Now Reading
ਸੈਮੀਨਾਰ

ਸੈਮੀਨਾਰ

”ਇਸਤਰੀਆਂ ਦਾ ਸਮਾਨਤਾ ਲਈ ਸੰਘਰਸ਼” ਵਿਸ਼ੇ ‘ਤੇ ਸੈਮੀਨਾਰ
“ਭਾਰਤੀ ਸਮਾਜ ਵਿੱਚ ਇਸਤਰੀਆਂ ਦੀ ਬਦਹਾਲੀ ਅਤੇ ਇਨ੍ਹਾਂ ਖਿਲਾਫ਼ ਹੁੰਦੇ ਅਮਾਨਵੀ ਅੱਤਿਆਚਾਰਾਂ ਦਾ ਮੂਲ ਸਰੋਤ ਪਿੱਤਰਸੱਤਾਵਾਦੀ ਮਾਨਸਿਕਤਾ ਅਤੇ ਸੰਸਾਧਨਾਂ ਦੀ ਕਾਣੀ ਵੰਡ ਹੈ ।” ਉਕਤ ਸ਼ਬਦ ਦੇਸ਼ ਭਗਤ ਯਾਦਗਾਰ ਜਲੰਧਰ  ਵਿਚਲੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਸੱਦੇ ਗਏ ਪ੍ਰਭਾਵਸ਼ਾਲੀ ਸੈਮੀਨਾਰ ਵਿੱਚ ਕੁੰਜੀਵਤ ਭਾਸ਼ਣ ਦਿੰਦਿਆਂ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਪਰੋਫੈਸਰ, ਡਾਕਟਰ ਜਿਓਤੀ ਚਾਵਲਾ ਨੇ ਕਹੇ।
ਉਕਤ ਸੈਮੀਨਾਰ ਪ੍ਰਗਤੀਵਾਦੀ ਲਹਿਰ ਅਤੇ ਇਸਤਰੀ ਅੰਦੋਲਨ ਦੀ ਪ੍ਰਬਲ ਸਮਰਥਕ ਮਰਹੂਮ ਬੀਬੀ ਤ੍ਰਿਪਤਾ ਦੇਵੀ ਦੀ ਪ੍ਰੇਰਣਾਮਈ ਯਾਦ ਨੂੰ ਸਮਰਪਿਤ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਡਾਕਟਰ ਰਘਬੀਰ ਕੌਰ, ਭੈਣ ਬਿਮਲਾ ਦੇਵੀ, ਭੈਣ ਕੰਚਨ, ਜਸਵਿੰਦਰ ਕੌਰ ਮਾਹੂੰਵਾਲ ਅਤੇ ਅਰੁਣਾ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ । ਮੰਚ ‘ਤੇ ਜਸਬੀਰ ਕੌਰ ਤਰਨਤਾਰਨ, ਅਜੀਤ ਕੌਰ ਕੋਟ ਰਜਾਦਾ, ਲਖਵਿੰਦਰ ਕੌਰ ਝਬਾਲ, ਹਰਨਿੰਦਰ ਕੌਰ ਵੀ ਬਿਰਾਜਮਾਨ ਸਨ। ਡਾਕਟਰ ਚਾਵਲਾ ਨੇ ਆਪਣੇ ਭਾਸ਼ਣ ਵਿੱਚ ਇਸ ਗੱਲ ‘ਤੇ ਵਿਸ਼ੇਸ਼ ਜੋਰ ਦਿੱਤਾ ਕਿ ਮੌਜੂਦਾ ਦੌਰ ਅੰਦਰ ਭਾਰਤੀ ਜਨਜੀਵਨ ਵਿੱਚ  ਉਕਤ ਦੋਹੇਂ ਇਸਤਰੀ ਦੋਖੀ ਵਰਤਾਰਿਆਂ ਨੇ ਨਵਉਦਾਰਵਾਦੀ ਨੀਤੀ ਚੌਖਟੇ ਦੇ ਤੇਜੀ ਨਾਲ ਲਾਗੂ ਹੋਣ ਅਤੇ ਸੱਜ ਪਿਛਾਖੜੀ ਵਿਚਾਰਾਂ ਦੀ ਵਕਤੀ ਚੜ੍ਹਤ ਸਦਕਾ ਖਤਰਨਾਕ ਤੇਜੀ ਫੜੀ ਹੈ । ਵਿਦਵਾਨ ਪਰੋਫੈਸਰ ਨੇ ਕਿਹਾ ਕਿ ਉਕਤ ਦੋਹਾਂ ਵਰਤਾਰਿਆਂ ਦੀ ਅਜੋਕੀ ਸੂਤਰਧਾਰ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਹਨੇਰਬਿਰਤੀਵਾਦੀ ਵਿਚਾਰਧਾਰਾ ਅਨੁਸਾਰ ਕੰਮ ਕਰਦੀ ਮੋਦੀ ਹੁਕੂਮਤ ਹੈ । ਉਨ੍ਹਾਂ ਹਰ ਧਰਮ, ਹਰ ਜਾਤੀ ਅਤੇ ਹਰ ਵਰਗ ਵਿੱਚ ਇਸਤਰੀਆਂ ਨਾਲ ਹੁੰਦੀਆਂ ਮੱਧਯੁਗੀ ਜ਼ਿਆਦਤੀਆਂ ਦੀ ਤੱਥਾਂ ਸਹਿਤ ਬੇਬਾਕ ਵਿਆਖਿਆ ਕੀਤੀ ।
ਸੰਸਾਰ ਦੇ ਮਹਾਨ ਵਿਚਾਰਵਾਨ ਕਾਰਲ ਮਾਰਕਸ ਦੇ ਕਥਨ ‘ਗੁਲਾਮਾਂ ਨੂੰ ਗੁਲਾਮੀ ਦਾ ਗਿਆਨ ਨਾ ਹੋਣ ਸਦਕਾ ਉਹ ਇਸ ਦਰਦਨਾਕ ਅਵਸਥਾ ਨੂੰ ਆਪਣੀ ਹੋਣੀ ਮੰਨ ਲੈਂਦੇ ਹਨ’, ਦਾ ਹਵਾਲਾ ਦਿੰਦਿਆਂ ਡਾਕਟਰ ਚਾਵਲਾ ਨੇ  ਕਿਹਾ ਕਿ ਔਰਤਾਂ ਉਕਤ ਕਿਸਮ ਦੀਆਂ ਵਧੀਕੀਆਂ ਅਤੇ ਅਸੱਭਿਅਕ ਵਿਤਕਰਿਆਂ ਨੂੰ ਰੱਬੀ ਹੁਕਮ ਮੰਨ ਕੇ ਬਰਦਾਸ਼ਤ ਕਰਦੀਆਂ ਆਈਆਂ  ਹਨ ਅਤੇ ਇਹ ਜ਼ਾਲਿਮ ਵਤੀਰਾ ਰਸਮਾਂ-ਰਿਵਾਜਾਂ ਦੀ ਸ਼ਕਲ ਅਖਤਿਆਰ ਕਰ ਚੁੱਕਿਆ ਹੈ ।  ਉਨ੍ਹਾਂ ਕਿਹਾ ਕਿ ਇਹ ਡਾਢੇ ਅਫਸੋਸ ਦਾ ਵਿਸ਼ਾ ਹੈ ਕਿ ਔਰਤਾਂ ਨਾਲ ਜ਼ਿਆਦਤੀਆਂ ਦਾ ਵਿਸ਼ਾ ਔਰਤਾਂ ਦੀਆਂ ਸੂਖਮ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਪ੍ਰਵਿਰਤੀ ਦੀ ਬਜਾਇ ਖਾਨਦਾਨ ਦੀ ਅਖੌਤੀ ਇੱਜਤ ਨੂੰ ਸੱਟ ਲਗਣ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ-ਸਮਝਿਆ ਜਾਂਦਾ ਹੈ । ਵਿਦਵਾਨ ਸਪੋਕਸਪਰਸਨ ਨੇ ਕਿਹਾ ਕਿ ਇਸਤਰੀਆਂ ਲਈ  ਸਮਾਨ ਅਧਿਕਾਰਾਂ ਦੇ ਹਾਮੀ ਹੋਣ ਦਾ ਦਾਅਵਾ ਕਰਨ ਵਾਲੇ ਪੁਰਸ਼ਾਂ ਵਿੱਚੋਂ ਵੀ ਵੱਡੀ ਗਿਣਤੀ ਵਿਅਕਤੀ ਇਸ ਗੱਲ ਪ੍ਰਤੀ ਧੁਰ ਅੰਦਰੋਂ ਵਚਨਬੱਧ ਨਹੀਂ ਨਿਕਲਦੇ।
