Now Reading
ਹਿੰਦੂਤਵੀ-ਨਫ਼ਰਤੀ ਰਾਜਨੀਤੀ ਦਾ ‘ਫ਼ਸਤਾ ਵੱਢੋ ਕਾਨਫਰੰਸ’

ਹਿੰਦੂਤਵੀ-ਨਫ਼ਰਤੀ ਰਾਜਨੀਤੀ ਦਾ ‘ਫ਼ਸਤਾ ਵੱਢੋ ਕਾਨਫਰੰਸ’

ਜੈਪਾਲ ਸਿੰਘ
10 ਤੋਂ 12 ਸਤੰਬਰ, 2021 ਤੱਕ ਦੁਨੀਆ ਭਰ ਦੇ ਚਿੰਤਕਾਂ, ਬੁੱਧੀਜੀਵੀਆਂ ਤੇ ਸਮਾਜਿਕ ਕਾਰਕੁੰਨਾਂ ਨੇ ਇਕ ‘ਸੰਸਾਰ ਵਿਆਪੀ ਹਿੰਦੂਤਵ ਦੇ ਖਾਤਮੇਂ ਲਈ ਕਾਨਫ਼ਰੰਸ’ ਨਾਂ ਹੇਠ ਆਨਲਾਈਨ ਵਿਚਾਰ-ਵਟਾਂਦਰਾ ਕੀਤਾ ਸੀ।
ਇਸ ਕਾਨਫ਼ਰੰਸ ਵਿਚ ਅਮਰੀਕਾ, ਇੰਗਲੈਂਡ ਤੇ ਯੂਰਪ ਦੀਆਂ 52 ਯੂਨੀਵਰਸਿਟੀਆਂ ਦੇ 70 ਤੋਂ ਵੱਧ ਵਿਭਾਗਾਂ ਨਾਲ ਸਬੰਧਤ ਵਿਦਵਾਨਾਂ ਨੇ ਹਿੱਸਾ ਲਿਆ ਸੀ।
ਇਨ੍ਹਾਂ ਵਿਚ ‘ਹਾਰਵਰਡ’, ‘ਪਿ੍ਰੰਸਟਨ’, ‘ਸਟੈਨਫੋਰਡ’, ‘ਬਰਕਲੇ’, ‘ਟੈਕਸਾਸ’ ਆਦਿ ਸੰਸਾਰ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਇਲਾਵਾ ਓਹਾਇਓ ਸਟੇਟ ਯੂਨੀਵਰਸਿਟੀ, ਸ਼ਿਕਾਗੋ ਯੂਨੀਵਰਸਿਟੀ, ਨਿਊ ਯੌਰਕ ਯੂਨੀਵਰਸਿਟੀ ਆਦਿ ਸ਼ਾਮਲ ਸਨ।
ਇਸ ਬਾਦਲੀਲ ’ਤੇ ਬੌਧਿਕ ਵਿਚਾਰ-ਵਟਾਂਦਰੇ ਤੋਂ ਬੁਖਲਾਹਟ ’ਚ ਆਉਂਦਿਆਂ ਅਮਰੀਕਾ ’ਚ ਰਹਿੰਦੇ ਹਿੰਦੂਤਵੀ ਖਰੂਦੀਆਂ ਨੇ ਕਾਨਫਰੰਸ ਦੇ ਆਯੋਜਕਾਂ ਅਤੇ ਬੁਲਾਰਿਆਂ ’ਤੇ ਹਮਲੇ ਵੀ ਕੀਤੇ।
ਅਨੇਕਾਂ ਸੰਸਥਾਵਾਂ ਨੇ ਇਨ੍ਹਾਂ ਕੱਟੜ ਹਿੰਦੂ ਸੰਗਠਨਾਂ ਦੇ ਅਰਾਜਕਤਾਵਾਦੀ ਅਨਸਰਾਂ ਖਿਲਾਫ਼ ਪ੍ਰਬੰਧਕਾਂ ਅਤੇ ਵਿਦਵਾਨਾਂ ਦਾ ਡਟਵਾਂ ਸਮਰਥਨ ਕਰਦੀਆਂ ਚਿੱਠੀਆਂ ਜਾਰੀ ਕੀਤੀਆਂ।
ਸਕਾਲਰਾਂ ਦੀਆਂ 38 ਐਸੋਸੀਏਸ਼ਨਾਂ, ਪੈਨ ਅਮਰੀਕਾ ਏਸ਼ੀਅਨ ਸਟੱਡੀਜ ਐਸੋਸੀਏਸ਼ਨ, 1100 ਤੋਂ ਵੱਧ ਆਜ਼ਾਦ ਅਕਾਦਮੀਸ਼ਨਾਂ, 60 ਤੋਂ ਵੱਧ ਕਮਿਊਨਿਟੀ ਸੰਸਥਾਵਾਂ , ਔਰਤਾਂ ਦੇ ਦੱਖਣੀ-ਏਸ਼ੀਆਈ ਪਲੈਟਫਾਰਮ, ਘੱਲੂਘਾਰਿਆਂ ਅਤੇ ਸਮੂਹਿਕ ਹਿੰਸਾ ਤੇ ਮਨੁੱਖੀ ਅਧਿਕਾਰਾਂ ਬਾਰੇ ਕੰਮ ਕਰਦੇ ਖੋਜਾਰਥੀਆਂ, ਨੈਸ਼ਨਲ ਕਨਫੈੱਡਰੇਸ਼ਨ ਆਫ ਹਿਊਮਨ ਰਾਈਟਸ ਆਰਗੇਨਾਈਜੇਸ਼ਨਜ ਅਤੇ ਇੱਥੋਂ ਤਕ ਕਿ ‘ਹਿੰਦੂਜ ਫਾਰ ਹਿਊਮਨ ਰਾਈਟਸ’ ਵੀ ਇਸ ਕਾਨਫ਼ਰੰਸ ਦਾ ਸਮਰਥਨ ਕਰਨ ’ਤੇ ਹਿੰਦੂਤਵੀਆਂ ਨੂੰ ਰੱਜ ਕੇ ਨਿੰਦਣ ਵਾਲਿਆਂ ’ਚ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ।
ਇਸ ਕਾਨਫਰੰਸ ਨੂੰ ਸੁਣਨ ਅਤੇ ਵਿਚਾਰ-ਵਟਾਂਦਰੇ ਦਾ ਹਿੱਸਾ ਬਣਨ ਲਈ 10000 ਤੋਂ ਵੱਧ ਲੋਕਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਸੀ ਜਿਨ੍ਹਾਂ ਵਿੱਚੋ 7500 ਤੋਂ ਵੱਧ ਲੋਕ ਹਾਜ਼ਰ ਵੀ ਰਹੇ।
ਕਾਨਫ਼ਰੰਸ ਵੱਲੋਂ ਵਿਚਾਰੇ ਜਾਣ ਵਾਲੇ ਵਿਸ਼ੇ ਇਸ ਪ੍ਰਕਾਰ ਸਨ : –
1) ਸੰਸਾਰ ਵਿਆਪੀ ਹਿੰਦੂਤਵ ਕੀ ਹੈ?
2.)ਹਿੰਦੂਤਵ ਦੀ ਰਾਜਨੀਤਕ ਆਰਥਿਕਤਾ
3) ਜਾਤ ਪਾਤ ਅਤੇ ਹਿੰਦੂਤਵ
4.ਹਿੰਦੂਤਵ ਦੀ ਲਿੰਗਕ ਅਤੇ ਸੈਕਸੂਅਲ ਰਾਜਨੀਤੀ
5.ਰਾਸ਼ਟਰ ਦਾ ਖਾਕਾ (ਸ਼ਕਲ-ਸੂਰਤ)

  1. ਹਿੰਦੂਤਵ -ਸਾਇੰਸ ਅਤੇ ਸਿਹਤ ਸੇਵਾਵਾਂ
  2. ਹਿੰਦੂਤਵ -ਪ੍ਰਚਾਰਤੰਤਰ ਅਤੇ ਡਿਜ਼ਿਟਲ ਈਕੋਸਿਸਟਮ
    8.ਹਿੰਦੂ ਧਰਮ ਅਤੇ ਹਿੰਦੂਤਵ
  3. ਇਸਲਾਮ ਦਾ ਡਰ (ਇਸਲਾਮੋਫੋਬੀਆ),
  4. ਗੋਰੀ ਨਸਲ ਦੀ ਸਰਦਾਰੀ (ਵ੍ਹਾਈਟਸਪਰਮੇਸੀ) ਅਤੇ ਹਿੰਦੂਤਵ।
    ‘ਇੰਡੀਅਨ ਐਕਸਪ੍ਰੈੱਸ’ ਨੂੰ ਛੱਡ ਕੇ ਬਾਕੀ ਦੇ ਮੁੱਖ ਧਾਰਾ ਦਾ ਮੀਡੀਆ ਕਹਾਉਣ ਵਾਲੇ ਸਮੁੱਚੇ ਮੀਡੀਆ ਨੇ ਇਸ ਕਾਨਫ਼ਰੰਸ ਬਾਰੇ ਕੁਝ ਵੀ ਸੁਣਨ-ਬੋਲਣ ਤੋਂ ਪਾਸਾ ਹੀ ਰੱਖਿਆ।
    ਸੋਸ਼ਲ ਤੇ ਡਿਜੀਟਲ ਮੀਡੀਆ ’ਤੇ ਇਸ ਦੀ ਖੂਬ ਚਰਚਾ ਰਹੀ। ਬੀ.ਬੀ.ਸੀ. ਨੇ ਵੀ ਇਸ ਕਾਨਫ਼ਰੰਸ ਬਾਰੇ ਰਿਪੋਰਟ ਛਾਇਆ ਕੀਤੀ।
    ਪ੍ਰਸਿੱਧ ਵਿਦਵਾਨ ਪ੍ਰੋਫੈਸਰ ਰਾਮ ਪੁਨਿਆਨੀ ਦਾ ਇਸ ਸਬੰਧੀ ਲਿਖਿਆ ਮਹੱਤਵਪੂਰਣ ਲੇਖ ‘ਜਨ ਚੌਂਕ’ ਨੇ ਛਾਪਿਆ।
    ਉੱਘੇ ਫਿਲਮਸਾਜ ਅਤੇ ਦਸਤਾਵੇਜੀ ਫਿਲਮ ਨਿਰਮਾਤਾ ਆਨੰਦ ਪਟਵਰਧਨ ਨੇ ‘ਸਕਰੋਲ ਡਾਟ ਇਨ’ ਵਿੱਚ ਲੇਖ ਲਿਖਿਆ।
    ਇਸ ਕਾਨਫ਼ਰੰਸ ਦੇ ਪ੍ਰਬੰਧਕਾਂ ’ਚੋਂ ਇੱਕ ‘ਪਿ੍ਰੰਸਟਨ ਯੂਨੀਵਰਸਟੀ’ ਦੇ ਹਿਸਟਰੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਗਿਆਨ ਪ੍ਰਕਾਸ਼ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਕਾਨਫਰੰਸ ਦਾ ਮਕਸਦ ਇਸ ਗੱਲ ਦਾ ਵਿਸ਼ਲੇਸ਼ਣ ਕਰਨਾ ਸੀ ਕਿ ਹਿੰਦੂਤਵ ਕਿਸ ਤਰ੍ਹਾਂ ਨਾਲ ਭਾਰਤ ਦੀ ਵੰਨ-ਸੁਵੰਨਤਾ, ਅੱਡ-ਅੱਡ ਧਰਮਾਂ ਨੂੰ ਮੰਨਣ ਵਾਲਿਆਂ ਖ਼ਾਸ ਕਰਕੇ ਘੱਟ ਗਿਣਤੀਆਂ, ਔਰਤਾਂ ਤੇ ਦਲਿਤਾਂ ਦੀਆਂ ਜੀਵਨ ਹਾਲਤਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਸੰਸਾਰ ਪੱਧਰ ਤੇ ਕਿਵੇਂ ਪਸਾਰਾ ਕਰ ਰਿਹਾ ਹੈ।
    ਅਮਰੀਕਨ ਤੇ ਹੋਰ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੀ ਇਹ ਪਲੇਠੀ ਕਾਨਫ਼ਰੰਸ ਸੀ ਜਿਸ ਨੂੰ ਤੋਂ 30 ਤੋਂ ਵੱਧ ਬੁਲਾਰਿਆਂ ਨੇ ਸੰਬੋਧਨ ਕੀਤਾ।
    ਪ੍ਰੋਫੈਸਰ ਕਿ੍ਰਸਟੋਫਰ ਜੈਫਰੋ ਨੇ ਆਪਣੇ ਪੇਪਰ ‘ਚ ਦੱਸਿਆ ਕਿ ਕਿਉਂ 1995 ਤੋਂ ਬਾਅਦ ਹਿੰਦੂਤਵ ਵਿਸ਼ਵ ਪੱਧਰ ’ਤੇ ਵਧਿਆ ਹੈ। ਉਨ੍ਹਾਂ ਇਹ ਚਰਚਾ ਵੀ ਕੀਤੀ ਕਿ ਹਿੰਦੂਤਵ ਕਿਵੇਂ ਯੋਜਨਾਬੱਧ ਤਰੀਕੇ ਨਾਲ ਵਿਗਿਆਨ ਵਿਰੋਧੀ ਏਜੰਡਾ ਅੱਗੇ ਵਧਾ ਰਿਹਾ ਹੈ।
    ਬੁਲਾਰਿਆਂ ਨੇ ਇਹ ਵੀ ਦੱਸਿਆ ਕਿ 1890 ’ਚ ਚੰਦਰ ਨਾਥ ਬਾਸੂ ਵੱਲੋਂ ਪਹਿਲੀ ਵਾਰ ਹਿੰਦੂਤਵ ਸ਼ਬਦ ਵਰਤਿਆ ਗਿਆ ਸੀ। ਵਿਨਾਇਕ ਦਮੋਦਰ ਸਾਵਰਕਰ ਨੇ 1923 ’ਚ ਲਿਖੀ ਆਪਣੀ ਕਿਤਾਬ ‘ਹਿੰਦੂਤਵ ਅਤੇ ਹਿੰਦੂ ਕੌਣ’ ’ਚ ਇਸ ਵਿਚਾਰਧਾਰਾ ਦਾ ਪੂਰਾ ਵਰਣਨ ਕੀਤਾ ਹੈ।
    ਪ੍ਰੋਫੈਸਰ ਗਿਆਨ ਪ੍ਰਕਾਸ਼ ਨੇ ਮੰਨਿਆ ਕਿ ਸਾਨੂੰ ਇਹ ਤਾਂ ਪਤਾ ਸੀ ਕਿ ਇਸ ਕਾਨਫਰੰਸ ਦਾ ਵਿਰੋਧ ਹੋਵੇਗਾ, ਪਰ ਇੰਨਾ ਜ਼ਿਆਦਾ ਵਿਰੋਧ ਹੋਵੇਗਾ ਇਹ ਅਸੀਂ ਨਹੀਂ ਸੀ ਸੋਚਿਆ।
    ਉਨ੍ਹਾਂ ਦੱਸਿਆ ਕਿ ‘ਹਾਓਡੀ ਮੋਦੀ’ ਤੇ ਅਜਿਹੇ ਹੋਰ ਸਮਾਗਮ ਕਰਾਉਣ ਵਾਲੇ ਹਿੰਦੂਤਵੀ ਕੱਟੜਵਾਦੀਆਂ ਨੇ ਪ੍ਰਬੰਧਕਾਂ ਖਾਸ ਕਰਕੇ ਔਰਤਾਂ ਨੂੰ ਜਾਨੋਂ ਮਾਰਨ ਦੇ ਡਰਾਵੇ ਹਰ ਤਰ੍ਹਾਂ ਦੀਆਂ ਇਖ਼ਲਾਕ ਤੋਂ ਗਿਰੀਆ ਧਮਕੀਆਂ ਦਿੱਤੀਆਂ।
    ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਅਖੌਤੀ ‘ਹਿੰਦੂ ਜਨਜਾਗਿ੍ਰਤੀ ਸਮਿਤੀ’ ਜਿਸ ਦੇ ਕਾਰਕੁੰਨਾਂ ’ਤੇ ਉੱਘੀ ਪੱਤਰਕਾਰ ਤੇ ਪ੍ਰਗਤੀਵਾਦੀ ਕਾਰਕੁੰਨ ਗੌਰੀ ਲੰਕੇਸ਼ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਹੈ, ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਾਨਫ਼ਰੰਸ ਦੇ ਪ੍ਰਬੰਧਕਾਂ ਤੇ ਬੁਲਾਰਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਵੀ ਲਿਖਿਆ।
    ‘ਗਾਰਡੀਅਨ’ ਅਨੁਸਾਰ ਬੁਲਾਰਿਆਂ ਨੂੰ ਇਹ ਧਮਕੀ ਵੀ ਦਿੱਤੀ ਗਈ ਕਿ ਉਹ ਭਾਰਤ ਚ ਵੜ ਕੇ ਦਿਖਾਉਣ।
    ਮਸ਼ਹੂਰ ਲੇਖਕਾ ਤੇ ਕਵਿੱਤਰੀ ਮੀਨਾ ਕੰਡਾਸਾਮੀ ਨੂੰ ਡਰਾਉਣ ਲਈ ਉਸਦੇ ਬੱਚਿਆਂ ਦੀ ਫੋਟੋ ਪਾ ਕੇ ਥੱਲੇ ਕੈਪਸ਼ਨ ਲਿਖਿਆ, ‘ਤੇਰੇ ਬੇਟੇ ਦੀ ਬਹੁਤ ਭਿਆਨਕ ਮੌਤ ਹੋਵੇਗੀ।’ ਮੀਨਾ ਨੇ ਡਰਨ ਦੀ ਬਜਾਏ ਲਿਖਿਆ ਕਿ ਕਿਵੇਂ ਹਿੰਦੂਤਵ ਖ਼ੁਦ ਹਿੰਦੂਆਂ ਲਈ ਹੀ ਵੱਡਾ ਖਤਰਾ ਹੈ ਅਤੇ ਜਿਸ ਕਰਕੇ ਵੱਡੀ ਹੱਦ ਤੱਕ ਭਾਰਤ ਦੀ ਪਛਾਣ ਅਸਹਿਣਸ਼ੀਲ, ਗੈਰ ਲੋਕਤੰਤਰੀ, ਔਰਤਾਂ, ਦਲਿਤਾਂ ਅਤੇ ਘੱਟਗਿਣਤੀਆਂ ਲਈ ਨਰਕ ਸਮਾਨ ਦੇਸ਼ ਵਾਲੀ ਬਣ ਚੁੱਕੀ ਹੈ। ਭਾਰਤੀ ਸਟੇਟ ਦੀ ਅਧਿਕਾਰਤ ਵਿਚਾਰਧਾਰਾ ਦਾ ਸਥਾਨ ਗ੍ਰਹਿਣ ਕਰ ਚੁੱਕਾ ਹਿੰਦੂਤਵ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਕੁਚਲਣ ਦਾ ਹਥਿਆਰ ਬਣ ਗਿਆ ਹੈ।
    ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮਰੀਕਾ, ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕਈ ਹੋਰ ਸੰਗਠਨਾਂ ਨੇ ਕਾਨਫ਼ਰੰਸ ਦਾ ਐਲਾਨ ਹੁੰਦੇ ਸਾਰ ਹੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਕਾਨਫਰੰਸ ਵਿੱਚ ਭਾਗ ਲੈ ਰਹੀਆਂ ਯੂਨੀਵਰਸਿਟੀਆਂ, ਉਨ੍ਹਾਂ ਦੇ ਪ੍ਰੈਜੀਡੈਂਟਸ ਪਰੋ.ਵੀ.ਸੀ. ਤੇ ਹੋਰ ਅਧਿਕਾਰੀਆਂ ਨੂੰ ਥੋਕ ’ਚ ਈਮੇਲਾਂ ਭੇਜੀਆਂ ਗਈਆਂ। 10 ਲੱਖ ਤੋਂ ਵੀ ਵੱਧ ਹੈ। ਡਿ੍ਰਊ ਯੂਨੀਵਰਸਿਟੀ ਨੂੰ ਕੁਝ ਹੀ ਮਿੰਟਾਂ ਚ 30 ਹਜ਼ਾਰ ਈਮੇਲ ਭੇਜੇ ਗਏ ਜਿਸ ਦੇ ਸਿੱਟੇ ਵਜੋਂ ਯੂਨੀਵਰਸਿਟੀ ਦਾ ਸਰਵਰ ਜਾਮ ਹੋ ਗਿਆ। ਅੱਕ ਕੇ ਯੂਨੀਵਰਸਿਟੀਆਂ ਨੇ ਕਾਨਫ਼ਰੰਸ ਨਾਲ ਸੰਬੰਧਿਤ ਈ ਮੇਲ ਬਲਾਕ ਕਰ ਦਿੱਤੇ। ਇਸੇ ਕਾਰਨ ਪ੍ਰਬੰਧਕਾਂ ਦੀ ਵੈੱਬਸਾਈਟ ਤੇ ਫੇਸਬੁੱਕ ਪੇਜ ਦੋ ਦਿਨ ਬੰਦ ਰਹੇ।
    ਇਸ ਦੇ ਬਾਵਜੂਦ ਵਿਰਲੇ-ਟਾਵੇਂ ਵਿਅਕਤੀਆਂ ਤੇ ਇੱਕ-ਦੋ ਯੂਨੀਵਰਸਿਟੀਆਂ ਨੂੰ ਛੱਡ ਕੇ ਕੋਈ ਵੀ ਕਾਨਫ਼ਰੰਸ ਤੋਂ ਪਿੱਛੇ ਨਾ ਹਟਿਆ ਤੇ ਕਾਨਫ਼ਰੰਸ ਸਫ਼ਲਤਾਪੂਰਵਕ ਸਿਰੇ ਚੜ੍ਹੀ।
    ‘ਹਿੰਦੂ ਅਮਰੀਕਨ ਫਾਊਂਡੇਸ਼ਨ’ ਦੇ ਸੁਹਾਗ ਸ਼ੁਕਲਾ ਨੇ ਗਿਲਾ ਕਰਦਿਆਂ ਸਵਾਲ ਕੀਤਾ ਕਿ ਪ੍ਰੋਫੈਸਰਾਂ ਦੇ ਅਕਾਦਮਿਕ ਸੁਤੰਤਰਤਾ ਦੇ ਨਾਂ ਤੇ ਦਿੱਤੇ ਗਏ ਵੰਡ ਪਾਊ ਅਤੇ ਨਫਰਤੀ ਭਾਸ਼ਣ ਜਦੋਂ ਰਾਜਨੀਤਿਕ ਸਕਿਰਿਆਵਾਦ (ਐਕਟਿਵਿਜਮ) ਨਾਲ ਇੱਕ-ਮਿੱਕ ਹੋ ਜਾਣਗੇ ਤਾਂ ਇਸ ਦਾ ਲਿਬਰਲ ਸਿੱਖਿਆ ਤੇ ਕੀ ਅਸਰ ਪਵੇਗਾ? ਇਸ ਦਾ ਹਿੰਦੂ ਵਿਦਿਆਰਥੀਆਂ ਤੇ ਕੀ ਅਸਰ ਪਵੇਗਾ?
