ਯੁਵਕ ਤੇ ਇਸਤਰੀ ਸੰਗਠਨਾਂ ਵੱਲੋਂ ਸ਼ਾਹੀਨ ਬਾਗ ਵਿਖੇ ਚੱਲ ਰਹੇ ਦੇਸ਼ ਭਗਤਕ ਸੰਗਰਾਮ ਨਾਲ ਇੱਕਜੁਟਤਾ ਦਿਵਸ ਮਨਾਉਣ ਦਾ ਐਲਾਨ
ਜਲੰਧਰ, 22 ਜਨਵਰੀ – ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੇ ਪ੍ਰਧਾਨ ਤੇ ਸਕੱਤਰ ਮਨਦੀਪ ਰਤੀਆ ਅਤੇ ਸ਼ਮਸ਼ੇਰ ਸਿੰਘ ਬਟਾਲਾ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਪ੍ਰਧਾਨ ਤੇ ਸਕੱਤਰ ਭੈਣ ਦਰਸ਼ਨ ਕੌਰ ਅਤੇ ਸਾਥੀ ਨੀਲਮ ਘੁਮਾਣ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਆਗੂ ਸਾਥੀ ਮਨਜਿੰਦਰ ਸਿੰਘ ਢੇਸੀ ਅਤੇ ਗਗਨ ਦੀਪ ਨੇ ਅੱਜ ਇਥੋਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਸ਼ਾਹੀਨ ਬਾਗ ਦਿੱਲੀ ਵਿਖੇ 15 ਦਸੰਬਰ ਤੋਂ ਲਗਾਤਾਰ ਦਿਨ ਰਾਤ ਧਰਨਾ ਦੇ ਰਹੀਆਂ ਮਾਵਾਂ ਭੈਣਾਂ ਨਾਲ ਇੱਕਜੁਟਤਾ ਦਿਵਸ ਮਨਾਉਣ ਦਾ ਐਲਾਨ ਕੀਤਾ।
ਬਿਆਨ ਜਾਰੀ ਕਰਨ ਵਾਲੇ ਯੁਵਕ ਅਤੇ ਇਸਤਰੀ ਆਗੂਆਂ ਨੇ ਕਿਹਾ ਕਿ 30 ਜਨਵਰੀ ਨੂੰ ਤਿੰਨਾਂ ਸੰਗਠਨਾਂ ਵਲੋਂ ਪ੍ਰਾਂਤ ਵਿੱਚ ਅਨੇਕਾਂ ਥਾਂਵਾਂ ਉੱਤੇ ਸਾਂਝੀਆਂ ਜਨ ਸਭਾਵਾਂ ਕੀਤੀਆਂ ਜਾਣਗੀਆਂ। ਇਨ੍ਹਾਂ ਜਨ ਇਕੱਤਰਤਾਵਾਂ ਰਾਹੀਂ ਲੋਕਾਈ ਨੂੰ ਸੱਦਾ ਦਿੱਤਾ ਜਾਵੇਗਾ ਕਿ ਦੇਸ਼ ਦੇ ਸੰਵਿਧਾਨ ਦੀ ਰਾਖੀ ਲਈ ਸੰਘਰਸ਼ ਕਰ ਰਹੀਆਂ ਸ਼ਾਹੀਨ ਬਾਗ ਦੀਆਂ ਬੀਬੀਆਂ ਦੇ ਦੇਸ਼ ਭਗਤਕ ਸੰਗਰਾਮ ਨੂੰ ਹਰ ਕਿਸਮ ਦਾ ਨੈਤਿਕ ਭੌਤਿਕ ਸਮਰਥਨ ਦਿੱਤਾ ਜਾਵੇ।
ਆਗੂਆਂ ਨੇ ਕਿਹਾ ਕਿ ਸ਼ਾਹੀਨ ਬਾਗ ਦੀਆਂ ਮਾਵਾਂ-ਭੈਣਾਂ ਦਾ ਸੰਗਰਾਮ ਦੇਸ਼ ਦੇ ਜਮਹੂਰੀ, ਸੈਕੂਲਰ ਅਤੇ ਫੈਡਰਲ ਢਾਂਚੇ ਦੀ ਰਾਖੀ ਦਾ ਸੰਗਰਾਮ ਹੈ। ਆਗੂਆਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਸਦਨ ਵਿੱਚ ਆਪਣੇ ਬਹੁਮਤ ਦੇ ਜੋਰ ’ਤੇ ਲੋਕ ਹਿਤਾਂ ਦੇ ਉਲਟ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ-2019 (ਸੀ.ਏ.ਏ.) ਅਤੇ ਕੌਮੀ ਜਨਸੰਖਿਆ ਰਜਿਸਟਰ (ਐਨਪੀਆਰ) ਤੇ ਕੌਮੀ ਨਾਗਰਿਕਤਾ ਸੂਚੀ (ਐਨਆਰਸੀ) ਰਾਹੀਂ ਦੇਸ਼ ਸਾਹਵੇਂ ਨਾ ਕੇਵਲ ਘਰੋਗੀ ਜੰਗ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ ਬਲਕਿ 1947 ਵਾਂਗ ਦੇਸ਼ ਦੀ ਨਵੇਂ ਸਿਰਿਓਂ ਫਿਰਕੇਦਾਰਾਨਾ ਵੰਡ ਦਾ ਵੀ ਖਤਰਾ ਖੜ੍ਹਾ ਕਰ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਕਜੁੱਟਤਾ ਦਿਵਸ ਮੌਕੇ ਕੀਤੀਆਂ ਜਾ ਰਹੀਆਂ ਜਨਸਭਾਵਾਂ ਦੌਰਾਨ ਮੋਦੀ ਸਰਕਾਰ ਦੀਆਂ ਦੇਸ਼ ਦੇ ਅਰਥਚਾਰੇ ਨੂੰ ਤਬਾਹ ਕਰਨ ਅਤੇ ਮਹਿੰਗਾਈ ਬੇਰੁਜ਼ਗਾਰੀ ਗਰੀਬੀ ਵਧਾਉਣ ਵਾਲੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਜਾਵੇਗੀ।