
ਹੁਸ਼ਿਆਰਪੁਰ, 17 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਮਿੰਨੀ ਸਕੱਤਰੇਤ ਰਿਲਾਇੰਸ ਕਾਰਪੋਰੇਟ ਦਫਤਰਾਂ ਸਾਹਮਣੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ 340ਵੇਂ ਦਿਨ ਵੀ ਕਿਸਾਨਾਂ ਦਾ ਲਗਾਤਾਰ ਧਰਨਾ ਜਾਰੀ ਰਿਹਾ। ਧਰਨੇ ਵਿਚ ਸ਼ਾਮਲ ਕਿਸਾਨਾਂ-ਮਜ਼ਦੂਰਾਂ ਨੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਜਾਬਰ ਨੀਤੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਅਤੇ ਮੰਗ ਕੀਤੀ ਕਿ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨ ਤੁਰੰਤ ਵਾਪਸ ਲਏ ਜਾਣ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਨਿਆਂਸੰਗਤ ਤੇ ਪੁਰਅਮਨ ਸੰਘਰਸ਼ ਨੂੰ ਢਾਹ ਲਾਉਣ ਲਈ ਕੀਤੇ ਜਾ ਰਹੇ ਹਮਲਿਆਂ ਅਤੇ ਘਿਨਾਉਣੇ ਹੱਥਕੰਡਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰ ਲੋਕਾਂ ਵਿੱਚ ਸਬਰ ਤੇ ਸਿਦਕ ਦੀ ਹੋਰ ਵਧੇਰੇ ਅਜਮਾਇਸ਼ ਨਾ ਲਵੇ। ਇਹ ਹੱਕੀ ਸੰਘਰਸ਼ ਵੱਡੀ ਤੋਂ ਵੱਡੀ ਕੁਰਬਾਨੀ ਦੇ ਸਕਦਾ ਹੈ ਪ੍ਰੰਤੂ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਮਾਸਟਰ ਹਰਕੰਵਲ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ, ਪਰਸਨ ਸਿੰਘ, ਮਨਜੀਤ ਸਿੰਘ ਲਹਿਲੀ ਕਲਾਂ, ਗੁਰਬਖ਼ਸ਼ ਸਿੰਘ ਸੂਸ, ਸੁਰਜੀਤ ਸਿੰਘ, ਰਾਮ ਲੁਭਾਇਆ ਸ਼ੇਰਗੜ੍ਹੀਆਂ, ਰਮੇਸ਼ ਕੁਮਾਰ ਬਜਵਾੜਾ, ਕੁਲਤਾਰ ਸਿੰਘ ਕੁਲਤਾਰ, ਬਲਵਿੰਦਰ ਸਿੰਘ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਗੁਰਚਰਨ ਸਿੰਘ, ਪੀਐਸ ਵਿਰਦੀ, ਪੰਕਜ ਅਤੇ ਮਨਦੀਪ ਸਾਗਰ ਆਦਿ ਹਾਜ਼ਰ ਸਨ।