    ਇਸ ਦੇ ਜਵਾਬ ਵਿੱਚ ਪ੍ਰੋਫੈਸਰ ਗਿਆਨ ਪ੍ਰਕਾਸ਼ ਨੇ ਕਿਹਾ ਕਿ ਹਿੰਦੂ ਧਰਮ ਅਤੇ ਹਿੰਦੂਤਵ ਦੋ ਅਲੱਗ-ਅਲੱਗ ਚੀਜਾਂ ਹਨ। ਹਿੰਦੂ ਧਰਮ ਜਾਂ ਹਿੰਦੂਵਾਦ ਇਕ ਧਰਮ ਹੈ ਜਦਕਿ ਹਿੰਦੂਤਵ ਇੱਕ ਰਾਜਨੀਤਕ ਵਿਚਾਰਧਾਰਾ ਹੈ। ਇਸ ਕਾਨਫਰੰਸ ਵਿਚ ਭੰਵਰ ਮੇਘਵੰਸ਼ੀ ਵਰਗੇ ਉੱਘੇ ਦਲਿਤ ਕਾਰਕੁੰਨਾਂ ਅਤੇ ਅਨੰਦ ਪਟਵਰਧਨ ਜਿਹੇ ਨਾਮੀ ਗਿਰਾਮੀ ਫਿਲਮ ਮੇਕਰਾਂ ਨੇ ਵੀ ਸ਼ਿਰਕਤ ਕੀਤੀ।
    ਸਾਰੇ ਬੁਲਾਰਿਆਂ ਦੇ ਭਾਸ਼ਣਾਂ ਦੇ ਵੇਰਵੇ ਦੇਣੇ ਤਾਂ ਸੰਭਵ ਨਹੀਂ ਪਰ ਆਨੰਦ ਪਟਵਰਧਨ ਨੇ ਜੋ ਕਿਹਾ ਉਹ ਜ਼ਰੂਰ ਸਾਂਝਾ ਕਰਨਾ ਚਾਹਾਂਗੇ।
    ਬੋਲਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਮਿੱਤਰ ਵੱਲੋਂ ਉਨ੍ਹਾਂ ਨੂੰ ਲਿਖੀ ਉਹ ਚਿੱਠੀ ਸਾਂਝੀ ਕੀਤੀ ਜਿਸ ਰਾਹੀਂ ਉਸਨੇ ਉਨ੍ਹਾਂ ਨੂੰ ਹਿੰਦੂਤਵਵਾਦੀਆਂ ਦੀਆਂ ਧਮਕੀਆਂ ਤੋਂ ਸਾਵਧਾਨ ਕੀਤਾ ਸੀ।
    ਉਨ੍ਹਾਂ ‘ਸਕਰੋਲ ਡਾਟ ਇਨ’ ’ਤੇ ਲਿਖਿਆ, “ਪਿਆਰੇ ਮਿੱਤਰ, ਪਿਛਲੇ ਦਿਨੀਂ ਮੈਨੂੰ ਜਿੰਨੀਆਂ ਵੀ ਨਫਰਤੀ ਈਮੇਲਾਂ ਮਿਲੀਆਂ ਹਨ ਮੈਂ ਉਹ ਸਾਰੀਆਂ ਹੀ ਰੱਦੀ ਦੀ ਟੋਕਰੀ ’ਚ ਸੁੱਟ ਦਿੱਤੀਆਂ ਹਨ। ਤੁਹਾਡੀ ਚਿੱਠੀ ਵਿੱਚ ਵੀ ਜਾਇਜ ਖਦਸ਼ੇ ਪ੍ਰਗਟ ਕੀਤੇ ਗਏ ਹਨ ਇਸ ਲਈ ਮੈਂ ਜਵਾਬ ਲਿਖ ਰਿਹਾ ਹਾਂ। ਮੈਂ ਵੀ ਕਦੇ ਅਮਰੀਕਾ ’ਚ ਵਿਦਿਆਰਥੀ ਰਿਹਾ ਹਾਂ ਤੇ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਭਾਰਤੀ ਲੋਕਾਂ ਨੂੰ ਉਥੇ ਕਿਵੇਂ ਨਸਲਵਾਦ ਤੇ ਭੇਦਭਾਵ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਹ ਆਪਣੀ ਮਾਤਭੂਮੀ ਲਈ ਬਹੁਤ ਮਾਣ ਮਹਿਸੂਸ ਕਰਦੇ ਹਨ ਤੇ ਇਹ ਹੈ ਵੀ ਬਿਲਕੁਲ ਕੁਦਰਤੀ। ਸਾਡੇ ਲਈ ਮੁੱਖ ਸਵਾਲ ਇਹ ਚੋਣ ਕਰਨੀ ਹੈ ਕਿ ਕਿਹੜੀਆਂ ਗੱਲਾਂ ਸਾਡੇ ਮਾਣ ਕਰਨ ਯੋਗ ਹਨ ਤੇ ਕਿਹੜੀਆਂ ਸ਼ਰਮਸਾਰ ਕਰਨ ਵਾਲੀਆਂ। ਇਸ ਸਵਾਲ ਦਾ ਮਾਕੂਲ ਜਵਾਬ ਲੱਭੇ ਬਿਨਾਂ ਅਸੀਂ ਕਿਸੇ ਹਾਂ ਪੱਖੀ ਤਬਦੀਲੀ ਦੇ ਵਾਹਕ ਨਹੀਂ ਬਣ ਸਕਾਂਗੇ। ਮੈਂ ਮਹਾਤਮਾ ਗਾਂਧੀ ਜੀ ’ਤੇ ਮਾਣ ਮਹਿਸੂਸ ਕਰਦਾ ਹਾਂ ਤੇ ਇਸ ਲਈ ਕਰਦਾ ਹਾਂ ਕਿ ਉਨ੍ਹਾਂ ਨੇ ਹਿੰਦੂਮੱਤ ਨੂੰ ਰੀਤੀ ਰਿਵਾਜਾਂ ਰਾਹੀਂ ਨਹੀਂ ਸਗੋਂ ਕੰਮਾਂ ਰਾਹੀਂ ਸਮੂਹ ਲੋਕਾਂ ਦੇ ਭਲੇ ਲਈ ਅਪਣਾਇਆ। ਉਹ ਸ਼ਾਇਦ ਪਹਿਲਾ ਉੱਚ-ਜਾਤੀ ਹਿੰਦੂ ਸੀ ਜੋ ਆਪਣਾ ਗੰਦ ਖੁਦ ਆਪ ਚੁੱਕਦਾ ਸੀ ਤੇ ਇਸ ਲਈ ਅਖੌਤੀ ਨੀਵੇਂ ਲੋਕਾਂ ’ਤੇ ਨਿਰਭਰ ਨਹੀਂ ਕਰਦਾ ਸੀ, ਜਿਨ੍ਹਾਂ ਨੂੰ ਅਜਿਹੇ ਗੰਦੇ ਅਤੇ ਅਪਵਿੱਤਰ ਮੰਨੇ ਜਾਂਦੇ ਕੰਮਾਂ ਲਈ ਸਭ ਤੋਂ ਹੇਠਲੇ ਪੱਧਰ ’ਤੇ ਰੱਖਿਆ ਗਿਆ ਸੀ। ਆਪਣੀ ਮੌਤ ਦੇ ਨੇੜੇ ਜਾ ਕੇ ਉਨ੍ਹਾਂ ਨੇ ਅੰਤਰ-ਜਾਤੀ ਵਿਆਹ ਦਾ ਵੀ ਪ੍ਰਚਾਰ ਕੀਤਾ ਤਾਂ ਕਿ ਅਗਲੀਆਂ ਪੀੜ੍ਹੀਆਂ ਜਾਤ-ਪਾਤ ਤੋਂ ਮੁਕਤ ਹੋ ਸਕਣ। ਉਹ ਬਿ੍ਰਟਿਸ਼ ਸਾਮਰਾਜੀਆਂ ਵੱਲੋਂ ਬੜੇ ਯੋਜਨਾਬੱਧ ਤਰੀਕੇ ਨਾਲ ਪੈਦਾ ਕੀਤੀ ਹਿੰਦੂ-ਮੁਸਲਿਮ ਵੰਡ ਨੂੰ ਮੇਟਣ ਦਾ ਯਤਨ ਕਰਦੇ-ਕਰਦੇ ਸ਼ਹਾਦਤ ਦੇ ਗਏ। ਮੈਂ ਡਾ. ਭੀਮ ਰਾਓ ਅੰਬੇਦਕਰ ਜੀ ’ਤੇ ਵੀ ਪੂਰਾ ਮਾਣ ਕਰਦਾ ਹਾਂ ਜੋ ਦਲਿਤ ਪਰਿਵਾਰ ’ਚ ਪੈਦਾ ਹੋਣ ਕਾਰਨ ਕਿੰਨੇ ਹੀ ਵਿਤਕਰਿਆਂ ਦਾ ਸ਼ਿਕਾਰ ਬਣੇ ਤੇ ਜਿਨ੍ਹਾਂ ਨੇ ਦਲਿਤਾਂ ਲਈ ਵਿੱਦਿਆ ਪ੍ਰਾਪਤੀ ਦੇ ਖ਼ਿਲਾਫ਼ ਪੈਦਾ ਕੀਤੀ ਘੋਰ ਮਨਾਹੀ ਨੂੰ ਤੋੜਿਆ ਤੇ ਬਾਹਰਲੇ ਮੁਲਕਾਂ ਤੋਂ ਡਾਕਟਰੇਟ ਦੀਆਂ ਡਿਗਰੀਆਂ ਹਾਸਲ ਕੀਤੀਆਂ ਅਤੇ ਭਾਰਤ ਆ ਕੇ ਸਮਾਨਤਾਵਾਦੀ ਸੰਸਾਰ ਸਿਰਜਣ ਦੇ ਸੰਘਰਸ਼ ਚ ਮੋਹਰੀ ਬਣੇ। ਉਨ੍ਹਾਂ ਨੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦੀ ਪ੍ਰਧਾਨਗੀ ਕੀਤੀ ਅਤੇ ਪਹਿਲੇ ਕਾਨੂੰਨ ਮੰਤਰੀ ਵੀ ਬਣੇ। ਮੇਰੇ ਲਈ ਅਬਦੁਲ ਗੱਫਾਰ ਖਾਨ, ਜਿਨ੍ਹਾਂ ਨੂੰ ਬਾਦਸ਼ਾਹ ਖ਼ਾਨ, ਫਕੀਰੇ ਅਫ਼ਗਾਨ ਜਾਂ ਫਰੰਟੀਅਰ ਗਾਂਧੀ ਵੀ ਕਿਹਾ ਜਾਂਦਾ ਹੈ, ਵੀ ਫਖਰ ਕਰਨ ਯੋਗ ਹਨ। ਉਨ੍ਹਾਂ ਨੇ ਅਹਿੰਸਕ ਲੜਾਕੇ, ਜਿਨ੍ਹਾਂ ਨੂੰ ‘ਖੁਦਾਈ ਖਿਦਮਤਗਾਰ’ ਕਿਹਾ ਜਾਂਦਾ ਸੀ, ਵਲੋਂ ਆਜ਼ਾਦੀ ਸੰਘਰਸ਼ ਚ ਹਿੱਸਾ ਲਿਆ ਤੇ ਆਪਣੀ ਅੱਧੀ ਤੋਂ ਵੱਧ ਜ਼ਿੰਦਗੀ ਪਹਿਲਾਂ ਅੰਗਰੇਜ਼ਾਂ ਦੀਆਂ ਤੇ ਫਿਰ ਪਾਕਿਸਤਾਨ ਦੀਆਂ ਜੇਲ੍ਹਾਂ ’ਚ ਕੱਟੀ।