ਉਨ੍ਹਾਂ ਸਭਨਾਂ ਮਾਨਵ ਹਿਤੈਸ਼ੀ ਜਥੇਬੰਦੀਆਂ ਅਤੇ ਸ਼ਖਸ਼ੀਅਤਾਂ ਨੂੰ ਉਕਤ ਜਾਲਿਮ ਵਿਚਾਰ ਚੌਖਟੇ ਅਤੇ ਜਮਾਤੀ ਲੁੱਟ ਖਿਲਾਫ਼ ਇਕਜੁੱਟ ਪ੍ਰਤੀਰੋਧ ਦਾ ਸੱਦਾ ਦਿੱਤਾ । ਡਾਕਟਰ ਚਾਵਲਾ ਨੇ ਆਪਣੇ ਭਾਸ਼ਣ ਦੇ ਸਮਾਪਨ ਵਿੱਚ ਇਸ ਗੱਲ ਤੇ ਵਿਸ਼ੇਸ਼ ਜੋਰ ਦਿੱਤਾ ਕਿ ਮੌਜੂਦਾ ਵਿਤਕਰੇ, ਵਧੀਕੀਆਂ ਅਤੇ ਲੁੱਟ ਦੇ ਪ੍ਰਬੰਧ ਦੇ ਖਾਤਮੇ ਤੋਂ ਬਿਨਾਂ ਇਸਤਰੀਆਂ ਲਈ ਸਮਾਨ ਅਧਿਕਾਰਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇਸ ਲਈ ਔਰਤਾਂ ਨੂੰ ਆਪਣੀ ਸੰਗਰਾਮੀ ਸਰਗਰਮੀ ਦੀ ਮੁੱਖ ਸੇਧ ਮੌਜੂਦਾ ਰਾਜ ਪ੍ਰਬੰਧ ਦੇ ਖਾਤਮੇ ਦੇ ਉਦੇਸ਼ਾਂ ਅਨੁਸਾਰ ਵਿਉਂਤਣੀ ਹੋਵੇਗੀ।
“ਇਸਤਰੀਆਂ ਦਾ ਸਮਾਨਤਾ ਲਈ  ਸੰਘਰਸ਼” ਵਿਸ਼ੇ ਅਧੀਨ ਸੱਦੇ ਗਏ ਉਕਤ ਸੈਮੀਨਾਰ ਨੂੰ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਜਨਰਲ ਸਕੱਤਰ ਸਾਥੀ ਨੀਲਮ ਘੁਮਾਣ ਨੇ ਵੀ ਸੰਬੋਧਨ ਕੀਤਾ ।
ਸੈਮੀਨਾਰ ਦੇ ਸ਼ੁਰੂ ਵਿੱਚ ਜਮਹੂਰੀ ਲਹਿਰ ਦੇ ਉੱਘੇ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਮਰਹੂਮ  ਬੀਬੀ ਤ੍ਰਿਪਤਾ ਦੇਵੀ ਸੁਪਤਨੀ ਕਾਮਰੇਡ ਟੀ ਆਰ ਗੌਤਮ ਦੇ ਇਨਕਲਾਬੀ ਲਹਿਰ ਵਿੱਚ ਪਾਏ ਮਿਸਾਲੀ ਯੋਗਦਾਨ ਬਾਰੇ ਚਾਨਣਾ ਪਾਇਆ। ਉੱਘੇ ਵਿਦਵਾਨ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਕਰਮਜੀਤ ਸਿੰਘ ਨੇ ਸੈਮੀਨਾਰ ਵਿੱਚ ਸ਼ਾਮਲ ਭੈਣਾਂ ਦੀ ਮੁੱਖ ਵਕਤਾ ਡਾਕਟਰ ਜਿਓਤੀ ਚਾਵਲਾ ਨਾਲ ਜਾਣ-ਪਛਾਣ ਕਰਵਾਈ ।

ਰੀਪੋਰਟ : ਨੀਲਮ ਘੁਮਾਣ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਉਤਸਵ ਨੂੰ ਸਮਰਪਿਤ ਸੈਮੀਨਾਰ
ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐਮਓ) ਦੀ ਗੁਰਦਾਸਪੁਰ ਜਿਲ੍ਹਾ ਕਮੇਟੀ ਵੱਲੋਂ ਕਸਬਾ ਡੇਰਾ ਬਾਬਾ ਨਾਨਕ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰਭਾਵਸ਼ਾਲੀ ਸੈਮੀਨਾਰ ਸੱਦਿਆ ਗਿਆ ।
“ਵਰਤਮਾਨ ਦੌਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਪ੍ਰਸੰਗਿਕਤਾ” ਵਿਸ਼ੇ ਅਧੀਨ ਸੱਦੇ ਗਏ ਉਕਤ ਸੈਮੀਨਾਰ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ  ਡਾ. ਕਰਮਜੀਤ ਸਿੰਘ ਨੇ ਕੁੰਜੀਵਤ ਭਾਸ਼ਣ ਦਿੱਤਾ । ਸੈਮੀਨਾਰ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਰਵਾਲ, ਸੰਤੋਖ ਸਿੰਘ ਜੌੜੀਆਂ ਖੁਰਦ ਅਤੇ ਮਾਸਟਰ ਪਲਵਿੰਦਰ ਸਿੰਘ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ । ਮੰਚ ‘ਤੇ ਸਾਥੀ ਰਘੁਬੀਰ ਸਿੰਘ ਪਕੀਵਾਂ, ਡਾਕਟਰ ਅਨੂਪ ਸਿੰਘ, ਠਾਕਰ ਧਿਆਨ ਸਿੰਘ ਅਤੇ ਬਲਦੇਵ ਸਿੰਘ ਖਹਿਰਾ ਵੀ ਸੁਸ਼ੋਭਿਤ ਸਨ । ਮੰਚ ਸੰਚਾਲਨ ਸਾਥੀ ਸ਼ਮਸ਼ੇਰ ਸਿੰਘ ਬਟਾਲਾ ਨੇ ਕੀਤਾ ।
ਆਪਣੇ ਜਾਣਕਾਰੀ  ਭਰਪੂਰ ਭਾਸ਼ਣ ਵਿੱਚ ਮੁੱਖ ਵਕਤਾ ਡਾਕਟਰ ਕਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਮਾਨਵਤਾਵਾਦੀ ਪੱਖਾਂ ਦੀ ਵਿਆਖਿਆ ਕਰਦਿਆਂ ਇਸ ਗੱਲ ‘ਤੇ ਵਿਸ਼ੇਸ਼ ਜੋਰ ਦਿੱਤਾ ਕਿ ਹਰ ਖਿੱਤੇ ਵਿਚਲੇ, ਬੇਇਨਸਾਫੀ ਅਤੇ ਨਾਬਰਾਬਰੀ ਖਿਲਾਫ਼ ਲੜਨ ਵਾਲਿਆਂ ਨੂੰ, ਇਨ੍ਹਾਂ ਪੱਖਾਂ ਤੋਂ ਢੁਕਵਾਂ ਮਾਰਗ ਦਰਸ਼ਨ ਪ੍ਰਾਪਤ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬਾਬਾ ਨਾਨਕ ਜੀ ਨੇ ਸਥਾਪਤੀ ਦੀਆਂ ਜ਼ਿਆਦਤੀਆਂ ਖਿਲਾਫ਼ ਜਿਸ ਦਲੇਰੀ ਨਾਲ ਬਾਦਲੀਲ ਵਿਚਾਰਧਾਰਕ ਸੰਘਰਸ਼ ਲੜਿਆ ਉਹ ਭਾਵਨਾ ਨਾ ਕੇਵਲ ਅੱਜ, ਬਲਕਿ ਹਰ ਦੌਰ ਦੇ ਪ੍ਰਗਤੀਹਾਮੀਆਂ ਲਈ ਰਾਹ ਦਿਸੇਰਾ ਬਣੀ ਰਹੇਗੀ । ਉਨ੍ਹਾਂ ਕਿਹਾ ਕਿ ਬਾਬਾ ਨਾਨਕ ਜੀ ਨੇ ਲੋਟੂ ਹਾਕਮ ਵਰਗਾਂ ਅਤੇ ਲੁੱਟ ਹੋ ਰਹੇ ਕਿਰਤੀਆਂ ਦਰਮਿਆਨ ਲਕੀਰ ਖਿੱਚ ਕੇ ਵਖਰੇਵਾਂ ਕਰਦਿਆਂ ਜੋ ਗੱਲਾਂ ਕਹੀਆਂ ਉਹ ਸਭੇ ਗੱਲਾਂ ਅਤੇ ਧਾਰਨਾਵਾਂ ਮਨੁੱਖ ਹੱਥੋ ਮਨੁੱਖ ਦੀ ਲੁੱਟ ਦੇ ਮੁਕੰਮਲ ਖਾਤਮੇਂ ਤੱਕ ਪ੍ਰਸੰਗਿਕ ਬਣੀਆਂ ਰਹਿਣਗੀਆਂ । ਵਿਦਵਾਨ ਬੁਲਾਰੇ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਮਕਾਲੀਆਂ ਨਾਲੋਂ ਇਸ ਪੱਖੋਂ ਨਿਵੇਕਲੇ ਸਨ ਕਿ ਉਨ੍ਹਾਂ ਨਾ ਕੇਵਲ ਆਰਥਕ ਲੁੱਟ ਦਾ ਸ਼ਿਕਾਰ ਕਮੇਰਿਆਂ ਬਲਕਿ ਸਮਾਜਿਕ ਪੱਖੋਂ ਲਿਤਾੜਿਆਂ ਅਤੇ ਹਰ ਪੱਖ ਤੋਂ ਖੁਆਰ ਕੀਤੀਆਂ ਜਾ ਰਹੀਆਂ ਇਸਤਰੀਆਂ ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ । ਡਾਕਟਰ ਸਾਹਿਬ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਨਾ ਕੇਵਲ ਵੇਲੇ ਦੇ ਵਿਦੇਸ਼ੀ ਸਾਮਰਾਜੀਆਂ ਬਲਕਿ ਬੇਰਹਿਮ ਟੈਕਸ ਪ੍ਰਣਾਲੀ ਵਿਰੁੱਧ ਵੀ ਬਗਾਵਤ ਕੀਤੀ । ਉਨ੍ਹਾਂ ਦੀ ਮਾਨਵ ਇਤਿਹਾਸ ਨੂੰ ਇਹ ਵੀ ਵੱਡੀ ਦੇਣ ਹੈ ਕਿ ਉਨ੍ਹਾਂ ਕਰਮਕਾਂਡ, ਚਮਤਕਾਰ, ਵਹਿਮ-ਭਰਮ ਅਤੇ ਵਿਹਲੜ ਸਾਧਾਂ-ਸੰਤਾਂ ਨੂੰ ਵੱਡੀ ਪੱਧਰ ‘ਤੇ ਯੋਗ ਤਰਕਾਂ ਰਾਹੀਂ ਬੇਪਰਦ ਕੀਤਾ । ਮੁਖ ਬੁਲਾਰੇ ਨੇ ਕਿਹਾ ਕਿ ਸਮਾਨਤਾ ਆਧਾਰਿਤ ਸਮਾਜ ਦੀ ਸਿਰਜਣਾ ਦੇ ਸੰਗਰਾਮ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਘਾਲਣਾਵਾਂ ਅੱਜ ਵੀ ਬੇਹੱਦ ਪ੍ਰਸੰਗਿਕ ਹਨ ।

Scroll To Top