ਜੋਧਾਂ, 28 ਅਪ੍ਰੈਲ (ਸੰਗਾਰਮੀ ਲਹਿਰ ਬਿਊਰੋ)- ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਕਾਲੇ ਕਾਨੂੰਨਾਂ ਤੇ ਮੋਦੀ ਸਰਕਾਰ ਵਿਰੁੱਧ ਕੀਤੀ ਜਾ ਰਹੀ ਲਾਮਬੰਦੀ ਦੀ ਕੜੀ ਤਹਿਤ ਇਤਹਾਸਿਕ ਤੇ ਮਹਾਨ ਦੇਸ਼ ਭਗਤ ਬਾਬਾ ਹਰਨਾਮ ਸਿੰਘ ਕਾਮਾਗਾਟਾਮਾਰੂ ਦੇ ਜੱਦੀ ਪਿੰਡ ਗੁੱਜਰਵਾਲ ਵਿੱਚ ਬੀਬੀਆ ਵੱਲੋਂ ਜਾਗੋ ਕੱਢੀ ਗਈ। ਅੱਜ ਦੇ ਇਸ ਸਮਾਗਮ ਦੀ ਅਗਵਾਈ ਯੂਨਿਟ ਗੁੱਜਰਵਾਲ ਦੀ ਪ੍ਰਧਾਨ ਰਣਜੀਤ ਕੌਰ, ਸਕੱਤਰ ਸੁਰਿੰਦਰ ਕੌਰ, ਖ਼ਜ਼ਾਨਚੀ ਜਗਦੀਸ਼ ਕੌਰ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਨੇ ਕਿਹਾ ਕਿ ਅਸੀਂ ਔਰਤਾਂ ਘਰ-ਘਰ ਜਾ ਕੇ ਬੀਬੀਆਂ ਨੂੰ ਮੋਦੀ ਦੀ ਫਾਸ਼ੀਵਾਦੀ ਸਰਕਾਰ ਵਿਰੁੱਧ ਜਾਗਰੂਕ ਕਰਕੇ ਚੱਲ ਰਹੇ ਅੰਦੋਲਨ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਾਂਗੀਆਂ। ਆਗੂਆਂ ਨੇ ਕਿਹਾ ਕਿ ਜੇ ਅਸੀਂ ਇਸ ਕਾਰਪੋਰੇਟ ਘਰਾਣਿਆਂ ਦੀ ਪੱਖੀ ਸਰਕਾਰ ਵਿਰੁੱਧ ਇਕੱਠੇ ਨਾ ਹੋਏ ਤਾਂ ਸਾਨੂੰ ਹੋਰ ਭੈੜੇ ਤੋਂ ਭੈੜੇ ਕਾਨੂੰਨਾਂ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਆਸ ਪ੍ਰਗਟਾਈ ਕਿ ਲੋਕ ਲਹਿਰ ਅੱਗੇ ਮੋਦੀ ਸਰਕਾਰ ਨੂੰ ਸੱਤਾ ਛੱਡ ਕੇ ਭੱਜਣਾ ਪਵੇਗਾ। ਬੀਬੀਆਂ ਨੇ ਸਾਰੇ ਪਿੰਡ ਵਿੱਚ ਚੱਕਰ ਲਗਾਕੇ ਨਵੀਂ ਕਿਸਮ ਦੀਆ ਬੋਲੀਆਂ
‘ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ, ਭੱਜੋ ਵੇ ਵੀਰੋ ਬਾਪੂ ਕੱਲ੍ਹਾ ਨਾਹਰੇ ਮਾਰ ਦਾ’
‘ਕੱਠੀਆ ਹੋ ਬੀਬੀਆ ਭੈਣਾਂ ਦਾ ਕਹਿਣਾ, ਮੋਦੀ ਤੈਨੂੰ ਕਾਨੂੰਨ ਵਾਪਸ ਲੈਣਾ ਪੈਣਾ’
ਆਦਿ ਪਾ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਕੌਰ, ਜਗਜੀਤ ਕੌਰ ਗਰੇਵਾਲ, ਸਾਬਕਾ ਪੰਚ ਅਮਰਜੀਤ ਕੌਰ, ਹਰਪ੍ਰਕਾਸ਼ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ, ਲਖਵਿੰਦਰ ਕੌਰ, ਜੋਤੀ ਰਾਏ, ਕੁਲਦੀਪ ਕੌਰ ਗਰੇਵਾਲ, ਅਮਨਦੀਪ ਕੌਰ, ਅਮਨਦੀਪ ਕੌਰ ਕਿਲ੍ਹਾ ਰਾਏਪੁਰ, ਕੁਲਜੀਤ ਕੌਰ ਗਰੇਵਾਲ, ਪਰਮਜੀਤ ਕੌਰ ਜੜਤੌਲੀ, ਮੋਨਿਕਾ ਢਿੱਲੋ, ਕਰਮਜੀਤ ਕੌਰ, ਕੁਲਦੀਪ ਕੌਰ ਨਾਰੰਗਵਾਲ, ਕਰਮਜੀਤ ਕੌਰ ਗਰੇਵਾਲ, ਕੁਲਜੀਤ ਕੌਰ ਢਿੱਲੋ, ਸੁਖਵਿੰਦਰ ਕੌਰ ਡੇਹਲੋ, ਮਹਿੰਦਰ ਕੌਰ ਆਦਿ ਹਾਜ਼ਰ ਸਨ।
