ਕਾਰਲ ਮਾਰਕਸ ਦੇ ਅਨਿੰਨ ਸਹਿਯੋਗੀ, ਫਰੈਡਰਿਕ ਏਂਗਲਜ਼ ਦੀ ਦੂਜੀ ਜਨਮ ਸ਼ਤਾਬਦੀ (28 ਨਵੰਬਰ 1820-28 ਨਵੰਬਰ 2020) ਦੇ ਮੌਕੇ ਅਸੀਂ ਉਨ੍ਹਾਂ ਦੇ ਸ਼ਾਨਦਾਰ ਜੀਵਨ ਅਤੇ ਅਮਰ ਰਚਨਾਵਾਂ ਬਾਰੇ ਸੰਖੇਪ ਲਿਖਤ ਰਾਹੀਂ ਜਾਣਕਾਰੀ ਸਾਂਝੀ ਕਰਨ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਅਗਲੇ ਅੰਕਾਂ ‘ਚ ਉਕਤ ਵਿਸ਼ੇ ਬਾਬਤ ਹੋਰ ਲਿਖਤਾਂ ਵੀ ਸਾਂਝੀਆਂ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। – ਸੰਪਾਦਕੀ ਮੰਡਲ
ਇਸ ਵਰ੍ਹੇ ਆਪਾਂ ਕਿਰਤੀ ਸ਼੍ਰੇਣੀ ਦੇ ਮਹਾਨ ਚਿੰਤਕ ਤੇ ਰਹਿਬਰ ਫਰੈਡਰਿਕ ਏਂਗਲਜ਼ ਦੀ ਦੂਜੀ ਜਨਮ ਸ਼ਤਾਬਦੀ (200ਵਾਂਜਨਮ ਦਿਹਾੜਾ) ਮਨਾ ਰਹੇ ਹਾਂ। ਉਨ੍ਹਾਂ ਦਾ ਜਨਮ 28 ਨਵੰਬਰ 1820 ਨੂੰ ਇੱਕ ਅਮੀਰ ਖਾਨਦਾਨ ਵਿੱਚ ਜਰਮਨੀ ਵਿਖੇ ਹੋਇਆ ਅਤੇ ਦਿਹਾਂਤ 5 ਅਗਸਤ 1895 ਨੂੰ ਲੰਦਨ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਫਰੈਡਰਿਕ ਏਂਗਰਜ਼ (ਸੀਨੀਅਰ) ਅਤੇ ਮਾਤਾ ਦਾ ਨਾਂ ਐਲਿਜ਼ਾਬੈਥ ਇਲੀਜ਼ਾ ਸੀ।
ਉਹ ਬਾਕਮਾਲ ਦਾਰਸ਼ਨਿਕ, ਇਤਿਹਾਸਕਾਰ, ਰਾਜਨੀਤੀ ਸ਼ਾਸਤਰੀ ਅਤੇ ਸਮਾਜਵਾਦੀ ਕ੍ਰਾਂਤੀਕਾਰੀ ਵਜੋਂ ਜਾਣੇ ਅਤੇ ਸਤਿਕਾਰੇ ਜਾਂਦੇ ਹਨ। ਸਮੁੱਚੇ ਵਿਸ਼ਵ ਦੀ ਭਾਰੀ ਬਹੁਗਿਣਤੀ, ਥੁੜਾਂ ਮਾਰੀ ਵਸੋਂ ਦੀ, ਹਰ ਕਿਸਮ ਦੀ ਲੁੱਟ-ਚੋਂਘ ਤੋਂ ਮੁਕਤੀ ਅਤੇ ਸਰਵਪੱਖੀ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਦਾ ਮਾਰਗ ਦਰਸਾਉਂਦੇ, ਜਿਸ ਫਲਸਫੇ ਨੂੰ ਆਪਾਂ ‘ਮਾਰਕਸਵਾਦ’ ਦੇ ਨਾਂ ਨਾਲ ਜਾਣਦੇ- ਸਮਝਦੇ ਹਾਂ ਉਹ ਦਰਅਸਲ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦਾ ਸਾਂਝਾ ਅਧਿਐਨ ਅਤੇ ਖੋਜ ਕਾਰਜ ਹੈ।
1844 ਵਿੱਚ ਆਪਣੀ ਦੂਜੀ ਮੁਲਾਕਾਤ ਵਿੱਚ ਮਾਰਕਸ ਅਤੇ ਏਂਗਲਜ਼ ਐਸੇ ਗੂਹੜੇ ਮਿੱਤਰ ਬਣੇ ਕਿ ਜਿੰਦਗੀ ਭਰ ਵੱਖ ਨਹੀਂ ਹੋਏ। ਮਨੁੱਖੀ ਇਤਿਹਾਸ ਵਿੱਚ ਦੋਸਤੀ ਜਿਹੇ ਖੂਬਸੂਰਤ, ਪਾਕ-ਪਵਿੱਤਰ ਰਿਸ਼ਤੇ ਨੂੰ ਤੋੜ ਨਿਭਾਉਣ ਦੀਆਂ ਅਜਿਹੀਆਂ ਸ਼ਾਨਦਾਰ ਮਿਸਾਲਾਂ ਵਿਰਲੀਆਂ ਹੀ ਮਿਲਦੀਆਂ ਹਨ ।
ਏਂਗਲਜ਼ ਅਤੇ ਕਾਰਲ ਮਾਰਕਸ ਨੇ ਮਿਲ ਕੇ 1848 ਵਿੱਚ ਸੰਸਾਰ ਦੀ ਮਹਾਨ, ਯੁਗ ਪਲਟਾਊ ਕਿਰਤ ‘ਕਮਿਊਨਿਸਟ ਮੈਨੀਫੈਸਟੋ’ ਦੀ ਰਚਨਾ ਕੀਤੀ। ਕਿਰਤੀ ਜਮਾਤ ਦੀ ਬੰਦ ਖਲਾਸੀ ਦੇ ਫਲਸਫ਼ੇ, ਕਾਰਲ ਮਾਰਕਸ ਦੀ ਅਮਰ ਕਿਰਤ ‘ਦਾਸ ਕੈਪੀਟਲ’ (ਸਰਮਾਇਆ) ਦੀ ਦੂਜੀ ਅਤੇ ਤੀਜੀ ਜਿਲਦ( ਐਡੀਸ਼ਨ) ਦੇ ਸੰਪਾਦਕ ਵੀ ਉਹੀ ਹਨ। ਉਨ੍ਹਾਂ ਪੂੰਜੀਵਾਦ ਦੀ ਲੁੱਟ ਦੀ ਕੁੰਜੀ ‘ਵਾਧੂ ਕਦਰ ਦਾ ਸਿਧਾਂਤ’, ਜਿਸ ਨੂੰ ‘ਸਰਮਾਇਆ’ ( ਦਾਸ ਕੈਪੀਟਲ) ਦੀ ਚੌਥੀ ਜਿਲਦ ਵੀ ਕਿਹਾ ਜਾਂਦਾ ਹੈ, ਵੀ ਸੰਪਾਦਿਤ ਕੀਤੀ ਅਤੇ ਛਾਪੀ। ‘ਸਰਮਾਇਆ’ ਦੀ ਪਹਿਲ ਜਿਲਦ ਮੁਕੰਮਲ ਕਰਨ ਵਿੱਚ ਵੀ ਉਹ ਕਾਰਲ ਮਾਰਕਸ ਦੇ ਬਰਾਬਰ ਦੇ ਭਾਗੀਦਾਰ ਸਨ। ਇਸ ਸਿਲਸਿਲੇ ਦਾ ਹਸੀਨ ਪੱਖ ਇਹ ਹੈ ਕਿ ‘ਸਰਮਾਇਆ’ ਦੀ ਪਹਿਲੀ ਜਿਲਦ ਛਪਣ ਤੋਂ ਬਾਅਦ, ਏਂਗਲਜ਼ ਨੇ ਆਪਣਾ ਖੋਜ ਕਾਰਜ ਬਿਨਾਂ ਰੁਕਾਵਟ ਪੂਰਾ ਕਰਨ ਲਈ, ਕਾਰਲ ਮਾਰਕਸ ਨੂੰ ਬੇਮਿਸਾਲ ਵਿੱਤੀ ਇਮਦਾਦ, ਭਾਵਨਾਤਮਕ ਹੌਂਸਲਾ ਅਫਜ਼ਾਈ ਅਤੇ ਨਿੱਗਰ ਬੌਧਿਕ ਸਹਿਯੋਗ ਦਿੱਤਾ। ਸੱਚਾਈ ਇਹ ਹੈ ਕਿ ਜੇ ਏਂਗਲਜ਼ ਦੀ ਸਰਵਪੱਖੀ ਇਮਦਾਦ ਅਤੇ ਮਾਰਕਸ ਦੀ ਪਤਨੀ ਜੇਨੀ ਦੀ ਹੱਲਾਸ਼ੇਰੀ ਨਾ ਮਿਲਦੀ ਤਾਂ ਸ਼ਾਇਦ ਕਾਰਲ ਮਾਰਕਸ ਆਪਣੀ ਅਮਰ ਰਚਨਾ ‘ਸਰਮਾਇਆ’ ਮੁਕੰਮਲ ਕਰਨ ਦਾ ਕਾਰਜ ਸਿਰੇ ਨਾ ਚਾੜ੍ਹ ਸਕਦੇ ਅਤੇ ਹੋ ਸਕਦਾ ਹੈ ਮਨੁੱਖਤਾ ਇਸ ਮਹਾਨ ਲੱਭਤ ਤੋਂ ਹੋਰ ਲੰਮਾ ਸਮਾਂ ਵਾਂਝੀ ਰਹਿ ਜਾਂਦੀ।
