Now Reading
1857 ਤੋਂ ਅਯੁਧਿਆ ਦਾ ਬਿਰਤਾਂਤ

1857 ਤੋਂ ਅਯੁਧਿਆ ਦਾ ਬਿਰਤਾਂਤ

ਆਨੰਦ ਪਟਵਰਧਨ
ਆਪਣੀ ਫਿਲਮ ‘ਰਾਮ ਕੇ ਨਾਮ’ ਸਮੇਂ ਅਸੀਂ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਏ.ਸੀ. ਟੋਯੋਟਾ ਟਰੱਕ, ਜਿਸ ਨੂੰ ਬਾਲੀਵੁੱਡ ਫਿਲਮਾਂ ਦੇ ਸੈਟ ਡਿਜ਼ਾਈਨਰ ਵਲੋਂ ਉਚੇਚ ਨਾਲ ਭਗਵਾਨ ਰਾਮ ਦੇ ਯੁੱਧ ਰੱਥ ਦੀ ਸ਼ਕਲ ਦਿੱਤੀ ਗਈ ਸੀ ਦੇ ਪਿੱਛੇ ਚੱਲ ਰਹੇ ਸਾਂ। ਇਹ ਰਥ ਯਾਤਰਾ ਭਾਰਤ ਦੇ ਪੇਂਡੂ ਖੇਤਰਾਂ ’ਚੋਂ ਲੰਘੀ ਅਤੇ ਹਿੰਦੂਆਂ ਦੀਆਂ ਅਯੁਧਿਆ ਸਥਿਤ ਬਾਬਰੀ ਮਸਜਿੱਦ ਵਾਲੀ ਥਾਂ ’ਤੇ ਰਾਮ ਮੰਦਰ ਬਨਾਉਣ ਲਈ ਭਾਵਨਾਵਾਂ ਭੜਕਾਈਆਂ ਗਈਆਂ। ਉਨ੍ਹਾਂ ਵਲੋਂ ਲਗਾਏ ਗਏ ਮੁਸਲਿਮ ਵਿਰੋਧੀ ਨਾਅਰਿਆਂ ਨਾਲ ਕਈ ਥਾਵਾਂ ’ਤੇ ਦੰਗੇ ਭੜਕੇ ਤੇ ਕਿੰਨੇ ਹੀ ਲੋਕ ਮਾਰੇ ਗਏ। ਅਖੀਰ ਅਡਵਾਨੀ ਨੂੰ ਬਿਹਾਰ ’ਚ ਗਿ੍ਰਫਤਾਰ ਕਰ ਲਿਆ ਗਿਆ ਅਤੇ ਰਥ ਯਾਤਰਾ ਰੁੱਕ ਗਈ, ਪ੍ਰੰਤੂ ‘ਕਾਰ ਸੇਵਕਾਂ’ ਨੇ ਅਯੁਧਿਆ ਵਿਖੇ ਆਪਣੇ ਐਕਸ਼ਨ ਦੇ ਦਿਨ 30 ਅਕਤੂਬਰ 1990 ਤੱਕ ਇਸਨੂੰ ਜਾਰੀ ਰੱਖਿਆ।
ਬਾਬਰੀ ਮਸਜਿੱਦ ਦੇ ਲਾਂਘੇ ਉਪਰ ਇਹ ਉਕਰਿਆ ਹੋਇਆ ਸੀ ਕਿ ਇਸ ਨੂੰ ਮੁਗਲ ਬਾਦਸ਼ਾਹ ਬਾਬਰ ਦੇ ਕਮਾਂਡਰ ਮੀਰ ਬਾਕੀ ਨੇ 1528 ਈ. ’ਚ ਬਣਾਇਆ ਸੀ। ਉਸ ਸਮੇਂ ਤੱਕ ਵਾਲਮੀਕਿ ਰਮਾਇਣ ਸਿਰਫ ਉਨ੍ਹਾਂ ਵਿਦਵਾਨਾਂ ਤੇ ਪੁਜਾਰੀਆਂ ਨੂੰ ਹੀ ਪਤਾ ਸੀ ਜੋ ਸੰਸਕ੍ਰਿਤ ਜਾਣਦੇ ਸਨ ਉਦੋਂ ਭਗਵਾਨ ਰਾਮ ਜੀ ਕੋਈ ਹਰਮਨ ਪਿਆਰੇ ਦੇਵਤਾ ਨਹੀਂ ਸਨ। ਇਸ ਤੋਂ ਪਿੱਛੋਂ 16ਵੀਂ ਸਦੀ ਵਿਚ ਸ਼੍ਰੀ ਤੁਲਸੀ ਦਾਸ ਜੀ ਨੇ ਹਿੰਦੀ ਦੀ ਅਵਧੀ ਉਪ-ਭਾਸ਼ਾ ਵਿਚ ‘ਰਾਮ ਚਰਿਤਮਾਨਸ’ ਲਿਖੀ ਜਿਸਨੂੰ ਤੁਲਸੀਦਾਸ ਦੀ ਰਾਮਾਇਣ ਵਜੋਂ ਆਮ ਜਾਣਿਆ ਜਾਂਦਾ ਹੈ। ਇਸ ਨਾਲ ਪਹਿਲੀ ਵਾਰ ਰਮਾਇਣ ਆਮ ਸਾਧਾਰਨ ਲੋਕਾਂ ਦੀ ਪਹੁੰਚ ਵਿਚ ਗਈ। ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਸਦਕਾ, ਤੁਲਸੀਦਾਸ ਜੋ ਇਕ ਗਰੀਬ ਬ੍ਰਾਹਮਣ ਯਤੀਮ ਸਨ, ’ਤੇ ਬ੍ਰਾਹਮਣ ਪਿਛਾਂਹ ਖਿੱਚੂਆਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਅਜਿਹਾ ਕਿਹਾ ਜਾਂਦਾ ਹੈ ਕਿ ਉਸਨੂੰ ਆਪਣਾ ਇਹ ਮਹਾਂਕਾਵਿ ਪੂਰਾ ਕਰਨ ਲਈ ਮਸਜਿੱਦਾਂ ਵਿਚ ਸ਼ਰਨ ਲੈਣੀ ਪਈ। ਬਾਦਸ਼ਾਹ ਅਕਬਰ ਦੇ ਸਮੇਂ ਵਿਚ, ਜਿਵੇਂ ਹੀ ਤੁਲਸੀ ਦਾਸ ਜੀ ਦੀ ਰਮਾਇਣ-‘ਰਾਮ ਚਰਿੱਤਮਾਨਸ’, ਭਜਨ ਗਾਉਣ ਨਾਲ ਤੇ ਰਾਮ ਲੀਲਾ ਦੀਆਂ ਲੋਕ ਕਲਾਵਾਂ ਰਾਹੀਂ ਹਰਮਨ ਪਿਆਰੀ ਹੋਈ ਤਾਂ ਜਾ ਕੇ ਰਾਮ ਮੰਦਰ ਬਣਨੇ ਸ਼ੁਰੂ ਹੋਏ।
ਅਕਤੂਬਰ 1990 ’ਚ ਕਾਰ ਸੇਵਕਾਂ ਦੇ ਅਯੁਧਿਆ ਪਹੁੰਚਣ ਤੋਂ ਬਹੁਤ ਪਹਿਲਾਂ ਹੀ ਸਾਡਾ ਦੋ ਮੈਂਬਰੀ ਫਿਲਮੀ ਅਮਲਾ ਵੀ ਉਥੇ ਪਹੁੰਚ ਚੁੱਕਾ ਸੀ। ਅਸੀਂ ਦੇਖਿਆ ਕਿ ਉਥੇ 20 ਤੋਂ ਜ਼ਿਆਦਾ ਅਜਿਹੇ ਮੰਦਰ ਸਨ ਕਿ ਜੋ ਭਗਵਾਨ ਰਾਮ ਜੀ ਦੇ ਜਨਮ ਸਥਾਨ ਹੋਣ ਦਾ ਦਾਅਵਾ ਕਰਦੇ ਸਨ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਸ਼ਰਧਾਲੂ ਤੇ ਚੜ੍ਹਾਵਾ ਉਨ੍ਹਾਂ ਦੇ ਮੰਦਰ ਦਾ ਰੁੱਖ ਕਰੇ। ਇਕ ਖਾਸ ਨੋਟ ਕਰਨ ਵਾਲੀ ਗੱਲ ਇਹ ਕਿ ਤੁਲਸੀਦਾਸ ਨੇ ਆਪਣੀ ਸਾਰੇ ਮਹਾਂਕਾਵਿ ਰਮਾਇਣ ’ਚ ਜਾਂ ਕਿਤੇ ਹੋਰ ਵੀ ਇਹ ਜ਼ਿਕਰ ਤੱਕ ਨਹੀਂ ਕੀਤਾ ਕਿ ਭਗਵਾਨ ਰਾਮ ਦੇ ਜਨਮ ਸਥਾਨ ’ਤੇ ਬਣੇ ਮੰਦਰ ਨੂੰ ਹੁਣੇ-ਹੁਣੇ ਬਾਬਰ ਨੇ ਤੋੜਿਆ ਹੈ। ਸੱਚ ਤਾਂ ਇਹ ਹੈ ਕਿ ਮੰਦਰ-ਮਸਜਿੱਦ ਦਾ ਝਗੜਾ 300 ਹੋਰ ਸਾਲ ਵੀ ਨਹੀਂ ਸੀ ਉਠਣਾ ਜੇ 1857 ਦੀ ਆਜ਼ਾਦੀ ਦੀ ਪਹਿਲੀ ਜੰਗ ਨਾ ਹੁੰਦੀ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਹਿੰਦੂ-ਮੁਸਲਿਮ ਵਿਵਾਦ ਜਿਸ ਝਗੜੇ ਵਾਲੀ ਥਾਂ ਨਾਲ ਸੰਬੰਧਤ ਹਨ, ਉਹਨਾਂ ਦਾ 1856-57 ਤੋਂ ਪਹਿਲਾਂ ਦਾ ਕੋਈ ਰਿਕਾਰਡ ਨਹੀਂ ਹੈ, ਇਹ ਵੀ ਇਸ ਰੂਪ ਵਿਚ ਹੈ ਕਿ ਬਰਤਾਨਵੀ ਸਾਮਰਾਜ ਨੇ ਇਸ ਜਗਾਹ ’ਤੇ 6 ਫੁੱਟ ਉਚੀ ਇੱਟਾਂ ਦੀ ਦੀਵਾਰ ਉਸਾਰ ਦਿੱਤੀ ਤੇ ਅੰਦਰਲਾ ਹਿੱਸਾ ਮੁਸਲਿਮਾਂ ਨੂੰ ਤੇ ਬਾਹਰਲਾ ਹਿੱਸਾ ਹਿੰਦੂਆਂ ਨੂੰ ਦਿੱਤਾ ਗਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ 1857 ਦੇ ਸਾਲ ’ਚ ਹੀ ਖਤਰੇ ਦੀ ਘੰਟੀ ਕਿਉਂ ਵਜਾਈ? ਕਿਉਂਕਿ ਇਸੇ ਸਾਲ ਹੀ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਲੜੀ ਗਈ, ਜਿਸਨੂੰ ਅੰਗਰੇਜ਼ 1857 ਦੀ ਮਹਾਨ ਬਗਾਵਤ (ਗ਼ਦਰ) ਦਾ ਨਾਂਅ ਦਿੰਦੇ ਹਨ। ਜਦੋਂ ਹਿੰਦੂਆਂ ਤੇ ਮੁਸਲਮਾਨਾਂ ਨੇ ਅੰਗਰੇਜ਼ਾਂ ਵਿਰੁੱਧ ਜੰਗ-ਇ-ਮੈਦਾਨ ’ਚ ਬਹਾਦਰੀ ਨਾਲ ਸਾਂਝੀ ਲੜਾਈ ਲੜੀ ਤਾਂ ਅੰਗਰੇਜ਼ਾਂ ਨੂੰ ਅਯੁਧਿਆ ਦੇ ਧਾਰਮਿਕ ਝਗੜੇ ਦਾ ਸ਼ਕਤੀਸ਼ਾਲੀ ਹਥਿਆਰ ਵਰਤਣਾ ਸਭ ਤੋਂ ਵੱਧ ਕਾਰਗਰ ਲੱਗਾ।
