਜਾ ਸਕਦਾ। ਉਹ ਸਗੋਂ ਆਪਣੇ ਸ਼ਹੀਦਾਂ ਨੂੰ ਮੋਢਿਆਂ ਤੇ ਉਠਾ ਕੇ ਅੱਗੇ ਹੀ ਅੱਗੇ ਵੱਧਦੇ ਜਾਂਦੇ ਹਨ। ਉਹ ‘ਜਬੈ ਬਾਣ ਲਾਗੇ ਤਬੈ ਰੋਸ ਜਾਗੇ’ ਦੇ ਸਿਧਾਂਤ ਤੇ ਚੱਲਦੇ ਹਨ । ਦੇਰ ਜਾਂ ਸਵੇਰ, ਅੰਤਮ ਹਾਰ ਸੱਤਾ ਦੀ ਹੀ ਹੁੰਦੀ ਹੈ। ਜੱਲ੍ਹਿਆਂ ਵਾਲਾ ਬਾਗ਼ ਸਾਨੂੰ ਇਹ ਹੀ ਸਿਖਾਉਂਦਾ ਹੈ।

Scroll To Top