‘ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪੱਤੀ’ ਅਤੇ ‘ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿੱਚ ਕਿਰਤ ਦਾ ਯੋਗਦਾਨ’ ਫਰੈਡਰਿਕ ਏਂਗਲਜ਼ ਦੀਆਂ ਸਦੀਵੀਂ ਮਹੱਤਵ ਵਾਲੀਆਂ ਰਚਨਾਵਾਂ ਹਨ।
ਇਸ ਤੋਂ ਬਿਨਾਂ ਉਨ੍ਹਾਂ ਨੇ ਵਡੇਰੇ ਮਹੱਤਵ ਵਾਲੀਆਂ ਪੁਸਤਕਾਂ ‘ਕਮਿਊਨਿਜ਼ਮ ਦੇ ਸਿਧਾਂਤ’, ‘ਜਰਮਨੀ ਵਿੱਚ ਕਿਸਾਨ ਯੁੱਧ’, ‘ਜਰਮਨੀ ਵਿੱਚ ਇਨਕਲਾਬ ਅਤੇ ਉਲਟ ਇਨਕਲਾਬ’, ‘ਘਰਾਂ ਦੀ ਸਮੱਸਿਆ’, ‘ਕੁਦਰਤ ਦਾ ਵਿਰੋਧ ਵਿਕਾਸ’, ‘ਲੁਡਵਿੰਗ ਫਾਇਰਬਾਖ਼ ਅਤੇ ਜਰਮਨੀ ਵਿੱਚ ਪੁਰਾਤਨ ਦਰਸ਼ਨ ਦਾ ਅੰਤ’ ‘ਡੁਰਹਿੰਗ ਖਿਲਾਫ਼’, ‘ਸ਼ੋਸ਼ਲਿਜ਼ਮ-ਯੂਟੋਪੀਅਨ ਅਤੇ ਵਿਗਿਆਨਕ’, ‘ਜਰਮਨ ਵਿਚਾਰਧਾਰਾ’ ਵੀ ਲਿਖੀਆਂ।
ਬਾਕਮਾਲ ਗੱਲ ਇਹ ਹੈ ਕਿ ਪੂੰਜੀਵਾਦੀ ਪ੍ਰਣਾਲੀ ਦੇ ਬੇਕਿਰਕ ਆਲੋਚਕ ਫ. ਏਂਗਲਜ਼, ਖੁਦ ਇੱਕ ਕਾਰਖਾਨੇਦਾਰ ਦੇ ਪੁੱਤਰ ਸਨ, ਜਿਨ੍ਹਾਂ ਦੀਆਂ ਇੰਗਲੈਂਡ ਅਤੇ ਜਰਮਨੀ ਵਿੱਚ ਕਪੜਾ ਮਿਲਾਂ ਸਨ। ਭਾਰਤ ਸਮੇਤ ਦੁਨੀਆਂ ਭਰ ਵਿੱਚ ਪੂੰਜੀਪਤੀ-ਜਗੀਰਦਾਰ ਘਰਾਣਿਆਂ ਦੇ ਕਮਿਊਨਿਸਟ ਵਿਚਾਰਾਧਾਰਾ ਤੋਂ ਆਕਰਸ਼ਿਤ ਹੋਕੇ ਇਸ ਨਾਲ ਜੁੜਣ ਵਾਲੇ ਨੌਜਵਾਨ ਮੁੰਡੇ- ਕੁੜੀਆਂ ਲਈ ਸ਼ਾਇਦ ਏਂਗਲਜ਼ ਦੇ ਜੀਵਨ ਦਾ ਇਹ ਸ਼ਾਨਦਾਰ ਪੱਖ ਵੀ ਇਸ ਪੱਖੋਂ ਵੱਡਾ ਪ੍ਰੇਰਣਾ ਸਰੋਤ ਬਣਿਆ।