    ਪਰ ਮੈਂ ਉਸ ਸਾਜਿਸ਼ ਤੋਂ ਬੇਹੱਦ ਸ਼ਰਮਿੰਦਾ ਹਾਂ ਜੋ ਅਖੌਤੀ ਉੱਚ ਜਾਤੀਆਂ ਦੇ ਵਿਅਕਤੀਆਂ ਨੇ ਉਦੋਂ ਰਚੀ ਜਦੋਂ ਗਾਂਧੀ ਜੀ ਤੇ ਅੰਬੇਦਕਰ ਸਾਹਿਬ ਦਰਮਿਆਨ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਨੂੰ ਰਿਜ਼ਰਵੇਸ਼ਨ ਦੇਣ ਬਾਰੇ ਸਮਝੌਤਾ ਹੋਇਆ ਸੀ।
    ਇਸੇ ਸਮੇਂ ਪਿੰਡਾਂ ਦੇ ਖੂਹਾਂ ਤੇ ਮੰਦਰਾਂ ਨੂੰ ਦਲਿਤਾਂ ਲਈ ਖੁਲ੍ਹਵਾਇਆ ਗਿਆ ਸੀ। ਵਕਤੀ ਤੌਰ ’ਤੇ ਇੰਝ ਲੱਗਦਾ ਸੀ ਕਿ ਹੁਣ ਇਸ ਪੁਨਰ ਜਾਗਿ੍ਰਤੀ ਦੀ ਲਹਿਰ ਨੇ ਸਦੀਆਂ ਪੁਰਾਣੀ ਜਾਤ ਪ੍ਰਥਾ ਨੂੰ ਲੀਰੋ-ਲੀਰ ਕਰ ਦੇਣਾ ਹੈ। ਪਰ ਅਫਸੋਸ ਕਿ ਇਨ੍ਹਾਂ ਗੱਲਾਂ ਤੋਂ ਤੈਸ਼ ਚ ਆ ਕੇ ਇਨ੍ਹਾਂ ਉੱਚ ਜਾਤੀ ਲੋਕਾਂ ਨੇ 1934 ਤੋਂ ਸ਼ੁਰੂ ਕਰਕੇ ਗਾਂਧੀ ਜੀ ਦੀ ਹੱਤਿਆ ਦੇ ਲਗਾਤਾਰ ਛੇ ਯਤਨ ਕੀਤੇ। ਇਨ੍ਹਾਂ ਵਿੱਚੋਂ ਪੂਨਾ ਵਿਖੇ ਹੋਇਆ ਬੰਬ ਅਟੈਕ ਪਹਿਲਾ ਜਾਨਲੇਵਾ ਹਮਲਾ ਸੀ। ਅਖੀਰ 1948 ’ਚ ਉਨ੍ਹਾਂ ਦੀ ਜਾਨ ਲੈ ਹੀ ਲਈ ਗਈ। ਜਿਸ ਦੇ ਪਿੱਛੇ ਹਿੰਦੂਤਵ ਦੇ ਸਿਧਾਂਤਕਾਰ ਸਾਵਰਕਰ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਸ਼ਾਮਲ ਕੀਤਾ ਗਿਆ। ਪਰ ਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਬਰੀ ਕਰ ਦਿੱਤਾ। ਪ੍ਰੰਤੂ ਸਾਵਰਕਰ ਦੀ ਮੌਤ ਤੋਂ ਬਾਅਦ 1966 ਵਿੱਚ ਕਪੂਰ ਕਮਿਸ਼ਨ ਰਿਪੋਰਟ ਨੇ ਗਾਂਧੀ ਦੇ ਕਤਲ ਦੀ ਸਾਜਿਸ਼ ਵਿਚ ਸਾਵਰਕਰ ਦੀ ਸ਼ਮੂਲੀਅਤ ਦੇ ਸਾਰੇ ਸਬੂਤ ਸਾਹਮਣੇ ਲਿਆ ਦਿੱਤੇ ਸਨ।
    ਅੱਜ ਭਾਰਤ ਵਿੱਚ ਵੀ ਅਤੇ ਅਮਰੀਕਾ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਮਾਣ ਕਰਨਯੋਗ ਹਨ ਪਰ ਬਹੁਤ ਸਾਰੀਆਂ ਸ਼ਰਮ ਨਾਲ ਡੁੱਬ ਮਰਨ ਵਾਲੀਆਂ ਵੀ ਹਨ। ਅਮਰੀਕਾ ’ਚ ਕਾਲੀਆਂ ਜ਼ਿੰਦਗੀਆਂ ਵੀ ਮਹੱਤਵ ਰੱਖਦੀਆਂ ਹਨ। ਨਿਸ਼ਸਤਰੀਕਰਨ ਅਤੇ ਅਮਨ ਦੀ ਕਾਇਮੀ ਲਈ ਤੇ ਜਲਵਾਯੂ ਤਬਦੀਲੀ ਲਈ ਲੜ ਰਹੇ ਲੋਕਾਂ ਤੇ ਅਸੀਂ ਮਾਣ ਕਰ ਸਕਦੇ ਹਾਂ, ਪਰ ਅਮਰੀਕਾ ਨੇ ਜੋ ਆਪਣੇ ਥੋੜ੍ਹ ਚਿਰੇ ਹਿੱਤਾਂ ਲਈ ਧਾਰਮਿਕ ਜ਼ਹਾਦ ਦਾ ਫਰਜ਼ੀ ਹਊਆ ਖੜ੍ਹਾ ਕੀਤਾ, ਲੋਕ ਉਸ ’ਤੇ ਸ਼ਰਮਸ਼ਾਰ ਨੇ।
