ਸਿੰਘੂ ਬਾਰਡਰ, 7 ਜੂਨ (ਸੰਗਾਰਮੀ ਲਹਿਰ ਬਿਊਰੋ)- ਟੋਹਾਣਾ (ਹਰਿਆਣਾ) ਦੇ ਥਾਣੇ ‘ਚ ਜਾਰੀ ਧਰਨੇ ਦੇ ਤੀਜੇ ਦਿਨ ਗ੍ਰਿਫਤਾਰ ਕਿਸਾਨ ਮੱਖਣ ਸਿੰਘ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਬਾਕੀ ਮੰਗਾਂ ਵੀ ਮੰਨ ਲਈਆਂ ਹਨ। ਕਿਸਾਨਾਂ ਖ਼ਿਲਾਫ਼ ਦਰਜ਼ ਕੇਸ ਵਾਪਿਸ ਲਏ ਜਾਣਗੇ।
ਵੱਡੀ ਗਿਣਤੀ ‘ਚ ਕਿਸਾਨ ਲਗਾਤਾਰ ਡਟੇ ਹੋਏ ਸਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸਮੇਤ ਹਜ਼ਾਰਾਂ ਕਿਸਾਨਾਂ ਨੇ 6 ਅਤੇ 7 ਜੂਨ 2021 ਦੀ ਵਿਚਕਾਰਲੀ ਰਾਤ ਥਾਣੇ ਵਿਚ ਬਤੀਤ ਕੀਤੀ।
ਕਿਸਾਨਾਂ ਵੱਲੋਂ ਸੂਬੇ ਭਰ ‘ਚ ਥਾਣਿਆਂ ਦੇ ਘਿਰਾਓ ਦਾ ਪ੍ਰੋਗਰਾਮ ਘੋਸ਼ਿਤ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਅੱਧੀ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨੌਜਵਾਨ ਕਿਸਾਨ ਆਗੂਆਂ ਰਵੀ ਆਜ਼ਾਦ ਅਤੇ ਵਿਕਾਸ ਸੀਸਰ ਨੂੰ ਰਿਹਾਅ ਕਰ ਦਿੱਤਾ ਸੀ।
ਦੋਵੇਂ ਕਿਸਾਨ ਆਗੂ ਅੱਜ ਸਵੇਰੇ ਟੋਹਾਣਾ ਥਾਣੇ ਵਿਖੇ ਰੋਸ ਪ੍ਰਦਰਸ਼ਨ ਕਰਨ ਪਹੁੰਚੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸਿਰਸਾ, ਫਤਿਹਾਬਾਦ, ਜੀਂਦ ਅਤੇ ਹਿਸਾਰ ਜ਼ਿਲ੍ਹਿਆਂ ਤੋਂ ਕਿਸਾਨ ਵੱਡੀ ਗਿਣਤੀ ‘ਚ ਟੋਹਾਣਾ ਪਹੁੰਚੇ। ਕਿਸਾਨਾਂ ਨੇ ਟੈਂਟ ਗੱਡਦਿਆਂ, ਲੰਗਰ ਦੇ ਪੂਰੇ ਪ੍ਰਬੰਧ ਕਰਦਿਆਂ ਪੱਕੇ-ਧਰਨੇ ਦੀ ਤਿਆਰੀ ਵਿੱਢ ਦਿੱਤੀ ਸੀ।
4 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਲਿਆ ਕਿ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦਾ ਵਿਰੋਧ ਉਹਨਾਂ ਵੱਲੋਂ ਕੀਤੇ ਜਾਂਦੇ ਸਰਕਾਰੀ ਅਤੇ ਰਾਜਨੀਤਕ ਪ੍ਰੋਗਰਾਮਾਂ ਦੌਰਾਨ ਹੋਵੇਗਾ, ਨਾ ਨਿੱਜੀ ਸਮਾਗਮਾਂ (ਜਿਵੇਂ ਵਿਆਹ, ਸੰਸਕਾਰ ਆਦਿ) ਦੇ ਦੌਰਾਨ। ਮੋਰਚੇ ਨੇ ਦੁਹਰਾਇਆ ਕਿ ਵਿਰੋਧ ਦੌਰਾਨ ਕਾਲੇ ਝੰਡੇ ਲਹਿਰਾਏ ਜਾਣ, ਸ਼ਾਂਤਮਈ ਨਾਅਰੇਬਾਜ਼ੀ ਕੀਤੀ ਜਾਵੇ, ਪਰ ਵਿਰੋਧ-ਪ੍ਰਦਰਸ਼ਨ ਹਿੰਸਕ ਨਾ ਹੋਣ।
ਗਾਜ਼ੀਪੁਰ, ਸਾਹਜਹਾਂਪੁਰ, ਟਿਕਰੀ ਅਤੇ ਸਿੰਘੂ ਮੋਰਚਿਆਂ ‘ਚ ਕਿਸਾਨ ਲਗਾਤਾਰ ਵੱਡੇ ਕਾਫਲਿਆਂ ‘ਚ ਸ਼ਮੂਲੀਅਤ ਕਰ ਰਹੇ ਹਨ। ਅੰਬਾਲਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦੀ ਅਗਵਾਈ ‘ਚ ਵੱਡਾ ਕਾਫ਼ਲਾ ਸਿੰਘੂ ਪਹੁੰਚਿਆ। ਵਧੀ ਗਿਣਤੀ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਗਿਣਤੀ ਹੋਰ ਵੀ ਵਧਣ ਦੀ ਉਮੀਦ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਜਨਰਲ-ਬਾਡੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਕਿ 9 ਜੂਨ ਨੂੰ ਸਾਰੇ ਕਿਸਾਨੀ-ਮੋਰਚਿਆਂ ‘ਚ ਮੁਗਲ ਸਾਮਰਾਜ ਦੇ ਅੱਤਿਆਚਾਰ ਵਿਰੁੱਧ ਬਹਾਦਰੀ ਨਾਲ ਲੜਨ ਵਾਲੇ ਸਿੱਖ ਯੋਧਾ ਅਤੇ ਖਾਲਸਾ ਸੈਨਾ ਦੇ ਕਮਾਂਡਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ-ਦਿਵਸ ਮਨਾਇਆ ਜਾਵੇਗਾ।
ਬੰਦਾ ਸਿੰਘ ਬਹਾਦੁਰ ਨੇ ਪੰਜਾਬ ਵਿਚ ਜ਼ਿਮੀਂਦਰੀ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਸੀ। 9 ਜੂਨ, 1716 ਨੂੰ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਕਿਸਾਨਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ-ਦਿਹਾੜੇ ਮੌਕੇ ਯਾਦ ਕਰਦਿਆਂ ਆਪਣੇ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਦਾ ਪ੍ਰਣ ਕੀਤਾ ਜਾਵੇਗਾ।