ਲੱਗਦਾ ਹੈ ਕਿ ਸੁਪਰੀਮ ਕੋਰਟ 1857 ਦੇ ਸਾਲ ਤੋਂ ਚੌਕਸ ਨਹੀਂ ਹੋਈ ਜਾਂ ਅੰਗਰੇਜ਼ਾਂ ਦੀ ਝਗੜੇ ਕਰਵਾਊ, ਭੂਮਿਕਾ ਪ੍ਰਤਿ ਸੁਪਰੀਮ ਕੋਰਟ ਨੇ ਕੋਈ ਤਵੱਜੋ ਨਹੀਂ ਦਿੱਤੀ ਤੇ ਨਾ ਹੀ ਇਸਨੇ ਉਨ੍ਹਾਂ ਕਾਰਨਾਂ ’ਚ ਜਾਣਾ ਬਿਹਤਰ ਸਮਝਿਆ ਜੋ ਇਸ ਝਗੜੇ ਦੀ ਜੜ੍ਹ ’ਚ ਹਨ। ਰਿਕਾਰਡ ਇਹ ਭਲੀਭਾਂਤ ਦਰਸਾਉਂਦੇ ਹਨ ਕਿ 1856-57 ’ਚ ਬਾਬਾ ਰਾਮ ਚਰਨਦਾਸ ਦੀ ਅਗਵਾਈ ’ਚ ਹਿੰਦੂਆਂ ਨੇ ਤੇ ਸਥਾਨਕ ਮੁਸਲਮਾਨ ਜਗੀਰਦਾਰ ਅੱਛਣ ਖਾਨ ਦੀ ਅਗਵਾਈ ’ਚ ਮੁਸਲਮਾਨਾਂ ਨੇ ਭਾਈਚਾਰਕ ਏਕਤਾ ਬਣਾਏ ਰੱਖਣ ਲਈ ਫੈਸਲਾ ਕੀਤਾ ਅਤੇ ਮੰਦਰ-ਮਸਜਿੱਦ ਦੀਆਂ
2 ਨਿਰਧਾਰਤ ਥਾਵਾਂ ’ਤੇ ਪੂਜਾ ਪ੍ਰਾਰਥਨਾ ਵਗੈਰਾ ਕਰਨ ਦਾ ਸਮਝੌਤਾ ਕੀਤਾ ਅਤੇ 23 ਦਸੰਬਰ 1949 ਤੱਕ, ਲਗਭਗ 90 ਸਾਲ ਤੋਂ ਵੱਧ ਸਮਾਂ ਉਸ ਸਮਝੌਤੇ ’ਤੇ ਬਿਨਾਂ ਕਿਸੇ ਭੜਕਾਹਟ ਦੇ ਅਮਲ ਹੁੰਦਾ ਰਿਹਾ। ਇਹ ਵੀ ਉਦੋਂ ਹੋਇਆ ਜਦੋਂ ਕੁੱਝ ਸ਼ਰਾਰਤੀ ਹਿੰਦੂ ਤੱਤਾਂ ਨੇ ਰਾਤ ਵੇਲੇ ਬਾਬਰੀ ਮਸਜਿੱਦ ਅੰਦਰ ਵੜ ਕੇ ਰਾਮ ਚੰਦਰ ਜੀ ਦੀਆਂ ਮੂਰਤੀਆਂ ਉਸ ਅੰਦਰ ਸਥਾਪਤ ਕਰ ਦਿੱਤੀਆਂ। ਫਿਲਮਕਾਰਾਂ ਵਜੋਂ ਅਸੀਂ ਉਨ੍ਹਾਂ ਸ਼ਰਾਰਤੀਆਂ ’ਚੋਂ ਇਕ, ਜਿਸਨੇ ਨਿੱਜੀ ਤੌਰ ’ਤੇ ਮਸਜਿੱਦ ਅੰਦਰ ਮੂਰਤੀਆਂ ਸਥਾਪਤ ਕੀਤੀਆਂ ਸਨ ਦਾ ਬਿਆਨ ਦਰਜ ਕੀਤਾ, ਜਿਸ ਵਿਚ ਉਸਨੇ ਕਿਹਾ ਸੀ ਕਿ ਉਸਨੂੰ ਅਤੇ ਉਸਦੇ ਹੋਰ ਸਾਥੀਆਂ ਨੂੰ ਭਗਵਾਨ ਰਾਮ ਸੁਪਨੇ ’ਚ ਮਿਲੇ ਸਨ। ਉਸਨੂੰ ਇਸ ਕੰਮ ਬਦਲੇ ਸਜਾ ਹੋਈ ਸੀ ਤੇ ਛੇਤੀ ਬਾਅਦ ਹੀ ਉਹ ਜਮਾਨਤ ’ਤੇ ਬਾਹਰ ਆ ਗਿਆ ਸੀ। ਇਸਤੋਂ ਕਿੰਨੇ ਹੀ ਸਾਲਾਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਕ ਵੀਡੀਓ ਬਣਾਈ ਤੇ ਇਸ ਨੂੰ ਵੱਡੇ ਪੱਧਰ ’ਤੇ ਪ੍ਰਚਾਰਿਆ ਗਿਆ। ਇਸ ਵੀਡੀਓ ’ਚ ਇਕ ਛੋਟੇ ਬੱਚੇ ਨੂੰ ਜੋ ‘ਰਾਮ’ ਵਾਂਗ ਕੱਪੜੇ ਪਹਿਨਦਾ ਹੈ ਤੇ ਜਿਸਦੀਆਂ ਕਿੰਨੀਆਂ ਹੀ ਤਸਵੀਰਾਂ ਹਨ, ਨੂੰ ਮਸਜਿੱਦ ਅੰਦਰੋਂ ‘ਚਮਤਕਾਰੀ’ ਢੰਗ ਨਾਲ ਪ੍ਰਗਟ ਹੁੰਦਾ ਦਿਖਾਇਆ ਗਿਆ ਸੀ। ਸਥਾਨਕ ਜ਼ਿਲ੍ਹਾ ਮਜਿਸਟਰੇਟ ਕੇ.ਕੇ. ਨੱਯਰ ਨੇ ਮੂਰਤੀਆਂ ਹਟਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਸ ਨਾਲ ਅਮਨ ਕਾਨੂੰਨ ਦੀ ਅਵਸਥਾ ਵਿਗੜੇਗੀ। ਬਾਅਦ ਵਿਚ ਉਹੀ ਮਜਿਸਟਰੇਟ ਜਨਸੰਘ ਵਿਚ ਸ਼ਾਮਲ ਹੋ ਗਿਆ ਅਤੇ ਪਾਰਲੀਮੈਂਟ ਦਾ ਮੈਂਬਰ ਬਣਿਆ। ਅਦਾਲਤ ਨੇ 1949 ਤੋਂ ਬਾਅਦ ਮਸਜਿੱਦ ’ਚ ਜਾਣ ਤੋਂ ਮੁਸਲਿਮਾਂ ਨੂੰ ਤਾਂ ਰੋਕ ਦਿੱਤਾ ਅਤੇ ਇਕ ਹਿੱਸੇ ਵਿਚ ਪੂਜਾ ਅਰਚਨਾ ਲਈ ਕਿੰਨੇ ਹੀ ਹਿੰਦੂ ਪੁਜਾਰੀਆਂ ਨੂੰ ਨਿਯੁਕਤ ਕੀਤਾ। ਅਸੀਂ ਇਨ੍ਹਾਂ ਪੁਜਾਰੀਆਂ ’ਚੋਂ ਸਭ ਤੋਂ ਵੱਧ ਮਸ਼ਹੂਰ ਪੁਜਾਰੀ ਦੀ ਇੰਟਰਵਿਊ ਲਈ, ਜਿਸਦਾ ਨਾ ਪੁਜਾਰੀ ਲਾਲਦਾਸ ਸੀ। ਉਸਨੇ 30 ਅਕਤੂਬਰ ਨੂੰ ਮਸਜਿੱਦ ’ਤੇ ਕੀਤੇ ਪਹਿਲੇ ਹਮਲੇ ਲਈ ਬਹੁਤ ਹੀ ਅਫਸੋਸ ਪ੍ਰਗਟ ਕੀਤਾ ਸੀ। ਉਸਨੇ ਕਿਹਾ ਸੀ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਆਰ.ਐਸ.ਐਸ. ਦੇ ਅਨਸਰਾਂ ਨੇ ਕਦੇ ਵੀ ਰਾਮ ਮੰਦਰ ’ਚ ਪ੍ਰਾਥਨਾ ਨਹੀਂ ਕੀਤੀ ਸੀ ਅਤੇ ਉਨ੍ਹਾਂ ਦੀ ਸਾਰੀ ਮੁਹਿੰਮ ਸਿਰਫ ਤੇ ਸਿਰਫ ਪੈਸੇ ਅਤੇ ਰਾਜਨੀਤਕ ਸ਼ਕਤੀ ਲਈ ਹੀ ਸੀ ਅਤੇ ਉਸਨੇ ਧਰਮ ਦੇ ਨਾਂਅ ’ਤੇ ਹੁੰਦੀ ਕੁਰੱਪਸ਼ਨ ਦੀਆਂ ਵੀ ਕਈ ਉਦਾਹਰਣਾ ਦਿੱਤੀਆਂ ਸਨ।
6 ਦਸੰਬਰ 1992 ਨੂੰ ਉਤਰ ਪ੍ਰਦੇਸ਼ ’ਚ ਬੀਜੇਪੀ ਦੇ ਸੱਤਾ ’ਚ ਹੋਣ ਦਾ ਫਾਇਦਾ ਲੈ ਕੇ, ਹਿੰਦੂ ਅੱਤਵਾਦੀਆਂ ਨੇ ਬਾਬਰੀ ਮਸਜਿੱਦ ਨੂੰ ਢਾਅ ਦਿੱਤਾ। ਇਲਾਕੇ ਦੇ ਕਿੰਨੇ ਹੀ ਮੁਸਲਿਮ ਮਾਰੇ ਗਏ ਜਿਨ੍ਹਾਂ ’ਚ ਉਸ ਇਮਾਮ ਦਾ ਇਕ ਪੁੱਤਰ ਵੀ ਸ਼ਾਮਲ ਸੀ, ਜਿਸਨੇ ਆਖਰੀ ਵਾਰ 1942 ’ਚ ਬਾਬਰੀ ਮਸਜਿੱਦ ਅੰਦਰ ਪ੍ਰਾਰਥਨਾ ਕੀਤੀ ਸੀ। ਅਫਸੋਸ ਕਿ ਇਸ ਤੋਂ ਇਕ ਸਾਲ ਬਾਅਦ ਪੁਜਾਰੀ ਲਾਲਦਾਸ ਦਾ ਵੀ ਕਤਲ ਕਰ ਦਿੱਤਾ ਗਿਆ। ਇਸ ਸਾਰੀ ਕਹਾਣੀ ਦਾ ਇਕ ਹੋਰ ਵੀ ਦੁਖਦਾਈ ਪਹਿਲੂ ਇਹ ਹੈ ਕਿ ਜਿਸ ਅੱਛਣਖਾਨ ਅਤੇ ਬਾਬਾ ਰਾਮ ਚਰਨਦਾਸ ਨੇ ਹਿੰਦੂਆਂ-ਮੁਸਲਮਾਨਾਂ ਦੀ 90 ਸਾਲ ਤੋਂ ਵੱਧ ਚੱਲਣ ਵਾਲੀ ਏਕਤਾ ਕਰਾਈ ਸੀ, ਉਨ੍ਹਾਂ ਉਤੇ 1857 ਦੇ ਆਜ਼ਾਦੀ ਸੰਗਰਾਮ ਦੀ ਹਾਰ ਉਪਰੰਤ ਦੇਸ਼ਦਰੋਹੀ ਹੋਣ ਦਾ ਮੁਕੱਦਮਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਦੋਵਾਂ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਅਫਸੋਸ! 9 ਨਵੰਬਰ 2019 ਨੂੰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਕੌਮੀ ਸਮਾਰਕ ਨੂੰ ਢਹਿ ਢੇਰੀ ਕੀਤਾ ਅਤੇ ਇਸ ਉਪ ਮਹਾਂਦੀਪ ’ਚ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ, ਨੂੰ ਉਨ੍ਹਾਂ ਦੇ ਜ਼ੁਰਮ ਦੇ ਉਦੇਸ਼ ਦੀ ਪੂਰਤੀ ਦਾ ਕਾਨੂੰਨੀ ਹੱਕ ਦੇ ਦਿੱਤਾ ਗਿਆ। ਇਸ ਤਰ੍ਹਾਂ ਨਾਲ ਧਰਮ ਨਿਰਪੱਖ (ਸੈਕੂਲਰ) ਜਮਹੂਰੀਅਤ ਨੂੰ ਕਬਰਾਂ ’ਚ ਸੁਲਾ ਦਿੱਤਾ ਗਿਆ ਹੈ।
ਅਨੁਵਾਦ : ਪ੍ਰੋ. ਜੈਪਾਲ ਸਿੰਘ
(ਲੇਖਕ ਉਘੇ ਡਾਕੂਮੈਂਟਰੀ ਫਿਲਮਕਾਰ ਹਨ)

View Comments (0)

Leave a Reply

Your email address will not be published.

Scroll To Top