    ਅੱਜ ਅਰਬਾਂ-ਖਰਬਾਂ ਡਾਲਰ ਖ਼ਰਚ ਕੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈਣ ਤੋਂ ਬਾਅਦ ਵੀ ਅਮਰੀਕਾ ਵੱਲੋਂ ਆਪਣੇ ਖ਼ੁਦ ਦੇ ਪੈਦਾ ਕੀਤੇ ਤਾਲਿਬਾਨ ਅੱਗੇ ਗੋਡੇ ਟੇਕਣ ਤੋਂ ਅਮਰੀਕੀ ਲੋਕ ਸ਼ਰਮਸਾਰ ਹਨ।
    ਆਓ, ਆਪਾਂ ਉਨ੍ਹਾਂ 1% ਲੋਕਾਂ ਤੇ ਮਾਣ ਮਹਿਸੂਸ ਨਾ ਕਰੀਏ ਜਿਨ੍ਹਾਂ ਨੇ ਲੋਕਾਂ ਨੂੰ ਸਦੀਆਂ ਤੱਕ ਗੁਲਾਮ ਬਣਾਈ ਰੱਖਿਆ ਤੇ ਉਨ੍ਹਾਂ 99% ਲੋਕਾਂ ਦੀ ਰੱਜ ਕੇ ਲੁੱਟ ਕੀਤੀ। ਬਲਕਿ ਉਨ੍ਹਾਂ ’ਤੇ ਮਾਣ ਕਰੀਏ ਜੋ ਸਾਰੇ ਰਸਤੇ ਬੰਦ ਹੋਣ ਦੇ ਬਾਵਜੂਦ ਮਨੁੱਖਤਾ ਦੇ ਭਲੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ ਅਤੇ ਕਰ ਰਹੇ ਹਨ।
    ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇ ਹਿੰਦੂਤਵ ਹੀ ਹਿੰਦੂਵਾਦ ਹੈ ਤਾਂ ਫਿਰ ‘ਕੂ ਕਲੱਕਸ ਕਲੈਨ’ ਵੀ ਇਸਾਈਅਤ ਹੈ। (ਕੂ ਕਲੱਕਸ ਕਲੈਨ ਉਨ੍ਹਾਂ ਸਿਰ ਫਿਰੇ ਇਸਾਈਆਂ ਦਾ ਅਰਾਜਕ ਗਿਰੋਹ ਹੈ ਜਿਹੜੇ ਗੋਰੇ ਲੋਕਾਂ ਦੀ ਸਰਦਾਰੀ (ਵ੍ਹਾਈਟ ਸੁਪਰਮੇਸੀ) ਦੇ ਨਾਂ ’ਤੇ ਅਫ਼ਰੀਕਨਾ, ਯਹੂਦੀਆਂ, ਪਰਵਾਸੀਆਂ, ਖੱਬੇ ਪੱਖੀਆਂ, ਕੈਥੋਲਿਕਾਂ, ਮੁਸਲਿਮਾਂ ਅਤੇ ਨਾਸਤਿਕਾਂ ’ਤੇ ਹਮਲੇ ਕਰਦਾ ਹੈ ਤੇ ਉਨ੍ਹਾਂ ਵਿਰੁੱਧ ਨਫਰਤ ਫੈਲਾਉਂਦਾ ਹੈ।)
    ਪਰ ਆਮ ਈਸਾਈ ਨਾ ਕੇਵਲ ਉਪਰੋਕਤ ਲੋਕਾਂ ਨਾਲ ਘੁਲ-ਮਿਲ ਕੇ ਰਹਿੰਦੇ ਹਨ ਬਲਕਿ ਸਿਰ ਫਿਰੇ ਨਸਲਵਾਦੀਆਂ ਵਿਰੁੱਧ ਲੜਦੇ ਵੀ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਸਾਵਰਕਰ ਨੇ ਕਰਮਵਾਰ ਮੁਸਲਮਾਨਾਂ, ਈਸਾਈਆਂ ਅਤੇ ਕਮਿਊਨਿਸਟਾਂ ਨੂੰ ਆਪਣੇ ਦੁਸ਼ਮਣ ਗਰਦਾਨਿਆ ਹੋਇਆ ਸੀ।
    ਆਨੰਦ ਪਟਵਰਧਨ ਜੀ ਨੇ ਸਦੀਆਂ ਪੁਰਾਣੇ ਚਾਰਵਾਕ, ਤਥਾਗਤ ਬੁੱਧ, ਭਗਤ ਕਬੀਰ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ, ਮੀਰਾਬਾਈ, ਤੁਕਾਰਾਮ, ਬੁੱਲ੍ਹੇ ਸ਼ਾਹ, ਬਾਦਸ਼ਾਹ ਖ਼ਾਨ, ਸਵਿੱਤਰੀ ਬਾਈ ਫੂਲੇ, ਜਯੋਤੀਰਾਓ ਫੂਲੇ, ਸ਼ਹੀਦ ਭਗਤ ਸਿੰਘ, ਗਾਂਧੀ ਜੀ ਅਤੇ ਅੰਬੇਦਕਰ ਸਾਹਿਬ ਵਰਗੇ ਅਨੇਕਾਂ ਹੋਰਨਾਂ ਤੋਂ ਪ੍ਰੇਰਨਾ ਲੈ ਕੇ ਹਿੰਦੂਤਵ ਵਿਰੁੱਧ ਲੜਾਈ ਲੜਨ ਦਾ ਹੋਕਾ ਦਿੱਤਾ।
Scroll To Top