ਇਹ ਗੱਲ ਹੋਰ ਵੀ ਮਾਣ ਕਰਨ ਵਾਲੀ ਹੈ ਕਿ ਉਨ੍ਹਾਂ ਦਾ ਕਿਰਤੀਆਂ ਲਈ ਮੋਹ ਕੇਵਲ ਨਿੱਜ ਤੱਕ ਜਾਂ ਲਿਖਤਾਂ ਵਿੱਚ ਹੀ ਨਹੀਂ ਸਿਮਟਿਆ ਹੋਇਆ ਬਲਕਿ ਉਨ੍ਹਾਂ ਆਪਣੀ ਹੀ ਕਪੜਾ ਮਿਲ ਦੀ ਆਇਰਸ਼ ਮੂਲ ਦੀ ਮੈਰੀ ਬਰਨਸ ਨਾਂ ਦੀ ਕ੍ਰਾਂਤੀਕਾਰੀ ਵਿਚਾਰਾਂ ਦੀ ਧਾਰਨੀ ਕਿਰਤੀ, ਜਿਨ੍ਹਾਂ ਨਾਲ ਉਨ੍ਹਾਂ ਦੀ ਤਾਉਮਰ ਭਾਵਨਾਤਮਕ ਸਾਂਝ ਰਹੀ, ਨਾਲ ਮਿਲ ਕੇ ਅਣਮਨੁੱਖੀ ਹਾਲਤਾਂ ਵਿੱਚ ਜੀਅ ਰਹੇ ਮਿਲ ਮਜ਼ਦੂਰਾਂ ਦੀ ਤਰਸਯੋਗ ਜਿੰਦਗੀ ਨੂੰ ਨੇੜਿਓਂ ਤੱਕਿਆ ਅਤੇ ਡੂੰਘਾ ਅਧਿਐਨ ਕੀਤਾ।
1845 ਵਿੱਚ ਛਪੀ ‘ਇੰਗਲੈਂਡ ਵਿੱਚ ਕਾਮਿਆਂ ਦੀ ਹਾਲਤ’ ਨਾਂ ਦੀ ਉਨ੍ਹਾਂ ਦੀ ਪੁਸਤਕ ਕਾਰਲ ਮਾਰਕਸ ਦੀ ਸੰਪਾਦਨਾ ਵਿੱਚ ਛਪਦੇ ਇੱਕ ਰਸਾਲੇ ਵਿੱਚ ਛਪੇ ਉਨ੍ਹਾਂ ਲੇਖਾਂ ਦਾ ਸੰਗ੍ਰਹਿ ਹੈ ਜੋ ਉਨ੍ਹਾਂ ਕਿਰਤੀਆਂ ਦੇ ਤਰਸਯੋਗ ਜੀਵਨ ਬਾਰੇ ਲਿਖੇ ਸਨ। ਇਨ੍ਹਾਂ ਲੇਖਾਂ ਵਿੱਚ ਉਨ੍ਹਾਂ ਨੇ ਅਸੱਭਿਅਕ ਬਾਲ ਕਿਰਤ, ਕਿਰਤੀਆਂ ਦੀ ਸਾਹਘੋਟੂ, ਗੰਦੀਆਂ ਬਸਤੀਆਂ ਦੇ ਮਾਰੂ ਵਾਤਾਵਰਣ ‘ਚ ਰਹਿਣ ਦੀ ਮਜਬੂਰੀ , ਸਮੱਰਥਾ ਤੋਂ ਵਧੇਰੇ ਕੰਮ ਅਤੇ ਗੁਰਬਤ ਦੀ ਅਕਹਿ ਮਾਰ ਦੀ ਦਸ਼ਾ ਬਿਆਨ ਕੀਤੀ ਸੀ। ਜ਼ਿਕਰਯੋਗ ਪੁਸਤਕ ਵਿੱਚ ਉਨ੍ਹਾਂ ਨੇ ”ਪੂੰਜੀਵਾਦ ਅਤੇ ਸਨਅਤੀ ਯੁਗ ਦੇ ਚਿੰਤਾਜਨਕ ਭਵਿੱਖ” ਦੀ ਪੇਸ਼ੇਨਗੋਈ ਵੀ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਰਾਜਸੀ ਆਰਥਿਕਤਾ ਦੀ ਆਲੋਚਨਾ ਦਾ ਖਾਕਾ’ ਨਾਂ ਦੀ ਪੁਸਤਕ ਵੀ ਲਿਖੀ ਸੀ।
ਇਸ ਅਜ਼ੀਮ ਬੁਧੀਜੀਵੀ ਅਤੇ ਅਮਲਾਂ ਦੇ ਜੁਝਾਰ ਦਾ ਰਚਿਆ ਫਲਸਫਾ ਅਤੇ ਸੰਘਰਸ਼ੀ ਜੀਵਨ ਇੱਕ ਦਿਨ ਸੰਸਾਰ ਭਰ ਵਿੱਚ ਕਿਰਤ ਦੀ ਸਰਦਾਰੀ ਕਾਇਮ ਕਰਨ ਦਾ ਨਫ਼ੀਸ ਸਬੱਬ ਲਾਜ਼ਮੀ ਬਣੇਗਾ।
ਸੰਪਾਦਕੀ : 8 ਜਨਵਰੀ ਦੀ ਹੜਤਾਲ ਦਾ ਖੱਬੀਆਂ ਸ਼ਕਤੀਆਂ ਲਈ ਇਤਿਹਾਸਕ ਮਹੱਤਵ
